ਤਸਲੀਮਾ ਨਸਰੀਨ ਦੀ ਦਾਸਤਾਨ: ਜਲਾਵਤਨੀ ਅਤੇ ਵਾਪਸੀ
ਸਾਹਿਤ ਦਾ ਕੰਮ ਕੀ ਹੈ? ਕੀ ਉਹ ਸਿਰਫ਼ ਮਨੋਰੰਜਨ ਕਰੇ ? ਕੀ ਉਹ ਸਿਰਫ਼ ਸੁੰਦਰ ਸ਼ਬਦਾਂ ਨਾਲ ਪਾਠਕ ਨੂੰ ਪ੍ਰਭਾਵਿਤ ਕਰੇ ? ਜਾਂ ਫਿਰ ਉਹ ਸਮਾਜ ਦੇ ਉਹ ਕੋਨੇ ਵੀ ਦਿਖਾਵੇ ਜਿੱਥੇ ਰੌਸ਼ਨੀ ਨਹੀਂ ਪਹੁੰਚਦੀ ? ਤਸਲੀਮਾ ਨਸਰੀਨ ਨੇ ਤੀਜਾ ਰਾਹ ਚੁਣਿਆ। ਉਸ ਨੇ ਆਪਣੇ ਲੇਖਾਂ ਵਿੱਚ ਔਰਤਾਂ ਦੀ ਆਜ਼ਾਦੀ, ਸਮਾਜਿਕ ਅਸਮਾਨਤਾ, ਧਾਰਮਿਕ ਕੱਟੜਪੰਥੀ ਤੇ ਮਨੁੱਖੀ ਅਧਿਕਾਰਾਂ ਬਾਰੇ ਲਿਖਿਆ। ਉਸ ਦਾ ਮੰਨਣਾ ਹੈ ਕਿ ਧਰਮ ਤੋਂ ਪਹਿਲਾਂ ਮਨੁੱਖ ਹੈ ਤੇ ਮਨੁੱਖ ਦੀ ਕਦਰ ਹੋਣੀ ਚਾਹੀਦੀ ਹੈ। ਉਸ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ ਪਰ ਇਹ ਕਹਿਣਾ ਔਖਾ ਹੈ ਕਿ ਉਸ ਨੇ ਡਰ ਕੇ ਲਿਖਿਆ। 1993 ਵਿੱਚ ਉਸ ਦਾ ਨਾਵਲ ‘ਲੱਜਾ’ ਪ੍ਰਕਾਸ਼ਿਤ ਹੋਇਆ।
ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੇ ਔਰਤਾਂ ਦੀ ਆਜ਼ਾਦੀ, ਸਮਾਜਿਕ ਨਾਬਰਾਬਰੀ, ਧਾਰਮਿਕ ਕੱਟੜਤਾ ਤੇ ਮਨੁੱਖੀ ਅਧਿਕਾਰਾਂ ਬਾਰੇ ਬੜੀ ਬੇਬਾਕੀ ਨਾਲ ਲਿਖਿਆ ਹੈ। ਇਸ ਕਰਕੇ ਉਸ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਜਲਾਵਤਨ ਵੀ ਰਹਿਣਾ ਪਿਆ। ਗੋਵਰਧਨ ਗੱਬੀ ਦਾ ਹਥਲਾ ਲੇਖ ਤਸਲੀਮਾ ਨਸਰੀਨ ਦੇ ਜੀਵਨ, ਰਚਨਾ ਅਤੇ ਉਸ ਦੀ ਜਲਾਵਤਨੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ।
ਇਤਿਹਾਸ ਵਿੱਚ ਕੁਝ ਨਾਮ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਿਰਫ਼ ਕਿਸੇ ਇੱਕ ਪੇਸ਼ੇ ਨਾਲ ਨਹੀਂ ਪਛਾਣਿਆ ਜਾ ਸਕਦਾ। ਉਨ੍ਹਾਂ ਨੂੰ ਸਿਰਫ਼ ਕਵੀ ਜਾਂ ਕਵਿਤਰੀ ਕਹਿਣਾ, ਸਿਰਫ਼ ਨਾਵਲਕਾਰ ਕਹਿਣਾ ਜਾਂ ਸਿਰਫ਼ ਪੱਤਰਕਾਰ ਕਹਿਣਾ ਉਨ੍ਹਾਂ ਦੇ ਵਿਅਕਤਿਤਵ ਨਾਲ ਇਨਸਾਫ਼ ਨਹੀਂ ਕਰਦਾ। ਉਹ ਆਪਣੇ ਸਮੇਂ ਦੀ ਇੱਕ ਬਹਿਸ ਬਣ ਜਾਂਦੇ ਹਨ। ਉਨ੍ਹਾਂ ਦੇ ਹੱਕ ਵਿੱਚ ਵੀ ਲੇਖ ਲਿਖੇ ਜਾਂਦੇ ਹਨ ਤੇ ਉਨ੍ਹਾਂ ਦੇ ਵਿਰੁੱਧ ਵੀ। ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਵੀ ਜਾਂਦੀਆਂ ਹਨ ਤੇ ਸਾੜੀਆਂ ਵੀ ਜਾਂਦੀਆਂ ਹਨ। ਉਨ੍ਹਾਂ ਨੂੰ ਇਨਾਮ ਵੀ ਮਿਲਦੇ ਹਨ ਤੇ ਧਮਕੀਆਂ ਵੀ। ਤਸਲੀਮਾ ਨਸਰੀਨ ਅਜਿਹਾ ਹੀ ਇੱਕ ਨਾਮ ਹੈ। ਦੱਖਣੀ ਏਸ਼ੀਆ ਦੇ ਸਮਕਾਲੀ ਸਾਹਿਤ ਵਿੱਚ ਜੇਕਰ ਕਿਸੇ ਇੱਕ ਲੇਖਕਾ ਨੇ ਸਭ ਤੋਂ ਵੱਧ ਚਰਚਾ, ਵਿਵਾਦ, ਪ੍ਰਸ਼ੰਸਾ ਤੇ ਵਿਰੋਧ ਇੱਕੋ ਸਮੇਂ ਹਾਸਲ ਕੀਤਾ ਹੈ ਤਾਂ ਉਹ ਤਸਲੀਮਾ ਨਸਰੀਨ ਹੈ। ਉਸ ਦੀ ਜ਼ਿੰਦਗੀ ਸਿਰਫ਼ ਇੱਕ ਲੇਖਕਾ ਦੀ ਜ਼ਿੰਦਗੀ ਨਹੀਂ, ਸਗੋਂ ਇਹ ਸਵਾਲ ਵੀ ਹੈ ਕਿ ਜਦੋਂ ਇੱਕ ਕਲਮ ਰਵਾਇਤਾਂ ਨੂੰ ਸਵਾਲ ਪੁੱਛਦੀ ਹੈ ਤਾਂ ਸਮਾਜ ਉਸ ਨਾਲ ਕੀ ਸਲੂਕ ਕਰਦਾ ਹੈ। ਕਈ ਲੋਕ ਉਸ ਨੂੰ ਨਿਡਰ ਲੇਖਕਾ ਕਹਿੰਦੇ ਹਨ। ਕਈ ਉਸ ਨੂੰ ਵਿਵਾਦ ਪੈਦਾ ਕਰਨ ਵਾਲੀ ਲੇਖਕਾ ਮੰਨਦੇ ਹਨ। ਪਰ ਇਹ ਦੋਵੇਂ ਰਾਵਾਂ ਆਪੋ-ਆਪਣੀ ਥਾਂ ਹਨ, ਪਰ ਇੱਕ ਗੱਲ ਨਿਰਵਿਵਾਦ ਹੈ ਕਿ ਤਸਲੀਮਾ ਨਸਰੀਨ ਨੂੰ ਪੜ੍ਹੇ ਬਿਨਾਂ ਤੇ ਉਸ ਦੀ ਜ਼ਿੰਦਗੀ ਨੂੰ ਸਮਝੇ ਬਿਨਾਂ ਦੱਖਣੀ ਏਸ਼ੀਆ ਦੇ ਸਾਹਿਤ ਦੀ ਪੂਰੀ ਤਸਵੀਰ ਨਹੀਂ ਬਣਦੀ। 25 ਅਗਸਤ 1962 ਨੂੰ ਮੈਮਨਸਿੰਘ (ਉਸ ਵੇਲੇ ਪੂਰਬੀ ਪਾਕਿਸਤਾਨ, ਅੱਜ ਦਾ ਬੰਗਲਾਦੇਸ਼) ਵਿੱਚ ਜਨਮੀ ਤਸਲੀਮਾ ਨਸਰੀਨ ਨੇ ਡਾਕਟਰੀ ਦੀ ਪੜ੍ਹਾਈ ਕੀਤੀ। ਉਸ ਦੇ ਪਿਤਾ ਡਾਕਟਰ ਸਨ। ਪਰਿਵਾਰ ਪੜ੍ਹਿਆ-ਲਿਖਿਆ ਸੀ। ਇਹ ਸੁਭਾਵਿਕ ਸੀ ਕਿ ਧੀ ਵੀ ਡਾਕਟਰ ਬਣੇ। ਉਹ ਬਣੀ ਵੀ। ਕੁਝ ਸਮਾਂ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਪਰ ਇੱਕ ਸੰਵੇਦਨਸ਼ੀਲ ਮਨੁੱਖ ਕਿੰਨਾ ਸਮਾਂ ਸਿਰਫ਼ ਸਰੀਰਾਂ ਦੇ ਜ਼ਖ਼ਮ ਦੇਖ ਸਕਦਾ ਹੈ। ਹਸਪਤਾਲ ਦੀਆਂ ਕੰਧਾਂ ਤੋਂ ਬਾਹਰ ਵੀ ਇੱਕ ਸਮਾਜ ਸੀ। ਉੱਥੇ ਵੀ ਦਰਦ ਸੀ। ਉੱਥੇ ਵੀ ਜ਼ਖ਼ਮ ਸਨ ਪਰ ਉਹ ਜ਼ਖ਼ਮ ਸਰੀਰ ਉੱਤੇ ਨਹੀਂ ਸਗੋਂ ਸੋਚ ਉੱਤੇ ਸਨ। ਉੱਥੇ ਔਰਤਾਂ ਸਨ, ਜਿਨ੍ਹਾਂ ਦੀ ਆਵਾਜ਼ ਨੂੰ ਰਸਮਾਂ ਦੇ ਨਾਂ ’ਤੇ ਦਬਾ ਦਿੱਤਾ ਜਾਂਦਾ ਸੀ। ਉੱਥੇ ਧਰਮ ਦੇ ਨਾਂ ’ਤੇ ਮਨੁੱਖ ਨੂੰ ਮਨੁੱਖ ਤੋਂ ਵੱਖ ਕੀਤਾ ਜਾਂਦਾ ਸੀ। ਉੱਥੇ ਅਜਿਹੇ ਸਵਾਲ ਸਨ, ਜਿਨ੍ਹਾਂ ਦਾ ਜਵਾਬ ਕਿਸੇ ਦਵਾਈ ਦੀ ਸ਼ੀਸ਼ੀ ਵਿੱਚ ਨਹੀਂ ਮਿਲਦਾ ਸੀ। ਸ਼ਾਇਦ ਇੱਥੋਂ ਹੀ ਡਾਕਟਰ ਤਸਲੀਮਾ ਨਸਰੀਨ ਹੌਲੀ-ਹੌਲੀ ਲੇਖਕਾ ਤਸਲੀਮਾ ਨਸਰੀਨ ਬਣਨ ਲੱਗੀ।
ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਕਾਲਮ ਲਿਖੇ। ਫਿਰ ਨਾਵਲ। ਉਸ ਦੀ ਲਿਖਤ ਵਿੱਚ ਇੱਕ ਖ਼ਾਸ ਗੱਲ ਸੀ ਕਿ ਉਹ ਘੁਮਾ-ਫਿਰਾ ਕੇ ਗੱਲ ਨਹੀਂ ਕਰਦੀ ਸੀ, ਉਸ ਨੂੰ ਜੋ ਸੱਚ ਲੱਗਦਾ, ਉਹ ਸਿੱਧਾ ਲਿਖ ਦਿੰਦੀ ਸੀ। ਇਹੀ ਸਿੱਧੀ ਗੱਲ ਉਸ ਦੀ ਲਿਖਤ ਦੀ ਪਛਾਣ ਬਣੀ।
ਸਾਹਿਤ ਦਾ ਕੰਮ ਕੀ ਹੈ? ਕੀ ਉਹ ਸਿਰਫ਼ ਮਨੋਰੰਜਨ ਕਰੇ ? ਕੀ ਉਹ ਸਿਰਫ਼ ਸੁੰਦਰ ਸ਼ਬਦਾਂ ਨਾਲ ਪਾਠਕ ਨੂੰ ਪ੍ਰਭਾਵਿਤ ਕਰੇ ? ਜਾਂ ਫਿਰ ਉਹ ਸਮਾਜ ਦੇ ਉਹ ਕੋਨੇ ਵੀ ਦਿਖਾਵੇ ਜਿੱਥੇ ਰੌਸ਼ਨੀ ਨਹੀਂ ਪਹੁੰਚਦੀ ?
ਤਸਲੀਮਾ ਨਸਰੀਨ ਨੇ ਤੀਜਾ ਰਾਹ ਚੁਣਿਆ। ਉਸ ਨੇ ਆਪਣੇ ਲੇਖਾਂ ਵਿੱਚ ਔਰਤਾਂ ਦੀ ਆਜ਼ਾਦੀ, ਸਮਾਜਿਕ ਅਸਮਾਨਤਾ, ਧਾਰਮਿਕ ਕੱਟੜਪੰਥੀ ਤੇ ਮਨੁੱਖੀ ਅਧਿਕਾਰਾਂ ਬਾਰੇ ਲਿਖਿਆ। ਉਸ ਦਾ ਮੰਨਣਾ ਹੈ ਕਿ ਧਰਮ ਤੋਂ ਪਹਿਲਾਂ ਮਨੁੱਖ ਹੈ ਤੇ ਮਨੁੱਖ ਦੀ ਕਦਰ ਹੋਣੀ ਚਾਹੀਦੀ ਹੈ। ਉਸ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ ਪਰ ਇਹ ਕਹਿਣਾ ਔਖਾ ਹੈ ਕਿ ਉਸ ਨੇ ਡਰ ਕੇ ਲਿਖਿਆ। 1993 ਵਿੱਚ ਉਸ ਦਾ ਨਾਵਲ ‘ਲੱਜਾ’ ਪ੍ਰਕਾਸ਼ਿਤ ਹੋਇਆ।
ਕਿਤਾਬ ਦਾ ਕੇਂਦਰ ਇੱਕ ਹਿੰਦੂ ਪਰਿਵਾਰ ਹੈ, ਜੋ 1992 ਵਿੱਚ ਬਾਬਰੀ ਮਸਜਿਦ ਢਹਿ ਜਾਣ ਤੋਂ ਬਾਅਦ ਬੰਗਲਾਦੇਸ਼ ਵਿੱਚ ਪੈਦਾ ਹੋਏ ਫਿਰਕੂ ਤਣਾਅ ਤੇ ਹਿੰਸਾ ਦਾ ਸਾਹਮਣਾ ਕਰਦਾ ਹੈ। ਨਾਵਲ ਦਾ ਮੂਲ ਸੰਦੇਸ਼ ਇਹ ਸੀ ਕਿ ਜਦੋਂ ਧਰਮ ਮਨੁੱਖਤਾ ’ਤੇ ਹਾਵੀ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਨੁੱਖ ਹੀ ਹਾਰਦਾ ਹੈ। ਕਿਤਾਬ ਹੱਥੋਂ-ਹੱਥ ਵਿਕੀ। ਵਿਦੇਸ਼ਾਂ ਵਿੱਚ ਇਸ ਦੇ ਅਨੁਵਾਦ ਹੋਏ ਪਰ ਜਿੰਨੀ ਤੇਜ਼ੀ ਨਾਲ ਇਸ ਨੂੰ ਪਾਠਕ ਮਿਲੇ, ਓਨੀ ਹੀ ਤੇਜ਼ੀ ਨਾਲ ਵਿਰੋਧ ਵੀ ਸ਼ੁਰੂ ਹੋ ਗਿਆ। ਬੰਗਲਾਦੇਸ਼ ਵਿੱਚ ਕਿਤਾਬ ’ਤੇ ਪਾਬੰਦੀ ਲਾ ਦਿੱਤੀ ਗਈ। ਕੁਝ ਧਾਰਮਿਕ ਸੰਗਠਨਾਂ ਨੇ ਦੋਸ਼ ਲਾਇਆ ਕਿ ਤਸਲੀਮਾ ਨਸਰੀਨ ਨੇ ਇਸਲਾਮ ਦਾ ਅਪਮਾਨ ਕੀਤਾ ਹੈ। ਵੱਡੇ ਪ੍ਰਦਰਸ਼ਨ ਹੋਏ। ਉਸ ਦੇ ਖ਼ਿਲਾਫ਼ ਫਤਵੇ ਜਾਰੀ ਹੋਏ। ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ।
ਇੱਥੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤਸਲੀਮਾ ਨਸਰੀਨ ਦਾ ਕਹਿਣਾ ਹਮੇਸ਼ਾ ਇਹ ਰਿਹਾ ਕਿ ਉਸ ਦੀ ਆਲੋਚਨਾ ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਨਹੀਂ ਸਗੋਂ ਧਾਰਮਿਕ ਕੱਟੜਪੰਥੀਆਂ ਤੇ ਅਤਿਵਾਦ ਨਾਲ ਹੈ। ਦੂਜੇ ਪਾਸੇ, ਉਸ ਦੇ ਆਲੋਚਕਾਂ ਦਾ ਮੰਨਣਾ ਸੀ ਕਿ ਉਸ ਦੀ ਭਾਸ਼ਾ ਤੇ ਉਸ ਦੇ ਵਿਚਾਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹੀ ਉਹ ਬਿੰਦੂ ਸੀ ਜਿੱਥੋਂ ਵਿਵਾਦ ਹੋਰ ਡੂੰਘਾ ਹੋ ਗਿਆ। 1994 ਵਿੱਚ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਤਸਲੀਮਾ ਨਸਰੀਨ ਨੂੰ ਬੰਗਲਾਦੇਸ਼ ਛੱਡਣਾ ਪਿਆ। ਘਰ ਛੱਡਣਾ ਆਸਾਨ ਨਹੀਂ ਹੁੰਦਾ। ਲੇਖਕ ਲਈ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਲੇਖਕ ਸਿਰਫ਼ ਇੱਕ ਮਕਾਨ ਵਿੱਚ ਨਹੀਂ ਰਹਿੰਦਾ। ਉਹ ਆਪਣੀ ਭਾਸ਼ਾ ਵਿੱਚ ਰਹਿੰਦਾ ਹੈ। ਆਪਣੇ ਲੋਕਾਂ ਵਿੱਚ ਰਹਿੰਦਾ ਹੈ। ਆਪਣੀਆਂ ਯਾਦਾਂ ਵਿੱਚ ਰਹਿੰਦਾ ਹੈ। ਜਦੋਂ ਉਹ ਸਭ ਕੁਝ ਪਿੱਛੇ ਰਹਿ ਜਾਵੇ ਤਾਂ ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ’ਚ ਪਹੁੰਚ ਜਾਵੇ ਪਰ ਉਸ ਦੇ ਅੰਦਰ ਇੱਕ ਜਲਾਵਤਨੀ ਜ਼ਿੰਦਾ ਰਹਿੰਦੀ ਹੈ।
ਤਸਲੀਮਾ ਨੇ ਭਾਰਤ ਸਣੇ ਯੂਰੋਪ ਦੇ ਕਈ ਦੇਸ਼ਾਂ ਵਿੱਚ ਰਹਿ ਕੇ ਜ਼ਿੰਦਗੀ ਬਿਤਾਈ। ਉਸ ਨੂੰ ਕਈ ਅੰਤਰਰਾਸ਼ਟਰੀ ਇਨਾਮ ਮਿਲੇ। ਅਭਿਵਿਅਕਤੀ ਦੀ ਆਜ਼ਾਦੀ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਉਸ ਦਾ ਸਨਮਾਨ ਕੀਤਾ ਪਰ ਇਨਾਮ ਕਦੇ ਵੀ ਘਰ ਦਾ ਬਦਲ ਨਹੀਂ ਬਣਦੇ। ਇੱਕ ਲੇਖਕ ਲਈ ਸਭ ਤੋਂ ਵੱਡਾ ਇਨਾਮ ਇਹ ਹੁੰਦਾ ਹੈ ਕਿ ਉਹ ਆਪਣੀ ਮਿੱਟੀ ਵਿੱਚ ਬੈਠ ਕੇ ਆਪਣੀ ਭਾਸ਼ਾ ਵਿੱਚ ਲਿਖ ਸਕੇ। ਇਹ ਸੁੱਖ ਤਸਲੀਮਾ ਤੋਂ ਖੋਹ ਲਿਆ ਗਿਆ। ਜਲਾਵਤਨੀ ਸਿਰਫ਼ ਭੂਗੋਲ ਨਹੀਂ ਹੁੰਦੀ। ਬਹੁਤ ਲੋਕ ਸੋਚਦੇ ਹਨ ਕਿ ਜਲਾਵਤਨੀ ਦਾ ਅਰਥ ਸਿਰਫ਼ ਦੇਸ਼ ਛੱਡਣਾ ਹੁੰਦਾ ਹੈ ਪਰ ਅਸਲ ਵਿੱਚ ਜਲਾਵਤਨੀ ਮਨ ਦੀ ਅਵਸਥਾ ਵੀ ਹੁੰਦੀ ਹੈ। ਇੱਕ ਅਜਿਹਾ ਅਹਿਸਾਸ, ਜਿਸ ਵਿੱਚ ਹਰ ਨਵਾਂ ਸ਼ਹਿਰ ਅਸਥਾਈ ਲੱਗਦਾ ਹੈ। ਹਰ ਘਰ ਕਿਰਾਏ ਦਾ ਲੱਗਦਾ ਹੈ। ਹਰ ਸਵੇਰ ਇਹ ਯਾਦ ਦਿਵਾਉਂਦੀ ਹੈ ਕਿ ਤੁਸੀਂ ਇੱਥੇ ਹੋ ਪਰ ਤੁਹਾਡੇ ਆਪਣੇ ਕਿੱਥੇ ਹਨ ? ਤਸਲੀਮਾ ਨਸਰੀਨ ਦੀਆਂ ਕਿਤਾਬਾਂ ਜਿਨ੍ਹਾਂ ਵਿੱਚ ‘ਮੇਏਬੇਲਾ’, ‘ਉੱਤਾਲ ਹਵਾ’ ਤੇ ‘ਦਵਿਖੰਡਿਤੋ’ ਆਦਿ ਸ਼ਾਮਲ ਹਨ, ਪੜ੍ਹਦਿਆਂ ਇਹ ਦਰਦ ਵਾਰ-ਵਾਰ ਸਾਹਮਣੇ ਆਉਂਦਾ ਹੈ। ਉਹ ਆਪਣੇ ਬਚਪਨ ਨੂੰ ਯਾਦ ਕਰਦੀ ਹੈ, ਆਪਣੀ ਭਾਸ਼ਾ ਨੂੰ ਯਾਦ ਕਰਦੀ ਹੈ ਤੇ ਆਪਣੇ ਸ਼ਹਿਰ ਨੂੰ ਯਾਦ ਕਰਦੀ ਹੈ। ਸ਼ਾਇਦ ਇਸੇ ਲਈ ਉਸ ਦੀ ਲਿਖਤ ਵਿੱਚ ਕਈ ਵਾਰ ਗੁੱਸਾ ਦਿਖਾਈ ਦਿੰਦਾ ਹੈ ਤੇ ਕਈ ਵਾਰ ਡੂੰਘੀ ਉਦਾਸੀ। ਤਸਲੀਮਾ ਇੱਕ ਪਾਸੇ ਤਾਂ ਉਹ ਔਰਤ ਹੈ ਜੋ ਆਪਣੇ ਵਿਚਾਰਾਂ ਤੋਂ ਪਿੱਛੇ ਨਹੀਂ ਹਟਦੀ ਤੇ ਦੂਜੇ ਪਾਸੇ ਉਹ ਅਜਿਹੀ ਔਰਤ ਹੈ ਜੋ ਆਪਣੇ ਘਰ ਨੂੰ ਯਾਦ ਕਰਦੀ ਹੈ। ਇਹ ਦੋਵੇਂ ਚਿਹਰੇ ਉਸਦੀ ਸ਼ਖਸੀਅਤ ਦੇ ਅੰਦਰ ਵੱਸਦੇ ਹਨ। ਸ਼ਾਇਦ ਇਹੀ ਤਸਲੀਮਾ ਨਸਰੀਨ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ।
ਜਲਾਵਤਨੀ ਦਾ ਸਭ ਤੋਂ ਵੱਡਾ ਦੁੱਖ ਇਹ ਨਹੀਂ ਹੁੰਦਾ ਕਿ ਆਦਮੀ ਆਪਣਾ ਘਰ ਛੱਡ ਦਿੰਦਾ ਹੈ, ਸਗੋਂ ਅਸਲ ਦੁੱਖ ਉਹ ਹੁੰਦਾ ਹੈ ਜਦੋਂ ਘਰ ਵਾਪਸ ਮੁੜਨ ਦੀ ਉਮੀਦ ਵੀ ਧੁੰਦਲੀ ਪੈ ਜਾਂਦੀ ਹੈ। ਤਸਲੀਮਾ ਨਸਰੀਨ ਨੇ ਇਹ ਦਰਦ ਸਾਲਾਂ ਤੱਕ ਹੰਢਾਇਆ ਹੈ। ਬੰਗਲਾਦੇਸ਼ ਉਸ ਤੋਂ ਪਹਿਲਾਂ ਹੀ ਦੂਰ ਹੋ ਚੁੱਕਾ ਸੀ। ਕੋਲਕਾਤਾ, ਜਿਸ ਨੂੰ ਉਸ ਨੇ ਆਪਣੀ ਭਾਸ਼ਾ ਤੇ ਆਪਣੇ ਸਾਹਿਤ ਦਾ ਦੂਜਾ ਘਰ ਮੰਨਿਆ ਸੀ, ਅਖੀਰ ਉਹ ਵੀ ਉਸ ਦੇ ਹੱਥੋਂ ਨਿਕਲ ਗਿਆ ਪਰ ਇਤਿਹਾਸ ਦਾ ਸੁਭਾਅ ਅਜੀਬ ਹੈ। ਉਹ ਕਈ ਵਾਰ ਬਹੁਤ ਲੰਮਾ ਚੱਕਰ ਕੱਟ ਕੇ ਫਿਰ ਉਸੇ ਮੋੜ ’ਤੇ ਆ ਖੜ੍ਹਦਾ ਹੈ, ਜਿੱਥੋਂ ਕਹਾਣੀ ਟੁੱਟੀ ਸੀ।
ਲਗਪਗ 19 ਸਾਲਾਂ ਦੇ ਲੰਮੇ ਅਰਸੇ ਬਾਅਦ ਤਸਲੀਮਾ ਨਸਰੀਨ ਦੀ ਕੋਲਕਾਤਾ ਵਾਪਸੀ ਦੀ ਖ਼ਬਰ ਆਈ। ਇਹ ਖ਼ਬਰ ਸਿਰਫ਼ ਇੱਕ ਲੇਖਕਾ ਦੇ ਇੱਕ ਸ਼ਹਿਰ ਵਿੱਚ ਆਉਣ ਦੀ ਨਹੀਂ ਸੀ। ਇਸ ਵਿੱਚ ਇੱਕ ਪ੍ਰਤੀਕ ਲੁਕਿਆ ਹੋਇਆ ਸੀ। ਇਹ ਪ੍ਰਤੀਕ ਸੀ ਯਾਦਾਂ ਦਾ, ਭਾਸ਼ਾ ਦਾ ਤੇ ਉਸ ਰਿਸ਼ਤੇ ਦਾ ਜੋ ਲੇਖਕ ਤੇ ਉਸ ਦੇ ਪਾਠਕਾਂ ਵਿਚਕਾਰ ਬਣਦਾ ਹੈ। ਕੋਲਕਾਤਾ ਉਸ ਲਈ ਕਦੇ ਵੀ ਕੇਵਲ ਇੱਕ ਮਹਾਨਗਰ ਨਹੀਂ ਰਿਹਾ। ਉਹ ਬੰਗਾਲੀ ਭਾਸ਼ਾ ਦੀ ਸੱਭਿਆਚਾਰਕ ਰਾਜਧਾਨੀ ਹੈ। ਉਹ ਧਰਤੀ, ਜਿੱਥੇ ਰਾਬਿੰਦਰਨਾਥ ਨੇ ਮਨੁੱਖ ਨੂੰ ਸਰਹੱਦਾਂ ਤੋਂ ਵੱਡਾ ਮੰਨਿਆ, ਜਿੱਥੇ ਨਜ਼ਰੁਲ ਨੇ ਬਗ਼ਾਵਤ ਨੂੰ ਕਵਿਤਾ ਦਾ ਰੂਪ ਦਿੱਤਾ ਤੇ ਜਿੱਥੇ ਸਾਹਿਤ ਨੇ ਹਮੇਸ਼ਾ ਸੱਤਾ ਨਾਲੋਂ ਵੱਧ ਮਨੁੱਖ ਦੀ ਗੱਲ ਕੀਤੀ। ਇਸ ਲਈ ਤਸਲੀਮਾ ਦੀ ਵਾਪਸੀ ਵਿੱਚ ਇੱਕ ਭਾਵਨਾਤਮਕ ਅਰਥ ਵੀ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਉਸ ਦੇ ਨਾਮ ਨਾਲ ਜੁੜੀ ਬਹਿਸ ਅਜੇ ਮੁੱਕੀ ਨਹੀਂ ਹੈ। ਉਸ ਦੇ ਸਮਰਥਕ ਅੱਜ ਵੀ ਉਸ ਨੂੰ ਅਭਿਵਿਅਕਤੀ ਦੀ ਆਜ਼ਾਦੀ ਦੀ ਮਜ਼ਬੂਤ ਆਵਾਜ਼ ਮੰਨਦੇ ਹਨ। ਉਸ ਦੇ ਆਲੋਚਕ ਅੱਜ ਵੀ ਉਸ ਦੀਆਂ ਕੁਝ ਲਿਖਤਾਂ ਤੇ ਬਿਆਨਾਂ ’ਤੇ ਇਤਰਾਜ਼ ਕਰਦੇ ਹਨ।
ਇਨ੍ਹਾਂ ਦੋਹਾਂ ਵਿਚਾਰਾਂ ਦੀ ਮੌਜੂਦਗੀ ਹੀ ਦਰਸਾਉਂਦੀ ਹੈ ਕਿ ਤਸਲੀਮਾ ਨਸਰੀਨ ਅੱਜ ਵੀ ਸਾਡੇ ਸਮੇਂ ਦੀ ਇੱਕ ਜਿਊਂਦੀ ਜਾਗਦੀ ਬਹਿਸ ਹੈ ਪਰ ਇੱਕ ਗੱਲ ਦਾ ਸਿਹਰਾ ਉਸ ਦੇ ਸਿਰ ਬੰਨ੍ਹਣਾ ਹੀ ਪਵੇਗਾ ਕਿ ਉਸ ਨੇ ਲਿਖਣਾ ਕਦੇ ਨਹੀਂ ਛੱਡਿਆ। ਜਿਸ ਔਰਤ ਨੂੰ ਫਤਵਿਆਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਧਮਕੀਆਂ ਮਿਲੀਆਂ, ਜਿਸ ਨੂੰ ਦੇਸ਼ ਛੱਡਣਾ ਪਿਆ, ਜਿਸ ਨੂੰ ਸ਼ਹਿਰ ਬਦਲਣੇ ਪਏ ਪਰ ਉਸ ਨੇ ਆਪਣੀ ਕਲਮ ਬੰਦ ਨਹੀਂ ਰੱਖੀ। ਇਹ ਗੱਲ ਉਸ ਦੇ ਹੱਕ ਵਿੱਚ ਹੋਵੇ ਜਾਂ ਵਿਰੋਧ ਵਿੱਚ ਪਰ ਇਤਿਹਾਸ ਇਸ ਨੂੰ ਅਣਡਿੱਠ ਨਹੀਂ ਕਰ ਸਕੇਗਾ। ਇੱਕ ਲੇਖਕ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਨਿਡਰਤਾ ਨਹੀਂ ਹੁੰਦੀ ਸਗੋਂ ਉਸ ਦੀ ਲਗਾਤਾਰ ਲਿਖਣ ਦੀ ਸਮਰੱਥਾ ਹੁੰਦੀ ਹੈ। ਤਸਲੀਮਾ ਨੇ ਇਹ ਸਮਰੱਥਾ ਬਚਾ ਕੇ ਰੱਖੀ।
ਅੱਜ ਜਦੋਂ ਉਹ ਮੁੜ ਕੋਲਕਾਤਾ ਦੀ ਹਵਾ ਵਿੱਚ ਸਾਹ ਲੈਂਦੀ ਹੈ ਤਾਂ ਇਹ ਸਿਰਫ਼ ਉਸ ਦੀ ਨਿੱਜੀ ਖੁਸ਼ੀ ਨਹੀਂ ਹੋ ਸਕਦੀ ਸਗੋਂ ਇਹ ਉਸ ਪਾਠਕ ਲਈ ਵੀ ਖੁਸ਼ੀ ਦੇ ਪਲ ਹਨ, ਜਿਸ ਨੇ ਉਸ ਨੂੰ ਸਾਲਾਂ ਤੱਕ ਕਿਤਾਬਾਂ ਵਿੱਚ ਪੜ੍ਹਿਆ ਪਰ ਉਸ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਦੇਖ ਸਕਿਆ। ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਕੀ ਕਿਸੇ ਲੇਖਕ ਦੀ ਪਛਾਣ ਉਸ ਦੇ ਵਿਵਾਦਾਂ ਨਾਲ ਹੁੰਦੀ ਹੈ ? ਜਾਂ ਉਸ ਦੀਆਂ ਕਿਤਾਬਾਂ ਨਾਲ ? ਸਮਾਂ ਇਸ ਸਵਾਲ ਦਾ ਜਵਾਬ ਬੜੀ ਖ਼ਾਮੋਸ਼ੀ ਨਾਲ ਦਿੰਦਾ ਹੈ। ਵਿਵਾਦ ਆਪਣੀ ਉਮਰ ਪੂਰੀ ਕਰਕੇ ਇਤਿਹਾਸ ਦੇ ਸਫ਼ਿਆਂ ਵਿੱਚ ਦੱਬ ਜਾਂਦੇ ਹਨ ਪਰ ਜਿਹੜੀਆਂ ਕਿਤਾਬਾਂ ਮਨੁੱਖੀ ਚੇਤਨਾ ਨੂੰ ਛੂਹ ਜਾਂਦੀਆਂ ਹਨ, ਉਹ ਪੀੜ੍ਹੀਆਂ ਤੱਕ ਜਿਊਂਦੀਆਂ ਰਹਿੰਦੀਆਂ ਹਨ। ਤਸਲੀਮਾ ਨਸਰੀਨ ਬਾਰੇ ਆਖ਼ਰੀ ਫ਼ੈਸਲਾ ਨਾ ਉਸ ਦੇ ਹਮਾਇਤੀ ਕਰਨਗੇ ਤੇ ਨਾ ਹੀ ਉਸ ਦੇ ਵਿਰੋਧੀ। ਇਹ ਫ਼ੈਸਲਾ ਆਉਣ ਵਾਲਾ ਸਮਾਂ ਕਰੇਗਾ ਤੇ ਸਮਾਂ ਅਕਸਰ ਸਭ ਤੋਂ ਨਿਰਪੱਖ ਆਲੋਚਕ ਹੁੰਦਾ ਹੈ। ਮੇਰੇ ਲਈ ਤਸਲੀਮਾ ਨਸਰੀਨ ਦੀ ਕਹਾਣੀ ਦਾ ਸਭ ਤੋਂ ਵੱਡਾ ਸ਼ਬਦ ‘ਵਿਵਾਦ’ ਨਹੀਂ, ‘ਵਾਪਸੀ’ ਹੈ ਕਿਉਂਕਿ ਹਰ ਵਾਪਸੀ ਸਿਰਫ਼ ਸਫ਼ਰ ਦਾ ਅੰਤ ਨਹੀਂ ਹੁੰਦੀ ਸਗੋਂ ਉਹ ਇੱਕ ਨਵੀਂ ਸ਼ੁਰੂਆਤ ਵੀ ਹੁੰਦੀ ਹੈ। ਕੌਣ ਜਾਣਦਾ ਹੈ ਕਿ ਜਲਾਵਤਨੀ ਦੇ ਇੰਨੇ ਲੰਮੇ ਸਾਲਾਂ ਬਾਅਦ ਕੋਲਕਾਤਾ ਦੀਆਂ ਗਲੀਆਂ ਵਿੱਚ ਤੁਰਦਿਆਂ ਉਸ ਨੂੰ ਕੀ ਮਹਿਸੂਸ ਹੋਇਆ ਹੋਵੇਗਾ ?
ਸ਼ਾਇਦ ਕੁਝ ਗਲੀਆਂ ਓਹੀ ਹੋਣ, ਕੁਝ ਚਿਹਰੇ ਬਦਲ ਗਏ ਹੋਣ, ਕੁਝ ਕਿਤਾਬਾਂ ਦੀਆਂ ਦੁਕਾਨਾਂ ਅਜੇ ਵੀ ਉਸ ਨੂੰ ਪਛਾਣਦੀਆਂ ਹੋਣ ਤੇ ਕੁਝ ਪਾਠਕ ਅਜੇ ਵੀ ਉਸ ਦੇ ਦਸਤਖ਼ਤ ਦੀ ਉਡੀਕ ਕਰ ਰਹੇ ਹੋਣ ਪਰ ਇੱਕ ਗੱਲ ਪੱਕੀ ਹੈ ਕਿ ਜਿਸ ਔਰਤ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਰਹੱਦਾਂ ਦੇ ਆਰ-ਪਾਰ ਗੁਜ਼ਾਰਿਆ, ਉਹ ਅੱਜ ਵੀ ਆਪਣੀ ਮਾਂ ਬੋਲੀ ਵਿੱਚ ਲਿਖ ਰਹੀ ਹੈ। ਇਹੀ ਉਸ ਦੀ ਸਭ ਤੋਂ ਵੱਡੀ ਜਿੱਤ ਹੈ। ਸ਼ਾਇਦ ਇਸੇ ਲਈ ਤਸਲੀਮਾ ਨਸਰੀਨ ਨੂੰ ਪੜ੍ਹਨਾ ਸਿਰਫ਼ ਇੱਕ ਲੇਖਕਾ ਨੂੰ ਪੜ੍ਹਨਾ ਨਹੀਂ, ਸਗੋਂ ਉਸ ਦੌਰ ਨੂੰ ਸਮਝਣਾ ਹੈ ਜਿੱਥੇ ਸ਼ਬਦ ਕਈ ਵਾਰ ਹਥਿਆਰਾਂ ਨਾਲੋਂ ਵੀ ਵੱਧ ਡਰ ਪੈਦਾ ਕਰਦੇ ਹਨ ਤੇ ਅਖ਼ੀਰ ਵਿੱਚ, ਤਸਲੀਮਾ ਨਸਰੀਨ ਦੀ ਜ਼ਿੰਦਗੀ ਸਾਨੂੰ ਇੱਕੋ ਗੱਲ ਸਿਖਾਉਂਦੀ ਹੈ ਕਿ ਕਲਮ ਨੂੰ ਜਲਾਵਤਨ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਦੀ ਆਵਾਜ਼ ਨੂੰ ਨਹੀਂ।
ਸੰਪਰਕ: 94171-73700

