ਪੰਜਾਬੀ ਨਾਬਰੀ ਦਾ ਪੁੰਜ: ਰਾਜਾ ਅਜੀਤ ਸਿੰਘ ਲਾਡਵਾ
ਜਨਵਰੀ 1764 ਵਿੱਚ ਜਦ ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਵੱਲੋਂ ਥਾਪੇ ਸਰਹਿੰਦ ਦੇ ਗਵਰਨਰ ਜ਼ੈਨ ਖਾਂ ਨੂੰ ਹਰਾ ਕੇ ਜਮਨਾ ਦਰਿਆ ਦੇ ਹੇਠਲੇ ਪਾਸੇ ਸਤਲੁਜ ਵੱਲ ਨੂੰ ਇਲਾਕਾ ਮੱਲਿਆ ਤਾਂ ਮਾਝੇ ਤੋਂ ਆਏ ਡੱਲੇਵਾਲੀਆ ਮਿਸਲ ਵਿੱਚ ਵੇਈਂ ਪੋਈਂ ਦੇ ਵਸਨੀਕ...
ਜਨਵਰੀ 1764 ਵਿੱਚ ਜਦ ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਵੱਲੋਂ ਥਾਪੇ ਸਰਹਿੰਦ ਦੇ ਗਵਰਨਰ ਜ਼ੈਨ ਖਾਂ ਨੂੰ ਹਰਾ ਕੇ ਜਮਨਾ ਦਰਿਆ ਦੇ ਹੇਠਲੇ ਪਾਸੇ ਸਤਲੁਜ ਵੱਲ ਨੂੰ ਇਲਾਕਾ ਮੱਲਿਆ ਤਾਂ ਮਾਝੇ ਤੋਂ ਆਏ ਡੱਲੇਵਾਲੀਆ ਮਿਸਲ ਵਿੱਚ ਵੇਈਂ ਪੋਈਂ ਦੇ ਵਸਨੀਕ ਦੋ ਭਰਾਵਾਂ ਸਰਦਾਰ ਸਾਹਿਬ ਸਿੰਘ ਅਤੇ ਸਰਦਾਰ ਗੁਰਦਿੱਤ ਸਿੰਘ ਨੇ ਵਰਤਮਾਨ ਹਰਿਆਣਾ ਵਿਚਲੇ ਲਾਡਵਾ ਅਤੇ ਸ਼ਾਮਗੜ੍ਹ ਦਾ ਇਲਾਕਾ ਕਬਜ਼ੇ ਵਿੱਚ ਲੈ ਲਿਆ। ਸਾਹਿਬ ਸਿੰਘ ਦੀ ਮੌਤ ਪਿੱਛੋਂ ਇਹ ਮਿਲਖ ਗੁਰਦਿੱਤ ਸਿੰਘ ਦੀ ਮਾਲਕੀ ਹੇਠ ਆਈ। ਉਸ ਨੇ ਲਾਡਵਾ ਨੂੰ ਆਪਣਾ ਮੁੱਖ ਟਿਕਾਣਾ ਬਣਾਇਆ।
ਸੰਨ 1795 ਵਿੱਚ ਗੁਰਦਿੱਤ ਸਿੰਘ ਨੇ ਜਾਰਜ ਥਾਮਸ ਕੋਲੋਂ ਕਰਨਾਲ ਖੋਹ ਲਿਆ। 1803 ਵਿੱਚ ਦਿੱਲੀ ਉੱਤੇ ਕਬਜ਼ੇ ਲਈ ਮਰਹੱਟਿਆਂ ਅਤੇ ਅੰਗਰੇਜ਼ਾਂ ਦਰਮਿਆਨ ਹੋਈ ਲੜਾਈ ਵਿੱਚ ਜਿੱਥੇ ਜੀਂਦ ਅਤੇ ਕੈਥਲ ਦੇ ਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਉੱਥੇ ਥਾਨੇਸਰ, ਬੂੜੀਆ, ਜਗਾਧਰੀ ਅਤੇ ਕਲਸੀਆ ਦੇ ਨਾਲ ਰਲ ਕੇ ਗੁਰਦਿੱਤ ਸਿੰਘ ਲਾਡਵਾ ਨੇ ਮਰਹੱਟਿਆਂ ਦੇ ਪੱਖ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜੀ। 1804 ਦੇ ਅੰਤ ਵਿੱਚ ਕਰਨਲ ਬਰਨ ਨਾਲ ਹੋਈ ਲੜਾਈ ਵਿੱਚ ਹਾਰਨ ਤੱਕ ਗੁਰਦਿੱਤ ਸਿੰਘ ਲਾਡਵਾ ਅਤੇ ਜੋਧ ਸਿੰਘ ਕਲਸੀਆ ਲਗਪਗ ਇੱਕ ਸਾਲ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਰਹੇ। ਇਸ ਵਿਰੋਧ ਕਾਰਨ ਹੀ ਅੰਗਰੇਜ਼ ਹਾਕਮਾਂ ਨੇ ਜਦ 1805 ਵਿੱਚ ਸਿੱਖ ਰਾਜਿਆਂ ਅਤੇ ਸਰਦਾਰਾਂ ਦੇ ਸ਼ਾਂਤੀਪੂਰਨ ਵਿਹਾਰ ਦੀ ਸ਼ਰਤ ਉੱਤੇ ਉਨ੍ਹਾਂ ਲਈ ਆਮ ਮੁਆਫ਼ੀਨਾਮੇ ਦਾ ਐਲਾਨ ਕੀਤਾ ਤਾਂ ਗੁਰਦਿੱਤ ਸਿੰਘ ਲਾਡਵਾ ਨੂੰ ਇਸ ਮੁਆਫ਼ੀਨਾਮੇ ਤੋਂ ਬਾਹਰ ਰੱਖਿਆ ਅਤੇ ਅਪਰੈਲ ਮਹੀਨੇ ਕਰਨਾਲ ਦੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਦ ਲਾਰਡ ਵੈਲਜ਼ਲੇ ਦੇ ਲੰਡਨ ਵਾਪਸ ਜਾਣ ਉਪਰੰਤ ਲਾਰਡ ਕਾਰਨਵਾਲਸ ਵਾਇਸਰਾਇ ਬਣ ਕੇ ਆਇਆ ਤਾਂ ਉਸ ਨੇ ਜਮਨਾ ਦਰਿਆ ਦੇ ਪੱਛਮ ਵੱਲ ਹਥਿਆਏ ਇਲਾਕਿਆਂ ਵਿੱਚੋਂ ਅੰਗਰੇਜ਼ੀ ਫ਼ੌਜ ਵਾਪਸ ਬੁਲਾ ਕੇ ਇਹ ਇਲਾਕੇ ਲੜਾਈ ਦੌਰਾਨ ਆਪਣੀ ਮਦਦ ਕਰਨ ਵਾਲੇ ਜਾਂ ਵਿਰੋਧ ਨਾ ਕਰਨ ਵਾਲੇ ਰਾਜਿਆਂ ਅਤੇ ਸਰਦਾਰਾਂ ਵਿੱਚ ਵੰਡ ਦਿੱਤੇ। ਇਸ ਫ਼ੈਸਲੇ ਦਾ ਇੱਕੋ-ਇੱਕ ਅਪਵਾਦ ਗੁਰਦਿੱਤ ਸਿੰਘ ਦੀ ਮਾਲਕੀ ਸੀ। ਅੰਗਰੇਜ਼ਾਂ ਦੇ ਅਜਿਹੇ ਵਰਤਾਅ ਕਾਰਨ ਸਰਦਾਰ ਗੁਰਦਿੱਤ ਸਿੰਘ ਦੇ ਮਨ ਵਿੱਚ ਕੰਪਨੀ ਸਰਕਾਰ ਪ੍ਰਤੀ ਰੋਸ ਉਪਜਣਾ ਕੁਦਰਤੀ ਸੀ ਜਿਸ ਦੇ ਫਲਸਰੂਪ ਅੰਗਰੇਜ਼ਾਂ ਅਤੇ ਗੁਰਦਿੱਤ ਸਿੰਘ ਲਾਡਵਾ ਦੇ ਸੰਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਜੋ ਅਗਲੇ ਸਾਲਾਂ ਵਿੱਚ ਵੀ ਜਾਰੀ ਰਿਹਾ। ਮਹਾਰਾਜਾ ਰਣਜੀਤ ਸਿੰਘ ਗੁਰਦਿੱਤ ਸਿੰਘ ਦੀ ਵਡੇਰੀ ਉਮਰ ਅਤੇ ਉਸ ਨੂੰ ਆਪਣੇ ਵਡੇਰਿਆਂ ਵੱਲੋਂ ਬੰਨ੍ਹੇ ਪਿੰਡ ਵੇਈਂ ਪੋਈਂ ਦਾ ਵਸਨੀਕ ਹੋਣ ਕਾਰਨ ਉਸ ਨੂੰ ਪਿਤਾ ਵਾਂਗ ਮੰਨਦਾ ਸੀ। ਇਹੋ ਕਾਰਨ ਹੈ ਕਿ ਜਦ ਰਣਜੀਤ ਸਿੰਘ ਨੇ 1807 ਵਿੱਚ ਪਟਿਆਲੇ ਨੂੰ ਜਾਂਦਿਆਂ ਸਤਲੁਜ ਤੋਂ ਪੂਰਬ ਵੱਲ ਰਾਇਕੋਟ ਵਾਲੇ ਰਾਇਕਿਆਂ ਦਾ ਬਹੁਤ ਸਾਰਾ ਇਲਾਕਾ ਮੱਲਿਆ ਤਾਂ ਇਸ ਵਿੱਚੋਂ 26 ਪਿੰਡਾਂ ਦਾ ਬੱਦੋਵਾਲ ਅਤੇ ਜਗਰਾਉਂ ਦਾ 6 ਪਿੰਡਾਂ ਵਾਲਾ ਇਲਾਕਾ ਗੁਰਦਿੱਤ ਸਿੰਘ ਨੂੰ ਦੇ ਦਿੱਤਾ।
ਲੈਫਟੀਨੈਂਟ ਕਰਨਲ ਔਕਟਰਲੋਨੀ ਨੇ 16 ਜਨਵਰੀ 1809 ਨੂੰ ਜਮਨਾ ਪਾਰ ਕਰ ਕੇ ਬੂੜੀਆ ਦੇ ਨੇੜੇ ਦਾਦੂਪੁਰ ਟਿਕਾਣਾ ਕੀਤਾ। ਇੱਥੇ ਗੁਰਦਿੱਤ ਸਿੰਘ ਲਾਡਵਾ ਨੇ ਆਪਣੇ ਦੀਵਾਨ ਦੇ ਹੱਥੀਂ ਉਸ ਕੋਲ ਖ਼ਤ ਭੇਜਿਆ। ਖ਼ਤ ਵਿੱਚ ਸਰਦਾਰ ਗੁਰਦਿੱਤ ਸਿੰਘ ਨੇ ਦੋਸਤੀ ਦੀਆਂ ਭਾਵਨਾਵਾਂ ਪ੍ਰਗਟਾਉਣ ਦੇ ਨਾਲ-ਨਾਲ ਕੁਝ ਆਸ ਉਮੀਦ ਵੀ ਪ੍ਰਗਟਾਈ ਸੀ। ਗੁਰਦਿੱਤ ਸਿੰਘ ਦੀ ਰਣਜੀਤ ਸਿੰਘ ਨਾਲ ਨੇੜਤਾ ਅੰਗਰੇਜ਼ਾਂ ਤੋਂ ਗੁੱਝੀ ਨਹੀਂ ਸੀ, ਪਰ ਉਸ ਦੀ ਮਿਲਖ ਸਤਲੁਜ ਤੋਂ ਪੂਰਬ ਵੱਲ ਹੋਣ ਕਾਰਨ ਅੰਗਰੇਜ਼ ਸਮਝਦੇ ਸਨ ਕਿ ਉਸ ਦਾ ਅੰਗਰੇਜ਼ ਸਰਕਾਰ ਨਾਲ ਸੰਬੰਧ ਚੰਗਾ ਬਣਾ ਕੇ ਰੱਖਣਾ ਉਸ ਦੇ ਆਪਣੇ ਹਿੱਤਾਂ ਦੀ ਰਾਖੀ ਲਈ ਉਸ ਦੀ ਮਜਬੂਰੀ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਹੋਣ ਪਿੱਛੋਂ 3 ਮਈ 1809 ਨੂੰ ਲੈਫਟੀਨੈਂਟ ਕਰਨਲ ਔਕਟਰਲੋਨੀ ਨੇ ਅੰਗਰੇਜ਼ ਸਰਕਾਰ ਵੱਲੋਂ ਸਤਲੁਜ ਤੋਂ ਪੂਰਬ ਵੱਲ ਦੇ ਰਾਜਿਆਂ ਅਤੇ ਸਰਦਾਰਾਂ ਨੂੰ ਬਿਨਾਂ ਮੰਗੇ ਕੁਝ ਸ਼ਰਤਾਂ ਸਹਿਤ ਆਪਣੀ ਸੁਰੱਖਿਆ ਹੇਠ ਲੈਣ ਬਾਰੇ ਇਤਲਾਹਨਾਮਾ ਜਾਰੀ ਕੀਤਾ, ਪਰ ਗੁਰਦਿੱਤ ਸਿੰਘ ਲਾਡਵਾ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ। ਜਦ ਇਸ ਬਾਰੇ ਗਵਰਨਰ ਜਨਰਲ ਤੋਂ ਪ੍ਰਵਾਨਗੀ ਮੰਗੀ ਗਈ ਤਾਂ ਉਸ ਨੇ ਔਕਟਰਲੋਨੀ ਦੀ ਕਾਰਵਾਈ ਨੂੁੰ ਗ਼ੈਰ-ਵਾਜਬ ਦੱਸਿਆ। ਫਲਸਰੂਪ ਇੱਕ ਮਹੀਨੇ ਪਿੱਛੋਂ ਗੁਰਦਿੱਤ ਸਿੰਘ ਲਾਡਵਾ ਨੂੰ ਵੀ ਇਨ੍ਹਾਂ ਸ਼ਰਤਾਂ ਅਧੀਨ ਸੁਰੱਖਿਆ ਦੇ ਦਿੱਤੀ ਗਈ। ਲੈਫਟੀਨੈਂਟ ਕਰਨਲ ਔਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਲਾਡਵਾ ਦੀ ਸੈਨਾ ਵਿੱਚ 1500 ਘੋੜਸਵਾਰ, 400 ਪਿਆਦਾ ਫ਼ੌਜੀ ਅਤੇ 6 ਵੱਡੀਆਂ ਤੇ 2 ਛੋਟੀਆਂ ਤੋਪਾਂ ਸ਼ਾਮਲ ਸਨ।
ਲਾਡਵਾ ਮਿਲਖ ਦਾ ਨਵਾਂ ਮਾਲਕ
ਗੁਰਦਿੱਤ ਸਿੰਘ ਦੀ ਮੌਤ ਪਿੱਛੋਂ ਮਿਲਖ ਦੀ ਜ਼ਿੰਮੇਵਾਰੀ ਉਸ ਦੇ ਪੁੱਤਰ ਅਜੀਤ ਸਿੰਘ ਨੇ ਸੰਭਾਲੀ। ਉਸ ਨੇ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਕਰੀਬੀ ਸੰਬੰਧ ਬਣਾਈ ਰੱਖੇ। ਗਵਰਨਰ ਜਨਰਲ ਦਾ ਏਜੰਟ ਜਾਰਜ ਰਸਲ ਕਲਾਰਕ ਅਜੀਤ ਸਿੰਘ ਦੀ ਰਣਜੀਤ ਸਿੰਘ ਨਾਲ ਨੇੜਤਾ ਕਾਰਨ ਉਸ ਨਾਲ ਖਾਰ ਖਾਂਦਾ ਸੀ। ਉਹ ਅਕਸਰ ਹੀ ਲਾਡਵਾ ਦੇ ਪ੍ਰਬੰਧ ਵਿੱਚ ਨੁਕਸ ਕੱਢ ਕੇ ਉਨ੍ਹਾਂ ਨੁੰ ਦੂਰ ਕਰਨ ਲਈ ਅਜੀਤ ਸਿੰਘ ਨੂੰ ਲਿਖਦਾ ਰਹਿੰਦਾ। ਮਈ 1832 ਵਿੱਚ ਵੀ ਉਸ ਨੇ ਇੱਕ ਅਜਿਹਾ ਖ਼ਤ ਅਜੀਤ ਸਿੰਘ ਨੂੰ ਲਿਖਿਆ ਪਰ ਅਜੀਤ ਸਿੰਘ ਆਪਣੇ ਪੂਰਬ-ਨਿਯੋਜਿਤ ਪ੍ਰੋਗਰਾਮ ਅਨੁਸਾਰ ਹਰਿਦੁਆਰ ਕੁੰਭ ਦੇ ਮੇਲੇ ਅਤੇ ਉੱਥੋਂ ਮਸੂਰੀ ਦੀ ਯਾਤਰਾ ਲਈ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਕਲਾਰਕ ਦੇ ਪੱਤਰ ਵੱਲ ਧਿਆਨ ਨਾ ਦਿੱਤਾ। ਕਲਾਰਕ ਨੇ ਇਸ ਨੂੰ ਹੁਕਮ ਅਦੂਲੀ ਮੰਨਿਆ ਅਤੇ ਆਪਣੇ ਉੱਚ ਅਧਿਕਾਰੀ ਤੋਂ ਲਾਡਵਾ ਵਿੱਚ ਰਹਿੰਦੀ ਬਰਤਾਨਵੀ ਪਰਜਾ ਦੀ ਰਾਖੀ ਲਈ ਉੱਥੇ ਠਾਣਾ ਕਾਇਮ ਕਰਨ ਦੀ ਆਗਿਆ ਮੰਗੀ ਜੋ ਪ੍ਰਵਾਨ ਨਾ ਹੋਈ।
ਉੱਚ ਅਧਿਕਾਰੀਆਂ ਦੇ ਅਜੀਤ ਸਿੰਘ ਪ੍ਰਤੀ ਰੁਖ਼ ਨੂੰ ਦੇਖਦਿਆਂ ਹੌਲੀ-ਹੌਲੀ ਕਲਾਰਕ ਦਾ ਉਸ ਪ੍ਰਤੀ ਰਵੱਈਆ ਬਦਲਦਾ ਗਿਆ ਅਤੇ ਜਦ ਅਜੀਤ ਸਿੰਘ ਨੇ ਰਾਂਬਾ, ਰੰਡਾਲ ਅਤੇ ਧਰਾੜ ਤਿੰਨ ਪਿੰਡਾਂ, ਜਿੱਥੇ ਫ਼ੌਜਦਾਰੀ ਪ੍ਰਬੰਧ ਅੰਗਰੇਜ਼ਾਂ ਦੇ ਹੱਥ ਸੀ, ਵਿੱਚ ਦੋ ਅਮਲੀ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਪ੍ਰਬੰਧ ਨੂੰ ਗ਼ੈਰ-ਤਸੱਲੀਬਖ਼ਸ਼ ਦੱਸਦਿਆਂ ਇਨ੍ਹਾਂ ਪਿੰਡਾਂ ਦਾ ਫ਼ੌਜਦਾਰੀ ਪ੍ਰਬੰਧ ਲਾਡਵਾ ਦੇ ਅਧਿਕਾਰ ਹੇਠ ਦੇਣ ਦੀ ਮੰਗ ਕੀਤੀ ਤਾਂ ਕਲਾਰਕ ਵੱਲੋਂ ਸਿਫ਼ਾਿਰਸ਼ ਕੀਤੇ ਜਾਣ ਉੱੱਤੇ ਇਨ੍ਹਾਂ ਪਿੰਡਾਂ ਵਿੱਚੋਂ ਅੰਗਰੇਜ਼ੀ ਪੁਲੀਸ ਵਾਪਸ ਬੁਲਾ ਲਈ ਗਈ। ਇਹ ਸ਼ਰਤ, ਕਿ ਜੇਕਰ ਪ੍ਰਬੰਧ ਤਸੱਲੀਬਖ਼ਸ਼ ਨਾ ਹੋਇਆ ਤਾਂ ਪਹਿਲਾਂ ਵਾਲੀ ਸਥਿਤੀ ਬਹਾਲ ਕਰ ਦਿੱਤੀ ਜਾਵੇਗੀ, ਲਾ ਕੇ ਮੁਕੰਮਲ ਤੌਰ ਉੱਤੇ ਲਾਡਵਾ ਦੀ ਸਪੁਰਦਗੀ ਵਿੱਚ ਦੇ ਦਿੱਤੇ ਗਏ।
1831 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰੋਪੜ ਦੇ ਸਥਾਨ ਉੱਤੇ ਵਾਇਸਰਾਇ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕੀਤੀ। ਇਸ ਵੇਲੇ ਜਿਹੜੇ ਸਿੱਖ ਸਰਦਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਨਾਲ ਲੈ ਕੇ ਆਇਆ ਉਨ੍ਹਾਂ ਵਿੱਚ ਅਜੀਤ ਸਿੰਘ ਲਾਡਵਾ ਵੀ ਸ਼ਾਮਲ ਸੀ। ਅਜੀਤ ਸਿੰਘ ਨੇ ਥਾਨੇਸਰ ਦੇ ਨੇੜੇ ਸਰਸਵਤੀ ਨਦੀ ਉੱਤੇ ਪੁਲ ਬਣਵਾਇਆ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿਫ਼ਾਰਿਸ਼ ਕੀਤੇ ਜਾਣ ਉੱਤੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਅਜੀਤ ਸਿੰਘ ਨੂੰ ਰਾਜੇ ਦਾ ਖ਼ਿਤਾਬ ਦਿੱਤਾ। ਇਸ ਸਮੇਂ ਅਜੀਤ ਸਿੰਘ ਕੋਲ 1000 ਘੋੜਸਵਾਰ ਸਨ ਅਤੇ ਉਸ ਦਾ ਸਾਲਾਨਾ ਮਾਲੀਆ ਲਗਪਗ ਡੇਢ ਲੱਖ ਰੁਪਏ ਸੀ। ਮਿਲਖ ਵਿੱਚ ਸ਼ਾਮਲ ਪਿੰਡਾਂ ਦੀ ਗਿਣਤੀ 178 ਸੀ। ਇਲਾਕੇ ਦੇ ਖੇਤਰਫ਼ਲ ਪੱਖੋਂ ਇਹ ਰਿਆਸਤ ਭਾਵੇਂ ਬਹੁਤ ਵੱਡੀ ਨਹੀਂ ਸੀ ਪਰ ਸਤਲੁਜ ਤੋਂ ਪੂਰਬ ਵੱਲ ਦੀਆਂ ਸਿੱਖ ਰਿਆਸਤਾਂ ਵਿੱਚ ਇਸ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਸੀ।
ਅੰਗਰੇਜ਼ਾਂ ਦੀ ਰਾਜਾ ਅਜੀਤ ਸਿੰਘ ਪ੍ਰਤੀ ਬੇਭਰੋਸਗੀ
1845 ਵਿੱਚ ਜਦ ਅੰਗਰੇਜ਼ਾਂ ਨੇ ਅੰਦਰਖਾਤੇ ਲਾਹੌਰ ਦਰਬਾਰ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਤਾਂ ਉਹ ਜਾਣਦੇ ਸਨ ਕਿ ਅਜਿਹੀ ਸਥਿਤੀ ਵਿੱਚ ਰਾਜਾ ਅਜੀਤ ਸਿੰਘ ਲਾਹੌਰ ਦਰਬਾਰ ਨਾਲ ਖੜ੍ਹਾ ਹੋਵੇਗਾ। ਇਸ ਸਥਿਤੀ ਨੂੰ ਟਾਲਣ ਵਾਸਤੇ ਉਸ ਨੂੰ ਕਿਹਾ ਗਿਆ ਕਿ ਉਹ ਕੁਝ ਸਮੇਂ ਲਈ ਬਰਤਾਨਵੀ ਇਲਾਕੇ ਵਿੱਚ ਸਹਾਰਨਪੁਰ ਆ ਕੇ ਰਹੇ। ਅਜੀਤ ਸਿੰਘ ਸਹਾਰਨਪੁਰ ਆਇਆ ਤਾਂ ਉਸ ਦੀ ਨਿਗਰਾਨੀ ਰੱਖੀ ਜਾਣ ਲੱਗੀ। ਉਧਰ ਜਦ ਅੰਗਰੇਜ਼ੀ ਸੈਨਾ ਮੁੱਦਕੀ ਦੇ ਨੇੜੇ ਇਕੱਠੀ ਹੋ ਰਹੀ ਸੀ, ਰਾਜਾ ਅਜੀਤ ਸਿੰਘ ਮੌਕਾ ਪਾ ਕੇ ਸਹਾਰਨਪੁਰ ਵਿੱਚੋਂ ਨਿਕਲ ਗਿਆ। ਉਸ ਨੇ ਦਿਨ ਰਾਤ ਘੋੜੇ ਉੱਤੇ ਸਵਾਰੀ ਕਰਦਿਆਂ ਸਫ਼ਰ ਮੁਕਾਇਆ ਅਤੇ ਲੁਧਿਆਣੇ ਨੇੜੇ ਆਪਣੀ ਮਿਲਖ ਬੱਦੋਵਾਲ ਵਿੱਚ ਜਾ ਕੇ ਸਾਹ ਲਿਆ। ਉਸ ਨੇ ਆਪਣੇ ਸੈਨਿਕਾਂ ਨੂੰ ਉੱਥੇ ਬੁਲਾ ਲਿਆ ਜੋ ਆਪਣੇ ਨਾਲ ਤੋਪਾਂ ਵੀ ਲੈ ਕੇ ਆਏ। ਉਸ ਨੇ ਰਣਜੋਧ ਸਿੰਘ ਮਜੀਠਾ ਨਾਲ ਰਲ ਕੇ ਸਰ ਹੈਰੀ ਸਮਿੱਥ ਦੀ ਅਗਵਾਈ ਵਿੱਚ ਫਿਰੋਜ਼ਪੁਰ ਤੋਂ ਲੁਧਿਆਣੇ ਵੱਲ ਆ ਰਹੀ ਅੰਗਰੇਜ਼ੀ ਸੈਨਾ ਉੱਤੇ ਬੱਦੋਵਾਲ ਦੇ ਸਥਾਨ ਉੱਤੇ ਹਮਲਾ ਕੀਤਾ। ਇਸ ਲੜਾਈ ਵਿੱਚ ਅੰਗਰੇਜ਼ ਫ਼ੌਜੀ ਦਸਤੇ ਦੇ 200 ਸੈਨਿਕ ਮਾਰੇ ਗਏ।
ਲੜਾਈ ਵਿੱਚ ਸਿੱਖ ਸੈਨਾ ਦੀ ਹਾਰ ਪਿੱਛੋਂ ਅੰਗਰੇਜ਼ੀ ਫ਼ੌਜ ਨੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗਵਰਨਰ ਜਨਰਲ ਦੇ ਦਿੱਲੀ ਵਾਲੇ ਏਜੰਟ ਦੀ ਕੈਦ ਵਿੱਚ ਭੇਜ ਦਿੱਤਾ। ਏਜੰਟ ਨੂੰ ਹੁਕਮ ਦਿੱਤਾ ਗਿਆ ਕਿ ਰਾਜਾ ਅਜੀਤ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਸ ਨੂੰ ਹਾਲ ਦੀ ਘੜੀ ਅਲਾਹਾਬਾਦ ਦੇ ਕਿਲ੍ਹੇ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇ। ਉਸ ਦੀ ਜਾਇਦਾਦ ਜ਼ਬਤ ਕਰਨ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਉਂਦਿਆਂ ਅੰਗਰੇਜ਼ਾਂ ਨੇ ਲਾਡਵਾ ਦੀ ਰਿਆਸਤ, ਜਿਸ ਵਿੱਚ ਉਸ ਸਮੇਂ 117 ਪਿੰਡ ਸ਼ਾਮਲ ਸਨ, ਉੱਤੇ ਕਬਜ਼ਾ ਕਰ ਲਿਆ, ਉਸ ਦੀ ਲਾਡਵਾ ਪਿੰਡ ਵਾਲੀ ਹਵੇਲੀ ਢਾਹ ਦਿੱਤੀ ਗਈ, ਉਸ ਦੀ ਹਰਿਦੁਆਰ ਸਥਿਤ ਕੋਠੀ ਇਨਾਮ ਵਜੋਂ ਮਹਾਰਾਜਾ ਪਟਿਆਲਾ ਨੂੰ ਦੇ ਦਿੱਤੀ ਅਤੇ ਉਸ ਨੂੰ ਬੰਦੀ ਬਣਾ ਕੇ ਅਲਾਹਾਬਾਦ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ। ਇੱਕ ਰਾਤ ਰਾਜਾ ਅਜੀਤ ਸਿੰਘ ਆਪਣੇ ਉੱਤੇ ਨਿਗਰਾਨੀ ਰੱਖਣ ਵਾਲੇ ਪਹਿਰੇਦਾਰ ਨੂੰ ਕਤਲ ਕਰ ਕੇ ਕਿਲ੍ਹੇ ਵਿੱਚੋਂ ਨਿਕਲ ਗਿਆ। ਦਿਨ ਚੜ੍ਹੇ ਪਤਾ ਲੱਗਾ ਤਾਂ ਅੰਗਰੇਜ਼ ਅਧਿਕਾਰੀਆਂ ਨੇ ਉਸ ਨੂੰ ਫੜਨ ਵਾਸਤੇ ਪੂਰਾ ਤਾਣ ਲਾਇਆ ਪਰ ਸਫ਼ਲਤਾ ਨਾ ਮਿਲੀ। ਇਉਂ ਰਾਜਾ ਅਜੀਤ ਸਿੰਘ ਬੰਦੀਖਾਨੇ ਵਿੱਚੋਂ ਨਿਕਲਣ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਅੰਗਰੇਜ਼ਾਂ ਦੇ ਡਰ ਕਾਰਨ ਉਸ ਨੂੰ ਕਿਧਰੇ ਟਿਕਾਣਾ ਨਾ ਮਿਲਿਆ। ਇਸ ਤਰ੍ਹਾਂ ਇਧਰ-ਉਧਰ ਭੌਂਦਿਆਂ ਉਹ ਕਸ਼ਮੀਰ ਪਹੁੰਚ ਗਿਆ ਅਤੇ ਇੱਥੇ ਹੀ ਗੁੰਮਨਾਮੀ ਵਿੱਚ ਦਿਨ ਬਤੀਤ ਕਰਦਿਆਂ ਉਸ ਦੀ ਮੌਤ ਹੋਈ।
ਅੰਗਰੇਜ਼ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ਰਿਆਸਤ ਲਾਡਵਾ ਦੇ ਰਾਜ ਪ੍ਰਬੰਧ ਨੂੰ ਲੈ ਕੇ ਰਾਜਾ ਅਜੀਤ ਸਿੰਘ ਨੂੰ ਭੈੜਾ ਸ਼ਾਸਕ ਦੱਸਣ ਵਿੱਚ ਕਸਰ ਨਹੀਂ ਛੱਡੀ ਪਰ ਲਾਡਵਾ ਨੂੰ ਜ਼ਬਤ ਕਰਨ ਪਿੱਛੋਂ ਇੱਥੋਂ ਦਾ ਪ੍ਰਬੰਧਕ ਨਿਯੁਕਤ ਕੀਤੇ ਗਏ ਸਰ ਜਾਰਜ ਕੈਂਪਬੈੱਲ ਦੀ ਰਾਇ ਇਸ ਤੋਂ ਭਿੰਨ ਹੈ। ਉਹ ਲਿਖਦਾ ਹੈ, ‘ਲਾਡਵਾ ਦੇ ਰਾਜੇ ਨੂੰ ਕਿਸੇ ਵੀ ਤਰ੍ਹਾਂ ਆਦਰਸ਼ਕ ਰਾਜਾ ਨਹੀਂ ਕਿਹਾ ਜਾ ਸਕਦਾ ਸਗੋਂ ਸਾਡੇ ਅਫਸਰ ਉਸ ਨੂੰ ਬਹੁਤ ਭੈੜਾ ਰਾਜਾ ਦੱਸਦੇ ਹਨ। ਫਿਰ ਵੀ ਜਦ ਮੈਂ ਉਸ ਦੇ ਮਾਲੀਏ ਨਾਲ ਸੰਬੰਧਿਤ ਖਾਤੇ ਦੇਖੇ ਅਤੇ ਮਾਲੀਆ ਪ੍ਰਬੰਧ ਦਾ ਨਿਰੀਖਣ ਕੀਤਾ, ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਭ ਕੁਝ ਕਿੰਨਾ ਵਿਵਸਥਿਤ ਸੀ ਅਤੇ ਜਿਸ ਨੂੰ ਅਸੀਂ ਕੇਵਲ ਇਕਤਰਫ਼ਾ ਧੱਕਾਸ਼ਾਹੀ ਸਮਝਦੇ ਸਾਂ ਉਹ ਅਸਲ ਵਿੱਚ ਰਸਮ ਅਤੇ ਰਵਾਇਤ ਅਨੁਸਾਰ ਕਿੰਨਾ ਠੁੱਕ ਸਿਰ ਸੀ। ਇਸ ਪ੍ਰਬੰਧ ਵਿੱਚ ਰਾਜਕੀ ਅਰਥਚਾਰੇ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਸੀ। ਖੜ੍ਹੀ ਫ਼ਸਲ ਤੋਂ ਰਾਜੇ ਦੇ ਹਿੱਸੇ ਦਾ ਅੰਦਾਜ਼ਾ ਪਿੜ ਵਿੱਚੋਂ ਉਪਜ ਦੀ ਵੰਡਾਈ ਕਰਨ ਨਾਲੋਂ ਘੱਟ ਹੁੰਦਾ ਸੀ। ਭਾਵ ਜੇ ਵੰਡ ਸਮੇਂ ਪੰਜ ਵਿੱਚੋਂ ਦੋ ਹਿੱਸੇ ਲਏ ਜਾਂਦੇ ਸਨ ਤਾਂ ਅੰਦਾਜ਼ਾ ਇੱਕ ਤਿਹਾਈ ਦਾ ਹੁੰਦਾ ਸੀ। ਸਿੰਜਾਈ ਵਾਲੀ ਜ਼ਮੀਨ ਦੇ ਮਾਮਲੇ ਵਿੱਚ ਹਲ-ਵਾਹਕ ਦੀ ਮਜ਼ਦੂਰੀ ਅਤੇ ਸਿੰਜਾਈ ਦੇ ਖਰਚ ਨੂੰ ਦੇਖਦਿਆਂ ਘੱਟ ਹਿੱਸਾ, ਸ਼ਾਇਦ ਇੱਕ ਚੌਥਾਈ, ਲਿਆ ਜਾਂਦਾ ਸੀ। ਤੰਬਾਕੂ ਅਤੇ ਖਸਖਸ ਵਰਗੀਆਂ ਵੱਧ ਮਹਿੰਗੀਆਂ ਫ਼ਸਲਾਂ ਦਾ ਹਿੱਸਾ ਨਹੀਂ ਸੀ ਲਿਆ ਜਾਂਦਾ, ਨਿਸ਼ਚਿਤ ਨਗਦ ਰਾਸ਼ੀ ਲਈ ਜਾਂਦੀ ਸੀ। ਇੱਥੋਂ ਤੱਕ ਕਿ ਵਗਾਰ, ਜੋ ਸਧਾਰਨ ਤੌਰ ਉੱਤੇ ਜ਼ੁਲਮ ਮੰਨੀ ਜਾਂਦੀ ਹੈ, ਨੂੰ ਨਿਯਮਿਤ ਰੂਪ ਦਿੱਤਾ ਗਿਆ ਸੀ। ਹਰ ਪਿੰਡ ਨੂੰ ਕਿਸੇ ਖ਼ਾਸ ਮੌਸਮ ਜਾਂ ਸਾਰਾ ਸਾਲ ਬੱਝਵੀਂ ਗਿਣਤੀ ਵਿੱਚ ਕਾਮੇ ਲਾਜ਼ਮੀ ਦੇਣੇ ਕੀਤੇ ਹੋਏ ਸਨ। ਇਹ ਕਾਮੇ ਬਿਨਾਂ-ਮਜ਼ਦੂਰੀ ਕਾਮੇ ਨਹੀਂ ਸਨ ਹੁੰਦੇ, ਉਨ੍ਹਾਂ ਨੂੰ ਪਿੰਡ ਦੀ ਉਪਜ ਵਿਚੋਂ ਨਿਯਮਤ ਰਾਸ਼ੀ ਦਿੱਤੀ ਜਾਂਦੀ ਸੀ।’’
ਅੰਗਰੇਜ਼ ਅਧਿਕਾਰੀ ਸਰ ਲੈਪਿਲ ਗ੍ਰਿਫਨ ਇਸ ਸਮੇਂ ਪੰਜਾਬ ਦੇ ਸਿੱਖ ਰਾਜਿਆਂ ਵਿੱਚ ਅਜੀਤ ਸਿੰਘ ਦਾ ਛੇਵਾਂ ਸਥਾਨ ਦੱਸਦਾ ਹੈ।
ਸੰਪਰਕ: 94170-49417
