DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗ਼ਦਰ ਲਈ ਘਰ ਵਾਪਸੀ ਦਾ ਸਫ਼ਰ

ਸੰਨ 1914 ਦੀ ਪੱਤਝੜ ਵਿੱਚ ਬਰਤਾਨਵੀ ਹਕੂਮਤ ਨੂੰ ਵੰਗਾਰਨ ਲਈ ਭਾਰਤੀ ਪਰਵਾਸੀ ਉੱਤਰੀ ਅਮਰੀਕਾ ਤੋਂ ਰਵਾਨਾ ਹੋ ਰਹੇ ਸਨ। ਚੰਗੀਆਂ ਉਜਰਤਾਂ, ਜੋੜੀ ਹੋਈ ਪੂੰਜੀ ਅਤੇ ਉੱਥੇ ਪੱਕੇ ਵੱਸਣ ਦੀਆਂ ਸੰਭਾਵਨਾਵਾਂ ਛੱਡ ਕੇ ਉਹ ਇੱਕ ਅਜਿਹੇ ਸੰਘਰਸ਼ ਵੱਲ ਤੁਰ ਪਏ ਸਨ,...

  • fb
  • twitter
  • whatsapp
  • whatsapp
Advertisement

ਸੰਨ 1914 ਦੀ ਪੱਤਝੜ ਵਿੱਚ ਬਰਤਾਨਵੀ ਹਕੂਮਤ ਨੂੰ ਵੰਗਾਰਨ ਲਈ ਭਾਰਤੀ ਪਰਵਾਸੀ ਉੱਤਰੀ ਅਮਰੀਕਾ ਤੋਂ ਰਵਾਨਾ ਹੋ ਰਹੇ ਸਨ। ਚੰਗੀਆਂ ਉਜਰਤਾਂ, ਜੋੜੀ ਹੋਈ ਪੂੰਜੀ ਅਤੇ ਉੱਥੇ ਪੱਕੇ ਵੱਸਣ ਦੀਆਂ ਸੰਭਾਵਨਾਵਾਂ ਛੱਡ ਕੇ ਉਹ ਇੱਕ ਅਜਿਹੇ ਸੰਘਰਸ਼ ਵੱਲ ਤੁਰ ਪਏ ਸਨ, ਜਿਸ ਦਾ ਅੰਤ ਅਨਿਸ਼ਚਿਤ ਸੀ। ਅਕਤੂਬਰ 1914 ਦੇ ਅਖ਼ੀਰ ਤੱਕ ਵਿਕਟੋਰੀਆ ਅਤੇ ਸਾਂ ਫਰਾਂਸਿਸਕੋ ਤੋਂ ਅੱਠ ਸਮੁੰਦਰੀ ਜਹਾਜ਼ ਹਿੰਦੋਸਤਾਨੀਆਂ ਨੂੰ ਲੈ ਕੇ ਰਵਾਨਾ ਹੋ ਚੁੱਕੇ ਸਨ; ਹੋਰ ਲੋਕ ਏਸ਼ਿਆਈ ਬੰਦਰਗਾਹਾਂ ਰਾਹੀਂ ਤੁਰੇ, ਪਰ ਰੋਜ਼ੀ ਦੀ ਭਾਲ ਵਿੱਚ ਸ਼ੁਰੂ ਹੋਇਆ ਸਫ਼ਰ ਪਤਾ ਨਹੀਂ ਕਦੋਂ ਅਤੇ ਕਿਵੇਂ ਇਨਕਲਾਬ ਵੱਲ ਮੁੜ ਗਿਆ।

ਉਨ੍ਹਾਂ ਨੇ ਕੰਮ ਦੀ ਤਲਾਸ਼ ਵਿੱਚ ਸਮੁੰਦਰ ਪਾਰ ਕੀਤਾ ਸੀ। ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿੱਚ ਚੰਗੀ ਕਮਾਈ ਦੀਆਂ ਖ਼ਬਰਾਂ ਸੁਣ ਕੇ ਪੰਜਾਬੀ ਕੈਨੇਡਾ ਅਤੇ ਅਮਰੀਕਾ ਵੱਲ ਤੁਰੇ। ਕਿਸੇ ਨੇ ਜ਼ਮੀਨ ਗਹਿਣੇ ਧਰੀ, ਕਿਸੇ ਨੇ ਪਸ਼ੂ ਵੇਚੇ, ਕਿਸੇ ਨੇ ਸਫ਼ਰ ਦਾ ਖ਼ਰਚਾ ਕਰਜ਼ਾ ਚੁੱਕ ਕੇ ਤਾਰਿਆ। ਘਰ ਭੇਜੀ ਕਮਾਈ ਨਾਲ ਕਰਜ਼ੇ ਲਹਿੰਦੇ, ਖੇਤ ਬਚਦੇ ਅਤੇ ਪਰਿਵਾਰਾਂ ਦਾ ਗੁਜ਼ਾਰਾ ਹੁੰਦਾ ਸੀ।

Advertisement

ਸਾਮਰਾਜ ਦੀ ਨੌਕਰੀ ਨੇ ਪੰਜਾਬੀ ਫ਼ੌਜੀਆਂ ਅਤੇ ਪੁਲੀਸ ਮੁਲਾਜ਼ਮਾਂ ਲਈ ਹਾਂਗਕਾਂਗ, ਸ਼ੰਘਾਈ ਅਤੇ ਮਲਾਇਆ ਦੇ ਰਾਹ ਪਹਿਲਾਂ ਹੀ ਖੋਲ੍ਹ ਦਿੱਤੇ ਸਨ। ਸੰਨ 1897 ਵਿੱਚ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਮੌਕੇ ਕੈਨੇਡਾ ਵਿੱਚੋਂ ਲੰਘੇ ਸਿੱਖ ਫ਼ੌਜੀ ਉੱਥੋਂ ਦੀਆਂ ਸੰਭਾਵਨਾਵਾਂ ਦੇ ਪ੍ਰਭਾਵ ਲੈ ਕੇ ਪਰਤੇ ਸਨ। ਅਨੁਭਵਾਂ, ਜਾਣ-ਪਛਾਣਾਂ ਅਤੇ ਚਿੱਠੀਆਂ ਨੇ ਦੂਰ ਦੇ ਦੇਸ਼ਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਬੈਠੇ ਲੋਕਾਂ ਦੀ ਕਲਪਨਾ ਦੀ ਪਹੁੰਚ ਵਿੱਚ ਲੈ ਆਂਦਾ। 1902-03 ਤੱਕ ਥੋੜ੍ਹੇ-ਥੋੜ੍ਹੇ ਪੰਜਾਬੀ ਕੈਨੇਡਾ ਪਹੁੰਚਣ ਲੱਗ ਪਏ ਸਨ; ਛੇਤੀ ਹੀ ਇਹ ਸਿਲਸਿਲਾ ਵਧ ਗਿਆ।

Advertisement

ਪਰਵਾਸੀਆਂ ਨੂੰ ਲੱਕੜ ਮਿੱਲਾਂ, ਰੇਲਵੇ ਅਤੇ ਖੇਤੀਬਾੜੀ ਵਿੱਚ ਕੰਮ ਮਿਲਿਆ। ਪੋਰਟਲੈਂਡ ਅਤੇ ਅਸਟੋਰੀਆ ਦੇ ਆਲੇ-ਦੁਆਲੇ ਕੋਲੰਬੀਆ ਦਰਿਆ ਕੰਢੇ ਵੱਸੀਆਂ ਬਸਤੀਆਂ ਇੱਕ ਅਜਿਹੇ ਕਿਰਤੀ ਸੰਸਾਰ ਦਾ ਹਿੱਸਾ ਸਨ, ਜੋ ਵਾਸ਼ਿੰਗਟਨ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਕੈਲੀਫੋਰਨੀਆ ਤੱਕ ਫੈਲਿਆ ਹੋਇਆ ਸੀ। ਲੋਕ ਕੰਮ ਪਿੱਛੇ ਵੀ ਜਾਂਦੇ ਅਤੇ ਇੱਕ-ਦੂਜੇ ਦੇ ਪਿੱਛੇ ਵੀ। ਸਾਂਝੇ ਟਿਕਾਣਿਆਂ ਵਿੱਚ ਉਜਰਤਾਂ, ਪੰਜਾਬ ਅਤੇ ਪਰਦੇਸ ਵਿੱਚ ਆਪਣੇ ਨਾਲ ਹੁੰਦੇ ਮੰਦੇ ਸਲੂਕ ਬਾਰੇ ਗੱਲਾਂ ਚੱਲਦੀਆਂ।

ਉੱਥੇ ਪੱਕੇ ਵੱਸਣ ਦਾ ਖ਼ਿਆਲ ਵੀ ਕੋਈ ਅਸੰਭਵ ਗੱਲ ਨਹੀਂ ਸੀ। ਵੈਨਕੂਵਰ ਤੋਂ ਔਕਸਫੋਰਡ ਜਾਂਦਿਆਂ ਜਵਾਲਾ ਸਿੰਘ ਦੇ ਪੰਜਾਬੀ ਸਾਥੀਆਂ ਨੇ ਸਸਤੀ ਜ਼ਮੀਨ ਖ਼ਰੀਦ ਕੇ ਆਪਣਾ ਪਿੰਡ ਵਸਾਉਣ ਦੀ ਤਜਵੀਜ਼ ਰੱਖੀ। ਸਰਕਾਰ ਕੱਢਣ ਦਾ ਯਤਨ ਕਰੇ ਤਾਂ ਵੀ ਉਹ ਉੱਥੇ ਟਿਕੇ ਰਹਿਣ ਲਈ ਦ੍ਰਿੜ੍ਹ ਸਨ। ਇਹ ਵਿਚਾਰ ਵੀ ਕੀਤਾ ਕਿ ਉਹ ਉੱਥੇ ਵੱਸ ਕੇ ਹਿੰਦੋਸਤਾਨ ਦੀ ਆਜ਼ਾਦੀ ਲਈ ਕੰਮ ਕਿਵੇਂ ਕਰਨਗੇ? ਫਿਰ ਸੋਚਿਆ, ‘ਅਸੀਂ ਇੱਥੋਂ ਵੀ ਬਹੁਤ ਕੁਝ ਕਰ ਸਕਦੇ ਹਾਂ।’ ਉਹ ਪਰਦੇਸ ਵਿੱਚ ਆਪਣੇ ਭਵਿੱਖ ਅਤੇ ਹਿੰਦੋਸਤਾਨ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਕੱਠਿਆਂ ਵਿਚਾਰ ਰਹੇ ਸਨ। ਉਨ੍ਹਾਂ ਅੱਗੇ ਇਕੱਲੇਪਣ ਤੋਂ ਇਲਾਵਾ ਹੋਰ ਸਵਾਲ ਵੀ ਸਨ। ਇਸ ਲਈ ਉਨ੍ਹਾਂ ਦੀ ਵਾਪਸੀ ਦੀ ਕੋਈ ਵੀ ਵਿਆਖਿਆ ਇਹ ਦੱਸੇ ਬਿਨਾਂ ਅਧੂਰੀ ਰਹੇਗੀ ਕਿ ਹੋਰ ਰਾਹਾਂ ਦੇ ਹੁੰਦਿਆਂ ਉਨ੍ਹਾਂ ਨੇ ਇਨਕਲਾਬ ਦਾ ਰਾਹ ਕਿਉਂ ਚੁਣਿਆ?

ਇਤਿਹਾਸਕਾਰ ਭਗਵਾਨ ਜੋਸ਼ ਗ਼ਦਰ ਦੀਆਂ ਜੜ੍ਹਾਂ ਬਦਲਾ ਲੈਣ ਵਾਲੇ ਸੱਭਿਆਚਾਰ ਵਿੱਚ ਵੀ ਲੱਭਦੇ ਹਨ ਅਤੇ ਇਸ ਨੂੰ ਵਡੇਰੇ ਰੂਪ ਵਿੱਚ ਅਪਮਾਨ ਦੀ ਭਾਵੁਕ ਪ੍ਰਤੀਕਿਰਿਆ ਮੰਨਦੇ ਹਨ। ਅਜਿਹੀ ਪ੍ਰਤੀਕਿਰਿਆ ਜਿਸ ਨੂੰ ਬਸਤੀਵਾਦੀ ਤਾਕਤ ਬਾਰੇ ਠੰਢੇ ਮਨ ਨਾਲ ਕੀਤਾ ਵਿਚਾਰ ਸ਼ਾਇਦ ਰੋਕ ਸਕਦਾ ਸੀ। ਨਾ ਸਾਮਰਾਜ ਦੀ ਅਥਾਹ ਤਾਕਤ ਅਤੇ ਨਾ ਹੀ ਅੰਤ ਵਿੱਚ ਮਿਲੀ ਹਾਰ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਕੋਲ ਰਾਜਨੀਤਕ ਸੋਚ ਨਹੀਂ ਸੀ। ਬਹੁਤੇ ਪਰਵਾਸੀ ਕਿਰਤੀ ਸਨ। ਕੁਝ ਨੇ ਪੈਸੇ ਜੋੜੇ ਅਤੇ ਠੇਕੇਦਾਰ ਜਾਂ ਕਿਸਾਨ ਬਣ ਗਏ। ‘ਆਲੂਆਂ ਦਾ ਬਾਦਸ਼ਾਹ’ ਕਹਾਉਂਦੇ ਜਵਾਲਾ ਸਿੰਘ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕੀਤੀ, ਪਰ ਭਾਰੀ ਮਾਲੀ ਨੁਕਸਾਨ ਵੀ ਝੱਲਿਆ। ਕਮਾਈ ਦਾ ਇੱਕ ਹਿੱਸਾ ਰਾਜਨੀਤਕ ਕੰਮ ਅਤੇ ਪੜ੍ਹਾਈ ਉੱਤੇ ਵੀ ਲੱਗਦਾ ਸੀ। ਜਵਾਲਾ ਸਿੰਘ ਦੇ ਵਜ਼ੀਫ਼ਿਆਂ ਨੇ ਹਿੰਦੋਸਤਾਨੀ ਵਿਦਿਆਰਥੀਆਂ, ਬਰਕਲੇ, ਹਰਦਿਆਲ ਅਤੇ ਪਰਵਾਸੀ ਭਾਈਚਾਰਿਆਂ ਵਿਚਕਾਰ ਸੰਪਰਕ ਜੋੜੇ।

ਉੱਥੇ ਕਮਾਈ ਦੇ ਮੌਕੇ ਮਿਲਣ ਦਾ ਅਰਥ ਇਹ ਨਹੀਂ ਸੀ ਕਿ ਉਹ ਨਿਸ਼ਚਿੰਤ ਹੋ ਕੇ ਆਪਣਾਪਣ ਮਹਿਸੂਸ ਕਰ ਸਕਦੇ ਸਨ। ਸਤੰਬਰ 1907 ਵਿੱਚ ਬੈਲਿੰਗਹੈਮ ਦੇ ਹਜੂਮਾਂ ਨੇ ਪੰਜਾਬੀਆਂ ਦੇ ਟਿਕਾਣਿਆਂ ਉੱਤੇ ਹਮਲੇ ਕੀਤੇ ਅਤੇ ਕਿਰਤੀਆਂ ਨੂੰ ਮਿੱਲਾਂ ਵਿੱਚੋਂ ਕੱਢ ਦਿੱਤਾ। ਲਗਭਗ ਸਾਰੇ ਭਾਈਚਾਰੇ ਨੂੰ ਉੱਥੋਂ ਭੱਜਣਾ ਪਿਆ। ਮਾਰਚ 1910 ਵਿੱਚ ਓਰੇਗਨ ਦੇ ਸੇਂਟ ਜੌਹਨਜ਼ ਵਿੱਚ ਹੋਏ ਹਮਲੇ ਤੋਂ ਬਾਅਦ ਹਮਲਾਵਰਾਂ ਦੀ ਪਛਾਣ ਕਰਨ ਲਈ ਕਿਰਤੀ ਜ਼ਿਲ੍ਹਾ ਸਰਕਾਰੀ ਵਕੀਲ ਨਾਲ ਵਾਪਸ ਗਏ। ਨਸਲੀ ਜ਼ੁਲਮ ਦੇ ਨਾਲ-ਨਾਲ ਹਮਲਾਵਰਾਂ ਤੋਂ ਕਾਨੂੰਨੀ ਜਵਾਬ ਮੰਗਣ ਦੀ ਗੁੰਜਾਇਸ਼ ਵੀ ਮੌਜੂਦ ਸੀ।

ਕੈਨੇਡਾ ਦੇ 1908 ਦੇ ‘ਲਗਾਤਾਰ ਸਫ਼ਰ’ ਵਾਲੇ ਨਿਯਮ ਅਨੁਸਾਰ ਆਪਣੇ ਦੇਸ਼ ਤੋਂ ਬਿਨਾਂ ਕਿਤੇ ਰੁਕੇ ਸਿੱਧੇ ਪਹੁੰਚਣਾ ਲਾਜ਼ਮੀ ਸੀ। ਮੌਜੂਦਾ ਜਹਾਜ਼ੀ ਪ੍ਰਬੰਧ ਵਿੱਚ ਅਜਿਹਾ ਸਫ਼ਰ ਉਪਲਬਧ ਹੀ ਨਹੀਂ ਸੀ। ਇੱਕ ਹੋਰ ਸ਼ਰਤ ਅਨੁਸਾਰ 200 ਕੈਨੇਡੀਅਨ ਡਾਲਰ ਕੋਲ ਹੋਣੇ ਚਾਹੀਦੇ ਸਨ। ਮਰਦ ਕਮਾ ਸਕਦੇ ਸਨ, ਪੈਸੇ ਜੋੜ ਸਕਦੇ ਸਨ, ਪਰ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੇ ਪਰਿਵਾਰ ਕਦੇ ਉਨ੍ਹਾਂ ਕੋਲ ਆ ਵੀ ਸਕਣਗੇ ਜਾਂ ਨਹੀਂ। ਹਰਨਾਮ ਕੌਰ ਅਤੇ ਕਰਤਾਰ ਕੌਰ ਨੂੰ ਬੱਚਿਆਂ ਸਮੇਤ ਦਾਖ਼ਲਾ ਮਿਲਿਆ, ਪਰ ਇਹ ਅਪਵਾਦ ਸਨ; ਆਮ ਰੋਕ ਆਪਣੀ ਥਾਂ ਕਾਇਮ ਰਹੀ। ਸਾਬਕਾ ਫ਼ੌਜੀਆਂ ਨੇ ਵੇਖਿਆ ਕਿ ਜਿਹੜੇ ਮਾਣ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ, ਬਰਤਾਨਵੀ ਪਰਜਾ ਹੋਣ ਦੀ ਹਕੀਕਤ ਉਸ ਨੂੰ ਝੁਠਲਾ ਰਹੀ ਸੀ। ਇਹ ਦਰਜਾ ਅਤੇ ਮਾਣ ਉਨ੍ਹਾਂ ਦੀ ਰੱਖਿਆ ਨਹੀਂ ਸੀ ਕਰਦਾ। ਸੰਨ 1909 ਵਿੱਚ ਭਾਗ ਸਿੰਘ ਨੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਆਪਣਾ ਫ਼ੌਜੀ ਸੇਵਾਮੁਕਤੀ ਸਰਟੀਫਿਕੇਟ ਸਾੜ ਦਿੱਤਾ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਬਰਤਾਨਵੀ ਫ਼ੌਜ ਦੇ ਤਮਗ਼ੇ ਪਹਿਨਣ ਦੀ ਨਿਖੇਧੀ ਕੀਤੀ। ਇਸ ਵਿੱਚ ਭਾਵਨਾ ਵੀ ਸੀ, ਪਰ ਨਾਲ ਹੀ ਸਾਮਰਾਜ ਪ੍ਰਤੀ ਵਫ਼ਾਦਾਰੀ ਨੂੰ ਰੱਦ ਕਰਨ ਦਾ ਰਾਜਨੀਤਕ ਫ਼ੈਸਲਾ ਵੀ ਸੀ।

ਅਮਰੀਕਾ ਦਾ ਵਿਰੋਧਾਭਾਸ ਵੱਖਰਾ ਸੀ। ਉੱਥੇ ਖੁੱਲ੍ਹੀ ਬਹਿਸ ਅਤੇ ਨਾਗਰਿਕ ਅਧਿਕਾਰ ਸਨ, ਪਰ ਹਿੰਦੋਸਤਾਨੀਆਂ ਲਈ ਇਨ੍ਹਾਂ ਉੱਤੇ ਰੋਕਾਂ ਸਨ ਜਾਂ ਉਨ੍ਹਾਂ ਨੂੰ ਇਹ ਅਧਿਕਾਰ ਮਿਲਦੇ ਹੀ ਨਹੀਂ ਸਨ। ਨਸਲੀ ਦੁਸ਼ਮਣੀ ਵੀ ਸੀ। ਫਿਰ ਵੀ ਬਰਤਾਨੀਆ ਤੋਂ ਉਸ ਦੀ ਆਜ਼ਾਦੀ ਆਪਣੇ ਆਪ ਵਿੱਚ ਇੱਕ ਰਾਜਨੀਤਕ ਮਿਸਾਲ ਸੀ। ਜਵਾਲਾ ਸਿੰਘ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ: ‘‘ਅਸੀਂ ਦੁਨੀਆ ਦੀ ਆਜ਼ਾਦੀ ਨੂੰ ਦੇਖ ਕੇ ਆਦਮੀ ਹੋ ਗਏ।’’ ਇਨ੍ਹਾਂ ਸ਼ਬਦਾਂ ਵਿੱਚ ਮੁੜ ਹਾਸਿਲ ਹੋਏ ਸਵੈ-ਮਾਣ ਅਤੇ ਆਪਣੇ ਭਾਗ ਆਪ ਘੜ ਸਕਣ ਦਾ ਅਹਿਸਾਸ ਬੋਲਦਾ ਹੈ। ਪਰਦੇਸ ਦੀ ਜ਼ਿੰਦਗੀ ਨੇ ਉਨ੍ਹਾਂ ਦਾ ਨਜ਼ਰੀਆ ਬਦਲ ਦਿੱਤਾ ਸੀ। ਹੁਣ ਇਹ ਲੋਕ ਆਪਣੇ ਆਪ ਅਤੇ ਹਿੰਦੋਸਤਾਨ ਦੀ ਗ਼ੁਲਾਮੀ ਬਾਰੇ ਵੱਖਰੀ ਦ੍ਰਿਸ਼ਟੀ ਤੋਂ ਸੋਚਣ ਸਮਝਣ ਲੱਗੇ ਸਨ।

ਤਾਰਕਨਾਥ ਦਾਸ ਦੇ ‘ਫਰੀ ਹਿੰਦੋਸਤਾਨ’ ਅਤੇ ਜੀ ਡੀ ਕੁਮਾਰ ਦੇ ‘ਸਵਦੇਸ਼ ਸੇਵਕ’ ਨੇ ਪਰਦੇਸ ਦੇ ਅਪਮਾਨ ਦਾ ਨਾਤਾ ਦੇਸ਼ ਦੀ ਗ਼ੁਲਾਮੀ ਨਾਲ ਜੋੜਿਆ। ਵਿਦੇਸ਼ਾਂ ’ਚ ਗੁਰਦੁਆਰੇ ਲੋੜਵੰਦਾਂ ਦੀ ਮਦਦ ਵੀ ਕਰਦੇ ਅਤੇ ਇਕੱਠੇ ਹੋਣ ਦੀ ਥਾਂ ਵੀ ਦਿੰਦੇ ਸਨ। ਅਖ਼ਬਾਰ ਪੜ੍ਹੇ ਜਾਂਦੇ, ਉਨ੍ਹਾਂ ਉੱਤੇ ਵਿਚਾਰ ਹੁੰਦਾ ਅਤੇ ਗੱਲ ਅਨਪੜ੍ਹ ਲੋਕਾਂ ਤੱਕ ਵੀ ਪਹੁੰਚਦੀ। ਪੋਰਟਲੈਂਡ ਦੇ ਆਲੇ-ਦੁਆਲੇ ਬਾਬਾ ਸੋਹਣ ਸਿੰਘ ਭਕਨਾ ਅਤੇ ਕਾਂਸ਼ੀ ਰਾਮ ਨੇ ਇਨ੍ਹਾਂ ਗੱਲਾਂ-ਬਾਤਾਂ ਨੂੰ ਜਥੇਬੰਦੀ ਦਾ ਰੂਪ ਦਿੱਤਾ।

ਸੰਨ 1906 ਵਿੱਚ ਵੈਨਕੂਵਰ ਪਹੁੰਚੇ ਅਤੇ ਬਾਅਦ ਵਿੱਚ ਬ੍ਰਾਈਡਲ ਵੇਲ ਵਿੱਚ ਕੰਮ ਕਰਨ ਵਾਲਾ ਹਰਨਾਮ ਸਿੰਘ ਟੁੰਡੀਲਾਟ ਪੋਰਟਲੈਂਡ ਦੇ ਆਲੇ-ਦੁਆਲੇ ਹੁੰਦੇ ਐਤਵਾਰ ਦੇ ਇਕੱਠਾਂ ਨੂੰ ਯਾਦ ਕਰਦਾ ਸੀ। ਉੱਥੇ ਅਖ਼ਬਾਰਾਂ ਅਤੇ ਆਪੋ-ਆਪਣੇ ਅਨੁਭਵਾਂ ਦੀ ਚਰਚਾ ਨਾਲ ਰਾਜਨੀਤਕ ਸਮਝ ਬਣਦੀ ਸੀ। ਉਹ ਇੱਕ ਬ੍ਰਾਂਚ ਦਾ ਸਕੱਤਰ ਬਣਿਆ ਅਤੇ ਸਾਂ ਫਰਾਂਸਿਸਕੋ ਦੇ ਮੁੱਖ ਦਫ਼ਤਰ ਵਿੱਚ ਵਾਲੰਟੀਅਰ ਵਜੋਂ ਕੰਮ ਕੀਤਾ। ਕਰਤਾਰ ਸਿੰਘ ਸਰਾਭਾ ਨੇ ਵਿਦਿਆਰਥੀਆਂ ਅਤੇ ਪਰਵਾਸੀਆਂ ਨਾਲ ਮਿਲ ਕੇ ‘ਗ਼ਦਰ’ ਲਈ ਕੰਮ ਕੀਤਾ। ਬਰਕਲੇ ਦੇ ਵਿਦਿਆਰਥੀ ਭਾਸ਼ਾਵਾਂ ਦਾ ਗਿਆਨ ਅਤੇ ਬੌਧਿਕ ਸੰਪਰਕ ਲੈ ਕੇ ਆਏ; ਕਿਰਤੀਆਂ ਅਤੇ ਕਿਸਾਨਾਂ ਨੇ ਪੈਸਾ, ਵਾਲੰਟੀਅਰ ਅਤੇ ਪਾਠਕ ਦਿੱਤੇ। ਇਸ ਸਾਂਝ ਨੇ ਦੂਰ-ਦੂਰ ਖਿੰਡੇ ਭਾਈਚਾਰਿਆਂ ਵਿਚਾਲੇ ਸੰਵਾਦ ਸੰਭਵ ਬਣਾਇਆ।

ਹਰਦਿਆਲ ਨੂੰ ਇੱਥੇ ਮਿਲਿਆ ਪੰਜਾਬੀ ਭਾਈਚਾਰਾ ਉਸ ਭਾਈਚਾਰੇ ਤੋਂ ਕਾਫ਼ੀ ਵੱਖਰਾ ਸੀ, ਜਿਸ ਨੂੰ ਉਹ ਆਪਣੇ ਦੇਸ਼ ਵਿੱਚ ਜਾਣਦੇ ਸਨ। ਪਰਦੇਸ ਦੇ ਕੰਮ, ਅਨੁਭਵ ਅਤੇ ਰਾਜਨੀਤਕ ਵਿਚਾਰ-ਵਟਾਂਦਰੇ ਨੇ ਇਨ੍ਹਾਂ ਲੋਕਾਂ ਨੂੰ ਬਦਲ ਦਿੱਤਾ ਸੀ। ਹਰਦਿਆਲ ਨੇ ਵਿਦੇਸ਼ ਵਿੱਚ ਹੁੰਦੀ ਬੇਕਦਰੀ ਦਾ ਸਬੰਧ ਬਰਤਾਨਵੀ ਰਾਜ ਨਾਲ ਜੋੜਿਆ, ਹਥਿਆਰਬੰਦ ਸੰਘਰਸ਼ ਦੀ ਵਕਾਲਤ ਕੀਤੀ ਅਤੇ ਰੋਹ ਨੂੰ ਇੱਕ ਨਾਂ, ਕਾਰਜਕ੍ਰਮ ਅਤੇ ਮੰਜ਼ਿਲ ਦਿੱਤੀ। ਤਰਜੀਹਾਂ ਤੈਅ ਕਰਨ ਵਿੱਚ ਕਿਰਤੀਆਂ ਦਾ ਆਪਣਾ ਹਿੱਸਾ ਸੀ। ਜਦੋਂ ਹਰਦਿਆਲ ਨੇ ਪਹਿਲਾਂ ਸਿੱਖਿਆ ਉੱਤੇ ਜ਼ੋਰ ਦਿੱਤਾ ਤਾਂ ਉਨ੍ਹਾਂ ਨੇ ਬੇਝਿਜਕ ਤੁਰੰਤ ਇਨਕਲਾਬੀ ਪ੍ਰਚਾਰ ਸ਼ੁਰੂ ਕਰਨ ਲਈ ਕਿਹਾ। ਸੋਹਣ ਸਿੰਘ ਭਕਨਾ, ਕਾਂਸ਼ੀ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਓਰੇਗਨ ਵਿੱਚ ਇਸ ਕਾਰਜਕ੍ਰਮ ਦਾ ਪਸਾਰ ਕੀਤਾ। ਓਗਡਨ ਅਨੁਸਾਰ ਉਨ੍ਹਾਂ ਦੇ ਮਨ ਵਿੱਚ ਅਮਰੀਕੀ ਨਮੂਨੇ ਦੀ ਜਮਹੂਰੀ ਸਰਕਾਰ ਵਾਂਗ ‘ਯੂਨਾਈਟਡ ਸਟੇਟਸ ਆਫ ਇੰਡੀਆ’ ਦੀ ਕਲਪਨਾ ਸੀ। ਉਹ ਕਿਸੇ ਬੁੱਧੀਜੀਵੀ ਆਗੂ ਦੇ ਮਗਰ ਹੀ ਨਹੀਂ ਤੁਰ ਰਹੇ ਸਨ; ਸਗੋਂ ਆਪਣੇ ਉਦੇਸ਼ਾਂ ਬਾਰੇ ਵਿਚਾਰ ਵੀ ਕਰ ਰਹੇ ਸਨ।

ਕਈ ਵਿਦਵਾਨਾਂ ਨੇ 1857 ਦੇ ਗ਼ਦਰ ਨੂੰ ਕੌਮੀ ਮੁਕਤੀ ਦੇ ਸੰਘਰਸ਼ ਵਜੋਂ ਪੇਸ਼ ਕੀਤਾ। ‘ਗ਼ਦਰ’ ਅਖ਼ਬਾਰ ਦੀ ਰਣਨੀਤੀ ਇਸੇ ਵਿਦਰੋਹ ਤੋਂ ਪ੍ਰੇਰਿਤ ਸੀ, ਜਿਸ ਵਿੱਚ ਫ਼ੌਜੀਆਂ ਦੀ ਬਗ਼ਾਵਤ ਅਤੇ ਲੋਕਾਂ ਦੀ ਸ਼ਮੂਲੀਅਤ ਦੋਵੇਂ ਸਨ। ਹਾਲਾਂਕਿ 1857 ਦੀ ਮਿਸਾਲ ਇਸ ਰਾਹ ਦੀ ਸੰਭਾਵਨਾ ਤਾਂ ਦਿਖਾਉਂਦੀ ਸੀ, ਪਰ ਇਸ ਰਾਹ ’ਤੇ ਤੁਰਦਿਆਂ ਕਾਮਯਾਬੀ ਮਿਲਣ ਦੀ ਗਾਰੰਟੀ ਨਹੀਂ ਸੀ ਦਿੰਦੀ। ਸਾਂ ਫਰਾਂਸਿਸਕੋ ਦੇ ਯੁਗਾਂਤਰ ਆਸ਼ਰਮ ਵਿੱਚ ਹਰਦਿਆਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰੈੱਸ ਕਾਇਮ ਕੀਤੀ। ਪਰਵਾਸੀਆਂ ਦੇ ਚੰਦੇ ਅਤੇ ਵਾਲੰਟੀਅਰਾਂ ਦੀ ਮਿਹਨਤ ਨੇ ਇਸ ਨੂੰ ਚਲਾਇਆ। ‘ਗ਼ਦਰ’ ਦਾ ਪਹਿਲਾ ਉਰਦੂ ਅੰਕ 1 ਨਵੰਬਰ 1913 ਨੂੰ ਨਿਕਲਿਆ; ਪੰਜਾਬੀ ਅੰਕ ਬਾਅਦ ਵਿੱਚ ਸ਼ੁਰੂ ਹੋਇਆ। ਇਸ ਵਿੱਚ ਛਪਦੇ ਲੇਖ ਅਤੇ ਕਵਿਤਾਵਾਂ ਬਰਤਾਨਵੀ ਰਾਜ ਦਾ ਪਾਜ ਉਘਾੜਦੇ ਅਤੇ ਬਗ਼ਾਵਤ ਦਾ ਸੱਦਾ ਦਿੰਦੇ ਸਨ। ਉੱਤਰੀ ਅਮਰੀਕਾ, ਏਸ਼ਿਆਈ ਬੰਦਰਗਾਹਾਂ ਅਤੇ ਹਿੰਦੋਸਤਾਨ ਵਿੱਚ ਇਹ ਅਖ਼ਬਾਰ ਵੰਡਿਆ ਅਤੇ ਉੱਚੀ ਪੜ੍ਹ ਕੇ ਸੁਣਾਇਆ ਜਾਂਦਾ ਸੀ। ਇਸ ਨੇ ਸਥਾਨਕ ਦੁੱਖਾਂ ਅਤੇ ਸ਼ਿਕਾਇਤਾਂ ਨੂੰ ਇੱਕ ਸਾਂਝੇ ਮਨੋਰਥ ਨਾਲ ਜੋੜ ਦਿੱਤਾ।

ਦੂਰ ਪੂਰਬ ਦੇ ਹਿੰਦੋਸਤਾਨੀਆਂ ਨੇ ਵੀ ਇਸ ਸੱਦੇ ਦਾ ਹੁੰਗਾਰਾ ਭਰਿਆ। ਉੱਤਰੀ ਅਮਰੀਕਾ ਤੋਂ ਪਰਤਦੇ ਲੋਕਾਂ ਦੀਆਂ ਏਸ਼ਿਆਈ ਬੰਦਰਗਾਹਾਂ ਉੱਤੇ ਇਨ੍ਹਾਂ ਭਾਈਚਾਰਿਆਂ ਨਾਲ ਮੁਲਾਕਾਤਾਂ ਹੋਈਆਂ। ਅੱਗੇ ਉਹ ਇਕੱਠੇ ਜਾਂ ਅਗਲੇ ਜਹਾਜ਼ਾਂ ਰਾਹੀਂ ਤੁਰ ਪਏ। ਹਾਂਗਕਾਂਗ, ਸ਼ੰਘਾਈ, ਮਨੀਲਾ ਅਤੇ ਸਿੰਗਾਪੁਰ ਲਹਿਰ ਦੇ ਕੇਂਦਰ ਸਨ, ਜਿੱਥੇ ਇਸ ਦਾ ਸਾਹਿਤ ਅਤੇ ਜਥੇਬੰਦਕ ਤਾਣਾਬਾਣਾ ਪਹਿਲਾਂ ਹੀ ਪਾਠਕਾਂ ਅਤੇ ਹਮਾਇਤੀਆਂ ਤੱਕ ਪਹੁੰਚ ਚੁੱਕਾ ਸੀ।

‘ਗ਼ਦਰ’ ਬਰਤਾਨਵੀ ਸਾਮਰਾਜ ਦੀ ਆਰਥਿਕਤਾ ਨੂੰ ਵੀ ਸਿੱਧੇ ਅਤੇ ਮਾਰੂ ਸ਼ਬਦਾਂ ਵਿੱਚ ਸਮਝਾਉਂਦਾ ਸੀ ਕਿ ਬਸਤੀਵਾਦ ਲੋਕਾਂ ਨੂੰ ਕਿਵੇਂ ਕੰਗਾਲ ਕਰਦਾ ਹੈ ਅਤੇ ਹਿੰਦੋਸਤਾਨ ਦੇ ਵਸੀਲੇ ਸਾਮਰਾਜ ਦੇ ਹਿੱਤਾਂ ਲਈ ਕਿਵੇਂ ਵਰਤੇ ਜਾਂਦੇ ਹਨ। ਕਿਰਤੀ ਆਪਣੀ ਰੋਜ਼ ਦੀ ਤੰਗੀ ਦਾ ਨਾਤਾ ਉਸ ਪ੍ਰਬੰਧ ਨਾਲ ਜੋੜ ਸਕਦੇ ਸਨ, ਜੋ ਇਹ ਕੰਗਾਲੀ ਪੈਦਾ ਕਰਦਾ ਸੀ। ਕਵਿਤਾਵਾਂ ਅਤੇ ਕੁਰਬਾਨੀ ਦੀਆਂ ਕਹਾਣੀਆਂ ਸਾਮਰਾਜ ਪ੍ਰਤੀ ਵਫ਼ਾਦਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੀਆਂ ਅਤੇ ਸਾਂਝੀ ਆਜ਼ਾਦੀ ਲਈ ਪ੍ਰੇਰਦੀਆਂ ਸਨ। ਪੜ੍ਹਨ ਅਤੇ ਵਿਚਾਰਨ ਨਾਲ ਇਨ੍ਹਾਂ ਦੀ ਦਲੀਲ ਪੜ੍ਹੇ-ਲਿਖਿਆਂ ਦੇ ਘੇਰੇ ਤੋਂ ਬਾਹਰ ਵੀ ਪਹੁੰਚਦੀ ਸੀ। ਭਾਵਨਾ ਦੀ ਤਾਕਤ ਨਾ ਇਨ੍ਹਾਂ ਵਿਚਾਰਾਂ ਨੂੰ ਮਿਟਾਉਂਦੀ ਹੈ ਅਤੇ ਨਾ ਦੇਸ਼ਭਗਤਾਂ ਦੀ ਲਿਖਣ, ਛਾਪਣ, ਵੰਡਣ ਅਤੇ ਸਮਝਾਉਣ ਦੀ ਮਿਹਨਤ ਨੂੰ ਛੋਟਾ ਕਰਦੀ ਹੈ। ਉਨ੍ਹਾਂ ਦੀ ਸਮਝ ਅਨੁਸਾਰ ਪਰਦੇਸ ਵਿੱਚ ਉਨ੍ਹਾਂ ਦੀ ਬੇਵਸੀ ਦੀ ਜੜ੍ਹ ਬਰਤਾਨਵੀ ਰਾਜ ਸੀ; ਇਸ ਦਾ ਇਲਾਜ ਆਜ਼ਾਦੀ ਸੀ; ਮਨੋਰਥ ਜਮਹੂਰੀ ਸਰਕਾਰ ਸੀ ਅਤੇ ਰਣਨੀਤੀ ਫ਼ੌਜੀਆਂ ਦੀ ਸ਼ਮੂਲੀਅਤ ਸੀ। ਇਸ ਸਮਝ ਅਤੇ ਰਣਨੀਤੀ ਦੀ ਆਲੋਚਨਾ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਵਿੱਚ ਰਾਜਨੀਤਕ ਵਿਚਾਰ ਸਪੱਸ਼ਟ ਮੌਜੂਦ ਹੈ। ਰੋਹ ਨੇ ਕਾਰਵਾਈ ਦੀ ਫੌਰੀ ਲੋੜ ਪੈਦਾ ਕੀਤੀ ਜਦੋਂਕਿ ਦਲੀਲ ਅਤੇ ਜਥੇਬੰਦੀ ਨੇ ਉਸ ਨੂੰ ਦਿਸ਼ਾ ਦਿੱਤੀ। ਕੌਮਾਗਾਟਾ ਮਾਰੂ ਨੇ ਰੋਹ ਨੂੰ ਹੋਰ ਤਿੱਖਾ ਕੀਤਾ। ਕੈਨੇਡਾ ਦੇ ਹਿੰਦੋਸਤਾਨੀਆਂ ਨੇ ਵੈਨਕੂਵਰ ਵਿੱਚ ਦਾਖ਼ਲੇ ਤੋਂ ਵਾਂਝੇ ਰੱਖੇ ਮੁਸਾਫ਼ਿਰਾਂ ਲਈ ਪੈਸਾ ਇਕੱਠਾ ਕੀਤਾ ਅਤੇ ਉਨ੍ਹਾਂ ਦੀ ਲੜਾਈ ਲੜੀ। ਮਹੀਨਿਆਂ ਦੇ ਵਿਰੋਧ ਤੋਂ ਬਾਅਦ ਜਹਾਜ਼ ਨੂੰ ਜ਼ਬਰਦਸਤੀ ਮੋੜ ਦਿੱਤਾ ਗਿਆ। ਆਰਥਿਕ ਮੰਦੀ ਨੇ ਹਰ ਪਾਸੇ, ਖ਼ਾਸਕਰ ਬ੍ਰਿਟਿਸ਼ ਕੋਲੰਬੀਆ ਵਿੱਚ, ਮਾਲੀ ਤੰਗੀ ਹੋਰ ਵਧਾਈ। ਨਾ ਬੇਦਖ਼ਲੀ ਅਤੇ ਨਾ ਮੰਦੀ ਆਪਣੇ ਆਪ ਕਿਸੇ ਨੂੰ ਇਨਕਲਾਬ ਵੱਲ ਤੋਰਦੀ ਸੀ, ਪਰ ਦੋਵਾਂ ਨੇ ਉੱਥੇ ਵੱਸਣ ਦੀਆਂ ਆਸਾਂ ਕਮਜ਼ੋਰ ਕੀਤੀਆਂ। ਫਿਰ ਯੂਰੋਪ ਵਿੱਚ ਜੰਗ ਛਿੜ ਗਈ। ਬਰਤਾਨੀਆ ਦੇ ਉਸ ਵਿੱਚ ਉਲਝਣ ਨਾਲ ਬਗ਼ਾਵਤ ਲਈ ਰਾਹ ਖੁੱਲ੍ਹਦਾ ਜਾਪਿਆ। ਹਰ ਕਿਸੇ ਨੇ ਗ਼ਦਰ ਲਈ ਘਰ ਵਾਪਸ ਤੁਰ ਕੇ ਹੀ ਸੱਦੇ ਦਾ ਜਵਾਬ ਨਹੀਂ ਦਿੱਤਾ। ਪਿੱਛੇ ਵਿਦੇਸ਼ਾਂ ’ਚ ਰਹਿਣ ਵਾਲੇ ਹਿੰਦੋਸਤਾਨੀ ਚੰਦੇ ਅਤੇ ਪ੍ਰੈੱਸ ਰਾਹੀਂ ਮਦਦ ਕਰ ਸਕਦੇ ਸਨ। ਪਰਿਵਾਰ, ਰੁਜ਼ਗਾਰ ਅਤੇ ਨਿੱਜੀ ਹਾਲਾਤ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੇ ਸਨ। ਪਰਿਵਾਰਾਂ ਤੋਂ ਦੂਰੀ ਪਰਦੇਸ ਛੱਡਣਾ ਸੌਖਾ ਬਣਾ ਸਕਦੀ ਸੀ, ਪਰ ਨਾ ਇਹ ਵਾਪਸੀ ਨੂੰ ਲਾਜ਼ਮੀ ਬਣਾਉਂਦੀ ਸੀ ਅਤੇ ਨਾ ਹੀ ਉਸ ਦੇ ਇਨਕਲਾਬੀ ਮਨੋਰਥ ਨੂੰ ਸਮਝਾਉਂਦੀ ਸੀ। ਪਰਤਣ ਵਾਲਿਆਂ ਨੇ ਪਰਦੇਸ ਦੀਆਂ ਸੰਭਾਵਨਾਵਾਂ ਛੱਡੀਆਂ, ਪਰ ਹਿੰਦੋਸਤਾਨ ਵਿੱਚ ਆਪਣੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਤੋਂ ਉਹ ਮੁਕਤ ਨਹੀਂ ਹੋਏ ਸਨ।

ਉਨ੍ਹਾਂ ਨੇ ਦੇਸ਼ ਵਿੱਚ ਗ਼ਦਰ ਦੀ ਤਿਆਰੀ ਦਾ ਅੰਦਾਜ਼ਾ ਵੱਧ ਲਾਇਆ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਦਾ ਭੇਤ ਪਾ ਕੇ ਹਕੂਮਤ ਦੀ ਉਨ੍ਹਾਂ ਨੂੰ ਤੋੜ ਦੇਣ ਦੀ ਸਮਰੱਥਾ ਨੂੰ ਘੱਟ ਸਮਝਿਆ। ਉਨ੍ਹਾਂ ਦੀ ਤਿਆਰੀ ਉਨ੍ਹਾਂ ਦੀ ਵੱਡੀ ਚਾਹ ਤੋਂ ਪਿੱਛੇ ਰਹਿ ਗਈ। ਫਿਰ ਵੀ ਨਿਰਣਾ ਕਰਨ ਲਈ ਹਾਰ ਤੋਂ ਪਹਿਲਾਂ ਦੇ ਉਨ੍ਹਾਂ ਦੇ ਕੰਮ ਅਤੇ ਫ਼ੈਸਲਿਆਂ ਨੂੰ ਪਰਖਣਾ ਲਾਜ਼ਮੀ ਹੈ। ਕਿਰਤੀਆਂ ਦੀ ਪ੍ਰੈੱਸ, ਸਮੁੰਦਰੋਂ ਪਾਰ ਫੈਲਿਆ ਜਥੇਬੰਦਕ ਤਾਣਾਬਾਣਾ, ਗਣਰਾਜ ਦਾ ਮਨੋਰਥ ਅਤੇ ਫ਼ੌਜੀ ਰਣਨੀਤੀ ਨੂੰ ਬਿਨਾਂ ਸੋਚੇ-ਸਮਝੇ ਬਦਲਾ ਲੈਣ ਦੀ ਭਾਵਨਾ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।

ਸੰਨ 1914 ਦੀ ਪੱਤਝੜ ਵਿੱਚ ਤੁਰਨ ਵਾਲਿਆਂ ਨੂੰ ਕਾਮਯਾਬੀ ਦਾ ਕੋਈ ਭਰੋਸਾ ਨਹੀਂ ਸੀ। ਫਿਰ ਵੀ ਉਹ ਇੱਕ ਰਾਜਨੀਤਕ ਮਨੋਰਥ ਲੈ ਕੇ ਘਰ ਪਰਤ ਰਹੇ ਸਨ, ਜੋ ਪਰਦੇਸ ਦੇ ਕੰਮ, ਬਹਿਸ ਅਤੇ ਜਥੇਬੰਦੀ ਵਿੱਚੋਂ ਵਿਕਸਿਤ ਹੋਇਆ ਸੀ। ਹਾਰ ਨੇ ਉਨ੍ਹਾਂ ਦੀ ਤਿਆਰੀ ਦੀਆਂ ਸੀਮਾਵਾਂ ਉਘਾੜੀਆਂ, ਪਰ ਇਹ ਉਨ੍ਹਾਂ ਅੰਦਰ ਆਈ ਤਬਦੀਲੀ ਨੂੰ ਮਿਟਾ ਨਹੀਂ ਸਕੀ। ਉਹ ਇਸ ਵਿਸ਼ਵਾਸ ਨਾਲ ਤੁਰੇ ਸਨ ਕਿ ਦੇਸ਼ ਦੀ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ, ਉਸ ਦੀ ਉਡੀਕ ਕਰਦਿਆਂ ਬੈਠੇ ਰਹਿਣ ਦੀ ਲੋੜ ਨਹੀਂ।

ਸੰਪਰਕ: 98150-00873

Advertisement
×