ਚਿੱਠੀਆਂ ’ਚ ਵਸਦਾ ਪਾਸ਼
ਪਾਸ਼ ਦੇ ਸਮਕਾਲੀ ਕਵੀ, ਲੇਖਕ, ਸੰਪਾਦਕ ਅਤੇ ਸਮਾਜਿਕ ਜਮਹੂਰੀ ਕਾਰਕੁਨ ਧਰਮਪਾਲ ਉਪਾਸ਼ਕ ਸਿਰਫ਼ ਜਿਸਮਾਨੀ ਤੌਰ ’ਤੇ ਹੀ ਵਿਛੜੇ ਹਨ ਪਰ ਉਹ ਹਮੇਸ਼ਾ ਆਪਣੇ ਹਰਫ਼ਾਂ ਵਿੱਚ ਜੀਵਤ ਰਹਿਣਗੇ। ਜਿਹੜੇ ਘਰ ਖ਼ੂਬਸੂਰਤ ਅਤੇ ਸਿਹਤਮੰਦ ਵਿਚਾਰਾਂ ਦੀ ਖੇਤੀ ਕਰਦੇ ਹਨ, ਉਥੇ ਖੁਸ਼ਬੂ ਅਤੇ...
ਪਾਸ਼ ਦੇ ਸਮਕਾਲੀ ਕਵੀ, ਲੇਖਕ, ਸੰਪਾਦਕ ਅਤੇ ਸਮਾਜਿਕ ਜਮਹੂਰੀ ਕਾਰਕੁਨ ਧਰਮਪਾਲ ਉਪਾਸ਼ਕ ਸਿਰਫ਼ ਜਿਸਮਾਨੀ ਤੌਰ ’ਤੇ ਹੀ ਵਿਛੜੇ ਹਨ ਪਰ ਉਹ ਹਮੇਸ਼ਾ ਆਪਣੇ ਹਰਫ਼ਾਂ ਵਿੱਚ ਜੀਵਤ ਰਹਿਣਗੇ। ਜਿਹੜੇ ਘਰ ਖ਼ੂਬਸੂਰਤ ਅਤੇ ਸਿਹਤਮੰਦ ਵਿਚਾਰਾਂ ਦੀ ਖੇਤੀ ਕਰਦੇ ਹਨ, ਉਥੇ ਖੁਸ਼ਬੂ ਅਤੇ ਬਹਾਰਾਂ ਸਦਾ ਹੀ ਸੰਘਣੇ ਜੰਗਲ ਪੈਦਾ ਕਰਦੀਆਂ ਹਨ। ਉਨ੍ਹਾਂ ਮਾਪਿਆਂ ਲਈ ਇਹ ਮਾਣਮੱਤੀ ਗੱਲ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਬੱਚੇ ਸਮਾਜ ਦੇ ਫ਼ਿਕਰਾਂ ਦੀ ਬਾਂਹ ਫੜਦੇ ਹਨ। ਉਨ੍ਹਾਂ ਬੱਚਿਆਂ ਲਈ ਉਸ ਤੋਂ ਵੀ ਵੱਧ ਮਾਣ ਵਾਲੀ ਗੱਲ ਹੁੰਦੀ ਹੈ, ਜਿਨ੍ਹਾਂ ਦੇ ਮੋਢਿਆਂ ’ਤੇ ਮਾਪੇ ਹੱਥ ਰੱਖ ਕੇ ਅਜਿਹੇ ਸਮਾਜਿਕ ਕਾਰਜਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ। ਹੋਰ ਭਾਵੇਂ ਕਿਸੇ ਚੀਜ਼ ਦੀ ਊਣਤਾਈ ਵੀ ਹੋਵੇ ਪਰ ਇਹ ਅਮੀਰੀ ਜ਼ਰੂਰ ਹੋਵੇ ਕਿ ਉਨ੍ਹਾਂ ਦਾ ਪਰਿਵਾਰ ਮਿਲ ਬੈਠ ਕੇ ਸਿਹਤਮੰਦ ਵਿਚਾਰਾਂ ਦੇ ਗੁਲਦਸਤੇ ਤਿਆਰ ਕਰੇ। ਉਨ੍ਹਾਂ ਦੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਦੀਆਂ ਪੌਣਾਂ ਵਿੱਚ ਕੋਈ ਫਿਰਕੇਦਾਰਾਨਾ, ਜਾਤ-ਪਾਤ ਦਾ ਰੰਗ ਨਹੀਂ ਚੜ੍ਹ ਸਕਦਾ ਜਿੱਥੇ ਲੋਕ ਸਾਹਿਤ ਦੇ ਬਗੀਚੇ ਖਿੜੇ ਹੋਣ। ਉਨ੍ਹਾਂ ਕੋਲ ਗਿੱਠ ਜ਼ਮੀਨ ਭਾਵੇਂ ਨਾ ਹੋਵੇ, ਭਾਵੇਂ ਉਨ੍ਹਾਂ ਕੋਲ ਚੁੱਲ੍ਹੇ-ਚੌਂਕੇ ਜੋਗੀ ਜਗ੍ਹਾ ਹੀ ਹੋਵੇ, ਉਹ ਵੀ ਖਿੜੇ ਹੋਏ ਬਾਗ਼-ਬਗੀਚੇ ਦਾ ਸਕੂਨ ਦਿੰਦੀ ਹੈ। ਕਿੰਨੇ ਕੁ ਲੋਕ ਹਨ, ਜਿਹੜੇ ਆਪਣੀਆਂ ਭਰ ਜੁਆਨ ਧੀਆਂ ਨੂੰ ਹੌਸਲਾ ਦੇ ਕੇ ਰੰਗਮੰਚ ਦੀਆਂ ਪੌੜੀਆਂ ਚਾੜ੍ਹਦੇ ਹਨ। ਪੰਜਾਬੀ ਰੰਗਮੰਚ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਦੇ ਬਾਬਲ ਧਰਮਪਾਲ ਉਪਾਸ਼ਕ ਨੇ ਆਪਣੀ ਧੀ ਨੂੰ ਉਂਗਲ ਫੜ ਕੇ ਰੰਗਮੰਚ ਦੇ ਬਾਬੇ ਗੁਰਸ਼ਰਨ ਸਿੰਘ ਦੇ ਕਲਾ ਡੇਰੇ ’ਤੇ ਚਾੜ੍ਹਿਆ।
ਰੰਗਮੰਚ ਦਾ ਬਾਬਾ ਗੁਰਸ਼ਰਨ ਕਿਹੜਾ ਅੱਗੋਂ ਘੱਟ ਸੀ, ਉਸ ਨੇ ਵੀ ਗੁਰੂ ਤੇ ਚੇਲਿਆਂ ਦਾ ਪਾਠ ਨਹੀਂ ਸੀ ਪੜ੍ਹਿਆ, ਉਸ ਨੇ ਧਰਮਪਾਲ ਉਪਾਸ਼ਕ ਦੀ ਧੀ ਨੂੰ ਰੰਗਮੰਚ ਦੀ ਧੀ ਦਾ ਰੁਤਬਾ ਦੇ ਕੇ ਸਫ਼ਰ ਵਿੱਚ ਕੋਈ ਕਸਰ ਨਹੀਂ ਛੱਡੀ। ਅੱਚਰਵਾਲ (ਲੁਧਿਆਣਾ) ਵਿੱਚ ਮੇਲਾ ਸੀ ਕੂਕਾ ਲਹਿਰ, ਗ਼ਦਰ ਲਹਿਰ, ਨਕਸਲਬਾੜੀ ਲਹਿਰ ਦੇ ਸ਼ਹੀਦਾਂ ਤੇ ਸੂਰਮਿਆਂ ਦਾ। ਇਸ ਨਗਰ ਦਾ ਨਗੀਨਾ ਸੀ ਸ਼ਹੀਦ ਸਾਥੀ ਅਮਰ ਸਿੰਘ ਅੱਚਰਵਾਲ। ਉਨ੍ਹਾਂ ਦੀ ਯਾਦ ’ਚ ਹੋ ਰਹੇ ਸਮਾਗਮ ਮੌਕੇ ਜਦੋਂ ਦਹਾਕਿਆਂ ਪਹਿਲਾਂ ਅਨੀਤਾ ਨੇ ਗੁਰਸ਼ਰਨ ਭਾਅ ਜੀ ਨਾਲ ‘ਤੰਦੂਰ’ ਨਾਟਕ ਖੇਡਿਆ ਤਾਂ ਪੰਡਾਲ ’ਚ ਵੱਡੀ ਗਿਣਤੀ ’ਚ ਜੁੜੀਆਂ ਔਰਤਾਂ ਨੂੰ ਉੱਠ ਕੇ ਜਾਣ ਸਮੇਂ ਆਪਣੇ ਹੀ ਘਰਾਂ ਦਾ ਰਾਹ ਭੁੱਲ ਗਿਆ ਸੀ। ਉਨ੍ਹਾਂ ਨੂੰ ਉਹ ਅਨੀਤਾ, ਅਨੀਤਾ ਹੀ ਨਹੀਂ ਲੱਗੀ ਸੀ, ਉਨ੍ਹਾਂ ਨੂੰ ਇਉਂ ਜਾਪਿਆ ਸੀ ਜਿਵੇਂ ਉਨ੍ਹਾਂ ਦੀਆਂ ਆਪਣੀਆਂ ਧੀਆਂ ਤੰਦੂਰ ਵਿੱਚ ਸੜਦੀਆਂ ਹੋਣ। ਪੰਡਾਲ ’ਚੋਂ ਸਮਾਗਮ ਸਮਾਪਤੀ ਮੌਕੇ ਘਰਾਂ ਨੂੰ ਜਾਂਦੀਆਂ ਔਰਤਾਂ ਗੱਲਾਂ ਕਰਦੀਆਂ ਜਾਂਦੀਆਂ ਸਨ,‘‘ਨੀ ਭੈਣੇ ਜੀਅ ਕਰਦਾ ਸੀ ਉਸ ਕੁੜੀ ਨੂੰ ਘਰ ਲੈ ਆਈਏ ਹਾਏ! ਨੀ ਉਹ ਤਾਂ ਬਾਹਲ਼ਾ ਹੀ ਰੋਂਦੀ ਸੀ।’’ ਉਹ ਕੀ ਜਾਨਣ ਕਿ ਅਦਾਕਾਰਾ ਅਨੀਤਾ ਦਰਦਗ੍ਰਸਤ ਸਮਾਜ ਦੇ ਤੰਦੂਰ ਵਿੱਚ ਕਿੰਨੀਆਂ ਖੁਸ਼ੀਆਂ ਸੁਆਹ ਕਰ ਚੁੱਕੀ ਸੀ ਅਤੇ ਉਹ ਔਰਤ ਦੀ ਵੇਦਨਾ ਨੂੰ ਕਿੰਨਾ ਸਮਝਦੀ ਹੈ। ਉਸ ਅਨੀਤਾ ਦਾ ਬਾਬਲ ਧਰਮਪਾਲ ਉਪਾਸ਼ਕ ਬੀਤੇ ਦਿਨੀਂ ਸਾਡੇ ਵਡੇਰੇ ਪਰਿਵਾਰ ਵਿੱਚੋਂ ਰੁਖ਼ਸਤ ਹੋ ਗਿਆ ਹੈ। ਰੰਗਮੰਚ ਦੇ ਵਿਹੜੇ ’ਚ ਅਨੀਤਾ ਲਈ ਬਾਬਲਾਂ ਦੀ ਭਾਵੇਂ ਕਮੀ ਨਹੀਂ ਪਰ ਹਰ ਇੱਕ ਨੇ ਧਰਮਪਾਲ ਉਪਾਸ਼ਕ ਵੀ ਤਾਂ ਨਹੀਂ ਬਣ ਜਾਣਾ। ਅਜੋਕੇ ਸਮੇਂ ਨੂੰ ਅਣਗਿਣਤ ਉਪਾਸ਼ਕ ਲੋੜੀਂਦੇ ਹਨ ਜੋ ਰੰਗਮੰਚ ਦੀ ਝੋਲੀ ਆਪਣੇ ਧੀਆਂ ਪੁੱਤਰਾਂ ਨੂੰ ਪਾਉਣ ਲਈ ਆਪਣੇ ਵੱਲੋਂ ਹਰ ਉਪਰਾਲਾ ਕਰਨ, ਅੱਗੇ ਜ਼ਿੰਦਗੀ ਦੇ ਮਾਰਗ ਦੀ ਚੋਣ ਕਰਨਾ ਜਵਾਨੀ ਦੇ ਆਪਣੇ ਹੱਥ ਹੈ। ਕਿੱਥੇ ਜ਼ੀਰਾ ਤੇ ਕਿੱਥੇ ਮੁਹਾਲੀ। ਜ਼ੀਰਾ ਤੋਂ ਮੁਹਾਲੀ ਤੱਕ ਦਾ ਸਫ਼ਰ ਧਰਮਪਾਲ ਉਪਾਸ਼ਕ ਦਾ ਸਾਹਿਤ ਅਤੇ ਕਵਿਤਾ ਦਾ ਸਫ਼ਰ ਹੈ। ਧਰਮਪਾਲ ਉਪਾਸ਼ਕ ਨੇ 1973 ਵਿੱਚ ਪੰਜਾਬ ਟਰੈਕਟਰਜ਼ ਮੁਹਾਲੀ ਵਿੱਚ ਸਰਵਿਸ ਸ਼ੁਰੂ ਕੀਤੀ। ਉਹ ਵਰਕਰਾਂ ਨਾਲ ਹੁੰਦੇ ਧੱਕੇ ਨਹੀਂ ਸੀ ਜਰ ਸਕਦਾ। ਉਸ ਨੇ ਪੰਜਾਬ ਟਰੈਕਟਰ ਵਰਕਰਜ਼ ਯੂਨੀਅਨ ਮੁਹਾਲੀ ਨਾਂ ਦੀ ਸੰਸਥਾ ਖੜ੍ਹੀ ਕੀਤੀ। ਸਮੂਹ ਕਾਮਿਆਂ ਨੇ ਉਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ। ਉਹ ਕਾਮਿਆਂ ਦੇ ਨਾਲ-ਨਾਲ ਸਾਹਿਤਕ ਖੇਤਰ ਨੂੰ ਬੇਹੱਦ ਤਰਜੀਹ ਦਿੰਦਾ ਸੀ। ਉਸ ਨੇ ਪੰਜਾਬੀ ਸਾਹਿਤ ਸਭਾ ਅਤੇ ਪ੍ਰੈੱਸ ਕਲੱਬ ਮੁਹਾਲੀ ਦੀ ਸਥਾਪਨਾ ਕੀਤੀ ਅਤੇ ਬਤੌਰ ਪ੍ਰਧਾਨ ਸੇਵਾਵਾਂ ਨਿਭਾਈਆਂ। ਇਨ੍ਹਾਂ ਸਾਹਿਤਕ ਸੱਭਿਆਚਾਰਕ ਸਫ਼ਰਾਂ ਵਿੱਚੋਂ ਹੁੰਦਿਆਂ ਹੋਇਆਂ ਉਸ ਦੀ ਪਹਿਲੀ ਕਾਵਿ ਪੁਸਤਕ ‘ਗੁੰਮਸ਼ੁਦਾ ਪੈੜਾਂ’ ਸੇਵਾਮੁਕਤੀ ਦੇ ਨਜ਼ਰਾਨੇ ਵਜੋਂ ਆਈ। ਦੂਜੀ ਕਾਵਿ ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ 20 ਜੁਲਾਈ ਨੂੰ ਜਨਮ ਦਿਨ ਮੌਕੇ ਲੋਕ ਅਰਪਣ ਕੀਤੀ ਗਈ। ਉਸ ਨੇ ਗੁਰਸ਼ਰਨ ਭਾਅ ਜੀ ਦੀ ਰਹਿਨੁਮਾਈ ’ਚ ਕੰਮ ਕਰਦੇ ‘ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ’ ਲਈ ਵੀ ਪੁਸਤਕਾਂ ਦੇ ਸੰਪਾਦਨ ਦਾ ਕੰਮ ਕੀਤਾ। ਪਾਸ਼ ਦੀ ਨਿਗਰਾਨੀ ਹੇਠ ਛਪਦੇ ਸਾਹਿਤਕ ਪੱਤਰ ‘ਸਿਆੜ’ ਦਾ ਉਹ ਸਹਿ-ਸੰਪਾਦਕ ਸੀ।
ਉਸ ਦੀ ਧੀ ਅਨੀਤਾ ਅਤੇ ਉਸ ਦਾ ਜੀਵਨ ਸਾਥੀ ਸ਼ਬਦੀਸ਼ ਰੰਗਮੰਚ ਅਤੇ ਗਾਇਨ ਦੀ ਜੁਗਲਬੰਦੀ ਦਾ ਦੂਜਾ ਨਾਂਅ ਹੈ। ਅਨੀਤਾ ਸ਼ਬਦੀਸ਼ ਜਦੋਂ ਲਿਖਿਆ-ਪੜ੍ਹਿਆ ਜਾਂਦਾ ਹੈ ਤਾਂ ਕੋਈ ਵੀ ਨਹੀਂ ਸੋਚ ਸਕਦਾ ਕਿ ਇਹ ਦੋ ਨਾਂ ਹੋ ਸਕਦੇ ਹਨ। ਕਿੰਨੀ ਖ਼ੂਬਸੂਰਤੀ ਹੈ ਧਰਮਪਾਲ ਉਪਾਸ਼ਕ ਦੇ ਪਰਿਵਾਰ ਦੀ, ਜਿਸ ਨੇ ਕਵਿਤਾ ਅਤੇ ਰੰਗਮੰਚ ਦੇ ਬਗ਼ੀਚੇ ਲਾਏ। ਪਾਸ਼ ਦੇ ਭਰਾ ਸੁਖਵਿੰਦਰ ਸੁੱਚਾ ਤਲਵੰਡੀ ਸਲੀਮ ਦੇ ਉੱਦਮ ਨਾਲ ਸਾਂਭ-ਸਾਂਭ ਰੱਖੀਆਂ ਸਾਹਿਤਕ ਵੰਨਗੀਆਂ ਵਿੱਚੋਂ ਪ੍ਰਾਪਤ ਚਿੱਠੀਆਂ ਨੂੰ ਇਕੱਠਾ ਕਰਕੇ ਪੁਸਤਕ ‘ਚਿੱਠੀਆਂ ’ਚ ਵਸਦਾ ਪਾਸ਼’ ਜਦੋਂ ਮੈਂ ਸੰਪਾਦਨ ਕੀਤੀ ਤਾਂ ਧਰਮਪਾਲ ਉਪਾਸ਼ਕ ਦੀਆਂ ਚਿੱਠੀਆਂ ਨੂੰ ਇਸ ਕਿਤਾਬ ਦਾ ਸ਼ਿੰਗਾਰ ਬਣਾਉਂਦੇ ਹੋਏ ਮਾਣ ਮਹਿਸੂਸ ਹੋਇਆ। ਜਦੋਂ ਇਹ ਖ਼ਬਰ ਧਰਮਪਾਲ ਉਪਾਸ਼ਕ ਤੱਕ ਪੁੱਜੀ ਤਾਂ ਉਸ ਦੇ ਚਿਹਰੇ ’ਤੇ ਬੀਤੇ ਇਤਿਹਾਸ ਦੀਆਂ ਕਵਿਤਾਵਾਂ ਅਤੇ ਜ਼ਿੰਦਗੀ ਦਾ ਸਰੂਰ ਹੋਰ ਵੀ ਗੂੜ੍ਹੇ ਅੱਖਰਾਂ ’ਚ ਪੜ੍ਹਿਆ ਜਾ ਸਕਦਾ ਸੀ। ਅੱਜ ਜਦੋਂ ਧਰਮਪਾਲ ਉਪਾਸ਼ਕ ਸਾਡੇ ਦਰਮਿਆਨ ਨਹੀਂ ਰਿਹਾ ਤਾਂ ‘ਚਿੱਠੀਆਂ ’ਚ ਵਸਦਾ ਪਾਸ਼’ ਪੁਸਤਕ ਵਿੱਚ ਉਸ ਦੇ ਖ਼ਤ ਜਿਊਂਦੇ ਜਾਗਦੇ ਹਨ ਅਤੇ ਸਦਾ ਰੋਸ਼ਨ ਰਹਿਣਗੇ। ਉਨ੍ਹਾਂ ਵਿੱਚੋਂ ਕੁਝ ਖ਼ਤਾਂ ਦੀ ਝਲਕ ਤੁਹਾਡੇ ਰੂਬਰੂ ਹੈ:
ਮੁਹਾਲੀ, 16.10.74
ਪਿਆਰੇ ਪਾਸ਼,
ਦੋ ਸਾਲ ਬੀਤ ਗਏ ਕੋਈ ਚਿੱਠੀ ਪੱਤਰ ਨਹੀਂ ਅਤੇ ਨਾ ਹੀ ਮਿਲ ਸਕੇ। ਦਰਅਸਲ, ਮੇਰਾ ਸਮਾਗਮਾਂ ’ਤੇ ਜਾਣਾ ਹੀ ਬੰਦ ਹੋ ਗਿਆ ਕਿਉਂਕਿ ਇੱਥੇ ਯੂਨੀਅਨ ਦੇ ਇੰਨੇ ਕੰਮ ਤੇ ਸਮੱਸਿਆਵਾਂ ਰਹਿੰਦੀਆਂ ਨੇ। ਸਿਰਫ਼ ਇੱਕ ਪਾਸੇ ਦਾ ਕਰਾਇਆ ਜੇਬ ’ਚ ਪਾ ਕੇ ਕਦੇ ਮਹੀਨੇ ਦੇ ਪਹਿਲੇ ਹਫ਼ਤੇ ਦਰਸ਼ਨ ਦਿਓ। ਚਿੱਠੀ ਦਾ ਉੱਤਰ ਜਲਦੀ ਦੇਣਾ।
ਧਰਮਪਾਲ ਉਪਾਸ਼ਕ
ਦਸਤਖ਼ਤ ਕਰਨ ਤੋਂ ਹੇਠਾਂ ਲਿਖੀਆਂ ਹਨ ਇਹ ਸਤਰਾਂ:
ਡਗਮਗ ਡੋਲੇ ਜਿਸ ਬੇੜੀ ਵਿੱਚ ਪੈਰ ਧਰਾਂ
ਦੱਸੋ ਯਾਰੋ ਦਰਿਆ ਕਿਵੇਂ ਪਾਰ ਕਰਾਂ
ਪੰਛੀ ਬਣ ਕੇ ਉੱਚਾ ਉੱਡਣਾ ਚਾਹੁੰਦਾ ਹਾਂ
ਮੈਂ ਪਿੰਜਰੇ ਦਾ ਕੈਦੀ ਬਣ ਕੇ ਕਿਉਂ ਮਰਾਂ
ਸਭ ਤਸ਼ਬੀਹਾਂ ਭਾਰੇ ਪੱਤੇ ਸਾਡੇ ਨੇ,
ਫੇਰ ਵਿਰੋਧੀ ਲੈ ਜਾਂਦੇ ਨੇ ਕਿੰਝ ਸਰਾਂ
ਜੀਹਦੇ ਹੱਥ ’ਚ ਗੋਲਕ ਆਵੇ ਕਹਿੰਦਾ ਹੈ
ਮੂਰਖ਼ ਲੋਕਾਂ ਦੇ ਫ਼ਿਕਰਾਂ ਵਿੱਚ ਕਿਉਂ ਮਰਾਂ
ਮੇਰੇ ਚਾਰ ਚੁਫ਼ੇਰੇ ਹੀ ਮਹਿਬੂਬਾ ਨੇ,
ਫਿਰ ਵੀ ਨਿੱਘੇ ਖਾਲੀ ਪਾਲੇ ਨਾਲ਼ ਠਰਾਂ
* * *
ਪਿਆਰੇ ਪਾਸ਼ ਜੀ,
ਇੱਥੇ 18.6.72 ਐਤਵਾਰ ਮੇਰੇ ਛੋਟੇ ਭਾਈ ਦੀ ਮੰਗਣੀ ਹੈ। ਹੋਰ ਵੀ ਸਾਹਿਤਕ ਮਿੱਤਰ ਪਹੁੰਚ ਰਹੇ ਹਨ। ਚੰਗਾ ਹੋਵੇ ਜੇ ਆਪ ਜ਼ਰੂਰ ਪਹੁੰਚੋ। ਸਿੱਧੇ ਜ਼ੀਰੇ ਪਹੁੰਚ ਕੇ, ਜ਼ੀਰਾ ਤੋਂ ਫਿਰੋਜ਼ਪੁਰ ਨੂੰ ਕੱਚੇ ਰੂਟ ’ਤੇ ਮਰਖਾਈ ਪਿੰਡ ਹੈ, ਉੱਥੇ ਉਤਰ ਕੇ ਸਿੱਧੇ ਪੱਕੀ ਸੜਕ ਪੈ ਕੇ ਕੱਸੋਆਣਾ ਪਹੁੰਚ ਜਾਣਾ, ਨੀਲੇਵਾਲਾ ਲਾਗੇ ਹੀ ਹੈ।
ਧਰਮਪਾਲ
* * *
ਨੀਲੇਵਾਲਾ ਡਾਕ. ਕੱਸੋਆਣਾ
ਸ੍ਰੀਮਾਨ ਜੀ,
ਅਸੀਂ ਇਥੇ ਤਲਵੰਡੀ ਭਾਈ (ਫਿਰੋਜ਼ਪੁਰ) ਸਾਹਿਤ ਸਭਾ ਸਥਾਪਿਤ ਕੀਤੀ ਹੈ ਜਿਸ ਦੇ ਪ੍ਰਧਾਨ ਜਸਵੰਤ ਕੈਲ਼ਵੀ ਐੱਮ ਏ ਹਨ। ਆਪ ਮਿਹਰਬਾਨੀ ਕਰਕੇ ਸਮਾਂ ਕੱਢ ਕੇ ਆਉਣ ਦੀ ਤਕਲੀਫ਼ ਕਰਨਾ। ਜੇ ਤੁਸੀਂ ਦਸ ਜਾਂ ਤਿੰਨ ਜੂਨ ਆਉਣਾ ਹੈ ਤਾਂ ਇਸ ਬਾਰੇ ਲਿਖਣਾ। ਤੁਹਾਡੇ ਪੱਤਰ ਦੀ ਉਡੀਕ ਵਿੱਚ,
ਧਰਮਪਾਲ ਉਪਾਸ਼ਕ
16.5.72
ਪਿਆਰੇ ਪਾਸ਼,
ਅੱਜ ਗੁਰਦੀਪ ਗਰੇਵਾਲ ਤੋਂ ਪਤਾ ਲੱਗਾ ਕਿ ਤੁਸੀਂ ਇੱਥੇ ਆਏ ਸੀ। ਕੀ ਕਾਰਨ ਹੈ ਮੈਨੂੰ ਮਿਲ ਕੇ ਨਹੀਂ ਗਏ। ਮੈਂ ਅਗਲੇ ਮਹੀਨੇ ਤੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕਰਦਾ ਹਾਂ। ਸ਼ਾਇਦ ਤੁਸੀਂ ਅਜੇ ਤੱਕ ਕਵਿਤਾਵਾਂ ਨਹੀਂ ਭੇਜੀਆਂ ਕਿਤਾਬ ਲਈ। ਚਿੱਠੀ ਦਾ ਉੱਤਰ ਸ਼ੀਘਰ ਦੇਣਾ।
ਧਰਮਪਾਲ ਉਪਾਸ਼ਕ
* * *
17.1.73
ਪਿਆਰੇ ਪਾਸ਼,
ਕਾਫੀ ਸਮੇਂ ਤੋਂ ਨਾ ਤੁਸੀਂ ਕੋਈ ਪੱਤਰ ਲਿਖਿਆ ਨਾ ਹੀ ਮੈਂ। ਪੱਤਰ ਦੀ ਉਡੀਕ ’ਚ,
ਧਰਮਪਾਲ ਉਪਾਸ਼ਕ
ਡਿਪਾਰਟਮੈਂਟ ਟੂਲਰੂਮ
ਪੰਜਾਬ ਟਰੈਕਟਰ ਲਿਮਟਿਡ ਮੁਹਾਲੀ
* * *
6.8.73
ਮੋਇਆਂ ਦੇ ਖ਼ਤ
ਮੋਇਆਂ ਦੀ ਜਾਗ ਵਰਗੀਆਂ ਕਿਤਾਬਾਂ ਵਿਸ਼ਵ ਸਾਹਿਤ ਦਾ ਰੁਤਬਾ ਹਾਸਲ ਕਰ ਗਈਆਂ। ਕਾਗਜ਼ ਦੀ ਹਿੱਕੜੀ ’ਤੇ ਉੱਤਰੇ ਹਰਫ਼ ਜ਼ਿੰਦਗੀ ਦੇ ਸਫ਼ਰ ਦੇ ਮੀਲ ਪੱਥਰ ਹੋ ਨਿਬੜਦੇ ਹਨ। ਪਾਸ਼ ਨੂੰ ਇਹ ਹਰਫ਼ ਚੁੰਮ-ਚੁੰਮ ਰੱਖਣ ਦੀ ਜਾਚ ਸੀ। ਇਨ੍ਹਾਂ ਦੁਰਲੱਭ ਯਾਦਗਾਰੀ ਹਰਫ਼ਾਂ ਨਾਲ਼ ਅਸੀਂ ਧਰਮਪਾਲ ਉਪਾਸ਼ਕ ਨੂੰ ਸਿਜਦਾ ਕਰਦੇ ਹਾਂ।
ਸੰਪਰਕ: 98778-68710

