DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਆਚੀ ਪੰਜਾਬੀ ਤੇ ਵਿਆਕਰਣ ਦੀ ਭਾਲ

ਤੁਸੀਂ ਕਦੇ ਕਿਸੇ ਟੱਪਰੀਵਾਸ ਨੂੰ ਗੱਡੇ ’ਤੇ ਆਪਣੀ ਟਿੰਡ-ਫੌੜੀ ਲੱਦ ਕੇ ਜਾਂਦੇ ਵੇਖੋ ਤਾਂ ਸਮਝਣਾ ਇਹ ਪੰਜਾਬ ਦਾ ਇਤਿਹਾਸ ਜਾ ਰਿਹਾ ਹੈ। ਇਹ ਵੀ ਨਹੀਂ ਪਤਾ, ਕਿੱਧਰੋਂ ਕਿੱਧਰ। ਪਤਾ ਨਹੀਂ ਤਾਂ ਕੁਝ ਪਿੱਛੇ ਛੱਡ ਕੇ, ਪਤਾ ਨਹੀਂ ਤਾਂ ਕੁਝ ਲੱਭਣ...

  • fb
  • twitter
  • whatsapp
  • whatsapp
Advertisement

ਤੁਸੀਂ ਕਦੇ ਕਿਸੇ ਟੱਪਰੀਵਾਸ ਨੂੰ ਗੱਡੇ ’ਤੇ ਆਪਣੀ ਟਿੰਡ-ਫੌੜੀ ਲੱਦ ਕੇ ਜਾਂਦੇ ਵੇਖੋ ਤਾਂ ਸਮਝਣਾ ਇਹ ਪੰਜਾਬ ਦਾ ਇਤਿਹਾਸ ਜਾ ਰਿਹਾ ਹੈ। ਇਹ ਵੀ ਨਹੀਂ ਪਤਾ, ਕਿੱਧਰੋਂ ਕਿੱਧਰ। ਪਤਾ ਨਹੀਂ ਤਾਂ ਕੁਝ ਪਿੱਛੇ ਛੱਡ ਕੇ, ਪਤਾ ਨਹੀਂ ਤਾਂ ਕੁਝ ਲੱਭਣ ਲਈ, ਜਾਂ ਦੋਵੇਂ ਗੱਲਾਂ।

ਕਿੰਨੀ ਵਾਰ ਪੰਜਾਬ ਦੀਆਂ ਸਰਹੱਦਾਂ ਹਿੱਲੀਆਂ। ਕਿੰਨਾ ਕੁਝ ਪਿੱਛੇ ਛੱਡਿਆ ਤੇ ਉਸ ਛੱਡੇ ਹੋਏ ਨੂੰ ਝੂਰਦੇ ਰਹੇ। ਮਾਤਮ ਮਨਾਉਂਦੇ ਰਹੇ, ਮੁੜ-ਮੁੜ ਉਸ ਨੂੰ ਤਲਾਸ਼ਦੇ ਰਹੇ: ਜੀਵਨ-ਜਾਚ, ਰਿਸ਼ਤੇ ਤੇ ਸੱਭਿਆਚਾਰ। ਜਿਵੇਂ ਕੋਈ ਮੇਲੇ ਗੁਆਚਿਆ ਕਿਸੇ ਆਪਣੇ ਨੂੰ ਲੱਭਦਾ ਹੈ, ਉਵੇਂ ਆਵਾਜ਼ਾਂ ਦਿੰਦੇ ਰਹੇ, ‘‘ਭਾਊ! ਕਿਤੇ ਮੇਰੀ ਪੰਜਾਬੀਅਤ ਵੇਖੀ ਆ?’’

Advertisement

ਜਿਵੇਂ ਹੁਣ ਜੋਗਾ ਸਿੰਘ ਵਿਰਕ ਹੋਰੀਂ ਹੋਕਾ ਦਿੰਦੇ ਪਏ ਨੇ, ‘‘ਭਾ’ਜੀ! ਕਿਤੇ ਸਾਡੀ ਵਿਆਕਰਣ ਵੇਖੀ ਜੇ?’’

Advertisement

ਉਸ ਕਿਤਾਬ ਵੱਲ ਆਉਂਦੇ ਹਾਂ, ਜਿਸ ਨੂੰ ਜੋਗਾ ਸਿੰਘ ਹੋਰੀਂ ਪੋਥੀ ਆਖਦੇ ਨੇ। ਜਿਹੜੇ ਯਤਨ ਪਹਿਲਾਂ ਹੋਏ ਹਨ, ਉਨ੍ਹਾਂ ਦੇ ਕਰਤਿਆਂ ਨੂੰ ਸਿਜਦਾ ਪਰ ਕਈ ਸਵਾਲ ਵੀ ਨੇ। ਵਿਆਕਰਣ ਘੜਨ ਤੋਂ ਪਹਿਲਾਂ ਪੰਜਾਬੀ ਦੀ ਪਛਾਣ ਲਾਜ਼ਮੀ ਸੀ। ਪੰਜਾਬੀ ਦੇ ਅਸਲ ਨੂੰ ਸਮਝਣਾ ਲਾਜ਼ਮੀ ਸੀ। ਪੰਜਾਬੀ ਦੇ ਨਿਵੇਕਲੇ ਸ਼ਬਦ, ਉਨ੍ਹਾਂ ਦੇ ਉਚਾਰਨ, ਪੰਜਾਬੀ ਵਾਕ-ਬਣਤਰ ਅਤੇ ਅਰਥ-ਪ੍ਰਣਾਲੀ ਦਾ ਸੁਭਾਅ, ਖ਼ਾਸਕਰ ਸੰਸਕ੍ਰਿਤ ਤੇ ਹਿੰਦੀ ਨਾਲੋਂ ਇਸ ਦਾ ਨਿਖੇੜਾ ਕਰ ਕੇ ਇਸ ਦੀ ਸੱਜਰੀ ਪਛਾਣ ਕਰਨਾ... ਕਿੰਨੇ ਕੰਮ ਸਨ ਕਰਨ ਵਾਲੇ, ਜੋ ਮੰਦੇ ਭਾਗਾਂ ਨੂੰ ਨਹੀਂ ਹੋ ਸਕੇ।

ਪੋਥੀ ‘ਆਓ ਵਿਆਕਰਣ ਲੱਭੀਏ’ ਜਿੱਥੇ ਪੰਜਾਬੀ ਵਿਆਕਰਣ ਨੂੰ ਪੜ੍ਹਨ-ਪੜ੍ਹਾਉਣ ਦਾ ਉਪਰਾਲਾ ਕਰਦੀ ਹੈ, ਉੱਥੇ ਪੰਜਾਬੀ ਦਾ ਗੁਆਚ ਚੁੱਕਾ ਮੁਹਾਂਦਰਾ ਲੱਭਣ ਦਾ ਯਤਨ ਵੀ ਕਰਦੀ ਹੈ। ਜਦੋਂ ਮੈਂ ਪਹਿਲੀ ਵਾਰ ਇਹ ਕਿਤਾਬ ਪੜ੍ਹੀ, ਇਸ ਬਾਰੇ ਵਰਤਿਆ ‘ਪੋਥੀ’ ਸ਼ਬਦ ਪੜ੍ਹ ਕੇ ਹੱਸਿਆ। ਇਹ ਜੋਗਾ ਸਿੰਘ ਹੋਰਾਂ ਨੇ ਪਿਛਾਂਹ ਵੱਲ ਨੂੰ ਕਿੱਧਰ ਕੂਹਣੀ ਮੋੜ ਵੱਟ ਲਿਆ! ਪਰ ਜਿਉਂ ਜਿਉਂ ਪੜ੍ਹਦਾ ਗਿਆ, ਮੈਂ ਵੀ ਪਿਛਾਂਹ ਵੱਲ ਮੁੜਦਾ ਗਿਆ। ਇੱਕ, ਦੋ, ਤਿੰਨ... ਪੋਥੀ ਵਿੱਚ ਪੋਥੀਆਂ ਤੇ ਪੰਜਵੀਂ ਪੋਥੀ ਲੰਘ ਕੇ ਮੈਂ ਮੱਧਕਾਲ ਦੇ ਉਸ ਮੋੜ ਤੱਕ ਪੁੱਜ ਗਿਆ ਜਿੱਥੇ ਪੰਜਾਬੀ ਦੀ ਸੱਜਰੀ ਫ਼ਸਲ ਲਹਿਲਹਾ ਰਹੀ ਸੀ। ਪੰਜਾਬੀ ਦਾ ਅਸਲ... ਪੰਜਾਬੀ ਦੀ ਆਪਣੀ ਸ਼ਬਦਾਵਲੀ... ਆਪਣਾ ਲਹਿਜਾ ਤੇ ਉਹ ਸਭ ਕੁਝ ਲੱਭਣ ਦੀ ਕੋਸ਼ਿਸ਼, ਜੋ ਪੰਜਾਬੀ ਨੂੰ ਪੰਜਾਬੀ ਬਣਾਉਂਦਾ ਹੈ। ਤੁਸੀਂ ਇਸ ਨੂੰ ‘ਨਵੀਂ ਪੰਜਾਬੀ ਵਿਆਕਰਣ ਦਾ ਓਲਡ ਸਕੂਲ’ ਆਖ ਸਕਦੇ ਹੋ।

ਹਰ ਬੋਲੀ ਨੂੰ ਢੇਰ ਸ਼ਬਦਾਂ ਦੀ ਲੋੜ ਹੁੰਦੀ ਹੈ। ਕੋਈ ਇੱਧਰੋਂ-ਓਧਰੋਂ ਵੀ ਲੈ ਲਵੇ ਤਾਂ ਕੋਈ ਹਰਜ਼ ਨਹੀਂ। ਪਰ ਜੋਗਾ ਸਿੰਘ ਹੋਰੀਂ ਕਹਿੰਦੇ ਨੇ, ਜੇ ਫਿਰ ਲੈਣਾ ਹੀ ਹੈ ਤਾਂ ਸਿੱਧਾ ‘ਭਾਖਾ’ ਹੀ ਲੈ ਲਓ ਨਾ! ਭਾਖਿਆ ਆਖੋ। ਭਾਸ਼ਾ ਕਿਉਂ ਆਖਣਾ।

ਸਾਡਾ ਹਾਕਮ ਬਦਲਦਾ ਤਾਂ ਨਾਲ ਹੀ ਭਾਸ਼ਾ ਦਾ ਮੜੰਗਾ ਵੀ ਬਦਲਦਾ ਰਿਹਾ। ਅਰਬੀ, ਫ਼ਾਰਸੀ, ਹਿੰਦੀ, ਅੰਗਰੇਜ਼ੀ... ਇੰਨੇ ਮੜੰਗੇ ਬਦਲੇ ਕਿ ਸਾਡੀ ਬੋਲੀ ਦੀ ‘ਸਿਆਣ’ ਗੁੰਮ ਗਈ ਤੇ ਇਹ ‘ਪਛਾਣ’ ਹੋ ਗਈ। ਜੋਗਾ ਸਿੰਘ ਹੋਰੀਂ ਲਿਖਦੇ ਹਨ: ‘‘ਮੈਂ ਥੋੜ੍ਹੇ ਚਿਰ ਤੋਂ ਈ ਪੰਜਾਬੀ ਸਿੱਖਣ ਲੱਗਾ ਵਾਂ। ਮੈਨੂੰ ਥੋੜ੍ਹਾ ਚਿਰ ਪਹਿਲਾਂ ਈ ਪਤਾ ਲੱਗਾ ਏ ਪਈ ਅਜੋਕੀ ਬਹੁਤੀ ਪੋਥੀਆ-ਪੰਜਾਬੀ ਗੁਰਮੁਖੀ ’ਚ ਲਿਖੀ ਸੰਸਕ੍ਰਿਤ ਜਾਂ ਹਿੰਦੀ ਏ ਤੇ ਇਹ ਸਾਡੇ ਮਨਾਂ ਵਿੱਚ ਡੂੰਘੀ ਖੁਣ ਦਿੱਤੀ ਹੋਈ ਏ... ਇਸ ਕਰਕੇ ਇਸ ਪੋਥੀ ਦੀ ਭਾਖਿਆ ਨੂੰ ਮੇਰੇ ਪੰਜਾਬੀ ਸਿੱਖਣ ਦੇ ਇੱਕ ਪੜਾਅ ਵੱਜੋਂ ਈ ਲਿਆ ਜਾਵੇ।’’

ਇਸ ਪੋਥੀ ਦਾ ਅੰਦਾਜ਼ ਬਹੁਤ ਨਾਟਕੀ ਹੈ। ਇਸ ਲਈ ਕਿਤੇ-ਕਿਤੇ ਇਹ ਭੁਲੇਖਾ ਪੈਣਾ ਵੀ ਕੁਦਰਤੀ ਹੈ ਕਿ ਸ਼ਾਇਦ ਇਹ ਵਿਆਕਰਣ ਬੀਤੀਆਂ-ਪੁਰਾਣੀਆਂ ਗੱਲਾਂ ਨੂੰ ਨਵੇਂ ਅੰਦਾਜ਼ ਵਿੱਚ ਕਹਿ ਰਹੀ ਹੈ। ਨਹੀਂ, ਬੀਤੀਆਂ ਨਹੀਂ ਸਗੋਂ ਬੀਤ ਚੁੱਕੀਆਂ ਸਮਝ ਕੇ ਛੱਡ ਦਿੱਤੀਆਂ ਗਈਆਂ ਕਈ ਗੱਲਾਂ, ਸ਼ਬਦਾਂ, ਨੇਮਾਂ ਨੂੰ ਇਹ ਪੋਥੀ ਨਵੀਂ ਵਿਆਖਿਆ ਸਹਿਤ ਪੇਸ਼ ਕਰਦੀ ਹੈ ਤੇ ਉਨ੍ਹਾਂ ਦੀ ਸਾਰਥਿਕਤਾ ਸਿੱਧ ਕਰਦੀ ਹੈ।

ਜਿਹੜੀਆਂ ਕੀਮਤੀ ਚੀਜ਼ਾਂ ਨੂੰ ਅਸੀਂ ਪਿੱਛੇ ਛੱਡਿਆ ਹੈ, ਉਨ੍ਹਾਂ ਵਿੱਚ ਪੰਜਾਬੀ ਭਾਖਿਆ ਵੀ ਇੱਕ ਹੈ। ਇਸ ਨੂੰ ਲੱਭਣ ਦਾ ਕੰਮ ਵੀ ਚਿਰੋਕਾ ਅਧੂਰਾ ਪਿਆ ਹੈ। ਸਮਝੋ, ਡਾਕਟਰ ਜੋਗਾ ਸਿੰਘ ਦੀ ਪੋਥੀ ‘ਆਓ ਵਿਆਕਰਣ ਲੱਭੀਏ’ ਅਜਿਹੇ ਹੀ ਅਧੂਰੇ ਯਤਨਾਂ ਦੀ ਪੋਥੀ ਹੈ। ਮੈਂ ਵਿਆਕਰਣ ਦਾ ਉਸਤਾਦ ਨਹੀਂ ਪਰ ਕੁਝ ਗੱਲਾਂ ਜੋ ਇਸ ਪੋਥੀ ਬਾਰੇ ਸਮਝੀਆਂ ਨੇ, ਬੱਸ ਉਹੀ ਪੌੜੀ-ਦਰ-ਪੌੜੀ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ।

ਪੋਥੀ ‘ਆਓ ਵਿਆਕਰਣ ਲੱਭੀਏ’ ਵਿੱਚ ਅਗਾਂਹ ਪੰਜ ਪੋਥੀਆਂ ਨੇ। ਜਿਵੇਂ ਕਿਸੇ ਜੁਆਕ ਨੂੰ ਵਿਆਕਰਣ ਸਿਖਾਈਦੀ ਹੈ, ਡਾ. ਵਿਰਕ ਸਿਆਣਿਆਂ ਨੂੰ ਉਸੇ ਦਾਅ ਵਿਆਕਰਣ ਸਿਖਾਉਂਦੇ ਹਨ। ਪਹਿਲੀ ਪੋਥੀ ਵਿੱਚ ਵਿਆਕਰਣ ਦੀ ਮਹੱਤਤਾ, ਇਸ ਦੇ ਸਿੱਖਣ ਦੇ ਕੁਦਰਤੀ ਗੁਣ, ਬੋਲ-ਜੁੰਡਲੀਆਂ, ਨਾਂ, ਪੜਨਾਂਅ, ਵਿਸ਼ੇਸ਼ਣ, ਕਿਰਿਆ ਤੇ ਸਹਾਈ ਕਿਰਿਆ ਆਦਿ ਬਾਰੇ ਜਾਣਕਾਰੀ ਹੈ। ਡਾ. ਵਿਰਕ ਹੋਰਾਂ ਦਾ ਸਪੱਸ਼ਟ ਮਤ ਹੈ ਕਿ ਵਿਆਕਰਣ ਬਾਰੇ ਸਾਡੀ ਸਮਝ ਹਾਲੇ ਬਹੁਤ ਥੋੜ੍ਹੀ ਹੈ। ਉਹ ਲਿਖਦੇ ਹਨ:

‘‘ਕਿਸੇ ਵੀ ਬੰਦੇ ਤੇ ਜਨਾਨੀ ਨੂੰ ਹਾਲੀ ਕਿਸੇ ਵੀ ਭਾਖਿਆ ਦੀ ਸਿਰ ਵਿਚਲੀ ਅਸਲੀ ਤੇ ਪੂਰੀ ਵਿਆਕਰਣ ਦਾ ਪਤਾ ਈ ਨਹੀਂ ਲੱਗਾ। ਹੋਰਾਂ ਦੀ ਤਾਂ ਛੱਡੋ, ਚਾਚਾ ਚੌਮਸਕੀ ਵੀ ਇਹੀ ਆਂਹਦੇ ਨੇ ਪਈ ਸਿਰ ਵਿਚਲੀ ਅਸਲੀ ਵਿਆਕਰਣ ਦਾ ਹਾਲੇ ਥੋੜ੍ਹਾ-ਥੋੜ੍ਹਾ ਜਿਹਾ ਈ ਪਤਾ ਲੱਗਾ ਏ।”

ਬੋਲਾਂ ਅਤੇ ਵਾਕੰਸ਼ਾਂ ਬਾਰੇ ਨਵੀਂ ਸਮਝ ਪ੍ਰਦਾਨ ਕਰਦਿਆਂ ਉਹ ਦੱਸਦੇ ਹਨ ਕਿ ਬੋਲ ਧੁਨੀਆਂ ਤੋਂ ਸਿੱਧੇ ਨਹੀਂ ਬਣਦੇ। ਪਹਿਲਾਂ ਧੁਨੀਆਂ ਤੋਂ ਰੂਪਗਰਾਮ ਬਣਦੇ ਹਨ ਤੇ ਮੁੜ ਰੂਪਗਰਾਮਾਂ ਤੋਂ ਬੋਲ।

ਦੂਜੀ ਪੋਥੀ ‘ਵਾਕ ਦੇ ਵਲ-ਛਲ’ ਵਾਕ ਬਣਤਰ ਬਾਰੇ ਕਈ ਪੱਖਾਂ ਤੋਂ ਨਿਵੇਕਲੀਆਂ ਧਾਰਨਾਵਾਂ ਪੇਸ਼ ਕਰਦੀ ਹੈ। ਪਹਿਲੇ ਹੀ ਪਾਠ ‘ਵਾਕ ਬੋਲਾਂ ਤੋਂ ਨਹੀਂ ਬਣਦੇ’ ਵਿੱਚ ਉਹ ਵਾਕਾਂ ਨੂੰ ਸ਼ਬਦਾਂ ਦਾ ਸਮੂਹ ਆਖਣ ਵਾਲੀ ਚਿਰ-ਕਾਇਮ ਮਨੌਤ ਨੂੰ ਰੱਦ ਕਰਦਿਆਂ ਇਹ ਸਿਧਾਂਤ ਪੇਸ਼ ਕਰਦੇ ਹਨ ਕਿ ਪਹਿਲਾਂ ਬੋਲਾਂ ਤੋਂ ਵਾਕੰਸ਼ ਬਣਦੇ ਨੇ ਤੇ ਫਿਰ ਵਾਕੰਸ਼ ਮਿਲ ਕੇ ਵਾਕ ਬਣਾਉਂਦੇ ਨੇ। ਉਹ ਦੱਸਦੇ ਹਨ ਕਿ “ਇਹ ਆਖਣਾ ਵੀ ਪੂਰਾ ਠੀਕ ਨਹੀਂ ਪਈ ਵਾਕੰਸ਼ ਬੋਲਾਂ ਤੋਂ ਬਣਦੇ ਨੇ। ਸੱਚੀ ਗੱਲ ਇਹ ਵੇ, ਪਈ ਇਹ ਆਖਣਾ ਵੀ ਠੀਕ ਏ ਪਈ ਵਾਕੰਸ਼ ਰੂਪਗਰਾਮਾਂ ਤੋਂ ਬਣਦੇ ਨੇ।” ਵਾਕ ਅਤੇ ਵਾਕੰਸ਼ਾਂ ਬਾਰੇ ਇੰਨੀ ਗੰਭੀਰ ਖੋਜ ਅਤੇ ਚਰਚਾ ਮੈਂ ਸ਼ਾਇਦ ਹੀ ਕਦੇ ਪੰਜਾਬੀ ਦੀ ਕਿਸੇ ਵਿਆਕਰਣ ਪੁਸਤਕ ਵਿੱਚ ਵੇਖੀ ਹੋਵੇ, ਜਿੰਨੀ ਡਾ. ਜੋਗਾ ਸਿੰਘ ਵਿਰਕ ਦੀ ਦੂਜੀ ਪੋਥੀ ਵਿੱਚ ਹੋਈ ਹੈ।

ਪੋਥੀ ‘ਤਰਿੱਜੀ’ ਵਿੱਚ ਵਾਕ-ਬਣਤਰ ਦੇ ਹੋਰ ਅੰਦਰ ਜਾਂਦਿਆਂ ਡਾ. ਵਿਰਕ ਵਾਕੰਸ਼ਾਂ ਨੂੰ ਉਨ੍ਹਾਂ ਦੇ ਉਦੇਸ਼ ਅਤੇ ਕਰਮ ਤੋਂ ਸਮਝਣ-ਸਮਝਾਉਣ ਦਾ ਆਹਰ ਕਰਦੇ ਹਨ ਤੇ ਉਪਵਾਕ ਦੀ ਬਣਤਰ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਦੇ ਹਨ।

ਚੌਥੀ ਪੋਥੀ ਵਿੱਚ ਉਹ ਅੰਗਰੇਜ਼ੀ, ਨਾਇਜੀਰੀਆ ਦੀ ਬੋਲੀ ਫੂਲਾ, ਦੱਖਣੀ ਭਾਰਤ ਦੀ ਬੋਲੀ ਕੋਲਾਮੀ ਆਦਿ ਦੀ ਤੁਲਨਾ ਵਿੱਚ ਪੰਜਾਬੀ ਲਿੰਗ-ਵਿਧਾਨ ਦੀਆਂ ਅਨੇਕ ਗੁੱਝੀਆਂ ਪਰਤਾਂ ਨੂੰ ਫਰੋਲਦੇ ਹਨ। ਲਿੰਗ-ਪਛਾਣ ਦੀ ਸੀਮਾ ਤੈਅ ਕਰਦਿਆਂ ਉਹ ਬੜੀ ਦਿਲਚਸਪ ਜਾਣਕਾਰੀ ਦਿੰਦੇ ਹਨ:

‘‘ਲਿੰਗ ਬਾਰੇ ਇੱਕ ਕੰਮ ਦੀ ਗੱਲ ਇਹ ਵੇ ਪਈ ਲਿੰਗ ਬਾਰੇ ਤਿੰਨ ਤਰ੍ਹਾਂ ਦੇ ਤੱਥ ਹੋ ਗਏ। ਇੱਕ ਤੇ ਜੀਵ ਦੇ ਨਰ ਜਾਂ ਮਾਦਾ ਹੋਣ ਦੀ ਵੰਡ ਵਾਲਾ। ਦੁੱਜਾ (ਦੂਜਾ) ਵਿਆਕਰਣ ਵਿੱਚ ਬੋਲ ਦੇ ਨਾਲ ਕੁਝ ਲੱਗ ਕੇ ਉਹਦਾ ਲਿੰਗ ਦੱਸਣ ਵਾਲਾ ਤੇ ਤਰਿੱਜਾ (ਤੀਜਾ) ਜਦੋਂ ਬੋਲ ਦਾ ਲਿੰਗ ਤੇ ਹੁੰਦਾ ਏ ਪਰ ਇਹ ਲਿੰਗ ਦੱਸਣ ਵਾਲਾ ਕੁਝ ਨਾਲ ਨਹੀਂ ਲੱਗਾ ਹੁੰਦਾ। ਬੱਸ ਦਿਮਾਗ ’ਚ ਲਿਖ ਕੇ ਈ ਰੱਖਣਾ ਪੈਂਦਾ ਏ ਪਈ ਇਸ ਬੋਲ ਦਾ ਲਿੰਗ ਕੀ ਏ। ਲਿੰਗ ਦੇ ਮਾਹਿਰ ਪਹਿਲੇ ਨੂੰ ਜੀਵੀ ਜਾਂ ਜੈਵਿਕ ਲਿੰਗ, ਦੂਜੇ ਨੂੰ ਵਿਆਕਰਣੀ ਜਾਂ ਵਿਆਕਰਣਕ ਲਿੰਗ, ਤੇ ਤਰਿੱਜੇ ਨੂੰ ਬੋਲੀਆ, ਮਤਬਲ ਸ਼ਬਦੀ, ਮਤਬਲ ਸ਼ਾਬਦਿਕ ਲਿੰਗ ਆਂਹਦੇ ਨੇ।’’

ਇਸੇ ਪੋਥੀ ਦੇ ਅਗਲੇ ਪਾਠਾਂ ਵਿੱਚ ਵਚਨ, ਕਾਰਕ, ਕਾਲ ਅਤੇ ਪੁਰਖ ਆਦਿ ਬਾਰੇ ਜਾਣਕਾਰੀ ਤਾਂ ਹੈ ਹੀ ਪਰ ਵਿਆਕਰਣ ਦੇ ਦੋ ਬਹੁਤ ਅਣਗੌਲੇ ਪੱਖਾਂ ਅਵਸਥਾ (ਪੱਖ) ਅਤੇ ਕਿਰਿਆ ਦੇ ਬਿਰਤੀ ਪੱਖ ਬਾਰੇ ਡੂੰਘੀ ਖੋਜਪੂਰਨ ਚਰਚਾ ਹੈ।

ਪੋਥੀ ਵਿਚਲੀ ਪੰਜਵੀਂ ਪੋਥੀ ‘ਵੱਡਿਆਂ ਦੀਆਂ ਵੱਡੀਆਂ ਗੱਲਾਂ’ ਦਾ ਦੂਜਾ ਪਾਠ ‘ਨੀ ਤੂੰ ਇੰਞ ਦੀ ਕਿਉਂ ਏਂ ਮਾਤ ਭਾਖੇ’ ਮੇਰੀ ਜਾਚੇ ਬਹੁਤ ਵਿਸ਼ੇਸ਼ ਹੈ। ਇਸ ਪਾਠ ਵਿੱਚ ਡਾ. ਵਿਰਕ ਜਿੱਥੇ ਬੋਲੀ ਪ੍ਰਤੀ ਆਪਣੀ ਪਹੁੰਚ ਨੂੰ ਸਪੱਸ਼ਟ ਕਰਦੇ ਹਨ, ਉੱਥੇ ਮਾਤ-ਭਾਸ਼ਾ ਦੀ ਹੋਂਦ-ਵਿਧੀ ਦੇ ਇੱਕ ਖ਼ਾਸ ਪੱਖ ਵੱਲ ਸਾਡਾ ਧਿਆਨ ਦਿਵਾਉਂਦੇ ਲਿਖਦੇ ਹਨ:

‘‘ਭਾਖਿਆ ਦਾ ਵਾਹ ਤਿੰਨ ਗੱਲਾਂ ਨਾਲ ਮਤਬਲ ਤਿੰਨ ਤਰ੍ਹਾਂ ਦੀਆਂ ਹਾਲਤਾਂ ਨਾਲ ਪੈਂਦਾ ਏ। ਇੱਕ ਤੇ ਸੰਸਾਰ ਦੀਆਂ ਸਿਰ ਤੋਂ ਬਾਹਰਲੀਆਂ ਤੇ ਸਿਰ ਦੇ ਅੰਦਰਲੀਆਂ ਗੱਲਾਂ ਦੱਸਣੀਆਂ। ਦੁੱਜੀ, ਬੋਲਣ-ਸੁਣਨ ਵਾਲੇ ਦੇ ਜੁੜ-ਬਹਿਣ ਤੇ ਆਪਸੀ ਲੈਣ-ਦੇਣ ਦੀਆਂ ਗੱਲਾਂ। ਤੇ ਤਰਿੱਜੀ, ਇਹਨਾਂ ਦੁਹਾਂ ਦੀਆਂ ਗੱਲਾਂ ਨੂੰ ਭਾਖਿਆ ਦੇ ਵਾਕ-ਸ਼ਾਕ ਬਣਾ ਕੇ ਸਜਾ-ਸੁਆਰ ਕੇ ਸਾਡੇ ਹੱਥ ਫੜਾਣਾ। ਇਹਨਾਂ ਤਿੰਨਾਂ ਗੱਲਾਂ ਵਾਲੀਆਂ ਹਾਲਤਾਂ ਈ ਭਾਖਿਆ ਦਾ ਮੂੰਹ-ਮੁਹਾਂਦਰਾ, ਮਤਬਲ ਭਾਖਿਆ ਦਾ ਨੈਣ-ਨਕਸ਼ਾ, ਮਤਬਲ ਭਾਖਿਆ ਦੀ ਬਣਤਰ, ਤੈਅ ਕਰਦੀਆਂ ਨੇ। ਸੋ, ਭਾਖਿਆ ਮਾਤੇ ਜਿਵੇਂ ਦੀ ਹੈ ਵੇ, ਮਤਬਲ ਜਿਵੇਂ ਦੀ ਇਹਦੀ ਬਣਤਰ ਹੈ ਵੇ, ਇਹ ਤਾਂ ਕਰਕੇ ਇੰਞ ਦੀ ਏ ਪਈ ਭਾਖਿਆ ਮਾਤੇ ਨੂੰ ਇਹਨਾਂ ਤਿੰਨਾਂ ਤਰ੍ਹਾਂ ਦੀਆਂ ਹਾਲਤਾਂ ਨਾਲ ਨਜਿੱਠਣਾ ਪਈਂਦਾ ਏ।’’

ਇਸ ਵਿਆਕਰਣ ਦੀ ਸਭ ਤੋਂ ਵੱਡੀ ਖ਼ਾਸੀਅਤ ਕੀ ਹੈ? ਇਸ ਦੀ ਪੇਸ਼ਕਾਰੀ ਦਾ ਅਤਿਅੰਤ ਨਾਟਕੀ ਅੰਦਾਜ਼। ਡਾ. ਵਿਰਕ ਹੋਰਾਂ ਨੇ ਕਰਤਾ (ਨੈਰੇਟਰ) ਨੂੰ ਪਿੰਡ ਦੇ ਬੁੜ੍ਹੇ ਵਰਗਾ ਇੱਕ ਦਾਨਾ ਪਰ ਟਿੱਚਰੀ ਪਾਤਰ ਬਣਾ ਲਿਆ ਹੈ, ਜੋ ਪੰਜਾਬੀ ਵਿਆਕਰਣ ਬਾਰੇ ਸਿਆਣੀਆਂ ਗੱਲਾਂ ਵੀ ਕਰਦਾ ਹੈ, ਮੱਤਾਂ ਵੀ ਦਿੰਦਾ ਹੈ ਤੇ ਲੋੜ ਪੈਣ ’ਤੇ ਘਤਿੱਤਾਂ ਵੀ ਕਰਦਾ ਹੈ। ਮੇਰੀ ਜਾਚੇ ਵਿਆਕਰਣ ਵਰਗਾ ਖੁਸ਼ਕ ਅਤੇ ਜਟਿਲ ਵਿਸ਼ਾ ਪੜ੍ਹਾਉਣ ਲਈ ਵਰਤੀ ਗਈ ਇਹ ਜੁਗਤ ਇੱਕ ਸੱਜਰਾ ਤੇ ਨਾਟਕੀ ਪ੍ਰਯੋਗ ਹੈ। ਸ਼ਾਇਦ ਇਸੇ ਕਰ ਕੇ ਡਾ. ਵਿਰਕ ਹੋਰਾਂ ਨੇ ਇਸ ਦੀ ਭੂਮਿਕਾ ਲਿਖਣ ਦਾ ਜ਼ਿੰਮਾ ਮੇਰੇ ਵਰਗੇ ਨਾਟਕਕਾਰ ਨੂੰ ਦਿੱਤਾ। ਇਸ ਪੋਥੀ ਵਿਚਲੀਆਂ ਪੰਜ ਪੋਥੀਆਂ ਦੇ ਸਿਰਲੇਖ ਹੀ ਬੜੇ ਨਾਟਕੀ ਹਨ: ਚਲਿੱਤਰੀਆ ਜੁੰਡਲੀਆਂ, ਵਾਕ ਦੇ ਵਲ-ਛਲ, ਵਾਕੰਸ਼ਾਂ ਦੇ ਚੋਜ, ਚਲਿੱਤਰੀਆਂ ਦੇ ਚੱਜ, ਵੱਡਿਆਂ ਦੀਆਂ ਵੱਡੀਆਂ ਗੱਲਾਂ। ਇਨ੍ਹਾਂ ਵਿਚਲੇ ਕੁਝ ਪਾਠਾਂ ਦੇ ਨਾਂ ਵੇਖੋ- ਉਦੇਸ਼ੇ ਦੇ ਗਹਿਣੇ-ਗੱਟੇ, ਨਿਕਰਮੇ ਕਰਮੇ ਦੇ ਕਰਮ, ਵਾਕ-ਉਪਵਾਕ ਦੀ ਸਾਂਝੀ ਚੁਲ੍ਹ, ਕਾਰਕ ਦੀਆਂ ਕਰਤੂਤਾਂ, ਕੱਚਾ ਵਚਨ ਪੱਕਾ ਵਚਨ, ਕਾਲ ਦੀ ਵੱਢ-ਟੁੱਕ, ਵੰਨ-ਸਵੰਨੇ ਪੁਰਖ ਪੁਰਖੀਆਂ, ਕੌਣ ਵੱਡਾ ਭਲਵਾਨ - ਲਿਖਣ ਸਿਰੀ ਜਾਂ ਬੋਲੂ ਬਾਟਾ, ਵਾਕ ਦੀ ਧੁਨੀ। ਇਹ ਪੋਥੀ ਆਪਣੇ ਆਪ ਵਿੱਚ ਇੱਕ ਸੰਜੀਦਾ ਵਿਸ਼ੇ ਦੁਆਲੇ ਰਚਿਆ ਗਿਆ ਮਨੋਰੰਜਕ ਨਾਟਕ ਹੈ। ਆਓ, ਇਸ ਦੇ ਨਾਟਕੀ ਅੰਦਾਜ਼ ਦੀਆਂ ਕੁਝ ਮਿਸਾਲਾਂ ਵੇਖਦੇ ਹਾਂ:

‘‘ਓ ਭਾਈ! ਤੁਹਾਨੂੰ ਤਾਂ ਕੀ, ਚਾਰ-ਪੰਜ ਸਾਲਾਂ ਦੇ ਪੰਜਾਬੀ ਬਾਲ ਨੂੰ ਵੀ ਪੰਜਾਬੀ ਦੀ ਵਿਆਕਰਣ ਆਉਂਦੀ ਜੇ। ਜੇ ਉਹਨੂੰ ਵਿਆਕਰਣ ਨਾ ਆਉਂਦੀ ਹੁੰਦੀ ਤਾਂ ਉਹ ਪੰਜਾਬੀ ਦੇ ਵਾਕ ਕਿਵੇਂ ਪਟਰ-ਪਟਰ ਬੋਲਦਾ?’’

‘‘ਹਾ-ਹਾਏ! ਇਹ ਗੱਲ ਤੇ ਕਦੀ ਸੋਚੀਓ ਈ ਨਹੀਂ ਸੀ ਮੈਂ!’’

‘‘ਕੋਈ ਗੱਲ ਨਹੀਂ ਭੈਣਾ। ਕੋਈ ਵਿਰਲਾ ਬੰਦਾ ਈ ਸੱਚੀਂ-ਮੁੱਚੀਂ ਸੋਚਦਾ ਏ! ਉਹ ਵੀ ਬੱਸ ਕਦੇ-ਕਦਾਈਂ। ਇਹ ਮੈਂ ਨਹੀਂ, ਵੱਡਾ ਸਿਆਣਾ ਬਰਨਾਰਡ ਸ਼ਾਅ ਆਂਹਦਾ ਜੇ।’’

‘‘ਵਿਆਕਰਣ ਜਾਤਰਾ ’ਤੇ ਨਿਕਲਦਿਆਂ ਈ ਆਪਾਂ ਪਹਿਲੀ ਬਾਤ ਵੱਖ-ਵੱਖ ਤਰ੍ਹਾਂ ਦੇ ਬੋਲਾਂ ਦੇ ਵੱਖ-ਵੱਖ ਤਰ੍ਹਾਂ ਦੇ ਭੇਖਾਂ ਬਾਰੇ ਪਾਈ ਸੀ। ਆਪਾਂ ਇਨ੍ਹਾਂ ਭੇਖਾਂ ਨੂੰ ਥੋੜ੍ਹਾ-ਥੋੜ੍ਹਾ ਛੋਹ ਕੇ ਵੇਂਹਦੇ ਵੀ ਆਏ ਆਂ। ਹੁਣ ਅਗਲੀਆਂ ਕੁਝ ਤਰਕਾਲਾਂ ਲਈ ਆਪਾਂ ਇਹਨਾਂ ਭੇਖਾਂ ਬਾਰੇ ਕੁਝ ਵਧੇਰੇ ਲੰਮੀਆਂ ਬਾਤਾਂ ਪਾਵਾਂਗੇ। ਆਪਾਂ ਸਾਰੇ ਕੰਮੀ ਬੰਦੇ ਆਂ। ਘੱਟ ਪੈਸਿਆਂ ’ਤੇ ਬਹੁਤੇ ਕੰਮ ਦੇ ਥੱਕੇ-ਭੰਨੇ। ਸੋ ਨੀਂਦਰ ਸਾਰਿਆਂ ਨੂੰ ਆਉਂਦੀ ਪਈ ਏ। ਡੇਰ ਨਾ ਕਰੀਏ ਤੇ ਅੱਜ ਦੀ ਬਾਤ ਪਾਈਏ ਛੇਤੀ। ਅੱਜ ਦੀ ਬਾਤ ਦਾ ਨਾਂ ਏਂ ‘ਲਿੰਗ ਤੇ ਉਸ ਦਾ ਗੁੱਤ-ਜੂੜਾ’।’’

“ਵਿਸ਼ੇਸ਼ਣ ਦਾ ਵੀ ਬੱਸ ਨਾਂ ਈ ਵਿਸ਼ੇਸ਼ਣ ਏਂ। ਪਰ ਵਿਚਾਰੇ ਦਾ ਵਿਸ਼ੇਸ਼ ਕੁਝ ਮਾੜਾ-ਮੋਟਾ ਈ ਏ। ਇਹ ਉਂਞ ਵੀ ਨੰਗ ਈ ਏ। ਇਹਨੂੰ ਭੇਖ ਲਈ ਕੱਪੜੇ ਵੀ ਮਾਂਗਵੇਂ ਲੈਣੇ ਪੈਂਦੇ ਨੇ।”

ਇਸ ਪੋਥੀ ਦਾ ਪਹਿਲੀ ਹਰ ਵਿਆਕਰਣ ਨਾਲੋਂ ਨਿਵੇਕਲਾ ਤੇ ਬਹੁਤਾ ਈ ਮਹੱਤਵਪੂਰਨ ਗੁਣ ਇਹ ਵੀ ਹੈ ਕਿ ਇਹ ਪੋਥੀ ਗੁਆਚੀ ਪੰਜਾਬੀ ਤੇ ਪੰਜਾਬੀ ਵਿਆਕਰਣ ਦਾ ਬਿਓਰਾ ਈ ਨਹੀਂ ਦੇਂਦੀ, ਵਿਆਕਰਣ ਆਪ ਲੱਭਣ ਦੀ ਜਾਚ ਵੀ ਸਿਖਾਉਂਦੀ ਏ।

ਪੰਜਾਬੀ ਵਿਆਕਰਣ ਪੜ੍ਹਨ-ਪੜ੍ਹਾਉਣ ਦਾ ਇਸ ਤੋਂ ਸਿਰਜਣਾਤਮਕ ਅਤੇ ਦਿਲਚਸਪ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਕਿੰਨੇ ਭੁੱਲੇ-ਵਿਸਰੇ ਪੰਜਾਬੀ ਸ਼ਬਦ, ਕਿੰਨੇ ਨਵੇਂ ਸ਼ਬਦ, ਕਿੰਨੇ ਅੰਗਰੇਜ਼ੀ ਸ਼ਬਦਾਂ ਦੇ ਸਮਾਨਾਂਤਰ ਠੇਠ ਪੰਜਾਬੀ ਸ਼ਬਦ... ਇਹ ਸਿਰਫ਼ ਤੇ ਸਿਰਫ਼ ਡਾ. ਜੋਗਾ ਸਿੰਘ ਹੀ ਕਰ ਸਕਦੇ ਸਨ ਤੇ ਉਨ੍ਹਾਂ ਨੇ ਇਹ ਕਰ ਵਿਖਾਇਆ ਹੈ। ਕੁੱਲ ਮਿਲਾ ਕੇ ਇਹ ਪੋਥੀ ਖੋਜ, ਚਿੰਤਨ ਅਤੇ ਸੁਹਜ ਕਲਾ ਦਾ ਸੁਮੇਲ ਹੈ।

ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਡਾਕਟਰ ਵਿਰਕ ਥਾਂ-ਥਾਂ ‘ਮਤਲਬ’ ਸ਼ਬਦ ਨੂੰ ਪੇਂਡੂਆਂ ਵਾਂਗ ‘ਮਤਬਲ’ ਲਿਖਦੇ ਹਨ ਤੇ ਇਹ ਪੋਥੀ ਪੜ੍ਹ ਕੇ ਤੁਸੀਂ ਸੱਚਮੁੱਚ ਮਤਲਬ ਨੂੰ ‘ਮਤਬਲ’ ਆਖਣ ਲੱਗਦੇ ਹੋ।

ਨਿਵੇਕਲੀ ਸ਼ੈਲੀ ਅਤੇ ਠੇਠ ਪੰਜਾਬੀ ਵਿੱਚ ਲਿਖੀ ਡਾ. ਜੋਗਾ ਸਿੰਘ ਹੋਰਾਂ ਦੀ ਵਿਆਕਰਣ ਪੁਸਤਕ ‘ਆਓ ਵਿਆਕਰਣ ਲੱਭੀਏ’ ਇੱਕ ਕਮਾਲ ਦੀ ਪੋਥੀ ਹੈ। ਪੰਜਾਬੀ ਭਾਖਿਆ ਦੇ ਵਿਹੜੇ ਮੈਂ ਇਸ ਨੂੰ ਜੀ ਆਇਆਂ ਆਖਦਾ ਹਾਂ।

* * *

ਪੁਸਤਕ ਦਾ ਨਾਂ: ਆਓ ਵਿਆਕਰਣ ਲੱਭੀਏ

ਲੇਖਕ: ਜੋਗਾ ਸਿੰਘ (ਡਾ.)

ਪ੍ਰਕਾਸ਼ਨ ਸਾਲ: 2026

ਪ੍ਰਕਾਸ਼ਕ: glibn.com (ਈ-ਬੁੱਕ)

ਲਿੰਕ:

https://glibn.com/book/ਆਓ-ਵਆਕਰਣ-ਲਭਏ

ਕੀਮਤ: 150 ਰੁਪਏ

Advertisement
×