DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੌਣੀ ਸਦੀ ਬਾਅਦ ਵੀ ਤਲਾਸ਼ ਜਾਰੀ ...

ਉਨ੍ਹਾਂ ਭੈਣਾਂ ਅਤੇ ਭਰਾਵਾਂ ਦੀ ਤਲਾਸ਼ ਹੁਣ ਵੀ ਜਾਰੀ ਹੈ, ਜੋ 75 ਸਾਲ ਪਹਿਲਾਂ ਭਾਰਤ ਦੀ ਵੰਡ ਦੌਰਾਨ ਇੱਕ-ਦੂਜੇ ਤੋਂ ਜੁਦਾ ਹੋ ਗਏ ਸਨ। ਉਹ ਆਪਣੇ ਮਾਪਿਆਂ ਤੋਂ ਵਿਛੜ ਗਏ ਸਨ ਅਤੇ ਬਹੁਤ ਸਾਰੀਆਂ ਬਜ਼ੁਰਗ ਔਰਤਾਂ ਵੀ ਆਪਣੇ ਪਰਿਵਾਰਾਂ ਤੋਂ...

  • fb
  • twitter
  • whatsapp
  • whatsapp
Advertisement

ਉਨ੍ਹਾਂ ਭੈਣਾਂ ਅਤੇ ਭਰਾਵਾਂ ਦੀ ਤਲਾਸ਼ ਹੁਣ ਵੀ ਜਾਰੀ ਹੈ, ਜੋ 75 ਸਾਲ ਪਹਿਲਾਂ ਭਾਰਤ ਦੀ ਵੰਡ ਦੌਰਾਨ ਇੱਕ-ਦੂਜੇ ਤੋਂ ਜੁਦਾ ਹੋ ਗਏ ਸਨ। ਉਹ ਆਪਣੇ ਮਾਪਿਆਂ ਤੋਂ ਵਿਛੜ ਗਏ ਸਨ ਅਤੇ ਬਹੁਤ ਸਾਰੀਆਂ ਬਜ਼ੁਰਗ ਔਰਤਾਂ ਵੀ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਈਆਂ ਸਨ। ਕੁਝ ਅਜਿਹੀਆਂ ਕਹਾਣੀਆਂ ਵੀ ਹਨ, ਜਿੱਥੇ ਕੁਝ ਲੋਕਾਂ ਨੇ ਬਚ ਕੇ ਭੱਜਣ ਵੇਲੇ ਆਪਣੇ ਬਜ਼ੁਰਗਾਂ, ਜੋ ਪਰਿਵਾਰਾਂ ਨਾਲ ਕਾਫ਼ਲਿਆਂ ਵਿੱਚ ਯਾਤਰਾ ਨਹੀਂ ਕਰ ਸਕਦੇ ਸਨ, ਨੂੰ ਆਪਣੇ ਘਰਾਂ ਵਿੱਚ ਬੰਦ ਕਰ ਦਿੱਤਾ ਸੀ।

ਇਸ ਖਿੱਤੇ ’ਚ ਉਸ ਵੇਲੇ ਅਗਵਾ ਕੀਤੀਆਂ ਅਤੇ ਲਾਪਤਾ ਹੋਈਆਂ ਔਰਤਾਂ ਦੀ ਸਹੀ ਗਿਣਤੀ ਅਜੇ ਤੱਕ ਅਸਪੱਸ਼ਟ ਹੈ। ਅੰਕੜੇ ਵੀ ਪੂਰੀ ਤਰ੍ਹਾਂ ਉਪਲੱਬਧ ਨਹੀਂ ਹਨ। ਇੱਕ ਖੋਜੀ ਪੱਤਰਕਾਰ ਲਿਓਨਾਰਡ ਮੋਸਲੇ ਦਾ ਅਨੁਮਾਨ ਹੈ ਕਿ ਇਹ ਅੰਕੜਾ ਲਗਭਗ 100,000 ਹੈ। ਭਾਰਤ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਹਿੰਦੂ ਅਤੇ ਸਿੱਖ ਪਰਿਵਾਰਾਂ ਨੇ ਲਾਪਤਾ ਅਤੇ ਅਗਵਾ ਕੀਤੀਆਂ ਔਰਤਾਂ ਬਾਰੇ ਲਗਭਗ 33,000 ਸ਼ਿਕਾਇਤਾਂ ਦਰਜ ਕਰਵਾਈਆਂ ਸਨ ਜਦੋਂਕਿ ਪਾਕਿਸਤਾਨੀ ਸਰਕਾਰ ਦੇ ਅਧਿਕਾਰਤ ਸਰੋਤ ਦਾਅਵਾ ਕਰਦੇ ਹਨ ਕਿ ਭਾਰਤੀ ਖੇਤਰਾਂ ਵਿੱਚ ਲਗਭਗ 50,000 ਮੁਸਲਿਮ ਔਰਤਾਂ ਲਾਪਤਾ ਹੋ ਗਈਆਂ ਸਨ। ਇੱਕ ਪੱਤਰਕਾਰ ਐਂਡਰਿਊ ਮੇਜਰ ਦਾ ਦਾਅਵਾ ਹੈ ਕਿ ਇਹ ਗਿਣਤੀ 40,000 ਤੋਂ 50,000 ਦੇ ਵਿਚਕਾਰ ਸੀ ਅਤੇ ਇੱਕ ਹੋਰ ਖੋਜਕਰਤਾ ਮਸਰੂਟ ਇਹ ਗਿਣਤੀ 60,000 ਦੱਸਦਾ ਹੈ ਜਦੋਂਕਿ ਇੱਕ ਮਹਿਲਾ ਕਾਰਕੁਨ ਬੇਗਮ ਤਸੱਦੁਕ ਹੁਸੈਨ ਇਹ ਗਿਣਤੀ 90,000 ਤੋਂ ਘੱਟ ਨਾ ਹੋਣ ਦਾ ਅਨੁਮਾਨ ਲਗਾਉਂਦੀ ਹੈ।

Advertisement

ਪ੍ਰਸਿੱਧ ਪੱਤਰਕਾਰ ਅਤੇ ਲੇਖਕਾ ਉਰਵਸ਼ੀ ਬੁਟਾਲੀਆ ਦਾ ਕਹਿਣਾ ਹੈ ਕਿ ਪੀੜਤ ਹਿੰਦੂ ਅਤੇ ਸਿੱਖ ਔਰਤਾਂ ਦੀ ਗਿਣਤੀ 25,000 ਤੋਂ 29,000 ਤੱਕ ਹੈ। ਇਹ ਓਨੇ ਹੀ ਅੰਕੜੇ ਹਨ ਜੋ ਅਧਿਕਾਰਤ ਤੌਰ ’ਤੇ ਦਰਜ ਕੀਤੇ ਗਏ ਹਨ। ਨਵੰਬਰ 1948 ਵਿੱਚ ਇੱਕ ਲੰਮੀ ਚਰਚਾ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਇੱਕ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਕਿ ਲਾਪਤਾ ਅਤੇ ਅਗਵਾ ਕੀਤੀਆਂ ਗਈਆਂ ਔਰਤਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ ਉਨ੍ਹਾਂ ਮਾਮਲਿਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜਿੱਥੇ ਅਗਵਾ ਤੋਂ ਬਾਅਦ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ ਅਤੇ ਇਹ ਸਭ ਤਸ਼ੱਦਦ, ਡਰ ਅਤੇ ਦਹਿਸ਼ਤ ਦੇ ਅਧੀਨ ਕੀਤਾ ਗਿਆ ਸੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਉਸ ਸਮੇਂ ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਖੁੱਲ੍ਹੀ ਜੀਪ ਵਿੱਚ ਲਾਹੌਰ ਦੀਆਂ ਮੁੱਖ ਸੜਕਾਂ ਦਾ ਦੌਰਾ ਵੀ ਕੀਤਾ।

Advertisement

ਨਹਿਰੂ ਉਸ ਰਾਤ ਸੌਂ ਨਾ ਸਕੇ। ਇੱਕ ‘ਵਿਦੇਸ਼ੀ’ ਪ੍ਰਧਾਨ ਮੰਤਰੀ ਲਈ ਲਾਹੌਰ ਦੇ ਸਰਕਾਰੀ ਗੈਸਟ ਹਾਊਸ ਵਿੱਚ ਸਾਰੇ ਕੂਟਨੀਤਕ ਪ੍ਰਬੰਧ ਕੀਤੇ ਗਏ ਸਨ। ਉਸ ਸਮੇਂ ਪਾਕਿਸਤਾਨ ਦੀ ਪੰਜਾਬ ਪੁਲੀਸ ਦੰਗਾ ਪ੍ਰਭਾਵਿਤ ਖੇਤਰਾਂ ਵਿੱਚ ਦੰਗਾਕਾਰੀਆਂ ਨਾਲ ਸਿੱਝ ਰਹੀ ਸੀ ਜਦੋਂਕਿ ਪੁਲੀਸ ਦੀ ਇੱਕ ਛੋਟੀ ਜਿਹੀ ਟੁਕੜੀ ਹੀ ਭਾਰਤੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਵਾਧੂ ਸੁਰੱਖਿਆ ਕਵਚ ਦੇ ਤੌਰ ’ਤੇ ਪਾਕਿਸਤਾਨੀ ਫ਼ੌਜ ਮੁਖੀ ਤੋਂ ਪੰਜਾਬ ਰੈਜੀਮੈਂਟ ਦੀ ਇੱਕ ਪਲਟਨ ਵੀ ਉਸ ਇਲਾਕੇ ਵਿੱਚ ਤਾਇਨਾਤ ਕਰਵਾ ਦਿੱਤੀ।

ਪੂਰਾ ਦਿਨ ਲਿਆਕਤ ਅਲੀ ਖ਼ਾਨ ਨਾਲ ਇੱਕ ਖੁੱਲ੍ਹੀ ਜੀਪ ਵਿੱਚ ਲਾਹੌਰ ਦੇ ਦੰਗਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮਗਰੋਂ ਨਹਿਰੂ ਥੱਕ ਗਏ ਸਨ। ਉਨ੍ਹਾਂ ਨੇ ਜੋ ਦੇਖਿਆ ਅਤੇ ਸੁਣਿਆ, ਉਸ ਨੇ ਸ਼ਾਇਦ ਉਨ੍ਹਾਂ ਨੂੰ ਥਕਾ ਦਿੱਤਾ ਸੀ। ਸ਼ਾਮ ਦਾ ਵੇਲਾ ਸੀ। ਇਹ ਸਟੇਟ ਰੈਸਟ ਹਾਊਸ ਮੁੱਖ ਸੜਕ ਤੋਂ ਥੋੜ੍ਹੀ ਦੂਰ ਸੀ। ਲਿਆਕਤ ਅਲੀ ਖ਼ਾਨ ਚਾਹੁੰਦੇ ਸਨ ਕਿ ਨਹਿਰੂ ਉਨ੍ਹਾਂ ਦੇ ਘਰ ਰਾਤ ਬਿਤਾਉਣ, ਪਰ ਦਿਨ ਭਰ ਦੀਆਂ ਘਟਨਾਵਾਂ ਤੋਂ ਬਾਅਦ ਨਹਿਰੂ ਕੁਝ ਸਮਾਂ ਇਕਾਂਤ ਵਿੱਚ ਬਿਤਾਉਣਾ ਚਾਹੁੰਦੇ ਸਨ।

ਉਸ ਦਿਨ ਨਹਿਰੂ ਵਰਾਂਡੇ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਬੇਚੈਨੀ ਨਾਲ ਗੇੜੇ ਕੱਢਣ ਲੱਗੇ। ਦੋ ਗੇੜੇ ਕੱਢਣ ਮਗਰੋਂ ਨਹਿਰੂ ਨੂੰ ਥਕਾਵਟ ਮਹਿਸੂਸ ਹੋਈ। ਉਹ ਵਰਾਂਡੇ ਵਿੱਚ ਪਈ ਇੱਕ ਆਰਾਮ ਕੁਰਸੀ ’ਚ ਧਸ ਗਏ। ਬੈਠੇ ਬੈਠੇ ਅਚਾਨਕ ਉਨ੍ਹਾਂ ਦੇ ਮੱਥੇ ’ਤੇ ਪਸੀਨਾ ਆ ਗਿਆ। ਉਨ੍ਹਾਂ ਦੇ ਜ਼ਿਹਨ ’ਚੋਂ ਦੁਪਹਿਰ ਵਾਲੀ ਬੁੱਢੀ ਔਰਤ ਨਹੀਂ ਸੀ ਨਿਕਲ ਰਹੀ। ਦਰਅਸਲ, ਜਿਸ ਖੁੱਲ੍ਹੀ ਜੀਪ ਵਿੱਚ ਨਹਿਰੂ ਅਤੇ ਲਿਆਕਤ ਸਵਾਰ ਸਨ, ਇੱਕ ਬੁੱਢੀ ਔਰਤ ਅਚਾਨਕ ਕਿਧਰੋਂ ਨਿਕਲ ਕੇ ਉਨ੍ਹਾਂ ਦੀ ਜੀਪ ਅੱਗੇ ਆ ਗਈ ਸੀ। ਲਿਆਕਤ ਅਲੀ ਦੇ ਅੰਗ-ਰੱਖਿਅਕਾਂ ਨੇ ਉਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹਿਰੂ ਨੇ ਉਨ੍ਹਾਂ ਨੂੰ ਰੋਕਿਆ, ‘‘ਇਸ ਔਰਤ ਨੂੰ ਆਪਣੀ ਗੱਲ ਕਹਿਣ ਦਿਓ।’’ ਲਿਆਕਤ ਨੇ ਵੀ ਰੁਕਣ ਦਾ ਇਸ਼ਾਰਾ ਕੀਤਾ। ਬੁੱਢੀ ਔਰਤ ਨੂੰ ਦੋਵਾਂ ਕੋਲ ਲਿਆਂਦਾ ਗਿਆ। ਉਸ ਦੀਆਂ ਅੱਖਾਂ ਵਿੱਚ ਡਰ ਦਿਖਾਈ ਦੇ ਰਿਹਾ ਸੀ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਨਹਿਰੂ ਨੇ ਉਸ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਕਿਹਾ, ‘‘ਬੋਲੋ ਮਾਤਾ ਜੀ, ਬਿਨਾਂ ਝਿਜਕ ਬੋਲੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?’’ ਬੁੱਢੀ ਔਰਤ ਨੇ ਵਾਰੋ-ਵਾਰੀ ਉਨ੍ਹਾਂ ਦੋਵਾਂ ਵੱਲ ਦੇਖਿਆ, ਫਿਰ ਕੰਬਦੀ ਆਵਾਜ਼ ਵਿੱਚ ਕਿਹਾ, ‘‘ਤੁਸੀਂ ਦੋਵੇਂ ਬਹੁਤ ਬੁੱਧੀਮਾਨ ਹੋ ਅਤੇ ਦੁਨੀਆ ’ਚ ਬਹੁਤ ਕੁਝ ਦੇਖਿਆ ਹੋਵੇਗਾ। ਜੇ ਤੁਸੀਂ ਵੰਡਣਾ ਚਾਹੁੰਦੇ ਸੀ ਤਾਂ ਤੁਹਾਨੂੰ ਜ਼ਮੀਨ ਅਤੇ ਜਾਇਦਾਦਾਂ ਵੰਡਣੀਆਂ ਚਾਹੀਦੀਆਂ ਸਨ। ਅਸੀਂ ਜਾਇਦਾਦ ਦੀ ਵੰਡ ਬਾਰੇ ਸੁਣਿਆ ਹੈ, ਪਰ ਲੋਕਾਂ ਦੀ ਵੰਡ ਬਾਰੇ ਕਦੇ ਨਹੀਂ ਸੁਣਿਆ।’’ ਬੁੱਢੀ ਔਰਤ ਇੱਕ ਪਲ ਲਈ ਰੁਕੀ। ਅਚਾਨਕ ਉਸ ਦਾ ਚਿਹਰਾ ਤਣ ਗਿਆ ਅਤੇ ਉਹ ਚੀਕਣ ਲੱਗੀ, ‘‘ਤੁਹਾਡੇ ਸਾਰਿਆਂ ’ਤੇ ਲਾਹਨਤ ਹੈ। ਖ਼ੁਦਾ ਤੁਹਾਨੂੰ ਸਭ ਨੂੰ ਕਦੇ ਮੁਆਫ਼ ਨਹੀਂ ਕਰੇਗਾ।’’ ਇਹ ਸ਼ਬਦ ਬੋਲਦੀ ਹੋਈ ਬੁੱਢੀ ਔਰਤ ਇੱਕ ਗਲੀ ਵਿੱਚ ਭੱਜ ਗਈ। ਉਸ ਨੂੰ ਡਰ ਸੀ ਕਿ ‘ਵੱਡੇ ਆਦਮੀਆਂ’ ਦੇ ਪੁਲੀਸ ਅਧਿਕਾਰੀ ਉਸ ਨੂੰ ਗ੍ਰਿਫ਼ਤਾਰ ਕਰ ਲੈਣਗੇ ਅਤੇ ਉਸ ਨੂੰ ਜੇਲ੍ਹ ਭੇਜ ਦੇਣਗੇ। ਬੁੱਢੀ ਔਰਤ ਦੀਆਂ ਚੀਕਾਂ ਸੁਣ ਕੇ ਦੋਵੇਂ ਸੁੰਨ ਹੋ ਗਏ। ਉਨ੍ਹਾਂ ਨੇ ਇੱਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ, ਫਿਰ ਇੱਕ ਡੂੰਘਾ ਸਾਹ ਲੈਂਦਿਆਂ ਕਾਫ਼ਲੇ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ।

ਪਾਕਿਸਤਾਨੀ ਪੰਜਾਬ ਦੇ ਗਵਰਨਰ ਸਰ ਫਰਾਂਸਿਸ ਮੂਡੀ ਅਤੇ ਪਹਿਲੇ ਮੁੱਖ ਮੰਤਰੀ ਨਵਾਬ ਇਫ਼ਤਿਖਾਰ ਹੁਸੈਨ ਮਮਦੋਟ ਵੀ ਪਿੱਛੇ ਖੁੱਲ੍ਹੀ ਕਾਰ ਵਿੱਚ ਮੌਜੂਦ ਸਨ। ਉਨ੍ਹਾਂ ਨੇ ਵੀ ਬੁੱਢੀ ਔਰਤ ਦੀਆਂ ਚੀਕਾਂ ਸੁਣੀਆਂ। ਉਹ ਵੀ ਪ੍ਰੇਸ਼ਾਨ ਹੋ ਗਏ ਸਨ। ਜਿਉਂ ਹੀ ਚੀਕਦੀ ਹੋਈ ਬੁੱਢੀ ਔਰਤ ਦਾ ਚਿਹਰਾ ਨਹਿਰੂ ਦੀਆਂ ਅੱਖਾਂ ਅੱਗਿਉਂ ਗਾਇਬ ਹੋਇਆ ਤਾਂ ਫਿਰ ਉਸੇ ਦਿਨ ਜੀਪ ਅੱਗੇ ਆ ਕੇ ਹੱਥ ਹਿਲਾ ਕੇ ਰੋਕਣ ਵਾਲੇ ਬਜ਼ੁਰਗ ਦਾ ਚਿਹਰਾ ਨਹਿਰੂ ਦੀਆਂ ਅੱਖਾਂ ਸਾਹਮਣੇ ਆ ਗਿਆ। ਬਜ਼ੁਰਗ ਆਦਮੀ ਦੋਵਾਂ ਪ੍ਰਧਾਨ ਮੰਤਰੀਆਂ ਵੱਲ ਹੱਥ ਜੋੜ ਕੇ ਅੱਗੇ ਵਧਿਆ ਅਤੇ ਬੇਨਤੀ ਕਰਨ ਲੱਗਾ, ‘‘ਪੰਡਿਤ ਜੀ! ਲਿਆਕਤ ਸਾਹਿਬ! ਕੁਝ ਗੁੰਡਿਆਂ ਨੇ ਮੇਰੀ ਬਾਰਾਂ ਸਾਲ ਦੀ ਧੀ ਨੂੰ ਅਗਵਾ ਕਰ ਲਿਆ ਹੈ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਬਸ ਮੇਰੀ ਧੀ ਨੂੰ ਵਾਪਸ ਕਰਵਾ ਦਿਓ।’’

ਉਸੇ ਸਮੇਂ ਲਿਆਕਤ ਅਲੀ ਖ਼ਾਨ ਨੇ ਆਪਣੇ ਅੰਗ-ਰੱਖਿਅਕਾਂ ਨੂੰ ਬਜ਼ੁਰਗ ਆਦਮੀ ਨੂੰ ਉੱਥੋਂ ਹਟਾਉਣ ਦਾ ਇਸ਼ਾਰਾ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਸੈਂਕੜੇ ਲੋਕ ਸਰਕਾਰੀ ਕਾਫ਼ਲੇ ਦੇ ਆਲੇ-ਦੁਆਲੇ ਇਕੱਠੇ ਹੋ ਜਾਣਗੇ। ਨਹਿਰੂ ਨੂੰ ਆਪਣੇ ਦਿਲ ਦੀ ਧੜਕਣ ਵਧਦੀ ਮਹਿਸੂਸ ਹੋਈ। ਉਨ੍ਹਾਂ ਨੂੰ ਉਹ ਸਾਰੇ ਪਲ ਪਰੇਸ਼ਾਨ ਕਰ ਰਹੇ ਸਨ। ਉਸੇ ਦਿਨ ਜਦੋਂ ਉਨ੍ਹਾਂ ਨੇ ਖੁੱਲ੍ਹੀ ਕਾਰ ਵਿੱਚੋਂ ਸੜਕ ਤੋਂ ਥੋੜ੍ਹੀ ਦੂਰ ਸੜਦੇ ਘਰ ਦੇਖੇ ਤਾਂ ਉਨ੍ਹਾਂ ਲਿਆਕਤ ਅਲੀ ਨੂੰ ਪੁੱਛਿਆ ਸੀ, ‘‘ਇਹ ਕੀ ਹੋ ਰਿਹਾ ਹੈ, ਲਿਆਕਤ?’’ ਜਵਾਬ ਆਇਆ, ‘‘ਸਾਡੇ ਲੋਕ ਸ਼ਾਇਦ ਪਾਗਲ ਹੋ ਗਏ ਹਨ। ਕਾਇਦ-ਏ-ਆਜ਼ਮ ਨੂੰ ਵੀ ਇੰਨੀ ਤਬਾਹੀ ਦੀ ਉਮੀਦ ਨਹੀਂ ਸੀ।’’ ਨਹਿਰੂ ਨੇ ਕਿਹਾ, ‘‘ਪਰ ਇੱਕ ਸ਼ਖ਼ਸ ਨੂੰ ਸ਼ਾਇਦ ਸੀ। ਇਸੇ ਲਈ ਉਹ ਵਾਰ-ਵਾਰ ਟੋਕਦਾ ਰਿਹਾ। ਬਾਪੂ ਨੂੰ ਇਲਹਾਮ ਹੋ ਗਿਆ ਸੀ।’’ ਲਿਆਕਤ ਅਲੀ ਖ਼ਾਨ ਨੇ ਅੱਗਿਉਂ ਕੁਝ ਨਾ ਕਿਹਾ, ਬਸ ਸਿਰ ਹਿਲਾਇਆ। ਹੁਣ ਉਨ੍ਹਾਂ ਨੂੰ ਸਭ ਕੁਝ ਯਾਦ ਆ ਰਿਹਾ ਸੀ, ਪਰ ਇਤਿਹਾਸ ਦੇ ਪਹੀਏ ਕਦੇ ਪੁੱਠੇ ਨਹੀਂ ਘੁੰਮਦੇ। ਉਨ੍ਹਾਂ ਦੀ ਸਾਰੀ ਰਾਤ ਜਾਗਦਿਆਂ ਲੰਘੀ। ਉਨ੍ਹਾਂ ਨੂੰ ਲੱਗਿਆ ਕਿ ਅਜਿਹਾ ਗੁਨਾਹ ਹੋਇਆ ਹੈ, ਜਿਸ ਦੀ ਸਜ਼ਾ ਕਰੋੜਾਂ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ। ਫਿਰ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਕਿਹਾ, ‘‘ਅਸੀਂ ਮਿਲ ਕੇ ਸਾਰਿਆਂ ਨੂੰ ਇਨ੍ਹਾਂ ਸਦਮਿਆਂ ਤੋਂ ਉਭਾਰਾਂਗੇ।’’

ਉਨ੍ਹਾਂ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕੇਂਦਰੀ ਰਿਕਵਰੀ ਦਫ਼ਤਰ (ਸੀ ਆਰ ਓ) ਸਥਾਪਿਤ ਕੀਤੇ ਗਏ। ਦੋਵੇਂ ਕੇਂਦਰ ਆਪੋ-ਆਪਣੇ ਖੇਤਰਾਂ ਵਿੱਚ ਅਗਵਾ ਕੀਤੀਆਂ ਗਈਆਂ ਔਰਤਾਂ ਦੀ ਤਲਾਸ਼ ਕਰ ਰਹੇ ਸਨ। ਦੋਵਾਂ ਕੇਂਦਰਾਂ ਵਿੱਚ ਸਮਾਜਿਕ ਸੰਗਠਨਾਂ ਦਾ ਸਟਾਫ ਸੀ ਅਤੇ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਵੀ ਪ੍ਰਾਪਤ ਸੀ। ਦੋਵਾਂ ਕੇਂਦਰਾਂ ਵਿੱਚ ਸ਼ਰਨਾਰਥੀ ਕੈਂਪ ਵੀ ਸਥਾਪਿਤ ਕੀਤੇ ਗਏ ਸਨ, ਜਿੱਥੇ ਅਗਵਾਕਾਰਾਂ ਤੋਂ ਛੁਡਾਈਆਂ ਗਈਆਂ ਔਰਤਾਂ ਨੂੰ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਭਾਲ ਵੀ ਸ਼ੁਰੂ ਕੀਤੀ ਗਈ ਸੀ।

ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਤਲਾਸ਼ ਅੱਜ ਪੌਣੀ ਸਦੀ ਬਾਅਦ ਵੀ ਮੁਕੰਮਲ ਨਹੀਂ ਆਖੀ ਜਾ ਸਕਦੀ। ਬੇਪੱਤ ਤੇ ਲਾਪਤਾ ਹੋਈਆਂ ਇਨ੍ਹਾਂ ਔਰਤਾਂ ’ਚੋਂ ਕਿਸੇ ਦੇ ਹੱਥੋਂ ਜ਼ਿੰਦਗੀ ਦੀ ਤੰਦ ਛੁੱਟ ਗਈ ਤੇ ਕਿਸੇ ਦੇ ਹੱਥੋਂ ਰਿਸ਼ਤਿਆਂ ਦੀ।

ਸੰਪਰਕ: 94170-04423

Advertisement
×