DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗਲ ਤੋਂ ਪਾਰ ਦੀ ਦਾਸਤਾਨ...

ਕੁਝ ਕਿਤਾਬਾਂ ਪੁਸਤਕ ਮੇਲੇ ਵਿੱਚੋਂ ਰੀਝ ਨਾਲ ਖ਼ਰੀਦ ਤਾਂ ਲਈਆਂ ਜਾਂਦੀਆਂ ਹਨ, ਪਰ ਉਹ ਬਿਨਾਂ ਪੜ੍ਹਿਆਂ ਹੀ ਕਈ ਮਹੀਨੇ ਤੇ ਫਿਰ ਸਾਲਾਂਬੱਧੀ ਅਲਮਾਰੀ ’ਚ ਪਈਆਂ ਰਹਿੰਦੀਆਂ ਹਨ ਤੇ ਕੁਝ ਕਿਤਾਬਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਪੜ੍ਹਨਾ ਸ਼ੁਰੂ...

  • fb
  • twitter
  • whatsapp
  • whatsapp
Advertisement

ਕੁਝ ਕਿਤਾਬਾਂ ਪੁਸਤਕ ਮੇਲੇ ਵਿੱਚੋਂ ਰੀਝ ਨਾਲ ਖ਼ਰੀਦ ਤਾਂ ਲਈਆਂ ਜਾਂਦੀਆਂ ਹਨ, ਪਰ ਉਹ ਬਿਨਾਂ ਪੜ੍ਹਿਆਂ ਹੀ ਕਈ ਮਹੀਨੇ ਤੇ ਫਿਰ ਸਾਲਾਂਬੱਧੀ ਅਲਮਾਰੀ ’ਚ ਪਈਆਂ ਰਹਿੰਦੀਆਂ ਹਨ ਤੇ ਕੁਝ ਕਿਤਾਬਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਪੜ੍ਹਨਾ ਸ਼ੁਰੂ ਕਰ ਲਈਏ ਤਾਂ ਉਹ ਸਾਡੀ ਸੁਰਤੀ ਨੂੰ ਇਸ ਤਰ੍ਹਾਂ ਆਪਣੀ ਉਂਗਲ ਫੜ ਕੇ ਨਾਲ ਲੈ ਤੁਰਦੀਆਂ ਹਨ ਕਿ ਫਿਰ ਘੜੀ ਤੇ ਇਸ ਦੀਆਂ ਸੂਈਆਂ ਦੀ ਟਿਕ ਟਿਕ ਬੇਮਾਅਨੀ ਲੱਗਣ ਲੱਗ ਜਾਂਦੀ ਹੈ ਤੇ ਸਾਡਾ ਮਨ ਅੱਖਰਾਂ ਦੇ ਘੋੜੇ ’ਤੇ ਸਵਾਰ ਹੋ ਕੇ ਉਸ ਕਿਤਾਬ ਵਿਚਲੇ ਯੁੱਗ ਦੀ ਪਰਿਕਰਮਾ ਕਰਕੇ ਹੀ ਮੁੜਦਾ ਹੈ।

ਅਜਿਹੀ ਹੀ ਇੱਕ ਕਿਤਾਬ ਹੈ ‘ਜੰਗਲ ਤੋਂ ਪਾਰ’। ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਸਰਵਰਕ ਹੀ ਪਾਠਕ ਦੀ ਬਿਰਤੀ ਨੂੰ ਪਰਬਤੀ ਰੁੱਖਾਂ ਦੇ ਸੰਸਾਰ ਵਿੱਚ ਝਾਤ ਮਾਰਨ ਲਈ ਮਜਬੂਰ ਕਰ ਦਿੰਦਾ ਹੈ। ਇਹ ਪੁਸਤਕ ਇੱਕ ਆਦਿਵਾਸੀ ਲੇਖਿਕਾ ਸੀਤਾ ਰਤਨਾਮਲ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਗਈ ਸਵੈ-ਜੀਵਨੀ ‘ਬਿਓਂਡ ਦਿ ਜੰਗਲ’ (Beyond the Jungle) ਦਾ ਪੰਜਾਬੀ ਅਨੁਵਾਦ ਹੈ। ਜੰਗ ਬਹਾਦਰ ਗੋਇਲ ਦੀ ਅਨੁਵਾਦ ਵਿਧਾ ਤੋਂ ਜਾਣੂ ਪਾਠਕ ਭਲੀ-ਭਾਂਤ ਸਮਝ ਸਕਦੇ ਹਨ ਕਿ ਉਨ੍ਹਾਂ ਦੀ ਕਲਮ ਤੋਂ ਕੀਤਾ ਗਿਆ ਅਨੁਵਾਦ ਮੂਲ ਰਚਨਾ ਤੋਂ ਵੀ ਵਧੇਰੇ ਦਿਲਚਸਪ ਤੇ ਭਾਵਨਾਤਮਕ ਹੁੰਦਾ ਹੈ।

Advertisement

ਸ੍ਰੀ ਗੋਇਲ ਮੁਤਾਬਿਕ ਇਸ ਪੁਸਤਕ ਦਾ ਦਿਲਚਸਪ ਪੱਖ ਇਹ ਹੈ ਕਿ ਵਿਲੀਅਮ ਬਲੈਕਵੁੱਡ ਐਂਡ ਸੰਨਜ਼, ਲੰਡਨ ਵੱਲੋਂ 1968 ਵਿੱਚ ਪ੍ਰਕਾਸ਼ਿਤ ਇਸ ਪੁਸਤਕ ਦੀ ਗਿਣਤੀ ਦੁਰਲੱਭ ਪੁਸਤਕਾਂ ਵਿੱਚ ਹੋਣ ਲੱਗ ਪਈ ਸੀ ਕਿਉਂਕਿ ਇਸ ਦੀ ਸਿਰਫ਼ ਇੱਕ ਹੀ ਕਾਪੀ ਰਾਜਾ ਰਾਮ ਮੋਹਨ ਰਾਏ ਨੈਸ਼ਨਲ ਲਾਇਬ੍ਰੇਰੀ, ਕੋਲਕਾਤਾ ਵਿਖੇ ਉਪਲਬਧ ਸੀ। 2022 ਵਿੱਚ ਇਸ ਦਾ ਪੁਨਰ ਪ੍ਰਕਾਸ਼ਨ ‘ਪਿਆਰਾ ਕਾਰਕੈਟਾ ਫਾਊਂਡੇਸ਼ਨ, ਰਾਂਚੀ’ ਦੇ ਯਤਨਾਂ ਸਦਕਾ ਹੋਇਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਵੀਹਵੀਂ ਸਦੀ ਦੇ ਲਗਭਗ ਚੌਥੇ ਪੰਜਵੇਂ ਦਹਾਕੇ ’ਚ ਪੈਦਾ ਹੋਈ ਸੀਤਾ ਰਤਨਾਮਲ ਗੁੰਮਨਾਮੀ ਦੇ ਪਰਦੇ ਹੇਠ ਕਿਵੇਂ ਛੁਪੀ ਰਹਿ ਗਈ! ਦੁੱਖ ਦੀ ਗੱਲ ਹੈ ਕਿ ਆਦਿਵਾਸੀ ਸਾਹਿਤ ਦੀ ਪਹਿਲੀ ਆਤਮ-ਕਥਾ ਹੋਣ ਦੇ ਬਾਵਜੂਦ ਇਸ ਦੀ ਲੇਖਿਕਾ ਦੀ ਜ਼ਿੰਦਗੀ ਬਾਰੇ ਕੋਈ ਵੇਰਵਾ ਕਿਸੇ ਵੀ ਸਰੋਤ ਤੋਂ ਨਹੀਂ ਲੱਭਦਾ। ਸੀਤਾ ਰਤਨਾਮਲ ਬੜੀ ਹੀ ਖ਼ੂਬਸੂਰਤੀ ਨਾਲ ਆਪਣੀ ਲਿਖਤ ਦੀ ਸ਼ੁਰੂਆਤ ਨੀਲਗਿਰੀ ਪਰਬਤ ਦੇ ਵਰਣਨ ਤੋਂ ਕਰਦੀ ਹੈ। ਸਦੀਆਂ ਤੋਂ ਹੀ ਨੀਲਗਿਰੀ ਭਾਰਤ ਦੇ ਬਾਕੀ ਭੂ-ਖੰਡ ਤੋਂ ਬਿਲਕੁਲ ਅਲੱਗ-ਥਲੱਗ ਰਿਹਾ ਹੈ, ਜਿੱਥੇ ਪਰਬਤਮਾਲਾ ਹਰੇ-ਭਰੇ ਘਾਹ ਨਾਲ ਢਕੀ ਰਹਿੰਦੀ ਹੈ ਤੇ ਨਦੀ ਦੇ ਕਲ਼ਕਲ਼ ਵਹਿੰਦੇ ਪਾਣੀ ਦੀ ਸੰਗੀਤਮਈ ਆਵਾਜ਼ ਪਲ ਭਰ ਲਈ ਵੀ ਤੁਹਾਡਾ ਸਾਥ ਨਹੀਂ ਛੱਡਦੀ। ਉਸ ਦਾ ਜਨਮ ਭਰਵੀਂ ਮੌਨਸੂਨ ਦੀ ਰੁੱਤੇ ਇਸੇ ਨੀਲਗਿਰੀ ਪਰਬਤ ’ਤੇ ਵਸੇ ਹੋਏ ਆਦਿਵਾਸੀ ਕਬੀਲੇ ਇਰੂਲਾ ਵਿੱਚ ਹੁੰਦਾ ਹੈ। ਇਸ ਕਬੀਲੇ ਦੇ ਲੋਕਾਂ ਦੀ ਮਾਨਤਾ ਹੈ ਕਿ ਉਨ੍ਹਾਂ ਦਾ ਦੇਵਤਾ ‘ਰੰਗਾ’ ਦੂਰ ਪਹਾੜ ਦੀ ਸਭ ਤੋਂ ਉੱਚੀ ਟੀਸੀ ’ਤੇ ਨਿਵਾਸ ਕਰਦਾ ਹੈ, ਜਿਸ ਨੂੰ ਉਹ ‘ਰੰਗਾਸਵਾਮੀ ਦੀ ਟੀਸੀ’ ਆਖਦੇ ਹਨ। ਮੈਦਾਨੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਰਹੱਸਮਈ ਪਹਾੜ ਤੇ ਇੱਥੋਂ ਦਾ ਜਨ-ਜੀਵਨ ਹਮੇਸ਼ਾ ਤੋਂ ਹੀ ਅਚੰਭਿਤ ਅਤੇ ਰੋਮਾਂਚਿਤ ਕਰਦੇ ਰਹੇ ਹਨ।

Advertisement

ਆਦਿਵਾਸੀ ਕਬੀਲੇ ਦਾ ਜਨ-ਜੀਵਨ ਕੁਦਰਤ ਦੇ ਨਿਯਮਾਂ ਦੇ ਵਧੇਰੇ ਅਨੁਕੂਲ ਹੁੰਦਾ ਹੈ। ਜੰਗਲੀ ਜੀਵਾਂ ਤੇ ਬਨਸਪਤੀ ਨਾਲ ਉਨ੍ਹਾਂ ਦੇ ਸਬੰਧ ਮੈਦਾਨ ’ਤੇ ਰਹਿਣ ਵਾਲੇ ਮਨੁੱਖ ਤੋਂ ਵੱਖਰੇ ਹੁੰਦੇ ਹਨ। ਸ਼ਾਇਦ ਇਸੇ ਲਈ ਸੋਨੇ ਦੀ ਖਾਣ ਦੇ ਨੇੜੇ ਪਹੁੰਚ ਕੇ ਸ਼ੇਰਨੀ ਨੂੰ ਆਪਣੇ ਨਵ-ਜਨਮੇ ਬੱਚਿਆਂ ਨੂੰ ਲਾਡ ਲਡਾਉਂਦੇ ਵੇਖਣਾ ਬਾਲੜੀ ਸੀਤਾ ਲਈ ਸਹਿਜ ਵਰਤਾਰਾ ਹੈ। ਬਚਪਨ ਵਿੱਚ ਹੀ ਮਾਂ ਨੂੰ ਗੁਆ ਦੇਣ ਤੋਂ ਬਾਅਦ ਉਹਦੇ ਲਈ ਉਸ ਦਾ ‘ਅੱਪਾ’ ਹੀ ਉਸ ਦਾ ਆਰ ਪਰਿਵਾਰ ਹੈ, ਜਿਸ ਦੀ ਉਂਗਲੀ ਫੜ ਕੇ ਉਹ ਜੰਗਲ ਦੇ ਰਾਹ ਰਸਤਿਆਂ ਤੋਂ ਜਾਣੂ ਹੁੰਦੀ ਹੈ। ਇਨ੍ਹਾਂ ਟੇਢੇ-ਮੇਢੇ ਰਸਤਿਆਂ ਨੂੰ ਜਾਣਨ ਦੀ ਜਗਿਆਸਾ 10 ਕੁ ਸਾਲ ਦੀ ਬੱਚੀ ਸੀਤਾ ਨੂੰ ਜੰਗਲ ਦੇ ਕਿਸੇ ਅਗਿਆਤ ਕੋਨੇ ਵਿੱਚ ਲੈ ਜਾਂਦੀ ਹੈ, ਜਿੱਥੋਂ ਉਹ ਵਾਪਸੀ ਦਾ ਰਾਹ ਭੁੱਲ ਜਾਂਦੀ ਹੈ ਤੇ ਘਬਰਾਹਟ ਵਿੱਚ ਉਸਦਾ ਪੈਰ ਤਿਲਕ ਜਾਂਦਾ ਹੈ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਅੱਗੇ ਚੱਲ ਕੇ ਇਹੀ ਹਾਦਸਾ ਉਸ ਲਈ ਜ਼ਿੰਦਗੀ ਦੇ ਨਵੇਂ ਰਾਹ ਤਲਾਸ਼ਦਾ ਹੈ।

184 ਪੰਨਿਆਂ ’ਚ ਲਿਖੀ ਗਈ ਇਹ ਦਾਸਤਾਨ ਉਸ ਬਹਾਦਰ ਆਦਿਵਾਸੀ ਲੜਕੀ ਦੇ ਸੰਘਰਸ਼ ਦੀ ਗਾਥਾ ਹੈ ਕਿ ਕਿਵੇਂ ਜੰਗਲ ਦੀ ਵਾਸੀ ਇੱਕ ਇਰੂਲਾ ਲੜਕੀ ਦਾ ਦੂਰ-ਦੁਰਾਡੇ ਕਿਸੇ ਬੋਰਡਿੰਗ ਸਕੂਲ ਵਿੱਚ ਦਾਖ਼ਲ ਹੋਣ ਦਾ ਸਬੱਬ ਬਣਦਾ ਹੈ ਤਾਂ ਉਹ ਇਸ ਦੀ ਚਾਰਦੀਵਾਰੀ ਦੇ ਅੰਦਰ ਰਹਿੰਦਿਆਂ ਆਪਣੇ ਅੰਦਰਲੇ ਦਵੰਦ ਨਾਲ ਦੋ-ਚਾਰ ਹੁੰਦੀ ਹੋਈ ਆਪਣੇ ਲਈ ਜ਼ਿੰਦਗੀ ਦੇ ਰਾਹ ਤਲਾਸ਼ਦੀ ਅਤੇ ਤਰਾਸ਼ਦੀ ਹੈ। ਉਸ ਦਾ ਬਾਲ ਮਨ ਜੰਗਲੀ ਜੀਵਾਂ ਵਾਂਗ ਆਜ਼ਾਦ ਹੋ ਕੇ ਵਿਚਰਨਾ ਲੋਚਦਾ ਹੈ, ਪਰ ਸਕੂਲ ਦਾ ਅਨੁਸ਼ਾਸਨ ਉਸ ਨੂੰ ਸੱਭਿਅਤਾ ਦਾ ਪਾਠ ਪੜ੍ਹਾਉਂਦਾ ਹੈ। 12 ਸਾਲ ਜੰਗਲ ਵਿੱਚ ਬਤੀਤ ਕਰਨ ਉਪਰੰਤ ਉਹ ਬੱਚੀ ਜਦ ਹੋਸਟਲ ਵਿੱਚ ਪਹਿਲੀ ਰਾਤ ਗੁਜ਼ਾਰਦੀ ਹੈ ਤਾਂ ਉਸ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹ ਜ਼ਮੀਨ ਤੋਂ ਉੱਪਰ ਬੈੱਡ ’ਤੇ ਪੈਣ ਦੀ ਆਦੀ ਨਹੀਂ ਹੈ। ਉਸ ਅਜਨਬੀ ਜਗ੍ਹਾ ’ਤੇ ਜਿੱਥੇ ਹਰ ਚੀਜ਼ ਤੇ ਹਰ ਵਰਤਾਰਾ ਉਸ ਨੂੰ ਓਪਰਾ ਮਹਿਸੂਸ ਹੁੰਦਾ ਹੈ, ਉੱਥੇ ਦੂਰ ਕਿਸੇ ਗਿੱਦੜ ਦੇ ਹੁਆਂਕਣ ਦੀ ਆਵਾਜ਼ ਉਸ ਲਈ ਲੋਰੀ ਦਾ ਕੰਮ ਕਰਦੀ ਹੈ। ਜਾਣੀ-ਪਛਾਣੀ ਇਹ ਆਵਾਜ਼ ਸੁਣ ਕੇ ਉਹ ਸਹਿਜ ਹੋ ਜਾਂਦੀ ਹੈ ਤੇ ਉਸ ਦੀ ਅੱਖ ਲੱਗ ਜਾਂਦੀ ਹੈ। ਕਿੰਨੀ ਡੂੰਘੀ ਸਾਂਝ ਹੈ ਮਨੁੱਖ ਦੀ ਆਪਣੀ ਜਨਮ ਭੂਮੀ ਦੀ ਤਾਸੀਰ ਨਾਲ। ਉਸ ਦੇ ਜੰਗਲੀ ਜੀਵਾਂ ਵਾਂਗ ਆਜ਼ਾਦ ਰਹਿਣ ਗਿੱਝੇ ਹੋਏ ਪੈਰ ਸਕੂਲ ਯੂਨੀਫਾਰਮ ਦੇ ਤੰਗ ਬੂਟਾਂ ਦਾ ਬੋਝ ਨਹੀਂ ਸਹਾਰਦੇ। ਭਲਾ ਹੋਵੇ ਉਸ ਦੀ ਸਰੀਰਕ ਸਿੱਖਿਆ ਦੀ ਅਧਿਆਪਕਾ ਦਾ ਜਿਸ ਨੇ ਉਸਦੇ ਪੈਰਾਂ ਵਿਚਲੀ ਪਹਾੜੀ ਰਾਹ ਰਸਤਿਆਂ ’ਤੇ ਸਰਪਟ ਦੌੜਨ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਉਸ ਨੂੰ ਮੈਰਾਥਨ ਦੌੜਦੀ ਸਫ਼ਲ ਅਥਲੀਟ ਬਣਾ ਦਿੱਤਾ। ਇਸ ਨਾਲ ਉਸ ਦੇ ਆਤਮ-ਵਿਸ਼ਵਾਸ ਨੂੰ ਨਵਾਂ ਉਤਸ਼ਾਹ ਮਿਲਦਾ ਹੈ।

ਉਸ ਦੇ ਜੰਗਲੀ ਜੀਵਨ ਤੇ ਸੱਭਿਅਕ ਸੰਸਾਰ ਦੇ ਵਿਚਕਾਰ ਡਾਕਟਰ ਰਾਜਨ ਇੱਕ ਅਹਿਮ ਕੜੀ ਦੀ ਤਰ੍ਹਾਂ ਦਾਖ਼ਲ ਹੁੰਦਾ ਹੈ। ਜੰਗਲ ਤੋਂ ਬਾਹਰਲੀ ਦੁਨੀਆ ਨੂੰ ਉਹ ਡਾਕਟਰ ਰਾਜਨ ਦੀਆਂ ਨਜ਼ਰਾਂ ਨਾਲ ਹੀ ਦੇਖ ਪਾਉਂਦੀ ਹੈ। ਇਸ ਕਿਤਾਬ ਦੇ ਬਿਰਤਾਂਤ ਵਿੱਚ ਜਿਸ ਸੂਖ਼ਮਤਾ ਨਾਲ ਸੀਤਾ ਰਤਨਾਮਲ ਡਾ. ਕ੍ਰਿਸ਼ਨ ਰਾਜਨ ਦੇ ਨਾਲ ਆਪਣੇ ਸਨੇਹ ਭਰੇ ਰਿਸ਼ਤੇ ਨੂੰ ਬਿਆਨ ਕਰਦੀ ਹੈ ਉਹ ਔਰਤ ਅਤੇ ਮਰਦ ਦੇ ਪਾਕੀਜ਼ਾ ਦੋਸਤਾਨਾ ਸਬੰਧਾਂ ਦੀ ਅਨੂਠੀ ਮਿਸਾਲ ਹੈ। ਭਾਰਤੀ ਪਰੰਪਰਾ ਦੇ ਜਾਤ ਪਾਤ ਦੇ ਬੰਧਨਾਂ ਕਾਰਨ ਉਨ੍ਹਾਂ ਦੀ ਮੁਹੱਬਤ ਦੀ ਕਹਾਣੀ ਚਾਹੇ ਅਧੂਰੀ ਰਹਿ ਜਾਂਦੀ ਹੈ ਪਰ ਦੋਸਤੀ ਸਿਖ਼ਰ ਨੂੰ ਛੋਹ ਲੈਂਦੀ ਹੈ। ਸੀਤਾ ਰਤਨਾਮਲ ਦੇ ਅੰਦਰ ਇੱਕ ਪ੍ਰੌਢ ਲੇਖਕ ਹੋਣ ਦੀ ਪ੍ਰਤਿਭਾ ਇਸ ਕਿਤਾਬ ਨੂੰ ਸਵੈ-ਜੀਵਨੀ ਹੋਣ ਦੇ ਬਾਵਜੂਦ ਨਾਵਲ ਵਰਗੀ ਰਵਾਨੀ ਬਖ਼ਸ਼ਦੀ ਹੈ। ਨਿਰਸੰਦੇਹ, ਜੰਗ ਬਹਾਦਰ ਗੋਇਲ ਨੇ ਇਸ ਪੁਸਤਕ ਦੇ ਰੂਪ ਵਿੱਚ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਨਾਯਾਬ ਹੀਰਾ ਪਾਇਆ ਹੈ।

ਸੰਪਰਕ: 70878-61470

Advertisement
×