DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮੈਂ ਨਾਸਤਕ ਕਿਉਂ ਹਾਂ’ ਦਾ ਇਤਿਹਾਸਕ ਅਤੇ ਸਿਧਾਂਤਕ ਪੱਖ

ਸਾਡੇ ਲੋਕ ਮਨ ਨੇ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਸਿਰਲੱਥ ਯੋਧਿਆਂ ਦੀ ਫ਼ਹਿਰਿਸਤ ਵਿੱਚ ਸ਼ਹੀਦ-ਏ-ਆਜ਼ਮ ਦਾ ਰੁਤਬਾ ਭਗਤ ਸਿੰਘ ਲਈ ਰਾਖਵਾਂ ਕੀਤਾ ਹੋਇਆ ਹੈ। ਆਪਣੇ ਸਮਿਆਂ ਵਿੱਚ ਮਨੁੱਖ ਦੀ ਮਨੁੱਖ ਹੱਥੋਂ ਹੋ ਰਹੀ ਲੁੱਟ ਦੇ ਖ਼ਿਲਾਫ਼ ਭਰਪੂਰ ਜਜ਼ਬੇ ਅਤੇ...

  • fb
  • twitter
  • whatsapp
  • whatsapp
Advertisement

ਸਾਡੇ ਲੋਕ ਮਨ ਨੇ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਸਿਰਲੱਥ ਯੋਧਿਆਂ ਦੀ ਫ਼ਹਿਰਿਸਤ ਵਿੱਚ ਸ਼ਹੀਦ-ਏ-ਆਜ਼ਮ ਦਾ ਰੁਤਬਾ ਭਗਤ ਸਿੰਘ ਲਈ ਰਾਖਵਾਂ ਕੀਤਾ ਹੋਇਆ ਹੈ। ਆਪਣੇ ਸਮਿਆਂ ਵਿੱਚ ਮਨੁੱਖ ਦੀ ਮਨੁੱਖ ਹੱਥੋਂ ਹੋ ਰਹੀ ਲੁੱਟ ਦੇ ਖ਼ਿਲਾਫ਼ ਭਰਪੂਰ ਜਜ਼ਬੇ ਅਤੇ ਜਨੂੰਨ, ਅਨੂਠੀ ਸਮਝ ਅਤੇ ਦ੍ਰਿੜ੍ਹ ਇਰਾਦੇ ਨਾਲ ਜੂਝਣ ਵਾਲੇ ਭਗਤ ਸਿੰਘ ਦੀ ਬੇਖੌਫ਼ ਸ਼ਖ਼ਸੀਅਤ ਅਤੇ ਲਾਸਾਨੀ ਸ਼ਹਾਦਤ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਆਪਣੇ ਸਮਿਆਂ ਵਿੱਚ ਵੀ ਪ੍ਰੇਰਨਾ ਸਰੋਤ ਬਣੀ ਅਤੇ ਅੱਜ ਵੀ ਹਰ ਵਰ੍ਹੇ 23 ਮਾਰਚ ਨੂੰ ਉਸ ਦੀ ਦਿੱਖ ਵਿੱਚ ਢਲੇ ਹਜ਼ਾਰਾਂ ਨੌਜਵਾਨ ਆਪਣੇ ਹਰਮਨ ਪਿਆਰੇ ਨਾਇਕ ਨੂੰ ਦਿਲੋਂ ਮਾਣ-ਸਤਿਕਾਰ ਦਿੰਦੇ ਵੇਖੇ ਜਾ ਸਕਦੇ ਹਨ।

ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਭਗਤ ਸਿੰਘ ਦੀ ਮਕਬੂਲੀਅਤ ਨੂੰ ਮਹਾਨਤਾ ਦਾ ਦਰਜਾ ਉਸ ਦੀ ਬੇਖ਼ੌਫ਼ ਸ਼ਹੀਦੀ ਦੇ ਨਾਲ ਨਾਲ ਉਸ ਦੇ ਇਰਾਦਿਆਂ, ਮਨੋਰਥਾਂ, ਦਲੀਲਾਂ ਨੂੰ ਚਿੰਤਨੀ ਸੁਰ ਵਿੱਚ ਦਰਜ ਕਰਦੀਆਂ ਲਿਖਤਾਂ ਨੇ ਵੀ ਦਿਵਾਇਆ। 23 ਮਾਰਚ 1931 ਨੂੰ ਸ਼ਹੀਦੀ ਪਾਉਣ ਵੇਲੇ ਤੱਕ ਕੋਈ ਲਿਖਤ ਭਗਤ ਸਿੰਘ ਦੇ ਨਾਮ ’ਤੇ ਨਹੀਂ ਸੀ ਛਪੀ, ਸਿਵਾਏ ਇੱਕ ਲੇਖ ਦੇ, ਜੋ ਪਛਾਣ ਲੁਕਵੀਂ ਰੱਖਣ ਲਈ ਬੀ ਐੱਸ ਸਿੰਧੂ ਦੇ ਨਾਂ ਹੇਠ ‘ਮਹਾਂਰਥੀ’ ਵਿੱਚ ਛਪਿਆ ਸੀ। ਕਈ ਦਹਾਕਿਆਂ ਪਿਛੋਂ ਉਸ ਦੇ ਪਰਿਵਾਰਕ ਜੀਆਂ, ਮਿੱਤਰਾਂ ਪਿਆਰਿਆਂ ਅਤੇ ਇਤਿਹਾਸਕਾਰਾਂ ਵੱਲੋਂ ਬੜੇ ਯਤਨਾਂ ਨਾਲ ਇਕੱਠੀਆਂ ਕੀਤੀਆਂ ਉਸ ਦੀਆਂ ਚਿੱਠੀਆਂ, ਬਿਆਨਾਂ, ਦਸਤਾਵੇਜ਼ੀ ਟਿੱਪਣੀਆਂ, ਡਾਇਰੀ ਦੇ ਪੰਨਿਆਂ ਅਤੇ ਹੋਰ ਲਿਖਤਾਂ ਨੇ ਭਗਤ ਸਿੰਘ ਦੀ ਸ਼ਖ਼ਸੀਅਤ ਦੇ ਜਿਸ ਪਹਿਲੂ ਨੂੰ ਲੋਕਾਂ ਦੇ ਸਨਮੁੱਖ ਲਿਆਂਦਾ, ਉਹ ਇਸ ਗੱਲ ਦਾ ਜ਼ਾਮਨ ਬਣਿਆ ਕਿ ਏਨੀ ਛੋਟੀ ਉੱਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਭਗਤ ਸਿੰਘ ਸਿਰਫ਼ ਜੋਸ਼ੀਲਾ ਆਜ਼ਾਦੀ ਘੁਲਾਟੀਆ ਹੀ ਨਹੀਂ ਸੀ, ਇਕ ਅਦਭੁੱਤ ਵਿਚਾਰਕ ਅਤੇ ਚਿੰਤਕ ਵੀ ਸੀ। ਉਸ ਦੀਆਂ ਲਿਖਤਾਂ ਵਿੱਚ ਮਿਲੇ ਦੁਨੀਆ ਭਰ ਦੇ ਉੱਘੇ ਚਿੰਤਕਾਂ ਅਤੇ ਦਾਰਸ਼ਨਿਕਾਂ ਦੇ ਹਵਾਲੇ ਇਸ ਗੱਲ ਦਾ ਪ੍ਰਮਾਣ ਬਣਦੇ ਨਜ਼ਰ ਆਏ ਕਿ ਉਸ ਨੇ ਇਨ੍ਹਾਂ ਵਿਚਾਰਕਾਂ ਨੂੰ ਸਿਰਫ਼ ਪੜਿ੍ਹਆ ਹੀ ਨਹੀਂ, ਇਨ੍ਹਾਂ ਦੇ ਵਿਚਾਰਾਂ ਨੂੰ ਆਪਣੀ ਸ਼ਖ਼ਸੀ ਘਾੜਤ ਵਿੱਚ, ਆਪਣੀ ਸਮਝ ਵਿੱਚ ਤੇ ਆਪਣੀ ਯੁੱਗ ਦ੍ਰਿਸ਼ਟੀ ਵਿੱਚ ਆਤਮਸਾਤ ਵੀ ਕੀਤਾ।

Advertisement

ਭਗਤ ਸਿੰਘ ਦੀ ਸ਼ਖ਼ਸੀਅਤ ਦੇ ਇਸ ਚਿੰਤਨੀ ਪੱਖ ਨੂੰ ਉਜਾਗਰ ਕਰਨ ਵਾਲਿਆਂ ਵਿਚ ਇਕ ਜ਼ਿਕਰਯੋਗ ਨਾਮ ਹਰੀਸ਼ ਜੈਨ ਹੋਰਾਂ ਦਾ ਹੈ। ਉਨ੍ਹਾਂ ਨੇ ਭਗਤ ਸਿੰਘ ਦੀਆਂ ਚੋਣਵੀਆਂ ਚਿੱਠੀਆਂ ਅਤੇ ਦਸਤਾਵੇਜ਼, ਮੈਂ ਨਾਸਤਕ ਕਿਉਂ ਹਾਂ ਅਤੇ ਹੋਰ ਲੇਖ, Bhagat Singh‘s Jail Notebook: Its context and relevance, Confessions, Statements and Other Documents: Hanging of Bhagat Singh ਵਰਗੀਆਂ ਕਈ ਪੁਸਤਕਾਂ ਅਤੇ ਗਾਹੇ ਬਗਾਹੇ ਲਿਖੇ ਲੇਖਾਂ ਵਿੱਚ ਭਗਤ ਸਿੰਘ ਦੀਆਂ ਲਿਖਤਾਂ ਨੂੰ ਸਾਂਭਣ ਅਤੇ ਵਿਆਖਿਆਉਣ ਲਈ ਅਣਥੱਕ ਮਿਹਨਤ ਕੀਤੀ ਹੈ।

Advertisement

ਯੂਨੀਸਟਾਰ ਵੱਲੋਂ ਹਾਲ ਹੀ ਵਿੱਚ ਭਗਤ ਸਿੰਘ ਦੇ ਲੇਖ, ‘ਮੈਂ ਨਾਸਤਕ ਕਿਉਂ ਹਾਂ ਦੀ ਇਤਿਹਾਸਕਤਾ ਅਤੇ ਸਿਧਾਂਤ’ ਸਿਰਲੇਖ ਹੇਠ ਹਰੀਸ਼ ਜੈਨ ਦੀ ਨਵੀਂ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਚਰਚਾ ਦਾ ਮੁੱਦਾ ਭਗਤ ਸਿੰਘ ਦਾ ਫਾਂਸੀ ਦੇ ਫ਼ੈਸਲੇ ਤੋਂ ਕੁਝ ਚਿਰ ਪਹਿਲਾਂ ਅੰਗਰੇਜ਼ੀ ਵਿੱਚ ਲਿਖਿਆ ਅਤੇ ਸਰਵੈਂਟ ਆਫ਼ ਪੀਪਲ ਸੁਸਾਇਟੀ ਦੇ ਅਖ਼ਬਾਰ ‘ਪੀਪਲ’ ਵਿੱਚ 27 ਸਤੰਬਰ 1931 ਨੂੰ ਛਪਿਆ ਲੇਖ ਹੈ। ਇਸ ਲੇਖ ਦਾ ਪੰਜਾਬੀ ਅਨੁਵਾਦ ਇਸ ਪੁਸਤਕ ਵਿੱਚ ‘ਮੈਂ ਨਾਸਤਕ ਕਿਉਂ ਹਾਂ’ ਸਿਰਨਾਵੇਂ ਹੇਠ ਅੰਤਿਕਾ ਵਜੋਂ ਦਰਜ ਹੈ। ਭਗਤ ਸਿੰਘ ਦਾ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਲਿਖਿਆ ਇਹ ਲੇਖ ਜਿਹੜਾ ਦਰਅਸਲ ਇਕ ਇਨਕਲਾਬੀ ਯੋਧੇ ਦੇ ਅਡਿੱਗ ਅਡੋਲ ਆਤਮ-ਵਿਸ਼ਵਾਸ ਅਤੇ ਆਤਮ ਚੀਨਣ ਦੇ ਦੁਰਲੱਭ ਪ੍ਰਮਾਣ ਵਜੋਂ ਅਤੇ ਇੱਕ ਮਾਨਵ ਹਿਤੈਸ਼ੀ ਚਿੰਤਕ ਵੱਲੋਂ ਇੱਕ ਸ਼ਾਤਿਰ ਕੌਮ ਹੱਥੋਂ ਲੁੱਟੀ ਜਾ ਰਹੀ ਪਸਤ ਕੌਮ ਨੂੰ ਜਾਗਰੂਕ ਕਰਨ ਦੇ ਸੁਚੇਤ ਹੰਭਲੇ ਵਜੋਂ ਪੜਿ੍ਹਆ ਜਾਣਾ ਚਾਹੀਦਾ ਸੀ, ਉਸ ਦੀ ਸ਼ਹਾਦਤ ਪਿੱਛੋਂ ਉਸ ਦੀ ਧਾਰਮਿਕ ਚਿੰਨ੍ਹਾਂ ਨਾਲ ਜੁੜੀ ਸ਼ਖ਼ਸੀ ਪਛਾਣ ਅਤੇ ਉਸ ਦੇ ਸਮਾਜਵਾਦੀ ਵਿਚਾਰਾਂ ਦੀਆਂ ਦਾਅਵੇਦਾਰੀਆਂ ਕਰਕੇ ਛਿੜੇ ਅਣਚਾਹੇ ਵਾਦ-ਵਿਵਾਦ ਕਰਕੇ ਵਿਸਾਰ ਹੀ ਦਿੱਤਾ ਗਿਆ।

ਪੁਸਤਕ ਦਾ ਮੂਲ ਪਾਠ ਇਸ ਲੇਖ ਦੇ ਲਗਪਗ ਪੰਜ ਦਹਾਕਿਆਂ ਤੱਕ ਲੁਪਤ ਰਹਿਣ ਅਤੇ ਮੁੜ ਰੌਸ਼ਨੀ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਨਾਲ ਹੀ ਨਹੀਂ, ਇਸ ਲੇਖ ਦੇ ਲਿਖੇ ਜਾਣ ਦੀ ਇਤਿਹਾਸਕਤਾ ਨੂੰ ਭਗਤ ਸਿੰਘ ਦੇ ਜੇਲ੍ਹ ਵਿਚਲੇ ਜੀਵਨ ਅਤੇ ਅਦਾਲਤੀ ਕਾਰਵਾਈਆਂ ਦੇ ਤੱਥਾਂ ਵੇਰਵਿਆਂ ਅਤੇ ਇਸ ਦੇ ਰਚਨਾ ਮਨੋਰਥਾਂ ਬਾਰੇ ਭਾਈ ਰਣਧੀਰ ਸਿੰਘ ਦੇ ਧਾਰਮਿਕ ਦਾਅਵੇਦਾਰੀਆਂ ਕਰਕੇ ਚੱਲੇ ਵਾਦ-ਵਿਵਾਦ ਦੇ ਹਵਾਲਿਆਂ ਟਿੱਪਣੀਆਂ ਸਮੇਤ ਬਾਖੂਬੀ ਨਜਿੱਠਦਾ ਹੈ। ਪੁਸਤਕ ਦਾ ਲੇਖਕ ਇਸ ਲੇਖ ਦੇ ਬਹਾਨੇ ਭਗਤ ਸਿੰਘ ਦੀ ਸ਼ਹਾਦਤ ਅਤੇ ਵਿਰਾਸਤ ’ਤੇ ਦਾਅਵਾ ਕਰਨ ਵਾਲਿਆਂ ਦੀ ਵਕਤੀ ਖੋਹਾ-ਖਿੰਝ ਤੋਂ ਬਾਅਦ ਉਸ ਦੀਆਂ ਲਿਖਤਾਂ ਦੀ ਭਾਲ, ਸਾਂਭ-ਸੰਭਾਲ ਦੇ ਸਾਰੇ ਜੋਖ਼ਮਾਂ ਅਤੇ ਉੱਦਮਾਂ ਨੂੰ ਵੀ ਤੱਥਾਂ ਸਮੇਤ ਸਾਹਮਣੇ ਲਿਆਉਂਦਾ ਹੈ।

ਇਸ ਪੁਸਤਕ ਦੀ ਦੂਜੀ ਵੱਡੀ ਵਿਸ਼ੇਸ਼ਤਾ ਭਗਤ ਸਿੰਘ ਦੀ ਚਿੰਤਨ ਧਾਰਾ ਦੀ ਕ੍ਰਿਟੀਕ ਸਿਰਜਣ ਵਿੱਚ ਹੈ। ਭਗਤ ਸਿੰਘ ਦੀ ਤਾਰਕਿਕ ਵਿਗਿਆਨਕ ਸੋਚ ਨੂੰ ਉਸ ਦੀ ਆਪਣੀ ਜ਼ਿੰਦਗੀ ਦੀ ਸੂਝ-ਬੂਝ ਵਿਚੋਂ ਹੀ ਨਹੀਂ, ਆਸਤਿਕਤਾ-ਨਾਸਤਿਕਤਾ ਦੇ ਪੱਛਮੀ ਅਤੇ ਪੂਰਬੀ ਸੰਦਰਭਾਂ ਵਿੱਚੋਂ ਗ੍ਰਹਿਣ ਯੋਗ ਬਣਾਉਣ ਵਿੱਚ ਹੈ।

ਭਗਤ ਸਿੰਘ ਆਪਣੇ ਇਸ ਲੇਖ ਵਿੱਚ ਆਪਣੇ ਆਪ ਨੂੰ ਐਲਾਨੀਆ ਤੌਰ ’ਤੇ ਨਾਸਤਕ ਮੰਨਵਾਉਣ ਲਈ, ਪਾਠਕਾਂ ਦੋਸਤਾਂ ਦੀ ਕਚਹਿਰੀ ਵਿੱਚ ਆਪਣੇ ਨਾਸਤਕ ਹੋਣ ਦੇ ਅਰਥਾਂ, ਭਾਵਾਂ, ਚੁਣੌਤੀਆਂ ਨੂੰ ਬਾਦਲੀਲ ਪੇਸ਼ ਕਰਦਾ ਹੈ ਅਤੇ ਹਰੀਸ਼ ਜੈਨ ਇਸ ਲੇਖ ਦੀ ਸਿਧਾਂਤਕ ਪੜ੍ਹਤ ਰਾਹੀਂ ਭਗਤ ਸਿੰਘ ਦੀ ਇੱਕ ਚਿੰਤਕ ਵਜੋਂ ਪੜ੍ਹਨ ਤੇ ਸੁਤੰਤਰ ਸੋਚ ਵਿਕਸਿਤ ਕਰਨ ਦੀ ਵਿਧੀ ਦੇ ਸਾਰੇ ਸੰਭਵ ਸਰੋਤਾਂ ਨੂੰ ਜੁਟਾਉਣ ਲਈ ਲੇਖ ਵਿੱਚ ਸਿਰਫ਼ ਪੱਛਮੀ ਚਿੰਤਕਾਂ ਦੇ ਹੀ ਹਵਾਲੇ ਨਹੀਂ ਸਗੋਂ ਉਹ ਪੂਰਬੀ ਚਿੰਤਨ ਦੀ ਅਨਈਸ਼ਵਰਵਾਦੀ ਪਰੰਪਰਾ ਦੇ ਅਹਿਮ ਸੰਦਰਭ ਵੀ ਹਾਜ਼ਰ ਕਰ ਦਿੰਦਾ ਹੈ। ਇਹ ਪੁਸਤਕ ਹਰੀਸ਼ ਜੈਨ ਦੀ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਨਿਰੋਲ ਦਿਲਚਸਪੀ ਦੇ ਨਾਲ ਨਾਲ ਉਸ ਦੀ ਆਪਣੀ ਇਤਿਹਾਸਕ ਸਮਝ, ਵਿਸ਼ਲੇਸ਼ਣੀ ਸੂਝ ਅਤੇ ਤਾਰਕਿਕ ਪਹੁੰਚ ਦੀ ਗਵਾਹੀ ਭਰਦੀ ਹੈ। ਧਾਰਮਿਕ ਬੇਚੈਨੀਆਂ ਤੇ ਸਿਆਸੀ ਲਾਹਿਆਂ ਤੋਂ ਲਾਂਭੇ ਲਿਜਾ ਭਗਤ ਸਿੰਘ ਦੇ ਚਿੰਤਨਸ਼ੀਲ ਆਪੇ ਦੇ ਸਪੱਸ਼ਟ ਇਰਾਦਿਆਂ ਅਤੇ ਸਟੀਕ ਵਿਚਾਰਾਂ ਨੂੰ ਲੋਅ ਵਿੱਚ ਲਿਆਉਣ ਕਰਕੇ ਇਹ ਪੁਸਤਕ ਨਿਸ਼ਚੇ ਹੀ ਭਗਤ ਸਿੰਘ ਦੀ ਸੋਚ ਨੂੰ ਪ੍ਰਸਾਰਨ ਵਿਚ ਵੱਡਮੁੱਲਾ ਯੋਗਦਾਨ ਪਾਵੇਗੀ।

ਸੰਪਰਕ: 94172-43245

Advertisement
×