ਸਾਹਿਰ ਲੁਧਿਆਣਵੀ ਦੀ ਕਲਮ ’ਚ ਵਸਦੀ ਮਾਂ ਦੀ ਰੂਹ
ਸੰਸਕ੍ਰਿਤ ਦੇ ਇੱਕ ਸਲੋਕ ਦਾ ਅੰਤਿਮ ਜੁਜ਼ ਹੈ- ‘ਜਨਨੀ ਜਨਮਭੂਮੀਸ਼ਚ ਸਵ੍ਰਗਾਦਪਿ ਗੱਰੀਅਸੀ’ ਅਰਥਾਤ ਮਾਤਾ ਤੇ ਮਾਤਭੂਮੀ ਦਾ ਸਥਾਨ ਸਵਰਗ ਤੋਂ ਵੀ ਉਪਰ ਹੈ। ਭਾਰਤ ਦੀ ਸਭਿਆਚਾਰਕ ਅਤੇ ਅਦਬੀ ਪਰੰਪਰਾ ਵਿੱਚੋਂ ਇਹ ਉਦਾਹਰਣ ਪ੍ਰਮਾਣਿਤ ਕਰਦੀ ਹੈ ਕਿ ਮਨੁੱਖੀ ਸਮਾਜ ਵਿੱਚ ਰਿਸ਼ਤਿਆਂ...
ਸੰਸਕ੍ਰਿਤ ਦੇ ਇੱਕ ਸਲੋਕ ਦਾ ਅੰਤਿਮ ਜੁਜ਼ ਹੈ- ‘ਜਨਨੀ ਜਨਮਭੂਮੀਸ਼ਚ ਸਵ੍ਰਗਾਦਪਿ ਗੱਰੀਅਸੀ’ ਅਰਥਾਤ ਮਾਤਾ ਤੇ ਮਾਤਭੂਮੀ ਦਾ ਸਥਾਨ ਸਵਰਗ ਤੋਂ ਵੀ ਉਪਰ ਹੈ। ਭਾਰਤ ਦੀ ਸਭਿਆਚਾਰਕ ਅਤੇ ਅਦਬੀ ਪਰੰਪਰਾ ਵਿੱਚੋਂ ਇਹ ਉਦਾਹਰਣ ਪ੍ਰਮਾਣਿਤ ਕਰਦੀ ਹੈ ਕਿ ਮਨੁੱਖੀ ਸਮਾਜ ਵਿੱਚ ਰਿਸ਼ਤਿਆਂ ਦੀ ਲੰਮੀ ਲੜੀ ਵਿੱਚੋਂ ਮਾਂ ਦੇ ਰੂਪ ਵਿੱਚ ਜਿਉਂਦਾ-ਜਾਗਦਾ ਰੱਬ ਧਰਤੀ ’ਤੇ ਹੀ ਵੇਖਿਆ ਜਾ ਸਕਦਾ ਹੈ। ਵਿਸ਼ਵ ਭਰ ਵਿੱਚੋਂ ਅਨੇਕ ਗੁਰੂਆਂ, ਪੀਰਾਂ-ਪੈਗੰਬਰਾਂ, ਦਾਰਸ਼ਨਿਕਾਂ, ਸ਼ਾਇਰਾਂ, ਚਿੰਤਕਾਂ ਅਤੇ ਫ਼ਨਕਾਰਾਂ ਨੇ ਮਾਂ ਦੀ ਸਲਾਹੁਤਾ ਕੀਤੀ ਹੈ ਕਿਉਂਕਿ ਬੱਚੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦਾ ਜਿਗਰਾ ‘ਮਾਂ’ ਰੱਖਦੀ ਹੈ।
ਆਪਣੀ ਸ਼ਾਇਰੀ ਦੇ ਜ਼ਰੀਏ ਮਾਂ ਦੀ ਅਹਿਮੀਅਤ ਨੂੰ ਦਰਸਾਉਣ ਵਾਲੇ ਮਕਬੂਲ ਅਦੀਬਾਂ ਵਿੱਚ ਹਿੰਦੀ-ਉਰਦੂ ਨਗ਼ਮਾਨਿਗਾਰ ਸਾਹਿਰ ਲੁਧਿਆਣਵੀ ਵਿਸ਼ੇਸ਼ ਮੁਕਾਮ ਰੱਖਦਾ ਹੈ। ਭਾਵੇਂ ਇਸ ਅਜ਼ੀਮ ਤੇ ਸੰਵੇਦਨਸ਼ੀਲ ਸ਼ਾਇਰ ਦੀ ਸ਼ਾਇਰੀ ਦਾ ਕੈਨਵਸ ਬਹੁਤ ਵਿਸ਼ਾਲ ਹੈ, ਫਿਰ ਵੀ ਉਸ ਦੇ ਰਚੇ ਗੀਤਾਂ ਨੂੰ ਉਸ ਦੇ ਬਚਪਨ ਵਿੱਚ ਜਾ ਕੇ ਅਤੇ ਮਾਂ ਨਾਲ ਨਾਤੇ ਦੇ ਪ੍ਰਸੰਗ ਵਿੱਚ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।
ਸਾਹਿਰ ਨੇ ਮਾਂ ਦੀ ਤਕਲੀਫ਼ ਵਿੱਚ ਹੋਸ਼ ਸੰਭਾਲੀ। ਉਸ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਜਾਗੀਰਦਾਰ ਪਿਤਾ ਚੌਧਰੀ ਫ਼ਜ਼ਲ ਮੁਹੰਮਦ ਤੇ ਮਾਂ ਸਰਦਾਰ ਬੇਗਮ ਵਿੱਚ ਅਣਬਣ ਹੋ ਗਈ। ਇਸ ਪਿੱਛੇ ਬੁਨਿਆਦੀ ਕਾਰਨ ਇਹ ਸੀ ਕਿ ਉਸ ਦਾ ਪਿਤਾ ਵਿਆਹ-ਦਰ-ਵਿਆਹ (ਗਿਆਰਾਂ ਵਿਆਹ) ਕਰਵਾਉਂਦਾ ਤੇ ਪਤਨੀ ਨੂੰ ਸਿਰਫ਼ ਭੋਗ ਦੀ ਵਸਤ ਸਮਝ ਕੇ ਕੁਝ ਸਮੇਂ ਬਾਅਦ ਦੁਰਕਾਰਦਾ ਰਿਹਾ। ਫ਼ਜ਼ਲ ਮੁਹੰਮਦ ਨੂੰ ਫ਼ਰਜ਼ੰਦ ਕੇਵਲ ਸਰਦਾਰ ਬੇਗਮ ਦੀ ਕੁੱਖੋਂ ਹੀ ਪ੍ਰਾਪਤ ਹੋਇਆ ਸੀ। ਇਸ ਇਕਲੌਤੇ ਪੁੱਤਰ ਅਬਦੁਲ ਹਈ ਨੇ ਬਾਅਦ ਵਿੱਚ ਭਾਰਤੀ ਫ਼ਿਲਮ ਉਦਯੋਗ ਵਿੱਚ ਆਪਣੀ ਪਛਾਣ ਸਾਹਿਰ ਲੁਧਿਆਣਵੀ ਵਜੋਂ ਬਣਾਈ।
ਪਿਤਾ ਦਾ ਅੱਯਾਸ਼ੀ ਭਰਿਆ ਜੀਵਨ ਮਾਂ ਨਾਲ ਝਗੜੇ ਦਾ ਕਾਰਨ ਬਣ ਗਿਆ ਕਿਉਂਕਿ ਪਿਤਾ ਨੂੰ ਸਿਰਫ਼ ਜਾਗੀਰ ਲਈ ਵਾਰਿਸ ਦੀ ਲੋੜ ਸੀ ਤੇ ਹੋਰ ਪੁੱਤਰ ਹੈ ਨਹੀਂ ਸੀ, ਇਸ ਲਈ ਉਸ ਨੇ ਪਤਨੀ ਅੱਗੇ ਮੰਗ ਰੱਖੀ ਕਿ ਉਹ ਪੁੱਤਰ ਉਸ ਨੂੰ ਸੌਂਪ ਦੇਵੇ ਤੇ ਬਦਲੇ ਵਿੱਚ ਜਿੰਨੀ ਦੌਲਤ ਚਾਹੇ, ਲੈ ਲਵੇ। ਸਾਹਿਰ ਦੀ ਮਾਂ ਨੂੰ ਇਹ ਨਾਮਨਜ਼ੂਰ ਸੀ। ਉਸ ਨੂੰ ਆਪਣੇ ਪਤੀ ਦਾ ਔਰਤ ਨੂੰ ਅਪਮਾਨਿਤ ਕਰਨ ਵਾਲਾ ਵਿਹਾਰ ਬਹੁਤ ਖਟਕਦਾ ਸੀ। ਚੌਧਰੀ ਨੇ ਆਪਣੇ ਮਕਸਦ ਦੀ ਪੂਰਤੀ ਲਈ ਅਦਾਲਤ ’ਚ ਕੇਸ ਕਰ ਦਿੱਤਾ। ਬਚਪਨ ਵਿੱਚ ਹੀ ਸਾਹਿਰ ਨੇ ਆਪਣੇ ਵਾਲਿਦ ਦੇ ਜ਼ਿਮੀਦਾਰਾਂ ਵਾਲੇ ਜ਼ੁਲਮ ਤੇ ਜ਼ਿਆਦਤੀਆਂ ਵੇਖੀਆਂ ਸਨ। ਪਿਤਾ ਵੱਲੋਂ ਮਾਂ ਦੇ ਹੁੰਦੇ ਨਿਰਾਦਰ ਦਾ ਵੀ ਉਹ ਚਸ਼ਮਦੀਦ ਗਵਾਹ ਸੀ। ਇੰਨਾ ਹੀ ਨਹੀਂ, ਦੂਜੀਆਂ ਬੀਵੀਆਂ ਤੇ ਹੋਰ ਔਰਤਾਂ ਨਾਲ ਪਿਤਾ ਦਾ ਗ਼ੈਰ-ਮਾਨਵੀ ਵਿਹਾਰ ਵੀ ਸਾਹਿਰ ਨੂੰ ਨਾਗਵਾਰ ਸੀ। ਅਜਿਹੇ ਮਾਹੌਲ ਪ੍ਰਤੀ ਨਾਰਾਜ਼ਗੀ ਉਸ ਦੇ ਅਨੇਕ ਗੀਤਾਂ ਰਾਹੀਂ ਰੂਪਮਾਨ ਹੁੰਦੀ ਹੈ:
ਔਰਤ ਨੇ ਜਨਮ ਦੀਆ ਮਰਦੋਂ ਕੋ... ਮਰਦੋਂ ਨੇ ਉਸੇ ਬਾਜ਼ਾਰ ਦੀਆ। - ਸਾਧਨਾ(1958)
ਜਵਾਨੀ ਭਟਕਤੀ ਹੈ ਬਦਕਾਰ ਬਨ ਕਰ, ਜਵਾਂ ਜਿਸਮ ਸਜਤੇ ਹੈਂ ਬਾਜ਼ਾਰ ਬਨ ਕਰ। - ਪਿਆਸਾ(1957)
ਇਉਂ ਜ਼ਮਾਨੇ ਦੇ ਦਰਦ ਦੀ ਗਾਥਾ ਸੁਣਾਉਂਦਾ ਸਾਹਿਰ ਪਾਠਕ ਨੂੰ ਨਿੱਜੀ ਜ਼ਿੰਦਗੀ ਦੇ ਹਨੇਰੇ ਕੋਨਿਆਂ ਦੇ ਦਰਸ਼ਨ ਕਰਵਾ ਦਿੰਦਾ ਹੈ। ਪ੍ਰਮਿੰਦਰਜੀਤ ਦਾ ਮਤ ਹੈ, ‘ਕਿਸੇ ਵੀ ਸ਼ਾਇਰ ਦੀ ਸ਼ਾਇਰੀ ਵਿੱਚ ਪੇਸ਼ ਕੀਤੀ ਗਈ ਨਿੱਜਤਾ ਨਿਰਸੰਦੇਹ ਉਸ ਦੇ ਤਖ਼ਲੀਕੀ ਅਮਲ ਦਾ ਆਧਾਰ ਹੁੰਦੀ ਹੈ ਪਰ ਜਦੋਂ ਇਹ ਨਿੱਜਤਾ ਆਪਣਾ ਕਾਵਿਕ ਪਾਸਾਰ ਸਿਰਜਦੀ ਹੈ ਤਾਂ ਸ਼ਾਇਰੀ ਦੇ ਕਈ ਅੰਬਰ ਉਦੈ ਹੁੰਦੇ ਹਨ।’
ਅਦਾਲਤ ਵਿੱਚ ਜੱਜ ਵੱਲੋਂ ਪੁੱਛਣ ’ਤੇ ਅਬਦੁਲ ਹਈ ਮਾਂ ਨਾਲ ਰਹਿਣ ਦੀ ਇੱਛਾ ਪ੍ਰਗਟਾ ਕੇ ਪਿਤਾ ਦੇ ਸਾਮੰਤਵਾਦੀ ਰਵੱਈਏ ਵਿਰੁੱਧ ਭੁਗਤਿਆ। ਅਦਾਲਤ ਦਾ ਫ਼ੈਸਲਾ ਮਾਂ ਦੇ ਹੱਕ ਵਿੱਚ ਹੋਇਆ। ਵਾਲਿਦਾ ਮਾਸੂਮ ਪੁੱਤਰ ਨੂੰ ਲੈ ਕੇ ‘ਗ਼ੈਰੋਂ ਪੇ ਕਰਮ, ਆਪਨੋ ਪੇ ਸਿਤਮ’ (ਆਂਖੇਂ 1968, ਲਤਾ ਮੰਗੇਸ਼ਕਰ) ਕਰਨ ਵਾਲੇ ਖ਼ਾਵੰਦ ਤੋਂ ਜੁਦਾ ਹੋ ਗਈ। ਸਾਹਿਰ ਦੀ ਜ਼ਿੰਦਗੀ ਦੀ ਇਸ ਘਟਨਾ ਤੋਂ ਤਸਦੀਕ ਹੁੰਦਾ ਹੈ ਕਿ ਉਸ ਨੇ ਪਿਤਾ ਨਾਲੋਂ ਮਾਂ ਦੀ ਅਵਸਥਾ (ਕਯਾ ਖ਼ਾਕ ਵੋ ਜੀਨਾ ਹੈ ਜੋ ਅਪਨੇ ਹੀ ਲੀਏ ਹੋ, ਖ਼ੁਦ ਮਿਟ ਕੇ ਕਿਸੀ ਔਰ ਕੋ ਮਿਟਨੇ ਸੇ ਬਚਾ ਲੇ) ਦਾ ਵਧੇਰੇ ਪ੍ਰਭਾਵ ਕਬੂਲਿਆ ਸੀ।
ਪਿਤਾ ਨੇ ਪੁੱਤਰ ਨੂੰ ਮਰਵਾਉਣ ਤੇ ਅਗਵਾ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ‘ਏਕ ਪਲ ਕਾ ਹੈ ਮਹਿਮਾਂ ਅੰਧੇਰਾ, ਕਿਸ ਕੇ ਰੋਕੇ ਰੁਕਾ ਹੈ ਸਵੇਰਾ’ ਨਗਮੇ ਦੇ ਸਿਰਜਕ ਦੀ ਮਾਂ, ਆਪਣੇ ਪੁੱਤਰ
ਨੂੰ ਕਿਸੇ ਨਾ ਕਿਸੇ ਦੀ ਨਿਗਰਾਨੀ ਵਿੱਚ ਘਰੋਂ
ਬਾਹਰ ਭੇਜਦੀ। ਇਉਂ ਧਨਵਾਨ ਵਿਅਕਤੀ ਦਾ ਪੁੱਤ
ਤੇ ਪਤਨੀ ਦਰਪੇਸ਼ ਸਮਾਜਿਕ-ਆਰਥਿਕ ਸੰਕਟਾਂ ਤੇ ਦੁਸ਼ਵਾਰ ਪ੍ਰਸਥਿਤੀਆਂ ਨਾਲ ਜੂਝਦੇ, ਸੰਘਰਸ਼ ਦੇ
ਰਾਹ ਪੈ ਗਏ ਤੇ ਮੁਫ਼ਲਿਸੀ ਵਾਲਾ ਜੀਵਨ ਬਸਰ
ਕਰਨ ਲੱਗੇ।
ਸੰਨ ਸੰਤਾਲੀ ਦੇ ਫ਼ਸਾਦ ਵੇਲੇ ਜਦੋਂ ਮੁਸਲਮਾਨ ਮੁਹਾਜ਼ਿਰ ਪਾਕਿਸਤਾਨ ਜਾ ਰਹੇ ਸਨ ਤਾਂ ਸਾਹਿਰ ਵੀ ਉਧਰ ਚਲਾ ਗਿਆ ਪਰ ਧਰਮ ਨਿਰਪੱਖ ਦੇਸ਼ ਭਾਰਤ ਨੇ ਛੇਤੀ ਹੀ ਉਸ ਨੂੰ ਆਪਣੇ ਵਲ ਖਿੱਚ ਲਿਆ। ਉਹ ਬੰਬਈ ਸੀ ਤਾਂ ਵਾਲਿਦਾ ਗੁੰਮ ਹੋ ਗਈ। ਉਸ ਦੇ ਮਨ ਵਿੱਚ ਮਾਂ ਲਈ ਬਹੁਤ ਪਿਆਰ-ਸਤਿਕਾਰ ਸੀ, ਇਸ ਲਈ ਆਪਣੇ ਕਰੀਬੀ ਦੋਸਤ ਹਮੀਦ ਅਖ਼ਤਰ ਨੂੰ ਲੈ ਕੇ ਮਾਂ ਦੀ ਭਾਲ ਵਿੱਚ ਲਾਹੌਰ ਚਲਾ ਗਿਆ। ਮਾਂ ਮਿਲੀ ਤਾਂ ਉਹ ਉਸ ਨੂੰ ਨਾਲ ਲੈ ਕੇ ਮੁੜ ਭਾਰਤ ਪਰਤ ਆਇਆ। ਜੀਵਨ ਵਿੱਚ ਸੰਘਰਸ਼ ਦਾ ਪੜਾਅ-ਦਰ-ਪੜਾਅ ਸਫ਼ਰ ਤੈਅ ਕਰਦਿਆਂ ਸਾਹਿਰ ਨੂੰ ਬੰਬਈ ਦੇ ਫੁਟਪਾਥਾਂ ’ਤੇ ਆਵਾਰਗੀ ਦੇ ਦੌਰ ’ਚੋਂ ਗੁਜ਼ਰਨਾ ਪਿਆ, ਪਰ ਮਾਂ ਦੀ ਮਿਹਨਤ, ਦੁਆਵਾਂ ਅਤੇ ਅਸੀਸਾਂ ਸਦਕਾ ਆਪਣੇ ਫ਼ਨ ਰਾਹੀਂ ਉਹ ਫ਼ਿਲਮੀ ਦੁਨੀਆ ਵਿੱਚ ਦਿਨੋ-ਦਿਨ ਬੁਲੰਦੀ ਛੂਹਣ ਲਗਦਾ ਹੈ।
ਸਾਹਿਰ ਦੇ ਅੰਦਰ ਲੁਕਿਆ ਕਵਿਤਾ ਦਾ ਚਾਨਣ ਮਮਤਾ ਦੀ ਰੋਸ਼ਨੀ ਨਾਲ ਜਗਮਗਾਇਆ। ਉਸ ਨੇ ਵਿਸ਼ੇਸ਼ ਤੌਰ ’ਤੇ ਅਜਿਹੇ ਗੀਤ ਲਿਖੇ ਜਿਨ੍ਹਾਂ ਵਿੱਚ ਮਾਂ ਤੇ ਪੁੱਤਰ ਦਾ ਪਿਆਰ ਭਰਿਆ ਰਿਸ਼ਤਾ ਮਿਲਦਾ ਹੈ। ਇਸ ਦੇ ਨਾਲ ਹੀ ਉਸ ਦੀ ਨਗ਼ਮਾਨਿਗ਼ਾਰੀ ਜ਼ਰੀਏ ਮਾਂ ਦੀਆਂ ਭਾਵਨਾਵਾਂ ਇੱਕ ਅਜਿਹੀ ਮਾਲਣ ਦੇ ਰੂਪ ਵਿੱਚ ਉਜਾਗਰ ਹੋਈਆਂ, ਜੋ ਆਪਣੇ ਪਿਆਰ ਦੀ ਬੁੱਕਲ ਵਿੱਚ ਪੁੱਤਰ ਨੂੰ ਹਾਲਾਤ ਦੀਆਂ ਹਨੇਰੀਆਂ ਤੋਂ ਮਹਿਫ਼ੂਜ਼ ਰੱਖਦੀ ਹੈ:
ਮੇਰੇ ਮੁੰਨੇ ਮੇਰੇ ਗੁਲਜ਼ਾਰ ਕੇ ਨੰਨ੍ਹੇ ਪੌਦੇ,
ਤੁਝਕੋ ਹਾਲਾਤ ਕੀ ਆਂਧੀ ਸੇ ਬਚਾਨੇ ਕੇ ਲੀਏ
ਆਜ ਮੈਂ ਪਿਆਰ ਕੇ ਆਂਚਲ ਮੇਂ ਛੁਪਾ ਲੇਤੀ ਹੂੰ।
1963 ਵਿੱਚ ਬਣੀ ਫ਼ਿਲਮ ‘ਮੁਝੇ ਜੀਨੇ ਦੋ’ ਦੀ ਇਸ ਲੋਰੀ ਰਾਹੀਂ ਸਾਹਿਰ ਮਾਂ ਦੀਆਂ ਮਮਤਾਮਈ ਭਾਵਨਾਵਾਂ ਦੇ ਵੇਗ ਵਿੱਚ ਡੂੰਘਾ ਉਤਰ ਜਾਂਦਾ ਹੈ। ਉਹ ਮਾਂ ਦੀ ਉਸ ਸੰਕਟਕਾਲੀ ਮਨੋਦਸ਼ਾ ਨੂੰ ਬਾਖ਼ੂਬੀ ਬਿਆਨ ਕਰਦਾ ਹੈ ਜਦੋਂ ਉਹ ਆਪਣੇ ਬੱਚੇ ਨੂੰ ਜਵਾਨੀ ’ਚ ਪੈਰ ਪਾਉਂਦਾ ਵੇਖ ਦੁਆਵਾਂ ਦਿੰਦੀ ਹੈ ਪਰ ਉਸ ਨੂੰ ਚਿੰਤਾ ਵੀ ਹੁੰਦੀ ਹੈ, ‘ਤੇਰੇ ਬਚਪਨ ਕੋ ਜਵਾਨੀ ਕੀ ਦੁਆ ਦੇਤੀ ਹੂੰ, ਔਰ ਦੁਆ ਦੇ ਕੇ ਪ੍ਰੇਸ਼ਾਨ ਸੀ ਹੋ ਜਾਤੀ ਹੂੰ।’
ਸਾਹਿਰ ਦੀ ਜ਼ਿੰਦਗੀ ਵਿੱਚ ਮਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਉਹ ਜਿੱਥੇ ਜਾਂਦਾ, ਮਾਂ ਨੂੰ ਨਾਲ ਲੈ ਕੇ ਜਾਂਦਾ। ਜਿੰਨਾ ਚਿਰ ਮਾਂ ਜਿਉਂਦੀ ਰਹੀ, ਉਸ ਦੀ ਵੇਦਨਾ ਸਾਹਿਰ ਨਾਲ ਰਹੀ। ਮਾਂ ਦੀ ਹੋਂਦ, ਮਾਂ ਦਾ ਪਿਆਰ ਉਸ ਨੂੰ ਸੁਰੱਖਿਆ ਕਵਚ ਵਾਂਗ ਭਾਸਦਾ। ਕਈ ਵਾਰ ਮਾਂ ਪ੍ਰਤੀ ਜ਼ਿੰਮੇਵਾਰੀ ਉਸ ਦੇ ਇਸ਼ਕ ’ਤੇ ਵੀ ਭਾਰੀ ਪਈ। ਉਹ ਹਰ ਇਸ਼ਕੀਆ-ਬੰਧਨ ਵਿੱਚੋਂ ਨਿਕਲਦਾ ਰਿਹਾ ਤੇ ਉਸ ਨੇ ਤਾਉਮਰ ਵਿਆਹ ਨਾ ਕਰਵਾਇਆ। ਉਸ ਦੇ ਦੋਸਤ ਅਹਿਮਦ ਰਾਹੀ ਦੇ ਇਸ ਸਬੰਧੀ ਵੱਖਰੇ ਨਜ਼ਰੀਏ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕੁੱਲੀਯਾਤ-ਏ-ਸਾਹਿਰ ਲੁਧਿਆਣਵੀ’ ਦੀ ਭੂਮਿਕਾ ਵਿੱਚ ਡਾ. ਨਦੀਮ ਅਹਿਮਦ ਨਦੀਮ ਪ੍ਰਗਟ ਕਰਦਾ ਲਿਖਦਾ ਹੈ, ‘ਸਾਹਿਰ ਦੇ ਜੀਵਨ ਵਿੱਚ ਇੱਕ ਹੀ ਮੁਹੱਬਤ ਸੀ, ਇੱਕ ਹੀ ਨਫ਼ਰਤ। ਮੁਹੱਬਤ ਉਸ ਨੇ ਸਿਰਫ਼ ਆਪਣੀ ਮਾਂ ਨਾਲ ਕੀਤੀ ਸੀ ਤੇ ਨਫ਼ਰਤ ਸਿਰਫ਼ ਆਪਣੇ ਬਾਪ ਨਾਲ। ... ਆਪਣੇ ਬਾਪ ਨਾਲ ਸਾਹਿਰ ਦੀ ਨਫ਼ਰਤ ਦਾ ਅਸਲੀ ਕਾਰਨ ਉਸ ਦੀ ਆਪਣੀ ਮਾਂ ਨਾਲ ਮੁਹੱਬਤ ਸੀ। ਉਹ ਮਾਂ, ਜੋ ਸਾਹਿਰ ਵਾਸਤੇ ਸਾਰੀ ਉਮਰ ‘ਇੱਕ ਵਿਧਵਾ ਸੁਹਾਗਣ’ ਬਣੀ ਰਹੀ।’
ਆਪਣੇ ਇਸ ਫ਼ੈਸਲੇ ’ਤੇ ਉਸ ਨੂੰ ਕੋਈ ਮਲਾਲ ਵੀ ਨਹੀਂ ਸੀ। ਉਹ ਮਾਨਸਿਕ ਤੌਰ ’ਤੇ ਇਸ ਸੋਚ ਵਿੱਚੋਂ ਸਕੂਨ ਤੇ ਸੰਤੁਸ਼ਟੀ ਹਾਸਿਲ ਕਰਦਾ ਰਿਹਾ ਕਿ ਉਸ ਨੂੰ ਮਾਂ ਨਾਲ ਪੂਰੀ ਜ਼ਿੰਦਗੀ ਬਿਤਾਉਣ ਦਾ ਸਮਾਂ ਮਿਲਿਆ ਹੈ। ਹਾਂ, ਸਾਹਿਰ ਲੁਧਿਆਣਵੀ ਦੇ ਅਨੇਕ ਫ਼ਿਲਮੀ ਗੀਤਾਂ ਵਿੱਚ ਮਾਂ ਵੱਲੋਂ ਹੰਢਾਏ ਦੁੱਖ-ਤਕਲੀਫ਼, ਉਸ ਨਾਲ ਕੱਟੀਆਂ ਦੁਸ਼ਵਾਰੀਆਂ ਤੇ ਆਪਣੇ ਬੁਰੇ ਦਿਨਾਂ ਦਾ ਚਿਤਰਣ ਜ਼ਰੂਰ ਵਿਖਾਈ ਦਿੰਦਾ ਹੈ। ਇਸ ਦੇ ਨਾਲ ਨਾਲ ਮਾਂ ਦਾ ਉਹ ਪ੍ਰਭਾਵ ਜੋ ਮਾਨਵ-ਧਰਮ ਨੂੰ ਸਭ ਤੋਂ ਉੱਤਮ ਸਿੱਧ ਕਰਦਾ ਹੈ, ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਫਾਕੇ ਕੱਟਦੀ ਮਾਂ ਦਾ ਸਾਥ, ਉਸ ਦੀ ਮਮਤਾ, ਸਿਰੜ, ਤਿਆਗ ਅਤੇ ਮਾਨਵੀ-ਕੀਮਤਾਂ ਉਸ ਦੇ ਅਨੇਕ ਗੀਤਾਂ ਦੀ ਬੁਨਿਆਦ ਬਣਦੀਆਂ ਹਨ:
ਐ ਮੇਰੇ ਨੰਨ੍ਹੇ ਗੁਲਫਾਮ ਮੇਰੀ ਨੀਂਦ ਤੇਰੇ ਨਾਮ।’
(ਜਾਗ੍ਰਿਤੀ 1977-ਆਸ਼ਾ ਭੋਸਲੇ)
ਸ਼ਾਇਰ ਨੇ ਭਲੀਭਾਂਤ ਅਨੁਭਵ ਕੀਤਾ ਕਿ ਔਲਾਦ ਨੂੰ ਫ਼ਰਜ਼ਾਮ ਯਾਨੀ ਲਾਇਕ ਬਣਾਉਣ ਲਈ ਮਾਂ ਨੂੰ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਵੱਲੋਂ ਰਚੇ ਬਹੁਤੇ ਗੀਤ ਸੰਬੋਧਨੀ ਸੁਰ ਅਪਣਾਉਂਦੇ ਹਨ। ਇਸ ਪ੍ਰਸੰਗ ਵਿੱਚ ‘ਤ੍ਰਿਸ਼ੂਲ’ (1978) ਫ਼ਿਲਮ ਦਾ ਇਹ ਗੀਤ ਉਸ ਦੀ ਅਦੁੱਤੀ ਗੀਤਕਾਰੀ ਅਤੇ ਉਸ ਦੀ ਸ਼ਖ਼ਸੀਅਤ ਵਿੱਚੋਂ ਦਿਸਦੇ ਮਾਂ ਦੇ ਅਕਸ ਦੀ ਖ਼ੂਬਸੂਰਤ ਅੱਕਾਸੀ ਕਰਦਾ ਹੈ:
ਤੂ ਮੇਰੇ ਸਾਥ ਰਹੇਗਾ ਮੁੰਨੇ ਤਾ ਕਿ ਤੂ ਦੇਖ ਸਕੇ
ਕਿਤਨੇ ਪਾਂਵ ਮੇਰੀ ਮਮਤਾ ਕੇ ਕਲੇਜੇ ਮੇਂ ਪੜੇ
ਕਿਤਨੇ ਖੰਜਰ ਮੇਰੀ ਆਂਖੋਂ, ਮੇਰੇ ਕਾਨੋਂ ਪੇ ਪੜੇ।
ਮੈਂ ਤੁਝੇ ਰਹਿਮ ਕੇ ਸਾਏ ਮੇਂ ਨਾ ਪਲਨੇ ਦੂੰਗੀ,
ਤਾ ਕਿ ਤਪ-ਤਪ ਕੇ ਤੂ ਫੌਲਾਦ ਬਨੇ।
ਮਾਂ ਕੀ ਔਲਾਦ ਬਨੇ, ਮਾਂ ਕੀ ਔਲਾਦ ਬਨੇ।
ਸਾਹਿਰ ਦੀ ਅਜਿਹੀ ਸ਼ਾਇਰੀ ਨੂੰ ਮਾਣਦਿਆਂ ਜਾਪਦਾ ਹੈ ਜਿਵੇਂ ਉਸ ਦੀ ਰੂਹ ਵਿੱਚ ਬੈਠੀ ਮਾਂ ਹੀ ਉਸ ਕੋਲੋਂ ਗੀਤ ਲਿਖਵਾਉਂਦੀ ਹੈ ਤੇ ਸਾਹਿਰ ਦੀ ਕਲਮ ਕੇਵਲ ਗੀਤ-ਸਿਰਜਣਾ ਦਾ ਮਾਧਿਅਮ ਬਣਦੀ ਹੈ। ਸਾਹਿਰ ਦੀ ਸ਼ਾਇਰੀ ਵਿੱਚ ਪ੍ਰੇਮ ਦਾ ਜਜ਼ਬਾ ਤੀਬਰ ਵੇਗ ਵਿੱਚ ਵਗਦਾ ਹੋਇਆ ਅਨੇਕ ਰੂਪ ਵਟਾਉਂਦਾ ਹੈ। ਕਦੇ ਮੋਹ ਬਣਦਾ ਹੈ ਤੇ ਕਦੇ ਮਮਤਾ, ਕਦੇ ਇਸ਼ਕ ਬਣਦਾ ਹੈ ਤੇ ਕਦੇ ਸ਼ਰਧਾ। ਆਮ ਬੋਲ-ਚਾਲ ਵਿੱਚ ਇਨ੍ਹਾਂ ਵਿਕਲਪਾਂ ਲਈ ‘ਮੁਹੱਬਤ’ ਸ਼ਬਦ ਵੀ ਇਸਤੇਮਾਲ ਕਰ ਲਿਆ ਜਾਂਦਾ ਹੈ। ਸਾਹਿਰ ਦੇ ਪ੍ਰਸੰਗ ਵਿੱਚ ਵੇਖੀਏ ਤਾਂ ਉਸ ਵੱਲੋਂ ਲਿਖੇ ਗਏ ਫ਼ਿਲਮੀ ਗੀਤਾਂ ਵਿੱਚੋਂ ਇਹ ਸਪਸ਼ਟ ਸੰਕੇਤ ਮਿਲਦਾ ਹੈ ਕਿ ਜਿਵੇਂ ਮਾਂ ਦੀ ਮੁਹੱਬਤ ਦੇ ਤੁਲ ਦੁਨੀਆ ਦੀ ਕੋਈ ਦੌਲਤ ਨਹੀਂ ਹੁੰਦੀ, ਉਵੇਂ ਉਸ ਵੱਲੋਂ ਆਪਣੀ ਸੰਤਾਨ ਪ੍ਰਤੀ ਸੰਜੋਏ ਜਾਣ ਵਾਲੇ ਸੁਪਨਿਆਂ ਦੀ ਵੀ ਕੋਈ ਹੱਦ ਨਹੀਂ ਹੁੰਦੀ। ਇਨ੍ਹਾਂ ਗੀਤਾਂ ਵਿੱਚ ਸਿਰਫ਼ ਪੁੱਤਰ, ਮਾਂ ਨਾਲ ਸੰਵਾਦ ਰਚਾਉਂਦਾ ਤੇ ਆਪਣਾ ਫ਼ਿਕਰ ਜ਼ਾਹਰ ਕਰਦਾ ਹੀ ਦਿਖਾਈ ਨਹੀਂ ਦਿੰਦਾ, ਸਗੋਂ ਪੁੱਤਰ ਨੂੰ ਲੈ ਕੇ ਮਾਂ ਦੇ ਸੁਫਨੇ ਵੀ ਦਿਖਾਈ ਦਿੰਦੇ ਹਨ। ਮਾਂ ਵੱਲੋਂ ਪੁੱਤਰ ਨੂੰ ਮਜ਼ਹਬੀ ਦੀਵਾਰਾਂ ਤੋਂ ਪਾਰ ਇਨਸਾਨੀ ਮੁੱਲਾਂ ਨਾਲ ਜੁੜਨ ਦੀ ਪ੍ਰੇਰਣਾ ਦੇਣ ਵਾਲਾ ਇਹ ਨਗਮਾ ਸਾਹਿਰ ਦੀ ਗੀਤਕਾਰੀ ਦਾ ਮਿਸਾਲੀ ਨਮੂਨਾ ਹੈ:
ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ
ਇਨਸਾਨ ਕੀ ਔਲਾਦ ਹੈ... ਇਨਸਾਨ ਬਨੇਗਾ।
ਸਾਹਿਰ ਦੇ ਗੀਤ ਸਮਾਜਿਕ-ਆਰਥਿਕ ਨਾਬਰਾਬਰੀ, ਸਮਾਜ ਦੀਆਂ ਬੇਇਨਸਾਫ਼ੀਆਂ, ਮਰਦ ਦਾ ਔਰਤ ਪ੍ਰਤੀ ਕਰੂਰ ਤੇ ਨਿਰਾਦਰ ਭਰੇ ਵਿਹਾਰ, ਸਵਾਰਥੀ ਹਿਤਾਂ ਲਈ ਦੂਜਿਆਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰਨ ਵਾਲੀ ਸਾਮੰਤਵਾਦੀ ਪ੍ਰਣਾਲੀ ਦੀ ਹਉਮੈਵਾਦੀ ਸੋਚ ਤੇ ਮਾਨਵੀ ਰਿਸ਼ਤਿਆਂ ਨੂੰ ਤਬਾਹ ਕਰਨ ਵਾਲੇ ਮੁੱਲਾਂ ਵਰਗੇ ਵਿਸ਼ਿਆਂ ਨੂੰ ਵੀ ਆਪਣੀ ਕਲਮ ਦੇ ਕਲਾਵੇ ਵਿੱਚ ਲੈਂਦੇ ਹਨ। ਇਸ ਦਰਦ ਦੇ ਬਾਵਜੂਦ ਮਾਂ ਦੀ ਉਸਾਰੂ ਸੋਚ, ਦੇਵਤਵ ਵਰਗੀ ਨਿਸਵਾਰਥ ਮੁਹੱਬਤ, ਤਿਆਗ ਅਤੇ ਸਾਧਨਾ, ਸਾਹਿਰ ਦੇ ਦਿਲ-ਦਿਮਾਗ਼ ਨੂੰ ਪਵਿੱਤਰਤਾ ਅਤੇ ਸ਼ੁੱਧਤਾ ਬਖ਼ਸ਼ਦੇ ਹਨ, ਜਿਸ ਨਾਲ ਉਹ ਇੱਕ ਆਦਰਸ਼ ਵਿਅਕਤੀ ਬਣਨ ਦੀ ਕੋਸ਼ਿਸ਼ ਕਰਦਾ ਹੈ। ਕਵੀ ਦੇ ਜੀਵਨ ਵਿੱਚ ਮਾਂ ਦੀ ਤੇਜਸਵੀ ਤੇ ਬਾਗ਼ੀ ਸ਼ਖ਼ਸੀਅਤ, ਉਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਰਹੀ ਹੈ। ਇਹੀ ਕਾਰਨ ਹੈ ਕਿ ਮਾਂ ਦੀ ਇਸ ਮਹੱਤਤਾ ਨੇ ਉਸ ਦੀ ਰਚਨਾਤਮਕਤਾ ਅਤੇ ਜੀਵਨ ਦੋਵਾਂ ਨੂੰ ਸਰਵੋਤਮ ਬਣਾਇਆ। ਇਸੇ ਲਈ ਉਸ ਦੀ ਕਲਮ ਲਿਖਦੀ ਹੈ ‘ਨਾ ਮੂੰਹ ਛੁਪਾ ਕੇ ਜੀਓ, ਔਰ ਨਾ ਸਰ ਝੁਕਾ ਕੇ ਜੀਓ।’ ਸਾਹਿਰ ਦੇ ਇਹ ਲਫ਼ਜ਼ ਬੇਵੱਸ, ਲਾਚਾਰ ਤੇ ਜ਼ੁਲਮ ਦਾ ਸ਼ਿਕਾਰ ਹੋਈ ਹਰ ਧਿਰ ਦੇ ਮਨ ਵਿੱਚ ਨਵੀਂ ਊਰਜਾ ਪੈਦਾ ਕਰਦੇ ਹਨ ਕਿ ਸਮਾਜ ਵਿੱਚ ਵਿਚਰਨਾ ਹੈ ਤਾਂ ਆਪਣੇ ਅੰਦਰ ਅਣਖ, ਗ਼ੈਰਤ ਤੇ ਖੁੱਦਾਰੀ ਨਾਲ ਜਿਉਣ ਦੀ ਤਮੰਨਾ ਪੈਦਾ ਕਰਨੀ ਪਵੇਗੀ। ਅਜਿਹਾ ਕਰਕੇ ਹੀ ਆਪਣੀ ਹੋਂਦ ਨੂੰ ਖੁਰਨ ਤੋਂ ਬਚਾਇਆ ਜਾ ਸਕਦਾ ਹੈ। ਹਰ ਔਕੜ ਨੂੰ ਠੋਕਰ ਮਾਰ ਕੇ ਮੰਜ਼ਿਲ ਵੱਲ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਾਲੀਆਂ ਉਸ ਦੀਆਂ ਇਹ ਸਤਰਾਂ ਨਿਰਾਸ਼ਾ ਨੂੰ ਆਸ ਵਿੱਚ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਵੱਖ-ਵੱਖ ਫ਼ਿਲਮਾਂ ਵਿੱਚ ਆਦਮੀ-ਔਰਤ ਦੇ ਵੱਖ-ਵੱਖ ਕਿਰਦਾਰਾਂ ਦੇ ਮੱਦੇਨਜ਼ਰ ਸਾਹਿਰ ਲੁਧਿਆਣਵੀ ਵੱਲੋਂ ਲਿਖੇ ਗੀਤ ਜਿੱਥੇ ਫ਼ਿਲਮ ਦੀ ਕਹਾਣੀ ਨੂੰ ਨਾਲ ਲੈ ਕੇ ਚੱਲਦੇ ਹਨ, ਉੱਥੇ ਸਾਹਿਰ ਵੱਲੋਂ ਹਰ ਗੀਤ ਵਿੱਚ ਵਰਤੀ ਗਈ ਵੱਖਰੀ ਕਿਸਮ ਦੀ ਸ਼ਬਦਾਵਲੀ ਉਸ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਹੈ। 1930-40 ਦੇ ਸਮਾਜ ਵਿੱਚ ਸਾਹਿਰ ਦੀ ਮਾਂ ਨੇ ਮਰਦ ਪ੍ਰਧਾਨ ਸਮਾਜ ਨੂੰ ਚੁਣੌਤੀ ਦਿੰਦਿਆਂ ਆਪਣੇ ਖਾਵੰਦ ਤੋਂ ਵੱਖ ਹੋ ਕੇ ਪੁੱਤਰ ਨੂੰ ਪਾਲਿਆ। ਉਸ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ ਤੇ ਸਮਾਜ ਦੀ ਦਕਿਆਨੂਸੀ ਸੋਚ ਵਿਰੁੱਧ ਲੜੀ। ਉਸ ਨੇ ਵਿਸਵੇਦਾਰ ਪਤੀ ਨਾਲ ਦਸਤਪੰਜਾ ਲੈਂਦਿਆਂ ਕੋਰਟ ਦੇ ਰਾਹ ਪੈ ਕੇ ਲਗਪਗ ਇੱਕ ਸਦੀ ਪਹਿਲਾਂ ਆਪਣੇ ਦਮ ’ਤੇ ਜ਼ਿੰਦਗੀ ਜਿਊਣ ਦੀ ਹਿੰਮਤ ਦਿਖਾਈ। ਸਾਹਿਰ ਨੇ ਮਾਂ ਦੇ ਇਸ ਰੂਪ ਨੂੰ ਅੱਖੀਂ ਵੇਖਿਆ ਸੀ, ਜਿਸ ਦੀ ਗਵਾਹੀ ਉਸ ਦਾ ਇਹ ਗੀਤ ‘ਜਬ ਜੀ ਚਾਹਾ ਮਸਲਾ, ਖੇਲਾ। ਜਬ ਜੀ ਚਾਹਾ ਧਿੱਕਾਰ ਦੀਆ’ ਭਰਦਾ ਹੈ।
ਉਹ ਉਸ ਤਾਸੀਰ ਦੀ ਆਵਾਜ਼ ਵੀ ਬਣਦਾ ਹੈ ਜੋ ਦੂਜੇ ਲਈ ਸ਼ਕਤੀ ਬਣ ਸਕਦੀ ਹੈ। ਸੰਨ 1964 ’ਚ ਬਣੀ ਫ਼ਿਲਮ ‘ਸ਼ਗੁਨ’ ਦੀ ਇੱਕ ਪਰਿਸਥਿਤੀ ਨੂੰ ਉਹ ਮਾਂ ਦੇ ਪਰਿਪੇਖ ਵਿੱਚ ਵਿਚਾਰਦਿਆਂ ਇਹ ਭਾਵਪੂਰਤ ਗੀਤ ਲਿਖਦਾ ਹੈ:
ਤੁਮ ਅਪਨਾ ਰੰਜ-ਓ-ਗ਼ਮ ਅਪਨੀ ਪ੍ਰੇਸ਼ਾਨੀ ਮੁਝੇ ਦੇ ਦੋ।
ਮੈਂ ਦੇਖੂੰ ਤੋ ਸਹੀ ਯੇ ਦੁਨੀਆ ਤੁਮਹੇ ਕੈਸੇ ਸਤਾਤੀ ਹੈ।
ਕਝ ਦਿਨ ਕੇ ਲਿਏ ਅਪਨੀ ਨਿਗ੍ਹੇਬਾਨੀ ਮੁਝੇ ਦੇ ਦੋ।
ਅਖ਼ੀਰ ’ਤੇ ਕਿਹਾ ਜਾ ਸਕਦਾ ਹੈ ਕਿ ਗੀਤਾਂ ਦੇ ਵਣਜਾਰੇ ਸਾਹਿਰ ਲੁਧਿਆਣਵੀ ਕੋਲ ਆਪਣੀ ਗੱਲ ਕਹਿਣ ਦਾ ਨਿਵੇਕਲਾ ਤੇ ਮਨਮੋਹਕ ਅੰਦਾਜ਼ ਸੀ। ਅੱਜ ਜਦੋਂ ਨਾਰੀ ਸਸ਼ਕਤੀਕਰਨ ਦਾ ਮੁੱਦਾ ਜ਼ੋਰ ਫੜ ਚੁੱਕਾ ਹੈ ਤਾਂ ਸਾਹਿਰ ਦਾ ਮਾਤ-ਪ੍ਰੇਮ ਅਤੇ ਉਸ ਦੀ ਜ਼ਿੰਦਗੀ ਵਿੱਚ ਮਾਂ ਦੀ ਭੂਮਿਕਾ ਹੋਰ ਵੀ ਉਘੜਵੇਂ ਰੂਪ ਵਿੱਚ ਉਜਾਗਰ ਹੁੰਦੀ ਹੈ। ਸਾਹਿਰ ਨੇ ਮਾਂ ਤੋਂ ਅਸਰਅੰਦਾਜ਼ ਹੁੰਦਿਆਂ ਅੱਧੀ ਸਦੀ ਪਹਿਲਾਂ ਆਪਣੇ ਗੀਤਾਂ ਜ਼ਰੀਏ ਸਮਾਜ ਵਿੱਚ ਔਰਤ ਦੇ ਸਤਿਕਾਰ, ਅਧਿਕਾਰਾਂ ਅਤੇ ਬਰਾਬਰੀ ਦੀ ਗੱਲ ਕੀਤੀ ਅਤੇ ਸਮਾਜ ਦੀ ਕਮਜ਼ੋਰ ਕੜੀ ਵਿੱਚ ਤਾਕਤ ਭਰਨ ਦਾ ਉਪਰਾਲਾ ਕਰਦਿਆਂ ਨਾਰੀ-ਚੇਤਨਾ ਦਾ ਪੈਗਾਮ ਦਿੱਤਾ ਹੈ। ਇਸ ਰਾਹ ’ਤੇ ਚੱਲਦਿਆਂ ਉਹ ਉਸ ਤਹਿਰੀਕ ਨਾਲ ਵੀ ਜੁੜਿਆ ਜਿਸ ਦੀ ਮਜ਼ਲੂਮਾਂ, ਗਰੀਬਾਂ ਅਤੇ ਦੱਬੀ-ਕੁਚਲੀ ਧਿਰ ਨਾਲ ਹਮਦਰਦੀ ਸੀ। ਸਾਹਿਰ ਲੁਧਿਆਣਵੀ ਦੀ ਕਲਮ ਤੋਂ ਨਿਕਲੇ ਉਹ ਗੀਤ, ਜਿਨ੍ਹਾਂ ਵਿੱਚ ਮਾਂ ਦਾ ਪੁੱਤਰ ਲਈ ਤੇ ਪੁੱਤਰ ਦਾ ਮਾਂ ਲਈ ਜਿਹੜਾ ਲਫ਼ਜ਼-ਬ-ਲਫ਼ਜ਼ ਪਿਆਰ ਝਲਦਦਾ ਹੈ, ਉਹ ਸਿਰਫ਼ ਜ਼ਜਬਾਤ ਨਹੀਂ, ਉਸ ਦੀ ਜ਼ਿੰਦਗੀ ਦੇ ਉਜੜੇ ਪਲਾਂ ਦੀ ਸੰਭਾਲੀ ਹੋਈ ਯਾਦ ਹਨ। ਅਜਿਹੇ ਗੀਤਾਂ ਵਿੱਚੋਂ ਮਾਂ-ਪੁੱਤਰ ਦੇ ਸੁਫਨੇ, ਅਧੂਰੀਆਂ ਰਹਿ ਗਈਆਂ ਕਾਮਨਾਵਾਂ ਤੇ ਮਾਂ ਦੀ ਉਹ ਨਿਸਵਾਰਥ ਮਮਤਾ ਝਲਕਦੀ ਹੈ, ਜੋ ਉਹ ਆਪਣੇ ਬੱਚੇ ਦੀ ਸ਼ਖ਼ਸੀਅਤ ਨਿਖਾਰਨ ਲਈ ਤਿਆਗ ਨਾਲ ਭਰ ਕੇ ਪੇਸ਼ ਕਰਦੀ ਹੈ। ਇਨ੍ਹਾਂ ਗੀਤਾਂ ਵਿੱਚ ਮਾਂ ਇੱਕ ਰੌਸ਼ਨੀ ਬਣ ਕੇ ਸਾਹਿਰ ਦੀ ਰੂਹ ਵਿੱਚ ਵੱਸਦੀ ਹੈ, ਜਿੱਥੇ ਉਹਦੀ ਸਾਫ਼ ਸੋਚ, ਸੰਘਰਸ਼ ਅਤੇ ਤਰੱਕੀਪਸੰਦ ਨਜ਼ਰੀਆ ਉਸ ਦੇ ਅੰਦਰਲੇ ਕਵੀ ਨੂੰ ਸੰਵੇਦਨਾ ਅਤੇ ਬਾਗ਼ੀਆਨਾ ਬਿਰਤੀ ਨਾਲ ਰੰਗ ਦਿੰਦੇ ਹਨ। ਇਉਂ, ਮਾਂ-ਪੁੱਤਰ ਦੇ ਅਹਿਸਾਸ ਦੇ ਤਲਿਸਮੀ ਸਬੰਧ ਨੂੰ ਛੂੰਹਦੇ ਗੀਤ ਸਾਹਿਰ ਲੁਧਿਆਣਵੀ ਨੂੰ ਕਾਵਿ-ਅਸਮਾਨ ’ਚ ਵੱਡਾ ਤਾਰਾ ਬਣਾਉਂਦੇ ਹਨ, ਜੋ ਦੂਜੇ ਨਗ਼ਮਾਨਿਗਾਰਾਂ ਤੋਂ ਵੱਖਰਾ ਅਤੇ ਹਮੇਸ਼ਾ ਲਈ ਯਾਦਗਾਰ ਬਣ ਜਾਂਦਾ ਹੈ।
* ਮੁਖੀ, ਪੰਜਾਬੀ ਵਿਭਾਗ ਤੇ ਕੋਆਰਡੀਨੇਟਰ ਪ੍ਰੋ. ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 85678-86223

