DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਸਵਾਨ ਰਿਆਸਤ ਦੇ ਖੰਡਰਨੁਮਾ ਕਿਲ੍ਹੇ ਦੀ ਦਾਸਤਾਨ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੀ ਜਸਵਾਨ ਰਿਆਸਤ ਕਿਸੇ ਸਮੇਂ ਰਾਜਪੂਤ ਰਿਆਸਤ ਰਹੀ ਹੈ। ਇੱਥੋਂ ਦੇ ਰਾਜਿਆਂ ਨੂੰ ਜਸਵਾਲੀਆ ਕਰਕੇ ਜਾਣਿਆ ਜਾਂਦਾ ਹੈ। ਸੰਨ 1170 ਨੂੰ ਰਾਜਾ ਪੂਰਬ ਚੰਦ ਨੇ ਕਾਂਗੜਾ ਦੀ ਕਟੋਚ ਵੰਸ਼ ਰਿਆਸਤ ਤੋਂ ਵੱਖ ਹੋ ਕੇ...

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੀ ਜਸਵਾਨ ਰਿਆਸਤ ਕਿਸੇ ਸਮੇਂ ਰਾਜਪੂਤ ਰਿਆਸਤ ਰਹੀ ਹੈ। ਇੱਥੋਂ ਦੇ ਰਾਜਿਆਂ ਨੂੰ ਜਸਵਾਲੀਆ ਕਰਕੇ ਜਾਣਿਆ ਜਾਂਦਾ ਹੈ। ਸੰਨ 1170 ਨੂੰ ਰਾਜਾ ਪੂਰਬ ਚੰਦ ਨੇ ਕਾਂਗੜਾ ਦੀ ਕਟੋਚ ਵੰਸ਼ ਰਿਆਸਤ ਤੋਂ ਵੱਖ ਹੋ ਕੇ ਇਸ ਦੀ ਰਾਜਧਾਨੀ ਰਾਜਪੁਰਾ ਨੂੰ ਬਣਾਇਆ ਸੀ। ਉਸ ਨੇ ਇੱਥੇ ਸ਼ਿਵਾਲਿਕ ਦੀਆਂ ਉੱਚੀਆਂ ਪਹਾੜੀਆਂ ’ਤੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜੋ ਅੱਜ ਵੀ ਖੰਡਰ ਹਾਲਤ ’ਚ ਉਸ ਸਮੇਂ ਦੀ ਬਾਤ ਪਾਉਂਦਾ ਹੈ। 11ਵੀਂ ਅਤੇ 13ਵੀਂ ਸਦੀ ਦੇ ਵਿਚਕਾਰ ਕਾਂਗੜਾ ਅਤੇ ਕੋਟਲੇਹਰ ਰਿਆਸਤ ਦੇ ਰਾਜਿਆਂ ਨੇ ਆਪਣੇ ਰਾਜ ਦੀਆਂ ਸਰਹੱਦਾਂ ਅਤੇ ਵਪਾਰਕ ਰਸਤਿਆਂ ਦੀ ਸੁਰੱਖਿਆ ਲਈ ਇਸ ਪਹਾੜੀ ਧਾਰ ’ਤੇ ਸੋਲਾਂ ਛੋਟੇ ਵੱਡੇ ਕਿਲ੍ਹੇ ਅਤੇ ਗੜ੍ਹੀਆਂ ਦਾ ਨਿਰਮਾਣ ਕਰਵਾਇਆ ਸੀ। ਇਸ ਕਰਕੇ ਪਹਾੜੀ ਭਾਸ਼ਾ ਵਿੱਚ ਇਸ ਪਹਾੜੀ ਨੂੰ ਸੋਹਲ ਸਿੰਗੀ ਧਾਰ ਵੀ ਕਿਹਾ ਜਾਂਦਾ ਹੈ। ਇਹ ਪਹਾੜੀ ਬਿਆਸ ਦਰਿਆ ਤਲਵਾੜਾ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਦੀ ਗੋਬਿੰਦ ਸਾਗਰ ਝੀਲ ਤੱਕ ਜਾਂਦੀ ਹੈ। ਇਸ ਕਿਲ੍ਹੇ ਦੀਆਂ ਦੀਵਾਰਾਂ ਨੇ ਮੁਗ਼ਲ ਸਾਮਰਾਜ ਤੋਂ ਲੈ ਕੇ ਸਿੱਖ ਰਾਜ ਅਤੇ ਫਿਰ ਅੰਗਰੇਜ਼ ਹਕੂਮਤ ਦੀਆਂ ਤੋਪਾਂ ਦੇ ਕਹਿਰ ਨੂੰ ਹੰਢਾਇਆ ਹੈ। ਰਾਜਾ ਪੂਰਬ ਚੰਦ ਜਸਵਾਲੀਆ ਵੱਲੋਂ ਤਿਆਰ ਕਰਵਾਏ ਗਏ ਕਿਲ੍ਹੇ ਨੂੰ ਜਸਵਾਂ ਕਿਲ੍ਹੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਪਹਾੜੀ ਰਾਜਪੂਤ ਇਮਾਰਤਸਾਜ਼ੀ ਦਾ ਇੱਕ ਇਤਿਹਾਸਕ ਨਮੂਨਾ ਹੈ। ਊਨਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਅੰਬ ਤੋਂ ਇਹ ਕਿਲ੍ਹਾ 16 ਕਿਲੋਮੀਟਰ ਦੂਰ ਹੈ। ਇਸ ਕਿਲ੍ਹੇ ਤੱਕ ਜਾਣ ਲਈ ਬੱਸ ਜਾਂ ਆਪਣੇ ਸਾਧਨ ਰਾਹੀਂ ਨੈਸ਼ਨਲ ਹਾਈਵੇਅ ਨੰਬਰ 3 ’ਤੇ ਭਰਵਾਈਂ ਪਿੰਡ ਵੱਲ ਜਾਣ ਦਾ ਰਸਤਾ ਸਭ ਤੋਂ ਨੇੜਲਾ ਅਤੇ ਸੌਖਾ ਹੈ।

ਇਸ ਪਿੰਡ ਤੋਂ ਕੁਝ ਕੁ ਦੂਰੀ ’ਤੇ ਉੱਚੀ ਪਹਾੜੀ ’ਤੇ ਕਿਲ੍ਹੇ ਦੇ ਖੰਡਰ ਦਿਸਦੇ ਹਨ। ਇਸ ਕਿਲ੍ਹੇ ਦੀਆਂ ਮਜ਼ਬੂਤ ਦੀਵਾਰਾਂ ਦੇ ਨਿਰਮਾਣ ਵਿੱਚ ਮੁੱਖ ਤੌਰ ’ਤੇ ਰਵਾਇਤੀ ਛੋਟੀਆਂ ਨਾਨਕਸ਼ਾਹੀ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਚੌੜੀਆਂ ਦੀਵਾਰਾਂ ਦੀਆਂ ਇੱਟਾਂ ਨੂੰ ਆਪਸ ’ਚ ਚੂਨੇ ਤੇ ਗਾਰੇ ਨਾਲ ਜੋੜਿਆ ਗਿਆ ਹੈ। ਇਹ ਕਿਲ੍ਹਾ ਦੋ ਮੰਜ਼ਿਲਾ ਢਾਂਚਾ ਸੀ, ਜਿਸ ਨੂੰ ਖੜ੍ਹੀ ਅਤੇ ਸਿੱਧੀ ਚੱਟਾਨ ਦੇ ਬਿਲਕੁਲ ਉੱਪਰ ਸੁਰੱਖਿਆ ਦੇ ਪੱਖ ਤੋਂ ਬਣਾਇਆ ਗਿਆ ਸੀ। ਕਿਲ੍ਹੇ ਦੇ ਹੇਠਲੇ ਹਿੱਸੇ ਵਿੱਚ ਇੱਕ ਖੁੱਲ੍ਹੇ ਵਿਹੜੇ ਵਿੱਚ ‘ਨਿਗਰਾਨ ਬੁਰਜ’ ਸਥਾਪਿਤ ਕੀਤੇ ਹੋਏ ਸਨ, ਜੋ ਦੁਸ਼ਮਣ ਦੇ ਹਮਲੇ ਦੌਰਾਨ ਧੂੰਏਂ ਜਾਂ ਅੱਗ ਰਾਹੀਂ ਸੰਕੇਤ ਦੇਣ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਵਰਤੇ ਜਾਂਦੇ ਸਨ। ਲੰਮੇ ਸਮੇਂ ਤੱਕ ਦੁਸ਼ਮਣ ਵੱਲੋਂ ਘੇਰਾ ਪੈਣ ਦੀ ਸੂਰਤ ਵਿੱਚ ਕਿਲ੍ਹੇ ਅੰਦਰ ਬਾਉਲੀਆਂ ਅਤੇ ਖੂਹ ਪਾਣੀ ਦੀ ਜ਼ਰੂਰਤ ਨੂੰ ਪੂਰੀ ਕਰਦੇ ਸਨ। 14ਵੀਂ ਸਦੀ ਦੇ ਅਖ਼ੀਰ ਵਿੱਚ ਫ਼ਿਰੋਜ਼ ਸ਼ਾਹ ਤੁਗਲਕ ਦੀ ਫ਼ੌਜ ਨੇ ਕਾਂਗੜਾ ਦੇ ਰਾਜਾ ਪ੍ਰਿਥਵੀ ਚੰਦ ਕਟੋਚੀਆ ਨੂੰ ਕਾਂਗੜਾ ਕਿਲ੍ਹੇ ਅੰਦਰ ਛੇ ਮਹੀਨੇ ਤੱਕ ਕੈਦ ਰੱਖਿਆ। ਇਸ ਸਮੇਂ ਜਸਵਾਨ ਦੇ ਰਾਜਾ ਨਿਰਪਤ ਚੰਦ ਦੀ ਪਹਾੜੀ ਫ਼ੌਜ ਨੇ ਤੁਗ਼ਲਕ ਦੀ ਫ਼ੌਜ ਦੀ ਸਪਲਾਈ ਲਾਈਨ ਰੋਕਣ ਅਤੇ ਪਹਾੜੀਆਂ ਤੋਂ ਅਚਾਨਕ ਹਮਲੇ ਕਰਨ ਲਈ ਜਸਵਾਂ ਦੇ ਇਸ ਮਜ਼ਬੂਤ ਕਿਲ੍ਹੇ ਦੀ ਵਰਤੋਂ ਕੀਤੀ। ਤੈਮੂਰ ਆਪਣੀ ਆਤਮ ਕਥਾ ‘ਮਲਫ਼ੂਜ਼ਾਤ-ਏ-ਤੈਮੂਰੀ’ ਵਿੱਚ ਪਹਾੜੀ ਰਿਆਸਤਾਂ ਦੇ ਹਮਲਿਆਂ ਦਾ ਜ਼ਿਕਰ ਕਰਦਾ ਹੈ। ਜਦੋਂ ਤੈਮੂਰ ਦੀ ਫ਼ੌਜ ਨੇ ਦਿੱਲੀ ’ਚ ਲੁੱਟਮਾਰ ਕਰਕੇ ਪਹਾੜਾਂ ਵੱਲ ਰੁਖ਼ ਕੀਤਾ ਤਾਂ ਉਸ ਨੇ ਕਾਂਗੜਾ ਰਿਆਸਤ ਦੇ ਬਾਹਰੀ ਇਲਾਕਿਆਂ ਅਤੇ ਨੂਰਪੁਰ ਧਮੇੜੀ ਦਾ ਕਾਫ਼ੀ ਨੁਕਸਾਨ ਕੀਤਾ। ਇਸ ਕਿਲ੍ਹੇ ਦੀ ਮਜ਼ਬੂਤੀ ਅਤੇ ਪਹਾੜਾਂ ਦੀ ਭੂਗੋਲਿਕ ਸਥਿਤੀ ਕਰਕੇ ਰਿਆਸਤ ਦੀ ਲੁੱਟ-ਖਸੁੱਟ ਹੋਣ ਤੋਂ ਬਚਾਅ ਹੋ ਗਿਆ ਸੀ। ਮੁਗ਼ਲ ਕਾਲ ਦੌਰਾਨ ਪਹਾੜੀ ਰਾਜਿਆਂ ’ਤੇ ਭਾਰੀ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਗਿਆ।

Advertisement

ਜਸਵਾਨ ਦੇ ਰਾਜਾ ਪ੍ਰਤਾਪ ਚੰਦ ਨੇ ਆਪਣੇ ਸਾਥੀ ਪਹਾੜੀ ਰਾਜਿਆਂ ਦਾ ਸੰਘ ਬਣਾ ਕੇ ਮੁਗ਼ਲਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਦਿੱਲੀ ਦੇ ਬਾਦਸ਼ਾਹ ਜਹਾਂਗੀਰ ਨੇ ਰਾਜਾ ਪ੍ਰਤਾਪ ਚੰਦ ਅਤੇ ਉਸ ਦੇ ਸਹਿਯੋਗੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਕਰ ਲਿਆ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਵੀ ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਸਨ। ਜਦੋਂ ਸੰਨ 1619 ਨੂੰ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਏ ਤਾਂ ਰਾਜਾ ਪ੍ਰਤਾਪ ਚੰਦ ਨੂੰ ਵੀ ਕੈਦ ਤੋਂ ਛੁਟਕਾਰਾ ਮਿਲਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਥੋਂ ਦੇ ਰਾਜਾ ਕੇਸਰੀ ਚੰਦ ਜਸਵਾਲੀਆ ਨੇ ਕਹਿਲੂਰ ਦੇ ਰਾਜਾ ਅਜਮੇਰ ਚੰਦ ਨਾਲ ਮਿਲ ਕੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਗੁਰੂ ਸਾਹਿਬ ਦੇ ਵਿਰੁੱਧ ਹਿੱਸਾ ਲਿਆ ਸੀ। ਇਹ ਰਾਜਾ ਅਜਮੇਰ ਚੰਦ ਕਹਿਲੂਰੀਏ ਦਾ ਮਾਮਾ ਸੀ।

Advertisement

ਸੰਨ 1700 ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ ਆਨੰਦਗੜ੍ਹ ਸਾਹਮਣੇ ਹੋਈ ਲੜਾਈ ਦੌਰਾਨ ਭਾਈ ਉਦੈ ਸਿੰਘ ਨੇ ਜਸਵਾਲੀਆ ਰਾਜੇ ਨੂੰ ਆਪਣੇ ਕਰਪਾ ਬਰਛੇ ਨਾਲ ਚਿੱਤ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਸਵਾਲੀ ਰਾਜਿਆਂ ਨੇ ਸਿੱਖ ਫ਼ੌਜ ਦੀ ਅਧੀਨਗੀ ਕਬੂਲ ਕਰ ਲਈ ਸੀ। ਜਦੋਂ ਸਿੱਖ ਫ਼ੌਜ ਪਹਾੜੀ ਇਲਾਕਿਆਂ ਵੱਲ ਰੁਖ਼ ਕਰਦੀ ਸੀ ਤਾਂ ਇਹ ਕਿਲ੍ਹਾ ਸਿੱਖ ਜਥਿਆਂ ਲਈ ਆਰਾਮ ਕਰਨ ਦੀ ਇੱਕ ਸੁਰੱਖਿਅਤ ਥਾਂ ਹੁੰਦਾ ਸੀ। ਇਸ ਕਿਲ੍ਹੇ ਦੀ ਚੋਟੀ ਤੋਂ ਦੂਰ ਤੱਕ ਮੁਗ਼ਲ ਫ਼ੌਜ ’ਤੇ ਨਜ਼ਰ ਰੱਖੀ ਜਾ ਸਕਦੀ ਸੀ। ਬਾਦਸ਼ਾਹ ਬਹਾਦਰ ਸ਼ਾਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਗ਼ਾਵਤ ਨੂੰ ਦਬਾਉਣ ਲਈ ਉੱਤਰੀ ਭਾਰਤ ਵੱਲ ਆਇਆ ਤਾਂ ਉਸ ਨੂੰ ਮੁਗ਼ਲ ਫ਼ੌਜ ਦੀ ਵੱਡੀ ਟੁੱਕੜੀ ਜਸਵਾਂ ਧਾਰ ਦੀਆਂ ਪਹਾੜੀਆਂ ਦੀ ਨਿਗਰਾਨੀ ਕਰਨ ਲਈ ਤਾਇਨਾਤ ਕਰਨੀ ਪਈ। ਸੰਨ 1770 ਤੋਂ 1780 ਦੇ ਦਹਾਕੇ ਦੌਰਾਨ ਸਿੱਖ ਮਿਸਲਾਂ ਨੇ ਪੰਜਾਬ ਦੇ ਮੈਦਾਨਾਂ ਨੂੰ ਜਿੱਤਣ ਤੋਂ ਬਾਅਦ ਪਹਾੜੀ ਰਿਆਸਤਾਂ ਵੱਲ ਰੁਖ਼ ਕੀਤਾ।

ਸਿੱਖ ਜਰਨੈਲ ਸਰਦਾਰ ਜੈ ਸਿੰਘ ਕਨ੍ਹੱਈਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕਾਂਗੜਾ ਸਮੇਤ ਆਲੇ-ਦੁਆਲੇ ਦੀਆਂ ਪਹਾੜੀ ਰਿਆਸਤਾਂ ’ਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਰਾਜਾ ਪ੍ਰੀਤ ਸਿੰਘ ਜਸਵਾਲੀਆ ਨੇ ਆਪਣੀ ਰਿਆਸਤ ਅਤੇ ਕਿਲ੍ਹੇ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਮਿਸਲਾਂ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਉਨ੍ਹਾਂ ਨੂੰ ਸੁਰੱਖਿਆ ਟੈਕਸ ਦੇਣਾ ਸ਼ੁਰੂ ਕਰ ਦਿੱਤਾ। ਇਸ ਟੈਕਸ ਬਦਲੇ ਸਿੱਖ ਮਿਸਲਦਾਰਾਂ ਨੇ ਕਿਲ੍ਹੇ ਦੇ ਅੰਦਰੂਨੀ ਪ੍ਰਸ਼ਾਸਨ ਅਤੇ ਰਾਜਪੂਤਾਂ ਦੀ ਸੱਤਾ ਵਿੱਚ ਕੋਈ ਦਖ਼ਲ ਨਾ ਦੇ ਕੇ ਬਾਹਰੀ ਹਮਲਿਆਂ ਤੋਂ ਰਿਆਸਤ ਨੂੰ ਬਚਾ ਕੇ ਰੱਖਿਆ। 19ਵੀਂ ਸਦੀ ਦੇ ਸ਼ੁਰੂ ਵਿੱਚ ਨੇਪਾਲੀ ਗੋਰਖਾ ਕਮਾਂਡਰ ਅਮਰ ਸਿੰਘ ਥਾਪਾ ਨੇ ਪਹਾੜੀ ਰਿਆਸਤਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਇਸ ਸਮੇਂ ਕਾਂਗੜਾ ਦੇ ਰਾਜਾ ਸੰਸਾਰ ਚੰਦ ਕਟੋਚੀਆ ਅਤੇ ਜਸਵਾਨ ਦੇ ਰਾਜਾ ਉਮੈਦ ਸਿੰਘ ਜਸਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਨੇ ਗੋਰਖਾ ਫ਼ੌਜ ਨੂੰ ਪਹਾੜੀ ਇਲਾਕੇ ਵਿੱਚੋਂ ਖਦੇੜ ਦਿੱਤਾ। ਰਾਜਾ ਉਮੈਦ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਕਬੂਲ ਲਈ।

ਮਹਾਰਾਜਾ ਰਣਜੀਤ ਸਿੰਘ ਆਪਣੇ ਸਾਮਰਾਜ ਦਾ ਵਿਸਥਾਰ ਕਰਕੇ ਸਾਰੀਆਂ ਪਹਾੜੀ ਰਿਆਸਤਾਂ ਨੂੰ ਸਿੱਧੇ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਸੰਨ 1815 ਨੂੰ ਸਿੱਖ ਫ਼ੌਜ ਦੇ ਜਰਨੈਲ ਦੀਵਾਨ ਮੋਹਕਮ ਚੰਦ ਦੀ ਅਗਵਾਈ ਵਿੱਚ ਭੇਜੀ ਫ਼ੌਜ ਨੇ ਜਸਵਾਂ ਕਿਲ੍ਹੇ ਨੂੰ ਘੇਰ ਲਿਆ। ਸਿੱਖ ਫ਼ੌਜ ਦੀ ਭਾਰੀ ਤਾਕਤ ਅੱਗੇ ਪਹਾੜੀ ਫ਼ੌਜ ਦਾ ਟਿਕਣਾ ਅਸੰਭਵ ਦੇਖ ਕੇ ਰਾਜਾ ਉਮੈਦ ਸਿੰਘ ਨੇ ਸਿਆਣਪ ਤੋਂ ਕੰਮ ਲਿਆ। ਜਸਵਾਲੀਆ ਰਾਜੇ ਨੇ ਬਿਨਾਂ ਕਿਸੇ ਖ਼ੂਨ-ਖ਼ਰਾਬੇ ਤੋਂ ਜਸਵਾਂ ਕਿਲ੍ਹੇ ਸਮੇਤ ਆਪਣੀ ਰਿਆਸਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਉਮੈਦ ਸਿੰਘ ਜਸਵਾਲੀਆ ਦੀ ਇਸ ਸਿਆਣਪ ਦਾ ਸਤਿਕਾਰ ਕੀਤਾ। ਉਸ ਨੂੰ ਜੇਲ੍ਹ ਭੇਜਣ ਦੀ ਬਜਾਏ ਗੁਜ਼ਾਰੇ ਲਈ 21,000 ਰੁਪਏ ਦੀ ਸਾਲਾਨਾ ਰਾਜਪੁਰਾ ਜਾਗੀਰ ਤੋਹਫ਼ੇ ਵਜੋਂ ਦੇ ਦਿੱਤੀ। ਇਸ ਤੋਂ ਬਾਅਦ ਜਸਵਾਂ ਕਿਲ੍ਹਾ ਸਿੱਖ ਸਾਮਰਾਜ ਦਾ ਹਿੱਸਾ ਬਣ ਗਿਆ।

ਜਸਵਾਨ ਰਿਆਸਤ ਹੱਥੋਂ ਜਾਣ ਤੋਂ ਬਾਅਦ ਵੀ ਰਾਜਾ ਉਮੈਦ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵਫ਼ਾਦਾਰ ਬਣੇ ਰਹੇ। ਉਸ ਸਮੇਂ ਜਸਵਾਨ ਰਿਆਸਤ ਦੇ ਬਹੁਤ ਸਾਰੇ ਰਾਜਪੂਤ ਸੈਨਿਕ ਫ਼ੌਜ-ਏ-ਖ਼ਾਸ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਸਿੱਖ ਸਾਮਰਾਜ ਦੀਆਂ ਕਸ਼ਮੀਰ ਤੇ ਪਿਸ਼ਾਵਰ ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸੰਨ 1846 ਨੂੰ ਪਹਿਲੀ ਐਂਗਲੋ ਸਿੱਖ ਜੰਗ ਮਗਰੋਂ ਅੰਗਰੇਜ਼ ਹਕੂਮਤ ਨੇ ਜਲੰਧਰ ਦੁਆਬ ਅਤੇ ਪਹਾੜੀ ਰਿਆਸਤਾਂ ’ਤੇ ਕਬਜ਼ਾ ਕਰ ਲਿਆ। ਉਦੋਂ ਰਾਜਾ ਉਮੈਦ ਸਿੰਘ ਨੂੰ ਆਸ ਸੀ ਕਿ ਅੰਗਰੇਜ਼ ਹਕੂਮਤ ਉਸ ਦੀ ਰਿਆਸਤ ਵਾਪਸ ਕਰ ਦੇਵੇਗੀ, ਪਰ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਰਾਜੇ ਨੂੰ ਦਿੱਤੀ ਜਾਗੀਰ ਦੇ ਅਧਿਕਾਰ ਵੀ ਖੋਹ ਲਏ। ਅੰਗਰੇਜ਼ ਹਕੂਮਤ ਨੇ ਸਥਾਨਕ ਲੋਕਾਂ ’ਤੇ ਭਾਰੀ ਟੈਕਸ ਲਾ ਕੇ ਰਾਜਪੂਤਾਂ ਦੇ ਹਥਿਆਰ ਰੱਖਣ ’ਤੇ ਪਾਬੰਦੀ ਲਾ ਦਿੱਤੀ। ਇਸ ਨਾਲ ਰਾਜਾ ਉਮੈਦ ਸਿੰਘ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਰਾਜਾ ਉਮੈਦ ਸਿੰਘ ਨੇ ਸਿੱਖ ਵੰਸ਼ਜ ’ਚੋਂ ਬਾਬਾ ਬਿਕਰਮ ਸਿੰਘ ਬੇਦੀ ਊਨਾ ਵਾਲਿਆਂ ਅਤੇ ਕਾਂਗੜਾ, ਦਾਤਾਰਪੁਰ ਰਿਆਸਤ ਦੇ ਰਾਜਿਆਂ ਨਾਲ ਮਿਲ ਕੇ ਅੰਗਰੇਜ਼ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ। ਇਸ ਬਗ਼ਾਵਤ ਦੀ ਖ਼ਬਰ ਮਿਲਦੇ ਸਾਰ ਜਲੰਧਰ ਦਾ ਬਰਤਾਨਵੀ ਕਮਿਸ਼ਨਰ ਜੌਹਨ ਲਾਰੈਂਸ ਆਧੁਨਿਕ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਫ਼ੌਜ ਲੈ ਕੇ ਜਸਵਾਨ ਰਿਆਸਤ ਵੱਲ ਆ ਗਿਆ ਤਾਂ ਰਾਜਾ ਉਮੈਦ ਸਿੰਘ ਨੇ ਆਪਣੇ ਵਫ਼ਾਦਾਰ ਸੈਨਿਕਾਂ ਅਤੇ ਰਿਆਸਤ ਦੇ ਲੋਕਾਂ ਨੂੰ ਨਾਲ ਲੈ ਕੇ ਜਸਵਾਂ ਕਿਲ੍ਹੇ ਅੰਦਰ ਸ਼ਰਨ ਲੈ ਲਈ। ਜੌਹਨ ਲਾਰੈਂਸ ਦੀ ਅੰਗਰੇਜ਼ ਫ਼ੌਜ ਨੇ ਪਹਾੜੀ ਦੇ ਹੇਠਾਂ ਚਾਰ ਤੋਪਾਂ ਨਾਲ ਅੰਨ੍ਹੇਵਾਹ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਕਿਲ੍ਹੇ ਦੀਆਂ ਦੀਵਾਰਾਂ ਲਗਾਤਾਰ ਹੋ ਰਹੀ ਗੋਲਾਬਾਰੀ ਨੂੰ ਝੱਲ ਨਾ ਸਕੀਆਂ।

ਇਸ ਜੰਗ ਦੌਰਾਨ ਅੰਗਰੇਜ਼ ਫ਼ੌਜ ਨੇ ਰਾਜਾ ਉਮੈਦ ਸਿੰਘ ਅਤੇ ਉਸ ਦੇ ਪੁੱਤਰ ਜੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉੱਤਰਖੰਡ ਦੀ ਅਲਮੋੜਾ ਜੇਲ੍ਹ ਵਿੱਚ ਦੇਸ਼ ਨਿਕਾਲੇ ਵਜੋਂ ਭੇਜ ਦਿੱਤਾ ਗਿਆ, ਜਿੱਥੇ ਤੰਗੀਆਂ ਤੁਰਸ਼ੀਆਂ ਝੱਲਦੇ ਹੋਏ ਰਾਜਾ ਉਮੈਦ ਸਿੰਘ ਦੀ ਮੌਤ ਹੋ ਗਈ। ਅੰਗਰੇਜ਼ ਹਕੂਮਤ ਦੇ ਮਨ ਵਿੱਚ ਇਸ ਕਿਲ੍ਹੇ ਦਾ ਏਨਾ ਖ਼ੌਫ਼ ਸੀ ਕਿ ਉਨ੍ਹਾਂ ਨੇ ਭਵਿੱਖ ਵਿੱਚ ਕਿਸੇ ਹੋਰ ਬਗ਼ਾਵਤ ਨੂੰ ਰੋਕਣ ਲਈ ਕਿਲ੍ਹੇ ਦੇ ਬਾਕੀ ਬਚੇ ਹਿੱਸੇ, ਮਹੱਲਾਂ ਅਤੇ ਬੁਰਜਾਂ ਨੂੰ ਤੋਪ ਦੇ ਗੋਲਿਆਂ ਨਾਲ ਪੂਰੀ ਤਰ੍ਹਾਂ ਨਾਲ ਉਡਾ ਦਿੱਤਾ। ਇਸੇ ਕਰਕੇ ਅੱਜ ਇਹ ਕਿਲ੍ਹਾ ਸਿਰਫ਼ ਖੰਡਰ ਦੇ ਰੂਪ ਵਿੱਚ ਖੜ੍ਹਾ ਹੈ। ਸੰਨ 1877 ਨੂੰ ਅੰਗਰੇਜ਼ ਹਕੂਮਤ ਨੇ 29 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਜੈ ਸਿੰਘ ਨੂੰ ਵਾਪਸ ਜਸਵਾਨ ਰਿਆਸਤ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ। ਉਸ ਨੂੰ ਰਿਆਸਤ ਵਾਪਸ ਤਾਂ ਨਹੀਂ ਦਿੱਤੀ, ਪਰ ਰਾਜਪੁਰਾ ਦੀ ਪੁਰਾਣੀ ਜਾਗੀਰ ਅਤੇ ਨਕਦ ਪੈਨਸ਼ਨ ਬਹਾਲ ਕਰ ਦਿੱਤੀ। ਇਸ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਜੈ ਸਿੰਘ ਦੇ ਪੁੱਤਰ ਰਣ ਸਿੰਘ ਨੂੰ ਜਸਵਾਨ ਦਾ ਮੁਖੀ ਮੰਨਦੇ ਹੋਏ ਅੰਬ ਇਲਾਕੇ ਦੇ 21 ਪਿੰਡ ਵਾਪਸ ਕਰ ਦਿੱਤੇ ਅਤੇ ਲਗਪਗ 2600 ਰੁਪਏ ਦੀ ਸਾਲਾਨਾ ਪੈਨਸ਼ਨ ਲਾ ਦਿੱਤੀ। ਉਸ ਨੇ ਜੰਮੂ ਰਿਆਸਤ ਦੇ ਰਾਜਾ ਗੁਲਾਬ ਸਿੰਘ ਡੋਗਰਾ ਦੀ ਪੋਤੀ ਨਾਲ ਵਿਆਹ ਕਰਵਾ ਲਿਆ ਅਤੇ ਜੰਮੂ ਵਿੱਚ ਰਾਮਕੋਟ ਦੀ ਜਾਗੀਰ ਵੀ ਹਾਸਿਲ ਕਰ ਲਈ।

ਉਸ ਨੇ ਆਪਣਾ ਮਹੱਲ ਅਜੋਕੇ ਊਨਾ ਜ਼ਿਲ੍ਹੇ ਵਿੱਚ ਬਣਾਇਆ ਕਿਉਂਕਿ ਸ਼ਾਹੀ ਮਹੱਲ ਕਿਲ੍ਹੇ ਸਮੇਤ ਖੰਡਰ ਹੋ ਚੁੱਕੇ ਸਨ। ਸੰਨ 1892 ’ਚ ਰਣ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰਘੂਨਾਥ ਸਿੰਘ ਨੇ ਕਾਂਗੜਾ ਦੇ ਰਾਜਾ ਪ੍ਰਤਾਪ ਚੰਦ ਦੀ ਪੁੱਤਰੀ ਨਾਲ ਵਿਆਹ ਕਰਵਾ ਲਿਆ, ਜਿਸ ਕਰਕੇ ਦੋਵੇਂ ਰਿਆਸਤਾਂ ਦੇ ਰਿਸ਼ਤੇ ਫਿਰ ਤੋਂ ਮਜ਼ਬੂਤ ਹੋ ਗਏ। ਰਘੂਨਾਥ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਅਤੇ ਇਸ ਇਲਾਕੇ ਵਿੱਚ ਉਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਉਸ ਦਾ ਰਾਜਾ ਦਾ ਖ਼ਿਤਾਬ ਬਹਾਲ ਕਰ ਦਿੱਤਾ ਗਿਆ। ਸੰਨ 1918 ਨੂੰ ਉਸ ਦੀ ਮੌਤ ਹੋ ਗਈ। ਇਸ ਮਗਰੋਂ ਲਕਸ਼ਮਣ ਸਿੰਘ ਇਸ ਖ਼ਾਨਦਾਨ ਦਾ ਵਾਰਿਸ ਬਣਿਆ।

ਖ਼ੈਰ, ਦੇਸ਼ ਆਜ਼ਾਦ ਹੋਣ ਮਗਰੋਂ ਸ਼ਾਹੀ ਪਰਿਵਾਰ ਨਾਮਧਰੀਕ ਹੀ ਰਹਿ ਗਏ। ਇਸ ਲਈ ਜਸਵਾਲੀਏ ਰਾਜਿਆਂ ਦੇ ਵਾਰਿਸਾਂ ਬਾਰੇ ਹੋਰ ਕੋਈ ਖ਼ਾਸ ਜਾਣਕਾਰੀ ਨਹੀਂ ਮਿਲਦੀ। ਹਾਂ, ਇਸ ਕਿਲ੍ਹੇ ਦੇ ਖੰਡਰ ਪੁਰਾਤਨ ਇਤਿਹਾਸ ਦੀ ਬਾਤ ਜ਼ਰੂਰ ਪਾਉਂਦੇ ਹਨ।

ਸੰਪਰਕ: 94173-70699

Advertisement
×