DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਡ ਅਜੇ ਬਾਕੀ ਐ..!

ਘਰ ਦੇ ਵਿਹੜੇ ਵਿੱਚ ਇੱਕਦਮ ਚੁੱਪ ਪੱਸਰੀ ਸੀ ਕਿ ਹਰ ਕਦਮ ਦੀ ਚਾਪ ਵੀ ਕਲੇਜਾ ਚੀਰਦੀ ਪ੍ਰਤੀਤ ਹੁੰਦੀ ਸੀ। ਦਸ-ਗਿਆਰਾਂ ਸਾਲਾਂ ਦੇ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਕੀ ਉੱਠਿਆ, ਜਿਵੇਂ ਘਰ ਦੀਆਂ ਨੀਂਹਾਂ ਹਿੱਲ ਗਈਆਂ ਹੋਣ। ਸੱਥਰ ’ਤੇ...

  • fb
  • twitter
  • whatsapp
  • whatsapp
Advertisement

ਘਰ ਦੇ ਵਿਹੜੇ ਵਿੱਚ ਇੱਕਦਮ ਚੁੱਪ ਪੱਸਰੀ ਸੀ ਕਿ ਹਰ ਕਦਮ ਦੀ ਚਾਪ ਵੀ ਕਲੇਜਾ ਚੀਰਦੀ ਪ੍ਰਤੀਤ ਹੁੰਦੀ ਸੀ। ਦਸ-ਗਿਆਰਾਂ ਸਾਲਾਂ ਦੇ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਕੀ ਉੱਠਿਆ, ਜਿਵੇਂ ਘਰ ਦੀਆਂ ਨੀਂਹਾਂ ਹਿੱਲ ਗਈਆਂ ਹੋਣ। ਸੱਥਰ ’ਤੇ ਬੈਠੇ ਲੋਕਾਂ ਦੇ ਚਿਹਰਿਆਂ ’ਤੇ ਅਫ਼ਸੋਸ ਦੀਆਂ ਲਕੀਰਾਂ ਹਨ, ਕੋਈ ਚੁੱਪ ਹੈ ਤੇ ਕੋਈ ਹੌਲੀ ਜਿਹੀ ਆਵਾਜ਼ ਵਿੱਚ ਬੇਵਕਤੀ ਮੌਤ ਦਾ ਸੋਗ ਮਨਾ ਰਿਹਾ ਹੈ।

ਪ੍ਰਵੀਨ ਪਿਛਲੇ ਚਾਰ ਮਹੀਨਿਆਂ ਤੋਂ ਇੱਕ ਨਾ-ਮੁਰਾਦ ਬਿਮਾਰੀ ਨਾਲ਼ ਜੀਵਨ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਉਸ ਦੇ ਵੱਡੇ ਭਰਾ ਅਤੇ ਪ੍ਰਵੀਨ ਦੇ ਸਹੁਰਿਆਂ ਨੇ ਰਲ਼ ਕੇ ਇਲਾਜ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਚੰਡੀਗੜ੍ਹ, ਪਟਿਆਲਾ ਤੇ ਦਿੱਲੀ ਦੇ ਹਸਪਤਾਲਾਂ ਵਿੱਚ ਦਿਖਾਇਆ। ਪੈਸਾ ਖਰਚ ਕਰਨ ਤੋਂ ਇਲਾਵਾ ਉਨ੍ਹਾਂ ਹਰ ਹੀਲਾ ਵਰਤਿਆ ਪਰ ਆਖ਼ਰਕਾਰ ਅੱਜ ਮੌਤ ਨੇ ਉਸ ਨੂੰ ਹਰਾ ਦਿੱਤਾ। ਉਹ ਗਿਆਰਾਂ ਸਾਲ ਦਾ ਪੁੱਤ, 9 ਸਾਲ ਦੀ ਧੀ ਅਤੇ ਨੌਜਵਾਨ ਪਤਨੀ ਵੀਣਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ। ਬੱਚਿਆਂ ਦੀ ਜ਼ਿੰਦਗੀ ਵਿੱਚ ਹਨੇਰੇ ਤੋਂ ਸਿਵਾਏ ਕੁਝ ਦਿਸਦਾ ਨਹੀਂ ਸੀ। ਉਹ ਅਜੇ ਜ਼ਿੰਦਗੀ ਦੀਆਂ ਰਾਹਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬੇਖ਼ਬਰ ਗ਼ਮ ਦੀ ਅਵਸਥਾ ਵਿੱਚ ਡੁੱਬੇ ਹੋਏ ਸਨ। ਬੱਚਾ ਨੀਤੂ ਇੱਕ ਪਾਸੇ ਖੜ੍ਹਾ ਉਦਾਸ ਚਿਹਰਿਆਂ ਨੂੰ ਦੇਖ ਰਿਹਾ ਸੀ। ਸ਼ਾਇਦ ਥੋੜ੍ਹੀ ਦੇਰ ਪਹਿਲਾਂ ਦਾ ਮੰਜ਼ਰ ਉਸਦੀਆਂ ਅੱਖਾਂ ਸਾਹਮਣੇ ਆਉਣ ਤੋਂ ਹਟ ਨਾ ਰਿਹਾ ਹੋਵੇ। ਸ਼ਮਸ਼ਾਨਘਾਟ ਵਿੱਚ ਪਿਤਾ ਦੀ ਮ੍ਰਿਤਕ ਦੇਹ ਦੇ ਆਲ਼ੇ-ਦੁਆਲ਼ੇ ਚਾਚੇ ਦੀ ਮਦਦ ਨਾਲ਼ ਘੜੀ ਵਿੱਚੋਂ ਪਾਣੀ ਡੋਲ੍ਹ ਕੇ ਘੜੀ ਨੂੰ ਭੰਨਿਆ। ਉਹ ਚਾਚੇ ਨੂੰ ਪਿਤਾ ਦੀ ਦੇਹ ’ਤੇ ਡਿੱਗ ਕੇ ਰੋਂਦਾ ਦੇਖ ਕੇ ਸੁੰਨ ਹੋ ਕੇ ਖੜ੍ਹਾ ਰਿਹਾ ਸੀ। ਉਸ ਮਾਸੂਮ ਨੂੰ ਇਸ ਦਾ ਮਤਲਬ ਪਤਾ ਨਹੀਂ ਸੀ।

Advertisement

ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਦੇਣ ਲਈ ਉਸ ਨੂੰ ਅੰਗੀਠੇ ਵੱਲ ਲਿਜਾਇਆ ਗਿਆ। ਲੋਕਾਂ ਦੇ ਇਕੱਠ ਵਿੱਚ ਚਾਰ ਪੰਜ ਜਣੇ ਲੱਕੜਾਂ ਚਿਣਨ ਲੱਗ ਪਏ। ਆਲ਼ੇ-ਦੁਆਲ਼ੇ ਖੜ੍ਹੇ ਲੋਕਾਂ ’ਚ ਡੂੰਘੀ ਚੁੱਪ ਪੱਸਰੀ ਹੋਈ ਸੀ। ਨੀਤੂ ਆਪਣੇ ਸਰੀਰ ਦੁਆਲ਼ੇ ਲਿਪਟੇ ਹੋਏ ਚਿੱਟੇ ਕੱਪੜੇ ਨੂੰ ਠੀਕ ਕਰਦਾ, ਕਦੇ ਸਿਰ ’ਤੇ ਲਪੇਟੇ ਚਿੱਟੇ ਕੱਪੜੇ ਨੂੰ ਹੱਥ ਲਾਉਂਦਾ। ਇਹ ਸਭ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਅਜਿਹੇ ਸੋਗਮਈ ਦ੍ਰਿਸ਼ ਉਸ ਨੇ ਕਦੇ ਵੀ ਐਨੇ ਨੇੜਿਓਂ ਨਹੀਂ ਤੱਕੇ ਸਨ। ਉਹ ਚੁੱਪ ਤੇ ਭਮੱਤਰਿਆ ਜਿਹਾ ਖੜ੍ਹਾ ਦੇਖਦਾ ਰਿਹਾ। ਉਸ ਦੇ ਪਿਤਾ ਦੀ ਦੇਹ ਨੂੰ ਲੱਕੜਾਂ ’ਤੇ ਰੱਖ ਜਦੋਂ ਉੱਪਰ ਹੋਰ ਲੱਕੜਾਂ ਚਿਣ ਦਿੱਤੀਆਂ ਤਾਂ ਉਹ ਰੋਣ ਲੱਗ ਪਿਆ। ਬੁੱਲ੍ਹ ਹੇਠਾਂ ਵੱਲ ਫ਼ਰਕੇ ਅਤੇ ਅੱਖਾਂ ਭਰ ਆਈਆਂ।

Advertisement

‘ਬੱਚੇ ਦੇ ਹੱਥ ਵਿੱਚ ਸਰ ਦਾ ਛੋਟਾ ਜਿਹਾ ਪੂਲਾ ਫੜਾ ਦਿਓ’’... ਪੰਡਿਤ ਨੇ ਮੰਤਰ ਜਾਪ ਕਰ ਕੇ ਕਿਹਾ। ਪੂਲੇ ਦੇ ਸਿਰੇ ’ਤੇ ਮਾਚਿਸ ਨਾਲ ਅਗਨੀ ਦਿੱਤੀ, ਫਿਰ ਨੀਤੂ ਦੇ ਚਾਚੇ ਨੇ ਸਰ ਦਾ ਪੂਲਾ ਫੜ ਕੇ ਚਿਖਾ ਦੇ ਚਾਰ ਚੁਫ਼ੇਰੇ ਘੁੰਮ ਕੇ ਚਿਖ਼ਾ ਨੂੰ ਅਗਨੀ ਦੇ ਦਿੱਤੀ। ਸਾਰੇ ਚੁੱਪ ਚਾਪ ਹੌਲ਼ੀ-ਹੌਲ਼ੀ ਪਿੱਛੇ ਹਟਣ ਲੱਗੇ। ਚਾਚਾ ਨੀਤੂ ਨੂੰ ਕਲਾਵੇ ’ਚ ਲੈ ਕੇ ਪਿੱਛੇ ਹਟ ਇੱਕ ਪਾਸੇ ਖੜ੍ਹ ਗਿਆ। ਨੀਤੂ ਨੂੰ ਹੁਣ ਘਰ ਵਿੱਚ ਲੋਕਾਂ ਦੇ ਸਾਹਮਣੇ ਖੜ੍ਹੇ-ਖੜ੍ਹੇ ਇਹ ਸਾਰੇ ਦ੍ਰਿਸ਼ ਯਾਦ ਕਿਵੇਂ ਨਾ ਹੋਣਗੇ! ਲੋਕ ਆਉਂਦੇ ਸਨ, ਬੱਚੇ ਦੇ ਸਿਰ ’ਤੇ ਭਰੇ ਮਨ ਨਾਲ ਹੱਥ ਰੱਖਦੇ, ਕੋਈ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾਉਂਦਾ- ਜਿਵੇਂ ਉਸ ਦੇ ਹਿੱਸੇ ਦਾ ਦਰਦ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋਣ। ਪਰ ਉਹ ਮਾਸੂਮ? ਉਹ ਤਾਂ ਅਜੇ ਇਨ੍ਹਾਂ ਸਭ ਗੱਲਾਂ ਤੋਂ ਕੋਹਾਂ ਦੂਰ ਆਪਣੀ ਹੀ ਸਹਿਜ ਅਵਸਥਾ ਵਿੱਚ ਸਭ ਨੂੰ ਦੇਖ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਅਜੇ ਉਹ ਹੰਝੂ ਨਹੀਂ ਸਨ ਜੋ ਗ਼ਮ ਦੀ ਗਹਿਰਾਈ ਸਮਝਣ ਤੋਂ ਬਾਅਦ ਆਉਂਦੇ ਹਨ। ਵੀਣਾ ਘਰ ਦੇ ਇੱਕ ਕੋਨੇ ’ਚ ਔਰਤਾਂ ਕੋਲ਼ ਚੁੱਪ-ਚਾਪ ਬੈਠੀ ਸੀ। ਉਸ ਦੀਆਂ ਅੱਖਾਂ ’ਚੋਂ ਹੰਝੂ ਸੁੱਕ ਗਏ ਸਨ। ਉਸ ਦੇ ਕੋਲ਼ ਛੋਟੀ ਬੇਟੀ ਏਕਤਾ ਆਪਣੀ ਮੰਮੀ ਦੀ ਗੋਦ ਵਿੱਚ ਸਿਰ ਰੱਖ ਕੇ ਪਈ ਕਹਿ ਰਹੀ ਸੀ, ‘ਪਾਪਾ ਕਿੱਥੇ ਐ ਮੰਮੀ..? ਪਾਪਾ ਮੇਰਾ ਰਿਜ਼ਲਟ ਲੈਣ ਮੇਰੇ ਨਾਲ ਸਕੂਲ ਕਦੋਂ ਜਾਣਗੇ ਮੰਮੀ!’’ ਵੀਣਾ ਕੋਲ਼ ਤਾਂ ਕੋਈ ਜਵਾਬ ਨਹੀਂ ਸੀ। ‘ਆਉਣਗੇ ਪੁੱਤ’, ਇੱਕ ਬਜ਼ੁਰਗ ਮਾਤਾ ਨੇ ਕਹਿ ਕੇ ਉਸ ਦੇ ਸਿਰ ’ਤੇ ਹੱਥ ਫੇਰਿਆ। ਘਰ ਦੇ ਬਾਹਰ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੀ ਲਾਈਨ ਲੱਗੀ ਸੀ। ਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਮੇਅਰ ਵਰਗੇ ਵੱਡੇ ਲੋਕ ਵੀ ਅਫ਼ਸੋਸ ਕਰਨ ਪਹੁੰਚੇ ਹੋਏ ਸਨ। ਪਰ ਉਸ ਦਸ-ਗਿਆਰਾਂ ਸਾਲਾਂ ਦੇ ਬੱਚੇ ਲਈ ਉਹ ਸਭ ਓਪਰੇ ਸਨ। ਉਸ ਲਈ ਤਾਂ ਉਹ ਚਿੱਟੇ ਕੱਪੜੇ ਪਾਈ ਬੈਠੇ ਲੋਕਾਂ ਦਾ ਇੱਕ ਇਕੱਠ ਹੀ ਸੀ। ਉਨ੍ਹਾਂ ਦੇ ਆਉਣ ਦਾ ਉਸ ਲਈ ਕੋਈ ਮਤਲਬ ਨਹੀਂ ਸੀ। ਡਿਪਟੀ ਕਮਿਸ਼ਨਰ ਸਾਬ੍ਹ ਪਰਿਵਾਰ ਨੂੰ ਹੌਸਲਾ ਦੇ ਰਹੇ ਸਨ, ਚਾਰੇ ਪਾਸੇ ਇੱਕ ਭਾਰੀ ਜਿਹੀ ਚੁੱਪ ਸੀ। ਅਚਾਨਕ ਸਾਹਮਣੇ ਘਰ ਵਿੱਚ ਛੋਟੇ-ਛੋਟੇ ਬੱਚੇ ਖੇਡਦੇ-ਖੇਡਦੇ ਰੌਲ਼ਾ ਪਾਉਣ ਲੱਗ ਪਏ। ਨੀਤੂ ਦਾ ਧਿਆਨ ਜਿਉਂ ਹੀ ਉਧਰ ਨੂੰ ਹੋਇਆ ਉਹ ਟਪੂਸੀ ਮਾਰ ਕੇ ਖੇਡਦੇ ਹੋਏ ਬੱਚਿਆਂ ਵਿੱਚ ਜਾ ਰਲਿਆ। ਵੱਡੇ ਅਫਸਰਾਂ ਦੀ ਗੰਭੀਰਤਾ ਨੀਤੂ ਦੀ ਮਾਸੂਮੀਅਤ ਦੇ ਵੇਗ ਅੱਗੇ ਜਿਵੇਂ ਛੋਟੀ ਪੈ ਗਈ ਹੋਵੇ। ਥੋੜ੍ਹੀ ਦੇਰ ਪਹਿਲਾਂ ਆਪਣੇ ਕੋਮਲ ਹੱਥਾਂ ਨਾਲ ਪਿਤਾ ਦੀ ਚਿਖਾ ਨੂੰ ਅਗਨੀ ਦਿਖਾ ਕੇ ਆਇਆ ਇਹ ਬੱਚਾ, ਘਰ ਦੀਆਂ ਉਦਾਸ ਦੀਵਾਰਾਂ ਅਤੇ ਸੋਗਮਈ ਚਿਹਰਿਆਂ ਨੂੰ ਦੇਖਦਾ-ਦੇਖਦਾ ਅਚਾਨਕ ਦੂਜੇ ਬੱਚਿਆਂ ਵੱਲ ਦੌੜ ਗਿਆ। ਉਸ ਦੇ ਸਿਰ ’ਤੇ ਲਿਪਟਿਆ ਚਿੱਟਾ ਕੱਪੜਾ ਹਵਾ ਵਿੱਚ ਉੱਡਿਆ। ਉਸ ਦੇ ਨਿੱਕੇ ਕਦਮਾਂ ਦੀ ਉਸ ਖੇਡ ਕਾਰਨ ਉੱਥੇ ਬੈਠੇ ਹਰ ਸ਼ਖ਼ਸ ਦੇ ਸੀਨੇ ਵਿੱਚ ਇੱਕ ਹੂਕ ਜਿਹੀ ਉੱਠੀ। ‘ਕਿੰਨਾ ਬੇਖ਼ਬਰ ਤੇ ਭੋਲ਼ਾ ਐ ਬੱਚਾ..!’ ਅਫ਼ਸੋਸ ਲਈ ਬੈਠਿਆਂ ’ਚੋਂ ਇੱਕ ਨੇ ਦੂਸਰੇ ਨੂੰ ਕਿਹਾ। ਉਸ ਨੂੰ ਅਜੇ ਇਹ ਅਹਿਸਾਸ ਹੀ ਨਹੀਂ ਕਿ ਜਿਸ ਮੋਢੇ ’ਤੇ ਚੜ੍ਹ ਕੇ ਉਸ ਨੇ ਮੇਲੇ ਦੇਖਣੇ ਸਨ, ਉਹ ਮੋਢਾ ਹਮੇਸ਼ਾ ਲਈ ਰੁਖ਼ਸਤ ਹੋ ਗਿਆ ਹੈ। ‘‘ਇਹ ਖੇਡਾਂ ਤੇ ਬੇਪਰਵਾਹੀ ਸਿਰਫ਼ ਉਦੋਂ ਤੱਕ ਹੈ ਜਦੋਂ ਤੱਕ ਸਮਝ ਦਾ ਬੋਝ ਮੋਢਿਆਂ ’ਤੇ ਨਹੀਂ ਆਉਂਦਾ..!’’ ਇਕੱਠ ’ਚੋਂ ਕੋਈ ਹੌਲ਼ੀ ਦੇਣੇ ਬੋਲਿਆ।

ਘਰ ਦੇ ਅੰਦਰ ਬੈਠਿਆਂ ਵਿੱਚੋਂ ਦੋ ਜਣੇ ਉੱਠ ਕੇ ਬਾਹਰ ਗਲ਼ੀ ਵਿੱਚ ਖੜ੍ਹ ਗਏ। ਉਹ ਹੌਲ਼ੀ-ਹੌਲ਼ੀ ਬੱਚੇ ਨੂੰ ਦੇਖਦੇ ਹੋਏ ਅਫ਼ਸੋਸ ਵਿੱਚ ਗੱਲਾਂ ਕਰ ਰਹੇ ਸਨ... ‘ਜਦੋਂ ਤੱਕ ਇਹ ਦਸਵੀਂ ਜਮਾਤ ਤੱਕ ਪੁੱਜੇਗਾ, ਉਹ ਖ਼ਾਲੀ ਕੁਰਸੀ ਵੱਲ ਦੇਖੇਗਾ... ਤਾਂ ਲੋੜ ਪੈਣ ’ਤੇ ਪਿਤਾ ਦੀ ਹੱਲਾਸ਼ੇਰੀ ਨਹੀਂ ਮਿਲੇਗੀ, ਉਦੋਂ ਇਹ ਪਰਿਵਾਰ ਦਾ ਘਾਟਾ ਉਸ ਦੇ ਸਾਹਮਣੇ ਖੜ੍ਹਾ ਹੋਵੇਗਾ..!’ ਉਹ ਕਹਿ ਰਹੇ ਸਨ, ‘ਜਿਸ ਦਿਨ ਉਹ ਖੇਡਣਾ ਛੱਡ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲਵੇਗਾ ਉਦੋਂ ਹੀ ਗੰਭੀਰ ਹੋਵੇਗਾ... ਆਪਾਂ ਤਾਂ ਦੁਆ ਹੀ ਕਰ ਸਕਦੇ ਆਂ ਕਿ ਰੱਬ ਉਸ ਨੂੰ ਇਸ ਮੁਸ਼ਕਿਲ ਰਾਹ ’ਤੇ ਚੱਲਣ ਦਾ ਬਲ ਬਖ਼ਸ਼ੇ... ਉਸ ਦੀ ਉਮਰ ਲੰਮੀ ਹੋਵੇ... ਉਹ ਤੰਦਰੁਸਤ ਰਹੇ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਦਾ ਵਾਰਿਸ ਬਣੇ..!’ ਉਹ ਗੱਲਾਂ ਕਰ ਰਹੇ ਸਨ ਤੇ ਅੰਦਰ ਪੰਡਿਤ ਨੇ ਫੁੱਲ ਚੁਗਣ ਅਤੇ ਭੋਗ ਦੀ ਤਾਰੀਖ਼ ਦੱਸ ਕੇ ਚੁੱਪ ਨੂੰ ਤੋੜ ਦਿੱਤਾ। ਲੋਕ ਅਫ਼ਸੋਸ ਦੀ ਮੁਦਰਾ ਵਿੱਚ ਬਾਹਰ ਆਉਣੇ ਸ਼ੁਰੂ ਹੋ ਗਏ... ਲੋਕ ਜਾਂਦੇ ਹੋਏ ਪ੍ਰਵੀਨ ਦੀ ਚੰਗੀ ਸ਼ਖ਼ਸੀਅਤ ਦੀਆਂ ਹੌਲ਼ੀ-ਹੌਲ਼ੀ ਗੱਲਾਂ ਕਰਦੇ ਤੁਰੇ ਜਾ ਰਹੇ ਸਨ। ਨੀਤੂ ਲੋਕਾਂ ਦੇ ਇਕੱਠ ਨੂੰ ਇੱਕ ਮੇਲੇ ਵਾਂਗ ਦੇਖਦਾ ਹੋਇਆ ਖੇਡਦੇ ਬੱਚਿਆਂ ਵਿੱਚ ਜਾ ਰਲਿਆ ਸੀ।

ਸੰਪਰਕ: 95016-15511

Advertisement
×