ਜ਼ਿੰਦਗੀ ਦੀ ਟੁੱਟ-ਭੱਜ ਵਿਚ ਕਵਿਤਾ ਦਾ ਸਹਾਰਾ

ਜ਼ਿੰਦਗੀ ਦੀ ਟੁੱਟ-ਭੱਜ ਵਿਚ ਕਵਿਤਾ ਦਾ ਸਹਾਰਾ

ਗੁਰਦੇਵ ਚੌਹਾਨ

ਇਕ ਪੁਸਤਕ - ਇਕ ਨਜ਼ਰ

ਮੈਂ ਸ਼ਮੀਲ ਦੀ ਕਵਿਤਾ ਨੂੰ ਉਸ ਦੀ ਪਹਿਲੀ ਕਾਵਿ ਪੁਸਤਕ ‘ਇਕ ਛਿਣ ਦੀ ਵਾਰਤਾ’ ਤੋਂ ਜਾਣਦਾ ਹਾਂ। ਮੈਨੂੰ ਇਸ ਪੁਸਤਕ ਦੀ ਘੁੰਡ-ਚੁਕਾਈ ਵੇਲੇ ਇਸ ਕਿਤਾਬ ਬਾਰੇ ਪਰਚਾ ਲਿਖਣ ਅਤੇ ਪੜ੍ਹਣ ਦਾ ਮਾਣ ਪ੍ਰਾਪਤ ਹੋਇਆ ਸੀ। ਇਹ 1989 ਦੇ ਅਤਿਵਾਦ ਦੇ ਦਿਨ ਸਨ। ਪੁਸਤਕ ਰਿਲੀਜ਼ ਰੋਪੜ ਵਿਚ ਹੋਣੀ ਸੀ। ਕੁਝ ਦਿਨ ਪਹਿਲਾਂ ਸ਼ਮੀਲ ਦਾ ਮਿੱਤਰ, ਮਰਹੂਮ ਸਰਵਮੀਤ ਸਾਡੇ 9 ਸੈਕਟਰ ਵਾਲੇ ਦਫ਼ਤਰ ਵਿਚ ਆ ਕੇ ਮੈਨੂੰ ਕਿਤਾਬ ਦੇ ਗਿਆ ਸੀ ਅਤੇ ਪਰਚਾ ਲਿਖਣ ਲਈ ਕਹਿ ਗਿਆ ਸੀ। ਭੂਸ਼ਨ ਜਿਹੜਾ ਉਨ੍ਹਾਂ ਦਿਨਾਂ ਵਿਚ ਸਰਕਾਰੀ ਕਾਰਜ ਰੋਪੜ ਵਿਚ ਪੰਜਾਬੀ ਦਾ ਅਧਿਆਪਕ ਸੀ ਅਤੇ ਸ਼ਮੀਲ ਉਸ ਦਾ ਹੋਣਹਾਰ ਵਿਦਿਆਰਥੀ ਰਿਹਾ ਸੀ, ਸਣੇ ਇਸ ਸਮਾਗਮ ਵਿਚ ਬਹੁਤ ਸਾਰੇ ਪੰਜਾਬੀ ਦੇ ਵਿਦਿਆਰਥੀ ਅਤੇ ਪਾਠਕ ਸਨ। ਜਸਬੀਰ ਮੰਡ ਸੀ ਅਤੇ ਪੰਜਾਬੀ ਨਾਵਲਕਾਰ ਨਿੰਦਰ ਵੀ ਸੀ।

ਇਸ ਕਵਿਤਾ ਵਿਚ ਪਿੰਡ ਆਪਣੇ ਮਿੱਟੀ-ਮੋਹ ਦੀ ਚੜ੍ਹਤ ਵਿਚ ਸੀ। ਭਾਸ਼ਾ ਸੱਜਰੇ ਤੋੜੇ ਸਾਗ ਦੀ ਮਹਿਕ ਵਾਲੀ ਸੀ, ਰੋਪੜ ਦੇ ਪੂਰਬੀ ਪਹਾੜੀ ਖੇਤਰ ਦੇ ਸਡੌਲ ਖੁਰਦਰੇਪਣ ਨਾਲ ਲਬਰੇਜ਼। ਇਸ ਦੇ ਸ਼ਬਦ ਸਰਲ ਅਤੇ ਖੇਤੀਬਾੜੀ ਜੀਵਨ ਅਤੇ ਘਰੇਲੂ ਮੁਹਾਵਰੇ ਵਿਚ ਗੁੱਧੇ ਸਨ। ਇਹ ਬਗੈਰ ਕਿਸੇ ਬਨਾਵਟੀ ਹਾਰ ਸ਼ਿੰਗਾਰ ਤੋਂ ਆਏ ਸਨ। ਅਜੇ ਉਸ ਦੀ ਕਵਿਤਾ ਨੇ ਸ਼ਹਿਰੀ ਨਜ਼ਾਕਤ ਨਹੀਂ ਸੀ ਕਬੂਲੀ। ਸ਼ਮੀਲ ਦੀ ਅਗਲੀ ਕਾਵਿ-ਪੁਸਤਕ ‘ਓ ਮੀਆਂ’ ਨੂੰ ਪੂਰੇ ਵੀਹ ਸਾਲ ਦੀ ਉਡੀਕ ਕਰਨੀ ਪਈ ਅਤੇ ਇਨ੍ਹਾਂ ਸਾਲਾਂ ਵਿਚ ਸ਼ਮੀਲ ਦੀ ਜ਼ਿੰਦਗੀ ਅਤੇ ਉਸ ਦੇ ਆਲੇ-ਦੁਆਲੇ ਵਿਚ ਵੀ ਬਹੁਤ ਕੁਝ ਬਦਲ ਗਿਆ ਸੀ। ਹੁਣ ਉਸ ਦੀ ਕਵਿਤਾ ਦਾ ਮੁਹਾਵਰਾ ਵੀ ਬਦਲ ਗਿਆ ਸੀ। ਉਸ ਦਾ ਕਵਿਤਾ ਕਹਿਣ, ਸੋਚਣ ਅਤੇ ਅਨੁਭਵ ਦਾ ਰੰਗ-ਢੰਗ ਵੀ ਉਹ ਨਹੀਂ ਸੀ ਰਿਹਾ। ਉਹ ਹੁਣ ਬਾਹਰ ਦੀ ਬਨਿਸਬਤ ਆਪਣੇ ਅੰਦਰ ਵੱਧ ਝਾਕਣ ਲੱਗ ਪਿਆ ਸੀ ਜਿੱਥੇ ਉਸ ਨੂੰ ਸੱਚ ਵੱਧ ਨਿਖੜਵੇਂ ਰੂਪ ਵਿਚ ਦਿਸਣ ਲੱਗਿਆ ਸੀ। ਉਹ ਕੁਝ ਕੁ ਅੰਤਰਮੁਖੀ ਵੀ ਹੋ ਗਿਆ ਸੀ, ਪਰ ਇਸ ਸਭ ਵਿਚਕਾਰ ਉਸ ਨੇ ਆਪਣੇ ਆਪ ਨੂੰ ਵੰਡਿਆ ਹੋਣ ਤੋਂ ਖ਼ੂਬ ਬਚਾਈ ਰੱਖਿਆ ਸੀ। ਉਸ ਆਪਣੀ ਇਕਾਈ ਕਾਇਮ ਰੱਖੀ ਸੀ। ਇਹ ਅੰਤਾਂ ਦਾ ਮਾਨਸਿਕ ਟਿਕਾਓ ਆਪਣੇ ਪੂਰਾ ਗੌਰਵ ਵਿਚ ‘ਓ ਮੀਆਂ’ ਤੋਂ ਪੂਰੇ ਦਸ ਸਾਲ ਬਾਅਦ 2019 ਵਿਚ ਪ੍ਰਕਾਸ਼ਤ ਉਸ ਦੀ ਕਿਤਾਬ ‘ਧੂਫ਼’ ਦੀਆਂ ਸਾਰੀਆਂ ਨਜ਼ਮਾਂ ਵਿਚ ਮਹਿਸੂਸ ਹੁੰਦਾ ਹੈ। ਨਿਰਸੰਦੇਹ ‘ਧੂਫ਼’ ਨਾਲ ਸ਼ਮੀਲ ਕੌਸਮਿਕ ਚੇਤਨਾ ਨੂੰ ਪਰਨਾਈ ਆਧੁਨਿਕ ਪੰਜਾਬੀ ਕਵਿਤਾ ਦਾ ਇਕ ਨਿੱਗਰ ਅਤੇ ਸਮਗਰ ਹਸਤਾਖਰ ਬਣ ਗਿਆ ਹੈ।

ਧੂਫ਼ ਤੀਕ ਆਉਂਦਿਆਂ ਉਸ ਦੀ ਕਵਿਤਾ ਨੇ ਅਧਿਆਤਮ ਅਤੇ ਸਵੈ-ਝਾਤ ਦੀ ਪੂਰੀ ਦੁਨੀਆ ਗਾਹ ਲਈ ਪ੍ਰਤੀਤ ਹੁੰਦੀ ਹੈ। ਉਸ ਦੇ ਬੋਲ ਹੁਣ ਅੰਦਰੋਂ ਹੋਰ ਸੂਖ਼ਮ ਹੋ ਗਏ ਹਨ। ਕਈ ਵਾਰ ਤਾਂ ਉਸ ਦੇ ਵਾਕ ਇਕ-ਸਤਰੀ ਹੋਣ ’ਤੇ ਵੀ ਪੂਰੇ ਕਾਇਨਾਤੀ ਰਹੱਸ ਦਾ ਬੀਜ ਬਣ ਗਏ ਹਨ, ਜਿਵੇਂ “ਇਸ ਪਲ ਦੇ ਅੰਦਰ/ ਅਨੰਤ ਭਵਿੱਖ ਲੁਪਤ ਹੈ/ ਜਿਵੇਂ ਸੰਸਾਰ ਦੇ ਅੰਦਰ/ ਰੱਬ ਲੁਪਤ ਹੈ”। ਸ਼ਮੀਲ ਨੇ ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ: ਟਰੇਨ ਕਵਿਤਾਵਾਂ, ਪਿਓ ਦੀਆਂ ਕਵਿਤਾਵਾਂ ਅਤੇ ਧੂਫ਼। ਹਥਲੀ ਪੁਸਤਕ ਦੀ ਤਰ੍ਹਾਂ ਸ਼ਮੀਲ ਦੀ ਕਵਿਤਾ ਵਿਚ ਵੀ ਤਿੰਨ ਪੜਾਅ ਜਾਂ ਖੰਡ ਲੱਭੇ ਜਾ ਸਕਦੇ ਹਨ। ਇਹ ਹਨ: ਆਲੇ-ਦੁਆਲੇ ਪ੍ਰਤੀ ਕਾਵਿਕ ਸੰਵੇਦਨਸ਼ੀਲਤਾ, ਸੁਹਿਰਦਤਾ, ਮੋਹ ਦਾ ਬੀਜ ਅਤੇ ਕਵਿਤਾ ਦਾ ਜੀਵਨ ਜੁਗਤ ਹੋ ਸਕਣ ਵਿਚ ਵਿਸ਼ਵਾਸ। ਇਸ ਨੂੰ ਅਸੀਂ ਉਸ ਦੇ ਕਹਿਣ ਮੁਤਾਬਿਕ ਸੰਵੇਦਨਸ਼ੀਲਤਾ ਦਾ ਅਗਲੇਰਾ ਅਧਿਆਤਮਿਕ ਪਸਾਰ ਵੀ ਆਖ ਸਕਦੇ ਹਾਂ। ਜਿਵੇਂ ਕਿ ਸ਼ਮੀਲ ਆਖਦਾ ਹੈ: “ਰੁਹਾਨੀਅਤ ਸਿਰਫ਼ ਕੋਈ ਦਾਰਸ਼ਨਿਕ ਸਿਧਾਂਤ ਨਹੀਂ ਹੈ। ਰੁਹਾਨੀਅਤ ਸੰਵੇਦਨਸ਼ੀਲਤਾ ਦੀ ਹੀ ਅਗਲੀ ਪੱਧਰ ਹੈ... ਜਦੋਂ ਦੂਜਿਆਂ ਦਾ ਦੁੱਖ ਤਕਲੀਫ਼ ਦਿੰਦਾ ਹੈ, ਜਦੋਂ ਕਿਸੇ ਜੀਵ ਨੂੰ ਨੁਕਸਾਨ ਪਹੁੰਚਾਉਂਦਿਆਂ ਤੁਹਾਡਾ ਦਿਲ ਦੁਖਦਾ ਹੈ, ਜਦੋਂ ਕਿਸੇ ਦਾ ਅਪਮਾਨ ਕਰਕੇ ਪਛਤਾਵਾ ਹੁੰਦਾ ਹੈ, ਇਹ ਸੰਵੇਦਨਾ ਦਾ ਉਹ ਸਤਰ ਹੈ, ਜਿਸ ਨੂੰ ਤੁਸੀਂ ਚਾਹੋ ਤਾਂ ਰੁਹਾਨੀਅਤ ਕਹਿ ਲਓ; ਮੇਰੇ ਲਈ ਤਾਂ ਇਹ ਕਵਿਤਾ ਹੈ; ਅਸਲ ਕਵਿਤਾ। ਇਸੇ ਕਰਕੇ ਸੂਫ਼ੀ ਕਵੀ ਸਨ। ਇਸੇ ਕਰਕੇ ਰਿਸ਼ੀ ਕਵੀ ਸਨ। ਇਹੀ ਵਜ੍ਹਾ ਹੈ ਕਿ ਸਾਨੂੰ ਅੱਜ ਫੇਰ ਹੋਰ ਕਵੀਆਂ ਦੀ ਲੋੜ ਹੈ।”

ਪੁਸਤਕ ਧੂਫ਼ ਬਾਰੇ ਜਿਹੜੀ ਗੱਲ ਸਭ ਤੋਂ ਵੱਧ ਮਹੱਤਵ ਰੱਖਦੀ ਹੈ ਉਹ ਹੈ ਕਵੀ ਦਾ ਕਵਿਤਾ ਦੀ ਅਮਰਤਾ ਅਤੇ ਜੀਵਨ ਪ੍ਰਸੰਗਿਕਤਾ ਵਿਚ ਅਟੁੱਟ ਵਿਸ਼ਵਾਸ ਕਿ ਕਿਵੇਂ ਇਹ ਜ਼ਿੰਦਗੀ ਦੀ ਭਰਪੂਰਤਾ, ਖੁਸ਼ਹਾਲੀ ਅਤੇ ਸੁੰਦਰਤਾ ਲਈ ਜ਼ਰੂਰੀ ਹੈ, ਕਿ ਜ਼ਿੰਦਗੀ ਵਿਚ ਤਕਨੀਕੀ ਵਿਕਾਸ ਨਾਲ ਆਏ ਪਦਾਰਥਕ ਹੜ੍ਹ ਅਤੇ ਨਕਲੀਪਣ ਅਤੇ ਕਈ ਤਰ੍ਹਾਂ ਦੇ ਨਸਲੀ, ਧਾਰਮਿਕ, ਆਰਥਿਕ, ਲਿੰਗਕ ਵਿਤਕਰਿਆਂ ਅਤੇ ਜਨੂੰਨਾਂ ਦੇ ਸਨਮੁੱਖ ਕਵਿਤਾ ਹੀ ਹੈ ਜਿਹੜੀ ਮਾਰਗ ਬਣ ਸਕਦੀ ਹੈ, ਅਤੇ ਜ਼ਿੰਦਗੀ ਲਈ ਉਚੇਚ ਅਤੇ ਉਮਾਹ ਭਰ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਹਿਰੀਕਰਨ ਅਤੇ ਆਧੁਨਿਕ ਪੜ੍ਹਾਈ ਨਾਲ ਧਾਰਮਿਕ ਪਛਾਣਾਂ ਦੀ ਚੇਤਨਾ ਵੀ ਤਿੱਖੀ ਹੋਈ ਹੈ। ਵੰਡੀਆਂ ਵਧ ਗਈਆਂ ਨੇ। ਇਸ ਖਿਆਲ ਦੀ ਝਲਕ ਉਸ ਦੀ ਇਕ ਕਵਿਤਾ ‘ਧਰਮਾਂ ਦੀ ਖੋਜ ਤੋਂ ਪਹਿਲਾਂ’ ਵਿਚ ਮਿਲਦੀ ਹੈ ਜਿਸ ਵਿਚ ਉਹ ਆਪਣੇ ਪਿੰਡ ਦੇ ਹਵਾਲੇ ਨਾਲ ਲਿਖਦਾ ਹੈ ਕਿ ਧਾਰਮਿਕ ਜਾਗਰਤੀ ਵਾਲੇ ਦੌਰ ਤੋਂ ਪਹਿਲਾਂ ਕਿਵੇਂ ਬਾਬਾ ਫਤਿਹ ਨਾਥ ਦਾ ਮੰਦਰ ਸਭ ਦਾ ਸਾਂਝਾ ਸੀ ਅਤੇ ਪਿੰਡ ਦੇ ਲੋਕਾਂ ਅੰਦਰ ਸਿੱਖ, ਹਿੰਦੂ, ਮੁਸਲਮਾਨ ਦੇ ਫ਼ਰਕ ਦਾ ਕੋਈ ਖਿਆਲ ਨਹੀਂ ਸੀ: “ਪੜ੍ਹੇ ਲਿਖੇ ਲੋਕਾਂ ਦੀਆਂ ਕਾਢਾਂ ਤੋਂ ਪਹਿਲਾਂ/ ਪਿੰਡ ਵਿਚ ਧਰਮ ਸੀ ਪਰ/ ਧਰਮ ਨਹੀਂ ਸਨ।”

ਇਸ ਕਿਤਾਬ ਵਿਚਲੀਆਂ ‘ਟਰੇਨ ਕਵਿਤਾਵਾਂ’ ਪੰਜਾਬੀ ਕਵਿਤਾ ਦੀ ਨਵੀਂ ਮਹਾਂ-ਯਾਤਰਾ ਬਣ ਗਈਆਂ ਹਨ। ਭਾਵੇਂ ਪੰਜਾਬੀ ਸਾਹਿਤ ਵਿਚ ਪਹਿਲਾਂ ਵੀ “ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ” ਰਾਹੀਂ ਰੇਲ ਨੂੰ ਜ਼ਿੰਦਗੀ ਦਾ ਪ੍ਰਤੀਕ ਬਣਾਇਆ ਗਿਆ ਹੈ, ਪਰ ਇੱਥੇ ਇਸ ਪ੍ਰਤੀਕ ਦੇ ਅਰਥ ਹੋਰ ਗੂੜ੍ਹੇ ਅਤੇ ਗਹਿਰੇ ਹੋ ਗਏ ਹਨ।

ਸਭ ਦੇ ਸਟੇਸ਼ਨ/ ਵੱਖਰੇ ਵੱਖਰੇ/ ਮੈਂ ਆਪਣੇ ਮਨ ’ਚ ਸੋਚਦਾ

ਅਚਾਨਕ ਝਟਕੇ ਨਾਲ/ ਅੱਖ ਖੁੱਲ੍ਹਦੀ ਹੈ/ ਮੇਰਾ ਸਟੇਸ਼ਨ ਆ ਗਿਆ/ ਜਿਸ ਨੂੰ ਮੈਂ ਜਾਗ ਸਮਝ ਰਿਹਾ ਸਾਂ/ ਉਹ ਵੀ ਸੁਪਨਾ ਸੀ!

ਇਵੇਂ ਹੀ ਉਸ ਦੀ ਇਕ ਹੋਰ ਕਵਿਤਾ ਦੁਹਾਈ ਦਿੰਦੀ ਹੈ:

ਟਰੇਨਾਂ ਕਿਤੇ ਨਹੀਂ ਜਾਂਦੀਆਂ/ ਉਹਨਾਂ ਹੀ ਰਾਹਾਂ ਤੇ ਘੁੰਮਦੀਆਂ ਰਹਿੰਦੀਆਂ/ ਕਦੇ ਇਕ ਦਿਸ਼ਾ ਵਿਚ/ ਕਦੇ ਦੂਜੀ ਵਿਚ/ ਆਤਮਾਵਾਂ ਦੀ ਤਰ੍ਹਾਂ/ ਜਾਮੇ ਬਦਲਦੀਆਂ/

ਟਰੇਨਾਂ ਉਹੀ ਹਨ/ ਸਟੇਸ਼ਨ ਵੀ/ ਚਿਹਰੇ ਬਦਲਦੇ ਹਨ

ਨਿਰਜੀਵ ਵਸਤਾਂ ਨੂੰ ਮਨੁੱਖੀ ਗੁਣ ਦੇਣਾ ਸ਼ਮੀਲ ਦੀ ਕਵਿਤਾ ਦਾ ਇਕ ਹੋਰ ਗੁਣ ਹੈ ਜਿਹੜਾ ਇਸ ਪੁਸਤਕ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਨਜ਼ਰ ਆਉਂਦਾ ਹੈ। ਜਿਵੇਂ:

ਲੋਹਾ ਵੀ ਥੱਕ ਜਾਂਦਾ ਹੈ/ ਬਾਰਡਰ ਵੀ ਥੱਕ ਜਾਣਗੇ/ ਟਰੇਨਾਂ ਵੀ/ ਜਹਾਜ਼ ਵੀ/ ਤੂਫ਼ਾਨ ਵੀ ਥੱਕ ਜਾਂਦੇ ਹਨ/ ਕੰਧਾਂ ਨਾਲ ਵੱਜ ਵੱਜ ਕੇ/ ਸਿਤਮ ਵੀ ਥੱਕ ਜਾਂਦੇ ਨੇ ਆਖ਼ਰ/ ਜਿਵੇਂ ਉਮੀਦ ਥੱਕ ਜਾਂਦੀ ਹੈ/ ਗ੍ਰਹਿ ਵੀ ਥੱਕ ਜਾਣਗੇ ਘੁੰਮ ਘੁੰਮ ਕੇ/ ਜਿਵੇਂ ਮੈਂ ਥੱਕ ਗਿਆ ਹਾਂ।

ਟਰੇਨ ਕਵਿਤਾਵਾਂ ਇਕ ਤਰ੍ਹਾਂ ਨਾਲ ਸਾਡੇ ਵਿਚ ਜੀਵਨ ਯਾਤਰਾ ਦੇ ਵੱਖ ਵੱਖ ਅਯਾਮਾਂ ਦੀ ਚੇਤਨਤਾ ਭਰਦੀਆਂ ਹਨ। ਸਟੇਸ਼ਨ, ਵੱਖਰੇ ਰੂਟਾਂ ਵਾਲੇ ਮੁਸਾਫ਼ਰਾਂ ਦਾ ਆਪਸੀ ਟਕਰਾਅ, ਟਰੇਨ ਦਾ ਛੁੱਟਣਾ ਅਤੇ ਲੰਘੀ ਟਰੇਨ ਦਾ ਵਾਪਸ ਨਾ ਆਉਣਾ, ਆਪਣੇ ਸਟੇਸ਼ਨ ਦਾ ਆਉਣਾ, ਸਟੇਸ਼ਨ ਆਉਣ ’ਤੇ ਹਫੜਾ ਦਫੜੀ, ਬੰਦਿਆਂ ਦਾ ਸਵਾਰੀਆਂ ਬਣਨਾ, ਰੇਲਵੇ ਲਾਈਨ ਨੇੜੇ ਰਹਿਣ ਵਾਲਿਆਂ ਨੂੰ ਟਰੇਨ ਦਾ ਨਾ ਸੁਣਨਾ, ਜਿਵੇਂ ਫ਼ਕੀਰਾਂ ਨੂੰ ਦੁਨੀਆਂ ਨਹੀਂ ਦਿਸਦੀ, ਤੁਰਦੀ ਟਰੇਨ ਦਾ ਦੁੱਖ ਨੂੰ ਸਹਿਲਾਉਣਾ ਆਦਿ ਬਿਲਕੁਲ ਨਵੇਂ ਅਹਿਸਾਸ ਜਗਾਉਂਦੀਆਂ ਕਵਿਤਾਵਾਂ ਹਨ।

ਪਿਓ ਦੀਆਂ ਕਵਿਤਾਵਾਂ ਵਿਚ ਪਿਓ ਨੂੰ ਬਹੁਤ ਜਾਮਿਆਂ ਵਿਚ ਵੇਖਣ ਦੀ ਪ੍ਰਕਿਰਿਆ ਹੈ। ਕਦੇ ਪਹਿਲੇ ਪਿਓ ਦੀ ਤਰ੍ਹਾਂ, ਆਦਮ ਦੀ ਤਰ੍ਹਾਂ, ਆਦਮ ਦੇ ਪਿਓ ਦੀ ਤਰ੍ਹਾਂ ਜਿਹੜਾ ਰੱਬ ਜਾਂ ਰੱਬ ਜਿਹੀ ਕੋਈ ਸ਼ਕਤੀ ਹੋ ਸਕਦੀ ਹੈ। ਕਦੇ ਬੱਚੇ ਵਿਚ ਪਿਓ ਦਾ ਬੀਜ ਹੋਣਾ। ਪੰਜਾਬੀ ਕਵਿਤਾ ਵਿਚ ਮਾਂ ਨੂੰ ਤਾਂ ਬਹੁਤ ਅਹਿਮ ਸਥਾਨ ਪ੍ਰਾਪਤ ਹੈ, ਪਰ ਪਿਓ ਤਾਂ ਅਣਗੌਲਿਆ ਹੀ ਗਿਆ ਹੈ। ਸ਼ਾਇਦ ਪਹਿਲੀ ਵਾਰ ਹੈ ਕਿ ਪੰਜਾਬੀ ਕਵਿਤਾ ਵਿਚ ਪਿਓ ਦੀ ਇਸ ਅਪਣੱਤ ਅਤੇ ਭਰਵੇਂ ਗਲੇ ਨਾਲ ਬਾਤ ਪੁੱਛੀ ਗਈ ਹੈ। ਅਸਲ ਵਿਚ ਪਿਓ ਦੀ ਬਹੁਤੀ ਕਰਮਭੂਮੀ ਬੱਚੇ ਲਈ ਖ਼ਾਸ ਕਰਕੇ ਧੀ ਵਾਸਤੇ ਅਟੁੱਟ ਅਤੇ ਸੰਪੂਰਨ ਸਮਰਪਣ ਦੀ ਹੈ। ਇਸੇ ਲਈ ਤਾਂ ਕਵੀ ਕਹਿੰਦਾ ਹੈ: “ਜਦ ਬਿਜਲੀ ਗਿਰਦੀ ਹੈ/ ਇਸਦਾ ਕਾਂਬਾ/ ਪਹਿਲੇ ਪਿਓ ਤੱਕ ਪਹੁੰਚਦਾ ਹੋਵੇਗਾ!” ਇਕ ਹੋਰ ਕਵਿਤਾ ਆਖਦੀ ਹੈ: ਧੀ ਬਾਰੇ ਸੋਚਦਾ/ ਧੀ ਜੋ ਉਸ ਨੂੰ ਪਿਓ ਬਣਾਉਂਦੀ ਹੈ/ ਪਿਓ ਬਣਨਾ ਅਤੇ ਪਿਓ ਰਹਿਣਾ ਵੀ/ ਸਾਧਨਾ ਹੈ ਕੋਈ/ ਗ੍ਰਹਸਤ-ਤਪ।

ਧੀਆਂ ਨਾਲ ਮੁੰਡਾ ਪਿਓ ਬਣਦਾ/ ਧੀਆਂ ਨਾਲ ਬੰਦੇ ਅੰਦਰ ਉਪਜਦੀ ਸ਼ਰਮ ਮੂੰਹ ’ਚੋਂ ਗਾਹਲ ਨਿਕਲਦੀ ਹੈ/ ਜ਼ਬਾਨ ਦਾ ਨੰਗੇਜ਼ ਦਿੱਸਦਾ ਹੈ

ਧੀਆਂ ਬਾਰੇ ਸੋਚ ਕੇ ਦੁਨੀਆ ਅਸੁਰੱਖਿਅਤ ਲੱਗਦੀ ਹੈ ਸੜਕਾਂ ’ਤੇ ਤੁਰਦੇ ਅਦਿੱਸ ਖ਼ਤਰੇ/ ਮਹਿਸੂਸ ਹੋਣ ਲੱਗਦੇ ਹਨ ਧੀਆਂ ਜਿਉਂ ਜਿਉਂ ਵੱਡੀਆਂ ਹੁੰਦੀਆਂ/ ਬੰਦੇ ਦੇ ਦਿਲ ਅੰਦਰ ਵੱਡਾ ਹੁੰਦਾ ਹੈ ਹੌਲੀ ਹੌਲੀ/ ਇਕ ਬੀਜ ਦੀ ਤਰ੍ਹਾਂ/ ਉੱਗਣ ਲਗਦਾ ਹੈ ਪਿਓ

ਪਿਓ ਦੀਆਂ ਕਵਿਤਾਵਾਂ ਦਰਅਸਲ ਧੀ ਵਾਸਤੇ ਅਤੇ ਧੀ ਦੀਆਂ ਵੱਧ ਹਨ। ਕਵੀ ਨੂੰ ਸਭ ਔਰਤਾਂ ਵਿਚ ਧੀਆਂ ਦਿਸਦੀਆਂ ਹਨ। ਇਹ ਗੱਲ ਹਰ ਪੁਰਸ਼ ਵਿਚ ਪਿਓ ਹੋਣ ਦੇ ਬੀਜ ਦੀ ਸ਼ਾਹਦੀ ਭਰਦੀ ਹੈ। ਉਹ ਇਸੇ ਕਵਿਤਾ ਵਿਚ ਆਖਦਾ ਹੈ ਕਿ ਕੋਈ ਧੀ ਬਦਸੂਰਤ ਨਹੀਂ ਹੁੰਦੀ, ਬਦਚਲਣ ਨਹੀਂ ਹੁੰਦੀ। ਉਹ ਸਿਰਫ਼ ਭਟਕੀ ਹੋ ਸਕਦੀ ਹੈ, ਵਰਗਲਾਈ ਹੋ ਸਕਦੀ ਹੈ। ਪਿਤਾ ਦਿਸਦਾ ਨਹੀਂ, ਪਰ ਹਿਫ਼ਾਜ਼ਤ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਕ ਹੋਰ ਥਾਂ ਉਹ ਪਿਓਆਂ ਨੂੰ ਦੁਨੀਆਂ ਦੇ ਝੱਖੜ ਵਿਚ ਬੱਚਿਆਂ ਲਈ ਥਮਲੇ ਆਖਦਾ ਹੈ। ਉਸ ਨੂੰ ਪਿਓ ਸਮੁੰਦਰ ਵਾਂਗ ਅਡੋਲ ਲੱਗਦਾ ਹੈ।

ਸ਼ਮੀਲ ਦੀਆਂ ਜ਼ਿਆਦਾਤਰ ਕਵਿਤਾਵਾਂ ਵਿਚ ਪੀੜ, ਦੁੱਖ, ਥਕਾਵਟ, ਭਟਕਣ, ਸ਼ੋਰ, ਕੁਦਰਤ ਨਾਲ ਖਿਲਵਾੜ ਆਦਿ ਮਸਲਿਆਂ ਦਾ ਰੁਦਨ ਹੈ। ਦੂਜੇ ਬੰਨੇ ਮੁਹੱਬਤ, ਸਾਂਝ, ਮਿਲਵਰਤਨ, ਹਮਦਰਦੀ ਆਦਿ ਨੂੰ ਜਗਾਉਣ ਵਾਲੇ ਵਲਵਲੇ ਹਨ। ਤੀਸਰੇ ਭਾਗ ਵਿਚ ਬਹੁਤੀਆਂ ਕਵਿਤਾਵਾਂ ਕਾਇਨਾਤੀ ਚੇਤਨਾ ਨਾਲ ਸਰਾਬੋਰ ਅਤੇ ਸੂਖ਼ਮ ਭਾਵੀ ਵੀ ਹਨ। ਸ਼ਮੀਲ ਹਰ ਚੀਜ਼, ਹਰ ਵਰਤਾਰੇ ਵਿਚ ਖੁੱਭ ਜਾਂਦਾ ਹੈ। ਉਸ ਨੂੰ ਜ਼ਿੰਦਗੀ ਇਕ ਕ੍ਰਿਸ਼ਮਾ ਲੱਗਦੀ ਹੈ। ਉਹ ਕੁਦਰਤ ਦੇ ਲੁਕਵੇਂ ਸੁਹੱਪਣ ਨੂੰ ਖ਼ੂਬ ਪੜ੍ਹਦਾ ਹੈ ਅਤੇ ਅਚੰਭਤ ਹੁੰਦਾ ਹੈ। ਥਕਾਵਟ ਉਸ ਨੂੰ ਕੁਦਰਤ ਅਤੇ ਜ਼ਿੰਦਗੀ ਦਾ ਕੇਂਦਰੀ ਬਿੰਦੂ ਲੱਗਦੀ ਹੈ। ਉਸ ਨੂੰ ਧਰਤੀ, ਗ੍ਰਹਿ, ਚੰਦ, ਸੂਰਜ, ਬੰਦਾ, ਰੱਬ, ਸਬਜ਼ੀਆਂ ਅਤੇ ਉਹ ਖ਼ੁਦ ਆਪ ਸਭ ਥਕਾਵਟ ਨਾਲ ਚੂਰ ਹੋਏ ਲੱਗਦੇ ਹਨ। ਸ਼ਾਇਦ ਇਹ ਥਕਾਵਟ ਹੱਡਤੋੜ ਦੌੜ-ਭੱਜ ਦੀ ਹੈ। ਅਸੀਂ ਸਹਿਜਤਾ ਗੁਆ ਲਈ ਹੈ। ਕਵਿਤਾ ਹੀ ਹੈ ਜਿਹੜੀ ਸਾਡੀ ਜ਼ਿੰਦਗੀ ਵਿਚ ਟਿਕਾਓ, ਸਹਿਜਤਾ, ਠਰੰਮਾ ਅਤੇ ਆਤਮ-ਵਿਸ਼ਵਾਸ ਭਰ ਸਕਦੀ ਹੈ। ਸਾਡੀ ਜ਼ਿੰਦਗੀ ਵਿਚ ਗੈਰਕੁਦਰਤੀਪਣ ਭਾਰੂ ਹੋ ਗਿਆ ਹੈ। ਅਸੀਂ ਆਰਗੈਨਿਕ ਬੰਦੇ ਨਹੀਂ ਰਹੇ। ਸਾਡੇ ਸ਼ਬਦ ਵੀ ਅਸਲੀ ਨਹੀਂ ਰਹੇ। ਸਾਡਾ ਜਨਮ ਵੀ ਸੀਜੇਰੀਅਨ ਕਿਸਮ ਦਾ ਹੋ ਗਿਆ ਹੈ। ਦੇਸੀ ਸੁਆਦ, ਦੇਸੀ ਅੰਬ, ਦੇਸੀ ਸਬਜ਼ੀਆਂ, ਦੇਸੀ ਬੰਦੇ, ਦੇਸੀ ਜ਼ਿੰਦਗੀ ਦੁਰਲੱਭ ਹੋ ਗਈ ਹੈ। ਮੈਂ ਇਸ ਅਰਥ ਨਾਲ ਗੜੁੱਚ ਸਰਵੋਤਮ ਨਜ਼ਮ ‘ਔਰਗੈਨਿਕ ਬੰਦੇ’ ਦੇ ਕੁਝ ਅੰਸ਼ਾਂ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ:

ਔਰਗੈਨਿਕ ਸਬਜ਼ੀਆਂ ਦੀ ਤਰ੍ਹਾਂ

ਮਹਿੰਗੇ ਮਿਲਿਆ ਕਰਨਗੇ ਔਰਗੈਨਿਕ ਬੰਦੇ

ਬੰਦੇ ਜੋ ਜੰਮੇ ਹੋਣ ਪਿੰਡਾਂ ਵਿਚ

ਖੇਤਾਂ ਵਿਚ, ਰੂੜੀਆਂ ਨੇੜੇ

ਬਿਨਾ ਸੀਜੇਰੀਅਨ ਦੇ

ਟੀਕਿਆਂ ਬਿਨਾ

ਧਰਤੀ ’ਤੇ ਜਦ ਰਾਜ ਹੋ ਗਿਆ

ਜੀ ਐਮ ਨਸਲ ਦਾ

ਕਿਤੇ ਕਿਤੇ ਮਿਲਿਆ ਕਰਨਗੇ

ਔਰਗੈਨਿਕ ਬੰਦੇ

ਸੰਪਰਕ: 01-647-866-2630

ਈ-ਮੇਲ: Gurdevchauhan01@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All