DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾਲਰਾਂ ਦੇ ਦੇਸ ’ਚ ਮਨ ਪਰਦੇਸੀ

ਵਿਨੀਪੈੱਗ ਦੀ ਹੱਡ ਚੀਰਵੀਂ ਠੰਢ ’ਚ ਤਾਪਮਾਨ ਮਨਫ਼ੀ ਤੀਹ ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਸੀ। ਖਿੜਕੀ ਦੇ ਡਬਲ ਸ਼ੀਸ਼ੇ ਦੇ ਪਾਰ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਸੜਕਾਂ, ਰੁੱਖ, ਗੱਡੀਆਂ, ਸਭ ਕੁਝ ਉਸੇ ਸਫ਼ੈਦ ਖਾਮੋਸ਼ੀ ਵਿੱਚ ਦਫ਼ਨ ਸੀ। ਘਰ...

  • fb
  • twitter
  • whatsapp
  • whatsapp
Advertisement

ਵਿਨੀਪੈੱਗ ਦੀ ਹੱਡ ਚੀਰਵੀਂ ਠੰਢ ’ਚ ਤਾਪਮਾਨ ਮਨਫ਼ੀ ਤੀਹ ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਸੀ। ਖਿੜਕੀ ਦੇ ਡਬਲ ਸ਼ੀਸ਼ੇ ਦੇ ਪਾਰ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਸੜਕਾਂ, ਰੁੱਖ, ਗੱਡੀਆਂ, ਸਭ ਕੁਝ ਉਸੇ ਸਫ਼ੈਦ ਖਾਮੋਸ਼ੀ ਵਿੱਚ ਦਫ਼ਨ ਸੀ। ਘਰ ਦੇ ਅੰਦਰ ਸੈਂਟਰਲ ਹੀਟਿੰਗ ਸਿਸਟਮ ਦੀ ਹਲਕੀ ਜਿਹੀ ਸਰਸਰਾਹਟ ਸੀ। ਸੱਠ ਸਾਲਾ ਸਰੂਪ ਸਿੰਘ ਪੰਜਾਬ ਤੋਂ ਲਿਆਂਦੀ ਲੋਈ ਦੀ ਬੁੱਕਲ ਮਾਰ ਕੇ ਹੀਟਰ ਦੇ ਬੇਸ ਬੋਰਡ ਦੇ ਬਿਲਕੁਲ ਕੋਲ ਬੈਠਾ ਸੀ। ਉਸ ਦੇ ਹੱਥ ਕੰਬ ਰਹੇ ਸਨ, ਪਰ ਇਹ ਕੰਬਣੀ ਬਾਹਰਲੀ ਠੰਢ ਕਰਕੇ ਨਹੀਂ ਸੀ ਸਗੋਂ ਉਸ ਦੇ ਅੰਦਰ ਜੰਮ ਚੁੱਕੇ ਉਸ ਇਕਲਾਪੇ ਦੀ ਸੀ, ਜਿਸ ਨੂੰ ਦੁਨੀਆ ਦਾ ਕੋਈ ਵੀ ਹੀਟਰ ਗਰਮਾਹਟ ਨਹੀਂ ਸੀ ਦੇ ਸਕਦਾ।

‘‘ਸੁਣਦੇ ਹੋ... ਥੋਨੂੰ ਯਾਦ ਹੈ ਅੱਜ ਆਪਣੇ ਪਿੰਡ ਗਿਆਨੀ ਨਿਰਮਲ ਸਿਹੁੰ ਦੇ ਮੁੰਡੇ ਦਾ ਵਿਆਹ ਐ। ਹੁਣ ਤੱਕ ਤਾਂ ਜੰਝ ਚੜ੍ਹ ਵੀ ਗਈ ਹੋਣੀ।’’ ਉਸ ਦੀ ਪਤਨੀ ਪ੍ਰੀਤਮ ਕੌਰ ਨੇ ਰਸੋਈ ਦਾ ਭਾਰੀ ਲੱਕੜ ਵਾਲਾ ਦਰਵਾਜ਼ਾ ਖੋਲ੍ਹਦਿਆਂ ਕਿਹਾ। ਉਸ ਦੇ ਹੱਥ ’ਚ ਐਲੂਮੀਨੀਅਮ ਦੇ ਦੋ ਪੁਰਾਣੇ ਭਾਂਡੇ ਸਨ, ਜਿਨ੍ਹਾਂ ਨੂੰ ਉਹ ਪੰਜਾਬ ਤੋਂ ਆਉਂਦਿਆਂ ਚੋਰੀ-ਛੁਪੇ ਸੂਟਕੇਸ ਵਿੱਚ ਪਾ ਕੇ ਲਿਆਈ ਸੀ। ਇਹ ਭਾਂਡੇ ਇਸ ਆਧੁਨਿਕ, ਚਮਕਦਾਰ ਰਸੋਈ ਦੇ ਗ੍ਰੇਨਾਈਟ ਸਲੈਬ ’ਤੇ ਬਿਲਕੁਲ ਬੇਮੇਲ ਅਤੇ ਓਪਰੇ ਜਾਪਦੇ ਸਨ। ਬਿਲਕੁਲ ਪ੍ਰੀਤਮ ਕੌਰ ਅਤੇ ਸਰੂਪ ਸਿੰਘ ਵਾਂਗ।

Advertisement

ਸਰੂਪ ਸਿੰਘ ਨੇ ਲੰਮਾ ਤੇ ਡੂੰਘਾ ਸਾਹ ਲਿਆ ਅਤੇ ਆਪਣੀ ਐਨਕ ਨੂੰ ਨੱਕ ਤੋਂ ਥੋੜ੍ਹਾ ਉੱਪਰ ਸਰਕਾਉਂਦਿਆਂ ਬੋਲਿਆ, ‘‘ਆਹੋ... ਨਿਰਮਲ ਸਿਹੁੰ ਦਾ ਮੁੰਡਾ ਲਾਡੀ, ਦੇਖ ਲੈ ਪ੍ਰੀਤਮ ਕੁਰੇ ਕੱਲ੍ਹ ਦੀ ਗੱਲ ਹੈ, ਜਦੋਂ ਉਹ ਨਿੱਕਾ ਹੁੰਦਾ ਆਪਣੇ ਬਾਪੂ ਨਾਲ ਆਪਣੇ ਘਰੇ ਆਉਂਦਾ ਹੁੰਦਾ ਸੀ ਤੇ ਅੱਜ ਉਸ ਦਾ ਵਿਆਹ ਵੀ ਹੋ ਰਿਹਾ ਹੈ। ਦੇਖ ਲੈ ਉੱਥੇ ਪੰਜਾਬ ਵਿੱਚ ਵਕਤ ਕਿੰਨਾ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇੱਥੇ ਆਪਾਂ ਨੂੰ ਇੱਕ ਘੜੀ ਲੰਘਾਉਣੀ ਔਖੀ ਹੋਈ ਪਈ ਹੈ।’’ ‘‘ਕਿਉਂ ਚਿੰਤਾ ਕਰਦੇ ਹੋ ਜੀ, ਕੋਈ ਨਾ ਆਪਾਂ ਦੋ ਚਾਰ ਮਹੀਨਿਆਂ ਤੱਕ ਪਿੰਡ ਚਲੇ ਜਾਵਾਂਗੇ। ਪ੍ਰੀਤਮ ਕੌਰ ਨੇ ਮੰਜੇ ’ਤੇ ਬੈਠਦਿਆਂ ਕਿਹਾ। ‘‘ਗੱਲ ਤਾਂ ਤੇਰੀ ਠੀਕ ਹੈ ਪ੍ਰੀਤਮ ਕੁਰੇ ਪਰ ਜੇ ਅੱਜ ਆਪਾਂ ਪਿੰਡ ਹੁੰਦੇ ਤਾਂ ਲਾਡੀ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਗਿਆਨੀ ਜੀ ਨੇ ਮੈਨੂੰ ਦੇਣੀ ਸੀ। ਕੌਣ ਆਇਆ, ਕੌਣ ਗਿਆ, ਕਿਹੜਾ ਪ੍ਰਾਹੁਣਾ ਕਿੱਥੇ ਬੈਠਾ... ਇਹ ਸਭ ਮੈਂ ਦੇਖਣਾ ਸੀ, ਪਰ ਇੱਥੇ? ਇੱਥੇ ਅਸੀਂ ਇਸ ਚਾਰਦੀਵਾਰੀ ਦੇ ਬੰਦੀ ਹਾਂ।’’ ਪਿੰਡ ਬਾਰੇ ਗੱਲ ਕਰਦਿਆਂ ਅਤੀਤ ਦੀਆਂ ਯਾਦਾਂ ਸਰੂਪ ਸਿੰਘ ਦੇ ਮਨ ਵਿੱਚ ਤਾਜ਼ਾ ਹੋ ਗਈਆਂ। ਦੋ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਨਵਦੀਪ ਮਹੀਨੇ ਕੁ ਲਈ ਪੰਜਾਬ ਆਇਆ ਸੀ ਤਾਂ ਉਹ ਆਪਣੇ ਨਾਲ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਆਇਆ ਸੀ। ਜਦੋਂ ਆਂਢ-ਗੁਆਂਢ ਦੇ ਲੋਕਾਂ ਨੂੰ ਪਤਾ ਲੱਗਾ ਕਿ ਨਵਦੀਪ ਆਪਣੇ ਮਾਂ ਪਿਉ ਨੂੰ ਕੈਨੇਡਾ ਆਪਣੇ ਨਾਲ ਲਿਜਾਣ ਆਇਆ ਹੈ ਤਾਂ ਸਭ ਨੇ ਇਹੀ ਕਿਹਾ ਸੀ, ‘‘ਸਰੂਪ ਸਿਹੁੰ, ਤੇਰੀ ਤਾਂ ਕਿਸਮਤ ਖੁੱਲ੍ਹ ਗਈ। ਪੁੱਤ ਸਿਆਣਾ ਤੇ ਲਾਇਕ ਨਿਕਲਿਆ, ਬੁਢਾਪਾ ਸੁਧਾਰ ਦਿੱਤਾ, ਜਿਊਂਦੇ ਜੀਅ ਨਰਕ ’ਚੋਂ ਕੱਢ ਕੇ।’’ ਸਰੂਪ ਸਿੰਘ ਨੂੰ ਵੀ ਉਦੋਂ ਇਹੀ ਲੱਗਿਆ ਸੀ ਕਿ ਸ਼ਾਇਦ ਜ਼ਿੰਦਗੀ ਦੇ ਆਖ਼ਰੀ ਦਿਨ ਔਲਾਦ ਦੀ ਛਾਂ ਹੇਠ ਹੱਸਦਿਆਂ-ਖੇਡਦਿਆਂ ਲੰਘਣਗੇ, ਪਰ ਵਿਨੀਪੈੱਗ ਪਹੁੰਚ ਕੇ ਸੁਧਰੇ ਹੋਏ ਬੁਢਾਪੇ ਦਾ ਨਵਾਂ ਰੂਪ ਸਾਹਮਣੇ ਆਇਆ। ਨਵਦੀਪ ਅਤੇ ਉਸ ਦੀ ਪਤਨੀ ਦੋਵੇਂ ਕੰਪਿਊਟਰ ਕੰਪਨੀਆਂ ’ਚ ਮੈਨੇਜਰ ਸਨ। ਉਹ ਸਵੇਰੇ ਛੇ ਵਜੇ, ਜਦੋਂ ਹਾਲੇ ਬਾਹਰ ਹਨੇਰਾ ਹੀ ਹੁੰਦਾ, ਨਿਕਲ ਜਾਂਦੇ ਅਤੇ ਰਾਤ ਨੂੰ ਅੱਠ ਵਜੇ ਥੱਕੇ-ਟੁੱਟੇ ਵਾਪਸ ਆਉਂਦੇ। ਬੱਚੇ, ਜੋ ਕੈਨੇਡਾ ਵਿੱਚ ਹੀ ਜੰਮੇ-ਪਲੇ ਸਨ, ਹਫ਼ਤੇ ਦੇ ਅਖੀਰ ਵਿੱਚ ਵੀ ਆਪਣੇ ਫੁਟਬਾਲ ਦੇ ਮੈਚਾਂ ਜਾਂ ਗੋਰੇ ਦੋਸਤਾਂ ਦੇ ਜਨਮ ਦਿਨ ਦੀਆਂ ਪਾਰਟੀਆਂ ਵਿੱਚ ਮਸਤ ਰਹਿੰਦੇ। ਬਜ਼ੁਰਗਾਂ ਲਈ ਚੌਵੀ ਘੰਟੇ ਦਾ ਦਿਨ ਕੱਟਣਾ ਕਾਲ ਕੋਠੜੀ ਦੀ ਸਜ਼ਾ ਵਰਗਾ ਹੁੰਦਾ ਸੀ। ਉਨ੍ਹਾਂ ਲਈ ਸਭ ਤੋਂ ਵੱਡੀ ਦੁਸ਼ਵਾਰੀ ਸੀ ਪਛਾਣ ਦਾ ਗੁਆਚ ਜਾਣਾ। ਪੰਜਾਬ ਵਿੱਚ ਸਰੂਪ ਸਿੰਘ ਬਹੁਤ ਸਾਲ ਪਿੰਡ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਰਹੇ ਸਨ। ਗਲੀ ’ਚੋਂ ਲੰਘਦੇ ਨਿਆਣੇ ਤੋਂ ਲੈ ਕੇ ਬੁੱਢੇ ਤੱਕ ਸਭ ‘ਸਤਿ ਸ੍ਰੀ ਅਕਾਲ ਪ੍ਰਧਾਨ ਜੀ’ ਆਖਦੇ ਸਨ। ਸੱਥ ਵਿੱਚ ਬੈਠੇ ਬਜ਼ੁਰਗਾਂ ’ਚੋਂ ਖੇਤੀਬਾੜੀ, ਦੇਸ਼ ਦੀ ਸਿਆਸਤ ਅਤੇ ਨਹਿਰੀ ਪਾਣੀ ਦੇ ਮਸਲਿਆਂ ਆਦਿ ’ਤੇ ਉਸ ਦੀ ਰਾਏ ਸਭ ਤੋਂ ਅਹਿਮ ਹੁੰਦੀ ਸੀ। ਇੱਥੇ ਇਸ ਬੇਗ਼ਾਨੇ ਮੁਲਕ ਵਿੱਚ ਉਹ ਮਹਿਜ਼ ਇੱਕ ਸੀਨੀਅਰ ਸਿਟੀਜ਼ਨ ਬਣ ਕੇ ਰਹਿ ਗਏ ਸਨ। ਜੇ ਕਦੇ ਹਿੰਮਤ ਕਰਕੇ ਘਰੋਂ ਬਾਹਰ ਸੜਕ ’ਤੇ ਪੈਰ ਰੱਖਦੇ ਵੀ ਤਾਂ ਗੋਰੇ ਗੁਆਂਢੀ ਅਜਨਬੀਆਂ ਵਾਂਗ ਕੋਲੋਂ ਲੰਘ ਜਾਂਦੇ। ਕੋਈ ਮੁਸਕਰਾਉਂਦਾ ਵੀ ਤਾਂ ਉਹ ਮੁਸਕਰਾਹਟ ਪਲਾਸਟਿਕ ਵਰਗੀ ਹੁੰਦੀ, ਜਿਸ ਵਿੱਚ ਕੋਈ ਸੱਚਾ ਤੇ ਆਪਣੇਪਣ ਵਾਲਾ ਨਿੱਘ ਨਹੀਂ ਸੀ ਹੁੰਦਾ। ਇੱਕ ਵਾਰ ਸ਼ਨਿੱਚਰਵਾਰ ਸ਼ਾਮ ਘਰ ਵਿੱਚ ਮਾਹੌਲ ਥੋੜ੍ਹਾ ਖੁਸ਼ਗਵਾਰ ਸੀ। ਨਵਦੀਪ ਸਮੇਂ ਸਿਰ ਘਰ ਆ ਗਿਆ ਸੀ ਅਤੇ ਉਸ ਦੇ ਹੱਥ ਵਿੱਚ ਭੂਰੇ ਜਿਹੇ ਰੰਗ ਦਾ ਇੱਕ ਸਰਕਾਰੀ ਲਿਫ਼ਾਫ਼ਾ ਸੀ। ਉਸ ਨੇ ਬੜੇ ਚਾਅ ਨਾਲ ਲਿਫ਼ਾਫ਼ਾ ਮੇਜ਼ ’ਤੇ ਰੱਖਿਆ ਅਤੇ ਬੋਲਿਆ, ‘‘ਪਾਪਾ, ਮੰਮੀ, ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ! ਤੁਹਾਡੀ ਸੁਪਰ ਵੀਜ਼ਾ ਦੀ ਐਕਸਟੈਂਸ਼ਨ ਆ ਗਈ ਹੈ। ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਤੁਹਾਨੂੰ ਹੋਰ ਤਿੰਨ ਸਾਲ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਾਨੂੰ ਵਾਰ-ਵਾਰ ਫਾਈਲਾਂ ਲਾਉਣ ਦੀ ਲੋੜ ਨਹੀਂ!’’ ਨਵਦੀਪ ਦੇ ਚਿਹਰੇ ’ਤੇ ਇੱਕ ਸਕੂਨ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸ ਨੇ ਪੁੱਤਰ ਹੋਣ ਦਾ ਫ਼ਰਜ਼ ਪੂਰਾ ਕਰ ਦਿੱਤਾ ਹੈ ਅਤੇ ਉਸ ਦੇ ਮਾਪੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਅਮੀਰ ਦੇਸ਼ ਵਿੱਚ ਉਸ ਦੇ ਕੋਲ ਸਨ ਪਰ ਇਹ ਸੁਣਦਿਆਂ ਹੀ ਸਰੂਪ ਸਿੰਘ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ। ਉਸ ਨੇ ਲੋਈ ਨੂੰ ਮੋਢਿਆਂ ਤੋਂ ਥੋੜ੍ਹਾ ਹੋਰ ਕੱਸਿਆ। ਪ੍ਰੀਤਮ ਕੌਰ ਨੇ ਸਹਾਰੇ ਲਈ ਰਸੋਈ ਦੀ ਚੌਖਟ ਨੂੰ ਫੜ ਲਿਆ।

Advertisement

‘‘ਨਵੀ ਪੁੱਤ...!’’ ਸਰੂਪ ਸਿੰਘ ਨੇ ਬੜੀ ਹਿੰਮਤ ਇਕੱਠੀ ਕਰ ਕੇ ਭਾਰੀ ਗਲ਼ ਨਾਲ ਕਿਹਾ, ‘‘ਅਸੀਂ... ਅਸੀਂ ਹੁਣ ਪੰਜਾਬ ਵਾਪਸ ਜਾਣਾ ਚਾਹੁੰਦੇ ਹਾਂ। ਸਾਡਾ ਇੱਥੇ ਦਿਲ ਨਹੀਂ ਲੱਗਦਾ।’’ ਨਵਦੀਪ ਦਾ ਚਿਹਰਾ ਇੱਕ ਪਲ ਵਿੱਚ ਉਤਰ ਗਿਆ। ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਗੁੱਸਾ ਦੋਵੇਂ ਆ ਗਏ ਸਨ, ‘‘ਪਾਪਾ! ਤੁਸੀਂ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ? ਉੱਥੇ ਪੰਜਾਬ ਵਿੱਚ ਕੌਣ ਹੈ ਤੁਹਾਡਾ? ਸਾਰੀ ਉਮਰ ਤੁਸੀਂ ਪਿੰਡ ਦੇ ਲੋਕਾਂ ਦੇ ਕੰਮ ਆਉਂਦੇ ਰਹੇ, ਹੁਣ ਜਦੋਂ ਬੁਢਾਪੇ ਵਿੱਚ ਤੁਹਾਨੂੰ ਆਰਾਮ ਚਾਹੀਦਾ ਹੈ ਤਾਂ ਤੁਸੀਂ ਉਸ ਧੂੜ ਮਿੱਟੀ ਵਿੱਚ ਵਾਪਸ ਜਾਣਾ ਚਾਹੁੰਦੇ ਹੋ, ਜਿੱਥੋਂ ਮੈਂ ਤੁਹਾਨੂੰ ਲੈ ਕੇ ਆਇਆ ਹਾਂ ? ਉੱਥੇ ਤਾਂ ਮੈਡੀਕਲ ਦੀ ਸਹੂਲਤ ਵੀ ਚੰਗੀ ਨਹੀਂ। ਜੇ ਰਾਤ-ਬਰਾਤੇ ਕਿਸੇ ਨੂੰ ਕੋਈ ਹਾਰਟ ਦੀ ਪ੍ਰੌਬਲਮ ਹੋ ਗਈ ਤਾਂ ਹਸਪਤਾਲ ਕੌਣ ਲੈ ਕੇ ਜਾਵੇਗਾ?’’ ‘‘ਪੁੱਤ, ਹਸਪਤਾਲ ਤਾਂ ਇੱਥੇ ਵੀ ਹੈ, ਪਰ ਇੱਥੇ ਸਾਨੂੰ ਲਿਜਾਣ ਲਈ ਵੀ ਤੈਨੂੰ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ।’’ ਪ੍ਰੀਤਮ ਕੌਰ ਨੇ ਹੌਲੀ ਦੇਣੀ ਆਖਿਆ।

ਨਵਦੀਪ ਨੇ ਖਿਝ ਕੇ ਅੱਗੋਂ ਜਵਾਬ ਦਿੱਤਾ, ‘‘ਮੰਮੀ, ਇੱਥੇ ਸਿਸਟਮ ਐਦਾਂ ਦਾ ਹੀ ਹੈ। ਮੈਂ ਆਪਣੀ ਲੱਖਾਂ ਡਾਲਰ ਦੀ ਨੌਕਰੀ ਨਹੀਂ ਛੱਡ ਸਕਦਾ। ਜੇ ਮੈਂ ਕੰਮ ’ਤੇ ਨਹੀਂ ਜਾਵਾਂਗਾ ਤਾਂ ਇਸ ਘਰ ਦੀਆਂ ਕਿਸ਼ਤਾਂ, ਤੁਹਾਡਾ ਬੀਮਾ, ਬੱਚਿਆਂ ਦੀਆਂ ਫੀਸਾਂ ਕੌਣ ਭਰੇਗਾ? ਇੱਥੇ ਤੁਹਾਡੇ ਕੋਲ ਸਭ ਕੁਝ ਹੈ, ਵੱਡਾ ਘਰ ਹੈ, ਹਰ ਕਮਰੇ ਵਿੱਚ ਟੀ ਵੀ ਹੈ, ਚੰਗਾ ਖਾਣ ਪੀਣ ਨੂੰ ਮਿਲਦਾ ਹੈ, ਸਰਕਾਰ ਵੱਲੋਂ ਡਾਕਟਰੀ ਸਹੂਲਤਾਂ ਮੁਫ਼ਤ ਨੇ। ਫਿਰ ਵੀ ਤੁਸੀਂ ਵਾਪਸ ਜਾਣ ਦੀ ਜ਼ਿੱਦ ਕਿਉਂ ਕਰਦੇ ਹੋ? ਉੱਥੇ ਪੰਜਾਬ ਵਿੱਚ ਹੁਣ ਰੱਖਿਆ ਹੀ ਕੀ ਹੈ?’’

ਸਰੂਪ ਸਿੰਘ ਕੋਲ ਇਸ ਸਵਾਲ ਦਾ ਕੋਈ ਅਜਿਹਾ ਜਵਾਬ ਨਹੀਂ ਸੀ, ਜਿਸ ਨਾਲ ਨਵਦੀਪ ਦੇ ਕੈਨੇਡੀਅਨ ਦਿਮਾਗ਼ ਨੂੰ ਸਮਝਾਇਆ ਜਾ ਸਕੇ। ਉਹ ਉਸ ਨੂੰ ਕਿਵੇਂ ਦੱਸਦੇ ਕਿ ਮਨੁੱਖ ਸਿਰਫ਼ ਚੰਗੇ ਖਾਣੇ, ਵੱਡੇ ਘਰ ਅਤੇ ਬੀਮੇ ਦੇ ਸਹਾਰੇ ਨਹੀਂ ਜਿਊਂਦਾ। ਮਨੁੱਖ ਨੂੰ ਆਪਣੀ ਮਿੱਟੀ, ਆਪਣੇ ਲੋਕ, ਆਪਣੀ ਬੋਲੀ ਅਤੇ ਉਹ ਅਪਣੱਤ ਚਾਹੀਦੀ ਹੁੰਦੀ ਹੈ, ਜਿੱਥੇ ਕੋਈ ਬਿਨਾਂ ਮਤਲਬ ਤੋਂ ਵੀ ਬੂਹਾ ਖੜਕਾ ਕੇ ਹਾਲ-ਚਾਲ ਪੁੱਛ ਲਵੇ। ‘‘ਤੂੰ ਨਹੀਂ ਸਮਝੇਂਗਾ ਪੁੱਤ...!’’ ਸਰੂਪ ਸਿੰਘ ਨੇ ਕੰਧ ’ਤੇ ਲੱਗੀ ਘੜੀ ਵੱਲ ਦੇਖਦਿਆਂ ਕਿਹਾ, ‘‘ਤੇਰੀ ਦੁਨੀਆ ਡਾਲਰਾਂ ਤੇ ਕਿਸ਼ਤਾਂ ਦੀ ਹੈ, ਸਾਡੀ ਰੂਹ ਹਾਲੇ ਵੀ ਉਸੇ ਪਿੰਡ ਦੀਆਂ ਗਲੀਆਂ, ਸੱਥਾਂ ਤੇ ਜੂਹਾਂ ਵਿੱਚ ਭਟਕਦੀ ਹੈ।’’ ਨਵਦੀਪ ਬਿਨਾਂ ਕੁਝ ਬੋਲੇ, ਪੈਰ ਪਟਕਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਦਰਵਾਜ਼ਾ ਜ਼ੋਰ ਦੀ ਬੰਦ ਕਰ ਦਿੱਤਾ।

ਉਸੇ ਰਾਤ, ਬਾਰਾਂ ਵਜੇ ਦੇ ਕਰੀਬ, ਜਦੋਂ ਪੂਰਾ ਪਰਿਵਾਰ ਸੌਂ ਚੁੱਕਾ ਸੀ, ਸਰੂਪ ਸਿੰਘ ਅਤੇ ਪ੍ਰੀਤਮ ਕੌਰ ਆਪਣੇ ਕਮਰੇ ਵਿੱਚ ਇਕੱਲੇ ਬੈਠੇ ਸਨ। ਬਾਹਰ ਬਰਫ਼ੀਲਾ ਤੂਫ਼ਾਨ ਹੋਰ ਤੇਜ਼ ਹੋ ਗਿਆ ਸੀ, ਹਵਾ ਖਿੜਕੀਆਂ ਦੇ ਸ਼ੀਸ਼ਿਆਂ ਨਾਲ ਟਕਰਾ ਕੇ ਇੱਕ ਡਰਾਉਣੀ ਆਵਾਜ਼ ਪੈਦਾ ਕਰ ਰਹੀ ਸੀ। ਪ੍ਰੀਤਮ ਕੌਰ ਨੇ ਸਰੂਪ ਸਿੰਘ ਦੇ ਗੋਡਿਆਂ ’ਤੇ ਹੱਥ ਰੱਖਿਆ, ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ‘‘ਸਰਦਾਰ ਜੀ, ਜੇ ਅਸੀਂ ਇੱਥੇ ਰਹਿੰਦੇ ਹਾਂ ਤਾਂ ਸਾਡਾ ਸਾਹ ਘੁੱਟਦਾ ਹੈ। ਇੰਝ ਲੱਗਦੈ ਜਿਵੇਂ ਕਿਸੇ ਮਹਿੰਗੀ ਜੇਲ੍ਹ ਵਿੱਚ ਬੰਦ ਹਾਂ। ਜੇ ਪੰਜਾਬ ਜਾਂਦੇ ਹਾਂ ਤਾਂ ਪੁੱਤ ਦਾ ਦਿਲ ਟੁੱਟਦਾ ਹੈ। ਉਹ ਕਹਿੰਦਾ ਹੈ ਕਿ ਦੁਨੀਆ ਮੈਨੂੰ ਮਿਹਣੇ ਮਾਰੇਗੀ ਕਿ ਮਾਪੇ ਬੁਢਾਪੇ ਵਿੱਚ ਪਿੰਡ ਇਕੱਲੇ ਛੱਡ ਦਿੱਤੇ, ਪਰ ਉਹ ਇਹ ਨਹੀਂ ਸਮਝਦਾ ਕਿ ਸਾਡੀ ਜਾਨ ਤਾਂ ਇੱਥੇ ਰੋਜ਼ ਨਿਕਲਦੀ ਹੈ। ਅਸੀਂ ਤਾਂ ਜਿਊਂਦੇ-ਜੀਅ ਤ੍ਰਿਸ਼ੰਕੂ ਵਾਂਗ ਵਿਚਾਲੇ ਲਟਕ ਗਏ ਹਾਂ। ਨਾ ਹੁਣ ਉਹ ਦੇਸ਼ ਸਾਡਾ ਰਿਹਾ ਹੈ, ਨਾ ਇਹ ਦੇਸ਼ ਸਾਨੂੰ ਅਪਣਾਉਂਦਾ ਹੈ।’’ ਸਰੂਪ ਸਿੰਘ ਨੇ ਆਪਣੀ ਪਤਨੀ ਦੇ ਹੰਝੂ ਪੂੰਝੇ, ‘‘ਦਿਲ ਕਾਹਤੋਂ ਛੋਟਾ ਕਰਦੀ ਐਂ ਪ੍ਰੀਤਮ ਕੁਰੇ। ਪਰਵਾਸ ਦੀ ਇਹੋ ਤ੍ਰਾਸਦੀ ਹੈ ਜਿਹੜੇ ਬੱਚਿਆਂ ਨੂੰ ਅਸੀਂ ਉੱਡਣਾ ਸਿਖਾਇਆ, ਹੁਣ ਉਨ੍ਹਾਂ ਦੇ ਆਕਾਸ਼ ਵੱਖਰੇ ਨੇ ਤੇ ਸਾਡੀਆਂ ਜੜ੍ਹਾਂ ਵੱਖਰੀਆਂ। ਔਲਾਦ ਪੰਜਾਬ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਨ੍ਹਾਂ ਦਾ ਭਵਿੱਖ ਇੱਥੇ ਹੈ ਤੇ ਸਾਡਾ ਕੈਨੇਡਾ ’ਚ ਦਿਲ ਨਹੀਂ ਲੱਗਦਾ ਕਿਉਂਕਿ ਸਾਡਾ ਅਤੀਤ ਪੰਜਾਬ ’ਚ ਹੀ ਰਹਿ ਗਿਆ।’’ ਸਰੂਪ ਸਿੰਘ ਨੇ ਉੱਠ ਕੇ ਖਿੜਕੀ ਦਾ ਪਰਦਾ ਥੋੜ੍ਹਾ ਹਟਾਇਆ ਅਤੇ ਬਾਹਰ ਡਿੱਗ ਰਹੀ ਬਰਫ਼ ਵੱਲ ਦੇਖਿਆ।

ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਉਸ ਰੁੱਖ ਦੇ ਪੱਤੇ ਵਾਂਗ ਹਨ, ਜੋ ਪੰਜਾਬ ਦੀ ਧਰਤੀ ਤੋਂ ਆਪਣੀਆਂ ਜੜ੍ਹਾਂ ਤੋਂ ਤਾਂ ਟੁੱਟ ਚੁੱਕਾ ਹੈ, ਪਰ ਸਮੇਂ ਅਤੇ ਹਾਲਾਤ ਦੀ ਹਵਾ ਦੇ ਬੁੱਲ੍ਹੇ ਕਾਰਨ ਇਸ ਬੇਗ਼ਾਨੀ, ਬਰਫ਼ੀਲੀ ਧਰਤੀ ’ਤੇ ਆ ਡਿੱਗਿਆ ਹੈ ਜਿੱਥੇ ਨਾ ਉਹ ਦੁਬਾਰਾ ਹਰਾ ਹੋ ਸਕਦਾ ਹੈ ਅਤੇ ਨਾ ਹੀ ਉਸ ਦੀ ਆਪਣੀ ਕੋਈ ਪਛਾਣ ਬਚੀ ਹੈ। ਉਨ੍ਹਾਂ ਨੇ ਹੌਲੀ ਜਿਹੇ ਪਰਦਾ ਵਾਪਸ ਸੁੱਟ ਦਿੱਤਾ। ਕਮਰੇ ਵਿੱਚ ਫਿਰ ਉਹੀ ਹੀਟਰ ਦੀ ਖੁਸ਼ਕ ਗਰਮੀ ਅਤੇ ਸਿਖ਼ਰਾਂ ਦੀ ਖਾਮੋਸ਼ੀ ਪਸਰ ਗਈ। ਪਰਵਾਸ ਦੀ ਇਸ ਅਦਿੱਖ ਅਤੇ ਦਰਦਨਾਕ ਦੁਸ਼ਵਾਰੀ ਦਾ ਕੋਈ ਇਲਾਜ ਨਾ ਤਾਂ ਕੈਨੇਡਾ ਦੇ ਕਿਸੇ ਮਹਿੰਗੇ ਹਸਪਤਾਲ ਕੋਲ ਸੀ ਅਤੇ ਨਾ ਹੀ ਪੰਜਾਬ ਦੀਆਂ ਯਾਦਾਂ ਕੋਲ। ਦੋਵੇਂ ਬਜ਼ੁਰਗ ਇੱਕ ਵਾਰ ਫਿਰ ਇੱਕ-ਦੂਜੇ ਦਾ ਹੱਥ ਫੜ ਕੇ ਉਸ ਆਧੁਨਿਕ ਪਿੰਜਰੇ ਵਿੱਚ ਅਗਲੀ ਸਵੇਰ ਦਾ ਇੰਤਜ਼ਾਰ ਕਰਨ ਲਈ ਬਿਸਤਰੇ ’ਤੇ ਲੇਟ ਗਏ।

ਸੰਪਰਕ: 70098-98044

Advertisement
×