ਸ਼ਾਹ ਦੀ ਕੰਜਰੀ
ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਕਵਿਤਾਵਾਂ ਰਾਹੀਂ ਹੀ ਨਹੀਂ ਸਗੋਂ ਕਹਾਣੀਆਂ ਵਿੱਚ ਵੀ ਔਰਤ ਮਨ ਦੀਆਂ ਪਰਤਾਂ ਨੂੰ ਉਘੇੜਿਆ ਹੈ। ਉਸ ਦੀ ਲਿਖੀ ਹਥਲੀ ਕਹਾਣੀ ‘ਸ਼ਾਹ ਦੀ ਕੰਜਰੀ’ ਵਿੱਚ ਸ਼ਾਹ ਦੀ ਵਿਆਹੁਤਾ ਪਤਨੀ ਅਤੇ ਉਸ ਦੇ ਵਿਆਹ ਤੋਂ ਬਾਹਰੇ ਸਬੰਧਾਂ ਵਾਲੀ ਔਰਤ ਦਰਮਿਆਨ ਸੰਵਾਦ ਉਨ੍ਹਾਂ ਦੋਵਾਂ ਦੇ ਮਨਾਂ ਦੀਆਂ ਗੁੰਝਲਾਂ ਤੇ...
ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਕਵਿਤਾਵਾਂ ਰਾਹੀਂ ਹੀ ਨਹੀਂ ਸਗੋਂ ਕਹਾਣੀਆਂ ਵਿੱਚ ਵੀ ਔਰਤ ਮਨ ਦੀਆਂ ਪਰਤਾਂ ਨੂੰ ਉਘੇੜਿਆ ਹੈ। ਉਸ ਦੀ ਲਿਖੀ ਹਥਲੀ ਕਹਾਣੀ ‘ਸ਼ਾਹ ਦੀ ਕੰਜਰੀ’ ਵਿੱਚ ਸ਼ਾਹ ਦੀ ਵਿਆਹੁਤਾ ਪਤਨੀ ਅਤੇ ਉਸ ਦੇ ਵਿਆਹ ਤੋਂ ਬਾਹਰੇ ਸਬੰਧਾਂ ਵਾਲੀ ਔਰਤ ਦਰਮਿਆਨ ਸੰਵਾਦ ਉਨ੍ਹਾਂ ਦੋਵਾਂ ਦੇ ਮਨਾਂ ਦੀਆਂ ਗੁੰਝਲਾਂ ਤੇ ਉਲਝਣਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ ਹਨ।
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ...।
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ’ਚ ਉਹਦੀ ਨੱਥ ਲੱਥੀ ਸੀ। ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ, ਪਰ ਫਿਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿੱਚ ਆ ਗਈ ਸੀ। ਉਹੀਓ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ- ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜੀਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ, ਪਰ ਸਾਰੇ ਘਰਾਂ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ।”
ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਨ੍ਹਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਸ਼ਾਹਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਜੋ ਲੱਖੋਂ ਕੱਖ ਕਰਦਾ ਏ ਤੇ ਕੱਖੋਂ ਲੱਖ। ਜੀਹਨੂੰ ਪੁੱਠਾ ਪੈ ਜਾਏ, ਉਹਦਾ ਲੱਖੋਂ ਕੱਖ ਕਰ ਦੇਂਦਾ ਏ। ਪਰ ਜੀਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ...।”
“ਪਰ ਉਹੀਓ ਇੱਕ ਦਿਨ ਘਰ ਉਜਾੜ ਦੇਵੇਗੀ, ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ ਉਸੇ ਪਾਸਿਉਂ ਦਲੀਲ ਦਿੱਤੀ ਸੀ, ਜਿਸ ਪਾਸਿਉਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ ਕਿ ਇਨ੍ਹਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ਬਾਗ ਦਿਖਾਏ... ਤੇ ਜੇ ਇਹ ਹੱਥੋਂ ਨਿਕਲ ਗਈ ਤਾਂ ਲੱਖੋਂ ਕੱਖ ਹੋ ਜਾਣਾ ਏਂ।” ਸ਼ਾਹ ਨੇ ਫਿਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ਼ ਵਕਤ ਕੋਲ ਰਹਿ ਗਈ ਸੀ ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚਮੁੱਚ ਜਿੰਨੇ ਪੈਸੇ ਨੀਲਮ ਉੱਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ ਰੁੜ੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ ਸ਼ਹਿਰ ਦੇ ਛੋਟੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜੀਹਦੇ ਵਿੱਚ ਬੜੇ ਸਰਦੇ-ਪੁੱਜਦੇ ਕਿਰਾਏਦਾਰ ਸਨ ਤੇ ਜੀਹਦੇ ਵਿੱਚ ਤਹਿਖ਼ਾਨੇ ਵਾਲੇ ਘਰ ਦਾ ਉਹਦੀ ਸ਼ਾਹਣੀ ਕਦੇ ਇੱਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ ਸ਼ਾਹ ਨੂੰ ਆਖਿਆ ਸੀ, ‘‘ਉਹਨੂੰ ਭਾਵੇਂ ਹੋਟਲ ਵਿੱਚ ਰੱਖ ਤੇ ਭਾਵੇਂ ਤਾਜਮਹੱਲ ਪੁਆ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ। ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ।’’ ਤੇ ਸੱਚਮੁੱਚ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲੇ ਪੜ੍ਹਦਾ ਸੀ ਤੇ ਹੁਣ ਉਹ ਵਿਆਹੁਣ ਜੋਗਾ ਹੋ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗਾਉਣਾਂ ਵਾਲੇ ਤਵੇ ਘਰ ਵਿੱਚ ਵੜਨ ਦਿੱਤੇ ਸਨ ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗਾਉਣ ਸੁਣੇ ਹੋਏ ਸਨ ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ - “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜ਼ੀ ਬੈਠੇ ਹੋਏ ਸਨ, ਕੋਈ ਸੂਟਾਂ ਉੱਤੇ ਸਿਲਮਾ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ- ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ ਤੇ ਫਿਰ ਹੋਰ ਥੈਲੀ ਭਰਨ ਲਈ ਤਹਿਖਾਨੇ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਦੇ ਵਿਆਹ ’ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ, ਗੱਲ ਉਨ੍ਹਾਂ ਨੇ ਬੜੇ ਤਰੀਕੇ ਨਾਲ ਆਖੀ ਸੀ ਤਾਂ ਕਿ ਸ਼ਾਹਣੀ ਕਿਤੇ ਵੱਟ ਨਾ ਖਾ ਜਾਏ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗਾਉਣ ਨੱਚਣ ਵਾਲੀਆਂ, ਜੀਹਨੂੰ ਮਰਜ਼ੀ ਜੇ ਬੁਲਾਉ, ਪਰ ਉੱਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਲਾ ਜਾਵੇ।”
ਫਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉੱਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ। ਉਹਦੇ ਵਿੱਚ ’ਕੱਲੇ-’ਕੱਲੇ ਵੱਡੇ ਕਮਰੇ ਵੀ ਸਨ, ਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ। ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖ਼ੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ’ਤੇ ਜਾਣ ਵਾਲੀ ਗੱਲ ਹੋਈ।” ਇੱਕ ਨੇ ਉਜਰ ਕੀਤਾ ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖ਼ੁਸ਼ੀ ਕਰਨੀ ਏ, ਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ...।”
ਗੱਲ ਸ਼ਾਹ ਦੇ ਮਨ ਲੱਗਦੀ ਸੀ। ਇਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰਹਾਜ਼ਰੀ ਵਿੱਚ ਹੁਣ ਕੋਈ ਹੋਰ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) ਤੇ ਦੂਸਰਾ ਏਸ ਗੱਲੋਂ ਵੀ ਕਿ ਉਹ ਚਾਹੁੰਦਾ ਸੀ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ, ਉਹਦੇ ਘਰ ਦੀ ਤੜਕ-ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ ਯਾਰਾਂ ਵਿੱਚੋਂ ਹੀ ਦੋਂਹ ਨੇ ਰਾਹ ਕੱਢਿਆ ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦਾ ਵਿਆਹ ਦਾ ਗਾਉਣ ਨਹੀਂ ਬਿਠਾਉਣਾ? ਅਸਾਂ ਤਾਂ ਸਾਰੀ ਖ਼ੁਸ਼ੀ ਕਰਨੀ ਏ। ਸ਼ਾਹ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜੜ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗਾਉਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ? ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵੀ ਹੋ ਜਾਵੇਗੀ ਤੇ ਰੁਪੱਈਆ ਉਜੜਨੋਂ ਬਚ ਜਾਵੇਗਾ।”
ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਠਰੰਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖ਼ੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਦਿਆਂ ਉਹਨੂੰ ਖ਼ਿਆਲ ਆਉਂਦਾ ਹੁੰਦਾ ਸੀ, ਇੱਕ ਵਾਰੀ ਵੇਖਾਂ ਤਾਂ ਸਹੀ, ਕਿਹੋ ਜਿਹੀ ਏ? ਉਹਨੇ ਕਦੀ ਉਹ ਵੇਖੀ ਨਹੀਂ ਸੀ, ਪਰ ਕਿਆਸੀ ਜ਼ਰੂਰ ਸੀ - ਭਾਵੇਂ ਡਰ ਕੇ ਸਹਿਮ ਕੇ ਤੇ ਭਾਵੇਂ ਇੱਕ ਕਰਿਹਤ ਨਾਲ। ਸ਼ਹਿਰ ਵਿੱਚੋਂ ਲੰਘਦਿਆਂ ਵੜਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ ਤਾਂ ਨਾ ਸੋਚਣਾ ਚਾਹੁੰਦੀ ਵੀ ਸੋਚ ਜਾਂਦੀ- ਕੀ ਪਤਾ ਉਹੀਓ ਹੋਵੇ?
“ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ,” ਉਹ ਮਨ ਵਿੱਚ ਘੁਲ ਜਹੀ ਗਈ, “ਜੋ ਉਹਨੇ ਮੇਰਾ ਵਿਗਾੜਣਾ ਸੀ, ਵਿਗਾੜ ਲਿਆ, ਹੁਣ ਹੋਰ ਕੀ ਕਰ ਲੈਣਾ ਏ! ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, “ਇੱਥੇ ਨਾ ਸ਼ਰਾਬ ਉੱਡੇਗੀ, ਨਾ ਕਬਾਬ। ਭਲੇ ਘਰਾਂ ਵਿੱਚ ਜਿਵੇਂ ਗਾਉਣ ਬਹਿੰਦੇ ਨੇ, ਉਸੇ ਤਰ੍ਹਾਂ ਗਾਉਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ ਤੇ ਸਿੱਧੀ ਤਰ੍ਹਾਂ ਗਾ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਪਾ ਦਿਆਂਗੀ, ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਜੋ ਘੋੜੀਆਂ ਗਾਉਣਗੀਆਂ।”
“ਇਹੋ ਹੀ ਤੇ ਭਾਬੀ, ਅਸੀਂ ਕਹਿਨੇ ਆਂ।” ਸ਼ਾਹ ਦੇ ਦੋਸਤਾਂ ਨੇ ਫੁਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ, ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ...।
ਬੱਘੀ ਬੂਹੇ ਅੱਗੇ ਆ ਖਲੋਤੀ ਤਾਂ ਮੇਲਣਾਂ ਵਿੱਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ...
“ਨੀਂ ਬਦਸ਼ਗਨੀ ਕਿਉਂ ਕਰਦੀਆਂ ਹੋ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ,” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ, ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ...
ਉਹ ਪੌੜੀਆਂ ਚੜ੍ਹ ਕੇ ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸ਼ਗਨਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ...
ਸਾਹਮਣੇ ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਿਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ਼ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ ਵਿੱਚ ਫੈਲ ਗਿਆ ਹੈ...
ਫੇਰ ਕੱਚ ਦੀਆਂ ਚੂੜੀਆਂ ਦੀ ਛਣ ਛਣ ਹੋਈ ਤਾਂ ਸ਼ਾਹਣੀ ਨੇ ਵੇਖਿਆ ਕਿ ਇੱਕ ਗੋਰਾ ਗੋਰਾ ਹੱਥ, ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼, “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂ...”
ਉਹ ਬੜੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋਅ ਵਾਲੇ ਸਿਰਹਾਣੇ ਵੱਲ ਹੱਥ ਕਰਕੇ ਬਹਿਣ ਲਈ ਆਖਿਆ ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੜੀ ਹੀ ਬੇਡੌਲੀ ਲਗਦੀ ਪਈ ਹੈ...
ਕਮਰੇ ਦੀ ਗੁੱਠੇ ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ ਤੇ ਫਿਰ ਪਰ੍ਹਾਂ ਢੋਅ ਵਾਲੇ ਸਰਹਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫਿਰ ਛਣਕੀਆਂ ਸਨ। ਸ਼ਾਹਣੀ ਨੇ ਇੱਕ ਵਾਰੀ ਫਿਰ ਉਹਦੀਆਂ ਬਾਹਵਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ ਤੇ ਫਿਰ ਸੁਭਾਵਿਕ ਹੀ ਆਪਣੀਆਂ ਬਾਹਵਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ...।
ਕਮਰੇ ਵਿੱਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉੱਤੇ ਕਰੋਧ ਜਿਹਾ ਆ ਗਿਆ...। ਉਹ ਫਿਰ ਇੱਕ ਵਾਰੀ ਆਖਣਾ ਚਾਹੁੰਦੀ ਸੀ- ਨੀਂ ਬਦਸ਼ਗਨੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ... ਪਰ ਉਹਦੀ ਆਵਾਜ਼ ਉਹਦੇ ਸੰਘ ਵਿੱਚ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਨ੍ਹਾਂ ਦੇ ਸੰਘ ਵਿੱਚ ਮੇਲੀ ਗਈ ਸੀ, ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ...।
ਚੁੱਪ ਉਸੇ ਨੇ ਤੋੜੀ, ਜਿਹਦੇ ਪਿੱਛੇ ਚੁੱਪ ਛਾ ਗਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸ਼ਗਨ ਕਰਾਂਗੀ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ...”
ਸ਼ਾਹਣੀ ਨੂੰ ਅਚਾਨਕ ਠਰ੍ਹੰਮਾ ਜਿਹਾ ਆ ਗਿਆ। ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ ਤੇ ਉਹਦਾ ਮਰਦ ਵੀ ਸਿਰਫ਼ ਉਹਦਾ ਮਰਦ ਹੈ ਤਾਹੀਏਂ ਤਾਂ ਮਾਂ ਸੁਹਾਗਣ ਹੈ...
ਸ਼ਾਹਣੀ ਹੱਸਦੇ ਜਿਹੇ ਮੂੰਹ ਨਾਲ ਉਹਦੇ ਅਸਲੋਂ ਸਾਹਮਣੇ ਬਹਿ ਗਈ, ਜੋ ਇਸ ਵੇਲੇ ਉਹਦੇ ਪੁੱਤਰ ਦੇ ਸ਼ਗਨ ਕਰਦੀ ਪਈ ਸੀ।
ਘੋੜੀ ਖ਼ਤਮ ਹੋਈ ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫਿਰ ਕੁਝ ਸੁਭਾਵਿਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈ, “ਢੋਲਕੀ ਰੋੜੇ ਵਾਲਾ ਗੀਤ”। ਮਰਦਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”
ਗਾਉਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿੱਚ ਆ ਗਈ। ਸ਼ਾਇਦ ਇਸ ਲਈ ਕਿ ਗਾਉਣ ਵਾਲੀ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ...।
ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ ਤੇ ਕਈ ਉਨ੍ਹਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ, “ਉਹੀਓ ਹੀ ਏ ਸ਼ਾਹ ਦੀ ਕੰਜਰੀ...” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਆਵਾਜ਼ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ- ਸ਼ਾਹ ਦੀ ਕੰਜਰੀ... ਸ਼ਾਹ ਦੀ ਕੰਜਰੀ... ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ...।
ਏਨੇ ਨੂੰ ਢੋਲਕੀ ਦੀ ਆਵਾਜ਼ ਉੱਚੀ ਹੋ ਗਈ ਤੇ ਨਾਲ ਹੀ ਗਾਉਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ...” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ। ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁਖ ਨਾਲ ਅੱਜ ਘੋੜੀ ਚੜ੍ਹਨ ਵਾਲਾ ਮੇਰਾ ਪੁੱਤਰ...।
ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗਾਉਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿੱਚ ਵਿੱਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ,” ਪਰ ਕੀਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼... ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇੱਕ ਪਿੱਛੋਂ ਝੱਟ ਦੂਜਾ ਕੁਝ ਹੋਰ ਛੋਹ ਦੇਂਦੀ ਸੀ। ਗੀਤਾਂ ਦੀ ਗੱਲ ਹੋਰ ਸੀ, ਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ “ਉੱਠ ਨੀ ਸਾਹਿਬਾਂ ਸੁੱਤੀਏ! ਉੱਠ ਕੇ ਦੇਹ ਦੀਦਾਰ...” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰਾਂ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ, ਉਹ ਪੱਥਰ ਹੋ ਗਿਆ ਹੈ...।
ਸ਼ਾਹਣੀ ਦੇ ਕਲੇਜੇ ਵਿੱਚ ਹੌਲ ਪਿਆ ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ... ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ...
ਚੰਗੀ ਤਰਕਾਲ ਪੈ ਗਈ, ਮਹਿਫ਼ਲ ਮੁੱਕਣ ’ਤੇ ਆ ਗਈ...। ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ਼ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗਾਉਣ ਬਿਠਾਉਂਦੇ ਹਨ। ਪਰ ਜਦੋਂ ਗਾਉਣ ਮੁੱਕੇ ਤਾਂ ਕਮਰੇ ਵਿੱਚ ਚਾਹ ਤੇ ਕਈ ਵੰਨਾਂ ਦੀ ਮਠਿਆਈ ਆ ਗਈ... ਤੇ ਸ਼ਾਹਣੀ ਨੇ ਮੁੱਠ ਵਿੱਚ ਵਲ੍ਹੇਟਿਆ ਹੋਇਆ ਸੌ ਦਾ ਨੋਟ ਕੱਢ ਕੇ ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ ਤੇ ਫਿਰ ਉਹਨੂੰ ਫੜਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਭਾ ਵਿੱਚ ਸ਼ਾਹ ਨਾਲ ਆਪਣਾ ਸਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ, ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਤੇ ਜ਼ੋਰ ਦੀ ਹੱਸ ਪਈ। ਨੋਟ ਫੜਾਉਂਦੀ ਆਖਣ ਲੱਗੀ, “ਸ਼ਾਹ ਕੋਲੋਂ ਤਾਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਏਂ? ਚੱਲ ਅੱਜ ਲੈ ਲਾ...”
ਤੇ ਸ਼ਾਹ ਦੀ ਕੰਜਰੀ ਸੌ ਦੇ ਉਸ ਨੋਟ ਨੂੰ ਫੜਦੀ ਇੱਕੋ ਵਾਰਗੀ ਨਿਮਾਣੀ ਜਿਹੀ ਹੋ ਗਈ...।
ਕਮਰੇ ਵਿੱਚ ਸ਼ਾਹਣੀ ਦੀ ਧੋਤੀ ਦਾ ਸ਼ਗਨਾਂ ਵਾਲਾ ਗੁਲਾਬੀ ਰੰਗ ਫੈਲ ਗਿਆ...।

