DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣ ਯਾਤਰਾ

ਗੱਜਣਵਾਲਾ ਸੁਖਮਿੰਦਰ ਸਿੰਘ ਦੀ ਨਵੀਂ ਪੁਸਤਕ ‘ਪੋਥੀ ਪਰਮੇਸਰ ਕਾ ਥਾਨੁ ... ਤੋਂ ... ਗੁਰੂ ਮਾਨਿਓ ਗ੍ਰੰਥ: ਇੱਕ ਇਤਿਹਾਸਕ ਤੇ ਰੂਹਾਨੀ ਸਫ਼ਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣ ਯਾਤਰਾ ਦਾ ਬਿਰਤਾਂਤ ਹੈ। ਉਸ ਦਾ ਆਪਣਾ ਕਥਨ ਹੈ: ‘ਇਹ ਪੁਸਤਕ ਪੰਚਮ ਪਾਤਸ਼ਾਹ...

  • fb
  • twitter
  • whatsapp
  • whatsapp
Advertisement

ਗੱਜਣਵਾਲਾ ਸੁਖਮਿੰਦਰ ਸਿੰਘ ਦੀ ਨਵੀਂ ਪੁਸਤਕ ‘ਪੋਥੀ ਪਰਮੇਸਰ ਕਾ ਥਾਨੁ ... ਤੋਂ ... ਗੁਰੂ ਮਾਨਿਓ ਗ੍ਰੰਥ: ਇੱਕ ਇਤਿਹਾਸਕ ਤੇ ਰੂਹਾਨੀ ਸਫ਼ਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣ ਯਾਤਰਾ ਦਾ ਬਿਰਤਾਂਤ ਹੈ। ਉਸ ਦਾ ਆਪਣਾ ਕਥਨ ਹੈ: ‘ਇਹ ਪੁਸਤਕ ਪੰਚਮ ਪਾਤਸ਼ਾਹ ਦੁਆਰਾ ‘ਆਦਿ ਬੀੜ’ ਰਚਣ, ਸਿਰਜਣ-ਸਜਾਉਣ ਦੇ ਤਮਾਮ ਉਪਰਾਲਿਆਂ, ਵਸੀਲਿਆਂ, ਤਰੱਦਦਾਂ ਦੀ ਅਪਾਰ ਗਾਥਾ ਹੈ। ਇੱਕ ਤਵਾਰੀਖ਼ੀ ਤੇ ਰੂਹਾਨੀ ਸਫ਼ਰ ਦੇ ਵਰਣਨ ਨੂੰ ਦਰਸਾਉਣ ਦੀ ਕੋਸ਼ਿਸ਼ ਹੈ। ਇਸ ਪੁਸਤਕ ਵਿਚਲੀ ਲਿਖਤ ਪਾਵਨ ‘ਆਦਿ (ਬੀੜ) ਗ੍ਰੰਥ ਸਾਹਿਬ’ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਤਕਮੀਲ ਹੋਣ ਤਕ ਗੁਰੂ ਸਾਹਿਬਾਨ ਜੀ ਨੂੰ ਖ਼ਾਸ ਪੜਾਵਾਂ ਥਾਣੀਂ ਲੰਘਦਿਆਂ ਦਰਪੇਸ਼ ਚੁਣੌਤੀਆਂ, ਦਰਪੇਸ਼ ਦਿੱਕਤਾਂ ਨੂੰ ਨਜਿੱਠਣ ਲਈ ਤੇ ਅਣਥੱਕ ਘਾਲ ਕਮਾਈ ਦੁਆਰਾ ਵੱਡੇ ਪੈਂਡੇ ਨੂੰ ਪਾਰ ਕਰਨ ’ਪਰ ਆਧਾਰਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ, ਸੰਪਾਦਨਾ ਅਤੇ ਸੰਪੂਰਨਤਾ ਕੋਈ ਸਧਾਰਨ ਕਾਰਜ ਨਹੀਂ ਸੀ। ਇਸ ਮਹਾਨ ਕਾਰਜ ਦੌਰਾਨ ਗੁਰੂ ਸਾਹਿਬਾਨ ਨੂੰ ਅਨੇਕ ਬਾਹਰੀ ਤੇ ਅੰਦੂਰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।’

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸਤਤਿ ਵਿੱਚ ਲੇਖਕ ਦੀ ਧਾਰਨਾ ਹੈ ਕਿ ਇਹ ਵਾਹਿਦ ਲਾਸਾਨੀ ਧਰਮ ਗ੍ਰੰਥ ਹੈ ਜੋ ਇਸ ਭੂ-ਮੰਡਲ ’ਤੇ ਅਜ਼ੀਮ ਇਲਾਹੀ ਸਥਾਨ ਪਾ ਚੁੱਕਾ ਹੈ। ਇਸ ਵਿਚਲਾ ਰੱਬੀ ਪੈਗ਼ਾਮ ਸਮੁੱਚੀ ਮਾਨਵਤਾ ਲਈ ਸਰਬੱਤ ਦੇ ਭਲੇ ਦਾ ਮਾਰਗ ਦਰਸ਼ਕ ਬਣ ਚੁੱਕਾ ਹੈ ਜੋ ਸੱਚ ਦੇ ‘ਗਾਡੀ ਰਾਹੁ’ (ਸ਼ਾਹ ਰਾਹ) ’ਤੇ ਚੱਲਣ ਦੀ ਜੀਵਨ ਜੁਗਤ ਦਾ ਪ੍ਰਦਾਨ ਕਰਦਾ ਅਤੇ ਗੁਰੂ ਸਾਹਿਬਾਨ ਦੇ ਇਲਾਹੀ ਸੰਦੇਸ਼ ਨੂੰ ਸਰਬ-ਵਿਆਪਕ ਪ੍ਰਸਾਰਿਤ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਦੇ ਨਹੀਂ ਸਗੋਂ ਸਾਰੀ ਸ੍ਰਿਸ਼ਟੀ ਦੇ ਰਹਿਨੁਮਾ ਬਣ ਚੁੱਕੇ ਹਨ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਸਮੁੱਚੀ ਮਾਨਵਤਾ ਦੇ ਭਲੇ ਦੀ ਠੋਸ ਗਵਾਹੀ ਬਣ ਚੁੱਕਾ ਹੈ। ਸਿੱਖ ਅਰਦਾਸ ਦਾ ਮੂਲ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਸਿਰਫ਼ ਇੱਕ ਭਾਈਚਾਰੇ ਲਈ ਨਹੀਂ ਸਗੋਂ ਪੂਰੀ ਸ੍ਰਿਸ਼ਟੀ ਦੇ ਭਲੇ ਦੀ ਮੰਗ ਦਾ ਰੂਪਕ ਹੈ। ਗੁਰਬਾਣੀ ਵਿੱਚ ‘ਬਲਿਹਾਰੀ ਕੁਦਰਤਿ ਵਸਿਆ’ ਦੇ ਲਕਬ ਨਾਲ ਕੁਦਰਤ ਨੂੰ ਰੱਬ ਦਾ ਰੂਪ ਮੰਨਣਾ ਵਾਤਾਵਰਣ ਦੀ ਸੰਭਾਲ ਲਈ ਸਾਰੀ ਦੁਨੀਆ ਨੂੰ ਇਲਾਹੀ ਸੰਦੇਸ਼ ਹੈ। ਇਸਤਰੀ ਤੇ ਮਰਦ, ਅਮੀਰ ਤੇ ਗ਼ਰੀਬ ਦੇ ਪਾੜੇ ਨੂੰ ਖ਼ਤਮ ਕਰਨ ਅਤੇ ਸਭ ਨੂੰ ਇੱਕੋ ਪੰਗਤ ਵਿੱਚ ਬੈਠਣ (ਲੰਗਰ ਪ੍ਰਥਾ) ਦਾ ਉਪਦੇਸ਼ ਗੁਰਬਾਣੀ ਦਾ ਸਮੁੱਚੀ ਮਾਨਵਤਾ ਨੂੰ ਜੋੜਨ ਦਾ ਸੁੰਦਰ ਸੁਨੇਹਾ ਹੈ। ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਸਚਿਆਰਾ ਅਤੇ ਸਫ਼ਲ ਜੀਵਨ ਜਿਊਣ ਦਾ ਵੱਲ, ਨੈਤਿਕਤਾ ਅਤੇ ਕਿਰਤ ਪ੍ਰਤੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲੇ ਹਰ ਇਨਸਾਨ ਲਈ ਨਿਮਰ ਇਲਾਹੀ ਪੁਕਾਰ ਹੈ। ਇਸ ਪਵਿੱਤਰ ਗ੍ਰੰਥ ਅੰਦਰਲਾ ਨਿਰਭਉ (ਬਿਨਾਂ ਡਰ) ਅਤੇ ਨਿਰਵੈਰ (ਬਿਨਾਂ ਵੈਰ) ਹੋ ਕੇ ਸੱਚ ਦੇ ਮਾਰਗ ’ਤੇ ਚੱਲਣ ਅਤੇ ਮਜ਼ਲੂਮ ਦੀ ਰੱਖਿਆ ਕਰਨ ਦਾ ਆਦੇਸ਼ ਸਮੁੱਚੀ ਲੋਕਾਈ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਮੁੱਚ ਸਾਡਾ ਕਾਮਿਲ ਰਹਿਬਰ ਹੈ, ਜਿਨ੍ਹਾਂ ਦਾ ਰੂਹਾਨੀ ਪ੍ਰਕਾਸ਼ ਸੂਰਜ ਵਾਂਗ ਸਾਰੀ ਦੁਨੀਆ ਲਈ ਇੱਕ ਸਮਾਨ ਵਰਤ ਰਿਹਾ ਹੈ।

Advertisement

ਸੁਖਮਿੰਦਰ ਗੱਜਣਵਾਲਾ ਦੇ ਕਹਿਣ ਅਨੁਸਾਰ ਗੁਰੂ ਕਾਲ ਦੌਰਾਨ ਸੁਚੇਤ ਲੋਕਾਂ ਵਿੱਚ ਇੱਕ ਖ਼ਾਸ ਰਵਾਇਤ ਦ੍ਰਿੜ੍ਹ ਹੋ ਚੁੱਕੀ ਸੀ ਕਿ ਧਰਮ ਦੀ ਮਕਬੂਲੀਅਤ ਅਤੇ ਧਰਮ ਨੂੰ ਵਧੀਕ ਵਿਕਸਤ ਕਰਨ ਅਤੇ ਪ੍ਰਚਾਰਨ ਪਸਾਰਨ ਲਈ ਧਰਮ ਦੀ ਕੋਈ ਧਰਮ-ਪੋਥੀ ਹੋਣੀ ਬਹੁਤ ਜ਼ਰੂਰੀ ਹੈ। ਇੱਕ ਤਰ੍ਹਾਂ ਨਾਲ ‘ਧਰਮ ਪੋਥੀ’ ਦਾ ਹੋਣਾ ਇੱਕ ਲਾਜ਼ਮੀ ਸ਼ਰਤ ਬਣ ਚੁੱਕੀ ਸੀ। ਉਸ ਵੇਲੇ ਹਰ ਧਰਮ ਕੋਲ ਆਪੋ ਆਪਣੀ ਧਰਮ ਪੋਥੀ ਮੌਜੂਦ ਸੀ। ਯਹੂਦੀਆਂ ਕੋਲ ਤੌਰੇਤ/ਤੋਰਾਹ ਸੀ। ਇਸਾਈਆਂ ਕੋਲ ਬਾਈਬਲ/ਅੰਜੀਲ ਸੀ। ਮੁਸਲਮਾਨਾਂ ਕੋਲ ਕੁਰਾਨ ਅਤੇ ਹਿੰਦੂਆਂ ਕੋਲ ਵੇਦ ਉਪਨਿਸ਼ਦ। ਬੁੱਧ ਧਰਮ ਕੋਲ ਤ੍ਰਿਪਿਟਕ ਅਤੇ ਜੈਨ ਧਰਮ ਕੋਲ ਅਗਮ।

Advertisement

ਗੱਜਣਵਾਲਾ ਦੀ ਹਥਲੀ ਪੁਸਤਕ ਦੇ ਚਾਰ ਭਾਗ ਹਨ। ਪਹਿਲੇ ਭਾਗ ਦੇ ਪਹਿਲੇ ਅਧਿਆਏ ‘ਗੁਰੂ ਪੰਚਮ ਪਾਤਸ਼ਾਹ ਦਾ ਇਲਾਹੀ ਸੰਕਲਪ’ ਵਿੱਚ ਗੁਰੂ ਅਰਜਨ ਦੇਵ ਜੀ ਦੇ ਆਦਿ ਬੀੜ ਰਚਣ ਹਿੱਤ ਸੰਕਲਪ ਬਾਰੇ ਹੈ। ਲੇਖਕ ਦਾ ਵਿਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਦੂਜੇ ਗੁਰੂ ਸਾਹਿਬਾਨ ਆਪਣੇ ਗੁਰੂਤਾ ਕਾਲ ਦੌਰਾਨ ਸ਼ਬਦ ਬਾਣੀ ਰਚ ਕੇ ਇਸ ਫ਼ਾਨੀ ਜਹਾਨ ਤੋਂ ਜਾ ਚੁੱਕੇ ਸਨ। ਉਨ੍ਹਾਂ ਦੀ ਬਾਣੀ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਹੋਣ ਵਾਲੀ ਸੀ। ਗੁਰੂ ਅਰਜਨ ਦੇਵ ਜੀ ਨੂੰ ਆਸੇ ਪਾਸਿਉਂ ਕਨਸੋਆਂ ਮਿਲ ਰਹੀਆਂ ਸਨ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਬਾਣੀ ਵਿੱਚ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਅਤੇ ਅੱਗੇ ਉਸ ਦੇ ਪੁੱਤਰ ਹਰਿ ਜੀ ਵੱਲੋਂ ਕੱਚੀ ਬਾਣੀ ਸ਼ਾਮਿਲ ਕਰ ਰਲ਼ਾ ਅਤੇ ਖੋਟ ਪਾਈ ਜਾ ਰਹੀ ਹੈ। ਇਸ ਲਈ ਇਸ ਬਾਣੀ ਨੂੰ ਨਿਯਮਬੱਧ ਅਤੇ ਵਿਧੀਵਤ ਢੰਗ ਨਾਲ ਤਰਤੀਬ ਦੇ ਕੇ ਪਵਿੱਤਰ ਗ੍ਰੰਥ ਦਾ ਸਰੂਪ ਦੇ ਕੇ ਸੁਰੱਖਿਅਤ ਰੂਪ ਵਿੱਚ ਸਾਂਭਣਾ ਜ਼ਰੂਰੀ ਹੈ। ਇਉਂ ਹਾਲਾਤ ਦੇ ਮੱਦੇਨਜ਼ਰ ‘ਆਦਿ ਗ੍ਰੰਥ ਸਾਹਿਬ’ ਦੀ ਸਿਰਜਣਾ ਗੁਰੂ ਸਾਹਿਬ ਦਾ ਮੁੱਖ ਪ੍ਰਯੋਜਨ ਬਣ ਗਿਆ। ਦੂਜਾ ਅਧਿਆਇ ‘ਪੋਥੀ ਸਰੂਪ: ਪੰਚਮ ਪਾਤਸ਼ਾਹ ਦੀ ਰੂਹਾਨੀ ਅਤੇ ਵਿਗਿਆਨਕ ਵਿਉਂਤਬੰਦੀ’ ਵਿੱਚ ਗੁਰੂ ਸਾਹਿਬਾਨ ਦੇ ਮਨ ਦੀ ਧਾਰਨਾ ਕਿ ‘ਆਦਿ ਗ੍ਰੰਥ’ ਦਾ ਸਰੂਪ ਸਾਰੀ ਦੁਨੀਆ ਦੇ ਧਰਮਾਂ ਤੋਂ ਵਿਲੱਖਣ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸ਼ਬਦ-ਬਾਣੀ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਲਈ ਗੁਰੂ ਅਰਜਨ ਦੇਵ ਜੀ ਦੀ ਧਾਰਨਾ ਬਣ ਚੁੱਕੀ ਸੀ ਕਿ ਗੁਰੂ ਸਾਹਿਬਾਨ ਦੀ ਬਾਣੀ ਨਾਲ ਉਚੀ ਸੁਰਤਿ ਵਾਲੇ ਭਗਤਾਂ ਦੀ ਬਾਣੀ ਨੂੰ ਵੀ ਇਸ ਗ੍ਰੰਥ ਵਿੱਚ ਸ਼ਾਮਿਲ ਕਰਨਾ ਆਵੱਸ਼ਕ ਹੈ। ਗੁਰੂ ਸਾਹਿਬ ਮੂਹਰੇ ਸੰਪਾਦਨਾ ਦਾ ਹੋਰ ਕੋਈ ਸ੍ਰੇਸ਼ਟ ਮਾਡਲ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਹਰ ਧਰਮ, ਵਰਗ ਅਤੇ ਜਾਤ ਦੇ ਭਗਤਾਂ ਦੀ ਬਾਣੀ ਜੋ ਗੁਰਮਤਿ ਦਰਸ਼ਨ ਅਨੁਸਾਰ ਸੀ ਅਤੇ ਆਪਣੀ ਭਾਸ਼ਾ ਕਾਰਨ ਆਮ ਲੋਕਾਈ ਦੇ ਸਮਝ ਆਉਣ ਵਾਲੀ ਸੀ, ਨੂੰ ਵਿਸ਼ੇਸ਼ ਰਾਗ-ਪ੍ਰਬੰਧ ਸ਼ੈਲੀ ਵਿੱਚ ਉਸ ਦੀ ਸੰਗੀਤਕਤਾ ਨੂੰ ਧਿਆਨ ਵਿੱਚ ਰੱਖ ਕੇ ਕਾਵਿ-ਰੂਪ ਦੀ ਸੰਪਾਦਨ-ਜੁਗਤ ਨੂੰ ਸਿਧਾਂਤਕ ਅਤੇ ਵਿਗਿਆਨਕ ਵਿਧੀ ਨਾਲ ਪ੍ਰਬੰਧਬੱਧ ਕੀਤਾ। ਬਾਣੀ ਦੇ ਕਾਵਿ-ਰੂਪ ਸਿਰਜਣ ਸੰਕਲਪ ਬਾਰੇ ਵਿਸ਼ੇਸ਼ ਰੂਪ ਵਿੱਚ ਬਲ ਦਿੱਤਾ ਹੈ। ਜ਼ਿਆਦਾਤਰ ਧਰਮ ਗ੍ਰੰਥ ਵਾਰਤਕ ਵਿੱਚ ਹਨ, ਪਰ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਲੈਆਤਮਿਕਤਾ ਅਤੇ ਸੰਗੀਤਬੱਧਤਾ ਨੂੰ ਮਹੱਤਵ ਦਿੱਤਾ ਗਿਆ ਹੈ। ਇਸ ਸਬੰਧੀ ਸੁਖਮਿੰਦਰ ਗੱਜਣਵਾਲਾ ਦਾ ਕਹਿਣਾ ਹੈ ਕਿ ਗੁਰੂ ਕਾਲ ਤੋਂ ਪਹਿਲਾਂ ਕਈ ਧਰਮਾਂ ਦੇ ਮੌਜੂਦ ਗ੍ਰੰਥ ਗਦ ਰੂਪ ਵਿੱਚ ਹਨ। ਇਸਾਈ ਧਰਮ ਦੇ ਗ੍ਰੰਥ ‘ਬਾਈਬਲ’ ਨਿਊ ਟੈਸਟਾਮੈਂਟ ਦਾ ਵੱਡਾ ਹਿੱਸਾ ਵਾਰਤਕ ਗਦ ਰੂਪ ਵਿੱਚ ਸੀ। ਇਸਲਾਮ ਦਾ ਪਾਵਨ ਗ੍ਰੰਥ ਕੁਰਾਨ ਹਾਲਾਂਕਿ ਬਹੁਤ ਲੈਆਤਮਕ ਕਾਵਿ ਰੂਪ ਵਿੱਚ ਹੈ, ਪਰ ਸੂਰਤਾਂ ਅਤੇ ਆਇਤਾਂ ਗਦ ਵਾਰਤਕ ਰੂਪ ’ਚ ਹਨ। ਯਹੂਦੀਆਂ ਦਾ ਧਰਮ ਗ੍ਰੰਥ ਤਾਨਖ/ਤੌਰੇਤ/ਤੋਰਾਹ ਦੇ ਪਹਿਲੇ ਭਾਗ ਗਦ ਰੂਪ ’ਚ ਹਨ। ਹਿੰਦੂ ਧਰਮ ਦੇ ਬਹੁਤ ਸਾਰੇ ਗ੍ਰੰਥ ਮਨੂੰਸਿਮਰਤੀ, ਧਰਮ ਸੂਤਰ ਅਤੇ ਉਪਨਿਸ਼ਦ ਆਦਿ ਵਾਰਤਕ ਵਿੱਚ ਹਨ। ਬੁੱਧ ਧਰਮ ਦਾ ਗ੍ਰੰਥ ਤ੍ਰਿਪਿਟਕ ਪਾਲੀ ਭਾਸ਼ਾ ’ਚ ਹੈ, ਜਿਸ ਦਾ ਬਹੁਤ ਸਾਰਾ ਹਿੱਸਾ ਵਾਰਤਕ ’ਚ ਹੈ। ਗੁਰੂ ਸਾਹਿਬਾਨ ਨੇ ਬਾਣੀ ਨੂੰ ਕਾਵਿ-ਰੂਪ ਅਤੇ ਰਾਗਾਂ ’ਚ ਬੰਨ੍ਹਿਆ ਤਾਂ ਕਿ ਆਮ ਮਨੁੱਖ ਇਸ ਦੀ ਸੰਗੀਤਕਤਾ ਤੋਂ ਆਤਮਿਕ ਆਨੰਦ ਉਠਾ ਸਕੇ।

ਤੀਜਾ ਅਧਿਆਇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਨ ਬਾਰੇ ਹੈ। ਇਸ ਵਿੱਚ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਵਾਲੇ ਬਿਰਤਾਂਤ ਦਾ ਵਿਸਤਾਰ ਸਹਿਤ ਜ਼ਿਕਰ ਕੀਤਾ ਹੈ ਕਿ ਕਿਵੇਂ ਪਹਿਲਾਂ ਭਾਈ ਗੁਰਦਾਸ ਜੀ ਤੇ ਫਿਰ ਬਾਬਾ ਬੁੱਢਾ ਜੀ ਬਾਣੀ ਲੈਣ ’ਚ ਅਸਫ਼ਲ ਰਹੇ ਤੇ ਅੰਤ ਗੁਰੂ ਅਰਜਨ ਦੇਵ ਜੀ ਨੇ ਆਪ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਜੀ ਨੂੰ ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ...’ ਸ਼ਬਦ ਪੜ੍ਹ ਕੇ ਪ੍ਰਸੰਨ ਕਰ ਦਿੱਤਾ ਅਤੇ ਪੋਥੀ ਪ੍ਰਾਪਤ ਕੀਤੀ। ਚੌਥੇ ਅਧਿਆਇ ਵਿੱਚ ਭਗਤ ਬਾਣੀ ਨੂੰ ਆਦਿ ਗ੍ਰੰਥ ’ਚ ਦਰਜ ਕਰਨ ਦੇ ਉਦੇਸ਼ ਅਤੇ ਇਕੱਤਰੀਕਰਨ ਦੀ ਵਿਧੀ ਦਾ ਵਿਸਤਾਰ ਸਹਿਤ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਭਾਈ ਪੈੜਾ ਦੀ ਸ੍ਰੀਲੰਕਾ ਦੀ ਯਾਤਰਾ ਦਾ ਜ਼ਿਕਰ ਹੈ ਅਤੇ ‘ਪ੍ਰਾਣ ਸੰਗਲੀ’ ਵਾਲਾ ਬਿਰਤਾਂਤ ਵੀ ਸ਼ਾਮਿਲ ਹੈ। ਇਹ ਰਚਨਾ ਇਸ ਲਈ ਸ਼ਾਮਿਲ ਨਾ ਹੋ ਸਕੀ ਕਿਉਂਕਿ ਇਹ ਗੁਰਮਤਿ ਦਰਸ਼ਨ ਦੇ ਪ੍ਰਤੀਮਾਨਾਂ ’ਤੇ ਪੂਰੀ ਨਹੀਂ ਸੀ ਉਤਰਦੀ। ਪੰਜਵਾਂ ਅਧਿਆਇ ਉਨ੍ਹਾਂ ਭਗਤਾਂ ਜਿਵੇਂ ਪੀਲੂ, ਛੱਜੂ, ਕਾਨ੍ਹਾ ਅਤੇ ਸ਼ਾਹ ਹੁਸੈਨ ਦੀ ਰਚਨਾ ਬਾਰੇ ਹੈ, ਜਿਨ੍ਹਾਂ ਨੂੰ ਪੋਥੀ ’ਚ ਸ਼ਾਮਿਲ ਕਰਨ ਦੀ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਇਹ ਵੀ ਗੁਰਮਤਿ ਦਰਸ਼ਨ ਦੀ ਅਨੁਸਾਰੀ ਨਹੀਂ ਸੀ। ਛੇਵਾਂ ਅਧਿਆਇ ਆਦਿ ਗ੍ਰੰਥ ਦੇ ਲੇਖਣ ਅਸਥਾਨ ਭਾਵ ਰਾਮਸਰ ਦੀ ਚੋਣ ਬਾਰੇ ਹੈ, ਜਿੱਥੇ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਬੈਠ ਕੇ ਪੋਥੀ ਲਿਖੀ। ਸੱਤਵਾਂ ਅਧਿਆਇ ਆਦਿ ਗ੍ਰੰਥ ਦੇ ਸੰਕਲਨ ਦਾ ਆਰੰਭ ਕਿਵੇਂ ਕੀਤਾ ਗਿਆ, ਬਾਰੇ ਹੈ। ਇਸ ਵਿੱਚ ਜਪੁਜੀ ਸਾਹਿਬ ਅਤੇ ਸਿਰੀ ਰਾਗ ਦੀ ਚਰਚਾ ਹੈ ਤੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਫਿਰ ਭਗਤ ਬਾਣੀ ਨੂੰ ਲਿਖਣ ਦਾ ਬਿਰਤਾਂਤ ਹੈ। ਅੱਠਵਾਂ ਅਧਿਆਇ ਆਦਿ ਗ੍ਰੰਥ ਦੀ ਸੰਪੂਰਨਤਾ ਅਤੇ ਦਸਵਾਂ ਅਧਿਆਇ ਆਦਿ ਗ੍ਰੰਥ ਦੀ ਜਿਲਦਬੰਦੀ ਅਤੇ ਭਾਈ ਬੰਨੋ ਦੀ ਸੇਵਾ ਸੰਕਲਪਨਾ ਬਾਰੇ ਹੈ ਕਿ ਕਿਵੇਂ ਉਨ੍ਹਾਂ ਲਾਹੌਰ ਜਾਂਦਿਆਂ ਰਾਹ ’ਚ ਆਦਿ ਗ੍ਰੰਥ ਦਾ ਇੱਕ ਹੋਰ ਉਤਾਰਾ ਤਿਆਰ ਕਰ ਲਿਆ ਅਤੇ ਗੁਰੂ ਸਾਹਿਬ ਨੇ ਇਸ ਬੀੜ ਨੂੰ ‘ਖਾਰੀ ਬੀੜ’ ਕਿਹਾ।

ਭਾਗ ਦੂਜਾ ਵਿੱਚ ਪਹਿਲੇ ਅਧਿਆਇ ਵਿੱਚ ਪੰਦਰਾਂ ਭਗਤ ਬਾਣੀਕਾਰਾਂ ਜਿਵੇਂ ਭਗਤ ਕਬੀਰ, ਭਗਤ ਰਵਿਦਾਸ, ਨਾਮਦੇਵ ਆਦਿ ਦੇ ਜੀਵਨ ਅਤੇ ਰੂਹਾਨੀ ਕਲਪਨਾ ਦਾ ਵਰਣਨ ਹੈ। ਦੂਜੇ ਅਧਿਆਇ ਵਿੱਚ ਗੁਰੂਘਰ ਦੇ ਕਰੀਬੀ ਸਿੱਖ ਸੇਵਕ ਬਾਣੀਕਾਰਾਂ ਜਿਵੇਂ ਭਾਈ ਮਰਦਾਨਾ, ਭਾਈ ਸੱਤਾ ਅਤੇ ਰਾਏ ਬਲਵੰਡ, ਬਾਬਾ ਸੁੰਦਰ ਜੀ ਦੇ ਜੀਵਨ ਅਤੇ ਰਚਨਾ ਦਾ ਬਿਰਤਾਂਤ ਸਿਰਜਿਆ ਗਿਆ ਹੈ। ਤੀਜੇ ਅਧਿਆਇ ਵਿੱਚ ਗਿਆਰਾਂ ਭੱਟਾਂ ਦੇ ਜੀਵਨ ਅਤੇ 123 ਸਵੱਈਆਂ ਦਾ ਬਿਰਤਾਂਤ ਦਰਜ ਕੀਤਾ ਗਿਆ ਹੈ।

ਤੀਜਾ ਭਾਗ ਆਦਿ ਗ੍ਰੰਥ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਤੇਗ਼ ਬਹਾਦਰ ਜੀ ਦੇ ਸਫ਼ਰ ਬਾਰੇ ਹੈ।

ਚੌਥੇ ਭਾਗ ਦੇ ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਧੀਰਮੱਲੀਆਂ ਕੋਲੋਂ ਬੀੜ ਨਾ ਮਿਲਣ ’ਤੇ ਦਸਮ ਗੁਰੂ ਨੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨਾਲ ਮਿਲ ਕੇ ਦਮਦਮੀ ਬੀੜ ਤਿਆਰ ਕਰਵਾਈ। ਦੂਜਾ ਅਧਿਆਇ ਦਸਵੇਂ ਪਾਤਸ਼ਾਹ ਦੇ ਤਲਵੰਡੀ ਸਾਬੋ ਤੋਂ ਦੱਖਣ ਵੱਲ ਹਜ਼ੂਰ ਸਾਹਿਬ ਨੰਦੇੜ ਪਹੁੰਚਣ ਬਾਰੇ ਹੈ। ਤੀਜਾ ਅਧਿਆਇ ਦੇਹਧਾਰੀ ਗੁਰੂ ਦੀ ਪਰੰਪਰਾ ਖ਼ਤਮ ਕਰਕੇ ਆਦਿ ਗ੍ਰੰਥ ਸਾਹਿਬ ਨੂੰ ‘ਗੁਰੂ ਮਾਨਿਓ ਗ੍ਰੰਥ...’ ਕਹਿ ਕੇ ਗੁਰਤਾ-ਗੱਦੀ ਬਖ਼ਸ਼ਣ ਬਾਰੇ ਹੈ।

ਅੰਤਿਕਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਆਦਰਸ਼ ਸਿਰਜਣ/ਸੰਪਾਦਨ ਕਲਾ ਦੇ ਉੱਤਮ ਮਾਡਲ ਦੀ ਵਿਆਖਿਆ ਬਾਰੇ ਹੈ।

ਸੁਖਮਿੰਦਰ ਗੱਜਣਵਾਲਾ ਨੇ ਆਪਣੀ ਇਹ ਨਵੀਂ ਪੁਸਤਕ ‘ਪੋਥੀ ਪਰਮੇਸਰ ਕਾ ਥਾਨੁ ... ਤੋਂ ... ਗੁਰੂ ਮਾਨਿਓ ਗ੍ਰੰਥ: ਇੱਕ ਇਤਿਹਾਸਕ ਤੇ ਰੂਹਾਨੀ ਸਫ਼ਰ’ ਲਿਖ ਕੇ ਨਾ ਸਿਰਫ਼ ਸਿੱਖ ਜਗਤ ਦੀ ਨਵੀਂ ਪੀੜ੍ਹੀ ਲਈ ਸਗੋਂ ਦੂਜਿਆਂ ਲਈ ਵੀ ਇੱਕ ਵੱਡਾ ਕਾਰਜ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਦਿ ਗ੍ਰੰਥ ਦੇ ਗੁਰੂ ਗ੍ਰੰਥ ਸਾਹਿਬ ਬਣਨ ਦੇ ਇਤਿਹਾਸ, ਕਾਰਨਾਂ ਦੇ ਵਿਵਰਣ ਨੂੰ ਰੋਚਕ ਅਤੇ ਸਰਲ ਭਾਸ਼ਾ ਵਿੱਚ ਲਿਖਿਆ ਹੈ।

ਸੰਪਰਕ: 82839-48811

Advertisement
×