ਕਰੇਵੇ ਦੀ ਪੀੜ...
ਖੁੱਲ੍ਹੀ ਜ਼ਮੀਨ ਦੇ ਮਾਲਕ ਨੰਜੇ ਦੀ ਤੀਜੀ ਪਤਨੀ, ਜਿਸ ਨੂੰ ਸਾਰੇ ਬੀਬੀ ਆਖਦੇ ਸਨ, ਬੜੇ ਸਿਦਕ ਅਤੇ ਸੰਤੋਖ ਵਾਲੀ ਔਰਤ ਸੀ। ਉਮਰੋਂ ਢਲ਼ਿਆ ਨੰਜਾ ਹੁਣ ਕੌਡੀਓਂ ਖੋਟਾ ਹੋ ਚੁੱਕਾ ਸੀ। ਬੀਬੀ ਦੀ ਸਿਆਣਪ ਜਿਵੇਂ ਕਿਵੇਂ ਦੋਵਾਂ ਜੀਆਂ ਦੀ ਰੋਟੀ ਦਾ...
ਖੁੱਲ੍ਹੀ ਜ਼ਮੀਨ ਦੇ ਮਾਲਕ ਨੰਜੇ ਦੀ ਤੀਜੀ ਪਤਨੀ, ਜਿਸ ਨੂੰ ਸਾਰੇ ਬੀਬੀ ਆਖਦੇ ਸਨ, ਬੜੇ ਸਿਦਕ ਅਤੇ ਸੰਤੋਖ ਵਾਲੀ ਔਰਤ ਸੀ। ਉਮਰੋਂ ਢਲ਼ਿਆ ਨੰਜਾ ਹੁਣ ਕੌਡੀਓਂ ਖੋਟਾ ਹੋ ਚੁੱਕਾ ਸੀ। ਬੀਬੀ ਦੀ ਸਿਆਣਪ ਜਿਵੇਂ ਕਿਵੇਂ ਦੋਵਾਂ ਜੀਆਂ ਦੀ ਰੋਟੀ ਦਾ ਆਹਰ ਕਰ ਲੈਂਦੀ ਸੀ। ਬੀਬੀ ਫੌਤ ਹੋਈ ਤੋਂ ਸਭ ਨੇ ਪੱਥਰਦਿਲ ਨੰਜਾ ਪਹਿਲੀ ਵਾਰ ਵਿਲਕ-ਵਿਲਕ ਕੇ ਰੋਂਦਾ ਵੇਖਿਆ। ਜਿਹੜਾ ਘਰ ਕਦੇ ਘਰ ਵਾਂਗ ਵੱਸਿਆ ਹੀ ਨਹੀਂ ਸੀ, ਉਸ ਘਰ ਵੱਲੋਂ ਨੰਜਾ ਅੱਜ ਤੀਵੀਆਂ ਵਾਂਗ ਵੈਣ ਪਾਉਂਦਾ ਆਖ ਰਿਹਾ ਸੀ, ‘‘ਹਾਏ ਓ ਲੋਕੋ, ਮੇਰਾ ਘਰ ਉੱਜੜ ਗਿਆ ਓਏ...!’’ ਦਬੀ ਜ਼ੁਬਾਨ ਨਾਲ ਔਰਤਾਂ ਕਹਿ ਰਹੀਆਂ ਸਨ, ‘‘ਮਰ ਜਾਣਾ ਸਾਰੀ ਉਮਰ ਵਿਚਾਰੀ ਨੂੰ ਕੁੱਟਦਾ ਰਿਹਾ। ਹੁਣ ਬੁੱਢੇ ਵਾਰੇ ਖੇਖਣ ਕਰੀ ਜਾਂਦੈ...!’’ ਔਰਤਾਂ ਬੀਬੀ ਦੀ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾ ਕੇ ਅੰਤਿਮ ਯਾਤਰਾ ਦੀ ਤਿਆਰੀ ਕਰ ਰਹੀਆਂ ਸਨ। ਇਸ਼ਨਾਨ ਤੋਂ ਬਾਅਦ ਕੋਈ ਔਰਤ ਕੋਰਾ ਰੰਗਦਾਰ ਸੂਟ, ਚੂੜੀਆਂ ਅਤੇ ਸਿੰਧੂਰ ਪਾਉਣ ਨੂੰ ਕਹਿ ਰਹੀ ਸੀ ਕਿਉਂਕਿ ਬੀਬੀ ਦਾ ਪਤੀ ਨੰਜਾ ਜੀਵਤ ਹੈ ਭਾਵ ਬੀਬੀ ਸੁਹਾਗਣ ਮੋਈ ਹੈ। ਕੋਈ ਆਖ ਰਹੀ ਸੀ ਕਿ ਬੀਬੀ ਦਾ ਤਾਏ ਨਾਲ ਵਿਆਹ ਨਹੀਂ ਕਰੇਵਾ ਸੀ। ਜੋ ਕੁਝ ਵੀ ਉਨ੍ਹਾਂ ਆਪਣੀ ਉਮਰ ਵਿੱਚ ਵੇਖਿਆ-ਸੁਣਿਆ ਸੀ ਉਸ ਅਨੁਸਾਰ ਆਪੋ-ਆਪਣੀ ਦਲੀਲ ਦੇ ਰਹੀਆਂ ਸਨ। ਇੱਕ ਜਣੀ ਨੇ ਵਡੇਰੀ ਉਮਰ ਦੀ ਔਰਤ ਕੋਲੋਂ ਪੁੱਛਿਆ, ‘‘ਬੇਬੇ ਜੀ, ਤੁਸੀਂ ਸਿਆਣੇ ਹੋ ਕਿਵੇਂ ਕਰਨਾ ਚਾਹੀਦਾ ਹੈ?’’ ‘‘ਧੀਏ, ਮਿੱਟੀ ਨੇ ਕਿਹੜਾ ਬੋਲਣਾ ਐ।’’ ਬੇਬੇ ਨੇ ਉਮਰ ਦੇ ਤਜਰਬੇ ਦੀ ਠੋਸ ਦਲੀਲ ਦੇ ਕੇ ਗੱਲ ਹੀ ਨਿਬੇੜ ਦਿੱਤੀ। ਆਂਢ-ਗੁਆਂਢ ਦੀਆਂ ਔਰਤਾਂ ਦੀ ਵਾਰਤਾਲਾਪ ਸੁਣਦੀ ਬਿਲਕੁਲ ਚੁੱਪ-ਚਾਪ ਸਾਰਾ ਦ੍ਰਿਸ਼ ਵੇਖਦੀ ਪੰਦਰਾਂ ਸੋਲਾਂ ਸਾਲਾਂ ਦੀ ਮਾਂ-ਪਿਉ ਵਾਹਰੀ ਮੁਟਿਆਰ ਸੀਤੋ ਕਰੇਵਾ ਸ਼ਬਦ ਸੁਣ ਕੇ ਕਿਸੇ ਡੂੰਘੀ ਸੋਚ ਵਿੱਚ ਗੁਆਚ ਗਈ। ਸੀਤੋ ਸਰਕਾਰੀ ਨਵੋਦਿਆ ਸਕੂਲ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਛੁੱਟੀਆਂ ਕੱਟਣ ਪਿੰਡ ਆਈ ਹੋਈ ਸੀ। ਭਾਵੇਂ ਕੁਝ ਇੱਕ ਨੂੰ ਹੀ ਪਤਾ ਸੀ ਕਿ ਬੀਬੀ ਨੇ ਸੀਤੋ ਨੂੰ ਪਾਲਿਆ ਹੈ, ਪਰ ਬਹੁਤੇ ਉਸ ਨੂੰ ਉਹਦੀ ਧੀ ਹੀ ਸਮਝਦੇ ਸਨ। ਜਦੋਂ ਦੁੱਖ ਸਾਂਝੇ ਤੇ ਇੱਕੋ ਤਰ੍ਹਾਂ ਦੇ ਹੋਣ ਤਾਂ ਉਦੋਂ ਇੱਕ-ਦੂਜੇ ਨਾਲ ਨੇੜਤਾ ਹੋਣੀ ਸੁਭਾਵਿਕ ਹੁੰਦੀ ਹੈ। ਬੀਬੀ ਨਾਲ ਵੀ ਸੀਤੋ ਦਾ ਰਿਸ਼ਤਾ ਕੁਝ ਅਜਿਹਾ ਹੀ ਸੀ। ਕਿਸੇ ਭੈੜੀ ਬਿਮਾਰੀ ਦੀ ਲਾਗ ਨਾਲ ਮੋਈ ਸੀਤੋ ਦੀ ਵਿਧਵਾ ਮਾਂ ਦੇ ਆਖੇ ਬੋਲਾਂ ਨੂੰ ਬੀਬੀ ਨੇ ਸਿਰ ਦੇ ਕੇ ਨਿਭਾਇਆ ਸੀ। ਉਦੋਂ ਸੀਤੋ ਸਾਲ ਕੁ ਦੀ ਹੀ ਹੋਵੇਗੀ ਜਦੋਂ ਉਸ ਦੀ ਮਾਂ ਨੇ ਪਤੀ ਦੀ ਮੌਤ ਤੋਂ ਬਾਅਦ ਜਲਦੀ ਹੀ ਮੰਜੀ ਮੱਲ ਲਈ। ਉਸ ਵੇਲੇ ਗੁਆਂਢ ਹੋਣ ਕਰਕੇ ਬੀਬੀ ਹੀ ਮਾਂ-ਧੀ ਵਾਸਤੇ ਸਹਾਰਾ ਬਣੀ। ਖ਼ਬਰ ਨੂੰ ਆਉਂਦੀ ਜਾਂਦੀ ਉਹ ਰੋਟੀ-ਟੁੱਕ ਦਾ ਕਰ ਜਾਂਦੀ। ਇੱਕ ਦਿਨ ਮੰਜੇ ’ਤੇ ਪਈ ਦਿਸਣੋਂ ਹਟ ਚੁੱਕੀ ਸੀਤੋ ਦੀ ਮਾਂ ਦੀ ਖ਼ਬਰ ਨੂੰ ਆਈ ਬੀਬੀ ਨੇ ਮੰਜੀ ’ਤੇ ਝੁਕਦਿਆਂ ਕਿਹਾ, ‘‘ਚਰਨ ਕੁਰੇ, ਅੱਜ ਤੇਰਾ ਚਿੱਤ ਕੁਝ ਜ਼ਿਆਦਾ ਈ ਠੀਕ ਨਹੀਂ ਲੱਗਦਾ, ਮੈਂ ਨਿਕਸੁੱਕ ਪਾ ਕੇ ਚਾਹ ਬਣਾ ਕੇ ਲਿਆਉਨੀ ਆਂ।’’ ‘‘ਨਹੀਂ ਬੀਬੀ, ਹੁਣ ਕਿਸੇ ਚੀਜ਼ ਦੀ ਲੋੜ ਨਹੀਂ, ਬਸ ਮੇਰੀ ਧੀ ਨੂੰ ਗਲ਼ ਨਾਲ ਲਾ ਲਵੀਂ।’’ ਸੀਤੋ ਦੀ ਮਾਂ ਦੁਬਾਰਾ ਨਹੀਂ ਬੋਲੀ। ਬਾਲੜੀ ਸੀਤੋ ਨੂੰ ਬੀਬੀ ਨੇ ਗਲ਼ ਨਾਲ ਲਾ ਲਿਆ ਸੀ।
ਮਾਂ ਦੀ ਮੌਤ ਤੋਂ ਬਾਅਦ ਸੀਤੋ ਨੂੰ ਬੀਬੀ ਦੇ ਨਾਲ ਰਹਿੰਦਿਆਂ ਪੰਦਰਾਂ ਸਾਲ ਹੋ ਗਏ। ਸੀਤੋ ਦੇ ਬਾਪ ਮਰੇ ਦਾ ਵੀ ਉਸ ਨੂੰ ਬੀਬੀ ਨੇ ਹੀ ਇੱਕ ਦਿਨ ਦੱਸਿਆ ਸੀ ਕਿ ਉਹ ਕਿਸੇ ਦੂਜੇ ਸੂਬੇ ਵਿੱਚ ਟਰੱਕ ਚਲਾਉਂਦਾ ਸੀ। ਉੱਥੋਂ ਉਹ ਕਿਸੇ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਕੇ ਹੀ ਘਰ ਆਇਆ ਸੀ। ਇਲਾਜ ਕਰਵਾਉਣ ਦੇ ਬਾਵਜੂਦ ਛੇ-ਸੱਤ ਮਹੀਨੇ ਬਾਅਦ ਉਹ ਪੂਰਾ ਹੋ ਗਿਆ ਸੀ। ਬੀਬੀ ਦੂਰ ਦਾ ਸੋਚ ਕੇ ਪੜ੍ਹਾਈ ਵਿੱਚ ਹੁਸ਼ਿਆਰ ਸੀਤੋ ਨੂੰ ਪੰਜਵੀਂ ਜਮਾਤ ਵਿੱਚ ਹੀ ਕਿਸੇ ਸਿਆਣੇ ਦੀ ਮਦਦ ਨਾਲ ਨਵੋਦਿਆ ਸਕੂਲ ਦਾ ਟੈਸਟ ਦਿਵਾ ਕੇ ਪੜ੍ਹਾਈ ਦੇ ਖਰਚ ਤੋਂ ਵੀ ਫਾਰਗ ਹੋ ਗਈ ਸੀ। ਸੀਤੋ ਨੂੰ ਬੀਬੀ ਦਾ ਮਾਂ ਵਾਂਗ ਪਿਆਰ ਕਰਨਾ ਤੇ ਸਕੂਲ ਆ ਕੇ ਮਿਲਣਾ ਨਹੀਂ ਭੁੱਲਦਾ। ਤਾਇਆ ਨੰਜਾ ‘ਕੰਮ ਦਾ ਨਾ ਕਾਜ ਦਾ, ਦੁਸ਼ਮਣ ਅਨਾਜ ਦਾ’ ਜ਼ਰੂਰ ਸੀ, ਪਰ ਪਹਿਲਾਂ ਵੀ ਤੇ ਛੁੱਟੀਆਂ ਵਿੱਚ ਵੀ ਘਰ ਆਈ ਸੀਤੋ ਨਾਲ ਘੱਟ ਹੀ ਜ਼ੁਬਾਨ ਸਾਂਝੀ ਕਰਦਾ। ਪੈਰੋ ਪੈਰ ਸਿਆਣੀ ਹੋ ਰਹੀ ਸੀਤੋ ਬੀਬੀ ਨਾਲ ਮਾਂ ਵਾਂਗ ਹੀ ਹਰ ਗੱਲ ਕਰ ਲੈਂਦੀ ਸੀ। ਇੱਕ ਵਾਰ ਛੁੱਟੀਆਂ ਵਿੱਚ ਘਰ ਆਈ ਸੀਤੋ ਇੱਕ ਦਿਨ ਚਰਖਾ ਕੱਤਦੀ ਬੀਬੀ ਦੇ ਕੋਲ ਬੈਠੀ ਪੜ੍ਹਦਿਆਂ ਕੁਝ ਯਾਦ ਆਉਣ ਵਾਂਗ ਕਿਤਾਬ ਬੰਦ ਕਰ ਕੇ ਬੋਲੀ, ‘‘ਬੀਬੀ! ਸਾਰੇ ਤੈਨੂੰ ਬੀਬੀ ਹੀ ਆਖਦੇ ਨੇ, ਤੇਰਾ ਨਾਂ ਕਦੇ ਵੀ ਕਿਸੇ ਨੇ ਨਹੀਂ ਲਿਆ। ਤਾਏ ਨੇ ਵੀ ਕਦੇ ਨਾਂ ਲੈ ਕੇ ਤੈਨੂੰ ਕਿਉਂ ਨਹੀਂ ਬੁਲਾਇਆ?’’ ‘‘ਧੀਏ, ਜੀਹਦਾ ਅੱਗੇ ਨਾ ਪਿੱਛੇ ਉਹਨੇ ਨਾਂ ਤੋਂ ਕੀ ਲੈਣਾ? ਏਹ ਨਾਂ ਤਾਂ ਤੇਰੀ ਮਾਂ ਨੇ ਹੀ ਮੈਨੂੰ ਦਿੱਤਾ ਸੀ। ਪਹਿਲੀ ਵਾਰ ਵੇਖਣ ਆਈ ਨੇ ਸਹਿਵਣ ਹੀ ਆਖਿਆ ਸੀ, ‘ਬੀਬੀ, ਮੁਹੱਲੇ ਦੀਆਂ ਔਰਤਾਂ ਦੇ ਆਖਣ ਅਨੁਸਾਰ ਤੂੰ ਤਾਂ ਸੱਚੀਓਂ ਬਹੁਤ ਸੋਹਣੀ ਏਂ! ਬਸ ਉਸ ਤੋਂ ਬਾਅਦ ਮੈਂ ਪੱਕੀ ਬੀਬੀ ਬਣ ਗਈ ਤੇ ਤੇਰੀ ਮਾਂ ਮੇਰੀ ਸਹੇਲੀ’।’’ ਬੀਬੀ ਨੇ ਗਜ਼ ਲੰਮਾ ਠੰਢਾ ਹਾਉਕਾ ਭਰਦਿਆਂ ਕਿਹਾ। ‘‘ਬੀਬੀ, ਜਦੋਂ ਤਾਇਆ ਤੈਨੂੰ ਵਿਆਹ ਕੇ ਲਿਆਇਆ ਹੋਵੇਗਾ ਉਦੋਂ ਤਾਂ ਤੇਰਾ ਨਾਂ ਲੈ ਕੇ ਹੀ ਬੁਲਾਉਂਦਾ ਹੋਵੇਗਾ!’’ ਸੀਤੋ ਪਤਾ ਨਹੀਂ ਅੱਜ ਕਿਉਂ ਬੀਬੀ ਨੂੰ ਸੁਆਲ ’ਤੇ ਸੁਆਲ ਕਰੀ ਜਾ ਰਹੀ ਸੀ। ‘‘ਧੀਏ, ਕਰੇਵੇ ਨੂੰ ਵਿਆਹ ਨਹੀਂ ਆਖਦੇ, ਵਿਆਹ ਤਾਂ ਮੇਰਾ ਹੋਰ ਥਾਂ ਹੋਇਆ ਸੀ।’’ ਕਹਿੰਦਿਆਂ ਬੀਬੀ ਇੰਜ ਭਾਵੁਕ ਹੋ ਗਈ ਜਿਵੇਂ ਕੋਈ ਦੁਖਦੀ ਰਗ ਕਿਸੇ ਨੇ ਛੇੜ ਦਿੱਤੀ ਹੋਵੇ।
‘‘ਬੀਬੀ, ਕਰੇਵਾ ਕੀ ਹੁੰਦੈ?’’ ਸੀਤੋ ਨੇ ਅਣਭੋਲ ਹੀ ਇੱਕ ਹੋਰ ਸੁਆਲ ਦਾਗ ਦਿੱਤਾ। ‘‘ਪੁੱਤ, ਤੂੰ ਹਾਲੇ ਬਹੁਤ ਛੋਟੀ ਏਂ। ਉਮਰੋਂ ਪਹਿਲਾਂ ਸਿਆਣੀ ਹੋ ਰਹੀ ਏਂ ਤਾਂ ਹੀ ਅਜਿਹੇ ਸਵਾਲ ਕਰਦੀ ਏਂ। ਜਨਾਨੀ ਨੂੰ ਬੜੇ ਦੁੱਖ ਸਹਿਣੇ ਪੈਂਦੇ ਨੇ। ਸੁਖ ਕਰਮਾਂ ਵਾਲੀਆਂ ਹੀ ਭੋਗਦੀਆਂ ਨੇ। ਅੱਜ ਮੈਂ ਤੈਨੂੰ ਕਰੇਵੇ ਦਾ ਮਤਲਬ ਜ਼ਰੂਰ ਦੱਸਾਂਗੀ। ਮਾਪਿਆਂ ਦੇ ਵਿਗੜੈਲ ਪੁੱਤ ਤੇਰੇ ਤਾਏ ਨੰਜੇ ਦੀਆਂ ਭੈੜੀਆਂ ਕਰਤੂਤਾਂ ਕਰਕੇ ਪਹਿਲੀ ਪਤਨੀ ਕੁਝ ਖਾ ਕੇ ਆਪਣੀ ਜਾਨ ਸੁਖਾਲੀ ਕਰ ਗਈ ਸੀ। ਪੇਕੇ ਸੱਦੇ ਬਗੈਰ ਹੀ ਤੜਕਸਾਰ ਪਿੰਡ ਵਾਲਿਆਂ ਨੇ ਸਸਕਾਰੇ ਜਾ ਚੁੱਕੇ ਸੱਜਰੇ ਸਿਵੇ ਨੂੰ ਵੇਖਿਆ ਸੀ। ਉਸ ਦੀ ਮੌਤ ਦਾ ਰਾਜ਼, ਰਾਜ਼ ਹੀ ਬਣਿਆ ਰਿਹਾ। ਇਹੀ ਸੁਣਨ ਨੂੰ ਮਿਲਿਆ, ਅਖੇ, ‘ਸਾਰਾ ਸਰੀਰ ਹੀ ਪਾਟ ਗਿਆ ਸੀ, ਇਸ ਲਈ ਜਲਦੀ ਸਸਕਾਰ ਕਰਨਾ ਪਿਆ’। ਵੈਸੇ ਵੀ ਸਰਬ ਸੰਪੰਨ ਲੋਕਾਂ ਦੇ ਐਬ ਜਾਇਦਾਦਾਂ ਕੱਜ ਹੀ ਲੈਂਦੀਆਂ ਨੇ। ਕੁੜੀ ਦੇ ਭਲੇ ਲੋਕ ਮਾਪਿਆਂ ਨੇ ਵਿਲਕਣ ਦਾ ਡਰਾਮਾ ਕਰਦੇ ਨੰਜੇ ਨੂੰ ਹੋਰ ਸਾਕ ਕਰਵਾ ਕੇ ਰਿਸ਼ਤੇਦਾਰੀ ਜੋੜੀ ਰੱਖੀ ਸੀ। ਉਹ ਵੀ ਦੋ ਸਾਲ ਬਾਅਦ ਤੇਈਏ ਤਾਪ ਨਾਲ ਰੱਬ ਨੂੰ ਪਿਆਰੀ ਹੋ ਗਈ। ਉਮਰੋਂ ਚੜ੍ਹ ਰਹੇ ਤੇਰੇ ਤਾਏ ਨੰਜੇ ਦੇ ਕਿਸੇ ਪੈੱਗ ਵੱਟ ਯਾਰ ਨੇ ਮੇਰਾ ਸੱਜਰੀ ਵਿਧਵਾ ਹੋਈ ਦਾ ਕਰੇਵਾ ਕਰਵਾ ਕੇ ਘਰ ਤੀਸਰੀ ਵਾਰ ਫਿਰ ਵੱਸਦਾ ਕਰ ਦਿੱਤਾ, ਪਰ ਘਰ ਤਾਂ ਬੰਦਿਆਂ ਦੀ ਕਮਾਈ ਅਤੇ ਔਰਤ ਦੀ ਸੁੱਘੜਤਾ ਨਾਲ ਹੀ ਵੱਸਦੇ ਹਨ। ਮੇਰੀ ਸਿਆਣਪ ਦਾ ਮੁੱਲ ਇਸ ਰੱਬ ਦੇ ਬੰਦੇ ਨੇ ਪਾਇਆ ਹੀ ਨਹੀਂ ਸਗੋਂ ਇਹਦੇ ਵੱਲੋਂ ਮੈਨੂੰ ਨਿੱਤ ਵੱਜਦੇ ਨਾਵਾਜਬ ਮਿਹਣੇ ਸੁਣਦਾ ਜਵਾਨ ਹੋ ਰਿਹਾ ਮੇਰਾ ਇੱਕੋ-ਇੱਕ ਪੁੱਤ ਇੱਕ ਦਿਨ ਚੁੱਪ ਕੀਤਾ ਘਰੋਂ ਗਿਆ ਮੁੜਿਆ ਹੀ ਨਹੀਂ। ਪਤਾ ਨਹੀਂ ਕਿਹੋ ਜਿਹੀ ਬਹਿਣੀ ਬਹਿ ਗਿਆ। ਹੁਣ ਇਹ ਪਿਓ ਦੀ ਵਿਰਾਸਤੀ ਜਾਇਦਾਦ ਵੇਚ ਵੱਟ ਕੇ ਕੰਧੀਂ ਕੌਲ਼ੀਂ ਵੱਜਣ ਜੋਗਾ ਹੀ ਰਹਿ ਗਿਆ ਮੇਰੇ ਕਰਮਾਂ ਨੂੰ। ਉਂਜ, ਹੁਣ ਉਮਰ ਵਧਣ ਕਰ ਕੇ ਮੈਨੂੰ ਮਾਰਦਾ ਨਹੀਂ, ਨਾ ਹੀ ਗਾਲ਼-ਮੰਦਾ ਕਰਦਾ ਹੈ। ਹੀਣਾ ਹੋਇਆ ਜੋ ਕੁਝ ਮਿਲਦਾ ਹੈ ਖਾ ਲੈਂਦੈ। ਖਾਊ ਯਾਰ ਹੁਣ ਕੋਈ ਨੇੜੇ ਨਹੀਂ ਢੁੱਕਦਾ।’’ ਬੀਬੀ ਟੁੱਟੀ ਤੰਦ ਨੂੰ ਜੋੜਨ ਲਈ ਰੁਕੀ।
‘‘ਪਰ ਬੀਬੀ, ਵੀਰਾ ਪੁੱਤ ਤਾਂ ਤਾਏ ਦਾ ਵੀ ਸੀ। ਫਿਰ ਕਿਉਂ ਉਸ ਨੂੰ ਬੁਰਾ ਭਲਾ ਆਖਦਾ ਸੀ?’’ ਸੀਤੋ ਨੂੰ ਕੁਝ ਸਮਝ ਨਾ ਪਿਆ। ‘‘ਮੇਰੀਏ ਬੱਚੀਏ, ਇਹੀ ਤਾਂ ਦੁੱਖ ਸੀ ਕਿ ਚੰਨਾ ਮੇਰੇ ਸਿਰੋਂ ਨੰਗੀ ਹੋਣ ਤੋਂ ਕੁਝ ਦਿਨ ਹੀ ਪਹਿਲਾਂ ਮੇਰੀ ਕੁੱਖੇ ਪਿਆ ਸੀ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਮਾਂ ਬਣਨ ਵਾਲੀ ਹਾਂ ਤਾਂ ਮੇਰੀ ਮਾਂ ਦਾ ਫ਼ਿਕਰਮੰਦ ਹੋਣਾ ਕੁਦਰਤੀ ਸੀ। ਮੇਰੇ ਪਤੀ ਤੋਂ ਬਾਅਦ ਦੋ ਨਨਾਣਾਂ ਮਗਰੋਂ ਦਿਉਰ ਬਹੁਤ ਛੋਟਾ ਸੀ। ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਸੀ। ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਮੈਂ ਪੇਕੇ ਘਰ ਆ ਗਈ ਸਾਂ। ਕਈਆਂ ਨੇ ਹਮਲ ਗਿਰਾਉਣ ਦੀ ਸਲਾਹ ਵੀ ਦਿੱਤੀ, ਪਰ ਮੇਰੀ ਨਾਂਹ ਸੁਣ ਕੇ ਵਕਤ ਗਵਾਏ ਬਗੈਰ ਮੇਰੇ ਮਾਪਿਆਂ ਨੇ ਲੋੜਵੰਦ ਨੰਜੇ ਦੀ ਦੱਸ ਪੈਂਦਿਆਂ ਹੀ ਯਕੀਨ ਕਰ ਕੇ ਮੈਨੂੰ ਇਹਦੇ ਨਾਲ ਤੋਰ ਦਿੱਤਾ।
ਸਾਡੇ ਸੱਭਿਆਚਾਰ ਵਿੱਚ ਕੁੜੀ ਦੇ ਦੁਬਾਰਾ ਫੇਰੇ ਨਹੀਂ ਹੁੰਦੇ। ਮਰਦ ਭਾਵੇਂ ਜਿੰਨੀ ਵਾਰ ਮਰਜ਼ੀ ਲਾਵਾਂ ਲੈ ਕੇ ਤੀਵੀਂ ਵਿਆਹ ਲਿਆਵੇ। ਮੇਰੇ ਵਰਗੀ ਹਾਲਾਤ ਦੀ ਮਾਰੀ ਨੂੰ ਹੀ ਕਰੇਵੇ ਦੀ ਤੀਵੀਂ ਆਖਦੇ ਨੇ। ਜਦੋਂ ਮੈਂ ਰਾਤ ਦੇ ਹਨੇਰੇ ’ਚ ਇਸ ਪਿੰਡ ਵਿੱਚ ਆਈ ਸੀ ਤਾਂ ਤੇਰੇ ਤਾਏ ਦੇ ਘਰੋਂ ਦੋ ਪਤਨੀਆਂ ਮਰਨ ਕਰ ਕੇ ਮੈਨੂੰ ਮੇਰੀ ਸੱਸ ਨੇ ਟੂਣੇ ਵਜੋਂ ਗਹਿਣੇ ਦੇ ਰੂਪ ਵਿੱਚ ਸੌਂਕਣ ਮੋਹਰਾ ਪਾ ਕੇ ਗੁਆਂਢੀਆਂ ਦੇ ਘਰ ਵਿਚਦੀ ਕੋਠੇ ਚਾੜ੍ਹ ਕੇ ਪੌੜੀ ਰਾਹੀਂ ਆਪਣੇ ਘਰ ਉਤਾਰਿਆ ਸੀ।’’ ਭਰੀਆਂ ਅੱਖਾਂ ਨਾਲ ਵੇਖਦੀ ਸੀਤੋ ਵੱਲ ਝਾਕਦਿਆਂ ਬੀਬੀ ਨੇ ਭਰੇ ਗਲ਼ੇ ਨਾਲ ਕਿਹਾ, ‘‘ਚੰਨੇ ਨੂੰ ਜਨਮ ਦੇਣਾ ਹੀ ਮੇਰਾ ਗੁਨਾਹ ਹੋ ਗਿਆ। ਜਿਸ ਨੂੰ ਲੜਦਾ-ਭਿੜਦਾ ਇਹ ਉਸ ਨੂੰ ਹਮੇਸ਼ਾ ਪਿੱਛੋਂ ਲਿਆਂਦਾ ਹੀ ਆਖਦਾ ਰਿਹਾ। ਅਖੀਰ ਉਹ ਚਲਾ ਹੀ ਗਿਆ। ਇਹਦੇ ਨਾਲੋਂ ਤਾਂ ਉਸ ਨੂੰ ਉਸੇ ਵੇਲੇ ਹੀ ਗਿਰਾ ਛੱਡਦੀ।’’ ਆਖਦੀ ਬੀਬੀ ਭੁੱਬੀਂ ਰੋ ਪਈ ਸੀ। ਅੱਜ ਚੁੱਪ-ਚਾਪ ਖਲੋਤੀ ਸੀਤੋ ਦੀ ‘ਬੀਬੀ...!’ ਆਖਦਿਆਂ ਮਾਰੀ ਲੰਮੀ ਲੇਰ ਨੇ ਸਾਰੀਆਂ ਔਰਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਬੇਹੋਸ਼ ਹੋ ਕੇ ਡਿੱਗ ਪਈ ਸੀ।
ਸੰਪਰਕ: 94656-56214

