ਕੰਮ ਟਾਲਣ ਦਾ ਵਧਦਾ ਰੁਝਾਨ...!
ਸਾਡੀ ਜ਼ਿੰਦਗੀ ’ਚ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਕੁਝ ਬਿਹਤਰ, ਉਸਾਰੂ ਤੇ ਆਪਣੇ ਭਵਿੱਖ ਦੇ ਸੁਪਨੇ ਸਿਰਜਣ ਲਈ ਕਰ ਸਕਦੇ ਹਾਂ, ਪਰ ਕਈ ਵਾਰ ਅਸੀਂ ਘੌਲ਼ ਕਰ ਜਾਂਦੇ ਹਾਂ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜ਼ਿੰਦਗੀ ਦੇ ਉਹ...
ਸਾਡੀ ਜ਼ਿੰਦਗੀ ’ਚ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਕੁਝ ਬਿਹਤਰ, ਉਸਾਰੂ ਤੇ ਆਪਣੇ ਭਵਿੱਖ ਦੇ ਸੁਪਨੇ ਸਿਰਜਣ ਲਈ ਕਰ ਸਕਦੇ ਹਾਂ, ਪਰ ਕਈ ਵਾਰ ਅਸੀਂ ਘੌਲ਼ ਕਰ ਜਾਂਦੇ ਹਾਂ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜ਼ਿੰਦਗੀ ਦੇ ਉਹ ਕਿਹੜੇ ਮੌਕੇ ਹਨ, ਜਦੋਂ ਘੌਲ਼ ਹੁੱਝਾਂ ਮਾਰਦੀ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਅਸੀਂ ਕਿੰਝ ਦਾ ਮਹਿਸੂਸ ਕਰਦੇ ਹਾਂ। ਉਦੋਂ ਅਜਿਹਾ ਕੀ ਭਾਣਾ ਵਾਪਰਦਾ ਹੈ ਕਿ ਅਸੀਂ ਕੰਮ ਨੂੰ ਟਾਲਣ ਲਈ ਮਜਬੂਰ ਹੋ ਜਾਂਦੇ ਹਾਂ। ਉਂਝ, ਮੈਨੂੰ ਲੱਗਦਾ ਹੈ ਕਿ ਹਰ ਕੋਈ ਇੱਕੋ ਤਰ੍ਹਾਂ ਟਾਲ-ਮਟੋਲ ਨਹੀਂ ਕਰਦਾ ਅਤੇ ਨਾ ਹੀ ਇਸ ਦਾ ਕਾਰਨ ਇੱਕ ਹੁੰਦਾ ਹੈ। ਟਾਲ-ਮਟੋਲ ਕਰਨ ਮਗਰੋਂ ਜਦੋਂ ਸਾਨੂੰ ਸੋਝੀ ਆਉਂਦੀ ਹੈ, ‘ਚਿੜੀ ਖੇਤ ਚੁਗ ਚੁੱਕੀ’ ਹੁੰਦੀ ਹੈ। ਟਾਲਣ ਦੀ ਇਹ ਬਿਮਾਰੀ ਮੈਨੂੰ ਬਚਪਨ ਤੋਂ ਸੀ ਜਾਂ ਮੇਰੇ ਬਜ਼ੁਰਗਾਂ ਨੂੰ ਵੀ ਸੀ ਜਾਂ ਬਜ਼ੁਰਗਾਂ ਦੇ ਬਜ਼ੁਰਗਾਂ ਨੂੰ ਵੀ ਸੀ, ਪਤਾ ਨਹੀਂ ਪਰ ਹੈ ਇਹ ਬਿਮਾਰੀ। ਸਾਡੇ ਸਮਾਜ ਦਾ ਵੱਡਾ ਹਿੱਸਾ ਇਸ ਬਿਮਾਰੀ ਤੋਂ ਪੀੜਤ ਹੈ। ਮੈਨੂੰ ਤਾਂ ਲੱਗਦਾ ਹੈ ਕਿ ਇਹ ਬਿਮਾਰੀ ਜਾਂ ਆਦਤ ਮਨੁੱਖੀ ਜੀਵਨ ਜਿੰਨੀ ਹੀ ਪੁਰਾਣੀ ਹੈ। ਇਹ ਉਹ ਆਦਤ ਹੈ, ਜਿਸ ਦੀ ਜਾਣ-ਪਛਾਣ ਦੀ ਲੋੜ ਨਹੀਂ ਪੈਂਦੀ। ਕੁਝ ਨੂੰ ਸਮਝ ਆ ਜਾਂਦੀ ਹੈ ਤੇ ਉਹ ਚਿੜੀ ਦੇ ਚੁਗਣ ਤੋਂ ਪਹਿਲਾਂ ਖੇਤ ਸਾਂਭ ਲੈਂਦੇ ਹਨ। ਉਹ ਆਪਣੇ ਮਨ ’ਤੇ ਕਾਬੂ ਪਾਉਣਾ ਸਿੱਖ ਜਾਂਦੇ ਹਨ। ਉਂਜ ਲੋੜ ਤਾਂ ਆਪਣੇ ਮਨ ’ਤੇ ਕਾਬੂ ਪਾਉਣ ਦੀ ਹੀ ਹੈ! ਬਾਕੀ ਡਾਕਟਰ ਤੇ ਵਿਗਿਆਨੀ ਇਸ ਦੀ ਵਿਆਖਿਆ ਵੱਖਰੀ ਤਰ੍ਹਾਂ ਕਰ ਸਕਦੇ ਹਨ। ਉਸ ਨੂੰ ਵੀ ਪੜ੍ਹਨ, ਸਮਝਣ ਦੀ ਲੋੜ ਹੈ। ਇਹ ਕਹਾਵਤ ਵੀ ਬੜੀ ਪੁਰਾਣੀ ਹੈ ਕਿ ਅੱਜ ਦਾ ਕੰਮ ਕੱਲ੍ਹ ਜਾਂ ਪਰਸੋਂ ’ਤੇ ਨਾ ਛੱਡੋ। ਕੰਮ ਨੂੰ ਅੱਗੇ ਪਾਉਣਾ, ਟਾਲ਼ੀ ਜਾਣਾ ਯਾਨੀ ਟਾਲ-ਮਟੋਲ ਕਰਨਾ ਹੀ ਵੱੱਡੀ ਸਮੱਸਿਆ ਹੈ। ਅਸੀਂ ਆਪਣਾ ਜ਼ਰੂਰੀ ਕੰਮ ਛੱਡ ਕੇ ਉਸ ਕੰਮ ਨੂੰ ਪਹਿਲ ਦਿੰਦੇ ਹਾਂ, ਜਿਸ ਵਿੱਚ ਲੁਤਫ਼ ਹੋਵੇ। ਇਹ ਟਾਲ-ਮਟੋਲ ਦੀ ਆਦਤ ਸਾਨੂੰ ਨਿਕੰਮੇ ਬਣਾ ਦਿੰਦੀ ਹੈ। ਸੱਚ ਤਾਂ ਇਹ ਹੈ ਕਿ ਸਾਡੇ ਅੰਦਰ ਇਸ ਆਦਤ ਤੋਂ ਬਚਣ ਲਈ ਲੋੜੀਂਦਾ ਆਤਮ-ਵਿਸ਼ਵਾਸ ਨਹੀਂ ਹੈ। ਸਾਡੀ ਮਾਨਵੀ ਤਰਕ ਸ਼ਕਤੀ ਨੂੰ ਇਹ ਪਤਾ ਹੈ ਕਿ ਟਾਲ-ਮਟੋਲ ਦੀ ਆਦਤ ਮਾੜੀ ਹੈ, ਪਰ ਆਵੇਗਸ਼ੀਲਤਾ ਅਕਸਰ ਸਾਡੀ ਤਰਕਸ਼ੀਲਤਾ ਤੋਂ ਜ਼ਿਆਦਾ ਤਾਕਤਵਰ ਹੁੰਦੀ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਸੋਚਣ ਸਮਝਣ ਦੀ ਲੋੜ ਘੱਟ ਹੀ ਸਮਝਦੇ ਹਾਂ। ਜਦ ਇੱਕੋ ਵੇਲ਼ੇ ਸਾਡੇ ਕੋਲ਼ ਦੋ ਕੰਮ ਕਰਨ ਗੋਚਰੇ ਹੋਣ ਤਾਂ ਅਸੀਂ ਕੰਮ ਦੀ ਜ਼ਰੂਰਤ ਅਤੇ ਮਹੱਤਤਾ ਨਾਲ਼ੋਂ ਸੌਖਿਆਂ ਹੋ ਜਾਣ ਵਾਲ਼ੇ ਕੰਮ ਦੀ ਚੋਣ ਕਰਦੇ ਹਾਂ, ਜਿਸ ਵਿੱਚ ਸੌਖ ਦੇ ਨਾਲ਼-ਨਾਲ਼ ਮਜ਼ਾ ਵੀ ਹੋਵੇ। ਮਤਲਬ ਜ਼ਰੂਰੀ ਕੰਮ ਨੂੰ ਅਸੀਂ ਟਾਲ਼ ਦਿੰਦੇ ਹਾਂ। ਬੈਂਜਾਮਿਨ ਫਰੈਕਲਿਨ ਦਾ ਕਹਿਣਾ ਹੈ ਕਿ ਅਸੀਂ ਦੇਰੀ ਕਰ ਸਕਦੇ ਹਾਂ, ਵਕਤ ਕਦੇ ਦੇਰ ਨਹੀਂ ਕਰਦਾ।
ਟਾਲ-ਮਟੋਲ ਕਰਨ ਦੀ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਕੁਝ ਤਜਰਬੇ ਕਰ ਸਕਦੇ ਹਾਂ। ਔਖੇ ਲੱਗਦੇ ਕੰਮ ਨੂੰ ਹਿੱਸਿਆਂ ਵਿੱਚ ਵੰਡ ਲਿਆ ਜਾਵੇ। ਇੱਕ ਛੋਟੇ ਹਿੱਸੇ ਨੂੰ ਸਫ਼ਲਤਾਪੂਰਨ ਕਰਨ ਉਪਰੰਤ ਤੁਹਾਡਾ ਆਤਮ-ਵਿਸ਼ਵਾਸ ਵਧੇਗਾ। ਤੁਹਾਨੂੰ ਲੱਗੇਗਾ ਕਿ ਇਹ ਕਿਹੜਾ ਔਖਾ ਕੰਮ ਹੈ, ਮੈਂ ਇਸ ਨੂੰ ਕਰ ਸਕਦਾ ਹਾਂ। ਕਰ ਸਕਣ ਦੀ ਭਾਵਨਾ ਅੰਦਰ ਆਉਂਦੇ ਹੀ ਤੁਹਾਨੂੰ ਅਗਾਂਹ ਤੁਰਨ ਲਈ ਰਾਹ ਮਿਲ ਜਾਂਦਾ ਹੈ, ਹਨੇਰੇ ਵਿੱਚ ਰੌਸ਼ਨੀ ਪ੍ਰਵੇਸ਼ ਕਰ ਜਾਂਦੀ ਹੈ। ਬਹੁਤ ਸਾਰਾ ਪੜਿ੍ਹਆ, ਸੁਣਿਆ, ਵਿਚਾਰਿਆ ਚੇਤਿਆਂ ’ਚ ਤਾਜ਼ਾ ਹੋ ਜਾਂਦਾ ਹੈ। ਉਲਝਣਾਂ ਦੀ ਗੁੰਝਲ ਖੁੱਲ੍ਹ ਜਾਂਦੀ ਹੈ। ਹਿੱਸਿਆਂ ਵਿੱਚ ਵੰਡਿਆ ਕੰਮ ਕਵਿਤਾ ਦੇ ਵਹਾਅ ਵਾਂਗ ਵਹਿਣ ਲੱਗਦਾ ਹੈ। ਟਾਲਿਆ ਕੰਮ ਨੇਪਰੇ ਚੜ੍ਹਦਿਆਂ ਹੀ ਨਵੇਂ ਕੰਮ ਨੂੰ ਹੱਥ ਪਾ ਲਈਦਾ ਹੈ। ਡਰ ਤੇ ਖਿੱਝ ਨਾਲ਼ ਭਰਿਆ ਮਨ ਕਿਸੇ ਅੰਤਰੀਵ ਚਾਅ ਨਾਲ਼ ਭਰ ਜਾਂਦਾ ਹੈ। ਟਾਲ-ਮਟੋਲ ਉਹ ਕਬਰ ਹੈ ਜਿੱਥੇ ਮੌਕੇ ਦਫ਼ਨ ਹਨ। ਟਾਲ-ਮਟੋਲ ਕਰਨ ਵਾਲ਼ੇ ਲੋਕਾਂ ਦੀਆਂ ਵੀ ਵੰਨਗੀਆਂ ਹੁੰਦੀਆਂ ਹਨ। ਕੁਝ ਲੋਕ ਕੰਮ ਦੇ ਸ਼ੁਰੂ ਵਿੱਚ ਕੋਈ ਦਿਲਚਸਪੀ ਨਹੀਂ ਲੈਂਦੇ, ਪਰ ਜਦੋਂ ਕੰਮ ਖ਼ਤਮ ਹੋਣ ਦੀ ਮਿਥੀ ਸੀਮਾ ਨੇੜੇ ਆ ਜਾਂਦੀ ਹੈ ਤਾਂ ਅਚਾਨਕ ਉਨ੍ਹਾਂ ਦੇ ਅੰਦਰ ਚੁਣੌਤੀ ਅੰਗੜਾਈ ਲੈਂਦੀ ਹੈ। ਹੁਣ ਕੰਮ ਨੂੰ ਖ਼ਤਮ ਕਰਨ ਲਈ ਉਹ ਕੋਈ ਤਣਾਅ ਮਹਿਸੂਸ ਨਹੀਂ ਕਰਦੇ। ਕੰਮ ਨੂੰ ਖ਼ਤਮ ਕਰਦਿਆਂ ਉਹ ਕਿਸੇ ਜਿੱਤ ਵੱਲ ਪਹੁੰਚ ਰਹੇ ਹੁੰਦੇ ਹਨ।
ਕੁਝ ਲੋਕਾਂ ਨੂੰ ਆਪਣੇ ਕੰਮ ’ਚੋਂ ਨਿਕਲਣ ਵਾਲ਼ੇ ਨਤੀਜੇ ’ਤੇ ਸ਼ੰਕਾ ਹੁੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਕੰਮ ਵਿੱਚੋਂ ਨਿਕਲਣਾ ਕੁਝ ਨਹੀਂ, ਐਵੇਂ ਲੋਕਾਂ ਦੇ ਮਿਹਣੇ ਸੁਣਨ ਨੂੰ ਮਿਲਣਗੇ। ਇਨ੍ਹਾਂ ਮਿਹਣਿਆਂ ਤੋਂ ਬਚਣ ਲਈ ਉਹ ਕੰਮ ਨੂੰ ਟਾਲੀ ਜਾਂਦੇ ਹਨ। ਕੁਝ ਲੋਕ ਫ਼ੈਸਲਾ ਹੀ ਨਹੀਂ ਕਰ ਪਾਉਂਦੇ ਕਿ ਇਹ ਕੰਮ ਮੈਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ। ਕੰਮ ਦੇ ਨਤੀਜੇ ਨੂੰ ਲੈ ਕੇ ਇੱਕ ਡਰ ਉਨ੍ਹਾਂ ਦੇ ਅੰਦਰ ਬੈਠਾ ਰਹਿੰਦਾ ਹੈ। ਕਈ ਇਕੱਠਿਆਂ ਕਾਫ਼ੀ ਕੁਝ ਕਰਨਾ ਚਾਹੁੰਦੇ ਹਨ। ਉਹ ਬਹੁਤ ਸਾਰੇ ਕੰਮ ਸ਼ੁਰੂ ਕਰ ਲੈਂਦੇ ਹਨ, ਪਰ ਨੇਪਰੇ ਕੋਈ ਵੀ ਨਹੀਂ ਚੜ੍ਹਦਾ। ‘ਅੱਗਾ ਦੌੜ ਤੇ ਪਿੱਛਾ ਚੌੜ’ ਵਾਲੀ ਗੱਲ ਹੋ ਜਾਂਦੀ ਹੈ। ਕੁਝ ਲੋਕ ਹਰ ਵੇਲ਼ੇ ਕੰਮ ਵਿੱਚ ਰੁੱਝੇ ਹੋਏ ਲੱਗਦੇ ਹਨ, ਪਰ ਉਹ ਕਰ ਕੁਝ ਵੀ ਨਹੀਂ ਰਹੇ ਹੁੰਦੇ ਸਗੋਂ ਸਿਰਫ਼ ਟਾਲ-ਮਟੋਲ ਕਰ ਰਹੇ ਹੁੰਦੇ ਹਨ। ਕੁਝ ਬਾਹਰੀ ਕਾਰਨਾਂ ਅਤੇ ਵਾਤਾਵਰਨ ਦੇ ਨਾਲ਼-ਨਾਲ਼ ਅੰਦਰੂਨੀ ਮਾਨਸਿਕ ਅਤੇ ਭਾਵਨਾਤਮਕ ਕਾਰਨ ਵੀ ਮਨੁੱਖ ਨੂੰ ਟਾਲ-ਮਟੋਲ ਕਰਨ ਲਈ ਉਕਸਾਉਂਦੇ ਹਨ। ਕਿਸੇ ਬਹੁਤ ਜ਼ਰੂਰੀ ਕੰਮ ਨੂੰ ਕਰਦਿਆਂ ਵਾਰ-ਵਾਰ ਮੋਬਾਈਲ ਵੱਲ ਅਹੁਲਣਾ ਤੇ ਘੜੀ ਪਹਿਲਾਂ ਪਾਈ ਪੋਸਟ ’ਤੇ ਆਏ ਲਾਈਕ ਤੇ ਟਿੱਪਣੀਆਂ ਗਿਣਨੀਆਂ ਵੀ ਕੰਮ ਨੂੰ ਟਾਲਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਦਰਅਸਲ, ਸੋਸ਼ਲ ਮੀਡੀਆ ਕਾਰਨ ਪੜ੍ਹਨ-ਲਿਖਣ ਤੇ ਹੋਰ ਸੂਖ਼ਮ ਕਲਾਵਾਂ ਨਾਲ਼ ਸਬੰਧਿਤ ਕੰਮਾਂ ਨੂੰ ਟਾਲਣ ਦਾ ਰੁਝਾਨ ਵਧਿਆ ਹੈ। ਹਰ ਵੇਲ਼ੇ ਮੋਬਾਈਲ ਦੀ ਸਕਰੀਨ ਵਿੱਚ ਗੁਆਚੇ ਰਹਿਣਾ ਮਾਨਸਿਕ ਵਿਗਾੜ ਪੈਦਾ ਕਰਦਾ ਹੈ। ਇਹ ਵਿਗਾੜ ਜ਼ਰੂਰੀ ਕੰਮਾਂ ਨੂੰ ਟਾਲਣ ਦਾ ਕਾਰਨ ਬਣਦਾ ਹੈ। ਫੇਸਬੁੱਕ ’ਤੇ ਪੋਸਟਾਂ ਪਾਉਣੀਆਂ ਅਤੇ ਹੋਰਾਂ ਦੁਆਰਾ ਪਾਈਆਂ ਪੋਸਟਾਂ ਦੇਖਣੀਆਂ, ਪੜ੍ਹਨੀਆਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਕੰਮ ਹੋ ਗਿਆ ਹੈ। ਦਿਨ ਦਾ ਬਹੁਤਾ ਹਿੱਸਾ ਅਸੀਂ ਮੋਬਾਈਲ ਦੇ ਲੇਖੇ ਲਾ ਦਿੰਦੇ ਹਾਂ। ਨਿੱਤ ਦਿਨ ਬਦਲ ਰਹੀ ਦੁਨੀਆ ਵਿੱਚ ਇਹ ਸਭ ਤੋਂ ਨਖਿੱਧ ਬਦਲਾਅ ਹੈ। ਤੁਸੀਂ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਯੋਜਨਾ ਬਣਾਉਣ ਵਿੱਚ ਕਿੰਨੇ ਦਿਨ, ਹਫ਼ਤੇ, ਜਾਂ ਮਹੀਨੇ ਲਾਏ ਹਨ, ਇਸ ਗੱਲ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਤਾਂ ਇਸ ਗੱਲ ਨਾਲ਼ ਪੈਂਦਾ ਹੈ ਕਿ ਜਦੋਂ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਉਹ ਤੁਹਾਡੇ ਲਈ ਕੀ ਅਰਥ ਰੱਖਦਾ ਹੈ। ਕੀ ਤੁਸੀਂ ਇਹ ਕੰਮ ਦਿਲੋਂ ਕਰਨਾ ਚਾਹੁੰਦੇ ਹੋ? ਇੱਕ ਹੋਰ ਅਹਿਮ ਗੱਲ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੇਖ ਲਈਏ ਕਿ ਅਸੀਂ ਭੁੱਖ, ਕ੍ਰੋਧ, ਇਕੱਲਤਾ ਜਾਂ ਥਕਾਵਟ ਤਾਂ ਮਹਿਸੂਸ ਨਹੀਂ ਕਰ ਰਹੇ। ਇਨ੍ਹਾਂ ਵਿੱਚੋਂ ਕੋਈ ਇੱਕ ਕਾਰਨ ਵੀ ਤੁਹਾਨੂੰ ਦਿਸ਼ਾਹੀਣ ਕਰ ਸਕਦਾ ਹੈ। ਜਦ ਇਹ ਸਭ ਕੁਝ ਸਹੀ ਹੈ ਤਾਂ ਆਪਣਾ ਪੂਰਾ ਧਿਆਨ ਕੀਤੇ ਜਾਣ ਵਾਲੇ ਕੰਮ ਉੱਪਰ ਕੇਂਦਰਿਤ ਕਰਕੇ ਬਾਕੀ ਹਰ ਚੀਜ਼ ਨੂੰ ਪੂਰੀ ਦ੍ਰਿੜ੍ਹਤਾ ਨਾਲ਼ ਅਣਗੌਲਿਆ ਕਰ ਦੇਣਾ ਚਾਹੀਦਾ ਹੈ।
ਸਾਡੇ ਵਿੱਚ ਤੁਰੰਤ ਫ਼ੈਸਲੇ ਲੈਣ ਦੀ ਯੋਗਤਾ ਹੋਣੀ ਚਾਹੀਦੀ ਹੈ। ਕਿਸੇ ਵੀ ਕੰਮ ਨੂੰ ਕਰਨ ਦਾ ਫ਼ੈਸਲਾ ਟਾਲਦੇ ਰਹਿਣਾ ਸਿਹਤਮੰਦ ਰੁਝਾਨ ਨਹੀਂ ਹੁੰਦਾ। ਘਰੋਂ ਨਿਕਲਣ ਵੇਲ਼ੇ ਗੂਗਲ ਕੋਲੋਂ ਮੌਸਮ ਦਾ ਹਾਲ ਪੁੱਛਣਾ ਵੀ ਕੰਮ ਨੂੰ ਟਾਲਣ ਦਾ ਬਹਾਨਾ ਘੜਨ ਵਾਂਗ ਹੁੰਦਾ ਹੈ। ਕੁਝ ਲੋਕ ਕੰਮ ਨੂੰ ਟਾਲਣ ਦੇ ਬਹਾਨੇ ਲੱਭਦੇ ਰਹਿੰਦੇ ਹਨ। ਆਪਣੇ ਪੂਰੇ ਦਿਨ ਦੇ ਰੁਝੇਵੇਂ ਦੀ ਸਮਾਂ-ਸਾਰਣੀ ਬਣਾ ਕੇ ਅਸੀਂ ਟਾਲ-ਮਟੋਲ ਨਾਲ਼ ਲੜਨ ਦਾ ਜੁਗਾੜ ਕਰ ਸਕਦੇ ਹਾਂ। ਪਹਿਲਾ ਕਦਮ ਹੀ ਸਭ ਤੋਂ ਉੱਤਮ ਕਦਮ ਹੁੰਦਾ ਹੈ। ਆਪਣੇ ਹੰਕਾਰ ਨੂੰ ਪਾਲਣ ਦੇ ਸਾਡੇ ਕੋਲ਼ ਬਹੁਤ ਬਹਾਨੇ ਹੁੰਦੇ ਹਨ। ਸਾਨੂੰ ਇਨ੍ਹਾਂ ਬਹਾਨਿਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜ਼ਰੂਰੀ ਕੰਮਾਂ ਨੂੰ ਟਾਲਣ ਤੋਂ ਬਚਦਿਆਂ ਸਾਨੂੰ ਸਹੀ ਮੌਕੇ ’ਤੇ ਟਾਲ-ਮਟੋਲ ਕਰਨ ਦਾ ਹੁਨਰ ਵੀ ਸਾਂਭ ਕੇ ਰੱਖਣਾ ਚਾਹੀਦਾ ਹੈ।
ਸੰਪਰਕ: 365-994-6744, 97795-91344

