ਏਸ਼ੀਆ ਦਾ ਚਾਨਣ

ਏਸ਼ੀਆ ਦਾ ਚਾਨਣ

ਐਡਵਿਨ ਆਰਨਲਡ ਦੀ ਲਿਖੀ ਪ੍ਰਸਿੱਧ ਕਿਤਾਬ ‘Light Of Asia’ ਦਾ ਅਨੁਵਾਦ ਮੋਹਨ ਸਿੰਘ ਨੇ ‘ਏਸ਼ੀਆ ਦਾ ਚਾਨਣ’ ਨਾਂ ਹੇਠ ਕੀਤਾ। ਇਸ ਕਾਰਜ ਨੂੰ ਮੁਕੰਮਲ ਕਰਨ ਵਿਚ ਮੋਹਨ ਸਿੰਘ ਨੂੰ ਅੱਠ ਸਾਲ ਲੱਗੇ। ਇਹ ਪੰਜਾਬੀ ਵਿਚ ਕਾਵਿ-ਅਨੁਵਾਦ ਦੀ ਸਰਵੋਤਮ ਕ੍ਰਿਤ ਹੈ ਜੋ ਅਨੁਵਾਦ ਦੀ ਥਾਂ ਮੌਲਿਕ ਕ੍ਰਿਤ ਭਾਸਦੀ ਹੈ। ਪੰਜਾਬ ਡਿਜੀਟਲ ਲਾਇਬਰੇਰੀ ਦੇ ਦਵਿੰਦਰ ਪਾਲ ਸਿੰਘ ਦੇ ਸਹਿਯੋਗ ਨਾਲ ਇਸ ਰਚਨਾ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ:

ਪਹਿਲੀ ਵਾਰ ਦੁੱਖ ਦੇਖਿਆ

ਨਾਲ ਅਜੇਹੇ ਦ੍ਰਿਸ਼ਾਂ ਦੇ ਪੁਰ ਸੀ ਸਾਰੀ ਵਾਟ,

ਖੁਸ਼ੀ ਅਤੇ ਉਤਸ਼ਾਹ ਦੀ ਰਤਾ ਨਹੀਂ ਸੀ ਘਾਟ।

ਪਰ ਕੁਝ ਅੱਗੇ ਚੱਲ ਕੇ ਬੁੱਢਾ ਇਕ ਨਢਾਲ,

ਲੜਖੜ ਕਰਦਾ ਕੰਬਦਾ ਆ ਗਿਆ ਸੜਕ ਵਿਚਾਲ।

ਧੁੱਪ ਝਲੂਸੀ ਚਮੜੀ ਹੋਈ ਵੱਟੋ ਵੱਟ,

ਡੰਗਰ ਦੀ ਖਲ ਵਾਂਗਰਾਂ ਵੱਟ, ਦੁਵੱਟ, ਤਿਵੱਟ।

ਲਿਫਿਆ ਲਕ ਜ਼ਮੀਨ ਤਕ ਉਮਰ-ਭਾਰ ਦੇ ਨਾਲ

ਅੱਖਾਂ ਹੇਠ ਪੁਰਾਣਿਆਂ ਹੰਝੂਆਂ ਦਾ ਜ਼ੰਗਾਲ।

ਤਕ ਕੇ ਇਤਨੀਆਂ ਖ਼ਲਕਤਾਂ ਭਰੀਆਂ ਖੁਸ਼ੀਆਂ ਨਾਲ,

ਬੋੜੇ ਜਬੜੇ ਓਸ ਦੇ ਵੱਜਣ ਜਿਉਂ ਖੜਤਾਲ।

ਘਸੀ ਡੰਗੋਰੀ ਕੰਬਦੀ ਸੀਗੀ ਉਸ ਦੇ ਹੱਥ,

ਲੱਕੜ ਵਾਂਗੂੰ ਸੀਗਾ ਜੋ ਸੁਕਿਆ ਤੇ ਬੇਰੱਤ।

ਸੀਨੇ ਤੇ ਹੱਥ ਰੱਖ ਉਸ ਵਾਜ਼ ਕਢੀ ਕਮਜ਼ੋਰ,

‘‘ਦਿਉ ਦਿਉ ਕੁਝ ਪ੍ਰਾਨੀਓ, ਦੋ ਦਿਨ ਹਾਂ ਮੈਂ ਹੋਰ।’’

ਪਰ ਛੇਤੀ ਹੀ ਖੰਘ ਨੇ ਘੁਟਿਆ ਉਸ ਦਾ ਬੋਲ,

ਅੱਡ ਲਈ ਫਿਰ ਓਸ ਨੇ ਕੰਬਦੀ ਅਪਣੀ ਝੋਲ।

ਕਿਹਾ ਖ਼ਲਕ ਨੇ ਓਸ ਨੂੰ ਧੱਕੇ ਧੱਫੇ ਮਾਰ,

‘‘ਮਰ ਇਕ ਪਾਸੇ ਬੁਢੜਿਆ, ਤਕੇਂ ਨਾ ਰਾਜਕੁਮਾਰ?’’

ਪਰ ਸਿਧਾਰਥ ਬੋਲਿਆ ਦਿਲ ’ਚੋਂ ਕੱਢ ਪੁਕਾਰ,

‘‘ਰਹਿਣ ਦਿਉ, ਕਿਉਂ ਏਸ ਦਾ ਕਰੋ ਨਹੀਂ ਸਤਿਕਾਰ?

ਚੰਨਾ, ਇਹ ਕੀ ਚੀਜ਼ ਹੈ, ਦਿਸੇ ਆਦਮੀ ਹਾਰ,

ਪਰ ਕੇਵਲ ਹੈ ਦਿਸਦੀ, ਕਿਉਂਕਿ ਇਕ ਵੀ ਵਾਰ,

ਨਹੀਂ ਤਕਿਆ ਕੋਈ ਆਦਮੀ ਮੈਂ ਇਤਨਾ ਬੁਰਹਾਲ

ਸੋਗੀ, ਕੁੱਬਾ, ਬੁੱਢੜਾ, ਭਿਆਨਕ ਅਤੇ ਨਢਾਲ।

ਕੀ ਏਹੋ ਜਹੇ ਆਦਮੀ ਜੰਮਦੇ ਵਿਚ ਸੰਸਾਰ?

ਕੀ ਦੁਖ ਲੱਗਾ ਏਸਨੂੰ ਹਡੀਆਂ ਨਿਕਲੀਆਂ ਬਾਹਰ?’’

ਤਦ ਕਿਹਾ ਰਥਵਾਨ ਨੇ, ‘‘ਮਿੱਠੇ ਰਾਜਕੁਮਾਰ,

ਇਹ ਇਕ ਬੁੱਢਾ ਆਦਮੀ ਚੁਕਿਆ ਉਮਰ ਗੁਜ਼ਾਰ।

ਸਿੱਧਾ ਸੀ ਲੱਕ ਏਸ ਦਾ ਅਜ ਤੋਂ ਅੱਸੀ ਸਾਲ,

ਰੋਸ਼ਨ ਅੱਖ, ਅਰੋਗ ਦੇਹ, ਘੋੜੇ ਵਰਗੀ ਚਾਲ।

ਹੁਣ ਵਰ੍ਹਿਆਂ ਦੇ ਚੋਰ ਨੇ ਚੂਸੀ ਇਸ ਦੀ ਰੱਤ,

ਅਕਲ ਹੋਸ਼ ਤੇ ਤ੍ਰਾਣ ਨੂੰ ਖੋਹ ਕੀਤਾ ਬੇਸੱਤ।

ਮੁੱਕ ਗਿਆ ਇਸ ਦੀਵਿਉਂ ਜੀਵਨ ਦਾ ਕੁਲ ਤੇਲ,

ਕਾਲੀ ਬੱਤੀ ਸੜ ਰਹੀ, ਦੋ ਘੜੀਆਂ ਦਾ ਖੇਲ।

ਹਰ ਪ੍ਰਾਣੀ ਹਰ ਉਮਰ ਦਾ ਹੁੰਦਾ ਇਹੋ ਅਖ਼ੀਰ,

ਪਰ ਕਿਉਂ ਰਾਜਕੁਮਾਰ ਜੀ, ਤੁਸੀਂ ਹੋਏ ਦਿਲਗੀਰ?’’

ਤਦ ਕੰਵਰ ਨੇ ਪੁੱਛਿਆ, ‘‘ਕੀ ਸਭਨਾਂ ਦੇ ਨਾਲ

ਏਸ ਤਰ੍ਹਾਂ ਹੀ ਵਾਪਰੇ, ਯਾ ਇਸ ਦਾ ਇਹ ਹਾਲ?’’

‘‘ਸ਼ਾਹ ਵੀ’’, ਚੰਨੇ ਆਖਿਆ, ‘‘ਏਦਾਂ ਹੀ ਹੋ ਜਾਣ,

ਇਸ ਬੁੱਢੇ ਦੀ ਉਮਰ ਨੂੰ ਜੇਕਰ ਉਹ ਭੁਗਤਾਣ।’’

‘‘ਮੈਂ ਵੀ ਅਤੇ ਯਸ਼ੋਧਰਾ ਇਉਂ ਹੈ ਦੇਣੀ ਜਾਨ?

ਨਾਲੇ ਗੰਗਾ, ਗੋਤਮੀ?’’ ਹੋਇਆ ਕੰਵਰ ਹੈਰਾਨ।

ਉਤਰ ਦਿਤਾ ਰਥਵਾਨ ਨੇ ‘‘ਹਾਂ ਵੱਡੀ ਸਰਕਾਰ,

ਏਦਾਂ ਹੀ ਹੈ ਚਲ ਰਿਹਾ ਜਗ ਇਹ ਚੱਲਣਹਾਰ।’’

‘‘ਮੋੜ ਲਿਚੱਲੋ ਰੱਥ ਤਦ,’’ ਬੋਲਿਆ ਕੰਵਰ ਉਦਾਸ,

‘‘ਦੇਖ ਲਿਆ ਮੈਂ ਅਜ ਉਹ ਜਿਸਦੀ ਨਹੀਂ ਸੀ ਆਸ।’’

ਇਸ ਉਤੇ ਵੀਚਾਰਦਾ ਮੁੜਿਆ ਰਾਜ ਕੁਮਾਰ,

ਸ਼ੋਕਮਈ ਮੂੰਹ ਓਸਦਾ, ਦਿਲ ਤੇ ਗ਼ਮ ਦਾ ਭਾਰ।

ਰਸਨੀਂ ਲਾਏ ਓਸ ਨਾ ਮਠੀਆਂ, ਮੇਵੇ, ਫੱਲ,

ਨਾ ਮੂੰਹ ਲਾਇਆ ਓਸ ਨੇ ਤ੍ਰੇਲੋਂ ਨਿਰਮਲ ਜੱਲ।

ਨਾ ਤਕੀਆਂ ਉਸ ਨਾਚੀਆਂ ਅੱਖ ਉਤਾਂਹ ਵਲ ਚੱਕ

ਭਾਵੇਂ ਨਚ ਨਚ ਟੁੱਟ ਗਏ, ਸੁਹਲ ਉਨ੍ਹਾਂ ਦੇ ਲੱਕ।

ਦੇਖ ਉਦਾਸੀ ਕੰਵਰ ਦੀ, ਹੋ ਕੇ ਅਤ ਗ਼ਮਗੀਨ,

ਪੈਰਾਂ ਵਿੱਚ ਯਸ਼ੋਧਰਾਂ ਰੱਖੇ ਨੈਣ ਹਸੀਨ।

ਬੋਲੀ ਹਉਕਾ ਮਾਰ ਕੇ, ‘‘ਹੇ ਮੇਰੇ ਭਗਵਾਨ,

ਕੀ ਸੁਖਦਾਈ ਤੁਸਾਂ ਨੂੰ ਕਰੇ ਨਾ ਮੇਰੀ ਜਾਨ?’’

‘‘ਹੇ ਮਿੱਠੀਏ’’, ਉਸ ਆਖਿਆ ‘‘ਤੈਂ ਵਿਚ ਬੇਹਦ ਸੁੱਖ,

ਐਪਰ ਇਹ ਗੱਲ ਸੋਚ ਕੇ ਲੱਗਾ ਮੈਨੂੰ ਦੁਖ,

ਕਿ ਆਖ਼ਰ ਇਸ ਸੁੱਖ ਨੇ ਜਾਣਾ ਮੁਕ ਜ਼ਰੂਰ,

ਅੰਤ ਬੁਢਾਪਾ ਦੋਹਾਂ ਨੂੰ ਕਰਸੀ ਚਿਕਨਾ ਚੂਰ,

ਨਾਲੇ ਹੁਸਨ, ਪਿਆਰ ਬਿਨ, ਕੁੱਬਾ ਤੇ ਕਮਜ਼ੋਰ,

ਜਿੱਦਾਂ ਜੋਕਾਂ ਕਾਲੀਆਂ ਸੁੱਟਣ ਰੱਤ ਨਚੋੜ।

ਭਾਵੇਂ ਹੁਸਨ ਪਿਆਰ ਨੂੰ ਰਖੀਏ ਲੱਖ ਲੁਕਾ,

ਚੋਰ ਚਤਰ ਪਰ ਸਮੇਂ ਦਾ ਲਾ ਜਾਏ ਆਪਣਾ ਦਾੱ।

ਉਸ ਚੋਟੀ ਤੋਂ ਜਿਸ ਤਰ੍ਹਾਂ ਕਿਰਨਾਂ ਰਤੀਆਂ ਲਾਲ,

ਰਾਤ ਚੁਰਾ ਕੇ ਮਲਕੜੇ ਲੈ ਜਾਏ ਅਪਣੇ ਨਾਲ,

ਏਦਾਂ ਤੇਰਾ ਹੁਸਨ ਵੀ, ਏਦਾਂ ਮੇਰੀ ਚਾਹ,

ਅੰਤ ਸਮੇਂ ਦੇ ਠੱਗ ਨੇ ਖੜਨੀ ਏਂ ਹਥਿਆ।

ਏਸ ਹਨੇਰੇ ਵਿਚ ਹੀ ਡੋਲਣ ਮੇਰੇ ਵਿਚਾਰ,

ਕਿਵੇਂ ਹੁਸਨ ਦੀ ਮਧੁਰਤਾ ਸੱਕਾਂ ਮੈਂ ਖਲਿਹਾਰ।’’

ਏਦਾਂ ਸਾਰੀ ਰਾਤ ਹੀ ਲੱਗੀ ਨਾ ਉਹਦੀ ਅੱਖ,

ਨੀਂਦਰ ਭੁਖ ਅਰਾਮ ਦੀ ਸਾਰ ਨਾ ਉਹਨੂੰ ਕੱਖ।

ਡਰਾਉਣੇ ਖ਼ਾਬ

ਉੱਧਰ ਸਾਰੀ ਰੈਨ,

ਤਕ ਤਕ ਖ਼ਾਬ ਡਰਾਉਣੇ ਪਿਤਾ ਰਹੇ ਬੇਚੈਨ।

ਪਹਿਲਾ ਖ਼ਾਬ ਡਰਾਉਣਾ ਝੰਡਾ ਇਕ ਵਿਸ਼ਾਲ,

ਚੌੜਾ, ਉੱਚਾ, ਚਮਕਣਾ, ਸੂਰਜ ਵਰਗੀ ਝਾਲ।

ਪਰ ਇਕ ਝੱਖੜ ਆ ਗਿਆ, ਪੂਜਯ ਓਸਦਾ ਚੀਰ

ਧੂਹ ਭੁੰਜੇ ਜਿਸ ਸੁਟਿਆ ਕਰਕੇ ਲੀਰੋ ਲੀਰ।

ਫਿਰ ਆਏ ਕੁਝ ਆਦਮੀ ਪਰਛਾਵੇਂ ਦੇ ਹਾਰ

ਸਾਂਭ ਲੀਰਾਂ ਜੋ ਲੈ ਗਏ ਸ਼ਹਿਰ-ਫਾਟਕੋਂ ਬਾਹਰ।

ਦੂਜਾ ਖ਼ਾਬ ਡਰਾਉਣਾ ਹਾਥੀ ਵੱਡੇ ਦੱਸ,

ਜਿੱਥੇ ਰਖਦੇ ਪੈਰ ਉਹ ਧਰਤੀ ਜਾਂਦੀ ਧੱਸ।

ਦੰਦ ਉਨ੍ਹਾਂ ਦੇ ਲਿਸ਼ਕਦੇ ਚੰਦਰਮਾ ਦੇ ਵੱਤ

ਉੱਤਰ ਵਲ ਸਨ ਜਾ ਰਹੇ ਝੂਮ ਝੁਮਾ ਉਹ ਅੱਤ।

ਅਗਲੇ ਹਾਥੀ ਉਪਰ ਸੀ ਪੁਤ ਰਾਜੇ ਦਾ ਸਵਾਰ,

ਬਾਕੀ ਸਨ ਸਭ ਤੁਰ ਰਹੇ ਪਿੱਛੇ ਬੰਨ੍ਹ ਕਤਾਰ।

ਤੀਜਾ ਖ਼ਾਬ ਡਰਾਉਣਾ ਰੱਥ ਇਕ ਮੀਣਾਕਾਰ,

ਸੂਰਜ ਵਾਂਗ ਦੱਗਦਾ, ਅੱਗੇ ਘੋੜੇ ਚਾਰ।

ਨਾਸਾਂ ਚੋਂ ਜੋ ਕੱਢਦੇ ਚਿੱਟਾ ਚਿੱਟਾ ਧੂੰ,

ਅੱਗ-ਰੰਗੀ ਝੱਗ ਚਮਕਦੀ ਨਿਕਲ ਉਨ੍ਹਾਂ ਦੇ ਮੂੰਹ।

ਏਸ ਜੜਾਉੂ ਰੱਥ ਵਿਚ ਸਭ ਤੋਂ ਅੱਗੇ ਵਾਰ,

ਭਰੇ ਤੇਜ ਸੀ ਚਮਕਦਾ ਸੋਹਣਾ ਰਾਜ ਕੁਮਾਰ।

ਚੌਥਾ ਖ਼ਾਬ ਡਰਾਉਣਾ ਚੱਕਰ ਇਕ ਵਿਸ਼ਾਲ,

ਜੜਿਆ ਹੀਰੇ ਮੋਤੀਆਂ ਲਾਲ ਜ਼ਮੁਰਦਾਂ ਨਾਲ,

ਸੋਨੇ ਦੇ ਇਕ ਧੁਰੇ ਤੇ ਘੁੰਮਦਾ ਪਾ ਘਨਘੋਰ,

ਰਾਗ ਅਗਨੀ ਦੇ ਦ੍ਰਿਸ਼ ਬਿਨਾ ਦਿਸਦਾ ਕੁਝ ਨਾ ਹੋਰ।

ਪੰਜਵਾਂ ਖ਼ਾਬ ਡਰਾਉਣਾ ਸੀ ਇਕ ਢੇਲ ਮਹਾਨ,

ਨਗਰ ਪਹਾੜਾਂ ਵਿਚ ਜੋ ਟਿਕਿਆ ਵਾਂਗ ਚਟਾਨ।

ਕੁੱਟ ਰਿਹਾ ਸੀ ਓਸਨੂੰ ਲੋਹੇ ਨਾਲ ਕੁਮਾਰ,

ਬਦਲਾਂ ਦੀ ਘਨਘੋਰ ਜਿਉਂ ਉਠਦੀ ਸੀ ਗੁੰਜਾਰ।

ਛੇਵਾਂ ਖ਼ਾਬ ਡਰਾਉਣਾ ਉੱਚਾ ਇਕ ਮੀਨਾਰ,

ਬੁਰਜੀ ਜਿਸਦੀ ਗੁੰਮ ਸੀ ਬਦਲਾਂ ਦੇ ਵਿਚਕਾਰ।

ਉਪਰ ਬੈਠਾ ਓਸ ਦੇ ਸੋਹਣਾ ਰਾਜ ਕੁਮਾਰ,

ਚਾਰ ਚੁਫੇਰੇ ਆਪਣੇ ਮੋਤੀ ਰਿਹਾ ਖਿਲਾਰ।

ਜਾਣੋਂ ਮੀਂਹ ਵਿਚ ਵਰ੍ਹ ਰਹੇ ਹੀਰੇ ਪੰਨੇ ਲਾਲ,

ਬੋਚਣ ਖਾਤਰ ਜਿਨ੍ਹਾਂ ਨੂੰ ਦੁਨੀਆਂ ਸਭ ਬੇਹਾਲ।

ਐਪਰ ਸੁਫ਼ਨਾ ਸੱਤਵਾਂ, ਰੋਵਣ ਦਾ ਸੀ ਸ਼ੋਰ,

ਕੀ ਦੇਖੇ ਛੇ ਆਦਮੀ ਪਿਟਦੇ ਜ਼ੋਰੋ ਜ਼ੋਰ,

ਰੋਂਦੇ ਤੇ ਕੁਰਲਾਉਂਦੇ ਜਾ ਰਹੇ ਹਾਲ ਬੇਹਾਲ,

ਲਥੇ ਚਿਹਰੇ ਉਨ੍ਹਾਂ ਦੇ, ਸਹਿਮੀ ਹੋਈ ਚਾਲ।

ਸੁਫ਼ਨੇ ਸੱਤ ਡਰਾਉਣੇ ਏਦਾਂ ਹੋਏ ਅਖ਼ੀਰ

ਪਰ ਅਤ ਚਾਤਰ ਪੁਰਸ਼ ਵੀ ਕਰ ਨਾ ਸਕੇ ਤਾਬੀਰ।

ਅੱਤ ਦੁਖਿਆਰਾ ਹੋਏ ਕੇ ਰਾਜਾ ਕਹਿੰਦਾ, ‘‘ਹੈਹ!

ਲੱਥਾ ਮੇਰੇ ਘਰ ਉਤੇ ਡਾਢਾ ਕੋਈ ਗ੍ਰਹਿ।

ਕੀ ਨਾ ਸੱਕੋ ਕਰ ਤੁਸੀਂ ਮੇਰਾ ਹਲ ਸਵਾਲ?

ਕੀ ਹੈ ਇਨ੍ਹਾਂ ਚਿਨ੍ਹਾਂ ਤੋਂ ਦੇਵਤਿਆਂ ਦਾ ਖ਼ਿਆਲ?’’

ਛਾਈ ਸਾਰੇ ਸ਼ਹਿਰ ਤੇ ਸੋਗਵਾਨ ਇਕ ਮੁੱਝ,

ਕਿਉਂਕਿ ਖ਼ਾਬ ਡਰਾਉਣੇ ਸਕਿਆ ਕੋਈ ਨਾ ਬੁੱਝ।

ਪਰ ਇਕ ਬੁੱਢਾ ਆਦਮੀ ਲੱਕ ਪਹਿਨੀ ਮ੍ਰਿਗ ਛਾਲ

ਆ ਕੇ ਰਾਜ-ਦਵਾਰ ਤੇ ਬੋਲਿਆ ਏਦਾਂ ਨਾਲ,

‘‘ਲੈ ਚੱਲੋ ਹੇ ਸੋਹਣਿਓਂ, ਮੈਨੂੰ ਰਾਜੇ ਪਾਸ,

ਬੁੱਝ ਕੇ ਸੁਫ਼ਨੇ ਓਸਦੇ ਦੇਵਾਂਗਾ ਧਰਵਾਸ।’’

ਸੁਣ ਕੇ ਅੱਧੀ ਰਾਤ ਦੇ ਖ਼ਾਬ ਭਿਆਨਕ ਸੱਤ,

ਕਰ ਪ੍ਰਣਾਮ ਉਹ ਬੋਲਿਆ ‘ਹੇ ਪਰਜਾ ਦੀ ਪੱਤ,

ਭਾਗ ਭਰੇ ਇਸ ਗ੍ਰਹਿ ਤੇ ਤੁਠਿਆ ਆਪ ਦਿਆਲ,

ਸੂਰਜ ਤੋਂ ਵਧ ਲਿਸ਼ਕਣੀ ਜੱਗਣੀ ਜਿਥੇ ਮਸ਼ਾਲ।

ਸੱਤੇ ਖ਼ਾਬ ਡਰਾਉਣੇ ਖੁਸ਼ੀਆਂ ਹਨ ਇਹ ਸੱਤ,

ਹਫ਼ਤੇ ਅੰਦਰ ਵਰਤਸਣ, ਦਸ ਦਿਨਾਂ ਵਿਚ ਅੱਤ।

ਪਹਿਲਾਂ ਜੋ ਤੂੰ ਦੇਖਿਆ ਝੰਡਾ ਅੱਤ ਵਿਸ਼ਾਲ,

ਇੰਦਰ ਦੇ ਚਿੰਨ੍ਹ ਵਾਲੜਾ ਢਹਿੰਦਾ ਧਰਤ ਚੁਫਾਲ।

ਫੇਰ ਚੁਕੀਂਦਾ ਧਰਤ ਤੋਂ ਲਗਦਾ ਨਾਲ ‘ਸਮਾਨ,

ਅੰਤ ਪੁਰਾਣੇ ਮਤਾਂ ਦਾ ਮੁੱਢ ਨਵੇਂ ਦਾ ਜਾਣ।

ਕਿਉਂਕਿ ਚਾਹਣ ਨਵੀਨਤਾ ਦੇਵ ਵੀ ਬੰਦਿਆਂ ਹਾਰ,

ਓੜਕ ਲੰਘਣ ਕਲਪ ਵੀ ਲੰਘਣ ਜਿਵੇਂ ਦਿਹਾਰ।

ਧਰਤੀ ਸਨ ਕੰਬਾਉਂਦੇ ਹਾਥੀ ਜਿਹੜੇ ਦੱਸ,

ਦਸ ਦਾਤਾਂ ਬੁੱਧੀ ਦੀਆਂ ਸੀਗੇ ਰਹੇ ਉਹ ਦੱਸ।

ਹੋ ਜਿਨ੍ਹਾਂ ਦੇ ਆਸਰੇ ਕੰਵਰ ਤਿਆਗੇ ਰਾਜ,

ਸਤਿ ਫੈਲਾ ਕੇ ਜਗ ਤੇ ਰੱਖੇ ਸਤਿ ਦੀ ਲਾਜ।

ਅੱਗ ਉੱਗਲਛਣ ਵਾਲੜੇ ਘੋੜੇ ਰਥ ਦੇ ਚਾਰ,

ਹਨ ਉਹ ਨਿਰਭੈ ਨੇਕੀਆਂ ਜਿਹੜੀਆਂ ਰਾਜਕੁਮਾਰ,

ਸ਼ੋਕ ਸ਼ੂਨ ਦੇ ਘੇਰਿਓਂ ਕੱਢ ਕੇ ਬਾਹਰ ਵਾਰ,

ਖਿੜੇ ਤੇ ਵਿਗਸੇ ਤੇਜ ਵਿਚ ਦੇਣਗੀਆਂ ਖਲ੍ਹਿਹਾਰ।

ਘੁੰਮਦਾ ਚੱਕਰ ਸੀਗ ਜੋ ਸੋਨੇ ਦੀ ਲਠ ਚੂਲ,

ਸੱਚੇ ਪੂਰਨ ਨਿਯਮ ਦਾ ਚੱਕਰ ਉਨੂੰ ਕਬੂਲ।

ਜਿਸ ਨੂੰ ਤੇਰੇ ਪੁੱਤ ਨੇ ਉਂਗਲੀ ਉਤੇ ਚਾੜ੍ਹ,

ਪੂਰੇ ਵੇਗ ਘੁਕਾਉਣਾ ਦੁਨੀਆਂ ਦੇ ਵਿਚਕਾਰ।

ਤੇ ਉਹ ਗੂੰਜਣ ਵਾਲਾ ਵੱਡਾ ਢੋਲ ਮਹਾਨ,

ਗੂੰਜਰ ਸੀਗੀ ਨਾਮ ਦੀ ਫੈਲੀ ਵਿਚ ਜਹਾਨ।

ਅਤੇ ਮੁਨਾਰਾ ਉੱਚੜਾ ਛੂੰਹਦਾ ਜੋ ਅਸਮਾਨ,

ਇਹ ਬੁੱਧ ਦੇ ਉਪਦੇਸ਼ ਦੀ ਚੜ੍ਹਦੀ ਕਲਾ ਪਛਾਣ।

ਉਤੋਂ ਡਿਗਦੀਆਂ ਚੁੰਨੀਆਂ ਹੈ ਉਹ ਚੰਗਾ ਨੇਮ,

ਦੇਵਾਂ ਅਤੇ ਮਨੁੱਖ ਦਾ ਜਿਸ ਦੇ ਨਾਲ ਪ੍ਰੇਮ।

ਪਰ ਜਿਹੜੇ ਛੇ ਆਦਮੀ ਕਰਦੇ ਜਾਣ ਪੁਕਾਰ,

ਹਨ ਛੇ ਵੱਡੇ ਗੁਰੂ ਉਹ ਭਰੇ ਨਾਲ ਹੰਕਾਰ,

ਜਿਨ੍ਹਾਂ ਅੱਗੇ ਚਮਕਮੀ ਅਪਣੀ ਬਾਣੀ ਬੋਲ,

ਮੂਰਖਤਾ ਸਭ ਉਨ੍ਹਾਂ ਦੀ ਕੰਵਰ ਦਸੇਗਾ ਖੋਹਲ।

ਹੋ ਰਾਜਨ, ਪ੍ਰਸੰਨ ਹੋ, ਸਾਡਾ ਕੰਵਰ ਸੁਜਾਨ,

ਸਲਤਨਤਾਂ ਤੋਂ ਰਚਸੀ ਉੱਚਾ ਕਿਤੇ ਜਹਾਨ।

ਸੱਤੇ ਤੇਰੇ ਸੁਫਨੇ ਸੱਤ ਦਿਨਾਂ ਵਿਚਕਾਰ,

ਸਭ ਪੂਰੇ ਹੋ ਜਾਣਗੇ, ਗੱਲ ਮੇਰੀ ਪਕਿਆਰ।’’

ਇਉਂ ਉਹ ਬੁੱਢਾ ਆਦਮੀ ਛੂ ਧਰਤੀ ਤਿੰਨ ਵਾਰ,

ਅੱਠ ਪ੍ਰਣਾਮਾਂ ਸਾਧ ਕੇ, ਪਰਤ ਨਿਕਲਿਆ ਬਾਹਰ।

ਤਦ ਰਾਜੇ ਫਰਮਾਇਆ, ‘‘ਭੇਟਾ ਕੋਈ ਅਛੋਹ,

ਚੰਗੇ ਏਸ ਮਨੁੱਖ ਦੇ ਚਰਨੀਂ ਦੇਵੋ ਢੋ।’’

ਆਣ ਕਿਹਾ ਪਰ ਸੇਵਕਾਂ, ‘‘ਮੰਦਰ ਦੇ ਵਿਚਕਾਰ,

ਤਕਿਆ ਉਹਨੂੰ ਵੜਦਿਆਂ, ਐਪਰ ਅੰਦਰ ਵਾਰ,

ਇਕ ਖ਼ਾਕੀ ਉੱਲੂ ਬਿਨਾਂ ਲਭਿਆ ਕੁਝ ਨਾ ਹੋਰ,

ਪਲੋ ਪਲੀ ਜੋ ਉਡ ਗਿਆ ਖੋਲ੍ਹ ਅਪਣੀ ਖੰਭਰੋੜ।’’

ਨਵਾਂ ਹੁਕਮ

ਏਸ ਤਰ੍ਹਾਂ ਵੀ ਦੇਵਤੇ ਆਉਂਦੇ ਕਦੀ ਕਦਾਣ,

ਪਰ ਰਾਜੇ ਨੂੰ ਲਗਿਆ ਗ਼ਮ ਗੁੱਝਾ ਕੋਈ ਖਾਣ।

ਨਵਾਂ ਚੜ੍ਹਾਇਆ ਹੁਕਮ ਉਸ, ਨਵੀਆਂ ਖੁਸ਼ੀਆਂ ਨਾਲ,

ਬੁਣੋ ਉਦਾਲੇ ਕੰਵਰ ਦੇ ਤ੍ਰੀਆ-ਰੂਪ ਦਾ ਜਾਲ,

ਨਵੀਆਂ ਨੱਚਣ ਵਾਲੀਆਂ, ਸਖੀਆਂ ਚੰਦ ਸਮਾਨ,

ਸੁਹਣੇ ਰਾਜ ਕੁਮਾਰ ਦਾ ਮੂਝਿਆ ਦਿਲ ਪਰਚਾਣ।

ਨਾਲੇ ਸਾਰੇ ਫਾਟਕੀਂ ਅੱਤ ਕਰੜਾਈ ਨਾਲ,

ਦੂਹਰਾ, ਤੀਹਰਾ, ਚੌਹਰਾ, ਪਹਿਰਾ ਦਿਉ ਬਿਠਾਲ।’’

ਫਿਰ ਇਕ ਵਾਰੀ ਚਾਹਿਆ ਸਾਡੇ ਰਾਜਕੁਮਾਰ,

ਦੇਖੇ ਰੰਗ ਜਹਾਨ ਦਾ ਨਿਕਲ ਫਾਟਕੋਂ ਬਾਹਰ।

ਜੀਵਨ ਏਸ ਮਨੁੱਖ ਦਾ ਕੇਡਾ ਹੈ ਰਸਦਾਰ,

ਛਲ ਇਸਦੀ ਜੇ ਲੁਕੇ ਨਾ ਥਲ ਵਿਚ ਆਖ਼ਰਕਾਰ।

ਕਿਹਾ ਪਿਤਾ ਨੂੰ ਕੰਵਰ ਨੇ ਡੂੰਘਾ ਤਰਲਾ ਘੱਤ,

ਸ਼ਹਿਰ ਜਿਵੇਂ ਹੈ ਵਸਦਾ ਦੇਖਣ ਦੇਵੋ ਵੱਤ।

ਪਹਿਲੀ ਵਾਰ ਮਹਾਰਾਜ ਨੇ ਕਰ ਕੇ ਕ੍ਰਿਪਾ ਅਪਾਰ,

ਲੋਕਾਂ ਨੂੰ ਸੀ ਆਖਿਆ ਦੇਵਣ ਸ਼ਹਿਰ ਸ਼ਿੰਗਾਰ।

ਤਾਂ ਜੇ ਮੰਦੇ ਦ੍ਰਿਸ਼ ਉਹ ਰੱਖਣ ਕਿਤੇ ਲੁਕਾ,

ਮੇਰੀ ਪਰਸੰਤਾ ਲਈ ਰੱਖਣ ਮੁਖ ਹਸਾ।

ਫਿਰ ਵੀ ਮੈਨੂੰ ਅਸਲ ਦੀ ਲੱਗ ਗਈ ਸੀ ਸੋ,

ਨਹੀਂ ਸੀ ਜੀਵਨ ਰੋਜ਼ ਦਾ ਡਿੱਠਾ ਸੀ ਮੈਂ ਜੋ।

ਪੂਜ ਪਿਤਾ ਜੀ ਕਰੋ ਜੇ ਮੈਨੂੰ ਤੁਸੀਂ ਪਿਆਰ,

ਚਾਹੁੰਦਾ ਹਾਂ ਮੈਂ ਜਾਣਨੇ ਅਪਣੇ ਗਲੀ ਬਜ਼ਾਰ।

ਨਾਲੇ ਜੀਵਨ ਉਨ੍ਹਾਂ ਦੇ ਜੋ ਨਹੀਂ ਰਾਜ ਕੁਮਾਰ,

ਸਾਦੀ ਰਹਿਣੀ ਜਿਨ੍ਹਾਂ ਦੀ ਸਾਦਾ ਹੀ ਵਿਵਹਾਰ।

ਆਗਿਆ ਬਖਸ਼ੋ ਪਿਤਾ ਜੀ, ਭੇਸ ਓਪਰਾ ਧਾਰ,

ਸ਼ਾਹੀ ਬਾਗ਼ਾਂ ਵਿਚ ਦੀ ਹੋ ਜਾਵਾਂ ਮੈਂ ਪਾਰ।

ਮੁੜਸਾਂ ਹੋ ਸੰਤੁਸ਼ਟ ਮੈਂ ਵਿਚ ਲੋਕਾਂ ਦੇ ਵੱਸ,

ਜੇ ਸੰਤੁਸ਼ਟ ਨਾ ਹੋਇਆ, ਸਿਆਣਾ ਬਣਾ ਅਵੱਸ਼।

ਇਸ ਲਈ ਮੇਰੀ ਬੇਨਤੀ, ਕਲ, ਦਾਸਾਂ ਦੇ ਨਾਲ,

ਗਲੀਆਂ ’ਚੋਂ ਲੰਘਣ ਦਿਉ ਜਿਦਾਂ ਮੇਰੇ ਖਿਆਲ।’’

ਬਹਿ ਰਾਜੇ ਨੇ ਸੋਚਿਆ ਮੰਤਰੀਆਂ ਦੇ ਗੈਲ,

‘‘ਸ਼ਾਇਦ ਪਹਿਲੀ ਘਾਟ ਨੂੰ ਪੂਰੇ ਦੂਜੀ ਸੈਲ।

ਤੱਕਣ ਦਿਉ ਕੁਮਾਰ ਨੂੰ ਰਬ ਦਾ ਖੁਲ੍ਹਾ ਜਹਾਨ,

ਆਖੋ ਉਹਦੇ ਮਨ ਦੀ ਮੈਨੂੰ ਖ਼ਬਰ ਪਹੁੰਚਾਣ।’’

ਅਗਲੇ ਰੋਜ਼ ਦੁਪਹਿਰ ਨੂੰ ਮੁਹਰ ਰਾਜੇ ਦੀ ਦੱਸ

ਕੰਵਰ ਤੇ ਚੰਨਾ ਨਿਕਲੇ ਫਾਟਕ ਵਿਚੋਂ ਹੱਸ।

ਜਾਣ ਸਕੇ ਨਾ ਇਤਨਾ ਐਪਰ ਪਹਿਰੇਦਾਰ

ਸੌਦਾਗਰ ਦੇ ਭੇਸ ਵਿਚ ਲੰਘਿਆ ਰਾਜਕੁਮਾਰ।

ਰਾਜ ਕੰਵਰ ਦੇ ਵਾਂਗ ਹੀ ਚਤਰ ਉਹਦਾ ਰਥਵਾਨ,

ਧਾਰੀ ਭੇਸ ਮੁਨੀਮ ਦਾ ਲੰਘਿਆ ਬਿਨਾ ਸਿਞਾਣ।

ਪੈਦਲ ਹੀ ਉਹ ਤੁਰ ਪਏ ਵਗਦੀ ਸੜਕ ਵਿਚਾਲ,

ਗੱਲਾਂ ਬਾਤਾਂ ਮਾਰਦੇ ਸਾਕਯ-ਪ੍ਰਜਾ ਦੇ ਨਾਲ।

ਨਾਲੇ ਤਕਦੇ ਸ਼ਹਿਰ ਦੇ ਦੋਵੇਂ ਹਰਖ ਤੇ ਸੋਗ,

ਗਹਿਮਾ ਗਹਿਮਾ ਬਜ਼ਾਰ ਦੀ, ਚਿੰਤਾ ਝੋਰੇ ਰੋਗ।

ਹੈਸੀ ਬੈਠਾ ਆੜ੍ਹਤੀ ਢੁਕ ਬੋਹਲਾਂ ਦੇ ਨਾਲ,

ਪੈਸੇ ਰੱਖੇ ਗਾਹਕਾਂ ਡੱਬਾਂ ਵਿਚ ਸੰਭਾਲ।

ਇਕ ਇਕ ਧੇਲੇ ਕਾਰਨੇ ਜਾਂਦੇ ਸਾਰੀ ਵਾਹ,

ਖਾਖੋਵਾੜਾ ਉਨ੍ਹਾਂ ਦਾ, ਦੇਵੇ ਰੱਬ ਪਨਾਹ।

ਹੋਕੇ ਰਸਤਾ ਛੱਡਣ ਦੇ ਗਾਡੀ ਦੇਂਦੇ ਜਾਣ,

ਪੱਥਰ-ਪਹੀਆਂ ਵਾਲੀਆਂ ਗੱਡਾਂ ਧਰਤ ਕੰਬਾਣ।

ਚੁੱਕੀ ਡੋਲੇ ਰੰਗਲੇ ਗਾਉਂਦੇ ਜਾਣ ਕਹਾਰ,

ਚੌੜੀਆਂ ਪਿੱਠਾਂ ਵਾਲੜੇ ਕੁਲੀਆਂ ਚੁਕਿਆ ਭਾਰ।

ਖੂਹ ਤੋਂ ਪਾਣੀ ਢੋਂਹਦੀਆਂ ਤੀਵੀਆਂ ਮੱਠੀ ਚਾਲ,

ਸਿਰ ’ਤੇ ਚੁੱਕੀ ਚਾਟੀਆਂ, ਢਾਕੇ ਲਾਈ ਬਾਲ।

ਭਿਣ ਭਿਣ ਕਰਦੀਆਂ ਮੱਖੀਆਂ ਹਲਵਾਈ ਦੀ ਹੱਟ,

ਟੰਗੀ ਅਪਣੀ ਧੁਣਖਣੀ ਪੇਂਜੇ ਉਪਰ ਖੱਟ।

ਘੂੰ ਘੂੰ ਲਾਈ ਚਕੀਆਂ ਕਿਧਰੇ ਵਿਚ ਪਸਾਰ,

ਕਿਧਰੇ ਤਾਂਬਾ ਕੁਟਦਾ ਭਾਰੇ ਤੇ ਠਠਿਆਰ।

ਕਿਤੇ ਸੰਜੋਆਂ ਗੰਢਦਾ ਨਾਲ ਸੁਚੱਜ ਲੁਹਾਰ,

ਦਗ ਦਗ ਲੋਹਾ ਭਖਦਾ ਭੱਠੀ ਦਾ ਵਿਚਕਾਰ।

ਬੈਠੇ ਦਵਾਲੇ ਗੁਰੂ ਦੇ ਅੱਧੇ ਚੰਨ ਦੇ ਹਾਰ,

ਸਾਕਯ-ਪ੍ਰਜਾ ਦੇ ਬਾਲੜੇ ਮੰਤਰ ਰਹੇ ਉਚਾਰ।

ਰੰਗ ਲਲਾਰੀ ਅੰਗੀਆਂ ਧੁੱਪੇ ਰਹੇ ਖਿਲਾਰ,

ਨੁਚੜਦੀਆਂ ਤੇ ਪੀਲੀਆਂ, ਸੂਹੀਆਂ, ਧਾਰੀਦਾਰ।

ਕਿਤੇ ਸਿਪਾਹੀ ਘੁੰਮਦੇ ਚੁਕੀ ਢਾਲ ਤਲਵਾਰ,

ਕੋਹਾਨਾਂ ਤੇ ਹਿਲਦੇ ਕਿਧਰੇ ਸਾਂਢ-ਸਵਾਰ।

ਸਪਿਆਧੇ ਇਕ ਨੁੱਕਰੇ ਖਲਕਤ ਰੱਖੀ ਬੰਨ੍ਹ,

ਬੀਨ ਅੱਗੇ ਸੀ ਨੱਚਦਾ ਸਪ ਉਹਦਾ ਚੁਕ ਫੰਨ।

ਲੰਘੀ ਢੋਲਾਂ ਤੂਤੀਆਂ ਵਾਲੀ ਇਕ ਕਤਾਰ,

ਘੋੜਿਆਂ ਉਤੇ ਰੇਸ਼ਮੀ ਛੱਤਰ ਝੁਲਦੇ ਚਾਰ।

ਵਹੁਟੀ ਸੀ ਕੋਈ ਆ ਰਹੀ ਮੁੜ ਕੇ ਅਪਣੇ ਘਰ,

ਘੋੜੀ ਤੇ ਅਸਵਾਰ ਸੀ ਨਾਲ ਓਸਦਾ ਵਰ।

ਓਧਰ ਕੋਈ ਪਤਨੀ ਚੁਕੀ ਫਲ ਤੇ ਰੋਟ,

ਮੰਦਰ ਵਲ ਸੀ ਜਾ ਰਹੀ ਦਿਉਤਿਆਂ ਦੀ ਓਟ।

ਪਤੀ ਮੁੜਨ ਦੀ ਸੁੱਖਣਾ ਯਾ ਉਸ ਰੱਖੀ ਧਿਆ,

ਯਾ ਫਿਰ ਪੁੱਤਰ ਜੰਮਣ ਦੀ ਦਿਲ ਉਸਦੇ ਵਿਚ ਚਾਹ।

ਦੀਵੇ, ਲੋਟੇ ਡੌਲਦਾ ਚੱਕ ਉਤੇ ਘੁਮਿਆਰ,

ਜਿਸ ਦੇ ਕੋਲੋਂ ਲੰਘਦਾ ਸੋਹਣਾ ਰਾਜ ਕੁਮਾਰ,

ਮੰਦਰ-ਕੰਧਾਂ ਲਾਗਿਉਂ ਲੰਮਾ ਗੇੜਾ ਮਾਰ,

ਵਲ ਨਦੀ, ਪੁਲ ਉਪਰੋਂ, ਮੁੜਿਆ ਆਖ਼ਰਕਾਰ।

ਡਾਢੀ ਸੋਗੀ ਵਾਜ਼ ਇਕ ਪਈ ਕੰਵਰ ਦੇ ਕੰਨ:

‘‘ਮਦਦ, ਮਦਦ, ਹੇ ਸਵਾਮੀਉਂ ਪੀੜ ਸੁੱਟਿਆ ਭੰਨ।

ਮੈਨੂੰ ਰੱਬ ਦੇ ਵਾਸਤੇ ਜਾਣਾ ਰਤਾ ਉਠਾਲ,

ਘਰ ਪੁਜਣੋ ਪਹਿਲੇ ਨਹੀਂ ਖਾ ਜਾਵੇਗਾ ਕਾਲ।’’

ਚੰਦਰਾ ਰੋਗੀ ਸੀ ਕੋਈ ਕੰਬਦੀ ਜਿਸਦੀ ਦੇਹ,

ਗ੍ਰਸੀ ਭਿਆਨਕ ਰੋਗ ਵਿਚ ਪਈ ਧੂੜ ਤੇ ਖੇਹ।

ਪਿੰਡੇ ਉਤੇ ਓਸਦੇ ਨੀਲੇ ਲਾਲ ਚਟਾਕ

ਜਿਨ੍ਹਾਂ ’ਚੋਂ ਸੀ ਉਠ ਰਹੀ ਜਿੰਦ-ਮੁਕਾਊ ਤ੍ਰਾਟ।

ਉਹਦੇ ਮੱਥੇ ਉੱਘੜੀ ਤ੍ਰੇਲੀ ਠੰਡੀ ਠਾਰ,

ਪੀੜ ਨਾਲ ਮੂੰਹ ਓਸਦਾ ਵਿੰਗਾ ਧੌੜੀ ਹਾਰ।

ਨਾਲ ਪੀੜ ਦੇ ਹੌਂਕਦਾ ਉਠਦਾ ਫੜ ਫੜ ਘਾਹ,

ਅੰਗ ਨਿਤਾਣੇ ਉਦ੍ਹੇ ਪਰ ਢਹਿ ਪੈਂਦੇ ਅਧ-ਰਾਹ।

ਹੋ ਕੇ ਅਤ ਭੈ-ਭੀਤ ਉਹ, ਲਗਦਾ ਫਿਰ ਕੁਰਲਾਣ:

‘ਪੀੜ ਪੀੜ, ਹੇ ਸਵਾਮੀਉਂ, ਬਹੁੜੋ ਕੋਈ ਆਣ।’

ਤੁਰਤ ਸਿਧਾਰਥ ਦੌੜਿਆ ਦੇਖ ਓਸਦਾ ਹਾਲ,

ਰੋਗੀ ਨੂੰ ਉਸ ਚੁਕ ਲਿਆ ਕੂਲੇ ਹੱਥਾਂ ਨਾਲ।

ਗੋਡੇ ਤੇ ਸਿਰ ਓਸਦਾ ਰਖਿਆ ਨਾਲ ਪਿਆਰ,

ਨੈਣਾਂ ਵਿਚੋਂ ਕੰਵਰ ਦੇ ਡੁਲ੍ਹਦਾ ਤਰਸ ਆਧਾਰ।

ਪੁਛਿਆ: ‘‘ਦਸ ਹੇ ਵੀਰਨਾ, ਕੀ ਹੈ ਤੈਨੂੰ ਦੁੱਖ,

ਕਿਉਂ ਤੂੰ ਨਾ ਉਠ ਸਕਦਾ, ਵਾ ਝੰਬਿਆ ਜਿਉਂ ਰੁੱਖ।

ਚੰਨਿਆਂ, ਕਿਉਂ ਇਹ ਹੌਂਕਦਾ ਹੋ ਕੇ ਅਤ ਲਾਚਾਰ,

ਬੋਲਣ ਖ਼ਾਤਰ ਔੜਦਾ ਠੰਡੇ ਹਉਕੇ ਮਾਰ?’’

ਤਦ ਦਿੱਤਾ ਰਥਵਾਨ ਨੇ ਉੱਤਰ ਏਦਾਂ ਮੋੜ,

‘‘ਘੇਰਿਆ, ਵੱਡੇ ਕੰਵਰ ਜੀ, ਇਸ ਨੂੰ ਕਾਲੇ ਕੋਹੜ।

ਜੰਤਰ ਇਦੇ ਸਰੀਰ ਦਾ ਵਿਗੜ ਗਿਆ ਹੁਣ ਆਣ,

ਢਹਿ ਪਏ ਪੱਠੇ ਏਸਦੇ ਢਿਲਕੇ ਧਨੁਸ਼ ਸਮਾਨ।

ਵਗਦਾ ਨਾੜੀਂ ਏਸਦੇ ਲਹੂ ਸੀ ਜੋ ਬਲਕਾਰ,

ਅਜ ਤਪਦਾ ਤੇ ਉਬਲਦਾ ਅਗਨੀ ਦੇ ਹੜ ਹਾਰ।

ਤਾਲ ਨਾਲ ਸੀ ਧੜਕਦਾ ਦਿਲ ਜਿਹੜਾ ਬਲਵਾਨ,

ਅਜ ਬੇਤਾਲੀ ਢੋਲਕੀ ਵਾਂਗ ਹੋਏ ਹਲਕਾਨ।

ਧੌਣ ਲਕ ’ਚੋਂ ਏਸਦੇ ਛੁਟਕ ਗਿਆ ਸਭ ਬਲ,

ਰਸ ਜੋਬਨ ਸਭ ਨੁਚੜਿਆ ਫੋਕਾ ਰਹਿ ਗਿਆ ਫਲ।

ਦੇਖੋ ਮੁੱਠਾਂ ਮੀਟਦਾ ਕਿਵੇਂ ਫੜਨ ਨੂੰ ਪੀੜ,

ਸੂਹੀਆਂ ਅੱਖਾਂ ਫੇਰਦਾ ਦੰਦ ਕਰੀਚ ਨਪੀੜ।

ਰਗੜ ਅਡੀਆਂ ਖਿੱਚਦਾ ਸਾਹ ਨੂੰ ਮੰਦੇ ਹਾਲ,

ਰੁਕਦਾ ਹੋਵੇ ਜਿਸ ਤਰ੍ਹਾਂ ਗਲ ਘੁਟਵੇਂ ਧੂੰ ਨਾਲ।

ਹੋ ਜਾਵੇਗਾ ਹੁਣੇ ਇਹ ਮੁਰਦਾ ਤੇ ਬੇਜਾਨ,

ਓਨਾ ਚਿਰ ਪਰ ਏਸ ਨੇ ਛਡਣੇ ਨਹੀਂ ਪਰਾਨ,

ਜਦ ਤਕ ਅੰਦਰ ਏਸਦੇ ਮਾਰੂ ਕੋਈ ਬਲਾ,

ਕੰਮ ਨਾ ਪੂਰਾ ਕਰ ਲਵੇ ਹੱਡਾਂ ਨੂੰ ਕੁੜਕਾ।

ਨਾਲ ਕਸ਼ਟ ਦੇ ਟੁਟਸਣ ਤੰਦਾਂ ਇਹਦੀਆਂ ਜੱਦ

ਪੀੜ-ਹਿੱਸ ਤੋਂ ਸਖਣੇ ਹੋਸਣ ਇਹਦੇ ਹੱਡ,

ਛੱਡ ਏਸਦੇ ਬੁੱਤ ਨੂੰ ਮਾਰੂ ਇਹ ਬਲਾ

ਚਮੜ ਪਏਗੀ ਮਲਕੜੇ ਹੋਰ ਕਿਸੇ ਨੂੰ ਜਾ।

ਠੀਕ ਨਾ ਇਸ ਨੂੰ ਚੁਕਣਾ, ਮੇਰੇ ਰਾਜਕੁਮਾਰ,

ਤੁਹਾਡੇ ਤੇ ਵੀ ਹੋ ਸਕੇ ਏਸ ਬਲਾ ਦਾ ਵਾਰ।’’

ਪਿੰਡੇ ਉਤੇ ਉਸ ਦੇ ਐਪਰ ਰਾਜ ਕੁਮਾਰ,

ਰਿਹਾ ਫੇਰਦਾ ਆਪਣੀਆਂ ਤਲੀਆਂ ਪਹਿਲੇ ਹਾਰ।

‘‘ਹਨ ਦੁਖਿਆਰੇ ਹੋਰ ਵੀ ਕੀ ਏਦਾਂ ਦੇ ਢੇਰ?

ਕੀ ਮੈਂ ਵੀ ਇਸ ਵਾਂਗਰਾ ਹੋਸਾਂ ਆਪਣੀ ਵੇਰ?

‘‘ਸੋਹਣੇ ਰਾਜਕੁਮਾਰ ਜੀ’’, ਮੋੜ ਕਿਹਾ ਰਥਵਾਨ,

‘‘ਕਈ ਭੇਖਾਂ ਵਿਚ ਇਹ ਬਲਾ ਫਿਰਦੀ ਏਸ ਜਹਾਨ।

ਘਾਉ, ਰੰਜ, ਬੁਖਾਰ, ਦਿੱਕ, ਸੰਗ੍ਰਹਿਣੀ ਤੇ ਕੋਹੜ,

ਮਿਰਗੀ ਤੇ ਅਧਰੰਗ ਵੀ ਸੁੱਟਣ ਜਿੰਦ ਨਚੋੜ।’’

‘‘ਆਵਣ ਅਚਨਚੇਤ ਕੀ?’’ ਪੁਛਿਆ ਰਾਜ ਕੁਮਾਰ,

ਚੰਨੇ ਅਗੋਂ ਆਖਿਆ, ‘‘ਖਚਰੇ ਸਪ ਦੇ ਹਾਰ

ਅਣਡਿੱਠਾ ਜੋ ਡੰਗਦਾ, ਯਾ ਫਿਰ ਚਿਤਰੇ ਵਾਂਗ

ਅੱਚਣਚੇਤ ਮਨੁੱਖ ਤੇ ਕੁੱਦਣ ਮਾਰ ਉਲਾਂਘ।’’

‘‘ਤਦ ਸਾਰੇ ਮਾਨੁੱਖ ਨੇ ਜੀਉਂਦੇ ਡਰ ਵਿਚਕਾਰ?’’

‘‘ਏਦਾਂ ਹੀ ਨੇ ਜੀਉਂਦੇ ਸੋਹਣੇ ਰਾਜਕੁਮਾਰ।’’

‘‘ਆਖ ਨਾ ਕੋਈ ਸੱਕਦਾ ਹਿੱਕ ਥਾਪੜ ਕੇ ਫੇਰ,

ਜਿਵੇਂ ਸੌਵਾਂਗਾ ਰਾਤ ਨੂੰ ਉਠਸਾਂ ਤਿਵੇਂ ਸਵੇਰ?’’

‘‘ਆਖ ਨਾ ਕੋਈ ਸਕਦਾ’’, ਮੋੜ ਕਿਹਾ ਰਥਵਾਨ।

‘‘ਪੀੜਾਂ ਇਹ ਜੋ ਵੜਦੀਆਂ ਅੰਦਤ ਬਿਨਾ ਧਿਆਨ,

ਕੀ ਇਨ੍ਹਾਂ ਦਾ ਅੰਤ ਹੈ ਖੁੱਸੀ ਦੇਹ ਤੇ ਦੁੱਖ?’’

‘‘ਹਾਂ ਜੇ ਇਤਨੀ ਦੇਰ ਤਕ ਜੀਉਂਦਾ ਰਹੇ ਮਨੁੱਖ।’’

‘‘ਤੇ ਜੇ ਉਹ ਇਸ ਕਸ਼ਟ ਨੂੰ ਸੱਕਣ ਨਹੀਂ ਸਹਾਰ

ਯਾ ਨਾ ਚਾਹੁੰਣ ਸਹਾਰਨੇ, ਯਾ ਫਿਰ ਆਖ਼ਰਕਾਰ,

ਏਸ ਆਦਮੀ ਵਾਂਗਰਾਂ ਝੱਲ ਕਸ਼ਟ ਹੋ ਜਾਣ,

ਬਿਨਾਂ ਹਉਕਿਆਂ ਰਹੇ ਨਾ ਇਨ੍ਹਾਂ ਵਿਚ ਤ੍ਰਾਣ,

ਫਿਰ ਵੀ ਰਹਿ ਕੇ ਜੀਉਂਦਿਆਂ ਹੋਵਣ ਬੁੱਢੇ ਢੇਰ,

ਦੱਸੀਂ ਮੈਨੂੰ ਚੰਨਿਆਂ, ਅੰਤ ਉਨ੍ਹਾਂ ਦੀ ਫੇਰ?’’

‘‘ਮਰ ਜਾਵਣ ਉਹ ਕੰਵਰ ਜੀ।’’

‘‘ਹੱਛਾ ਉਹ ਮਰ ਜਾਣ?’’

‘‘ਹਾਂ ਜੀ ਆਖ਼ਰ ਮੌਤ ਹੀ ਕਰਦੀ ਸਭ ਦਾ ਘਾਣ।

ਕੁਝ ਬੁੱਢੇ ਹਨ ਹੋਵੰਦੇ, ਬਾਕੀ ਰੋਗੀ ਹੋਣ,

ਪਰ ਮਰਨਾ ਹੈ ਸਭ ਨੇ, ਮੌਤੋਂ ਬਚਿਆ ਕੌਣ?

ਦੇਖੋ ਮੁਰਦਾ ਆ ਰਿਹਾ,’’ ਤਕਿਆ ਰਾਜਕੁਮਾਰ,

ਇਕ ਨੜੋਆ ਜਾ ਰਿਹਾ ਝਬਦੇ ਨਦੀ-ਕਿਨਾਰ।

ਅੱਗੇ ਇਕ ਦੇ ਹਥ ਵਿਚ ਭਖਦੇ ਕੁਝ ਅੰਗਿਆਰ,

ਪਿੱਛੇ ਲੋਕੀਂ ਰੋਵੰਦੇ ਉਚੀਆਂ ਭੁਬਾਂ ਮਾਰ।

ਮੂੰਹ ਸਿਰ ਮੂੰਨੇ ਉਨ੍ਹਾਂ ਦੇ, ਮੱਥੇ ਚਿੱਕੜ ਥੱਪ,

ਹਿਕੋਂ ਨੰਗੇ ਜਾ ਰਹੇ ਕਰਦੇ ਏਦਾਂ ਜੱਪ:

‘‘ਬੋਲੋ ਰਾਮ ਹੀ ਰਾਮ ਹੈ, ਏਸੇ ਵਿਚ ਕਲਿਆਨ।’’

ਪਿੱਛੇ ਪਿੱਛੇ ਉਨ੍ਹਾਂ ਦੇ ਅਰਥੀ ਚੁੱਕੀ ਆਣ।

ਉਤੇ ਸਿਧਾ ਅਕੜਿਆ, ਪੈਰ ਅਗਾਂਹ ਦੇ ਵੱਲ,

ਖਾਲੀ ਵਖੀਆਂ ਵਾਲੜਾ, ਦਿ੍ਸ਼ਟ-ਹੀਣ, ਬੇਬਲ

ਕੇਸਰ ਦੇ ਵਿਚ ਧੂੜਿਆ, ਥਪਿਆ ਕੁਝ ਸੰਧੂਰ,

ਹੈ ਸੀ ਮੁਰਦਾ ਲੇਟਿਆ ਜਿਵੇਂ ਸੀਗ ਦਸਤੂਰ।

ਵਲ ਨਦੀ ਦੇ ਓਸਨੂੰ ਹੈਸਨ ਰਹੇ ਲਿਜਾ

ਜਿੱਥੇ ਜਾ ਕੇ ਚਿਖਾ ਤੇ ਦਿੱਤਾ ਉਹਨੂੰ ਲਿਟਾ।

ਮਿਠੀ ਨੀਂਦਰ ਓਸਦੀ ਸਵੇਂ ਜੋ ਏਥੇ ਆ

ਠੰਢ, ਪੌਣਾਂ ਵੀ ਓਸਨੂੰ ਸਕਣ ਨਾ ਮੂਲ ਜਗਾ।

ਚਾਰੇ ਪਾਸੇ ਲਾ ਦਿੱਤਾ ਲੰਬੂ ਉਨ੍ਹਾਂ ਫੇਰ,

ਜਿਹੜਾ ਤਿੜ ਤਿੜ ਚਟਕਦਾ, ਰਤੀਆਂ ਜੀਭਾਂ ਫੇਰ,

ਢੂੰਡ ਢੂੰਡ ਕੇ ਮਾਸ ਨੂੰ ਕਰਦਾ ਗਿਆ ਹੜੱਪ,

ਚਰ ਚਰ ਕਰ ਕੇ ਚਮ ਸੜੇ, ਟੁਟਦੇ ਜੋੜ ਕੜੱਕ।

ਇਥੋਂ ਤਕ ਕਿ ਹੋ ਗਿਆ ਪਤਲਾ, ਗਾੜ੍ਹਾ ਧੂੰ।

ਸੜ ਸੜ ਨਾਲ ਸਵਾਹ ਵੀ ਹੋ ਗਈ ਬੱਗੀ ਰੂੰ।

ਚਿੱਟੀ ਹੱਡੀ ਦਿਸਦੀ ਕਿਤੇ ਕਿਤੇ ਵਿਚ ਛਾਰ।

‘‘ਬੰਦੇ ਦੀ ਇਹ ਗੱਠੜੀ!’’ ਬੋਲਿਆ ਰਾਜ ਕੁਮਾਰ,

‘‘ਕੀ ਸਭ ਜੀਵਣ ਵਾਲਿਆਂ ਦਾ ਏਹੋ ਹੀ ਅੰਤ?’’

ਨਾਲ ਨਿਮਰਤਾ ਮੋੜ ਕੇ ਇੰਜ ਕਿਹਾ ਰਥਵੰਤ:

‘‘ਹੈ ਸਭਨਾਂ ਦਾ ਏਹੋ ਅੰਤ,

ਮੁਕਣ ਇਵੇਂ ਸਭ ਜੀਆ ਜੰਤ।

ਕੌਣ ਜਾਣੇ ਕੀ ਇਸਨੂੰ ਹੋਇਆ,

ਕਿਉਂ, ਕਿੱਦਾਂ, ਇਹ ਪ੍ਰਾਨੀ ਮੋਇਆ।

ਸੀ ਇਹ ਹਸਦਾ, ਖਾਂਦਾ, ਪੀਂਦਾ,

ਕਰਦਾ ਪਿਆਰ ਤੇ ਰਜ ਰਜ ਜੀਂਦਾ।

ਖਬਰੇ ਕੋਈ ਵਾ ਦਾ ਬੁੁੱਲਾ,

ਯਾ ਕੋਈ ਰਾਹ ਵਿਚਲਾ ਠੇਡਾ,

ਛੱਪੜ ’ਚੋਂ ਯਾ ਲੱਗੀ ਲਾਗ,

ਡੰਗ ਖਾਧਾ ਯਾ ਜ਼ਹਿਰੀ ਨਾਗ,

ਖੁਭਿਆ ਪੇਟ ਗੁਸੀਲਾ ਖੰਜਰ,

ਯਾ ਡਿਗਦੀ ਇਟ ਭੰਨਿਆ ਪਿੰਜਰ,

ਯਾ ਅੜ ਗਈ ਮੱਛੀ ਦੀ ਹੱਡੀ,

ਜਿੰਦ ਸਰੀਰੋਂ ਇਸ ਨੇ ਛੱਡੀ।

ਹੁਣ ਨਾ ਇਸਨੂੰ ਭੁੱਖਾਂ ਪੀੜਾਂ,

ਨਾ ਖੁਸ਼ੀਆਂ ਤੇ ਨਾ ਦੰਦ-ਕੀੜਾਂ।

ਕੁਝ ਨਾ ਬੁਲ੍ਹਾਂ ਤਾਈਂ ਚੁੰਮਣਾ,

ਨਾ ਕੁਝ ਆਖੇ ਅੱਗ ਦਾ ਭੁੰਨਣਾ।

ਭੁਜਦੇ ਮਾਸ ਦੀਆਂ ਨਾ ਬੋਆਂ,

ਨਾ ਚੰਦਨ ਦੀਆਂ ਖੁਸ਼ਬੋਆਂ।

ਮੂੰਹ ਇਸਦੇ ਵਿਚ ਸਵਾਦ ਨਾ ਬਾਕੀ,

ਕੰਨਾਂ ਵਿੱਚ ਅਵਾਜ਼ ਨਾ ਬਾਕੀ।

ਨਾ ਹੁਣ ਇਸ ਦੇ ਨੈਣ ਤਕਾਂਦੇ

ਤਾਹੀਉਂ ਸਾਕ ਇਹਦੇ ਕੁਰਲਾਂਦੇ।

ਸਭ ਸਰੀਰਾਂ ਦੀ ਇਹ ਹੋਣੀ,

ਅੰਤ ਟੁਟੇ ਜੀਵਨ ਦੀ ਟੋਹਣੀ।

ਉਚੇ ਨੀਵੇਂ ਚੰਗੇ ਮੰਦੇ,

ਮਰ ਜਾਣੇ ਆਖ਼ਰ ਸਭ ਬੰਦੇ।

ਨਵਿਉਂ ਸਿਰਿਉਂ ਫੇਰ, ਆਣਕੇ

ਕਿਸੇ ਤਰ੍ਹਾਂ ਤੇ ਕਿਸੇ ਜਗ੍ਹਾ ਤੇ

-ਕਿਨੂੰ ਪਤਾ- ਮੁੜ ਕੇ ਹੈ ਜੰਮਣਾ,

ਫਿਰ ਪੀੜਾਂ ਤੇ ਰੋਗਾਂ ਝਮਣਾ।

ਗੇੜ ਮਨੁਖ ਦਾ ਏਦਾਂ ਚਲਦਾ,

ਜੀ ਆਉਂਦਾ, ਪਲਦਾ ਤੇ ਚਲਦਾ।’’

ਸਿੱਧਾਰਥ ਦੀਆਂ ਅੱਖੀਆਂ ਦੈਵੀ ਅਤੇ ਵਿਸ਼ਾਲ,

ਉਠੀਆਂ ਵਲ ਅਸਮਾਨ ਦੇ ਭਰੀਆਂ ਹੰਝੂਆਂ ਨਾਲ।

ਗਮ ਧਰਤੀ ਦਾ ਇਨ੍ਹਾਂ ਵਿਚ ਮਾਰ ਰਿਹਾ ਲਿਸ਼ਕਾਰ,

ਜਾਣੋ ਉਹਦੀ ਆਤਮਾ ਕੱਲੀ ਮਾਰ ਉਡਾਰ,

ਕਿਸੇ ਦੁਰੇਡੇ ਦਿਸ਼ ਨੂੰ ਢੂੰਢ ਰਹੀ ਚੌਫੇਰ,

ਉੱਠੀ ਕੂਕ ਕਲੇਜਿਉਂ ਰਾਜਕੰਵਰ ਦੀ ਫੇਰ।

ਮੁਖ ਉੱਪਰ ਵਲ ਚੁਕਿਆ, ਹੋਇਆ ਨੂਰੋ ਨੂਰ,

ਕਿਸੇੇ ਅਕੱਥ ਪ੍ਰੀਤ ਦੇ ਵੇਗ ਨਾਲ ਭਰਪੂਰ:

ਉਹ! ਦੁੱਖਾਂ ਵਿਚ ਸੜਦੇ ਬਲਦੇ ਵੀਰਨੋ,

ਉਹ! ਜਾਣੂ ਅਣ-ਜਾਣੂ ਮੇਰੇ ਸਾਥੀਉ,

ਮੌਤ, ਮੁਸੀਬਤ ਦੇ ਜਾਲਾਂ ਵਿਚ ਫਾਥਿਉ,

ਨਾਲ ਜਿਨ੍ਹਾਂ ਦੇ ਜੀਵਨ ਤੁਹਾਨੂੰ ਜੋੜਦਾ।

ਮੈਂ ਤਕਦਾ ਤੇ ਅਨੁਭਵ ਕਰਦਾ ਸੋਹਣਿਉਂ,

ਦੁਨੀਆਂ ਦੀਆਂ ਪੀੜਾਂ ਦੀ ਡੂੰਘਾਣ ਨੂੰ,

ਇਹਦੀਆਂ ਖੁਸ਼ੀਆਂ ਦੀ ਨਿਸਫਲਤਾ ਤਾਈਂ ਵੀ,

ਨਾਲੇ ਇਹਦੀਆਂ ਚੰਗਿਆਈਆਂ ਦੀ ਮਸਖਰੀ,

ਅਤੇ ਇਹਦੀਆਂ ਬੁਰਿਆਈਆਂ ਦੇ ਦਰਦ ਨੂੰ,

ਕਿਉਂਕਿ ਖ਼ੁਸ਼ੀਆਂ ਵਿਚ ਗ਼ਮੀ ਦੇ ਮੁਕਦੀਆਂ,

ਅਤੇ ਜਵਾਨੀ ਵਿਚ ਬੁਢਾਪੇ ਗ਼ਰਕਦੀ,

ਪ੍ਰੇਮ ਘਾਟ ਵਿਚ, ਜੀਵਨ ਸੋਹਣਾ ਮੌਤ ਵਿਚ

ਅਤੇ ਮੌਤ ਅਣ ਜਾਣੇ ਜਨਮਾ ਵਿਚ ਜਾ,

ਕਾਲ-ਚਕ੍ਰ ਵਿਚ ਜਕੜਨ ਜੋ ਮਾਨੁਖ ਨੂੰ,

ਝੂਠੇ ਐਸ਼ ਦੁਖਾਂ ਦਾ ਗੇੜ ਲਵਾਉਂਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All