ਮੁੜ੍ਹਕੇ ਦੀ ਵਿਰਾਸਤ...!
ਮੇਰੇ ਪਿੰਡ ਦੀਆਂ ਗਲ਼ੀਆਂ ਨੂੰ ਨਹੀਂ ਪਤਾ ਪਟਾਕੇ ਪਾਉਂਦੇ ਅੱਥਰੇ ਬੁਲੇਟਾਂ ਦਾ। ਇੱਥੋਂ ਦੀ ਫ਼ਿਜ਼ਾ ਤਾਂ ਜਾਗਦੀ ਹੈ ਸੁਵਖਤੇ ਰੋਟੀ ਦੀ ਭਾਲ਼ ’ਚ ਤੁਰੇ ਲੋਕਾਂ ਦੇ ਪੈਰਾਂ ਦੀ ਆਹਟ ਨਾਲ਼। ਮੇਰੇ ਪਿੰਡ ਦੇ ਕਈ ਪੈਰਾਂ ਦੀ ਰੋਟੀ ਦੀ ਤਲਾਸ਼ ਨਿੱਤ...
ਮੇਰੇ ਪਿੰਡ ਦੀਆਂ ਗਲ਼ੀਆਂ ਨੂੰ ਨਹੀਂ ਪਤਾ
ਪਟਾਕੇ ਪਾਉਂਦੇ ਅੱਥਰੇ ਬੁਲੇਟਾਂ ਦਾ।
ਇੱਥੋਂ ਦੀ ਫ਼ਿਜ਼ਾ ਤਾਂ ਜਾਗਦੀ ਹੈ
ਸੁਵਖਤੇ ਰੋਟੀ ਦੀ ਭਾਲ਼ ’ਚ ਤੁਰੇ
ਲੋਕਾਂ ਦੇ ਪੈਰਾਂ ਦੀ ਆਹਟ ਨਾਲ਼।
ਮੇਰੇ ਪਿੰਡ ਦੇ ਕਈ ਪੈਰਾਂ ਦੀ
ਰੋਟੀ ਦੀ ਤਲਾਸ਼ ਨਿੱਤ ਜਾ ਬਹਿੰਦੀ ਹੈ
ਸ਼ਹਿਰ ਦੇ ਲੇਬਰ ਚੌਕ ਦੇ ਛੱਪਰ ਹੇਠ,
ਪਰਤ ਆਉਂਦੀ ਹੈ ਸ਼ਾਮ ਨੂੰ ਪਰ
ਨਿੰਮੋਝੂਣੀ ਖਾਲੀ ਹੱਥ
ਘਰ ਦੀਆਂ ਉਡੀਕਦੀਆਂ ਬਰੂਹਾਂ ਵੱਲ।
ਮੇਰੇ ਬਾਪੂ ਦੇ ਹੱਥਾਂ ਦੇ ਅੱਟਣ
ਨਹੀਂ ਜਾਣਦੇ ਸਨ ਕੋਈ ਅੱਖਰ ਵਾਹੁਣਾ,
ਪਰ ਉਹ ਆਪ ਹੀ ਇੱਕ ਕਿਤਾਬ ਸਨ,
ਜਿਸਦੇ ਵਰਕਿਆਂ ’ਤੇ ਉੱਕਰੇ ਹੋਏ ਸੀ
ਪਤਾ ਨਹੀਂ ਨਿੱਤ ਵਾਪਰਦੇ ਕਿੰਨੇ ਕੁ
ਮਿਹਨਤਾਂ ਦੇ ਚੀਰਹਰਨਾਂ ਦੇ ਕਿੱਸੇ।
ਮੇਰੇ ਲਈ ਜਵਾਨੀ ਦਾ ਮਤਲਬ ਨਹੀਂ
ਮੇਲੇ ਵਿੱਚ ਕਿਸੇ ਦੁਪੱਟੇ ਦੀਆਂ ਪੈੜਾਂ ਨੱਪਣਾ,
ਨਾ ਦੋ ਘੁੱਟ ਲਾ ਬੱਕਰੇ ਬੁਲਾਉਣਾ।
ਮਾਂ ਦੀਆਂ ਅੱਖਾਂ ਦੀ ਘੂਰ ਅਤੇ
ਘਰ ਦੀਆਂ ਜ਼ਿੰਮੇਵਾਰੀਆਂ ਹੀ ਨੇ
ਮੇਰੇ ਨਿੱਤ ਦੇ ਕਰਮ ਦਾ ਸਿਰਨਾਵਾਂ।
ਮੇਰੇ ਚਿਹਰੇ ਦੀ ਇਬਾਰਤ ਨੂੰ ਨਹੀਂ ਪਤਾ
ਪਿਸਤੌਲਾਂ ਤੇ ਕਾਰਤੂਸਾਂ ਦਾ ਹਿਸਾਬ,
ਇੱਥੇ ਤਾਂ ਉੱਕਰੇ ਹੋਏ ਨੇ ਬੜੇ ਡੂੰਘੇ
ਮਾਂ ਦੀਆਂ ਆਸਾਂ-ਉਮੀਦਾਂ ਦੇ ਅਕਸ,
ਜਾਂ ਵਧ ਰਹੀ ਭੈਣ ਦੀ ਉਮਰ ਨਾਲ਼
ਉਸ ਦੇ ਹੱਥ ਪੀਲ਼ੇ ਕਰਨ ਦਾ ਫ਼ਿਕਰ।
ਮੇਰੀਆਂ ਉਂਗਲ਼ਾਂ ਕੀ ਜਾਣਨ
ਥਾਰ ਦੇ ਕਾਲ਼ੇ ਸ਼ੀਸ਼ਿਆਂ ’ਤੇ ਵਾਹੇ
ਅਕਸ ਕੀ ਮਾਅਨੇ ਰੱਖਦੇ ਨੇ।
ਉਹ ਤਾਂ ਸੜਕਾਂ ’ਤੇ ਤਾਰਕੋਲ ਵਿਛਾਉਂਦਿਆਂ
ਵਾਹੁੰਦੀਆਂ ਨੇ ਭੁੱਖ ਤੇ ਰੋਟੀ ਦੇ ਅਕਸ।
ਮੈਂ ਤਾਂ ਮਿੱਟੀ ਦਾ ਪੁੱਤ ਹਾਂ
ਮੇਰੇ ਲਈ ਮੇਰਾ ਪਸੀਨਾ ਇਤਰ ਦੀ ਮਹਿਕ,
ਇਮਾਨਦਾਰੀ ਮੇਰਾ ਗਹਿਣਾ।
ਮੈਨੂੰ ਨਹੀਂ ਪਤਾ ਵੱਡੀਆਂ ਗੱਡੀਆਂ ਦਾ
ਨਾ ਬ੍ਰਾਂਡਿਡ ਜੀਨਾਂ ਦੀ ਟੌਹਰ ਦਾ
ਮੈਂ ਤਾਂ ਹਵੇਲੀਆਂ ਨੂੰ ਰੰਗ ਰੋਗਨ ਕਰਦਿਆਂ
ਆਪਣੀ ਜ਼ਮੀਰ ਨੂੰ ਹੀ ਲਿਸ਼ਕਾਇਆ ਹੈ।
ਵਕਤ, ਸਿੰਘਾਸਣ, ਸੱਤਾ
ਕਦੋਂ ਲੈਂਦੇ ਮਿਹਨਤਕਸ਼ਾਂ ਦੀ ਸਾਰ।
ਤਪਦੀਆਂ ਦੁਪਹਿਰਾਂ ’ਚ ਵਗਿਆ ਪਸੀਨਾ
ਜਾਣਦਾ ਹੈ ਕਿ ਇਤਿਹਾਸ ਨੂੰ ਆਖ਼ਰ
ਝਾਕਣਾ ਹੀ ਪੈਣਾ ਆਪਣੀ ਬੁੱਕਲ਼ ਵਿੱਚ।
ਕਿਰਤੀਆਂ ਦੇ ਮੁੜ੍ਹਕੇ ’ਚੋਂ ਹੀ ਜਿੱਥੇ
ਜ਼ਿੰਦਗੀ ਦੇ ਨਕਸ਼ ਨਜ਼ਰ ਆਉਣਗੇ।
ਕੀ ਹੋਇਆ ਜੇ ਅੱਜ
ਕਿਸੇ ਧਰਤੀ ਦੇ ਟੋਟੇ ’ਤੇ ਮੇਰਾ ਨਾਂ ਨਹੀਂ।
ਮੇਰੀ ਵਿਰਾਸਤ, ਰੋਟੀ ਦੀ ਤਲਾਸ਼।
ਮੇਰੇ ਹੱਥ ਦੇ ਅੱਟਣਾਂ ’ਚੋਂ ਝਾਕਦੇ
ਬਾਪੂ ਦੇ ਪਾਟੇ ਹੱਥ, ਫਿਰ ਵੀ,
ਸਿਰ ਉੱਚਾ ਚੁੱਕ ਕੇ ਤੁਰਨ ਦੀ ਜ਼ਿੱਦ।
ਜ਼ਿੰਦਗੀ ਕਦੇ ਤਾਂ ਲੈ ਕੇ ਆਵੇਗੀ
ਆਖ਼ਰ ਕੋਈ ਆਸ ਦੀ ਕਿਰਨ।
ਸੰਪਰਕ: 98783-30324
* * *

