ਇੰਦਰ ਤੇ ਬੇਗੋ ਦਾ ਅਫ਼ਸਾਨਾ
ਪ੍ਰੇਮ ਪਿਆਰ ਤੇ ਇਬਾਦਤ ਮਨ ਦੀ ਸਹਿਜ ਅਵਸਥਾ ਦੇ ਪ੍ਰਤੀਕ ਹਨ, ਜਿੱਥੇ ਮਨ ਅਡੋਲ ਅਵਸਥਾ ਵਿੱਚ ਆ ਜਾਂਦਾ ਹੈ। ਫੇਰ ਨਫ਼ੇ ਨੁਕਸਾਨ ਦੀ ਗੱਲ ਖ਼ਤਮ ਹੋ ਜਾਂਦੀ ਹੈ ਤੇ ਰੂਹ ਵਿੱਚ ਸੰਪੂਰਨਤਾ ਭਰ ਜਾਂਦੀ ਹੈ। ਇਹ ਅਵਸਥਾ ਵਿਰਲਿਆਂ ਨੂੰ ਪ੍ਰਾਪਤ...
ਪ੍ਰੇਮ ਪਿਆਰ ਤੇ ਇਬਾਦਤ ਮਨ ਦੀ ਸਹਿਜ ਅਵਸਥਾ ਦੇ ਪ੍ਰਤੀਕ ਹਨ, ਜਿੱਥੇ ਮਨ ਅਡੋਲ ਅਵਸਥਾ ਵਿੱਚ ਆ ਜਾਂਦਾ ਹੈ। ਫੇਰ ਨਫ਼ੇ ਨੁਕਸਾਨ ਦੀ ਗੱਲ ਖ਼ਤਮ ਹੋ ਜਾਂਦੀ ਹੈ ਤੇ ਰੂਹ ਵਿੱਚ ਸੰਪੂਰਨਤਾ ਭਰ ਜਾਂਦੀ ਹੈ। ਇਹ ਅਵਸਥਾ ਵਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ। ਇਸ਼ਕ ਕਿਸੇ ਨੂੰ ਵੀ ਕਿਸੇ ਨਾਲ ਵੀ ਹੋ ਸਕਦਾ ਹੈ। ਜੇ ਇਕਤਰਫ਼ਾ ਹੋਵੇ ਤਾਂ ਤਕਲੀਫ਼ ਦਾ ਸਬੱਬ ਬਣਦਾ ਹੈ। ਪੰਜਾਬ ਦੇ ਇਤਿਹਾਸ ’ਚ ਇਸ਼ਕ ਇਬਾਦਤ ਦੀਆਂ ਬਹੁਤ ਕਹਾਣੀਆਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ’ਤੇ ਕਿੱਸੇ, ਕਹਾਣੀਆਂ, ਗੀਤ ਤੇ ਫਿਲਮਾਂ ਵੀ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਘੱਟ ਸਮੇਂ ਲਈ ਹੋਈ ਅਨੋਖੀ ਪਿਆਰ ਕਹਾਣੀ ਬੇਗੋ ਤੇ ਇੰਦਰ ਦੀ ਹੈ, ਜੋ ਲਾਹੌਰ ਨੇੜੇ ਦੀ ਸੁਣਨ ਪੜ੍ਹਨ ਨੂੰ ਮਿਲਦੀ ਹੈ। ਪੁਰਾਤਨ ਲਿਖਤਾਂ ਅਨੁਸਾਰ ਇੰਦਰ ਤੇ ਬੇਗੋ ਲਾਹੌਰ ਦੇ ਇਲਾਕੇ ਦੀ 1904 ਦੇ ਨੇੜੇ-ਤੇੜੇ ਵਾਪਰੀ ਹਰਮਨਪਿਆਰੀ ਤੇ ਸੱਚੀ ਪ੍ਰੀਤ ਕਥਾ ਹੈ, ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸਿੱਧ ਲੇਖਕ ਸੁਖਦੇਵ ਮਾਦਪੁਰੀ ਨੇ ਆਪਣੀ ਪੁਸਤਕ ‘ਪੰਜਾਬ ਦੇ ਲੋਕ ਨਾਇਕ’ ਵਿੱਚ ਵੀ ਇਸ ਦਾ ਵਰਣਨ ਕੀਤਾ ਹੈ।
ਇਸ ਕਥਾ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਹ ਇੱਕੋ ਦਿਨ ਵਿੱਚ ਵਾਪਰਦੀ ਹੈ। ਲਾਹੌਰ ਦੇ ਲਾਗੇ ਘੁੱਗ ਵੱਸਦੇ, ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਨੇ ਉਹਨੂੰ ਬੜੇ ਲਾਡਾਂ ਪਿਆਰਾਂ ਨਾਲ ਪਾਲਿਆ। ਜਿੱਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜ ਕੇ ਬੈਠ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ।
ਇਤਿਹਾਸ ਮੁਤਾਬਿਕ ਇੱਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਸ ਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ, ਪਰ ਉਹਨੂੰ ਪੱਟ ਨਾ ਮਿਲਿਆ। ਕਿਸੇ ਸਹੇਲੀ ਨੇ ਪੱਟ ਲੈਣ ਬਹਾਨੇ ਲਾਹੌਰ ਦੇਖਣ ਦੀ ਰਾਇ ਦੇ ਦਿੱਤੀ। ਪਲਾਂ ਵਿੱਚ ਕਈ ਸਹੇਲੀਆਂ ਜੁੜ ਬੈਠੀਆਂ ਤੇ ਸੌਦਾ ਖ਼ਰੀਦਣ ਲਈ ਵੱਡੇ ਸ਼ਹਿਰ ਲਾਹੌਰ ਜਾਣ ਦੀ ਸਕੀਮ ਪੱਕੀ ਹੋ ਗਈ। ਸਾਰੀਆਂ ਮੁਟਿਆਰਾਂ ਲਾਹੌਰ ਸ਼ਹਿਰ ਜਾ ਵੜੀਆਂ। ਪੇਂਡੂ ਤੇ ਸਾਦ-ਮੁਰਾਦਾ ਹੁਸਨ ਡਲ੍ਹਕਾਂ ਮਾਰਦਾ ਸੀ। ਲਾਹੌਰ ਸ਼ਹਿਰ ਦਾ ਬਾਜ਼ਾਰ ਸਜਿਆ ਪਿਆ ਸੀ। ਲਾਹੌਰ ਦੇ ਬਾਜ਼ਾਰ ਵਿੱਚ ਇਹ ਟੋਲੀ ਇੰਦਰ ਬਜਾਜ ਦੀ ਹੱਟੀ ’ਤੇ ਜਾ ਪੁੱਜੀ। ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ ਤਾਂ ਉਹ ਬੇਗੋ ਦਾ ਹੋ ਗਿਆ! ਇੰਦਰ ਦੀ ਦੁਕਾਨ ਮੁਟਿਆਰਾਂ ਦੇ ਹਾਸਿਆਂ ਨਾਲ਼ ਛਣਕ ਰਹੀ ਸੀ। ਮੁਟਿਆਰਾਂ ਆਪਸ ਵਿੱਚ ਘੁਸਰ-ਮੁਸਰ ਕਰਕੇ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ, ਪਰ ਬੇਗੋ ਸ਼ਰਮਾਉਂਦੀ, ਸੁੰਗੜਦੀ ਜਿਹੀ ਮਿੰਨ੍ਹਾ-ਮਿੰਨ੍ਹਾ ਹੱਸਦੀ ਇੰਦਰ ਦੀ ਰੂਹ ’ਚ ਉਤਰ ਚੁੱਕੀ ਸੀ।
ਜਦੋਂ ਪੱਟ ਦਾ ਕੱਪੜਾ ਪਸੰਦ ਆਇਆ ਤਾਂ ਉਸ ਦਾ ਸੌਦਾ ਘੱਟ ਵੱਧ ਕਰਦੇ ਹੋਏ ਇੰਦਰ ਨੇ ਬੇਗੋ ਦੀਆਂ ਸਹੇਲੀਆਂ ਨੂੰ ਕਿਹਾ ਕਿ ਜੇ ਬੇਗੋ ਕਹਿ ਦੇਵੇ ਤਾਂ ਮੈਂ ਸਾਰੀ ਹੱਟ ਉਸ ਨੂੰ ਦੇ ਦੇਵਾਂ। ਇੰਦਰ ਦੀ ਇਹ ਗੱਲ ਸੁਣ ਕੇ ਉਸ ਦੀਆਂ ਸਹੇਲੀਆਂ ਵਾਰ-ਵਾਰ ਕਹਿਣ ਲੱਗੀਆਂ, ‘‘ਅੜੀਏ ਆਖ ਦੇ ਖਾਂ, ਤੇਰਾ ਕਿਹੜਾ ਮੁੱਲ ਲੱਗਦੈ।’’ ਇੱਕ ਸਹੇਲੀ ਦੀ ਨੀਤ ਵਧੀਆ ਥਾਨ ’ਤੇ ਫਿੱਟੀ ਹੋਈ ਸੀ। ‘‘ਮੇਰੇ ਵੱਲੋਂ ਤਾਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।’’ ਬੇਗੋ ਦੇ ਸ਼ਹਿਦ ਜਿਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ। ਉਹ ਮੁਸਕੁਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਇਸ ਜਨੂੰਨੀ ਆਸ਼ਕ ਵੱਲ ਤੱਕ ਕੇ ਮੁਸ਼ਕੜੀਏ ਹੱਸ ਤੇ ਟਿੱਚਰਾਂ ਕਰ ਰਿਹਾ ਸੀ। ‘‘ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ! ਤੁਸੀਂ ਥਾਨ ਪਰਖਦੇ ਰਹੋ। ਬੇਗੋ ਇੱਕ ਵਾਰੀ ਆਖੇ ਸਹੀ, ਮੈਂ ਇਹਦੇ ਦੇਖਦੇ-ਦੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ...!’’ ਉਹ ਸੱਚਮੁੱਚ ਹੀ ਇਸ਼ਕ ਦਾ ਵਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।
ਖੁੱਲ੍ਹੇ-ਡੁੱਲ੍ਹੇ ਪੇਂਡੂ ਮਾਹੌਲ ਵਿੱਚ ਪਲੀਆਂ ਅੱਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦਿੰਦੀਆਂ ਨੇ। ਉਨ੍ਹਾਂ ਝੱਟ ਬੇਗੋ ਦੇ ਮੁੱਖੋਂ ਇਹ ਗੱਲ ਵੀ ਅਖਵਾ ਲਈ... ਤੇ ਇੰਦਰ ਨੇ ਅੱਖ ਨਾ ਝਮਕਣ ਦਿੱਤੀ, ਮਿੱਟੀ ਦੇ ਤੇਲ ਦਾ ਪੀਪਾ ਉਹਨੇ ਦੁਕਾਨ ਵਿੱਚ ਡੋਲ੍ਹ ਦਿੱਤਾ ਤੇ ਲੋਕਾਂ ਦੇ ਰੋਕਦੇ-ਰੋਕਦੇ ਦੁਕਾਨ ਨੂੰ ਅੱਗ ਲਾ ਦਿੱਤੀ। ਲਾਟਾਂ ਆਸਮਾਨ ਨੂੰ ਛੂਹਣ ਲੱਗੀਆਂ ਤੇ ਦੁਕਾਨ ਸੜ ਕੇ ਸੁਆਹ ਹੋ ਗਈ। ਮੁਟਿਆਰਾਂ ਦੀ ਟੋਲੀ ਸਹਿਮੀ ਤੇ ਘਬਰਾਈ ਹੋਈ ਉੱਥੋਂ ਖਿਸਕ ਤੁਰੀ। ਉਹ ਇਹ ਨਹੀਂਂ ਸਨ ਜਾਣਦੀਆਂ ਕਿ ਉਨ੍ਹਾਂ ਦੇ ਨਿੱਕੇ ਜਿਹੇ ਮਖੌਲ ਕਾਰਨ ਇੰਦਰ ਇਹ ਕੁਝ ਕਰ ਗੁਜ਼ਰੇਗਾ।
ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁੱਝਿਆ ਹੋਇਆ ਸੀ, ਪਰ ਇੰਦਰ ਬੇਗੋ ਨੂੰ ਲੱਭ ਰਿਹਾ ਸੀ। ਉਹ ਕਿਧਰੇ ਨਜ਼ਰ ਨਹੀਂ ਸੀ ਆ ਰਹੀ। ਉਹ ਤਾਂ ਉਹਦਾ ਸਭ ਕੁਝ ਖੋਹ ਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ, ਬੇਗੋ ਕੂਕਦਾ ਉਸ ਦੀ ਭਾਲ ਵਿੱਚ ਨੱਸ ਟੁਰਿਆ। ਬੇਗੋ ਤੇ ਉਸ ਦੀਆਂ ਸਹੇਲੀਆਂ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਨ੍ਹਾਂ ਦੇ ਮਗਰ ਰਾਵੀ ਦੇ ਪੁਲ ’ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, ‘‘ਬੇਗੋ, ਤੂੰ ਮੈਨੂੰ ਛੱਡ ਕੇ ਕਿੱਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ’ਕੱਲਾ ਕਿਵੇਂ ਰਹਿ ਸਕਦਾ ਹਾਂ? ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।’’ ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ। ‘‘ਇੰਦਰਾ, ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ- ਤੇਰੇ ਟੋਟੇ-ਟੋਟੇ ਕਰਕੇ ਉਹਨੇ ਸਾਹ ਲੈਣੈ!’’ ਨਾਲ਼ ਦੀ ਇੱਕ ਸਹੇਲੀ ਨੇ ਡਰਾਵਾ ਦਿੱਤਾ।
ਬੇਗੋ ਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ ਤੇ ਇੰਦਰ ਉਸ ਲਈ ਸਭ ਕੁਝ ਝੱਲਣ ਲਈ ਤਿਆਰ ਸੀ। ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦਰਿਆ ਦੇ ਪਾਣੀ ਵਿੱਚ ਕੇਸਰ ਘੋਲ਼ ਰਹੀਆਂ ਸਨ। ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਅਨੋਖੀ ਉਲਝਣ ਵਿੱਚ ਫਸੀ ਖੜ੍ਹੀ ਸੀ। ਲਟ-ਲਟ ਬਲ਼ ਰਹੀ ਹੱਟੀ ਦੇ ਚੰਗਿਆੜੇ ਅਜੇ ਵੀ ਉਨ੍ਹਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡਿੱਕ-ਡੋਲੇ ਖਾ ਰਹੀ ਸੀ। ਆਪਣੇ ਪਿਤਾ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ। ‘‘ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ਼ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ! ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ...!’’ ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵੱਲ ਇਸ਼ਾਰਾ ਕਰਕੇ ਕਿਹਾ। ‘‘ਮੇਰੇ ਵੱਲੋਂ ਤਾਂ ਕੱਲ੍ਹ ਨੂੰ ਮਰਦਾ ਅੱਜ ਈ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।’’ ਇਹ ਕਹਿੰਦਿਆਂ ਗੁੱਸੇ ਨਾਲ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ। ਉਸ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ। ਬੇਗੋ ਦੇ ਬੋਲਾਂ ’ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ। ਉਹ ਝੰਜੋੜੀ ਗਈ। ਇੱਕ ਪਲ ਉਹ ਅਹਿਲ ਖੜ੍ਹੀ ਘੁੰਮਣਘੇਰੀਆਂ ਵੱਲ ਤੱਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ਼ ਘੁਮਾਵਣ ਦੀ ਲਾਲਸਾ ਸੀ। ਬੇਗੋ ਦੀਆਂ ਸਹੇਲੀਆਂ ਨੇ ਦੇਖਿਆ ਤਾਂ ਬੇਗੋ ਉਨ੍ਹਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਲਹਿਰਾਂ ਵਿੱਚ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ। ਦਰਿਆ ਦੀ ਇੱਕ ਲਹਿਰ ਉਹਨੂੰ ਵੀ ਆਪਣੇ ਨਾਲ਼ ਹੀ ਰੋੜ੍ਹ ਕੇ ਲੈ ਗਈ। ਦੋ ਲੋਥਾਂ ਇਕੱਠੀਆਂ ਵਹਿ ਰਹੀਆਂ ਸਨ। ਮੁਟਿਆਰਾਂ ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ। ਉਹ ਸੋਚ ਰਹੀਆਂ ਸਨ ਕਿ ਉਹ ਕਿਹੜੇ ਮੂੰਹ ਨਾਲ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣਗੀਆਂ। ਇਸ ਪ੍ਰੀਤ ਕਹਾਣੀ ਨੂੰ ਵਾਪਰਿਆਂ ਭਾਵੇਂ ਇੱਕ ਸਦੀ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ, ਪਰ ਇਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ’ਚ ਵੱਸੀ ਹੋਈ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਰੀਝਾਂ ਨਾਲ਼ ਗਾਉਂਦੇ ਹਨ।
ਸੰਪਰਕ: 94174-04804

