ਮਾਂਗੇ ਪਿੰਡ ਦਾ ਡਾਕਾ
ਮਾਂਗਾ ਪਿੰਡ ਰਾਵੀ ਦਰਿਆ ਦੇ ਕੰਢੇ ਢਾਹੇ ਉੱਪਰ ਵੱਸਿਆ ਸਾਂਝੇ ਪੰਜਾਬ ਦਾ ਬਹੁਤ ਵੱਡਾ ਪਿੰਡ ਹੈ। ਜਦੋਂ ਪੰਜਾਬ ਅੰਗਰੇਜ਼ੀ ਹਕੂਮਤ ਹੇਠ ਆਇਆ ਤਾਂ ਅੰਗਰੇਜ਼ਾਂ ਵੱਲੋਂ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੀ ਵੰਡ ਕੀਤੀ ਗਈ, ਜਿਸ ਕਾਰਨ ਮਾਂਗਾ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਵਿੱਚ...
ਮਾਂਗਾ ਪਿੰਡ ਰਾਵੀ ਦਰਿਆ ਦੇ ਕੰਢੇ ਢਾਹੇ ਉੱਪਰ ਵੱਸਿਆ ਸਾਂਝੇ ਪੰਜਾਬ ਦਾ ਬਹੁਤ ਵੱਡਾ ਪਿੰਡ ਹੈ। ਜਦੋਂ ਪੰਜਾਬ ਅੰਗਰੇਜ਼ੀ ਹਕੂਮਤ ਹੇਠ ਆਇਆ ਤਾਂ ਅੰਗਰੇਜ਼ਾਂ ਵੱਲੋਂ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੀ ਵੰਡ ਕੀਤੀ ਗਈ, ਜਿਸ ਕਾਰਨ ਮਾਂਗਾ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਵਿੱਚ ਸ਼ਾਮਿਲ ਹੋ ਗਿਆ। ਮਾਂਗਾ ਲਾਹੌਰ ਤੋਂ 20 ਕੁ ਮੀਲ ਦੱਖਣ ਵੱਲ ਸਥਿਤ ਹੈ। ਜਦੋਂ ਅੰਗਰੇਜ਼ਾਂ ਵੱਲੋਂ ਸੜਕਾਂ ਬਣਾਈਆਂ ਗਈਆਂ ਤਾਂ ਲਾਹੌਰ-ਮੁਲਤਾਨ ਰੋਡ ਮਾਂਗਾ ਪਿੰਡ ਦੇ ਰਕਬੇ ਵਿੱਚੋਂ ਲੰਘੀ। ਇਹ ਸੜਕ ਪਿੰਡ ਤੋਂ ਥੋੜ੍ਹਾ ਹਟਵੀਂ ਚੜ੍ਹਦੇ ਪਾਸਿਓਂ ਲੰਘੀ ਸੀ। ਹੁਣ ਇਹ ਸੜਕ ਲਾਹੌਰ-ਮੁਲਤਾਨ ਹਾਈਵੇਅ ਬਣ ਚੁੱਕੀ ਹੈ। ਮਾਂਗਾ ਰਕਬੇ ਅਤੇ ਆਬਾਦੀ ਪੱਖੋਂ ਸਾਂਝੇ ਪੰਜਾਬ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਸੀ। ਜਦੋਂ ਅੰਗਰੇਜ਼ਾਂ ਵੱਲੋਂ ਪੰਜਾਬ ਵਿੱਚ ਅਨਾਜ ਮੰਡੀਆਂ ਬਣਾਈਆਂ ਗਈਆਂ ਤਾਂ ਮਾਂਗਾ ਪਿੰਡ ਵਿੱਚ ਨਵੀਂ ਬਣੀ ਸੜਕ ਕੰਢੇ ਵੀ ਮੰਡੀ ਬਣਾਈ ਗਈ, ਜਿਸ ਕਰਕੇ ਮਾਂਗਾ ਪਿੰਡ ‘ਮਾਂਗਾ ਮੰਡੀ’ ਵਜੋਂ ਜਾਣਿਆ ਜਾਣ ਲੱਗਾ।
ਇਹ ਸੰਧੂ ਜੱਟਾਂ ਦਾ ਪਿੰਡ ਸੀ। ਜੱਟਾਂ ਤੋਂ ਇਲਾਵਾ ਹੋਰ ਬਿਰਾਦਰੀਆਂ ਦੇ ਲੋਕ ਵੀ ਬਹੁਤ ਵੱਡੀ ਗਿਣਤੀ ਵਿੱਚ ਵੱਸਦੇ ਸਨ। ਇੱਥੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀ ਵੱਡੀ ਆਬਾਦੀ ਸੀ। ਸੰਧੂ ਜੱਟਾਂ ਤੋਂ ਇਲਾਵਾ ਹੋਰ ਗੋਤਾਂ ਦੇ ਕੁਝ ਕੁ ਘਰ ਨਾਨਕੇ ਢੇਰੀ ਜਾਂ ਜ਼ਮੀਨ ਬੈਅ (ਮੁੱਲ) ਖਰੀਦ ਕੇ ਇਸ ਪਿੰਡ ਦੇ ਵਸਨੀਕ ਬਣ ਗਏ। ਮੇਰੇ ਵੱਡੇ-ਵਡੇਰਿਆਂ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਨੌਕਰੀ ਕਰਦੇ ਸਨ, ਨੇ ਵੀ ਮਾਂਗੇ ਵਿੱਚ ਜ਼ਮੀਨ ਖਰੀਦ ਲਈ ਅਤੇ ਇੱਥੇ ਆ ਕੇ ਵੱਸ ਗਏ। ਪਿੰਡ ਵਿੱਚ ਇਕੱਲਾ ਸਾਡਾ ਪਰਿਵਾਰ ਹੀ ਗਿੱਲ ਗੋਤ ਦਾ ਸੀ। ਸਾਡੇ ਪਰਿਵਾਰ ਦੇ ਵਡੇਰੇ ਪਹਿਲਾਂ ਪਿੰਡ ਵਿੱਚ ਵੱਸਦੇ ਰਹੇ ਅਤੇ ਬਾਅਦ ਵਿੱਚ ਆਪਣੀ ਜ਼ਮੀਨ ਵਿੱਚ ਘਰ ਬਣਾ ਕੇ ਰਹਿਣ ਲੱਗੇ। ਸਾਡੇ ਟੱਬਰ ਦੇ ਚਾਰ ਘਰਾਂ ਤੇ ਕੁਝ ਮੁਜ਼ਾਰਿਆਂ ਦੇ ਘਰਾਂ ਦੀ ਰਿਹਾਇਸ਼ ‘ਗਿੱਲਾਂ ਦੇ ਵਾੜੇ’ ਵਜੋਂ ਮਸ਼ਹੂਰ ਹੋਈ। ਮੌਜੂਦਾ ਸਮੇਂ ਇਹ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਾ ਹੈ, ਜੋ ਹੁਣ ਵੀ ‘ਗਿੱਲਾਂ ਦੇ ਵਾੜੇ’ ਵਜੋਂ ਹੀ ਜਾਣਿਆ ਜਾਂਦਾ ਹੈ। ਸੰਨ 1947 ਦੀ ਵੰਡ ਵੇਲੇ ਸਾਡਾ ਪਰਿਵਾਰ ਲਗਪਗ 150 ਸਾਲਾਂ ਬਾਅਦ ਮੁੜ ਆਪਣੇ ਜੱਦੀ ਪਿੰਡ ਕੱਦ ਗਿੱਲ, ਤਹਿਸੀਲ ਤਰਨ ਤਾਰਨ ਵਿੱਚ ਆ ਕੇ ਵੱਸ ਗਿਆ। ਸਾਡਾ ਟੱਬਰ ਹੁਣ ਵੀ ਇੱਥੇ ‘ਮਾਂਗੇਵਾਲੇ ਪਰਿਵਾਰ’ ਵਜੋਂ ਜਾਣਿਆ ਜਾਂਦਾ ਹੈ।
ਪਾਕਿਸਤਾਨ ਬਣਨ ’ਤੇ ਉਧਰੋਂ ਉੱਜੜ ਕੇ ਆਉਣ ਵਾਲੇ ਲੱਖਾਂ ਹੋਰ ਲੋਕਾਂ ਦੀ ਤਰ੍ਹਾਂ ਮੇਰੇ ਦਾਦਾ ਜੀ ਸ. ਅਨੂਪ ਸਿੰਘ ਮਾਂਗੇਵਾਲਾ ਵੀ ਆਪਣੇ ਪੁਰਾਣੇ ਪਿੰਡ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਸਨ। ਇਨ੍ਹਾਂ ਗੱਲਾਂ ਵਿੱਚੋਂ ਹੀ ਉਨ੍ਹਾਂ ਨੇ ਮੈਨੂੰ ਪਿੰਡ ਮਾਂਗਾ ਵਿੱਚ 1947 ਦੀ ਵੰਡ ਤੋਂ ਥੋੜ੍ਹਾ ਸਮਾਂ ਪਹਿਲਾਂ ਪਏ ਡਾਕੇ ਦੀ ਦਿਲਚਸਪ ਕਹਾਣੀ ਸੁਣਾਈ। ਮਾਂਗਾ ਪਿੰਡ ਵਿੱਚ ਇੱਕ ਅਮੀਰ ਮੁਸਲਮਾਨ ਖੋਜਾ ਪਰਿਵਾਰ ਰਹਿੰਦਾ ਸੀ, ਜਿਨ੍ਹਾਂ ਦੀ ਹੋਰ ਕਾਰੋਬਾਰਾਂ ਤੋਂ ਇਲਾਵਾ ਪਿੰਡ ਵਿੱਚ ਇੱਕ ਵੱਡੀ ਹੱਟੀ ਵੀ ਸੀ। ਇੱਕ ਰਾਤ ਉਨ੍ਹਾਂ ਦੇ ਗੁਆਂਢ ਵਿੱਚ ਪੈਂਦੇ ਨਾਈ ਬਿਰਾਦਰੀ ਦੇ ਘਰ ਡਾਕੂ ਡਾਕਾ ਮਾਰਨ ਲਈ ਆ ਗਏ। ਨਾਈਆਂ ਦੀ ਪਿੰਡ ਵਿੱਚ ਕਿਸੇ ਨਾਲ ਦੁਸ਼ਮਣੀ ਸੀ; ਉਨ੍ਹਾਂ ਸਮਝਿਆ ਕਿ ਸਾਡੇ ਦੁਸ਼ਮਣਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਹੈ, ਸੋ ਉਨ੍ਹਾਂ ਨੇ ਅੱਗੋਂ ਡਾਕੂਆਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਨਾਲ ਹੀ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਡਾਂਗਾਂ ਅਤੇ ਹੋਰ ਰਵਾਇਤੀ ਹਥਿਆਰ ਲੈ ਕੇ ਘਰ ਦੇ ਬਾਹਰ ਇਕੱਠੇ ਹੋ ਗਏ। ਜਦੋਂ ਡਾਕੂ ਭੱਜਣ ਲੱਗੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਡਾਕੂਆਂ ਨੇ ਪਿੰਡ ਵਾਸੀਆਂ ’ਤੇ ਬੰਬ ਸੁੱਟ ਦਿੱਤਾ, ਜਿਸ ਕਾਰਨ ਇੱਕ ਪਿੰਡ ਵਾਸੀ ਮਾਰਿਆ ਗਿਆ ਅਤੇ ਕੁਝ ਜ਼ਖ਼ਮੀ ਹੋ ਗਏ। ਡਾਕੂ ਬੰਬ ਦੇ ਧੂੰਏਂ ਦਾ ਫ਼ਾਇਦਾ ਉਠਾ ਕੇ ਪਿੰਡੋਂ ਬਾਹਰ ਭੱਜ ਗਏ। ਪਿੰਡ ਵਾਲੇ ਵੀ ਡਾਕੂਆਂ ਦੇ ਮਗਰ ਦੌੜੇ। ਪਿੰਡੋਂ ਬਾਹਰ ਡਾਕੂਆਂ ਅਤੇ ਪਿੰਡ ਵਾਸੀਆਂ ਦਾ ਫਿਰ ਟਕਰਾਅ ਹੋਇਆ, ਜਿੱਥੇ ਡਾਕੂਆਂ ਨੇ ਇੱਕ ਹੋਰ ਬੰਬ ਮਾਰਿਆ। ਇਸ ਵਿੱਚ ਇੱਕ ਹੋਰ ਪਿੰਡ ਵਾਸੀ ਮਾਰਿਆ ਗਿਆ, ਜਿਸ ਕਾਰਨ ਪਿੰਡ ਵਾਲੇ ਪਿਛਾਂਹ ਹਟ ਗਏ ਅਤੇ ਡਾਕੂ ਫਰਾਰ ਹੋ ਗਏ। ਇਸ ਤੋਂ ਬਾਅਦ ਹਿੰਦੋਸਤਾਨ ਦੀ ਵੰਡ ਹੋ ਗਈ। ਮਾਂਗਾ ਪਾਕਿਸਤਾਨ ਵਾਲੇ ਪਾਸੇ ਆ ਗਿਆ ਅਤੇ ਮਾਂਗੇ ਦੇ ਹਿੰਦੂ-ਸਿੱਖ ਉੱਜੜ ਕੇ ਭਾਰਤ ਆ ਗਏ। ਕੁਝ ਕੁ ਸਾਲਾਂ ਬਾਅਦ ਇੱਕ ਵਿਆਹ ਵਿੱਚ ਮੇਰੇ ਦਾਦਾ ਜੀ ਨੂੰ ਇੱਕ ਬੰਦਾ ਮਿਲਿਆ। ਗੱਲਾਂ-ਗੱਲਾਂ ਵਿੱਚ ਉਸ ਨੇ ਮੇਰੇ ਦਾਦੇ ਨੂੰ ਪੁੱਛ ਲਿਆ ਕਿ ਪਾਕਿਸਤਾਨ ਵਿੱਚ ਤੁਹਾਡਾ ਕਿਹੜਾ ਪਿੰਡ ਸੀ। ਉਨ੍ਹਾਂ ਨੇ ਦੱਸਿਆ ਕਿ ਮੇਰਾ ਪਿੰਡ ਮਾਂਗਾ ਸੀ। ਜਦੋਂ ਬਾਪੂ ਜੀ ਨੇ ਮਾਂਗੇ ਦਾ ਨਾਮ ਦੱਸਿਆ ਤਾਂ ਉਹ ਬੰਦਾ ਮਾਂਗਾ ਪਿੰਡ ਵਿੱਚ ਪਏ ਡਾਕੇ ਬਾਰੇ ਪੁੱਛਣ ਲੱਗਿਆ। ਜਦੋਂ ਬਾਪੂ ਹੋਰਾਂ ਨੇ ਡਾਕੇ ਦੀ ਕਹਾਣੀ ਸੁਣਾਈ ਤਾਂ ਉਹ ‘ਹੋਰ ਕੀ ਹੋਇਆ?’, ‘ਹੋਰ ਕੀ ਪਤਾ ਹੈ?’ ਆਦਿ ਸਵਾਲ ਪੁੱਛਣ ਲੱਗਿਆ। ਬਾਪੂ ਜੀ ਨੇ ਉਸ ਨੂੰ ਪੁੱਛਿਆ, ‘‘ਤੂੰ ਇਸ ਮਾਮਲੇ ਵਿੱਚ ਏਨੀ ਦਿਲਚਸਪੀ ਕਿਉਂ ਲੈ ਰਿਹਾ ਏਂ? ਮੈਨੂੰ ਲੱਗਦਾ ਹੈ ਕਿ ਤੇਰਾ ਵੀ ਇਸ ਮਾਮਲੇ ਨਾਲ ਕੋਈ ਸਬੰਧ ਹੈ।’’ ਉਸ ਬੰਦੇ ਨੇ ਦੱਸਿਆ ਕਿ ਉਹ ਖ਼ੁਦ ਉਸ ਡਾਕੇ ਵਿੱਚ ਸ਼ਾਮਿਲ ਸੀ। ਉਸ ਨੇ ਡਾਕੇ ਦੀ ਅਸਲ ਕਹਾਣੀ ਸੁਣਾਈ। ਉਸ ਨੇ ਦੱਸਿਆ, ਡਾਕਾ ਮਾਰਨ ਆਏ ਵਿਅਕਤੀ ਡਾਕੂ ਨਹੀਂ ਸਨ ਸਗੋਂ ਅਸੀਂ ਵਿਦਿਆਰਥੀ ਸਾਂ, ਜੋ ਲਾਹੌਰ ਪੜ੍ਹਦੇ ਅਤੇ ਹੋਸਟਲ ਵਿੱਚ ਰਹਿੰਦੇ ਸਾਂ। ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਸੀ। ਜਦੋਂ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਬਣਾਉਣ ਦੀ ਮੰਗ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਸੀ ਅਤੇ ਪਾਕਿਸਤਾਨ ਬਣਨਾ ਲਗਪਗ ਤੈਅ ਸੀ ਤਾਂ ਲਾਹੌਰ ਵਿੱਚ ਕਿਸੇ ਗੁਪਤ ਥਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨਾਂ ਦੀ ਇਕੱਤਰਤਾ ਹੋਈ।
ਇਸ ਵਿੱਚ ਫ਼ੈਸਲਾ ਹੋਇਆ ਕਿ ਪਾਕਿਸਤਾਨ ਬਣਨ ’ਤੇ ਹਿੰਦੂ-ਸਿੱਖਾਂ ਦੀ ਰੱਖਿਆ ਲਈ ਹਥਿਆਰ ਖ਼ਰੀਦੇ ਜਾਣ। ਹਥਿਆਰ ਲੈਣ ਲਈ ਪੈਸਿਆਂ ਦੇ ਪ੍ਰਬੰਧ ਵਾਸਤੇ ਡਾਕੇ ਮਾਰਨ ਦਾ ਫ਼ੈਸਲਾ ਕੀਤਾ ਗਿਆ। ਇਸੇ ਇਕੱਤਰਤਾ ਵਿੱਚ ਹੀ ਕਿਸੇ ਨੇ ਦੱਸਿਆ ਕਿ ਲਾਹੌਰ ਦੇ ਨੇੜੇ ਹੀ ਪਿੰਡ ਮਾਂਗਾ ਵਿੱਚ ਮੁਸਲਮਾਨ ਖੋਜਿਆਂ ਦੀ ਵੱਡੀ ਅਸਾਮੀ ਹੈ, ਜੇਕਰ ਉੱਥੇ ਡਾਕਾ ਮਾਰਿਆ ਜਾਵੇ ਤਾਂ ਮੋਟੀ ਰਕਮ ਮਿਲ ਸਕਦੀ ਹੈ। ਇਸ ਲਈ ਪਹਿਲਾ ਡਾਕਾ ਪਿੰਡ ਮਾਂਗਾ ਵਿੱਚ ਮਾਰਨ ਦਾ ਫ਼ੈਸਲਾ ਹੋਇਆ। ਡਾਕਾ ਮਾਰਨ ਲਈ ਦੋ 12 ਬੋਰ ਦੀਆਂ ਬੰਦੂਕਾਂ ਅਤੇ ਕੁਝ ਦੇਸੀ ਬੰਬਾਂ ਦਾ ਪ੍ਰਬੰਧ ਕੀਤਾ ਗਿਆ। ਇਸ ਕੰਮ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਵਿਦਿਆਰਥੀ ਤਿਆਰ ਕੀਤੇ ਗਏ। ਜਦੋਂ ਸਾਰੀ ਤਿਆਰੀ ਹੋ ਗਈ ਤਾਂ ਕਿਸੇ ਨੇ ਕਿਹਾ ਕਿ ਇਹ ਨੌਜਵਾਨ ਮੁੰਡੇ ਕਿਤੇ ਖ਼ਜ਼ਾਨਾ ਲੈ ਕੇ ਭੱਜ ਹੀ ਨਾ ਜਾਣ, ਇਸ ਲਈ ਅਕਾਲੀ ਦਲ ਦੇ ਕੁਝ ਬਜ਼ੁਰਗਾਂ ਨੂੰ ਖ਼ਜ਼ਾਨੇ ਦੀ ਰਾਖੀ ਲਈ ਨਾਲ ਘੱਲਣ ਦਾ ਫ਼ੈਸਲਾ ਹੋਇਆ। ਇਸ ਕਾਰਜ ਵਾਸਤੇ ਇੱਕ ਜੀਪ ਦਾ ਪ੍ਰਬੰਧ ਵੀ ਕੀਤਾ ਗਿਆ। ਸ਼ਾਮ ਵੇਲੇ ਫੈਡਰੇਸ਼ਨ ਕਾਰਕੁਨ ਮਾਂਗੇ ਵੱਲ ਤੁਰੇ ਤਾਂ ਰਾਹ ਵਿੱਚ ਪੁਲੀਸ ਦਾ ਨਾਕਾ ਲੱਗਾ ਹੋਇਆ ਸੀ। ਇਸ ਲਈ ਨਾਕੇ ਤੋਂ ਥੋੜ੍ਹਾ ਪਹਿਲਾਂ ਨੌਜਵਾਨ ਹਥਿਆਰ ਤੇ ਬੰਬ ਲੈ ਕੇ ਉਤਰ ਗਏ ਅਤੇ ਖੇਤਾਂ ਰਾਹੀਂ ਅੱਗੇ ਜਾ ਕੇ ਫਿਰ ਜੀਪ ਵਿੱਚ ਬੈਠ ਗਏ। ਜਥੇ ਦੇ ਇੱਕ ਸਾਥੀ ਨੇ ਦੱਸਿਆ ਹੋਇਆ ਸੀ ਕਿ ਉਸ ਨੂੰ ਖੋਜਿਆਂ ਦੇ ਘਰ ਦਾ ਪਤਾ ਹੈ। ਅਸਲ ਵਿੱਚ ਉਸ ਨੂੰ ਘਰ ਦਾ ਪਤਾ ਨਹੀਂ ਸੀ, ਉਸ ਨੂੰ ਸਿਰਫ਼ ਖੋਜਿਆਂ ਦੀ ਹੱਟੀ ਦਾ ਹੀ ਪਤਾ ਸੀ। ਹੱਟੀ ’ਤੇ ਪੁੱਜ ਕੇ ਸੁੱਤੇ ਹੋਏ ਚੌਕੀਦਾਰ ਨੂੰ ਉਠਾ ਕੇ ਘਰ ਪੁੱਛਿਆ। ਚੌਕੀਦਾਰ ਡਰ ਗਿਆ ਸੀ ਅਤੇ ਕੁਝ ਉਸ ਨੂੰ ਊਂਘ ਆ ਰਹੀ ਸੀ। ਉਹ ਖੋਜਿਆਂ ਦੇ ਘਰ ਦੇ ਨੇੜੇ ਜਾ ਕੇ ਗੁਆਂਢੀਆਂ ਦੇ ਬੂਹੇ ਅੱਗੇ ਖੜ੍ਹ ਗਿਆ। ਜਥੇ ਦੇ ਮੈਂਬਰਾਂ ਨੇ ਵੀ ਕਾਹਲੀ ਕੀਤੀ ਅਤੇ ਸਾਰੇ ਭੱਜ ਕੇ ਖੋਜਿਆਂ ਦੇ ਗੁਆਂਢ ਵਿੱਚ ਨਾਈਆਂ ਦੇ ਘਰ ਜਾ ਵੜੇ। ਚੌਕੀਦਾਰ ਮੌਕੇ ਦਾ ਫ਼ਾਇਦਾ ਉਠਾ ਕੇ ਭੱਜ ਗਿਆ। ਅੱਗੋਂ ਗੁਆਂਢੀਆਂ ਦੀ ਪਿੰਡ ਵਿੱਚ ਕਿਸੇ ਨਾਲ ਦੁਸ਼ਮਣੀ ਸੀ, ਉਨ੍ਹਾਂ ਸਮਝਿਆ ਕਿ ਉਨ੍ਹਾਂ ਦੇ ਦੁਸ਼ਮਣ ਆ ਕੇ ਪੈ ਗਏ ਹਨ। ਉਹ ਵੀ ਡਾਂਗਾਂ-ਸੋਟੇ ਲੈ ਕੇ ਲੜਨ ਲੱਗ ਪਏ। ਬਿਜਲੀ ਉਦੋਂ ਹੁੰਦੀ ਨਹੀਂ ਸੀ, ਇਸ ਲਈ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ ਸੀ। ਘਰ ਵਾਲਿਆਂ ਨੇ ਉੱਚੀ-ਉੱਚੀ ਰੌਲਾ ਵੀ ਪਾ ਦਿੱਤਾ। ਇਸ ਲੜਾਈ ਵਿੱਚ ਜਥੇ ਦੇ ਇੱਕ ਵਿਦਿਆਰਥੀ ਨੂੰ ਸੱਟਾਂ ਲੱਗ ਗਈਆਂ। ਝਗੜੇ ਦੌਰਾਨ 12 ਬੋਰ ਦੀ ਇੱਕ ਬੰਦੂਕ ਦੀ ਫੱਟੀ ਲੱਥ ਕੇ ਡਿੱਗ ਪਈ। ਫੱਟੀ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ, ਪਰ ਹਨੇਰੇ ਵਿੱਚ ਉਹ ਲੱਭੀ ਨਹੀਂ। ਫੱਟੀ ਡਿੱਗਣ ਕਰਕੇ ਬੰਦੂਕ ਨਕਾਰਾ ਹੋ ਗਈ। ਜਦੋਂ ਦੂਜੀ ਬੰਦੂਕ ਚਲਾਈ ਤਾਂ ਉਹ ਵਾਰ-ਵਾਰ ਫਾਇਰ ਮਿੱਸ ਕਰੀ ਜਾਵੇ। ਏਨੇ ਨੂੰ ਪਿੰਡ ਵਾਲੇ ਘਰ ਦੇ ਬਾਹਰ ਇਕੱਠੇ ਹੋ ਕੇ ਲਲਕਾਰਨ ਲੱਗ ਪਏ। ਕੋਲ ਦੋ ਹੀ ਬੰਦੂਕਾਂ ਸਨ ਅਤੇ ਦੋਵੇਂ ਹੀ ਨਕਾਰਾ ਹੋ ਗਈਆਂ। ਉੱਪਰੋਂ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ, ਜੋ ਤੁਰਨ ਤੋਂ ਵੀ ਅਸਮਰੱਥ ਹੋ ਗਿਆ ਸੀ। ਪਿੰਡ ਮਾਂਗਾ ਕਤਲਾਂ, ਚੋਰੀਆਂ, ਲੜਾਈਆਂ ਅਤੇ ਬਦਮਾਸ਼ਾਂ ਕਰਕੇ ਇਲਾਕੇ ਵਿੱਚ ਬਦਨਾਮ ਸੀ। ਜਥੇ ਦੇ ਮੈਂਬਰਾਂ ਨੇ ਸਲਾਹ ਕੀਤੀ ਕਿ ਮਾਂਗਾ ਬਦਮਾਸ਼ਾਂ ਦਾ ਪਿੰਡ ਹੈ, ਹੁਣ ਇੱਥੋਂ ਨਿਕਲਣਾ ਹੀ ਬਿਹਤਰ ਹੋਵੇਗਾ। ਜਥੇ ਕੋਲ ਦੇਸੀ ਬੰਬ ਸਨ, ਵਿਦਿਆਰਥੀਆਂ ਨੇ ਘਰੋਂ ਬਾਹਰ ਆ ਕੇ ਗਲੀ ਵਿੱਚ ਇੱਕ ਬੰਬ ਸੁੱਟਿਆ, ਜਿਸ ਕਰਕੇ ਇੱਕ ਪਿੰਡ ਵਾਸੀ ਮਾਰਿਆ ਗਿਆ ਅਤੇ ਕੁਝ ਜ਼ਖ਼ਮੀ ਹੋ ਗਏ। ਇਸ ਨਾਲ ਬਾਕੀ ਪਿੰਡ ਵਾਲੇ ਪਿਛਾਂਹ ਹਟ ਗਏ। ਜ਼ਖ਼ਮੀ ਸਾਥੀ ਨੂੰ ਚੁੱਕ ਕੇ ਜਥੇ ਦੇ ਸਾਰੇ ਵਿਦਿਆਰਥੀ ਪਿੰਡੋਂ ਬਾਹਰ ਨਿਕਲ ਕੇ ਬਾਹਰਵਾਰ ਖੜ੍ਹੀ ਜੀਪ ਵੱਲ ਨੱਸੇ। ਪਿੰਡ ਦੀ ਵਾਹਰ (ਪਿੱਛਾ ਕਰਨ ਵਾਲੀ ਭੀੜ) ਫਿਰ ਪਿੱਛੇ ਲੱਗ ਗਈ।
ਜ਼ਖ਼ਮੀ ਸਾਥੀ ਨੂੰ ਚੁੱਕਣ ਕਰਕੇ ਭੱਜਣ ਵਿੱਚ ਮੁਸ਼ਕਿਲ ਆ ਰਹੀ ਸੀ ਅਤੇ ਵਾਹਰ ਨੇੜੇ ਪਹੁੰਚ ਗਈ। ਹੁਣ ਜਿਸ ਸਾਥੀ ਕੋਲ ਬੰਬ ਸੀ, ਉਹ ਕਹਿਣ ਲੱਗਾ, ‘‘ਜੇ ਆਪਾਂ ਫੜੇ ਗਏ ਤਾਂ ਬਹੁਤ ਬਦਨਾਮੀ ਹੋਵੇਗੀ। ਲੋਕ ਕਹਿਣਗੇ ਕਿ ਵਿਦਿਆਰਥੀ ਡਾਕੇ ਮਾਰਦੇ ਫਿਰਦੇ ਨੇ। ਆਪਣੇ ਕੋਲ ਇੱਕ ਹੀ ਬੰਬ ਬਚਿਆ ਹੈ, ਤੁਸੀਂ ਭੱਜ ਜਾਓ, ਮੈਂ ਇੱਥੇ ਹੀ ਖੜ੍ਹਦਾ ਹਾਂ। ਜਦੋਂ ਪਿੰਡ ਵਾਲੇ ਮੈਨੂੰ ਫੜਨਗੇ ਤਾਂ ਮੈਂ ਬੰਬ ਚਲਾ ਦੇਵਾਂਗਾ, ਆਪ ਵੀ ਮਾਰਿਆ ਜਾਵਾਂਗਾ ਤੇ ਪਿੰਡ ਵਾਲਿਆਂ ਦਾ ਵੀ ਨੁਕਸਾਨ ਹੋਵੇਗਾ। ਤੁਹਾਨੂੰ ਮੌਕਾ ਮਿਲ ਜਾਵੇਗਾ, ਤੁਸੀਂ ਮੌਕੇ ਦਾ ਫ਼ਾਇਦਾ ਲੈ ਕੇ ਭੱਜ ਜਾਣਾ।’’ ਪਰ ਦੂਜੇ ਸਾਥੀ ਉਸ ਨਾਲ ਸਹਿਮਤ ਨਾ ਹੋਏ ਅਤੇ ਕਹਿਣ ਲੱਗੇ, ‘‘ਜੇ ਆਏ ਇਕੱਠੇ ਹਾਂ ਤਾਂ ਮਰਾਂਗੇ ਵੀ ਇਕੱਠੇ। ਤੂੰ ਵਾਹਰ ’ਤੇ ਬਚਿਆ ਹੋਇਆ ਇੱਕੋ-ਇੱਕ ਬੰਬ ਸੁੱਟ ਦੇ, ਫਿਰ ਜੋ ਹੋਵੇਗੀ ਵੇਖੀ ਜਾਵੇਗੀ।’’ ਉਸ ਵਿਦਿਆਰਥੀ ਨੇ ਵਾਹਰ ਉੱਤੇ ਬੰਬ ਸੁੱਟ ਦਿੱਤਾ, ਜਿਸ ਦੇ ਫਟਣ ਕਰਕੇ ਇੱਕ ਹੋਰ ਪਿੰਡ ਵਾਸੀ ਮਾਰਿਆ ਗਿਆ, ਕੁਝ ਜ਼ਖ਼ਮੀ ਹੋ ਗਏ ਅਤੇ ਬਾਕੀ ਪਿੱਛੇ ਭੱਜ ਗਏ। ਹੁਣ ਮੌਕਾ ਦੇਖ ਕੇ ਜ਼ਖ਼ਮੀ ਸਾਥੀ ਸਮੇਤ ਸਾਰੇ ਵਿਦਿਆਰਥੀ ਸਹੀ-ਸਲਾਮਤ ਜੀਪ ਕੋਲ ਪਹੁੰਚੇ। ਅੱਗੋਂ ਜੀਪ ਦਾ ਡਰਾਈਵਰ ਉਡੀਕ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਪਿੰਡ ਵਿੱਚ ਰੌਲਾ ਪਿਆ ਸੀ ਤਾਂ ਖ਼ਜ਼ਾਨੇ ਦੀ ਸੰਭਾਲ ਕਰਨ ਵਾਲੇ ਬਜ਼ੁਰਗ ਮੈਨੂੰ ਵਾਰ-ਵਾਰ ਕਹਿ ਰਹੇ ਸਨ ਕਿ ਆਪਣੇ ਸਾਥੀ ਤਾਂ ਮਾਂਗਾ ਪਿੰਡ ਵਾਲਿਆਂ ਨੇ ਘੇਰਾ ਪਾ ਕੇ ਫੜ ਲਏ ਹੋਣੇ ਨੇ, ਇਸ ਲਈ ਆਪਾਂ ਭੱਜ ਚੱਲੀਏ ਪਰ ਮੈਂ ਉਨ੍ਹਾਂ ਅੱਗੇ ਵਿਹਰ ਗਿਆ ਕਿ ਮੈਂ ਤਾਂ ਅਖੀਰਲੇ ਦਮ ਤੱਕ ਨੌਜਵਾਨਾਂ ਦੀ ਉਡੀਕ ਕਰਾਂਗਾ। ਇਸ ਉਪਰੰਤ ਸਾਰਾ ਜਥਾ ਸਹੀ-ਸਲਾਮਤ ਲਾਹੌਰ ਸ਼ਹਿਰ ਪੁੱਜਿਆ। ਹੋਸਟਲ ਵਿੱਚ ਜ਼ਖ਼ਮੀ ਵਿਦਿਆਰਥੀ ਦਾ ਇਲਾਜ ਕੀਤਾ ਗਿਆ ਅਤੇ ਉਹ ਕੁਝ ਸਮੇਂ ਬਾਅਦ ਠੀਕ ਹੋ ਗਿਆ। ਇਸ ਤੋਂ ਥੋੜ੍ਹਾ ਸਮਾਂ ਪਿੱਛੋਂ ਪਾਕਿਸਤਾਨ ਬਣ ਗਿਆ। ਪਿੰਡ ਮਾਂਗਾ ਅਤੇ ਲਾਹੌਰ ਸ਼ਹਿਰ ਪਾਕਿਸਤਾਨ ਦੇ ਹਿੱਸੇ ਆ ਗਏ ਅਤੇ ਸਾਰੇ ਵਿਦਿਆਰਥੀ ਇੱਧਰ-ਉੱਧਰ ਖਿੰਡ ਗਏ।’’ ਅਜਿਹੀਆਂ ਘਟਨਾਵਾਂ ਇਤਿਹਾਸਕ ਹੁੰਦੀਆਂ ਹਨ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀਆਂ ਵਿੱਚ ਲਿਖਣ ਦੀ ਬਹੁਤ ਘਾਟ ਹੈ, ਜਿਸ ਕਰਕੇ ਅਜਿਹੀਆਂ ਘਟਨਾਵਾਂ ਸਮੇਂ ਦੇ ਨਾਲ ਲਿਖਤ ਵਿੱਚ ਨਾ ਆਉਣ ਕਾਰਨ ਗੁੰਮ ਹੋ ਜਾਂਦੀਆਂ ਹਨ। ਇਹ ਘਟਨਾ ਮੈਂ ਆਪਣੇ ਮਰਹੂਮ ਦਾਦਾ ਜੀ ਸ. ਅਨੂਪ ਸਿੰਘ ਮਾਂਗੇਵਾਲਾ ਤੋਂ ਜ਼ੁਬਾਨੀ ਸੁਣੀ ਸੀ, ਜੋ ਮੈਂ ਹੁਣ ਕਲਮਬੱਧ ਕਰ ਦਿੱਤੀ ਹੈ।

