‘ਪਾਇਲ’ ਦੀ ਛਣਕਾਰ
ਪੰਜਾਹ ਤੋਂ ਵੱਧ ਸਾਲਾਂ ਬਾਅਦ ਗੁਰਭਜਨ ਗਿੱਲ ਨੇ ਸੁਖਬੀਰ ਸਿੰਘ ਸੰਧੂ ਦੀ ਕਿਤਾਬ ‘ਪਾਇਲ’ ਦੀ ਆਵਾਜ਼ ਨੂੰ ਦੁਬਾਰਾ ਸੁਣਾ ਕੇ ਭਲਾ ਕੰਮ ਕੀਤਾ ਹੈ। ਪੰਜਾਬੀ ਸਾਹਿਤ ਉਸ ਦਾ ਰਿਣੀ ਰਹੇਗਾ। ਮੈਨੂੰ ਇਸ ਕਿਤਾਬ ਨੇ ਤਿੰਨ ਕਾਰਨਾਂ ਕਰਕੇ ਆਪਣੇ ਵੱਲ ਖਿੱਚਿਆ...
ਪੰਜਾਹ ਤੋਂ ਵੱਧ ਸਾਲਾਂ ਬਾਅਦ ਗੁਰਭਜਨ ਗਿੱਲ ਨੇ ਸੁਖਬੀਰ ਸਿੰਘ ਸੰਧੂ ਦੀ ਕਿਤਾਬ ‘ਪਾਇਲ’ ਦੀ ਆਵਾਜ਼ ਨੂੰ ਦੁਬਾਰਾ ਸੁਣਾ ਕੇ ਭਲਾ ਕੰਮ ਕੀਤਾ ਹੈ। ਪੰਜਾਬੀ ਸਾਹਿਤ ਉਸ ਦਾ ਰਿਣੀ ਰਹੇਗਾ। ਮੈਨੂੰ ਇਸ ਕਿਤਾਬ ਨੇ ਤਿੰਨ ਕਾਰਨਾਂ ਕਰਕੇ ਆਪਣੇ ਵੱਲ ਖਿੱਚਿਆ ਹੈ। ਪਹਿਲਾ, ਇਸ ਦਾ ਕਰਤਾ ਸੁਖਬੀਰ ਸਿੰਘ ਸੰਧੂ, ਜਸਬੀਰ ਭੁੱਲਰ ਦਾ ਬਹੁਤ ਨੇੜਲਾ ਰਿਸ਼ਤੇਦਾਰ ਹੋਣ ਕਾਰਨ ਉਸ ਨਾਲ ਮੇਰਾ ਵੀ ਨਾਤਾ ਹੈ। ਦੂਜਾ ਕਾਰਨ, ਇਸ ਕਿਤਾਬ ਦਾ ਨਾਂ ‘ਪਾਇਲ’ ਹੈ। ਉਸ ਨੇ ਪਾਇਲ ਨੂੰ ਪਾਜ਼ੇਬ ਜਾਂ ਝਾਂਜਰ ਕਿਉਂ ਨਹੀਂ ਕਿਹਾ? ਉਸ ਦੀ ਕਿਸੇ ਗ਼ਜ਼ਲ ਵਿੱਚ ਮੈਂ ‘ਪਾਇਲ’ ਸ਼ਬਦ ਨਹੀਂ ਪੜਿ੍ਹਆ, ਹਾਲਾਂਕਿ ਇੱਕ ਗ਼ਜ਼ਲ ਵਿੱਚ ‘ਝਾਂਜਰ’ ਦੀ ਵਰਤੋਂ ਹੋਈ ਹੈ। ਉਹ ਲਿਖਦਾ ਹੈ:
“ਗੱਲ ਇਤਫ਼ਾਕ ਦੀ ਹੈ, ਦੋਸ਼ ਨਾ ਉਸ ਦਾ ਨਾ ਮੇਰਾ ਹੈ,
ਨਾ ਝਾਂਜਰ ਛਣਕਦੀ ਓਸਦੀ, ਨਾ ਨੀਅਤ ਬਦਲਦੀ ਮੇਰੀ।”
ਭਾਵੇਂ ਪਾਇਲ ਅਤੇ ਝਾਂਜਰ ਵਿੱਚ ਕੁਝ ਅੰਤਰ ਵੀ ਹੁੰਦਾ ਹੈ ਪਰ ਇਸ ਕਿਤਾਬ ਦੇ ਪ੍ਰਸੰਗ ਵਿੱਚ ਉਹ ਅਰਥਹੀਣ ਹੈ ਕਿਉਂਕਿ ਉਸ ਨੇ ਪੁਸਤਕ ਦੇ ਨਾਂ ਨੂੰ ਆਪਣੀਆਂ ਗ਼ਜ਼ਲਾਂ ਨਾਲ ਕਿਸੇ ਵੀ ਤਰੀਕੇ ਨਾਲ ਜੋੜਨ ਦੀ ਕੋਈ ਸੁਚੇਤ ਕੋਸ਼ਿਸ਼ ਨਹੀਂ ਕੀਤੀ। ਇਸ ਪੁਸਤਕ ਦਾ ਸੁਤੰਤਰ ਨਾਮ ਹੈ। ਉਂਝ ‘ਝਾਂਜਰ’ ਸ਼ਬਦ ਨੂੰ ਪੰਜਾਬ ਨੇ ਬਹੁਤ ਪਿਆਰ ਦਿੱਤਾ ਹੈ। ਸ਼ਿਵ ਕੁਮਾਰ ਦਾ ਗੀਤ ਹੈ:
“ਮੇਰੀ ਝਾਂਜਰ ਤੇਰਾ ਨਾਂ ਲੈਂਦੀ,
ਕਰੇ ਛੰਨ ਛੰਨ ਛੰਨ।”
ਨੰਦ ਲਾਲ ਨੂਰਪੁਰੀ ਤਾਂ ਸਾਡੇ ਸਾਰਿਆਂ ਦੇ ਚੇਤਿਆਂ ਵਿੱਚ ਵੱਸਦਾ ਹੈ: “ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ”। ਪਰ ਸੁਖਬੀਰ ਸਿੰਘ ਸੰਧੂ ਦੀ ਕਿਤਾਬ ਦਾ ਨਾਂ ਹੀ ਨਹੀਂ ਉਸ ਨੇ ਪੁਸਤਕ ਦਾ ਪ੍ਰਕਾਸ਼ਨ ਵੀ ‘ਪਾਇਲ ਪਬਲਿਸ਼ਰਜ਼’ ਦੇ ਨਾਂ ਹੇਠ ਆਪ ਹੀ ਕੀਤਾ ਲੱਗਦਾ ਹੈ। ਮੇਰੀ ਸੋਚ ਨੇ ਇਸ ਨਾਂ ਦਾ ਪਿੱਛਾ ਇਸ ਲਈ ਵੀ ਕੀਤਾ ਹੈ ਕਿਉਂਕਿ ਇੰਗਲੈਂਡ ਤੋਂ ਪਰਤ ਕੇ ਤਰਨ ਤਾਰਨ ਵਿੱਚ ਉਸ ਨੇ ਜਿਹੜਾ ਰੈਸਤਰਾਂ ਅਤੇ ਹੋਟਲ ਖੋਲ੍ਹਿਆ ਸੀ, ਉਸ ਦਾ ਨਾਂ ਵੀ ‘ਪਾਇਲ’ ਹੀ ਸੀ। ਇੰਝ ਲੱਗਦਾ ਹੈ ਜਿਵੇਂ ਕਿਸੇ ਪਾਇਲ ਨਾਂ ਦੀ ਲੜਕੀ ਦੇ ਵਿਛੋੜੇ ਵਿੱਚ ਉਸ ਨੇ ਸਾਰਾ ਕਲਾਮ ਕਿਹਾ ਹੈ, ਪਰ ਮੈਂ ਜਿਸ ਗੱਲ ਨੂੰ ਉਘਾੜਨ ਵਾਸਤੇ ਇਹ ਕਹਾਣੀ ਪਾਈ ਹੈ, ਉਹ ਹੈ ਕਿ ਸੁਖਬੀਰ ਸਿੰਘ ਸੰਧੂ ਆਪਣੇ ਪਿਆਰ ਦੀ ਪੂਰਨ ਅਸਫ਼ਲਤਾ ਦੇ ਬਾਵਜੂਦ ਉਸ ਵਾਸਤੇ ਪੂਰੀ ਸ਼ਿੱਦਤ ਨਾਲ ਸਮਰਪਿਤ, ਸੁਹਿਰਦ, ਸੰਤੁਸ਼ਟ ਅਤੇ ਸ਼ਿਕਵੇ-ਸ਼ਿਕਾਇਤਾਂ ਤੋਂ ਬਹੁਤ ਉਤਾਂਹ ਵਿਚਰਨ ਵਾਲਾ ਪ੍ਰੇਮੀ ਹੈ।
ਇੱਥੋਂ ਉੱਭਰਦਾ ਹੈ ਉਹ ਤੀਸਰਾ ਕਾਰਨ ਜਿਹੜਾ ਮੈਨੂੰ ਸੁਖਬੀਰ ਸੰਧੂ ਦੇ ਕਲਾਮ ਨਾਲ ਸਭ ਤੋਂ ਜ਼ਿਆਦਾ ਜੋੜਦਾ ਹੈ ਤੇ ਉਹ ਹੈ ਉਸ ਦੇ ਬਿਰਹਾ-ਸੰਸਾਰ ਦਾ ਆਪਣੇ ਸਮਕਾਲੀ ਸ਼ਾਇਰ ਸ਼ਿਵ ਬਟਾਲਵੀ ਦੇ ਬਿਰਹਾ-ਜਗਤ ਨਾਲੋਂ ਬਹੁਤ ਵੱਡਾ ਅੰਤਰ।
ਇਹ ਦੋਵੇਂ ਬਿਰਹਾ ਦੇ ਕਵੀ ਸਨ, ਸਮਕਾਲੀ ਸਨ, ਇਸ਼ਕ ਵਿੱਚ ਹਾਰੇ ਹੋਏ ਸਨ, ਦਾਰੂ ਦੀ ਟੇਕ ਰੱਖਦੇ ਸਨ ਅਤੇ ਮਾਝੇ ਦੀ ਧਰਤੀ ਨਾਲ ਸਬੰਧਿਤ ਸਨ। ਸ਼ਿਵ ਆਪਣੇ ਆਪ ਨੂੰ ਇਸ਼ਕ ਦੀਆਂ ਬਰਬਾਦੀਆਂ ਦਾ ਸਿਖਰ ਕਹਿੰਦਾ ਹੈ, ਅਧੂਰੇ ਗੀਤ ਦਾ ਸਫ਼ਰ ਅਤੇ ਬੁਝਿਆ ਹੋਇਆ ਚਿਰਾਗ਼ ਮੰਨਦਾ ਹੈ। ਉਸ ਅਨੁਸਾਰ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਲਾਜ ਮੌਤ ਹੈ; ਇਸੇ ਲਈ ਉਸ ਦੀ ਰਚਨਾ ਵਿੱਚ ਮੌਤ ਦੇ ਬਿੰਬ ਵਾਰ-ਵਾਰ ਉੱਭਰਦੇ ਹਨ। ਉਹ ਮੌਤ ਨੂੰ ਆਵਾਜ਼ਾਂ ਮਾਰਦਾ ਵੀ ਦਿਸਦਾ ਹੈ। ਉਹ ਆਪਣੀ ਕਿਸਮਤ ਅਤੇ ਸਮਾਜ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਇਉਂ ਉਹ ਆਪਣੇ ਆਪ ਨੂੰ ਇੱਕ ਪੀੜਤ ਜਾਂ ਵਿਕਟਿਮ ਦੇ ਰੂਪ ਵਿੱਚ ਅਤੇ ਇੱਕ ਹਾਰੇ ਹੋਏ ਇਨਸਾਨ ਦੇ ਤੌਰ ’ਤੇ ਪੇਸ਼ ਕਰਦਾ ਹੈ। ਉਸ ਦੀ ਖ਼ੂਬਸੂਰਤ ਢੁਕਵੀਂ ਬੋਲੀ ਅਤੇ ਸੱਜਰੀ ਬਿੰਬਕਾਰੀ ਉਸ ਦੇ ਬਿਰਹਾ ਭਾਵ ਨੂੰ ਸਮਰੱਥਾ ਨਾਲ ਉਘਾੜਦੀ ਅਤੇ ਉਭਾਰਦੀ ਹੈ।
ਅਸੀਂ ਕਾਲਜ ਦੇ ਦਿਨਾਂ ਵਿੱਚ ਸੰਧੂ ਦੀ ਮਸ਼ਹੂਰ ਗ਼ਜ਼ਲ ‘ਉਸ ਬੇਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ, ਬੀਤੇ ਦਿਨਾਂ ਦੀ ਫ਼ੇਰ ਤਮੰਨਾ ਕਰਾਂ ਕਿ ਨਾ’ ਆਪਣੇ ਗਾਇਕ ਸਾਥੀਆਂ ਪਾਸੋਂ ਅਕਸਰ ਸੁਣਦੇ ਸਾਂ ਅਤੇ ਕਦੇ-ਕਦੇ ਖ਼ੁਦ ਵੀ ਗੁਣਗੁਣਾਉਂਦੇ ਸਾਂ, ਹਾਲਾਂਕਿ ਸਾਨੂੰ ਕਿਸੇ ਨੂੰ ਵੀ ਇਸ ਦੇ ਲੇਖਕ ਦੇ ਨਾਮ ਦਾ ਕੋਈ ਗਿਆਨ ਨਹੀਂ ਸੀ। ਮੈਨੂੰ ਤਾਂ ਇਹ ਗਿਆਨ ਵੀ ਹੁਣ ਗੁਰਭਜਨ ਗਿੱਲ ਵੱਲੋਂ ਪੁਸਤਕ ਦੀ ਪੁਨਰ-ਪ੍ਰਕਾਸ਼ਨਾ ਦੇ ਮੌਕੇ ਹੀ ਹੋਇਆ ਹੈ। ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਨਸੀਬੋ ਲਾਲ ਜਿਹੇ ਵੱਡੇ ਗਾਇਕਾਂ ਨੇ ਇਸ ਨੂੰ ਆਵਾਜ਼ ਦਿੱਤੀ ਹੈ।
ਇਸ ਗ਼ਜ਼ਲ ਦਾ ਬਿਆਨ ਬਹੁਤ ਸੱਜਰਾ ਹੈ। ਉਹਦਾ ਸਾਨੂੰ ਪੁੱਛਣਾ ਕਿ ਬੇਵਫ਼ਾ ਦੀ ਯਾਦ ਵਿੱਚ ਰੋਵੇ ਕਿ ਨਾ, ਪੁਰਾਣੇ ਦਿਨਾਂ ਦੀ ਤਮੰਨਾ ਕਰੇ ਕਿ ਨਾ, ਉਸ ਦੀ ਕਮਾਲ ਦੀ ਕਾਵਿਕ ਜੁਗਤ ਹੈ। ਪਰ ਸਾਨੂੰ ਸੁਖਬੀਰ ਸੰਧੂ ਦੀਆਂ ਬਾਕੀ ਗ਼ਜ਼ਲਾਂ ਦਾ ਪਾਠ ਵੀ ਵਿਲੱਖਣ ਲੱਗਿਆ ਹੈ। ਮੂਲ ਰੂਪ ਵਿੱਚ ਤਾਂ ਉਹ ਵੀ ਬਿਰਹਾ ਦਾ ਹੀ ਸ਼ਾਇਰ ਹੈ ਅਤੇ ਵਿਛੋੜਾ ਉਸ ਦੀ ਗ਼ਜ਼ਲ ਦਾ ਮੂਲ ਅਤੇ ਮੁੱਖ ਵਿਸ਼ਾ ਹੈ। ਉਸ ਦੇ ਕੁਝ ਸ਼ੇਅਰ ਦੇਖੋ:
• ਮੈਂ ਲੱਖ ਦਰਵਾਜ਼ੇ ਢੋਏ ਨੇ, ਮੈਂ ਸੌ ਸੌ ਜੰਦਰੇ ਲਾਏ ਨੇ
ਪਰ ਫਿਰ ਵੀ ਇੱਕ ਦਰ ਪੀੜਾਂ ਦਾ, ਆਪੇ ਖੁੱਲ੍ਹ ਜਾਵੇ ਪਲ ਪਲ ਤੇ
• ਇਹ ਤਾਂ ਉਸ ਦਾ ਹੋ ਗਿਆ ਸੀ, ਫਿਰ ਕਿਉਂ ਹੈ ਮੇਰੇ ਕੋਲ ਜਾਂਦਾ ਜਾਂਦਾ ਦਿਲ, ਓਹਦੀ ਸਰਦਲ ’ਤੇ ਧਰ ਜਾਵਾਂਗਾ ਮੈਂ
• ਲੋਕ ਤਮਾਸ਼ਾ ਵੇਖਣਗੇ ਜੋ ਕਦੇ ਨਾ ਵੇਖਿਆ
ਲਾਸ਼ ਆਪਣੀ ਹੀ ਉਠਾ ਕੇ ਜਦ ਗ਼ੁਜ਼ਰ ਜਾਵਾਂਗਾ ਮੈਂ
• ਤੇਰੇ ਪਾਸਿਓਂ ਇਹ ਹਟੇ, ਤਾਂ ਹੀ ਲਾਵਾਂ
ਕਿਤੇ ਦਿਲ ਲਗਾਣਾ ਮੁਸ਼ਕਲ ਤਾਂ ਨਹੀਂ ਹੈ
• ਅੱਖੀਆਂ ’ਚ ਬਹਿ ਗਏ ਨੇ, ਬਣ-ਠਣ ਕੇ ਹੰਝੂ,
ਤੇਰੀ ਯਾਦ ਆਵਣ ਦੀਆਂ ਵਾਰੀਆਂ ਨੇ
• ਮਿਲੇ ਨਾ ਮਿਲੇ ਮੁਹੱਬਤ ਦੀ ਮਰਜ਼ੀ,
ਅਸਾਂ ਕੀਮਤਾਂ ਪੂਰੀਆਂ ਤਾਰੀਆਂ ਨੇ।

