DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ਾਂ ਤੱਕ ਪੰਜਾਬੀ ਮਾਂ ਬੋਲੀ ਦੀ ਮਹਿਕ

ਪੰਜਾਬੀ ਭਾਸ਼ਾ ਭਾਰਤ ਦੇ ਸੂਬੇ ਪੰਜਾਬ ਦੀ ਮਾਂ ਬੋਲੀ ਹੈ। ਦੂਜੇ ਪਾਸੇ, ਪਾਕਿਸਤਾਨੀ ਪੰਜਾਬ ਸੂਬੇ ਦੀ ਮਾਂ ਬੋਲੀ ਵੀ ਪੰਜਾਬੀ ਹੀ ਹੈ। ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਪੰਜਾਬੀ ਭਾਸ਼ਾ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਹੈ ਅਤੇ ਉੱਥੇ ਪੰਜਾਬੀ ਬੋਲਣ ਵਾਲੇ ਲੋਕਾਂ...

  • fb
  • twitter
  • whatsapp
  • whatsapp
Advertisement

ਪੰਜਾਬੀ ਭਾਸ਼ਾ ਭਾਰਤ ਦੇ ਸੂਬੇ ਪੰਜਾਬ ਦੀ ਮਾਂ ਬੋਲੀ ਹੈ। ਦੂਜੇ ਪਾਸੇ, ਪਾਕਿਸਤਾਨੀ ਪੰਜਾਬ ਸੂਬੇ ਦੀ ਮਾਂ ਬੋਲੀ ਵੀ ਪੰਜਾਬੀ ਹੀ ਹੈ। ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਪੰਜਾਬੀ ਭਾਸ਼ਾ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਹੈ ਅਤੇ ਉੱਥੇ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਚੜ੍ਹਦੇ ਪੰਜਾਬ ਨਾਲੋਂ ਦੋ-ਤਿੰਨ ਗੁਣਾ ਵੱਧ ਹੈ। ਪੰਜਾਬੀ ਭਾਸ਼ਾ ਇੰਡੋ-ਆਰੀਅਨ ਸਮੂਹ ਦੀਆਂ ਮੁੱਖ ਭਾਸ਼ਾਵਾਂ ’ਚੋਂ ਇੱਕ ਹੈ। ਇਸ ਨੂੰ ਪੂਰੀ ਦੁਨੀਆ ਵਿੱਚ ਲਗਪਗ 15 ਕਰੋੜ ਲੋਕ ਬੋਲਦੇ ਹਨ। ਇਸ ਕਰਕੇ ਇਹ ਕੌਮਾਂਤਰੀ ਪੱਧਰ ’ਤੇ ਪ੍ਰਮੁੱਖ ਭਾਸ਼ਾਵਾਂ ਵਿੱਚ ਸ਼ੁਮਾਰ ਹੈ।

ਪੰਜਾਬੀ ਜ਼ੁਬਾਨ ਆਮ ਲੋਕਾਂ ਦੀ ਆਪਸੀ ਗੱਲਬਾਤ ਵਿੱਚੋਂ ਜਨਮੀ ਹੈ। ਇਸ ਦੀ ਹਰਮਨ ਪਿਆਰਤਾ ਦਾ ਕਾਰਨ ਇਹ ਵੀ ਹੈ ਕਿ ਇਹ ਕਿਸੇ ਖ਼ਾਸ ਧਰਮ ਜਾਂ ਫ਼ਿਰਕੇ ਦੀ ਮਲਕੀਅਤ ਨਹੀਂ ਹੈ ਅਤੇ ਨਾ ਹੀ ਇਹ ਕਿਤੋਂ ਬਾਹਰੋਂ ਆਈ ਹੈ, ਇਹ ਤਾਂ ਭਾਰਤ ਦੇਸ਼ ਦੀ ਹੀ ਜੰਮਪਲ ਹੈ। ਪੰਜਾਬੀ ਭਾਸ਼ਾ ਦੀ ਪੈਦਾਇਸ਼ ਕਈ ਸਦੀਆਂ ਪਹਿਲਾਂ ਹੋਈ। ਇਹ ਭਾਸ਼ਾ ਸਥਾਨਕ ਲੋਕਾਂ ਦੇ ਰੋਜ਼ਮੱਰ੍ਹਾ ਜੀਵਨ ਨਿਰਬਾਹ ਲਈ ਸੰਚਾਰ ਪ੍ਰਤੀ ਲੋੜਾਂ ਵਿੱਚੋਂ ਨਿਕਲੀ ਹੈ। ਪੰਜਾਬੀ ਬਹੁਤ ਪ੍ਰਾਚੀਨ ਭਾਸ਼ਾ ਹੈ। ਬਾਰ੍ਹਵੀਂ-ਤੇਰ੍ਹਵੀਂ ਸਦੀ ਵਿੱਚ ਬਾਬਾ ਸ਼ੇਖ਼ ਫ਼ਰੀਦ ਜੀ ਦਾ ਠੇਠ ਪੰਜਾਬੀ ਵਿੱਚ ਰਚਨਾ ਕਰਨਾ ਰੂਹਾਨੀ ਤੇ ਸੂਫ਼ੀ ਕਾਵਿ ਸਾਹਿਤ ਇਸ ਦੇ ਪ੍ਰਾਚੀਨ ਹੋਣ ਦੀ ਗਵਾਹੀ ਭਰਦਾ ਹੈ। ਹਾਲਾਂਕਿ ਰਚਨਾ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਲੋਕ ਬੋਲੀ ਨੇ ਸਦੀਆਂ ਦੀ ਘਾਲਣਾ ਤੋਂ ਬਾਅਦ ਭਾਸ਼ਾ ਦਾ ਰੂਪ ਅਖ਼ਤਿਆਰ ਕਰ ਲਿਆ ਹੋਵੇ। ਪੰਜਾਬੀ ਦੀ ਪੈਦਾਇਸ਼ ਦਾ ਮੂਲ ਖਿੱਤਾ ਲਾਹੌਰ (ਹੁਣ ਪਾਕਿਸਤਾਨ) ਅਤੇ ਇਸ ਦੇ ਆਲੇ-ਦੁਆਲੇ ਦਾ ਵਿਸ਼ਾਲ ਇਲਾਕਾ ਹੈ। ਪਾਕਿਸਤਾਨ ਦੇ ਵੱਡੀ ਗਿਣਤੀ ਪੰਜਾਬੀਆਂ ਦਾ ਪੰਜਾਬੀ ਜ਼ੁਬਾਨ ਨਾਲ ਬਹੁਤ ਮੋਹ ਹੈ ਅਤੇ ਉਹ ਕਿਸੇ ਵੀ ਕੀਮਤ ’ਤੇ ਪੰਜਾਬੀ ਭਾਸ਼ਾ ਤੋਂ ਨਾਤਾ ਤੋੜਨਾ ਨਹੀਂ ਚਾਹੁੰਦੇ, ਭਾਵੇਂ ਕਿ ਉੱਥੋਂ ਦੇ ਨਿਜ਼ਾਮ ਦੀ ਸਰਕਾਰੀ ਜ਼ੁਬਾਨ ਉਰਦੂ ਹੈ। ਉਹ ਪੰਜਾਬੀ ਜ਼ੁਬਾਨ ਦੇ ਰੂਹਾਨੀ, ਸੂਫ਼ੀ, ਕਿੱਸਾ ਕਾਵਿ ਆਦਿ ਦੇ ਮਹਾਨ ਸਾਹਿਤਕਾਰ ਅਤੇ ਦਾਰਸ਼ਨਿਕ ਜਿਵੇਂ ਬਾਬਾ ਸ਼ੇਖ਼ ਫ਼ਰੀਦ, ਬੁਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਮੁਹੰਮਦ, ਹਾਸ਼ਮ, ਪੀਲੂ ਆਦਿ ਦੀਆਂ ਬੇਸ਼ਕੀਮਤੀ ਰਚਨਾਵਾਂ ਦੀ ਵਿਰਾਸਤ ਤੋਂ ਵਾਂਝੇ ਨਹੀਂ ਹੋਣਾ ਚਾਹੁੰਦੇ।

Advertisement

ਚੜ੍ਹਦੇ ਪੰਜਾਬ (ਭਾਰਤੀ ਪੰਜਾਬ) ਦੀ ਸਰਕਾਰੀ ਭਾਸ਼ਾ ਪੰਜਾਬੀ ਹੈ। ਇਸ ਕਰ ਕੇ ਇਸ ਸੂਬੇ ਵਿੱਚ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੋਣਾ ਸੁਭਾਵਿਕ ਹੈ। ਭਾਰਤ ਦੇ ਸੰਵਿਧਾਨ ਵਿੱਚ ਦਰਜ ਦੇਸ਼ ਦੀਆਂ ਪ੍ਰਮੁੱਖ 22 ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਹੈ। ਭਾਰਤ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚੋਂ ਪੰਜਾਬੀ ਦਾ 11ਵਾਂ ਸਥਾਨ ਹੈ ਜਦੋਂਕਿ ਬਹੁਤ ਸਾਰੇ ਵਿਦੇਸ਼ੀ ਮੁਲਕਾਂ ਵਿੱਚ ਇਸ ਦੀ ਹਰਮਨ ਪਿਆਰਤਾ ਹੋਣ ਕਰ ਕੇ ਪੰਜਾਬੀ ਭਾਸ਼ਾ ਦਾ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਦਸਵਾਂ ਸਥਾਨ ਹੈ।

Advertisement

ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕਈ ਮਹਾਦੀਪਾਂ ਦੇ ਮੁਲਕ ਜਿਵੇਂ ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ, ਖਾੜੀ ਦੇਸ਼, ਨਿਊਜ਼ੀਲੈਂਡ, ਇਟਲੀ ਤੇ ਮਲੇਸ਼ੀਆ ਆਦਿ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਹੈ। ਆਸਟਰੇਲੀਆ ਤੇ ਕੈਨੇਡਾ ਸਮੇਤ ਹੋਰ ਕੁਝ ਮੁਲਕਾਂ ਨੇ ਤਾਂ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਵੀ ਮਾਨਤਾ ਦਿੱਤੀ ਹੋਈ ਹੈ। ਪੰਜਾਬੀ ਭਾਸ਼ਾ ਦੀ ਮਕਬੂਲੀਅਤ ਦਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਸਿੱਖ ਧਰਮ ਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਪੰਜਾਬੀ ਭਾਸ਼ਾ ਦੀ ਪ੍ਰਮਾਣਿਕ ਲਿਪੀ ਗੁਰਮੁਖੀ ਵਿੱਚ ਹੈ, ਜੋ 16ਵੀਂ-17ਵੀਂ ਸਦੀ ਵਿੱਚ ਹੋਈ ਸੀ। ਸਿੱਖ ਭਾਵੇਂ ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਜਾਪ ਕਰਦੇ ਹੋਏ ਪੰਜਾਬੀ ਨਾਲ ਜ਼ਰੂਰ ਜੁੜੇ ਹਨ।

ਪੰਜਾਬੀ ਭਾਸ਼ਾ ਦੀ ਪ੍ਰਮਾਣਿਕ ਲਿਪੀ ਗੁਰਮੁਖੀ ਹੈ। ਪੰਜਾਬ ਵਿੱਚ ਪੰਜਾਬੀ ਜ਼ੁਬਾਨ ਦੀ ਸਮੁੱਚੀ ਲਿਖਤ-ਪੜ੍ਹਤ ਗੁਰਮੁਖੀ ਲਿਪੀ ਵਿੱਚ ਹੀ ਕੀਤੀ ਜਾਂਦੀ ਹੈ, ਪਰ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਲਿਖਤ-ਪੜ੍ਹਤ ਦਾ ਕੰਮ ਸ਼ਾਹਮੁਖੀ ਲਿਪੀ ਵਿੱਚ ਕੀਤਾ ਹੈ ਜਿਸ ਦੀ ਵਰਣਮਾਲਾ ਵਿੱਚ ਅਰਬੀ ਫ਼ਾਰਸੀ ਦੇ ਅੱਖ਼ਰ ਹਨ। ਬਹੁਤ ਸਾਰੇ ਪੰਜਾਬੀ ਲੋਕ ਰੁਜ਼ਗਾਰ ਜਾਂ ਕਾਰੋਬਾਰ ਦੇ ਸਿਲਸਿਲੇ ਵਿੱਚ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਚਲੇ ਗਏ ਅਤੇ ਉਨ੍ਹਾਂ ’ਚੋਂ ਬਹੁਤ ਸਾਰੇ ਉੱਥੋਂ ਦੇ ਹੀ ਪੱਕੇ ਵਸਨੀਕ ਬਣ ਗਏ। ਸਿੱਖ ਮੱਤ ਵਿੱਚ ਆਸਥਾ ਰੱਖਣ ਵਾਲਾ ਭਾਈਚਾਰਾ ਜਿੱਥੇ ਵੀ ਰਹਿੰਦਾ ਹੈ, ਉਹ ਆਮ ਤੌਰ ’ਤੇ ਉੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਜ਼ਰੂਰ ਕਰਦਾ ਹੈ। ਉਨ੍ਹਾਂ ਦਾ ਗੁਰਦੁਆਰਾ ਸਾਹਿਬ ਵਿੱਚ ਸਤਿਕਾਰ ਭੇਟ ਕਰਨ ਲਈ ਜਾਣ ਅਤੇ ਭਾਈਚਾਰੇ ਦੇ ਸੁੱਖ-ਦੁੱਖ ਦੇ ਮੌਕਿਆਂ ’ਤੇ ਹਾਜ਼ਰ ਹੋਣ ਨਾਲ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੋਕਾਂ ਨਾਲ ਮੇਲ ਜੋਲ ਹੁੰਦਾ ਹੈ, ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੀ ਹੁਲਾਰਾ ਮਿਲਦਾ ਹੈ।

ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਗੱਲ ਕਰਦਿਆਂ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬੀ ਭਾਸ਼ਾ ਕਈ ਸੂਬਿਆਂ ਵਿੱਚ ਬੋਲੀ ਤਾਂ ਜਾਂਦੀ ਹੈ, ਪਰ ਉੱਥੇ ਇਸ ਦੀ ਲਿਖਤ-ਪੜ੍ਹਤ ਦਾ ਕੰਮ ਗੁਰਮੁਖੀ ਲਿਪੀ ਵਿੱਚ ਨਾਂ-ਮਾਤਰ ਹੀ ਹੁੰਦਾ ਹੈ। ਪੰਜਾਬ ਦੇ ਨਾਲ ਲੱਗਦੇ ਪ੍ਰਾਂਤ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਪ੍ਰਭਾਵ ਹੈ। ਕਦੇ ਸਾਰਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਵੱਡਾ ਹਿੱਸਾ ਪੰਜਾਬ ਨਾਲ ਸਬੰਧਿਤ ਹੁੰਦਾ ਸੀ ਅਤੇ ਪੰਜਾਬੀ ਦੇ ਸਰਕਾਰੀ ਭਾਸ਼ਾ ਹੋਣ ਕਰ ਕੇ ਉਨ੍ਹਾਂ ਦਾ ਪੰਜਾਬੀ ਭਾਸ਼ਾ ਨਾਲ ਵਾਹ ਪੈਂਦਾ ਰਹਿੰਦਾ ਸੀ। ਉਂਜ ਇਨ੍ਹਾਂ ਰਾਜਾਂ ਦੇ ਕੁਝ ਖੇਤਰਾਂ ਵਿੱਚ ਮੂਲ ਵਾਸੀਆਂ ਦੀ ਜੱਦੀ ਭਾਸ਼ਾ ਪੰਜਾਬੀ ਜਾਂ ਇਸ ਦੀ ਉਪ-ਬੋਲੀ ਪਹਾੜੀ ਰਹੀ ਹੈ। ਰਾਜਾਂ ਦੇ ਪੁਨਰਗਠਨ ਤੋਂ ਬਾਅਦ ਉਹ ਪੰਜਾਬੀ ਦੀ ਲਿਖਤ-ਪੜ੍ਹਤ ਤੋਂ ਵਾਂਝੇ ਹੋ ਗਏ ਕਿਉਂਕਿ ਉੱਥੇ ਸਰਕਾਰੀ ਭਾਸ਼ਾ ਪੰਜਾਬੀ ਨਾ ਹੋ ਕੇ ਹਿੰਦੀ ਜਾਂ ਅੰਗਰੇਜ਼ੀ ਹੈ। ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੇ ਜ਼ਿਅਦਾਤਰ ਇਲਾਕੇ ਜਿਵੇਂ ਊਨਾ, ਕਾਂਗੜਾ, ਨਾਲਾਗੜ੍ਹ, ਕਾਲਕਾ ਆਦਿ ਖਿੱਤਿਆਂ ਦੇ ਲੋਕ ਘਰਾਂ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ। ਜੰਮੂ ਕਸ਼ਮੀਰ ’ਚ ਕਈ ਖਿੱਤਿਆਂ ਵਿੱਚ ਲੋਕ ਪੰਜਾਬੀ ਜ਼ੁਬਾਨ ਬੋਲਦੇ ਹਨ। ਮੰਦਰਾਂ ਵਿੱਚ ਭਜਨ ਗਾਇਨ ਜਾਂ ਧਾਰਮਿਕ ਜੈਕਾਰੇ ਲਾਉਣ ਵੇਲੇ ਉਨ੍ਹਾਂ ਦਾ ਪੰਜਾਬੀ ਭਾਸ਼ਾ ਦਾ ਮੋਹ ਜੱਗ ਜ਼ਾਹਿਰ ਹੁੰਦਾ ਹੈ। ਰਾਜਸਥਾਨ ਦੇ ਸ੍ਰੀ ਗੰਗਾਨਗਰ ਤੇ ਹੋਰ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਪੰਜਾਬੀ ਭਾਸ਼ੀ ਹਨ ਅਤੇ ਉਨ੍ਹਾਂ ਦੀ ਪਹਿਲੀ ਤਰਜੀਹ ਪੰਜਾਬੀ ਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਕੁਝ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਵੀ ਜਾਂਦੀ ਹੈ।

ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਉੱਤਰਾਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਅਸਾਮ, ਬੰਗਾਲ, ਬਿਹਾਰ ਤੇ ਮਹਾਰਾਸ਼ਟਰ ਆਦਿ ਰਾਜਾਂ ਵਿੱਚ ਵੀ ਮੌਜੂਦ ਹੈ, ਜੋ ਟਰਾਂਸਪੋਰਟ ਆਦਿ ਦੇ ਕਾਰੋਬਾਰ ਅਤੇ ਕਿਰਸਾਨੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਉੱਥੇ ਭਾਵੇਂ ਪੱਕੇ ਤੌਰ ’ਤੇ ਨਿਵਾਸ ਹੋ ਗਿਆ ਹੈ, ਪਰ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਸਨੇਹ ਰੱਖਦੇ ਹਨ। ਦੇਸ਼ ਦੇ ਕਈ ਸ਼ਹਿਰ ਜਿਵੇਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੀਆਂ ਕਈ ਕਲੋਨੀਆਂ ਪੰਜਾਬੀ ਭਾਸ਼ਾ ਦਾ ਗੜ੍ਹ ਮੰਨੀਆਂ ਜਾਂਦੀਆਂ ਹਨ। ਕੁਝ ਕਲੋਨੀਆਂ ਤਾਂ ਪੰਜਾਬ ਸੂਬੇ ਦੀ ਹੀ ਰਿਹਾਇਸ਼ੀ ਕਲੋਨੀ ਹੋਣ ਦਾ ਭੁਲੇਖਾ ਪਾਉਂਦੀਆਂ ਹਨ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸਭ ਤੋਂ ਵੱਧ ਪੰਜਾਬੀ ਭਾਸ਼ਾ ਦੀ ਸੰਭਾਲ ਮੱਧ ਪ੍ਰਦੇਸ਼ ਦੇ ਇੰਦੌਰ ਜਿਹੇ ਸ਼ਹਿਰ ਵਿੱਚ ਦੇਖਣ ਨੂੰ ਮਿਲਦੀ ਹੈ। ਇੰਦੌਰ ਤੋਂ ਇਲਾਵਾ ਜਬਲਪੁਰ, ਭੂਪਾਲ ਤੇ ਗਵਾਲੀਅਰ ਆਦਿ ਕਈ ਸ਼ਹਿਰ ਹਨ, ਜਿੱਥੇ ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲਿਆਂ ਦੀ ਵੱਡੀ ਗਿਣਤੀ ਹੈ। ਇੰਦੌਰ ਵਰਗੇ ਕੁਝ ਸ਼ਹਿਰਾਂ ਵਿੱਚ ਸਿੰਧੀ ਭਾਈਚਾਰੇ ਦੇ ਲੋਕਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਦੀ ਬਾਬਾ ਨਾਨਕ ਦੇ ਸਥਾਪਿਤ ਕੀਤੇ ਸਿੱਖ ਮੱਤ ਵਿੱਚ ਪੂਰੀ ਸ਼ਰਧਾ ਹੈ ਅਤੇ ਉਹ ਆਪਣੇ ਅਕੀਦੇ ਰਾਹੀਂ ਪੰਜਾਬੀ ਭਾਸ਼ਾ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਤੋਂ ਇਲਾਵਾ ਗ਼ੈਰ-ਪੰਜਾਬੀ ਸਿਕਲੀਗਰ ਭਾਈਚਾਰਾ ਵੀ ਖਾਲਸਾ ਪੰਥ ਵਿੱਚ ਆਸਥਾ ਰੱਖਣ ਕਰ ਕੇ ਪੰਜਾਬੀ ਭਾਸ਼ਾ ਨਾਲ ਸਾਂਝ ਰੱਖਦਾ ਹੈ। ਪੰਜਾਬ ਤੋਂ ਬਾਹਰ ਰਹਿੰਦੇ ਬਹੁਤ ਸਾਰੇ ਸਿੱਖ ਆਪਣੀ ਮਾਂ ਬੋਲੀ ਪੰਜਾਬੀ ਦੀ ਹੋਂਦ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ। ਉਹ ਆਪਣੇ ਘਰਾਂ ਵਿੱਚ ਪੰਜਾਬੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਯਤਨ ਕਰ ਰਹੇ ਹਨ ਅਤੇ ਪੰਜਾਬੀ ਭਾਸ਼ਾ ਪ੍ਰਤੀ ਵਚਨਬੱਧ ਹਨ। ਉਹ ਪੰਜਾਬੀ ਜ਼ੁਬਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਅਤੇ ਇਸ ਨੂੰ ਪ੍ਰਫੁੱਲਿਤ ਕਰ ਰਹੇ ਹਨ।

ਸੰਪਰਕ: 94171-89547

Advertisement
×