DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਟਵਾਰੇ ਦੀ ਦਾਸਤਾਨ: ਅਸੀਂ ਸਾਂਭਿਆ ਦਰਦ ਵਿਛੋੜੇ ਦਾ... !

ਮੇਰਾ ਜਨਮ 1950 ਵਿੱਚ ਇਤਿਹਾਸਕ ਪਿੰਡ ਅਟਾਰੀ ਸ਼ਾਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਨੰਬਰਦਾਰ ਸਰਦਾਰ ਜਿੰਦਰ ਸਿੰਘ ਅਤੇ ਸਰਦਾਰਨੀ ਹਰਨਾਮ ਕੌਰ ਦੇ ਘਰ ਹੋਇਆ। ਇਹ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਜਰਨੈਲੀ ਸੜਕ ’ਤੇ...

  • fb
  • twitter
  • whatsapp
  • whatsapp
Advertisement

ਮੇਰਾ ਜਨਮ 1950 ਵਿੱਚ ਇਤਿਹਾਸਕ ਪਿੰਡ ਅਟਾਰੀ ਸ਼ਾਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਨੰਬਰਦਾਰ ਸਰਦਾਰ ਜਿੰਦਰ ਸਿੰਘ ਅਤੇ ਸਰਦਾਰਨੀ ਹਰਨਾਮ ਕੌਰ ਦੇ ਘਰ ਹੋਇਆ। ਇਹ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਜਰਨੈਲੀ ਸੜਕ ’ਤੇ ਸਥਿਤ ਹੈ। ਮੈਂ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਪ੍ਰਾਪਤ ਕੀਤੀ। ਸਕੂਲ ਪੜ੍ਹਦੇ ਮੇਰੇ ਦੋਸਤਾਂ ਦੇ ਭੈਣਾਂ-ਭਰਾਵਾਂ ਦੇ ਨਾਂ ਅਕਸਰ ਰਲਦੇ-ਮਿਲਦੇ ਹੁੰਦੇ ਸਨ, ਜਿਵੇਂ ਰਣਜੀਤ, ਹਰਜੀਤ ਤੇ ਗੁਰਜੀਤ, ਪਰ ਸਾਡੇ ਪੰਜ ਭਰਾਵਾਂ ਤੇ ਦੋ ਭੈਣਾਂ ਦੇ ਨਾਵਾਂ ਦਾ ਆਪਸੀ ਕੋਈ ਤਾਲ-ਮੇਲ ਨਹੀਂ ਸੀ। ਮੈਂ ਤੇ ਮੇਰਾ ਛੋਟਾ ਭਰਾ ਖਜਾਨ ਇਹ ਫ਼ਰਕ ਮਹਿਸੂਸ ਕਰਦੇ ਸੀ। ਅਸੀਂ ਆਪਣੀ ਮਾਤਾ ਜੀ ਨੂੰ ਪੁੱਛਦੇ ਰਹਿੰਦੇ ਸੀ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਂ ਕਿਵੇਂ ਚੁਣੇ? ਹਰ ਵਾਰ ਮਾਤਾ ਜੀ ਚੁੱਪ ਰਹਿੰਦੇ, ਪਰ ਇੱਕ ਹਾਉਕਾ ਜ਼ਰੂਰ ਲੈਂਦੇ ਸਨ। ਨਵੰਬਰ 1964 ਵਿੱਚ ਮੇਰੀ ਉਮਰ 14 ਸਾਲ ਸੀ ਤੇ ਮੈਂ ਦਸਵੀਂ ਵਿੱਚ ਪੜ੍ਹਦਾ ਸੀ। ਸਾਡੇ ਪਿੰਡ ਅਤੇ ਖੇਤਾਂ ਵਿੱਚ ਫ਼ੌਜ ਦੀ ਆਵਾਜਾਈ ਹੋਣ ਲੱਗੀ ਅਤੇ ਉਨ੍ਹਾਂ ਨੇ ਥਾਂ-ਥਾਂ ’ਤੇ ਮੋਰਚੇ ਬਣਾ ਲਏ। ਜਨਵਰੀ 1965 ਤੱਕ ਫ਼ੌਜ ਨੇ ਅਟਾਰੀ ਦੇ ਲੜਕਿਆਂ ਤੇ ਲੜਕੀਆਂ ਦੇ ਦੋਵੇਂ ਸਕੂਲਾਂ ਵਿੱਚ ਵੀ ਡੇਰਾ ਲਾ ਲਿਆ ਤੇ ਸਾਡੀ ਪੜ੍ਹਾਈ ਤਕਰੀਬਨ ਬੰਦ ਹੋ ਗਈ। ਨਤੀਜੇ ਵਜੋਂ ਮਾਰਚ 1965 ਵਿੱਚ ਸਾਡੇ ਇਮਤਿਹਾਨ ਵੀ ਤਸੱਲੀਬਖ਼ਸ਼ ਨਾ ਹੋਏ। ਉਨ੍ਹਾਂ ਦਿਨਾ ਵਿੱਚ ਸਾਡੇ ਮਾਤਾ ਜੀ ਬਹੁਤ ਫ਼ਿਕਰਮੰਦ ਜਾਪਦੇ ਸਨ। ਦਰਅਸਲ, ਉਹ 1947 ਵਿੱਚ ਦੇਸ਼ ਵੰਡ ਵੇਲੇ ਹੋਏ ਉਜਾੜਿਆਂ ਦੇ ਭਿਆਨਕ ਵਰਤਾਰੇ ਨੂੰ ਯਾਦ ਕਰਕੇ ਪ੍ਰੇਸ਼ਾਨ ਰਹਿੰਦੇ ਸਨ। ਮਾਰਚ 1965 ’ਚ ਇਮਤਿਹਾਨਾਂ ਤੋਂ ਕੁਝ ਹਫ਼ਤੇ ਬਾਅਦ ਅਸੀਂ ਬੱਚਿਆਂ ਨੇ ਫਿਰ ਆਪਣੇ ਨਾਵਾਂ ਬਾਰੇ ਪੁੱਛਿਆ ਤਾਂ ਮਾਤਾ ਜੀ ਦਾ ਮਨ ਬਹੁਤ ਭਰ ਆਇਆ। ਉਨ੍ਹਾਂ ਵਿਹੜੇ ਵਿੱਚ ਪਈ ਮੰਜੀ ’ਤੇ ਬਿਠਾ ਕੇ 1947 ਦੀ ਦਾਸਤਾਨ ਸੁਣਾਉਣੀ ਸ਼ਰੂ ਕੀਤੀ: ‘‘ਪੁੱਤਰ, ਅੰਗਰੇਜ਼ਾਂ ਵੱਲੋਂ ਵਸਾਏ ਬਾਰ ਦੇ ਇਲਾਕੇ ਵਿੱਚ ਸਾਡਾ ਪਿੰਡ ‘75 ਚੱਕ ਜੇ ਬੀ ਸੋਹਲ’ ਸੀ, ਜੋ ਲਾਇਲਪੁਰ (ਹੁਣ ਫੈਸਲਾਬਾਦ) ਸ਼ਹਿਰ ਤੋਂ ਤਕਰੀਬਨ 20-22 ਕੋਹ (ਕੋਹ ਦੀ ਲੰਬਾਈ ਤਕਰੀਬਨ 1.25 ਮੀਲ ਜਾਂ 1.83 ਕਿਲੋਮੀਟਰ ਹੈ) ਦੂਰ, ਝੰਗ ਜਾਂਦੀ ਸੜਕ ’ਤੇ ਸਥਿਤ ਸੀ। ਪਿੰਡ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਬੜੇ ਪਿਆਰ ਨਾਲ ਮਿਲ-ਜੁਲ ਕੇ ਰਹਿੰਦੇ ਸਨ। ਭਾਵੇਂ ਕੱਚੇ ਘਰ ਤੇ ਕੱਚੀਆਂ ਗਲੀਆਂ ਸਨ, ਪਰ ਲੋਕ ਬੜਾ ਸਿਹਤਮੰਦ ਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸੀ। ਪਿੰਡ ਦੇ ਹਰ ਟੱਬਰ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਤੇ ਲੋੜਵੰਦ ਦੀ ਮਦਦ ਕਰਨੀ ਦਸਤੂਰ ਵੀ ਸਮਝਿਆ ਜਾਂਦਾ ਸੀ ਤੇ ਧਰਮ ਵੀ। ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ। ਚੰਗੀ ਉਪਜਾਊ ਜ਼ਮੀਨ ਤੇ ਖੇਤੀ ਲਈ ਨਹਿਰੀ ਪਾਣੀ, ਬਲਦਾਂ ਦੀਆਂ ਚਾਰ ਜੋੜੀਆਂ ਤੇ ਦੁੱਧ ਲਈ ਲਵੇਰੀਆਂ ਮੱਝਾਂ ਸਨ। ਖੁੱਲ੍ਹਾ ਗਾਡੀ-ਦਰਵਾਜ਼ੇ ਵਾਲਾ ਘਰ ਸੀ। ਤੁਹਾਡੇ ਬਾਪੂ ਜੀ ਪਿੰਡ ਦੇ ਨੰਬਰਦਾਰ ਸਨ।’’

ਇਹ ਸਾਰਾ ਕੁਝ ਮਾਤਾ ਜੀ ਇਸ ਤਰ੍ਹਾਂ ਕਹਿ ਗਏ ਜਿਵੇਂ ਕੱਲ੍ਹ ਦਾ ਹੀ ਦ੍ਰਿਸ਼ ਹੋਵੇ, ਪਰ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਡਲ੍ਹਕਣ ਲੱਗੇ, ਜਿਵੇਂ ਉਨ੍ਹਾਂ ਨੂੰ ਖੁੱਸੇ ਹੋਏ ਦਾ ਬਹੁਤ ਦੁੱਖ ਹੋਵੇ। ਉਸ ਵੇਲੇ ਦੋ ਗੁਆਂਢਣਾਂ ਆ ਕੇ ਨਾਲ ਵਾਲੇ ਮੰਜੇ ’ਤੇ ਬੈਠ ਗਈਆਂ। ਅਸੀਂ ਦੋਵਾਂ ਭਰਾਵਾਂ ਨੇ ਘੜੇ ਵਿੱਚੋਂ ਠੰਢਾ ਪਾਣੀ ਲਿਆ ਕੇ ਮਾਤਾ ਜੀ ਤੇ ਗੁਆਂਢਣਾਂ ਨੂੰ ਪਿਆਇਆ। ਮਾਤਾ ਜੀ ਨੇ ਗੱਲ ਅਗੇ ਤੋਰੀ, ‘‘ਉਦੋਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਹੁੰਦੀ। ਸਾਡੇ ਪਿੰਡ ਵਿੱਚ ਕਿਸੇ ਦੇ ਘਰ ਰੇਡੀਓ ਨਹੀਂ ਸੀ, ਪਰ ਸ਼ਹਿਰਾਂ ਵਿੱਚ ਕਿਸੇ ਵਿਰਲੇ ਘਰ ਰੇਡੀਓ ਹੁੰਦਾ ਸੀ। ਜਦੋਂ ਕੋਈ ਲਾਇਲਪੁਰ ਜਾਂਦਾ ਤਾਂ ਖ਼ਬਰਾਂ ਸੁਣ ਕੇ ਆਉਂਦਾ। 1945-46 ਵਿੱਚ ਉੱਡਦੀਆਂ-ਉੱਡਦੀਆਂ ਖ਼ਬਰਾਂ ਆਉਣ ਲੱਗੀਆਂ ਕਿ ਮੁਸਲਮਾਨਾਂ ਦਾ ਇੱਕ ਨੇਤਾ ‘ਜਿਨਾਹ’ ਵੱਖਰੇ ਦੇਸ਼ ਦੀ ਮੰਗ ਕਰਦਾ ਰਹਿੰਦਾ ਹੈ। ਕਹਿੰਦਾ ਹੈ ਕਿ ਮੁਸਲਮਾਨ ਆਪਣਾ ਪਾਕਿਸਤਾਨ ਬਣਾ ਕੇ ਹੀ ਰਹਿਣਗੇ। ਫਿਰ ਹਿੰਦੂ-ਸਿੱਖਾਂ ਤੇ ਮੁਸਲਮਾਨਾਂ ਦੇ ਝਗੜਿਆਂ ਤੇ ਦੰਗੇ-ਫ਼ਸਾਦਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ। ਕੋਈ ਕਹਿੰਦਾ ਲਾਹੌਰ ਤੇ ਨਨਕਾਣਾ ਸਾਹਿਬ ਤੱਕ ਪੰਜਾਬ, ਹਿੰਦੋਸਤਾਨ ਵਿੱਚ ਰਹੇਗਾ ਤੇ ਕੋਈ ਕਹੇ ਕਿ ਅੰਬਰਸਰ ਕੋਲ ਦੋਵਾਂ ਦੇਸ਼ਾਂ ਦੀ ਹੱਦ ਹੋਵੇਗੀ। ਸਿੱਖ, ਹਿੰਦੂ ਜਾਂ ਮੁਸਲਮਾਨ, ਕੋਈ ਵੀ ਆਪਣੇ ਘਰ ਛੱਡਣਾ ਨਹੀਂ ਸੀ ਚਾਹੁੰਦੇ, ਪਰ ਖ਼ਬਰਾਂ ਤੇਜ਼ੀ ਨਾਲ ਆ ਰਹੀਆਂ ਸਨ ਕਿ ਸਿੱਖਾਂ ਤੇ ਹਿੰਦੂਆਂ ਨੂੰ ਹਿੰਦੋਸਤਾਨ ਜਾਣਾ ਪਵੇਗਾ। ਲੋਕਾਂ ਦੇ ਮਨਾਂ ਵਿੱਚ ਇੱਕ ਗੱਲ ਹੋਰ ਵੀ ਪੱਕੀ ਹੋ ਰਹੀ ਸੀ ਕਿ ਉਹ ਮੁਸਲਮਾਨਾਂ ਨਾਲ ਬੇਭਰੋਸਗੀ ਦਿਨ-ਬ-ਦਿਨ ਵਧਦੀ ਦੇਖ ਰਹੇ ਸਨ। ਹਾਲਾਂਕਿ, ਮੁਸਲਮਾਨਾਂ ਦੇ ਬਹੁਤ ਪਰਿਵਾਰ ਐਸੇ ਵੀ ਸੀ ਜੋ ਕਹਿੰਦੇ ਸਨ ਕਿ ਅਸੀਂ ਤੁਹਾਨੂੰ ਪਿੰਡ ਛੱਡ ਕੇ ਨਹੀਂ ਜਾਣ ਦੇਣਾ, ਤੁਹਾਡੀ ਹਿਫ਼ਾਜ਼ਤ ਅਸੀਂ ਖ਼ੁਦ ਕਰਾਂਗੇ। ਆਖ਼ਰ, ਐਸਾ ਮਾੜਾ ਦਿਨ ਅਇਆ ਕਿ ਹਿੰਦੋਸਤਾਨ ਤੇ ਪਾਕਿਸਤਾਨ ਦੀਆਂ ਹੱਦਾਂ ਦਾ ਐਲਾਨ ਹੋ ਗਿਆ, ਪਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਕਰਕੇ ਵੰਡ ਦੀ ਤਰੀਕ ਦੀ ਖ਼ਬਰ ਪਿੰਡਾਂ ਵਿੱਚ ਬਹੁਤ ਦੇਰ ਨਾਲ ਪਹੁੰਚੀ ਕਿ ਭਾਦਰੋਂ ਦੀ ਸੰਗਰਾਂਦ ਲਾਗੇ 15 ਅਗਸਤ 1947 ਨੂੰ ਦੋਵਾਂ ਦੇਸ਼ਾਂ ਦੀ ਵੰਡ ਪੱਕੀ ਹੋ ਗਈ ਹੈ। ਪੰਜਾਬ ਸੂਬੇ ਨੂੰ ਦੋਫਾੜ ਕਰ ਦਿੱਤਾ ਗਿਆ। ਗੁਰਦਾਸਪੁਰ, ਅੰਬਰਸਰ (ਸ੍ਰੀ ਅੰਮ੍ਰਿਤਸਰ ਸਾਹਿਬ) ਤੇ ਫਿਰੋਜ਼ਪੁਰ ਸਮੇਤ ਚੜ੍ਹਦੇ ਪਾਸੇ ਦਾ ਪੰਜਾਬ ਹਿੰਦੋਸਤਾਨ ਵਿੱਚ ਰਿਹਾ ਅਤੇ ਲਾਹੌਰ ਸਮੇਤ ਲਹਿੰਦੇ ਪਾਸੇ ਦਾ ਪੰਜਾਬ ਨਵੇਂ ਐਲਾਨੇ ਦੇਸ਼ ਪਾਕਿਸਤਾਨ ਵਿੱਚ ਆ ਗਿਆ। ਹੁਣ ਸਾਰਾ ਪਤਾ ਲੱਗ ਗਿਆ ਸੀ ਕਿ ਸਿੱਖਾਂ ਤੇ ਹਿੰਦੂਆਂ ਨੂੰ ਪਾਕਿਸਤਾਨ ਦੀ ਹੱਦ ਪਾਰ ਕਰਕੇ ਚੜ੍ਹਦੇ ਪੰਜਾਬ ਵਿੱਚ ਜਾਣਾ ਹੀ ਪਵੇਗਾ।

Advertisement

Advertisement

ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਖੇਤੀ ਤੋਂ ਇਲਾਵਾ ਹੋਰ ਕੰਮਕਾਰ ਜਾਂ ਨੌਕਰੀ ਕਰਦੇ ਸਨ, ਉਹ ਸਹਿਜੇ-ਸਹਿਜੇ ਰਿਸ਼ਤੇਦਾਰਾਂ ਨਾਲ ਤਾਲ-ਮੇਲ ਕਰਕੇ ਪਿੰਡ ਵਿੱਚ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਜਾਣ ਲੱਗੇ। ਉਹ ਲਾਇਲਪੁਰ ਜਾਂ ਲਾਹੌਰ ਤੋਂ ਰੇਲਗੱਡੀਆਂ ਰਾਹੀਂ ਪਾਕਿਸਤਾਨ ਦੀ ਐਲਾਨੀ ਸਰਹੱਦ ਪਾਰ ਕਰ ਗਏ। ਖੇਤੀ ਵਾਲੇ ਪਰਿਵਾਰਾਂ ਨੂੰ ਚਿੰਤਾ ਸੀ ਕਿ ਆਪਣੇ ਪਸ਼ੂ ਤੇ ਘਰਾਂ ’ਚ ਸੰਭਾਲੀਆਂ ਹੋਈਆਂ ਜਿਣਸਾਂ (ਕਣਕ, ਮੱਕੀ, ਛੋਲੇ, ਗੁੜ, ਕਪਾਹ ਆਦਿ) ਦਾ ਕੀ ਕਰਨਗੇ ਕਿਉਂਕਿ ਪੈਦਲ ਤੁਰ ਕੇ ਤੇ ਗੱਡਿਆਂ ਰਾਹੀਂ 160-170 ਕੋਹ (ਤਕਰੀਬਨ 300 ਕਿਲੋਮੀਟਰ) ਲੰਮਾ ਕੱਚਾ-ਪੱਕਾ ਪੈਂਡਾ ਤੈਅ ਕਰਨਾ ਸੀ। ਰਾਹ ਵਿੱਚ ਫ਼ਿਰਕੂ ਫਸਾਦਾਂ ਤੇ ਕਤਲੋ-ਗਾਰਤ ਦੀਆਂ ਖ਼ਬਰਾਂ ਲਗਾਤਾਰ ਸੁਣੀਂਦੀਆਂ ਸਨ। ਇਨ੍ਹਾਂ ਗੱਲਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਸੀ।

ਸਾਡੇ ਪਿੰਡ ਦੇ ਹਿੰਦੂ ਤੇ ਸਿੱਖ ਪਰਿਵਾਰਾਂ ਦੇ ਮੋਹਤਬਰਾਂ ਨੇ ਸਲਾਹ-ਮਸ਼ਵਰਾ ਕਰਕੇ ਗੱਡੇ ਤਿਆਰ ਕਰਨੇ ਸ਼ੁਰੂ ਕੀਤੇ, ਜਿਨ੍ਹਾਂ ਉੱਪਰ ਖਾਣ ਪੀਣ ਦੀ ਸੁੱਕੀ ਰਸਦ, ਲੀੜਾ-ਲੱਤਾ, ਰਾਹ ਵਿੱਚ ਅੰਨ-ਪਾਣੀ ਬਣਾਉਣ ਲਈ ਕੁਝ ਭਾਂਡੇ, ਬਾਲਣ ਲਈ ਲੱਕੜਾਂ ਆਦਿ ਬੰਨ੍ਹ ਕੇ ਰੱਖ ਲਏ। ਘਰ ਦਾ ਕੀਮਤੀ ਸਾਮਾਨ (ਗਹਿਣਾ-ਗੱਟਾ, ਨਕਦੀ ਆਦਿ) ਵੱਖਰਾ ਬੰਨ੍ਹ ਕੇ ਨਾਲ ਲਿਜਾਣ ਲਈ ਰੱਖ ਲਿਆ। ਪਸ਼ੂਆਂ ਵਿੱਚੋਂ ਹਰ ਪਰਿਵਾਰ ਨੇ ਇੱਕ ਜਾਂ ਦੋ ਲਵੇਰੀਆਂ ਮੱਝਾਂ, ਘੋੜੀ ਅਤੇ ਬਲਦਾਂ ਦੀਆਂ ਦੋ ਜੋੜੀਆਂ ਨਾਲ ਲੈ ਲਈਆਂ। ਬਾਕੀ ਪਸ਼ੂ ਪਿੱਛੇ ਰਹਿ ਗਏ ਮੁਸਲਿਮ ਪਰਿਵਾਰਾਂ ਨੂੰ ਦੇ ਦਿੱਤੇ ਜਾਂ ਕਿੱਲਿਆਂ ਤੋਂ ਖੋਲ੍ਹ ਦਿੱਤੇ। ਗ਼ਰੀਬ ਤਬਕਾ ਜਾਂ ਹੋਰ ਪਰਿਵਾਰ, ਜਿਨ੍ਹਾਂ ਕੋਲ ਆਪਣੇ ਗੱਡੇ ਨਹੀਂ ਸਨ, ਉਨ੍ਹਾਂ ਦਾ ਥੋੜ੍ਹਾ-ਥੋੜ੍ਹਾ ਸਾਮਾਨ ਦੂਜਿਆਂ ਨੇ ਆਪਣੇ ਗੱਡਿਆਂ ’ਤੇ ਰਖਵਾ ਲਿਆ। ਉਸ ਵੇਲੇ ਸਾਡੇ ਚਾਰ ਬੱਚੇ ਸਨ। ਸਭ ਤੋਂ ਵੱਡੀ ਸਵਰਨੋ ਦਾ ਵਿਆਹ ਦੋ ਸਾਲ ਪਹਿਲਾਂ ਕਰ ਦਿੱਤਾ ਸੀ ਅਤੇ ਉਹ ਤਰਨ ਤਾਰਨ ਨੇੜੇ ਆਪਣੇ ਸਹੁਰੇ ਪਿੰਡ ਪਲਾਸੌਰ ਚਲੀ ਗਈ ਸੀ। ਵੱਡਾ ਮੁੰਡਾ ਦਿਆਲ ਕੋਈ ਨੌਂ-ਦਸ ਸਾਲ ਦਾ ਸੀ, ਮੁਖਤਾਰ ਤਿੰਨ-ਚਾਰ ਸਾਲ ਦਾ ਅਤੇ ਬਲਦੇਵ ਮਸਾਂ ਚਾਰ-ਪੰਜ ਮਹੀਨਿਆਂ ਦਾ ਸੀ।’’ ਵਿੱਚੋਂ ਹੀ ਮੈਂ ਬੋਲ ਪਿਆ ਕਿ ਮਾਤਾ ਜੀ ਇਹ ਦੱਸਿਆ ਹੀ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਂ ਕਿਵੇਂ ਰੱਖਦੇ ਸੀ। ਉਨ੍ਹਾਂ ਕਿਹਾ ਕਿ ਦਿਆਲ ਦਾ ਨਾਂ ਤੇਰੀ ਦਾਦੀ ਨੇ ਰੱਖਿਆ ਸੀ ਕਿ ਵਾਹਿਗੁਰੂ ਸਾਡੇ ’ਤੇ ਦਿਆਲ ਹੋਇਆ ਹੈ। ਮੁਖਤਾਰ ਦਾ ਨਾਂ ਤੇਰੀ ਭੂਆ ਨੇ ਰੱਖਿਆ ਸੀ। ਫਿਰ ਜਦੋਂ ਦੇਸ਼ ਵੰਡ ਦੇ ਰੌਲੇ ਸ਼ੁਰੂ ਹੋਏ ਤਾਂ ਚੌਥੇ ਬੱਚੇ ਨੇ ਜਨਮ ਲਿਆ। ਅਸੀਂ ਗੁਰਦੁਆਰੇ ਦੇ ਭਾਈ ਜੀ ਤੋਂ ਅਰਦਾਸ ਕਰਵਾਈ ਸੀ ਕਿ ਵਾਹਿਗੁਰੂ ਸਾਨੂੰ ਬਲ ਬਖ਼ਸ਼ੇ, ਅਸੀਂ ਪਾਕਿਸਤਾਨ ਦੀ ਐਲਾਨੀ ਹੱਦ ਪਾਰ ਕਰਕੇ ਚੜ੍ਹਦੇ ਪੰਜਾਬ ਪਹੁੰਚ ਜਾਈਏ। ਇਸ ਲਈ ਨਵੇਂ ਬੱਚੇ ਦਾ ਨਾਂ ਬਲਦੇਵ ਰੱਖਿਆ ਸੀ। ਵਿੱਚੋਂ ਹੀ ਗੁਆਂਢਣ ਨੇ ਪੁੱਛਿਆ, ‘‘ਬੀਬੀ ਜੀ, ਫਿਰ ਤੁਸੀਂ ਅਟਾਰੀ ਕਿਵੇਂ ਪਹੁੰਚੇ?’’ ਮਾਤਾ ਜੀ ਨੇ ਲੰਮਾ ਹਾਉਕਾ ਲੈਂਦਿਆਂ ਕਿਹਾ, ‘‘ਭੈਣੇ, ਉਹ ਕਹਿਰ ਤੇ ਦੁੱਖਾਂ ਭਰਿਆ ਦਰਦਨਾਕ ਸਮਾਂ ਕਿਤੇ ਭੁੱਲਣਵਾਲਾ ਹੈ!’’ ਉਹ ਭਿਆਨਕ ਦਿਨ ਸੀ ਜਦੋਂ ਅਸੀਂ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਸਦਾ ਲਈ ਛੱਡ ਕੇ ਧੁੰਦਲੇ ਤੇ ਅਣਜਾਣੇ ਭਵਿੱਖ ਦੇ ਰਾਹ ਤੁਰੇ ਸੀ।

ਬਸ ਅਸੀਂ ਆਪਣੇ ਭਰੇ-ਭਰਾਏ ਘਰ ਛੱਡ ਕੇ ਚੱਲ ਪਏ। ਜ਼ਨਾਨੀਆਂ, ਬੱਚੇ, ਬਜ਼ੁਰਗ ਅਤੇ ਬਿਮਾਰ ਜੀਆਂ ਨੂੰ ਗੱਡਿਆਂ ’ਤੇ ਬਿਠਾ ਕੇ ਪਿੰਡ ਦੇ ਬਾਹਰਲੇ ਪਾਸੇ ਇੱਕ ਜਗ੍ਹਾ ਇਕੱਠੇ ਹੋ ਗਏ। ਉੱਥੋਂ ਸਾਰੇ ਹਿੰਦੂ-ਸਿੱਖ ਪਰਿਵਾਰ ਇਕੱਠੇ ਚੱਲ ਕੇ ਕੋਈ ਪੰਜ-ਛੇ ਕੋਹ ਦੂਰ ਹੋੋਰ ਪਿੰਡਾਂ ਦੇ ਲੋਕਾਂ ਦੇ ਕਾਫ਼ਲੇ ਨਾਲ ਜਾ ਰਲੇ। ਉੱਥੇ ਦੋ ਦਿਨ ਰੁਕੇ। ਲੰਮੇ ਸਫਰ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ, ਲੁੱਟਾਂ-ਖੋਹਾਂ ਅਤੇ ਮਾਰ-ਧਾੜ ਕਰਨ ਵਾਲਿਆਂ ਤੇ ਫ਼ਿਰਕੂ ਫਸਾਦੀਆਂ ਤੋਂ ਆਪਣਾ ਬਚਾਅ ਕਰਨ ਲਈ ਸਲਾਹ-ਮਸ਼ਵਰੇ ਕੀਤੇ ਗਏ। ਗੱਡਿਆਂ ਦੇ ਕਾਫ਼ਲੇ ਦੇ ਦੋਵਾਂ ਪਾਸਿਆਂ ’ਤੇ ਆਦਮੀ ਲਾਏ ਗਏ, ਜਿਨ੍ਹਾਂ ਕੋਲ ਤਲਵਾਰਾਂ, ਬਰਛੇ, ਨੇਜ਼ੇ ਤੇ ਡਾਗਾਂ ਆਦਿ ਸਨ। ਜਿਨ੍ਹਾਂ ਕੋਲ ਘੋੜੀਆਂ ਤੇ ਰਫਲਾਂ ਸਨ, ਉਨ੍ਹਾਂ ਨੂੰ ਕਾਫ਼ਲੇ ਦੇ ਚੱਲਦੇ ਸਮੇਂ ਵਿੱਚ ਸਾਂਝੇ ਸੁਨੇਹੇ ਪਹੁੰਚਦੇ ਕਰਨ ਤੇ ਅੱਗੇ-ਪਿੱਛੇ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਫਿਰ ਉੱਥੋਂ ਸਫ਼ਰ ਸ਼ੁਰੂ ਕਰਨ ਵਾਲੇ ਦਿਨ ਪਹੁ ਫੁਟਣ ਤੋਂ ਪਹਿਲਾਂ ਰੋਟੀ-ਪਾਣੀ ਕਰਕੇ ਖਾ ਲਿਆ ਤੇ ਦੁਪਹਿਰ ਲਈ ਨਾਲ ਬੰਨ੍ਹ ਲਿਆ। ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਾ ਕੇ ਕਾਫ਼ਲਾ ਚੱਲ ਪਿਆ। ਰਸਤੇ ਵਿੱਚ ਖੂਹਾਂ ਕੋਲ ਇੱਕ ਦੋ ਵਾਰੀ ਰੁਕਦਿਆਂ ਹੋਇਆਂ ਕਾਫ਼ਲੇ ਨੇ ਸ਼ਾਮ ਨੂੰ ਕਿਸੇ ਖੁੱਲ੍ਹੀ ਜਗ੍ਹਾ ਖੂਹ ਕੋਲ ਡੇਰਾ ਲਾ ਲਿਆ। ਔਰਤਾਂ ਨੇ ਰੋਟੀ ਪਾਣੀ ਬਣਾ ਲਿਆ ਅਤੇ ਬੰਦਿਆਂ ਨੇ ਆਸ-ਪਾਸ ਦੇ ਖੇਤਾਂ ਵਾਲਿਆਂ ਤੋਂ ਪੱਠੇ, ਤੂੜੀ, ਘਾਹ ਆਦਿ ਲੈ ਕੇ ਪਸ਼ੂਆਂ ਨੂੰ ਪਾ ਦਿੱਤੇ। ਮੱਝਾਂ ਦਾ ਦੁੱਧ ਚੋਅ ਕੇ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਜੀਆਂ ਨੂੰ ਵੰਡ ਦਿੱਤਾ। ਇਉਂ ਰੋਜ਼ਾਨਾ ਚੱਲਦਿਆਂ ਰਸਤੇ ਵਿੱਚ ਹੋਰ ਪਿੰਡਾਂ ਦੇ ਲੋਕ ਰਲਦੇ ਗਏ ਅਤੇ ਸਾਡਾ ਕਾਫ਼ਲਾ ਮੀਲਾਂ ਲੰਮਾ ਹੋ ਗਿਆ। ਇੱਕ ਦਿਨ ਵਿੱਚ ਮਸਾਂ ਸੱਤ-ਅੱਠ ਕੋਹ ਦਾ ਪੈਂਡਾ ਤੈਅ ਕੀਤਾ ਜਾਂਦਾ ਸੀ। ਕਈ ਕਾਰਨਾਂ ਕਰਕੇ ਕਈ ਵਾਰ ਕਾਫ਼ਲਾ ਇੱਕੋ ਥਾਂ ’ਤੇ ਹੀ ਇੱਕ-ਦੋ ਦਿਨ ਟਿਕਿਆ ਰਹਿੰਦਾ ਸੀ। ਰਸਤੇ ਵਿੱਚ ਖ਼ਬਰਾਂ ਆਉਂਦੀਆਂ ਰਹਿੰਦੀਆਂ ਕਿ ਕਿਤੇ ਨਾ ਕਿਤੇ ਕਾਫ਼ਲਿਆਂ ਨੂੰ ਲੁੱਟ ਲਿਆ ਗਿਆ ਜਾਂ ਕਤਲੋਗਾਰਤ ਹੋਈ। ਸਾਡੇ ਕਾਫ਼ਲੇ ਨਾਲ ਕੋਈ ਅਜਿਹੀ ਘਟਨਾ ਨਹੀਂ ਵਾਪਰੀ। ਪਰ ਹਾਂ ਕਈ ਬੱਚੇ, ਬਜ਼ੁਰਗ, ਅਤੇ ਕੁਝ ਹੋਰ ਆਦਮੀ ਤੇ ਔਰਤਾਂ ਬਿਮਾਰ ਹੋ ਕੇ ਦਮ ਤੋੜ ਗਏ। ਉਹ ਸਮਾਂ ਇੰਨਾ ਅਭਾਗਾ ਸੀ ਕਿ ਮੋਇਆਂ ਦੀ ਮਿੱਟੀ ਰੁਲ ਗਈ। ਫੌਤ ਹੋਏ ਵਿਅਕਤੀਆਂ ਦੇ ਸਸਕਾਰ ਲਈ ਪ੍ਰਬੰਧ ਨਾ ਹੋਣ ਕਰਕੇ ਦੇਹਾਂ ਨੂੰ ਰਾਹ ’ਤੇ ਇੱਕ ਪਾਸੇ ਰੱਖ ਉੱਪਰ ਕੱਪੜਾ ਪਾ ਕੇ ਕਾਫ਼ਲਾ ਅੱਗੇ ਚੱਲ ਪੈਂਦਾ। ਲੋਕਾਂ ਦੇ ਕੱਪੜੇ ਲੀਰੋ-ਲੀਰ ਹੋ ਗਏ, ਜੁੱਤੀਆਂ ਟੁੱਟ ਗਈਆਂ, ਪੈਰਾਂ ਦੀਆਂ ਬਿਆਈਆਂ ਫੁੱਟ ਗਈਆਂ, ਮਿੱਟੀ ਘੱਟੇ ਕਾਰਨ ਵਾਲਾਂ ਵਿੱਚ ਜੂੰਆਂ ਪੈ ਗਈਆਂ। ਬੱਚੇ ਰੋਂਦੇ ਤੇ ਕੁਰਲਾਉਂਦੇ ਰਹਿੰਦੇ। ਬਸ ਪੁੱਛੋ ਨਾ ਕਿ ਕੀ ਨਹੀਂ ਹੋਇਆ। ਸਾਡਾ ਤਿੰਨ-ਚਾਰ ਸਾਲ ਦਾ ਮੁਖਤਾਰ ਘਰ ਹਰ ਰੋਜ਼ ਚੂਰੀ ਖਾਣ ਗਿਝਿਆ ਹੋਇਆ ਸੀ, ਉਹ ਉੱਚੀ-ਉੱਚੀ ਰੋਂਦਾ ਤੇ ਜ਼ਿੱਦ ਕਰਦਾ ਕਿ ਉਸ ਨੂੰ ਚੂਰੀ ਕੁੱਟ ਕੇ ਦੇਵਾਂ। ਜਦ ਮੈਂ ਕਹਿੰਦੀ ਕਿ ਮੇਰੇ ਕੋਲ ਨਾ ਘਿਓ ਤੇ ਨਾ ਗੁੜ ਹੈ, ਦੱਸ ਮੈਂ ਤੈਨੂੰ ਕਾਹਦੀ ਚੂਰੀ ਕੁੱਟ ਕੇ ਦਿਆਂ? ਤਾਂ ਉਹ ਚੀਕਾਂ ਮਾਰ ਮਾਰ ਕਹਿੰਦਾ, ਮੈਨੂੰ ਮਿੱਟੀ-ਘੱਟੇ ਦੀ ਚੂਰੀ ਕੁੱਟ ਦੇ। ਮੈਂ ਉਸ ਦੀ ਇਹ ਹਾਲਤ ਦੇਖ ਕੇ ਬੜੀ ਪ੍ਰੇਸ਼ਾਨ ਹੁੰਦੀ ਤੇ ਰੋਂਦੀ ਕਿ ਰੱਬਾ ਅਸੀਂ ਆਹ ਦਿਨ ਵੀ ਦੇਖਣੇ ਸੀ...!’’ ਮੈਂ ਉੱਠ ਕੇ ਮਾਤਾ ਜੀ ਨੂੰ ਫਿਰ ਪਾਣੀ ਪਿਆਇਆ। ਉਨ੍ਹਾਂ ਦੀ ਹੱਡ-ਬੀਤੀ ਸੁਣ ਕੇ ਅਸੀਂ ਵੀ ਭਾਵੁਕ ਹੋ ਗਏ, ਪਰ ਪੂਰੀ ਦਾਸਤਾਨ ਸੁਣਨ ਦੀ ਤਾਂਘ ਹੋਰ ਵਧ ਗਈ ਸੀ। ਮਾਤਾ ਜੀ ਨੇ ਦਾਸਤਾਨ ਅੱਗੇ ਤੋਰੀ, ‘‘ਲੰਮੇ ਸਫ਼ਰ ਵਿੱਚ ਜਦ ਕਿਸੇ ਨਾ ਕਿਸੇ ਦਾ ਬਲਦ ਥੱਕ ਟੁੱਟ ਕੇ ਬਿਮਾਰ ਹੋ ਜਾਂਦਾ ਜਾਂ ਮਰ ਜਾਂਦਾ ਜਾਂ ਗੱਡੇ ਦਾ ਪਹੀਆ ਟੁੱਟ ਜਾਂਦਾ ਤਾਂ ਉਸ ਦਾ ਗੱਡਾ ਉੱਥੇ ਹੀ ਛੱਡ ਕੇ ਕੁਝ ਸਾਮਾਨ ਦੂਜੇ ਗੱਡਿਆਂ ਉੱਪਰ ਰੱਖ ਲਿਆ ਜਾਂਦਾ ਤੇ ਬਾਕੀ ਸਾਮਾਨ ਉੱਥੇ ਹੀ ਛੱਡ ਦਿੱਤਾ ਜਾਂਦਾ। ਇਸ ਤਰ੍ਹਾਂ ਕਰਦੇ-ਕਰਦੇ ਹੋਰ ਬਲਦ ਮਰਦੇ ਗਏ ਤੇ ਗੱਡੇ ਟੁੱਟਦੇ ਗਏ, ਜਿਸ ਕਾਰਨ ਬਾਕੀ ਗੱਡਿਆਂ ’ਤੇ ਭਾਰ ਵਧਦਾ ਗਿਆ। ਰੋਜ਼ਾਨਾ ਸਫ਼ਰ ਦੀ ਮਾਰ ਅਤੇ ਭੁੱਖ ਕਾਰਨ ਮੱਝਾਂ ਦਾ ਦੁੱਧ ਘਟਦਾ ਘਟਦਾ ਆਖ਼ਰ ਨੂੰ ਸੁੱਕ ਗਿਆ। ਬਸ ਇਸ ਤਰ੍ਹਾਂ ਅੱਧੇ ਤੋਂ ਜ਼ਿਆਦਾ ਮੱਝਾਂ, ਬਲਦ, ਗੱਡੇ ਤੇ ਸਾਮਾਨ ਰਸਤੇ ਵਿੱਚ ਹੀ ਰਹਿ ਗਏ। ਸਾਡੇ ਵੀ ਦੋ ਬਲਦ ਰਸਤੇ ਵਿੱਚ ਭੁੱਖਣ-ਭਾਣੇ ਮਰ ਗਏ ਤੇ ਦੁੱਧ ਸੁੱਕਣ ਤੋਂ ਬਾਅਦ ਪੱਠਿਆਂ ਦਾ ਇੰਤਜ਼ਾਮ ਨਾ ਹੋਣ ਕਰਕੇ ਦੋਵੇਂ ਮੱਝਾਂ ਰਸਤੇ ਵਿੱਚ ਹੀ ਛੱਡ ਦਿੱਤੀਆਂ ਸਨ। ਬੱਸ ਇੱਕ ਗੱਡਾ, ਦੋ ਬਲਦ ਅਤੇ ਇੱਕ ਘੋੜੀ ਰਹਿ ਗਏ ਸੀ। ਮਾਤਾ ਜੀ ਕਹਿੰਦੇ ਕਿ ਜਦੋਂ ਮਹੀਨੇ ਕੁ ਬਾਅਦ ਅਸੀਂ ਚੜ੍ਹਦੇ ਪੰਜਾਬ ਦੀ ਹੱਦ ਵਿੱਚ ਪਹੁੰਚੇ ਤਾਂ ਸਾਰਿਆਂ ਨੇ ਜੈਕਾਰੇ ਲਾ ਕੇ ਕੁਝ ਸੁੱਖ ਦਾ ਸਾਹ ਲਿਆ। ਉੱਥੇ ਇੱਕ-ਦੋ ਦਿਨ ਟਿੱਕ ਕੇ ਲੋਕਾਂ ਨੇ ਆਪੋ-ਆਪਣੇ ਅਗਲੇ ਟਿਕਾਣੇ ਬਾਰੇ ਸੋਚਿਆ। ਕਈ ਪਰਿਵਾਰ ਆਪਣੇ ਪੁਰਾਣੇ ਪਿੰਡਾਂ, ਜਿੱਥੋਂ ਉਨ੍ਹਾਂ ਦੇ ਪੁਰਖੇ ਬਾਰ ਵਿੱਚ ਗਏ ਹੋਣਗੇ, ਕਈ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਚਲੇ ਗਏ ਅਤੇ ਕਈ ਪਿੰਡ ਦੇ ਹੋਰ ਪਰਿਵਾਰਾਂ ਦਾ ਆਸਰਾ ਲੈਂਦੇ ਹੋਏ ਰਵਾਨਾ ਹੋ ਗਏ। ਮਾਤਾ ਜੀ ਦੱਸ ਹੀ ਰਹੇ ਸਨ ਕਿ ਖਜਾਨ ਬੋਲ ਪਿਆ... ਤੇ ਫਿਰ ਤੁਸੀਂ ਕਿੱਥੇ ਗਏ। ਮਾਤਾ ਜੀ ਕਹਿੰਦੇ ਕਿ ਤੇਰੇ ਤਾਇਆ ਜੀ ਦੇ ਤਿੰਨ ਪੁੱਤਰਾਂ ਦੇ ਪਰਿਵਾਰਾਂ ਸਮੇਤ ਅਸੀਂ 15 ਜੀਅ ਤਰਨ ਤਾਰਨ ਦੇ ਨੇੜੇ ਤੇਰੀ ਭੂਆ ਦੇ ਪਿੰਡ ਜੰਡੋਕੇ-ਸਰਹਾਲੀ ਚਲੇ ਗਏ ਸੀ। ਉੱਥੇ ਤਿੰਨ-ਚਾਰ ਮਹੀਨੇ ਕੱਟੇ। ਫਿਰ ਅਸੀਂ ਤਰਨ ਤਾਰਨ ਜ਼ਿਲ੍ਹੇ ਵਿੱਚ ਝਬਾਲ ਨੇੜੇ ਸਥਿਤ ਆਪਣੇ ਪੁਰਖਿਆਂ ਦੇ ਪਿੰਡ ਸੋਹਲ ਚਲੇ ਗਏ। ਉੱਥੇ ਸਾਡੇ ਸ਼ਰੀਕੇ ਦੇ ਕੁਝ ਪਰਿਵਾਰ ਰਹਿੰਦੇ ਸਨ। ਸਿਆਲ ਦਾ ਮੌਸਮ ਸ਼ੁਰੂ ਹੋ ਗਿਆ। ਕਿਸੇ ਵੀ ਰਿਸ਼ਤੇਦਾਰ ਕੋਲ ਸਾਡੇ ਸਾਰਿਆਂ ਦੇ ਰਹਿਣ ਤੇ ਸਾਡੇ ਪਸ਼ੂਆਂ ਲਈ ਪੱਠਿਆਂ ਦਾ ਇੰਤਜ਼ਾਮ ਅਤੇ ਸਰਦੀ ਵਿੱਚ ਅੰਦਰ ਬੰਨ੍ਹਣ ਲਈ ਕੋਠਾ ਨਹੀਂ ਸੀ। ਪੈਸਾ-ਧੇਲਾ ਵੀ ਖ਼ਤਮ ਹੋ ਗਿਆ ਸੀ। ਗਲ਼ ਪਾਉਣ ਲਈ ਕੱਪੜੇ ਲੈਣੇ ਵੀ ਮੁਸ਼ਕਿਲ ਹੋ ਗਏ ਸਨ। ਬੱਸ ਸਮਝੋ ਕਿ ਅਸੀ ਅਰਸ਼ ਤੋਂ ਫਰਸ਼ ’ਤੇ ਡਿੱਗ ਪਏ ਸੀ। ਤਕਰੀਬਨ ਇੱਕ ਸਾਲ ਬੀਤ ਗਿਆ ਸੀ। ਸਾਡੇ ਵਾਂਗ ਪਾਕਿਸਤਾਨ ਤੋਂ ਉੱਜੜ ਕੇ ਆਏ ਲੱਖਾਂ ਲੋਕਾਂ ਨੇ ਦਰ-ਦਰ ਠੋਕਰਾਂ ਖਾਧੀਆਂ। ਲੰਮਾ ਸਮਾਂ ਰੱਖਣ ਤੋਂ ਸਭ ਰਿਸ਼ਤੇਦਾਰ ਕੰਨੀ ਵੱਟ ਗਏ ਸੀ। ਸਰਕਾਰੀ ਨਿਜ਼ਾਮ ਵੀ ਨਾ ਹੀ ਵਰਗਾ ਸੀ। ਉੱਜੜ ਕੇ ਆਏ ਲੋਕ ‘ਰੱਬ ਆਸਰੇ’ ਛੱਡ ਦਿੱਤੇ ਗਏ ਸਨ। ਉਹ ਵੱਡੀਆਂ ਮੁਸੀਬਤਾਂ ਨਾਲ ਜੂਝ ਰਹੇ ਸਨ ਅਤੇ ਜਦੋਂ ਚੜ੍ਹਦੇ ਪੰਜਾਬ ਦੇ ਵਸਨੀਕ ਉਨ੍ਹਾਂ ਨੂੰ ਪਨਾਹਗੀਰ, ਸ਼ਰਨਾਰਥੀ ਜਾਂ ਰਫਿਊਜ਼ੀ ਕਹਿੰਦੇ ਸਨ ਤਾਂ ਉਨ੍ਹਾਂ ਦਾ ਸੰਤਾਪ ਹੋਰ ਵੀ ਵਧ ਜਾਂਦਾ ਸੀ।’’ ਇਹ ਲੰਮੀ ਹੱਡ-ਬੀਤੀ ਸੁਣਾਉਂਦੇ ਮਾਤਾ ਜੀ ਜਿਵੇਂ ਹੰਭ ਗਏ ਸਨ ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਆਪਮੁਹਾਰੇ ਅੱਥਰੂ ਵਹਿ ਰਹੇ ਸਨ। ਪੱਲੇ ਨਾਲ ਅੱਥਰੂ ਪੂੰਝ ਕੇ ਆਪਣੀਆਂ ਹੱਡ-ਬੀਤੀਆਂ ਯਾਦਾਂ ਵਿੱਚ ਫਿਰ ਵਹਿ ਤੁਰੀ। ਫਿਰ ਕੁਝ ਠੰਢ-ਠੰਢਾਉਲਾ ਹੋਇਆ ਤਾਂ ਪਤਾ ਲੱਗਾ ਕਿ ਸਰਕਾਰ ਵੱਲੋਂ ਜਲੰਧਰ ਵਿੱਚ ਮੁੜ-ਵਸੇਬਾ ਮਹਿਕਮੇ ਦਾ ਦਫ਼ਤਰ ਖੋਲ੍ਹਿਆ ਗਿਆ ਹੈ ਅਤੇ ਉੱਥੇ ਚੜ੍ਹਦੇ ਪੰਜਾਬ ਵਿੱਚੋਂ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਵੱਲੋਂ ਖਾਲੀ ਕੀਤੀਆਂ ਜਾਇਦਾਦਾਂ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਉੱਜੜ ਕੇ ਆਏ ਸਿੱਖ ਤੇ ਹਿੰਦੂ ਪਰਿਵਾਰਾਂ ਵੱਲੋਂ ਪਾਕਿਸਤਾਨ ਵਿੱਚ ਛੱਡੀਆਂ ਗਈਆਂ ਜ਼ਮੀਨ-ਜਾਇਦਾਦਾਂ ਦਾ ਵੇਰਵਾ ਵੀ ਮੰੰਗਵਾਇਆ ਗਿਆ ਹੈ। ਪਿੰਡਾਂ ਵਿੱਚ ਆ ਕੇ ਪਟਵਾਰੀਆਂ ਰਾਹੀਂ ਪਨਾਹਗੀਰਾਂ ਕੋਲੋਂ ਉਨ੍ਹਾਂ ਵੱਲੋਂ ਛੱਡ ਕੇ ਆਏ ਪਿੰਡਾਂ ਦਾ ਪਤਾ, ਜ਼ਮੀਨ, ਮਕਾਨ ਆਦਿ ਦੇ ਵੇਰਵੇ ਦਰਖ਼ਾਸਤਾਂ ਰਾਹੀਂ ਲੈਣਗੇ। ਉਸ ਤੋਂ ਕੁਝ ਦੇਰ ਬਾਅਦ ਸਹਿਜੇ-ਸਹਿਜੇ ਖ਼ਬਰਾਂ ਆਉਣ ਲੱਗੀਆਂ ਕਿ ਉੱਜੜ ਕੇ ਆਏ ਲੋਕਾਂ ਨੂੰ ਜ਼ਮੀਨਾਂ ਦੀ ਅਲਾਟਮੈਂਟ ਸ਼ੁਰੂ ਹੋ ਗਈ ਹੈ। ਤੁਹਾਡੇ ਬਾਪੂ ਜੀ, ਕਦੇ-ਕਦੇ ਪਟਵਾਰੀ ਕੋਲ ਜਾ ਕੇ ਪਤਾ ਕਰਦੇ ਰਹਿੰਦੇ ਸਨ। ਫਿਰ ਇੱਕ ਦਿਨ ਪਟਵਾਰੀ ਨੇ ਦੱਸਿਆ ਕਿ ‘75 ਚੱਕ ਸੋਹਲ’ ਤੋਂ ਉੱਜੜ ਕੇ ਆਏ ਲੋਕਾਂ ਨੂੰ ਅਲੱਗ-ਅਲੱਗ ਥਾਵਾਂ ’ਤੇ ਕਈ ਪਿੰਡਾਂ ਵਿੱਚ ਜ਼ਮੀਨ ਅਲਾਟ ਹੋ ਗਈ ਹੈ। ਸਾਡੇ ਸਮੇਤ ਕੁਝ ਹੋਰ ਪਰਿਵਾਰਾਂ ਨੂੰ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਵਿੱਚ ਪੈਂਦੇ ਮਲਸੀਆਂ-ਸ਼ਾਹਕੋਟ ਪਿੰਡਾਂ ਵਿੱਚ ਜ਼ਮੀਨ ਅਲਾਟ ਹੋਈ ਹੈ। ਤੁਹਾਡੇ ਬਾਪੂ ਜੀ ਉੱਥੇ ਗਏ ਤਾਂ ਪਤਾ ਲੱਗਾ ਕਿ ਉੱਥੇ ਖੇਤੀ ਲਈ ਨਹਿਰੀ ਪਾਣੀ ਦਾ ਪ੍ਰਬੰਧ ਨਹੀਂ ਸੀ ਤੇ ਲੋਕ ਖੂਹਾਂ ਦੇ ਪਾਣੀ ਨਾਲ ਖੇਤੀ ਕਰਦੇ ਸਨ, ਜੋ ਬਹੁਤ ਜੋਖ਼ਮ ਦਾ ਧੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਬਿਜਲੀ ਵਾਲੀਆਂ ਬੰਬੀਆਂ-ਮੋਟਰਾਂ ਦਾ ਨਾਂ-ਨਿਸ਼ਾਨ ਹੀ ਨਹੀਂ ਸੀ। ਫਿਰ ਪਤਾ ਲੱਗਿਆ ਕਿ ਮੁੜ-ਵਸੇਬਾ ਮਹਿਕਮੇ ਦਾ ਵੱਡਾ ਅਫ਼ਸਰ, ਜਿਸ ਨੂੰ ਰੰਧਾਵਾ ਸਾਬ੍ਹ ਕਹਿੰਦੇ ਸਨ (ਪੰਜਾਬ ਦੇ ਮੁੜ ਵਸੇਬਾ ਡਾਇਰੈਕਟੋਰੇਟ ਦਾ ਡਾਇਰੈਕਟਰ-ਜਨਰਲ ਡਾ. ਮਹਿੰਦਰ ਸਿੰਘ ਰੰਧਾਵਾ) ਕਿ ਉੱਜੜ ਕੇ ਆਏ ਲੋਕਾਂ ਦੀਆਂ ਮੁਸ਼ਕਿਲਾਂ ਹਰ ਰੋਜ਼ ਆਪ ਸੁਣਦੇ ਸਨ। ਤੁਹਾਡੇ ਬਾਪੂ ਜੀ ਤੇ ਨਾਲ ਹੋਰ ਲੋਕ ਜਲੰਧਰ ਜਾ ਕੇ ਰੰਧਾਵਾ ਹੋਰਾਂ ਕੋਲ ਪੇਸ਼ ਹੋਏ ਤੇ ਫਰਿਆਦ ਕੀਤੀ ਕਿ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਹਿਰੀ ਜ਼ਮੀਨ ਅਲਾਟ ਕਰ ਦਿਓ। ਰੰਧਾਵਾ ਸਾਬ੍ਹ ਨੇ ਫਾਈਲ ਦੇਖੀ ਅਤੇ ਕਿਹਾ ‘‘ਸਰਦਾਰਾ, ਅਟਾਰੀ ਜਾਂ ਖੇਮਕਰਨ ਦੇ ਇਲਾਕੇ ਵਿੱਚ ਬਹੁਤ ਵਧੀਆ ਨਹਿਰੀ ਜ਼ਮੀਨ ਹੈ, ਕੀ ਤੁਸੀਂ ਬਾਰਡਰ ਦੇ ਕੋਲ ਜ਼ਮੀਨ ਲੈਣੀ ਹੈ?’’ ਅੱਗੋਂ ਤੁਹਾਡੇ ਬਾਪੂ ਜੀ ਨੇ ਹਾਂ ਕਰ ਦਿੱਤੀ। ਇਉਂ ਸਾਨੂੰ 1950 ਵਿੱਚ ‘ਅਟਾਰੀ ਸ਼ਾਮ ਸਿੰਘ’ ਅਲਾਟ ਹੋ ਗਈ, ਜਿਸ ਦਾ ਕਟੌਤੀ ਕਰਕੇ ‘75 ਚੱਕ ਸੋਹਲ’ ਵਿੱਚ ਰਹਿ ਗਈ ਜ਼ਮੀਨ ਨਾਲੋਂ ਅੱਧਾ ਰਕਬਾ ਸੀ। ਅਸੀਂ ਤੁਹਾਡੇ ਤਾਇਆ ਜੀ ਦੇ ਤਿੰਨਾਂ ਪਰਿਵਾਰਾਂ ਸਮੇਤ ਇੱਥੇ ਆ ਗਏ। ਜ਼ਮੀਨ ਦੇ ਰਕਬੇ ਮੁਤਾਬਿਕ ਸਾਨੂੰ ਮੁਸਲਮਾਨਾਂ ਵੱਲੋਂ ਖਾਲੀ ਕੀਤੇ ਗਏ ਪੱਕੇ ਮਕਾਨ ਵੀ ਅਲਾਟ ਹੋ ਗਏ। ਕੁਝ ਦਿਨ ਬਾਅਦ ਤੁਹਾਡਾ ਮਾਮਾ ਲਵੇਰੀ ਮੱਝ ਦੇ ਗਿਆ, ਜਿਸ ਨਾਲ ਤਕਰੀਬਨ ਤਿੰਨ ਸਾਲਾਂ ਬਾਅਦ ਬੱਚਿਆਂ ਨੇ ਦੁੱਧ-ਦਹੀਂ ਤੇ ਮੱਖਣ-ਘਿਓ ਦਾ ਮੂੰਹ ਦੇਖਿਆ।’’

ਮਾਤਾ ਜੀ ਮੇਰੇ ਵੱਲ ਹੱਥ ਕਰਕੇ ਕਹਿੰਦੇ ਕਿ ਅਟਾਰੀ ਮਿਲਖ ਮਿਲਣ ਦੇ ਦਿਨਾ ਵਿੱਚ ਹੀ ਤੂੰ ਜੰਮਿਆ ਸੀ ਤੇ ਅਸੀਂ ਤੇਰਾ ਨਾਂ ਮਿਲਖਾ ਰੱਖਿਆ। ਵਾਹਿਗੁਰੂ ਵੱਲੋਂ ਬਖ਼ਸ਼ਿਆ ਸਿਦਕ ਤੇ ਸਿਰੜ ਨਾਲ ਐਨੀਆਂ ਮੁਸੀਬਤਾਂ ਝੱਲਦੇ ਹੋਏ ਫਿਰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ। ਦੋ-ਤਿੰਨ ਸਾਲ ਅਸੀਂ ਸਿਰ-ਤੋੜ ਮਿਹਨਤ-ਮੁਸ਼ੱਕਤ ਕੀਤੀ। ਮੈਂ ਹੱਥ ਨਾਲ ਚੱਲਣ ਵਾਲੀ ਚੱਕੀ ਵਿੱਚ ਆਂਢੀਆਂ-ਗੁਆਂਢੀਆਂ ਦਾ ਆਟਾ ਪੀਸਿਆ, ਉੱਖਲੀ ਵਿੱਚ ਦਾਣੇ-ਦਾਲਾਂ ਛੜੀਆਂ ਤੇ ਉਨ੍ਹਾਂ ਦੇ ਖੇਤਾਂ ਵਿੱਚੋਂ ਕਪਾਹ-ਨਰਮਾ ਚੁਗਿਆ। ਜ਼ਮੀਨ ਵਿੱਚ ਪਸ਼ੂਆਂ ਲਈ ਪੱਠੇ ਤੇ ਫ਼ਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਤੁਹਾਡੇ ਬਾਪੂ ਜੀ ਨੇ ਬੀਜ ਆਦਿ ਲਈ ਪੈਸੇ ਕਮਾਉਣ ਵਾਸਤੇ ਲੋਕਾਂ ਦੇ ਖੇਤਾਂ ਵਿੱਚ ਆਪਣੇ ਬਲਦਾਂ ਨਾਲ ਹਲ ਵਾਹੇ, ਵਾਢੀਆਂ ਕੀਤੀਆਂ ਅਤੇ ਗੱਡਾ ਚਲਾਇਆ। ਅਸਾਂ ਕੀ-ਕੀ ਪਾਪੜ ਨਹੀਂ ਵੇਲੇ! ਇਉਂ ਤਿੰਨ ਕੁ ਸਾਲਾਂ ਵਿੱਚ ਅਸੀਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਗਏ ਤੇ ਘਰ ਵਿੱਚ ਚਾਰ ਪੈਸੇ ਵੀ ਆਉਣ ਲੱਗੇ। ਉਦੋਂ ਇਹ ਛੋਟਾ ਮੁੰਡਾ ਹੋਇਆ, ਜਿਸ ਦਾ ਨਾਂ ਖਜਾਨਾ ਰੱਖਿਆ। ਅਸੀਂ ਦੋਵੇਂ ਭਰਾ ਉੁੁੱਚੀ ਆਵਾਜ਼ ਵਿੱਚ ਬੋਲੇ, ‘‘ਅੱਛਾ! ਹੁਣ ਸਮਝ ਆਈ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਂ ਕਿਵੇਂ ਰੱਖੇ ਸੀ।’’ ਗੁਆਂਢਣ ਬੋਲੀ, ‘‘ਬੀਬੀ ਜੀ, ਹੁਣ ਕਿਉਂ ਮਨ ਹੌਲਾ ਕਰਦੇ ਓ! ਹੁਣ ਤਾਂ ਇੱਥੇ ਅਟਾਰੀ ਪਿੰਡ ਵਿੱਚ ਤੁਹਾਡੀ ਸਰਦਾਰੀ ਹੈ ਤੇ ਇਨ੍ਹਾਂ ਬੱਚਿਆਂ ਦੇ ਬਾਪੂ ਜੀ ਇੱਥੇ ਵੀ ਨੰਬਰਦਾਰ ਨੇ।’’ ਮਾਤਾ ਜੀ ਕਹਿੰਦੇ, ‘‘ਜ਼ਿੰਦਗੀ ਵਿੱਚ ਇਸ ਤਰ੍ਹਾਂ ਹੰਢਾਈਆਂ ਆਫ਼ਤਾਂ ਅਤੇ ਘਾਲੀ ਮੁਸ਼ੱਕਤ ਕਿਤੇ ਭੁੱਲਦੀ ਏ! ਫਿਰ ਇੱਥੇ ਹੁਣ ਹੱਦਾਂ ’ਤੇ ਫ਼ੌਜ ਆ ਗਈ ਹੈ। ਵਾਹਿਗੁਰੂ ਖ਼ੈਰ ਕਰੇ, ਕਿਤੇ ਸੰਤਾਲੀ ਦੇ ਝੰਬੇ ਹੁਣ ਫਿਰ ਨਾ ਪਾਕਿਸਤਾਨ ਨਾਲ ਲੜਾਈ ਵਿੱਚ ਘਰੋਂ ਬੇਘਰ ਹੋ ਜਾਈਏ।’’ ਨਾਲੇ ਆਹ ਕੱਲ੍ਹ ਦੇ ਜੰਮੇ ਜਦੋਂ ‘ਆਜ਼ਾਦੀ’ ਦੀਆਂ ਗੱਲਾਂ ਕਰਦੇ ਨੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬੀ ਕਿਹੋ ਜਿਹੇ ਲੋਕ ਹਨ, ਜੋ ਬਗੈਰ ਕਸੂਰ ਤੋਂ ਆਪਣੇ ਵੱਡੇ ਪੱਧਰ ’ਤੇ ਹੋਏ ਉਜਾੜੇ ਅਤੇ ਕਤਲੇਆਮ ਦੀਆਂ ਦੁੱਖ ਭਰੀਆਂ ਘਟਨਾਵਾਂ ਨੂੰ ਸਹਿਣ ਕਰਕੇ ਅਤੇ ਹੰਢਾ ਕੇ ‘ਆਜ਼ਾਦੀ’ ਦੇ ਜਸ਼ਨ ਮਨਾਉਂਦੇ ਹਨ।

Advertisement
×