DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੰਨ ਸੰਤਾਲ਼ੀ ਦੇ ਕੀਰਨੇ

ਗਾਉਂਦੇ ਮਸ਼ੀਨੀ ਤਵਿਆਂ ਦੇ ਪੰਜਾਬ ਵਿਚ ਆਉਣ ਨਾਲ਼ ਲੋਕਗੀਤ ਹੌਲ਼ੀ-ਹੌਲ਼ੀ ਲੋਪ ਹੋ ਗਏ। ਹੁਣ ਇਨ੍ਹਾਂ ਦੀ ਗੱਲ ਖੋਜੀ ਵਿਦਵਾਨ ਕਰਦੇ ਹਨ ਜਾਂ ਵਿਰਲੇ-ਟਾਵੇਂ ਗਾਇਕ ਰੀਲਾਂ ਬਣਾ ਛੱਡਦੇ ਹਨ। ਲੋਕਗੀਤ ਦੀ ਪਹਿਲੀ ਸਿਫ਼ਤ ਇਹ ਦੱਸੀ ਜਾਂਦੀ ਹੈ ਕਿ ਇਹ ਕਿਸੇ ਅਣਜਾਣ...

  • fb
  • twitter
  • whatsapp
  • whatsapp
featured-img featured-img
ਆਪਣੇ ਰਿਸ਼ਤੇਦਾਰ ਨੂੰ ਮਿਲਦੀ ਹੋਈ ਇੱਕ ਔਰਤ ਦੀ ਤਸਵੀਰ, ਜੋ ਫ਼ੋਟੋਗਰਾਫ਼ਰ ਹੈਨਰੀ ਕਾਰਤੀਏ-ਬਰੈਸੋਂ ਨੇ 1947 ਵਿੱਚ ਪੁਰਾਣਾ ਕਿਲ੍ਹਾ ਦਿੱਲੀ ’ਚ ਖਿੱਚੀ ਸੀ।
Advertisement

ਗਾਉਂਦੇ ਮਸ਼ੀਨੀ ਤਵਿਆਂ ਦੇ ਪੰਜਾਬ ਵਿਚ ਆਉਣ ਨਾਲ਼ ਲੋਕਗੀਤ ਹੌਲ਼ੀ-ਹੌਲ਼ੀ ਲੋਪ ਹੋ ਗਏ। ਹੁਣ ਇਨ੍ਹਾਂ ਦੀ ਗੱਲ ਖੋਜੀ ਵਿਦਵਾਨ ਕਰਦੇ ਹਨ ਜਾਂ ਵਿਰਲੇ-ਟਾਵੇਂ ਗਾਇਕ ਰੀਲਾਂ ਬਣਾ ਛੱਡਦੇ ਹਨ। ਲੋਕਗੀਤ ਦੀ ਪਹਿਲੀ ਸਿਫ਼ਤ ਇਹ ਦੱਸੀ ਜਾਂਦੀ ਹੈ ਕਿ ਇਹ ਕਿਸੇ ਅਣਜਾਣ ਬੰਦੇ ਜਾਂ ਬੰਦੀ ਦਾ ਲਿਖਿਆ ਹੁੰਦਾ ਹੈ। ਲੋਕਗੀਤ ਜੀਵਨ ਦੇ ਹਰ ਭਾਵ ਬਾਰੇ ਹੁੰਦਾ ਹੈ: ਰੱਬ ਦੀ ਵੰਦਨਾ ਤੋਂ ਲੈ ਕੇ ਜੰਮਣ ਜੀਊਣ ਮਰਨ, ਖ਼ੁਸ਼ੀ ਗ਼ਮੀ, ਵਿਆਹ ਸ਼ਾਦੀ, ਰੁੱਤਾਂ ਦਾ, ਵਿਛੋੜੇ ਤੇ ਵਸਲ ਦਾ। ਇਹ ਬਣਦਾ ਕਿਵੇਂ ਹੈ; ਉੱਤਰਦਾ ਕਿੱਥੋਂ ਹੈ? ਇਹਦੇ ਬਾਰੇ ਕਈ ਵਿਆਖਿਆਵਾਂ ਹਨ। ਕਿਸੇ ਪੰਜਾਬੀ ਲੋਕਗੀਤ ਵਿਚ ਜਿਸ ਤਰ੍ਹਾਂ ਦੋਹਾ ਬਣਨ ਦੀ ਗੱਲ ਨਿਆਰੀ ਹੈ; ਸ਼ਾਇਦ ਹੀ ਇਹ ਦੁਨੀਆ ਦੀ ਕਿਸੇ ਹੋਰ ਲੋਕਧਾਰਾ ਵਿਚ ਕਾਵਯ ਦੀ ਇਸ ਤਰ੍ਹਾਂ ਦੀ ਤਸ਼ਰੀਹ ਹੋਵੇ। ਦੋ ਸਹੇਲੀਆਂ ਗੱਲੀਂ ਲੱਗੀਆਂ ਹੋਈਆਂ ਹਨ ਅਖੇ ਦੋਹਾ ਕੀ ਚੀਜ਼ ਹੈ। ਹਰ ਸਵਾਲ ਦਾ ਜਵਾਬ ਮਿਲ਼ਦਾ ਹੈ ਕਿ ਇਹ ਸਾਰੀ ਦਿਲ ਤੇ ਚਿੱਤ, ਢਿੱਡ ਤੇ ਮਨ ਦੀ ਖੇਲ ਹੈ।

ਕਿੱਥੋਂ ਦੋਹਾ ਲਿਖਿਆ ਨੀ ਮੇਲਣੇ

Advertisement

ਕਿੱਥੋਂ ਚੜ੍ਹਿਆ ਨੀ ਆਗਾਸ

Advertisement

ਕੌਣ ਦੋਹੇ ਦੀ ਮਾਈ ਹੈ

ਕੌਣ ਦੋਹੇ ਦਾ ਬਾਪ।

ਢਿੱਡੋਂ ਦੋਹਾ ਸਿੱਖਿਆ ਨੀ ਸਖੀਏ

ਮਨੋਂ ਚੜ੍ਹਾਇਆ ਨੀ ਅਗਾਸ

ਜੀਭ ਦੋਹੇ ਦੀ ਮਾਈ ਐ

ਤੇ ਮੁੱਖ ਦੋਹੇ ਦਾ ਬਾਪ।

(ਹਵਾਲਾ: ਸੁਖਦੇਵ ਮਾਦਪੁਰੀ, ਨੈਣੀਂ ਨੀਂਦ ਨਾ ਆਵੇ:

ਦੋਹੇ ਮਾਹੀਆ ਤੇ ਸ਼ਗਨਾਂ ਦੇ ਗੀਤ, 2004)

* * *

ਹੁਣ ਤਕ ਇਕੱਠੇ ਕੀਤੇ ਗਏ ਪੰਜਾਬੀ ਲੋਕਗੀਤਾਂ ਦੀ ਉਮਰ ਦੱਸਣੀ ਔਖੀ ਹੈ। ਤਿੰਨ ਹਜ਼ਾਰ ਸਾਲਾਂ ਦੇ ਪੰਜਾਬੀ ਕੌਮੀ ਇਤਿਹਾਸ ਵਿਚ ਵਿਦੇਸ਼ੀ ਧਾੜਿਆਂ, ਜੰਗਾਂ, ਕੁਦਰਤੀ ਆਫ਼ਤਾਂ, ਮਹਾਮਾਰੀਆਂ ਦੇ ਲੋਕਗੀਤ ਵਿਰਲੇ ਹੀ ਮਿਲ਼ਦੇ ਹਨ। ਜਦ ਕਿ ਹੋਰ ਕੌਮਾਂ ਦੇ ਇਤਿਹਾਸ ਵਿਚ ਐਸੇ ਬਹੁਤੇਰੇ ਲੋਕਗੀਤ ਮਿਲ਼ ਜਾਂਦੇ ਹਨ। ਸੰਨ ਸੰਤਾਲ਼ੀ ਪੰਜਾਬ ’ਤੇ ਪਈ ਸਭ ਤੋਂ ਵੱਡੀ ਆਫ਼ਤ ਸੀ। ਕਦੇ ਸੁਣਿਆ-ਜਾਣਿਆ ਨਾ ਸੀ ਕਿ ਇਸ ਦੁਖਾਂਤ ਦੇ ਗਾਉਣ ਕਿਸੇ ਨੇ ਬਣਾਏ ਹੋਣਗੇ। ਸਿੰਧ, ਰਾਜਸਥਾਨ, ਜੰਮੂ ਕਸ਼ਮੀਰ ਤੇ ਬੰਗਾਲ ਦੇ ਲੋਕਾਂ ਨੇ ਵੀ ਸੰਤਾਲ਼ੀ ਦੀ ਮਾਰ ਝੱਲੀ ਹੈ। ਇਸ ਬਾਰੇ ਸ਼ਾਇਦ ਇਨ੍ਹਾਂ ਸੂਬਿਆਂ ਦੇ ਲੋਕਾਂ ਨੇ ਵੀ ਗਾਉਣ ਬਣਾਏ ਹੋਣਗੇ। ਏਨੀ ਵੱਡੀ ਆਫ਼ਤ ਪਈ ’ਤੇ ਕਿਸੇ ਨੂੰ ਗਾਉਣ ਜੋੜਨ ਦਾ ਕੀ ਖ਼ਿਆਲ ਵੀ ਆਇਆ ਹੋਵੇਗਾ? ਬੜੀ ਭਾਲ਼ ਪਿੱਛੋਂ ਸੈਂਟਰਲ ਯੂਨੀਵਰਸਟੀ ਆੱਵ ਹਰਿਆਣਾ ਦੀ ਲੋਕਗੀਤ ਪਾਰਖੂ ਨਿਰਮਲਾ ਦਾ ਮੈਨੂੰ ਪਤਾ ਲੱਗਾ, ਜਿਹਨੇ ਪੰਜ ਸਾਲ ਹਰਿਆਣੇ ਤੇ ਰਾਜਸਥਾਨ ਦੇ 185 ਪਿੰਡ ਗਾਹ ਕੇ ਪੀਐੱਚ. ਡੀ. ਵਾਸਤੇ ਲੋਕਗੀਤ ਇਕੱਠੇ ਕੀਤੇ। ਇਨ੍ਹਾਂ ਵਿਚ ਸੰਤਾਲ਼ੀ ਦੇ ਗਾਉਣ ਵੀ ਹਨ। ਪਾਕਿਸਤਾਨ ਜਾ ਕੇ ਮੁੜ ਆਏ ਮੇਵਾਤ ਮੁਸਲਮਾਨ ਟੱਬਰਾਂ ਤੇ ਸੰਤਾਲ਼ੀ ਵੇਲੇ ਦੇ ਆਰ.ਐੱਸ.ਐੱਸ ਦੇ ਹਿੰਸਕ ਕਾਰਿੰਦਿਆਂ ਦੇ 320 ਇੰਟਰਵੀਊ ਹੱਡਬੀਤੀਆਂ ਤੇ ਗੀਤ ਇਨ੍ਹਾਂ ਬੋਲੀਆਂ ਵਿਚ ਹਨ: ਅੰਬ੍ਰਜ, ਬਾਗੜੀ, ਬਾਂਗਰੂ, ਕੌਰਵੀ, ਮੇਵਾਤੀ, ਪੰਜਾਬੀ, ਪਸ਼ਤੋ ਤੇ ਸਰਾਇਕੀ। ਹਵਾਲਾ: ‘ਲੋਕਗੀਤੋਂ ਕਾ ਬੁਗਚਾ’ (ਵਾਣੀ ਪ੍ਰਕਾਸ਼ਨ, 2014)।

ਐਸਾ ਫਰੰਗੜਾ ਆਯਾ ਹੈ, ਲਾਲ ਕਰ ਦੇਨੀ ਦੁਨੀਆਂ।

ਬਿੰਦੀ ਪੇ ਟਿੱਕਾ ਲਾਯਾ ਹੈ, ਲਾਲ ਕਰ ਦੇਨੀ ਦੁਨੀਆਂ।

(ਇਹ ਪੰਜਾਬ ਨੂੰ ਪੱਛ ਲਾਉਣ ਵਾਲ਼ੇ ਸਾਇਰਲ ਰੈਡਕਲ਼ਿਫ਼ ਵੱਲ ਇਸ਼ਾਰਾ ਹੈ।)

ਕਲਾਨੌਰ ਵਿਚ ਲੱਗੇ ਰਫ਼ੂਜੀ ਕੈਂਪ ਦਾ ਨਕਸ਼ਾ:

ਦੇਖੋ ਕਲਾਨੌਰ ਦੀਆਂ ਗਲ਼ੀਆਂ,

ਬੀਰਾਂ ਨਾਲ਼ ਨਾ ਭੈਣਾਂ ਰਲ਼ੀਆਂ,

ਮੇਰੇ ਸ਼ਯਾਮ ਨਿਕੰਮੇ ਨੂੰ ਬੇਲੇ (ਯਾਨੀ ਵਿਹਲੇ)

ਕਲਾਨੌਰ ਬਣਾਯਾ ਹੈ।

ਦੇਖੋ ਕਲਾਨੌਰ ਦੇ ਖੋਲੇ (ਤੰਬੂ) ਖਾਵਣ,

ਪੀਵਣ ਨੂੰ ਮਿਲ਼ਦੇ ਛੋਲੇ,

ਮੇਰੇ ਸ਼ਯਾਮ ਨਿਕੰਮੇ ਨੂੰ ਬੇਲੇ ਕਲਾਨੌਰ ਬਣਾਯਾ ਹੈ।

ਦੇਖੋ ਕਲਾਨੌਰ ਦਾ ਹਾਲ, ਪਾਣੀ ਮਿਲ਼ਦਾ ਸ਼ਹਰੋਂ ਬਾਹਰ,

ਮੇਰੇ ਸ਼ਯਾਮ ਨਿਕੰਮੇ ਨੂੰ ਬੇਲੇ ਕਲਾਨੌਰ ਬਣਾਯਾ ਹੈ।

ਦੋਨੋਂ ਕੌਮ ਲੜਾਈ ਹੈ ਜਿੱਨਾ

ਈਂਟ ’ਤੇ ਈਂਟ ਭਿੜਾਈ ਹੈ ਜਿੱਨਾ

ਕੇ ਬਿਗੜਿਓ ਬੇਈਮਾਨ ਤੇਰੋ

ਦੁਨੀਆ ਕਾ ਲਾਲ ਮਰਾਯਾ ਹੈ ਜਿੱਨਾ

ਕੇ ਬਿਗੜਿਓ ਬੇਈਮਾਨ ਤੇਰੋ...

* * *

ਫੇਰ ਪਤਾ ਲੱਗਾ ਕਿ ਖੰਨੇ ਵਾਲ਼ੇ ਪਾਸੇ ਪਿੰਡ ਚੜ੍ਹੀ ਦੇ ਕਿਸੇ ਸੱਜਣ ਨੇ ਐੱਮ.ਫਿਲ ਵਾਸਤੇ ‘ਗੁੱਜਰ ਕਬੀਲੇ ਦੇ ਲੋਕਗੀਤਾਂ ਦਾ ਲੋਕਧਾਰਕ ਅਧਿਐਨ’ ਕੀਤਾ ਹੈ ਤੇ ਇਸ ਵਿਚ ਸੰਨ ਸੰਤਾਲ਼ੀ ਦੇ ਵੀ ਕੁਝ ਗਾਉਣ ਦਰਜ ਹਨ। ਇਸ ਖੋਜੀ ਦਾ ਨਾਂ ਹੈ ਜ਼ੋਰਾਵਰ ਸਿੰਘ ਤੇ ਇਹਦਾ ਉਸਤਾਦ ਪ੍ਰੋਫ਼ੈਸਰ ਨਾਹਰ ਸਿੰਘ ਹੈ। ਜ਼ੋਰਾ ਇਸਤਰੀ ਦਾ ਰੂਪ ਧਾਰ ਕੇ ਨੱਚਦਾ ਗਾਉਂਦਾ ਹੈ ਤੇ ਇਹਦੀਆਂ ਧੁੰਮਾਂ ਦੇਸਾਂ-ਪਰਦੇਸਾਂ ਤੱਕ ਪਈਆਂ ਹਨ।

ਜ਼ੋਰੇ ਨੂੰ ਸੰਨ 2003 ਵਿਚ ਸੰਤਾਲ਼ੀ ਦੇ ਗਾਉਣ ਇਨ੍ਹਾਂ ਗੁੱਜਰੀਆਂ ਤੋਂ ਮਿਲ਼ੇ ਸਨ: ਬਰਕਤੇ (ਪਿੰਡ ਚੜ੍ਹੀ), ਸਲਾਮਤੇ (ਜਰਗ), ਬੀਬੋ (ਰੱਜੋਂ), ਰਹਮਤੇ (ਹਥੋਈ), ਛੋਟੀ (ਰੱਤੇਂ) ਅਤੇ ਬਿਜਲੋਈ ਪਿੰਡ ਦੀ ਜੰਨਤੀ। ਸੰਤਾਲ਼ੀ ਵੇਲੇ ਇਨ੍ਹਾਂ ਦੀ ਉਮਰ ਛੋਟੀ ਸੀ। ਇਨ੍ਹਾਂ ਨੂੰ ਜ਼ੋਰਾ ‘ਦੇਸੀ ਗੁੱਜਰ’ ਸੱਦਦਾ ਹੈ; ਯਾਨੀ ਕਿ ਜਿਹੜੇ ਇੱਥੋਂ ਦੇ ਹੀ ਨੇ; ਪਹਾੜੋਂ ਨਹੀਂ ਉੱਤਰੇ, ਜਿਨ੍ਹਾਂ ਨੂੰ ਸਿੱਖਾਂ ਨੇ ਓਦੋਂ ਪਾਕਿਸਤਾਨ ਜਾਣ ਨਹੀਂ ਸੀ ਦਿੱਤਾ; ਅੰਦਰੀਂ ਲੁਕੋ ਲਏ ਸੀ। ਬਹੁਤੇ ਗੁੱਜਰ ਨਵੀਂ ਬਣੀ ਲੀਕ ਪਾਰ ਗਏ। ਕਈਆਂ ਦੀਆਂ ਦੋਹਵੇਂ ਪਾਸੀਂ ਰਿਸ਼ਤੇਦਾਰੀਆਂ ਹਨ।

ਬੀਬੀਆਂ ਇਹ ਗਾਉਣ ਹੇਕ ਲਾ ਕੇ ਗਾਉਂਦੀਆਂ ਸਨ। ਇਹਨੂੰ ਹੇੜੀ (ਯਾਨੀ ਵਿਰਲਾਪ, ਵੈਣ, ਕੀਰਨਾ) ਕਹਿੰਦੇ ਹਨ। (ਹੇੜਾ= ਧਾਹ ਮਾਰਨਾ। ਇਹ ਸ਼ਬਦ ਬਾਬਾ ਸ਼ੇਖ਼ ਫ਼ਰੀਦ ਜੀ ਨੇ ਵੀ ਵਰਤਿਆ ਹੈ।)

ਫਿਰ ਆਈ ਪਾਕਸਤਾਨ ਨੀ ਮਾਏਂ ਨੀ ਮੇਰੀਏ

ਲੁਧੇਹਾਣਾ ਨਜਰ ਨਾ ਆਵੇ

ਲੁਧੇਹਾਣਾ ਵੱਡਾ ਕਸ਼ਮੀਰ ਨੀ ਮਾਏਂ ਨੀ ਮੇਰੀਏ।

ਮਰਜੀ ਦੀ ਵਰਦੀ ਸਮਾ ਲੈਂਦੀ ਆਂ

... ... ਦੇ ਲੱਗ ਜਾਣ ਗੋਲ਼ੀਆਂ ਨੀ

ਨੀ ਮਾਏਂ ਨੀ ਮੇਰੀਏ।

ਮਾਵਾਂ ਨਾਲ਼ੋਂ ਧੀਆਂ ਨੀ ਤੋੜੀਆਂ

... ... ਦੇ ਲੱਗ ਜਾਣ ਗੋਲ਼ੀਆਂ ਨੀ

ਜੀਹਨੇ ਪਾਕਸਤਾਨ ਬਣਾਇਆ॥

ਢੋਈਓ ਢੋਈਓ ਮਾਛੀ ਬੇੜੀਆਂ ਨੂੰ

ਮੈਨੂੰ ਲਖਾ ਦਿਓ ਪਹਿਲੇ ਪੂਰ ਵੇ ਹੋ।

ਭਾਈਆਂ ਵਾਲ਼ੀਆਂ ਭੈਣਾਂ ਰਾਵੀ ਲੰਘ ਗਈਆਂ

ਮੈਂ ਕਿਉਂ ਰਹਿ ਗਈ ਰੱਬਾ ਔਗੁਣਹਾਰ ਹੋ॥੨॥

ਗਲ਼ ਦਾ ਹੰਸਲਾ ਮਲਾਹੀਓ ਮਲਾਹੀ ਨੂੰ ਦੇ ਦੇਨੀ ਆਂ

ਗਲ਼ ਦਾ ਹੰਸਲਾ ਥੋਨੂੰ ਦੇ ਦੇਨੀ ਆਂ

ਮੈਨੂੰ ਲਖਾ ਦਿਓ ਪਹਿਲੇ ਪੂਰ ਵੇ ਹੋ॥

ਬੱਗੀ ਘੋੜੀ ਫੇਰਾ ਪਾ ਗਈ ਲੋਕੋ

ਸੱਚ ਨਾ ਦੱਸਦੇ ਹੋ ਕਾਫ਼ਰ ਲੋਕ ਹੋ

ਸਿਖਰ ਦੁਪਹਰੇ ਕਲਮੇ ਪੜ੍ਹਦੇ ਲੋਕ ਹੋ

ਸੱਚ ਨਾ ਦੱਸਦੇ ਹੋ ਕਾਫ਼ਰ ਲੋਕ ਹੋ॥

ਪੱਤਣਾਂ ’ਤੇ ਬੇੜੀਆਂ ਜੀ ਡੁੱਬ ਗਈਆਂ

ਭਰ ਭਰ ਡੁੱਬ ਗਏ ਪੂਰ ਹੋ, ਅੱਲ੍ਹਾ ਜਾਣੇ।

ਬੇਪਰਵਾਹੀਆਂ ਰੱਬਾ ਤੇਰੀਆਂ

ਭਾਈਆਂ ਨਾਲ਼ੋਂ ਭੈਣਾਂ ਵਿਛੜ ਗਈਆਂ।

ਲੇਖ ਜਿਨ੍ਹਾਂ ਦੇ ਮਾੜੇ ਅੱਲ੍ਹਾ ਜਾਣੇ

ਲੇਖ ਜਿਨ੍ਹਾਂ ਦੇ ਖੋਟੇ ਅੱਲ੍ਹਾ ਜਾਣੇ

ਬੇਪਰਵਾਹੀਆਂ ਰੱਬਾ ਤੇਰੀਆਂ॥

ਗੋਲੀ ਮਾਰਨ ਦੀ ਬੇਹੂਦਾ ਗੱਲ ਕੀਰਨਾ ਪਾਉਣ ਵਾਲੀ ਨੇ ਆਪਣੇ ਵਡੇਰਿਆਂ ਤੋਂ ਹੀ ਸੁਣੀ ਹੋਵੇਗੀ।

ਜ਼ੋਰਾ ਦੱਸਦਾ ਹੈ ਕਿ ਲੋਕਧਾਰਾ ਵਿਚ ਜਸ਼ਨ ਤੇ ਮੌਤ ਦੋਹਵੇਂ ਨਾਲ਼ੋ-ਨਾਲ਼ ਚੱਲਦੇ ਹਨ। ਸੁਹਾਗ ਗੀਤਾਂ ਵਿਚ ਮੌਤ ਵਰਗਾ ਵਿਛੋੜਾ ਹੁੰਦਾ ਹੈ। ਬੀਬੀਆਂ ਨੇ

ਕਦੇ ਵਿਆਹ-ਸੁਧ ਵੇਲੇ ’ਕੱਠੇ ਹੋਣਾ, ਤਾਂ ਬੀਬੋ ਦੇ ਥਾਣੇਦਾਰ ਚਾਚੇ ਨੇ ਕਹਿਣਾ: ‘ਕੁੜੀਓ ਵਿਰਲਾਪ

ਕਰ ਲਓ।’ ਫੇਰ ਇਨ੍ਹਾਂ ਨੇ ਸੁਹਾਗ ਦੇ ਨਾਲ਼ ਝੇੜੇ ਵੀ ਲੰਮੀ ਹੇਕ ਲਾ ਕੇ ਗਾਉਣੇ।

* * *

ਹੋੋ ਸਕਦੈ, ਲੀਕ ਪਾਰ ਗਏ ਮੁਸਲਮਾਨਾਂ ਤੇ ਸਿੱਖਾਂ ਨੇ ਵੀ ਐਸੇ ਗਾਉਣ ਬਣਾਏ ਹੋਣਗੇ। ਪਰ ਕਿਸੇ ਨੂੰ ਇਹ ਗੀਤ ’ਕੱਠੇ ਕਰਨ ਦਾ ਖ਼ਿਆਲ ਨਹੀਂ ਆਇਆ ਤੇ ਹੁਣ ਸਦਾ ਲਈ ਗੁਆਚ ਗਏ ਹਨ। ਨਿਰਮਲਾ ਦੇ ’ਕੱਠੇ ਕੀਤੇ ਗੀਤਾਂ ਵਿਚ ਰਾਜਸਥਾਨ ਦੀ ਭਰਤਪੁਰ ਰਿਆਸਤ ਦੇ ਰਜਵਾੜੇ ਬੱਚੂ ਸਿੰਘ ਦਾ ਬੜਾ ਜ਼ਿਕਰ ਆਉਂਦਾ ਹੈ। ਇਹਨੇ ਮੁਸਲਮਾਨ ਮਾਰਨ ਲਈ ਹਿੰਦੂ ਫ਼ਸਾਦੀਆਂ ਨੂੰ ਮੋਟਰਜੀਪਾਂ ਤੇ ਹਥਿਆਰ ਵੰਡੇ ਸਨ। ਇਹੀ ਕੰਮ ਜੰਮੂ ਕਸ਼ਮੀਰ ਵਿਚ ਰਾਜੇ ਹਰੀ ਸਿੰਘ ਨੇ, ਪਟਿਆਲ਼ੇ ਤੇ ਫ਼ਰੀਦਕੋਟ ਦੇ ਸਿੱਖ ਰਾਜਿਆਂ ਅਤੇ ਅੰਮ੍ਰਿਤਸਰ ਵਿਚ ਅਕਾਲ ਸੈਨਾ ਨੇ ਕੀਤਾ ਸੀ। ਪਤਾ ਨਹੀਂ ਕਿ ਕੀ ਇਨ੍ਹਾਂ ਦੇ ਗਾਉਣ ਉੱਜੜੇ ਮੁਸਲਮਾਨਾਂ ਨੇ ਬਣਾਏ ਸਨ ਜਾਂ ਨਹੀਂ। ਲੋਕਗੀਤਾਂ ਦੀ ਕਸਰ ਦੋਹਵੇਂ ਪਾਸਿਆਂ ਦੇ ਕਿੱਸੇਕਾਰਾਂ ਨੇ ਚਿੱਠੇ ਛਾਪ ਕੇ ਪੂਰੀ ਕਰ ਦਿੱਤੀ ਸੀ। ਚੜ੍ਹਦੇ ਪੰਜਾਬ ਵਿਚ ਮਾਲਵੇ ’ਚ ਐਸੇ ਛਪੇ ਸੱਤ ਕਿੱਸੇ ਡਾਕਟਰ ਗੁਰਦੇਵ ਸਿੰਘ ਸਿੱਧੂ ਕੋਲ਼ ਸਾਂਭੇ ਪਏ ਹਨ। ਚਰਾਗ਼ਦੀਨ ਜੂਨੇ ਕੇ ਵਾਲੇ ਦਾ ਲਿਖਿਆ ‘ਖ਼ੂਨ ਦੀਆਂ ਨਦੀਆਂ ਯਾਨੀ ਜ਼ੁਲਮ ਦੀ ਹੱਦ’ ਨਾਂ ਦਾ ਕਿੱਸਾ ਲਹਿੰਦੇ ਪੰਜਾਬ ਵਿਚ ਛਪਿਆ ਸੀ। ਇਸ ਵਿਚ ਪਟਿਆਲ਼ਾ, ਫ਼ੀਰੋਜ਼ਪੁਰ, ਕਾਦੀਆਂ, ਵਲ਼ਟੋਹਾ, ਕਾਦੀਆਂ ਲਾਗੇ ਕੋਟਲ਼ੀ ਪਠਾਣਾ ਅਤੇ ਅਮ੍ਰਿਤਸਰ ਦੇ ਸ਼ਰੀਫ਼ਪੁਰੇ ਮੁਹੱਲੇ ਵਿਚ ਹਿੰਦੂ-ਸਿੱਖ ਜਨੂੰਨੀਆਂ ਹੱਥੋਂ ਮੁਸਲਮਾਨਾਂ ਉੱਤੇ ਢਹੇ ਜ਼ੁਲਮ ਦਾ ਖ਼ੌਫ਼ਨਾਕ ਬਿਆਨ ਹੈ।

Advertisement
×