ਨੌਟੰਕੀ ਦਾ ਨਗੀਨਾ: ਆਤਮਜੀਤ ਸਿੰਘ (ਲਖਨਵੀ)
ਆਤਮਜੀਤ ਸਿੰਘ ਨੌਟੰਕੀ ਰੰਗਸ਼ੈਲੀ ਦਾ ਇੱਕ ਅਮਿੱਟ ਹਸਤਾਖ਼ਰ ਹੈ। ਉਸ ਨੂੰ ਸਾਲ 2025 ਦਾ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰੀ ਐਵਾਰਡ ਦਿੱਤਾ ਜਾ ਰਿਹਾ ਹੈ। ਦੇਖਣ ਨੂੰ ਉਹ ਫ਼ੌਜੀ ਅਫ਼ਸਰ ਜਾਂ ਸਰਕਾਰੀ ਮਹਿਕਮੇ ਦਾ ਉੱਚ-ਅਧਿਕਾਰੀ ਲੱਗ ਸਕਦਾ ਹੈ ਪਰ ਉਹ ਕਮਾਲ...
ਆਤਮਜੀਤ ਸਿੰਘ ਨੌਟੰਕੀ ਰੰਗਸ਼ੈਲੀ ਦਾ ਇੱਕ ਅਮਿੱਟ ਹਸਤਾਖ਼ਰ ਹੈ। ਉਸ ਨੂੰ ਸਾਲ 2025 ਦਾ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰੀ ਐਵਾਰਡ ਦਿੱਤਾ ਜਾ ਰਿਹਾ ਹੈ। ਦੇਖਣ ਨੂੰ ਉਹ ਫ਼ੌਜੀ ਅਫ਼ਸਰ ਜਾਂ ਸਰਕਾਰੀ ਮਹਿਕਮੇ ਦਾ ਉੱਚ-ਅਧਿਕਾਰੀ ਲੱਗ ਸਕਦਾ ਹੈ ਪਰ ਉਹ ਕਮਾਲ ਦਾ ਗਾਇਕ, ਸੰਗੀਤਕਾਰ, ਨਿਰਦੇਸ਼ਕ ਅਤੇ ਅਭਿਨੇਤਾ ਹੈ। ਉਹ ਲਖਨਊ ਦੇ ਪ੍ਰਸਿੱਧ ਨਾਟ-ਗਰੁੱਪ ‘ਮੇਘਦੂਤ’ ਦੀ ਜਿੰਦ-ਜਾਨ ਰਿਹਾ ਹੈ। ਲਖਨਊ ਦੇ ਰੰਗਮੰਚੀ ਸੀਨੇ ਵਿੱਚ ਬੜੀ ਜਾਨ ਹੁੰਦੀ ਸੀ, ਪਰ ਉਸ ਨੂੰ ਉੱਡਣ ਵਾਸਤੇ ਆਕਾਸ਼ ਨਹੀਂ ਸੀ ਲੱਭਦਾ। ਉੱਥੋਂ ਦੇ ਰੰਗਕਰਮੀ ‘ਨੈਸ਼ਨਲ ਸਕੂਲ ਔਫ ਡਰਾਮਾ’ ਦੇ ਮਹਾਰਥੀਆਂ ਨੂੰ ਲਖਨਊ ਬੁਲਾ ਕੇ ਉਨ੍ਹਾਂ ਨਾਲ ਕੰਮ ਕਰਦੇ ਰਹੇ। ਇਸ ਮੇਲ-ਜੋਲ ਨੇ ਸੱਤਰ੍ਹਵਿਆਂ ਵਿੱਚ ਲਖਨਊ ਦੇ ਰੰਗਮੰਚ ਨੂੰ ਆਪਣੇ ਖਿੱਤੇ ਵਿੱਚੋਂ ਬਾਹਰ ਕੱਢ ਕੇ ਰਾਸ਼ਟਰੀ ਦਿਸਹੱਦਿਆਂ ਤੱਕ ਫੈਲਾ ਦਿੱਤਾ। ਸਭ ਤੋਂ ਸੁਖਦ ਘਟਨਾ 1977 ਵਿੱਚ ਵਾਪਰੀ। ਨਵੀਂ ਸੋਚ ਵਾਲੇ ਨਾਟਕਕਾਰ ਮੁਦਰਾ ਰਾਕਸ਼ਸ ਨੇ ਗੋਗੋਲ ਦੇ ਨਾਟਕ ‘ਦਿ ਗਵਰਨਮੈਂਟ ਇੰਸਪੈਕਟਰ’ (ਦਿ ਇੰਸਪੈਕਟਰ ਜਨਰਲ) ਨੂੰ ਆਧਾਰ ਬਣਾ ਕੇ ਨਾਟਕ ‘ਆਲ੍ਹਾ ਅਫਸਰ’ ਨੌਟੰਕੀ ਸ਼ੈਲੀ ਵਿੱਚ ਲਿਖਿਆ। ਇਸ ਨੂੰ ਬੰਸੀ ਕੌਲ ਨੇ ‘ਰੰਗਯੋਗ’ ਨਾਂ ਦੀ ਨਵੀਂ ਸਥਾਪਿਤ ਸੰਸਥਾ ਵਾਸਤੇ ਤਿਆਰ ਕੀਤਾ ਸੀ। ਇਹ ਭਾਰਤੀ ਰੰਗਮੰਚ ਦੀ ਦੁਨੀਆ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ। ‘ਆਲ੍ਹਾ ਅਫਸਰ’ ਦੇ ਸੈਂਕੜੇ ਸ਼ੋਅ ਹੋਏ ਅਤੇ ਇਸ ਨੇ ਅਵਧੀ ਸੱਭਿਆਚਾਰ ਵਿੱਚ ਕਲਾਸੀਕਲ ਸੰਗੀਤ ਤੇ ਲੋਕ ਰੰਗਮੰਚ ਦੀ ਚਾਸ਼ਨੀ ਘੋਲੀ ਅਤੇ ਟਿਕਟਾਂ ਖ਼ਰੀਦ ਕੇ ਆਡੀਟੋਰੀਅਮ ਵਿੱਚ ਨਾਟਕ ਦੇਖਣ ਦੀ ਪਿਰਤ ਤੋਰੀ। ਭਾਰਤੀ ਰੇਲਵੇ ਦੇ ਬ੍ਰਿਜ ਵਿਭਾਗ ਵਿੱਚ ਸੇਵਾ ਕਰਦਾ ਆਤਮਜੀਤ ਸਿੰਘ ਇਸ ਗਰੁੱਪ ਦੇ ਮੁੱਢਲੇ ਮੈਂਬਰਾਂ ਵਿੱਚੋਂ ਹੈ। ਬੰਸੀ ਕੌਲ ਨੇ ਵੱਖ-ਵੱਖ ਗਰੁੱਪਾਂ ਵਿੱਚੋਂ ਗਾਇਕ ਇਕੱਠੇ ਕੀਤੇ ਸਨ ਕਿਉਂਕਿ ਕਿਸੇ ਵੀ ਇੱਕ ਮੰਡਲੀ ਕੋਲ ਏਨੇ ਗਾਇਕ ਨਹੀਂ ਸਨ। ਉਹ ‘ਮੇਘਦੂਤ’ ਵੱਲੋਂ ਗਾਇਕ ਵਜੋਂ ਸ਼ਾਮਲ ਹੋਇਆ ਸੀ।
ਲਖਨਵੀ ਉਸ ਦੇ ਨਾਂ ਦਾ ਹਿੱਸਾ ਨਹੀਂ ਹੈ। ਉਸ ਨੂੰ ਸਿਰਫ਼ ਆਤਮਜੀਤ ਸਿੰਘ ਦੇ ਨਾਂ ਨਾਲ ਪਿਆਰਿਆ-ਸਤਿਕਾਰਿਆ ਅਤੇ ਪੁਕਾਰਿਆ ਜਾਂਦਾ ਹੈ, ਪਰ ਇਕੋ-ਜੇਹੇ ਨਾਵਾਂ ਕਾਰਨ ਲੋਕ ਸਾਨੂੰ ਅਕਸਰ ਰਲਗੱਡ ਕਰ ਦਿੰਦੇ ਹਨ। ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੈਂ ਆਤਮਜੀਤ ਸਿੰਘ ਬਾਰੇ ਕੁਝ ਸਵਾਲ ਕੀਤੇ ਤਾਂ ਉਹਨੇ ਵੀ ਸਾਨੂੰ ਦੋਹਾਂ ਨੂੰ ਰਲਾ-ਮਿਲਾ ਦਿੱਤਾ। ਉਸ ਨੇ ਮੇਰੇ ਨਾਟਕ ‘ਸਾਂਗ ਔਫ ਦਿ ਲੌਸਟ ਰਿਵਰ’ (ਗੁਲਾਬ ਬਾਈ ਬਾਰੇ ਲਿਖੇ ‘ਗੁਆਚੀ ਨਦੀ ਦਾ ਗੀਤ’ ਦਾ ਅੰਗਰੇਜ਼ੀ ਰੂਪ) ਅਤੇ ਉਸ ਦੇ ਨਾਟਕ ‘ਆਲ੍ਹਾ ਅਫਸਰ’ ਨੂੰ ਇੱਕੋ ਬੰਦੇ ਨਾਲ ਜੋੜ ਦਿੱਤਾ। ਮਸਨੂਈ-ਮੱਤ ਭੈਣ ਨੂੰ ਮੈਂ ਦੱਸਿਆ ਮੇਰਾ ਸਵਾਲ ਲਖਨਊ ਵਾਲੇ ਆਤਮਜੀਤ ਸਿੰਘ ਬਾਰੇ ਹੈ। ਫਿਰ ਉਹ ਹੋਸ਼ ਵਿੱਚ ਆਈ, ਪਰ ਉਸ ਨੇ ਇਹ ਵੀ ਦੱਸਿਆ ਕਿ ਲਖਨਊ ਵਾਲਾ ਆਤਮਜੀਤ ਲਿਖਣ ਵੇਲੇ ‘ਜੀਤ’ ਵਿੱਚ ਦੋ ‘ਈਆਂ’ ਦਾ ਪ੍ਰਯੋਗ ਕਰਦਾ ਹੈ ਜਦੋਂਕਿ ਪੰਜਾਬ ਵਾਲਾ ਸਿਰਫ਼ ‘ਆਈ’ ਪਾਉਂਦਾ ਹੈ ਅਤੇ ਪੰਜਾਬੀ ਵਿੱਚ ਦੋਵੇਂ ਇੱਕੋ ਤਰ੍ਹਾਂ ਲਿਖੇ ਜਾਂਦੇ ਹਨ। ਇਸ ਲਈ ਮੈਂ ਉਸ ਨੂੰ ਲਖਨਵੀ ਦਾ ਨਵਾਂ ਨਾਂ ਦਿੱਤਾ ਹੈ ਤਾਂ ਕਿ ਫ਼ਰਕ ਦਿਸਦਾ ਰਹੇ।
ਉਸ ਦਾ ਜਨਮ ਪਿੰਡ ਸੱਗਰਾ ਜ਼ਿਲ੍ਹਾ ਹੁਸ਼ਿਆਰਪੁਰ 1949 ਵਿੱਚ ਹੋਇਆ। ਉਹ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਰੇਲਵੇ ਵਿਭਾਗ ਅੰਦਰ ਬਦਲੀ ਕਾਰਨ ਲਖਨਊ ਆ ਗਿਆ। ਉਸ ਦੀ ਸੰਗੀਤ ਨਾਲ ਸੰਗਤ ਦੇ ਦੋ ਕਾਰਨ ਹਨ। ਉਸ ਦੀ ਮਾਤਾ ਗੁਰਦੁਆਰੇ ਵਿੱਚ ਕੀਰਤਨ ਕਰਦੀ ਹੁੰਦੀ ਸੀ। ਦੂਸਰੇ, ਕੁਝ ਕਸ਼ਮੀਰੀ ਭਾਂਡ ਵੀ ਲਖਨਊ ਵਿੱਚ ਰਹਿੰਦੇ ਸਨ। ਜਹਾਂਗੀਰ ਭਾਂਡ ਅਤੇ ਤਬੰਦਰ ਭਾਂਡ ਵਰਗੇ ਕਲਾਕਾਰ ਬਹੁਤ ਮਹੀਨ ਗਾਇਕ ਅਤੇ ਅਦਾਕਾਰ ਸਨ। ਆਤਮਜੀਤ ਸਿੰਘ ਚਾਰ-ਪੰਜ ਸਾਲ ਉਨ੍ਹਾਂ ਨਾਲ ਕੱਵਾਲੀਆਂ ਵੀ ਗਾਉਂਦਾ ਰਿਹਾ। ਉਹ ਤੀਸਰੇ ਕਾਲੇ ਤੱਕ ਤਾਂ ਆਰਾਮ ਨਾਲ ਹੀ ਗਾਉਂਦਾ ਸੀ, ਪਰ ਕੱਵਾਲੀਆਂ ਕਾਰਨ ਪੰਜਵੇਂ ਕਾਲੇ ਤੱਕ ਵੀ ਸੁਰ ਸੰਭਾਲਣੇ ਮੁਸ਼ਕਿਲ ਨਹੀਂ ਸਨ ਰਹੇ। ਪਿਤਾ ਨੇ ਉਸ ਨੂੰ ਗੁਰਦੁਆਰੇ ਅਤੇ ਸਕੂਲ ਵਿੱਚ ਕਵਿਤਾਵਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਿਸ ਦੇ ਨਤੀਜੇ ਵਜੋਂ ਉਸਦਾ ਸਟੇਜ ਦਾ ਝਾਕਾ ਚੁੱਕਿਆ ਗਿਆ, ਪਰ ਉਸ ਦੇ ਅੰਦਰ ਦੇ ਕਲਾਕਾਰ ਨੂੰ ਸਹੀ ਅਰਥਾਂ ਵਿੱਚ ‘ਮੇਘਦੂਤ’ ਨੇ ਹੁਲਾਰਾ ਦਿੱਤਾ। ਟੈਲੀਵਿਜ਼ਨ ਉੱਤੇ ਅਕਸਰ ਆਉਣ ਕਾਰਨ ਵੀ ਉਹ ਦਿਨਾਂ ਵਿੱਚ ਹੀ ਲਖਨਊ ਦਾ ਜਾਣਿਆ-ਪਛਾਣਿਆ ਗਾਇਕ ਬਣ ਗਿਆ। 2009 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਸ ਨੇ ਆਪਣੇ-ਆਪ ਨੂੰ ਥੀਏਟਰ ਲਈ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ।
‘ਮੇਘਦੂਤ’ ਦਾ ਸਥਾਈ ਮੈਂਬਰ ਬਣਨ ਤੋਂ ਬਾਅਦ ਉਸ ਨੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਅਤੇ ਅਲਾਹਾਬਾਦ ਤੇ ਦਿੱਲੀ ਵਰਗੇ ਦੂਰਾਡੇ ਸ਼ਹਿਰਾਂ ਤੋਂ ਗਾਉਣ ਵਾਸਤੇ ਵੀ ਸੱਦੇ ਆਉਣ ਲੱਗੇ। ‘ਮੇਘਦੂਤ’ ਦੀ ਦੇਣ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੇ ਲਖਨਊ ਦੀ ਪ੍ਰਸਿੱਧ ਸਰਕਾਰੀ ਸੰਸਥਾ ‘ਭਾਰਤੇਂਦੂ ਨਾਟਯ ਅਕੈਡਮੀ’ ਦੀ 1975 ਵਿੱਚ ਹੋਈ ਸਥਾਪਨਾ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਉਹ ‘ਆਲ੍ਹਾ ਅਫਸਰ’ ਵਿੱਚ ਸਟੇਜ ਉੱਤੇ ਪਹਿਲੀ ਵਾਰ ਕੋਈ ਮੁੱਖ ਭੂਮਿਕਾ ਨਿਭਾਅ ਰਿਹਾ ਸੀ, ਪਰ ਆਤਮਜੀਤ ਸਿੰਘ ਉਸ ਪੇਸ਼ਕਾਰੀ ਦੀ ਰੂਹ ਸੀ। ਉਸ ਨੇ ਲੋਕ-ਸੰਗੀਤ ਦੀਆਂ ਧੁਨਾਂ ਉੱਤੇ ਅੰਜਨਾ ਪੁਰੀ ਦੇ ਬਣਾਏ ਸੰਗੀਤ ਵਿੱਚ ਗਾਣਿਆਂ ਨੂੰ ਖ਼ੂਬਸੂਰਤ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਗਾਇਆ। ਦਰਅਸਲ, ਆਤਮਜੀਤ ਸਿੰਘ ਨੇ ‘ਆਲ੍ਹਾ ਅਫਸਰ’ ਨੂੰ ਅਤੇ ‘ਆਲ੍ਹਾ ਅਫਸਰ’ ਨੇ ਆਤਮਜੀਤ ਸਿੰਘ ਨੂੰ ਭਾਰਤੀ ਥੀਏਟਰ ਵਿੱਚ ਖੜ੍ਹਾ ਕੀਤਾ। ਇਸ ਦਾ ਰਾਜ਼ ਉਸ ਦੀ ਸੰਗੀਤ-ਸੂਝ ਅਤੇ ਬੁਲੰਦ ਆਵਾਜ਼ ਸੀ। ਸਾਡਾ ਸਾਂਝਾ ਮਿੱਤਰ ਸੁਰਿੰਦਰ ਸ਼ਰਮਾ ਦੱਸਦਾ ਹੈ ਕਿ ਜਦੋਂ ਉਹ ਬਨਾਰਸ ਵਿੱਚ ਰੇਲਵੇ ਦੀ ਨੌਕਰੀ ਕਰਦਾ ਸੀ ਤਾਂ ਉੱਥੇ ਨਿਰਦੇਸ਼ਕ ਦੇਵਿੰਦਰ ਰਾਜ ਅੰਕੁਰ ਥੀਏਟਰ ਦੀ ਵਰਕਸ਼ਾਪ ਲਾਉਣ ਜਾਂਦਾ ਸੀ। ਆਤਮਜੀਤ ਸਿੰਘ ਦੀ ਉਸ ਨਾਲ ਦੋਸਤੀ ਸੀ। ਮਿੱਤਰ-ਮਹਿਫ਼ਿਲ ਵਿੱਚ ਜਦੋਂ ਆਤਮਜੀਤ ਸਿੰਘ ਮਿਰਜ਼ਾ ਗਾਉਂਦਾ ਤਾਂ ਵਾਤਾਵਰਨ ਦਾ ਮਿਜ਼ਾਜ ਹੀ ਬਦਲ ਜਾਂਦਾ। ਉਸ ਦੀ ਅਸਲ ਤਾਕਤ ਇਹ ਹੈ ਕਿ ਉਹ ਕੀਰਤਨ ਸੰਗੀਤ ਵਿੱਚੋਂ ਸਹਿਜ-ਸੁਭਾਇ ਪਰਿਵਰਤਿਤ ਹੋ ਕੇ ਕੱਵਾਲੀ, ਨੌਟੰਕੀ ਜਾਂ ਪੰਜਾਬ ਦੇ ਲੋਕ-ਸੰਗੀਤ ਵਿੱਚ ਆਪਣੇ-ਆਪ ਨੂੰ ਢਾਲ ਲੈਂਦਾ ਰਿਹਾ।
‘ਆਲ੍ਹਾ ਅਫਸਰ’ ਵਿੱਚ ਭ੍ਰਿਸ਼ਟ ਅਫਸਰਾਂ ਉੱਤੇ ਤਿੱਖਾ ਵਿਅੰਗ ਹੈ ਅਤੇ ਇਹ ਚੱਲ ਰਹੀ ਐਮਰਜੈਂਸੀ ਦੇ ਆਖ਼ਰੀ ਦਿਨਾਂ ਵਿੱਚ ਖੇਡਿਆ ਗਿਆ, ਪਰ ਆਪਣੇ ਹਲਕੇ-ਫੁਲਕੇ ਅੰਦਾਜ਼ ਕਾਰਨ ਨਾਟਕ ਸਰਕਾਰੀ ਰੋਕ-ਟੋਕ ਤੋਂ ਬਚਿਆ ਰਿਹਾ। ਬੰਸੀ ਕੌਲ ਤੋਂ ਬਾਅਦ ਉਸ ਨੇ ਸੂਰੀਆਮੋਹਨ ਕੁਲਸ੍ਰੇਸ਼ਟ ਅਤੇ ਅਤੁਲ ਤਿਵਾੜੀ ਵਰਗੇ ਨਿਰਦੇਸ਼ਕਾਂ ਨਾਲ ਕੰਮ ਕੀਤਾ, ਪਰ ਜਲਦੀ ਹੀ ਆਤਮਜੀਤ ਸਿੰਘ ਨੇ ਖ਼ੁਦ ਨੌਟੰਕੀ ਨਿਰਦੇਸ਼ਨ ਵਿੱਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ। ‘ਲੈਲਾ ਮਜਨੂੰ’ ਉਸ ਦੇ ਆਪਣੇ ਨਿਰਦੇਸ਼ਨ ਹੇਠ ਪਹਿਲੀ ਨੌਟੰਕੀ ਸੀ, ਜੋ ਸੰਨ 1978 ਵਿੱਚ ਖੇਡੀ ਗਈ। ਉਸ ਨੇ ਨਾਟਕਕਾਰ ਸ਼ੇਸ਼ਪਾਲ ਸਿੰਘ ਸ਼ੇਸ਼ ਨਾਲ ਆਪਣੀ ਜੋੜੀ ਬਣਾਈ ਅਤੇ ਉਸ ਦੁਆਰਾ ਲਿਖੇ ‘ਸ਼ਹੀਦ ਭਗਤ ਸਿੰਘ’, ‘ਮੁਨਸ਼ੀਗੰਜ ਗੋਲੀਕਾਂਡ ਉਰਫ਼ ਮੂਕ ਬਲੀਦਾਨ’, ‘ਭਾਂਡ ਚਰਿਤਰਮ’ ਆਦਿ ਨਾਟਕਾਂ ਨੂੰ ਨੌਟੰਕੀ ਦੇ ਰੂਪ ਵਿੱਚ ਖੇਡਿਆ। ਸ਼ੇਸ਼ਪਾਲ ਸਿੰਘ ਕੋਲੋਂ ਉਸ ਨੇ ‘ਮੁਦਰਾ ਰਾਕਸ਼ਸ’ ਵਾਂਗ ਆਧਾਰਿਤ ਨਾਟਕ ਲਿਖਣ ਦਾ ਤਜਰਬਾ ਵੀ ਕਰਵਾਇਆ ਅਤੇ ਸ਼ੇਕਸਪੀਅਰ ਦੇ ‘ਮਰਚੈਂਟ ਔਫ ਵੈਨਿਸ’ ਦੇ ਆਧਾਰ ’ਤੇ ਨਾਟਕ ‘ਦਯਾਵਾਨ ਵਯਾਪਾਰੀ’ ਲਿਖਵਾ ਕੇ ਸਫ਼ਲਤਾ ਨਾਲ ਖੇਡਿਆ। ਉਸ ਦੇ ਨਾਟਕ ਭਾਰਤ ਰੰਗ ਮਹਾਂਉਤਸਵ ਵਿੱਚ ਅਕਸਰ ਖੇਡੇ ਜਾਂਦੇ ਰਹੇ। ਇਨ੍ਹਾਂ ਦੋਹਾਂ ਦੀ ਇਹ ਵੀ ਰਲੀ-ਮਿਲੀ ਦੇਣ ਹੈ ਕਿ ਅਕਾਸ਼ ਹੇਠ ਖੇਡੀ ਜਾਣ ਵਾਲੀ ਨੌਟੰਕੀ ਨੂੰ ਉਹ ਪ੍ਰੋਸੀਨੀਅਮ ਥੀਏਟਰ ਵਿੱਚ ਲੈ ਆਏ। ਆਤਮਜੀਤ ਸਿੰਘ ਨੇ ਆਪਣੇ 50 ਸਾਲਾਂ ਦੇ ਥੀਏਟਰ ਕਰੀਅਰ ਦੌਰਾਨ ਦਰਜਨ ਤੋਂ ਵੱਧ ਨੌਟੰਕੀ ਨਾਟਕ ਖੇਡੇ। ਨੌਟੰਕੀ ‘ਬਾਜੇ ਢੰਡੋਰਾ, ਉਰਫ਼ ਖੂਨ ਕਾ ਰੰਗ’ ਵੀ ਉਸ ਦੀ ਜਾਣੀ-ਪਛਾਣੀ ਰਚਨਾ ਹੈ। ਇਸ ਦੀ ਵੀ ਭਾਰਤ ਰੰਗ ਮਹਾਂਉਤਸਵ ਵਿੱਚ ਪੇਸ਼ਕਾਰੀ ਹੋਈ, ਪਰ ‘ਲੈਲਾ ਮਜਨੂੰ’ ਉਸ ਦਾ ਪਹਿਲਾ ਅਤੇ ਸਭ ਤੋਂ ਵੱਧ ਪ੍ਰਸਿੱਧੀ ਵਾਲਾ ਨੌਟੰਕੀ ਨਾਟਕ ਹੈ। ਆਤਮਜੀਤ ਸਿੰਘ ਬਾਰੇ ਜਾਣਨ ਵਾਲੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਪ੍ਰੋਗਰੈਸਿਵ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਲਾਕਾਰ ਹੈ। ਰੇਲਵੇ ਵਿੱਚ ਉਹ ਟਰੇਡ ਯੂਨੀਅਨ ਦਾ ਸਰਗਰਮ ਮੈਂਬਰ ਸੀ। ਭਗਤ ਸਿੰਘ ਉੱਤੇ ਨਾਟਕ ਲਿਖਵਾਉਣਾ ਉਸ ਦੀ ਤਰੱਕੀਪਸੰਦ ਵਿਚਾਰਧਾਰਾ ਦਾ ਨਤੀਜਾ ਹੈ। ਜਦੋਂ ਉਸ ਨੇ ਚੰਡੀਗੜ੍ਹ ਵਿੱਚ ‘ਲੈਲਾ ਮਜਨੂੰ’ ਖੇਡਿਆ ਤਾਂ ਉਸ ਦੇ ਬੇਲੀਆਂ ਨੂੰ ਇਤਰਾਜ਼ ਹੋਇਆ ਕਿ ਉਹ ਰੁਮਾਂਸ ਦੇ ਵਿਸ਼ੇ ਵਿੱਚ ਡੁੱਬ ਰਿਹਾ ਹੈ। ਉਸ ਨੇ ਇਸ ਰਚਨਾ ਨੂੰ ਵੀ ਸਾਰਥਿਕ ਰੱਖਣ ਲਈ ਇਹ ਗੱਲ ਜੋੜੀ ਕਿ ਅੱਜਕੱਲ੍ਹ ਆਤੰਕ ਦੇ ਨਾਂ ਨਾਲ ਜੁੜੀ ਦਮੱਸ਼ਕ ਦੀ ਧਰਤੀ ਨੇ ਦੁਨੀਆ ਨੂੰ ਇੱਕ ਜ਼ਮਾਨੇ ਵਿੱਚ ਪਿਆਰ ਦਾ ਸੰਦੇਸ਼ ਦਿੱਤਾ ਸੀ। ‘ਮੁਨਸ਼ੀਗੰਜ ਗੋਲੀ ਕਾਂਡ’ ਜੱਲ੍ਹਿਆਂਵਾਲੇ ਬਾਗ ਤੋਂ ਬਾਅਦ 1921 ਵਿੱਚ ਵਾਪਰਿਆ। ਗੋਰਿਆਂ ਦੀ ਪੁਲੀਸ ਨੇ ਰਾਏ ਬਰੇਲੀ ਜ਼ਿਲ੍ਹੇ ਦੇ ਸਈ ਨਦੀ ਦੇ ਤੱਟ ’ਤੇ ਸਰਕਾਰ ਦਾ ਸ਼ਾਂਤਮਈ ਵਿਰੋਧ ਕਰ ਰਹੇ 750 ਨਿਹੱਥੇ ਕਿਸਾਨ ਮਾਰ ਦਿੱਤੇ ਸਨ। ਅਜਿਹਾ ਨਾਟਕ ਲਿਖਵਾਉਣਾ ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਨਤੀਜਾ ਹੈ। ਉਸ ਅਨੁਸਾਰ ‘ਨੌਟੰਕੀ ਮੇਰੇ ਲਈ ਆਪਣੀ ਗੱਲ ਕਹਿਣ ਦਾ ਮਾਧਿਅਮ ਹੈ।’ ਗਾਇਕ ਅਤੇ ਸੰਗੀਤਕਾਰ ਹੋਣ ਕਾਰਨ ਇਸ ਮਾਧਿਅਮ ਨੇ ਉਸ ਨੂੰ ਵਧੇਰੇ ਆਕਰਸ਼ਿਤ ਕੀਤਾ। ਇਸੇ ਕਾਰਨ ਉਹ ਕਹਿੰਦਾ ਹੈ, ‘‘ਮੈਂ ਆਪਣਾ ਸੰਗੀਤ ਦੇਣ ਵੇਲੇ ਪਰੰਪਰਾਗਤ ਨੌਟੰਕੀ ਮਿਊਜ਼ਿਕ ਵਾਲੀ ਮੱਖੀ ਉੱਤੇ ਮੱਖੀ ਨਹੀਂ ਮਾਰਦਾ ਬਲਕਿ ਦ੍ਰਿਸ਼ ਦੇ ਮਿਜ਼ਾਜ ਅਨੁਸਾਰ ਆਪਣੀਆਂ ਧੁਨਾਂ ਘੜਦਾ ਹਾਂ।’’ ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸੰਗੀਤ ਦੀ ਸਿਰਜਣਾਤਮਕਤਾ ਪਛਾਣਨ ਲਈ ਨਾਟਕ ‘ਮਦਰ’ ਦੇਖਿਆ ਜਾ ਸਕਦਾ ਹੈ, ਜੋ ਗੋਰਕੀ ਦੇ ਨਾਵਲ ਉੱਤੇ ਆਧਾਰਿਤ ਬਰੈਖ਼ਤ ਦੀ ਨਾਟ-ਰਚਨਾ ਹੈ। ਇਸ ਦਾ ਬਹੁਤ ਵਰ੍ਹੇ ਪਹਿਲਾਂ ਬਲਰਾਜ ਪੰਡਿਤ ਨੇ ਹਿੰਦੀ ਵਿੱਚ ਅਨੁਵਾਦ ਕੀਤਾ ਸੀ ਅਤੇ ‘ਨਾਟਕਵਾਲਾ’ ਗਰੁੱਪ ਵੱਲੋਂ ਇੱਕ ਵਿਸ਼ਾਲ ਪੇਸ਼ਕਾਰੀ 2022 ਵਿੱਚ ਪਟਿਆਲਾ ਵਿਖੇ ਕੀਤੀ ਗਈ ਸੀ। ਆਤਮਜੀਤ ਸਿੰਘ ਨੇ ਲਖਨਊ ਤੋਂ ਆ ਕੇ ਇਸ ਦਾ ਸੰਗੀਤ ਤਿਆਰ ਕਰਵਾਇਆ ਸੀ। ‘ਮਦਰ’ ਦਾ ਨਿਰਦੇਸ਼ਕ ਰਾਜੇਸ਼ ਸ਼ਰਮਾ ਲਿਖਦਾ ਹੈ, ‘ਮੈਂ ਨਾਟਕੀ ਸੰਗੀਤ ਵਿੱਚ ਏਨਾ ਸੁਲਝਿਆ ਅਤੇ ਬੁਲੰਦ ਆਵਾਜ਼ ਵਾਲਾ ਵਿਅਕਤੀ ਪਹਿਲੀ ਵਾਰ ਦੇਖਿਆ। ਮਾਈਕ ਤੋਂ ਬਿਨਾਂ ਵੀ ਉਸ ਦੀ ਆਵਾਜ਼ ਹਜ਼ਾਰਾਂ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ।’ ਉਸ ਸੰਗੀਤ ਨੂੰ ਸੁਣ ਕੇ ਜਿਹੜੀ ਗੱਲ ਤੁਹਾਨੂੰ ਬਹੁਤ ਪ੍ਰਭਾਵਿਤ ਕਰੇਗੀ ਉਹ ਹੈ ਉਸ ਦਾ ਬਰੈਖ਼ਤੀਅਨ ਪ੍ਰਯੋਗ। ਗੋਰਕੀ ਦੀ ‘ਮਾਂ’ ਵਿੱਚ ਜਜ਼ਬਾਤ, ਰੂਹਾਨੀਅਤ ਅਤੇ ਧਾਰਮਿਕਤਾ ਭਾਰੂ ਹੈ ਅਤੇ ਕਥਾ ਲਕੀਰੀ ਹੈ। ਬਰੈਖ਼ਤ ਨੇ ਤਾਰਕਿਕਤਾ, ਚੇਤਨਾ, ਧਰਮ-ਨਿਰਪੇਖਤਾ ਅਤੇ ਜੀਵਨ ਪ੍ਰਤੀ ਪਦਾਰਥਵਾਦੀ ਕੋਣ ਨੂੰ ਪ੍ਰਮੁੱਖਤਾ ਦੇ ਕੇ ਪਲਾਟ ਦੀ ਲਕੀਰ ਨੂੰ ਵੀ ਤੋੜਿਆ ਹੈ। ਆਤਮਜੀਤ ਸਿੰਘ ਦੀ ਪ੍ਰਤੀਬੱਧਤਾ ਉਸ ਦੇ ਸੰਗੀਤ ਦੀ ਸ਼ੈਲੀ ਵਿੱਚ ਸਾਫ਼ ਝਲਕਦੀ ਹੈ। ਨੌਟੰਕੀ ਦਾ ਮਾਹਿਰ ਹੋਣ ਕਾਰਨ ਅਤੇ ਆਪਣੀ ਸਮਾਜਿਕ ਪ੍ਰਤੀਬੱਧਤਾ ਦੇ ਫਲਸਰੂਪ ਉਸ ਨੇ ਸੰਗੀਤ ਨੂੰ ਵੀ ਭਾਵੁਕਤਾ ਤੋਂ ਉਤਾਂਹ ਚੁੱਕ ਕੇ ਬਰੈਖ਼ਤੀਅਨ ਏਲੀਏਨੇਸ਼ਨ ਦੇ ਭਾਵ ਤੱਕ ਪਹੁੰਚਾਇਆ। ਉਸ ਦੀ ਨੌਟੰਕੀ ਨੂੰ ਵੀ ਏਹ ਵੱਡੀ ਦੇਣ ਹੈ, ਜਿਸ ਬਾਰੇ ਨਿਰਦੇਸ਼ਕ ਡੀ ਆਰ ਅੰਕੁਰ ਦਾ ਕਥਨ ਹੈ, ‘‘ਆਤਮਜੀਤ ਸਿੰਘ ਨੇ ਨੌਟੰਕੀ ਨੂੰ ਨਵੇਂ ਜੁਗ ਨਾਲ ਜੋੜਦਿਆਂ ਉਸਦੀ ਪੁਨਰ-ਖੋਜ ਕੀਤੀ ਹੈ।’’
ਪ੍ਰਸਿੱਧ ਫਿਲਮ ਕਲਾਕਾਰ ਰਾਜਿੰਦਰ ਗੁਪਤਾ ਅਨੁਸਾਰ ਆਤਮਜੀਤ ਸਿੰਘ ਬਹੁਤ ਨਿੱਘੇ ਸੁਭਾਅ ਦਾ ਸਵਾਮੀ ਹੈ ਅਤੇ ਉਹ ਦੋਵੇਂ ਇੱਕ ਦੂਸਰੇ ਦੇ ਕੰਮ ਦੀ ਇੱਜ਼ਤ ਕਰਦੇ ਹਨ। ਜਦੋਂ ਮੈਂ ਪਿਛਲੇ ਵਰ੍ਹੇ ਸ਼ਿਕਾਗੋ ਵਿੱਚ ‘ਸਾਂਗ ਔਫ ਦਿ ਲੌਸਟ ਰਿਵਰ’ ਦੀ ਪ੍ਰੋਡਕਸ਼ਨ ਤਿਆਰ ਕਰ ਰਿਹਾ ਸੀ ਤਾਂ ਉਸ ਨੇ ਬਿਮਾਰ ਹੋਣ ਦੇ ਬਾਵਜੂਦ ਮੇਰੀ ਮਦਦ ਕੀਤੀ। ਨਾਟਕ ਨੌਟੰਕੀ ਸ਼ੈਲੀ ਵਿੱਚ ਨਹੀਂ ਸੀ, ਪਰ ਮੈਂ ਉਸ ਦੇ ਮੁੱਢ ਵਿੱਚ ਨੌਟੰਕੀ ਨਾਟ-ਰੂਪ ਦਾ ਜ਼ਾਇਕਾ ਦੇਣਾ ਚਾਹੁੰਦਾ ਸੀ। ਉਸ ਵਾਸਤੇ ਗੁਲਾਬ ਬਾਈ ਦਾ ਗਾਇਆ ਇੱਕ ਗੀਤ ਮੂਲ ਭਾਸ਼ਾ ਵਿੱਚ ਦੁਬਾਰਾ ਰਿਕਾਰਡ ਕਰਕੇ ਜੋੜਿਆ ਗਿਆ। ਮੇਰੀ ਗਾਇਕਾ ਅਵਨੂਰ ਬਹੁਤ ਪ੍ਰਤਿਭਾਸ਼ਾਲੀ ਕਲਾਕਾਰ ਹੈ, ਪਰ ਸ਼ੁੱਧ ਪੰਜਾਬਣ ਹੋਣ ਕਾਰਨ ਮੈਨੂੰ ਉਸ ਦੀ ਬੋਲੀ ਦੀ ਚਿੰਤਾ ਸੀ। ਆਤਮਜੀਤ ਸਿੰਘ ਨੇ ਗੀਤ ਦੀ ਰਿਕਾਰਡਿੰਗ ਦੀ ਭਰਪੂਰ ਸਿਫ਼ਤ ਕੀਤੀ। ਮੇਰਾ ਹੌਸਲਾ ਵਧ ਗਿਆ, ਕਿਉਂਕਿ ਜਦੋਂ ਮੈਂ ਉਸਦੀ ਗਾਇਕੀ ਸੁਣਦਾ ਹਾਂ ਤਾਂ ਉਹ ਜਿਸ ਪ੍ਰਕਾਰ ਦੀ ਅਵਧੀ, ਖੜ੍ਹੀ ਬੋਲੀ ਤੇ ਬ੍ਰਜ ਭਾਸ਼ਾ ਦਾ ਉਚਾਰਨ ਕਰਦਾ ਹੈ, ਮਨ ਮੋਹਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਫਿਰ ਮੈਂ ਉਸ ਪਾਸੋਂ ਇੱਕ ਕਮਾਲ ਦੀ ਰਚਨਾ ਸੁਣੀ, ਜਿਹੜੀ ਸਤਹੀ ਅਰਥਾਂ ਵਿੱਚ ਦੁਨਿਆਵੀ ਪਰ ਆਪਣੇ ਡੂੰਘੇਰੇ ਅਰਥਾਂ ਵਿੱਚ ਰਹੱਸਮਈ ਹੈ: ‘ਛੱਲਾ ਛਾਪ ਕੀ ਮੋਂਦਰੀਆ, ਮੋਰ ਨਗੀਨਵਾ ਸੇ ਜੜੀ/ ਬਨ ਮੇਂ ਬੋਲ ਰਹਾ ਮੋਰੈਈਲਾ, ਬੁਲੀਆ ਬੋਲੇ ਸੋ-ਹਨੀ/ ਲਾਲ ਲਾਲ ਇੱਕ ਡੋਲੀਆ ਦੇਖਿਉਂ, ਪਚਰੰਗ ਦੇਖਿਉਂ ਕਹਾਰ, ਡੋਲੀਆ ਕੇ ਭੀਤਰ ਗੋਰੀਆ ਦੇਖਿਉਂ, ਜਾ ਕੇ ਕੁੰਦਰੂ ਜੈਸੇ ਗਾਲ।’ ਸੁਰਿੰਦਰ ਸ਼ਰਮਾ ਨੇ ਠੀਕ ਲਿਖਿਆ ਹੈ, ‘ਕਿਆ ਕਮਾਲ ਹੈ ਕਿ ਥੀਏਟਰ ਦੇ ਇਸ ਦਰਵੇਸ਼ ਨੇ ਗੁਰਬਾਣੀ ਅਤੇ ਪੰਜਾਬੀ ਸੰਗੀਤ ਦੀ ਗੁੜ੍ਹਤੀ ਲੈ ਕੇ ਲਖਨਊ ਵਿੱਚ ਨੌਟੰਕੀ ਦੀ ਮੁਹਾਰਤ ਹਾਸਲ ਕੀਤੀ ਹੈ।’ ਉਸ ਨੂੰ ਸੰਗੀਤ ਨਾਟਕ ਅਕਾਡਮੀ ਤੋਂ ਪਹਿਲਾਂ ਭਾਰਤੇਂਦੂ ਨਾਟਯ ਅਕੈਡਮੀ ਵੱਲੋਂ ਨੇਪੱਥਯ ਰੰਗ ਸੰਮਾਨ ਅਤੇ ਉੱਤਰ ਪ੍ਰਦੇਸ਼ ਸੰਗੀਤ ਨਾਟਕ ਅਕਾਡਮੀ ਐਵਾਰਡ ਮਿਲ ਚੁੱਕੇ ਹਨ। ਉਸ ਦੇ ਕੰਮ ਨੂੰ ਨੌਰਵੇ, ਫਿਨਲੈਂਡ ਅਤੇ ਪਾਕਿਸਤਾਨ ਵਿੱਚ ਵੀ ਸਲਾਹਿਆ ਗਿਆ ਹੈ। ਉਹ ਸਾਰੇ ਭਾਰਤੀਆਂ ਦਾ ਕਲਾਕਾਰ ਹੈ, ਉੱਤਰ ਪ੍ਰਦੇਸ਼ ਦਾ ਸਿਤਾਰਾ ਤੇ ਨੌਟੰਕੀ ਦਾ ਨਗੀਨਾ ਹੈ। ਸਾਨੂੰ ਮਾਣ ਹੈ ਕਿ ਉਸਦੀਆਂ ਜੜ੍ਹਾਂ ਪੰਜਾਬ ਵਿੱਚ ਹਨ ਅਤੇ ਉਸ ਨੇ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਰੰਗਮੰਚ ਦੇ ਵਾਸਤੇ ਲਾਈ ਹੈ।

