ਪੰਛੀਆਂ ਦੀ ਖ਼ਾਮੋਸ਼ੀ ਦੇ ਪਹਿਲੇ ਸੰਕੇਤ
ਸਦੀਆਂ ਤੱਕ ਪੰਛੀਆਂ ਦੀ ਕੂਕ ਨੇ ਕਵੀਆਂ ਨੂੰ ਪ੍ਰੇਰਿਤ ਕੀਤਾ, ਕਿਸਾਨਾਂ ਨੂੰ ਜਗਾਇਆ ਅਤੇ ਮੌਸਮਾਂ ਦੇ ਬਦਲਾਅ ਨੂੰ ਦਰਸਾਇਆ। ਪਰ ਅੱਜ, ਦੁਨੀਆ ਦੇ ਕਈ ਖੇਤਰਾਂ ਵਿੱਚ ਇਹ ਪਹਿਲਾਂ ਵਾਲੀ ਜਾਣ-ਪਛਾਣ ਵਾਲੀਆਂ ਧੁਨੀਆਂ ਹੌਲੀ-ਹੌਲੀ ਖ਼ਾਮੋਸ਼ ਹੋ ਰਹੀਆਂ ਹਨ। ਸਿਰਫ਼ ਪਿੱਠਵਰਤੀ ਸੰਗੀਤ ਨਹੀਂ ਸਗੋਂ ਪੰਛੀਆਂ ਦੀ ਕੂਕ ਇੱਕ ਮਹੱਤਵਪੂਰਨ ਜੈਵਿਕ ਸੰਕੇਤ ਹੁੰਦੀ ਹੈ, ਜੋ ਜੋੜੇ ਬਣਾਉਣ, ਇਲਾਕੇ ਦੀ ਰਾਖੀ ਕਰਨ, ਅਤੇ ਝੁੰਡ ਵਿੱਚ ਆਪਸੀ ਸਹਿਯੋਗ ਲਈ ਬਹੁਤ ਜ਼ਰੂਰੀ ਹੈ। ਹਾਲੀਆ ਅਧਿਐਨਾਂ ਨੇ ਕੁਦਰਤੀ ਆਵਾਜ਼ਾਂ ਦੀ ਵੰਨ-ਸੁਵੰਨਤਾ ਵਿੱਚ ਚਿੰਤਾਜਨਕ ਨਿਘਾਰ ਦਰਸਾਇਆ ਹੈ। ਇਹ ਘਟਣ ਦਾ ਮਤਲਬ ਸਿਰਫ਼ ਪੰਛੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਸਗੋਂ ਇੱਕ ਘਟ ਰਹੀ ਜੈਵਿਕ ਚਿੱਤਰਕਾਰੀ ਨੂੰ ਦਰਸਾਉਂਦੀ ਹੈ ਕਿਉਂਕਿ ਮੌਸਮੀ ਤਬਦੀਲੀ ਉਨ੍ਹਾਂ ਦੇ ਰਹਿਣ ਦੀਆਂ ਕੁਦਰਤੀ ਥਾਵਾਂ ਅਤੇ ਭੋਜਨ ਲੜੀ ਦੇ ਵਿਘਟਨ ਨਾਲ ਮਿਲ ਕੇ ਕੰਮ ਕਰ ਰਹੀ ਹੈ ਜਦੋਂਕਿ ਚੜ੍ਹਦੇ ਸਮੁੰਦਰ ਅਤੇ ਪਿਘਲਦੇ ਗਲੇਸ਼ੀਅਰ ਖ਼ਬਰਾਂ ਵਿੱਚ ਛਾਏ ਰਹਿੰਦੇ ਹਨ। ਇਨ੍ਹਾਂ ਦੇ ਨਾਲ ਨਾਲ ਇੱਕ ਹੋਰ ਖ਼ਾਮੋਸ਼ ਸੰਗਰਾਮ ਚੱਲ ਰਿਹਾ ਹੈ ਕਿ ਮੌਸਮੀ ਤਬਦੀਲੀ ਕੁਦਰਤ ਦੀ ਜੀਵੰਤ ਧੁਨ ਨੂੰ ਮਿਟਾ ਰਹੀ ਹੈ।
ਪੰਛੀ ਵਿਗਿਆਨੀ ਅਤੇ ਆਮ ਨਾਗਰਿਕ ਦੋਵਾਂ ਨੇ ਇੱਕ ਚਿੰਤਾਜਨਕ ਰੁਝਾਨ ਨੂੰ ਦਰਜ ਕੀਤਾ ਹੈ: ਪੰਛੀਆਂ ਦੀਆਂ ਆਬਾਦੀਆਂ ਤੇਜ਼ੀ ਨਾਲ ਘਟ ਰਹੀਆਂ ਹਨ- ਚਾਹੇ ਉਹ ਵਿਭਿੰਨ ਪ੍ਰਜਾਤੀਆਂ ਦੀ ਗਿਣਤੀ ਹੋਵੇ ਜਾਂ ਕੁੱਲ ਪੰਛੀਆਂ ਦੀ ਸੰਖਿਆ। ਸਾਇੰਸ ਜਰਨਲ ਵਿੱਚ 2019 ਵਿੱਚ ਪ੍ਰਕਾਸ਼ਿਤ ਇੱਕ ਇਤਿਹਾਸਕ ਅਧਿਐਨ ਅਨੁਸਾਰ, ਉੱਤਰੀ ਅਮਰੀਕਾ ਨੇ 1970 ਤੋਂ ਲੈ ਕੇ ਲਗਭਗ 3 ਅਰਬ ਪੰਛੀ ਗੁਆ ਦਿੱਤੇ ਹਨ- ਕੁੱਲ ਆਬਾਦੀ ਦਾ 25 ਫ਼ੀਸਦੀ ਹੈ। ਭਾਰਤ ਵਿੱਚ ਸਟੇਟ ਆਫ ਇੰਡੀਆਜ਼ ਬਰਡਜ਼ 2023 ਰਿਪੋਰਟ ਵੀ ਇਨ੍ਹਾਂ ਚਿੰਤਾਵਾਂ ਨੂੰ ਦੁਹਰਾਉਂਦੀ ਹੈ, ਜਿਸ ਵਿੱਚ ਦੱਸਿਆ ਗਿਆ ਕਿ ਸਥਾਨਕ ਅਤੇ ਪਰਵਾਸੀ ਦੋਵੇਂ ਕਿਸਮਾਂ ਦੀਆਂ ਆਬਾਦੀਆਂ ਵਿੱਚ ਵਿਆਪਕ ਨਿਘਾਰ ਆ ਰਹੇ ਹਨ। ਇਨ੍ਹਾਂ ਦੇ ਮੁੱਖ ਕਾਰਨਾਂ ਵਿੱਚ ਮੌਸਮੀ ਤਬਦੀਲੀ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਈ ਹੈ। ਵਧਦੇ ਤਾਪਮਾਨ, ਬੇਤਰਤੀਬ ਮੌਸਮ ਦੇ ਢੰਗ ਅਤੇ ਮੌਸਮ ਦੇ ਇਸ਼ਾਰਿਆਂ ਵਿੱਚ ਆ ਰਹੀ ਰੁਕਾਵਟ- ਇਹ ਸਭ ਪੰਛੀਆਂ ਦੀ ਪਰਵਾਸੀ ਯਾਤਰਾ ਨੂੰ ਛੋਟਾ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀਆਂ ਰਵਾਇਤੀ ਪ੍ਰਜਣਨ ਥਾਵਾਂ ਛੱਡਣ ਲਈ ਮਜਬੂਰ ਕਰ ਰਹੇ ਹਨ, ਜਾਂ ਉਹ ਪੂਰੀ ਤਰ੍ਹਾਂ ਇਲਾਕਿਆਂ ਤੋਂ ਗਾਇਬ ਹੋ ਰਹੇ ਹਨ ਜਿੱਥੇ ਪਹਿਲਾਂ ਵਿਆਪਕ ਤੌਰ ’ਤੇ ਮਿਲਦੇ ਸਨ।
ਕਈ ਪੰਛੀਆਂ ਦੀਆਂ ਕਿਸਮਾਂ ਆਪਣੇ ਪਰਵਾਸ ਅਤੇ ਪ੍ਰਜਣਨ ਚੱਕਰਾਂ ਦੀ ਰਹਿਨੁਮਾਈ ਲਈ ਬਹੁਤ ਸੂਖ਼ਮ ਕੁਦਰਤੀ ਸੰਕੇਤਾਂ ’ਤੇ ਨਿਰਭਰ ਕਰਦੀਆਂ ਹਨ, ਪਰ ਮੌਸਮੀ ਤਬਦੀਲੀ ਇਨ੍ਹਾਂ ਕੁਦਰਤੀ ਪ੍ਰਕਿਰਿਆਵਾਂ ’ਚ ਖਲਲ ਪਾ ਰਹੀ ਹੈ। ਗਰਮ ਬਸੰਤ ਕਾਰਨ ਰੁੱਖ ਪਹਿਲਾਂ ਹੀ ਪੱਤੇ ਕੇਰ ਰਹੇ ਹਨ ਅਤੇ ਕੀੜੇ ਸਮੇਂ ਤੋਂ ਪਹਿਲਾਂ ਹੀ ਨਿਕਲ ਆਉਂਦੇ ਹਨ, ਜਿਸ ਨਾਲ ਭੋਜਨ ਉਪਲਬਧਤਾ ਅਤੇ ਪਰਵਾਸੀ ਪੰਛੀਆਂ ਦੀ ਆਮਦ ਵਿਚਕਾਰ ਸੰਤੁਲਨ ਵਿਗੜ ਰਿਹਾ ਹੈ। ਇਸ ਦੇ ਨਤੀਜੇ ਵਜੋਂ, ਕਈ ਪੰਛੀ ਆਪਣੇ ਪ੍ਰਜਣਨ ਖੇਤਰਾਂ ਵਿੱਚ ਦੇਰ ਨਾਲ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਭੋਜਨ ਦੀ ਵੱਧ ਤੋਂ ਵੱਧ ਉਪਲਬਧਤਾ ਦਾ ਲਾਭ ਨਹੀਂ ਮਿਲਦਾ। ਇਸ ਨਾਲ ਉਨ੍ਹਾਂ ਦੀ ਪ੍ਰਜਣਨ ਸਫਲਤਾ ਘਟਦੀ ਹੈ ਅਤੇ ਲੰਮੇ ਸਮੇਂ ਵਿੱਚ ਆਬਾਦੀ ਵਿੱਚ ਕਮੀ ਆਉਂਦੀ ਹੈ।
ਇਸ ਦੀ ਇੱਕ ਉਦਾਹਰਨ ਯੂਰਪ ਤੋਂ ਮਿਲਦੀ ਹੈ, ਜਿੱਥੇ ਪਾਇਡ ਫਲਾਈਕੈਚਰ (Ficedula hypoleuca) ਦੀਆਂ ਆਬਾਦੀਆਂ ਉਨ੍ਹਾਂ ਖੇਤਰਾਂ ਵਿੱਚ ਘਟ ਰਹੀਆਂ ਹਨ ਜਿੱਥੇ ਗਰਮੀ ਕਾਰਨ ਕੀੜਿਆਂ ਦੀ ਉਪਲਬਧਤਾ ਪਹਿਲਾਂ ਹੀ ਵਧ ਜਾਂਦੀ ਹੈ ਜਦੋਂਕਿ ਇਹ ਪੰਛੀ ਅਜੇ ਅਫਰੀਕਾ ਤੋਂ ਪਰਤੇ ਹੁੰਦੇ ਹਨ। ਉੱਤਰੀ ਅਮਰੀਕਾ ਵਿੱਚ ਵੀ ਇਸੇ ਤਰ੍ਹਾਂ ਦੀ ਹਲਚਲ ਜਾਰੀ ਹੈ: ਜਿਵੇਂ ਵਾਰਬਲਰ ਅਤੇ ਸਪੈਰੋ ਵਰਗੀਆਂ ਕਿਸਮਾਂ ਉੱਤਰੀ ਖੇਤਰਾਂ ਵੱਲ ਆਪਣੀਆਂ ਹੱਦਾਂ ਵਧਾ ਰਹੀਆਂ ਹਨ ਤਾਂ ਜੋ ਠੰਢੀਆਂ ਥਾਵਾਂ ਵਿੱਚ ਰਹਿ ਸਕਣ। ਹਰ ਪੰਛੀ ਇਸ ਤਬਦੀਲ ਹੋ ਰਹੀ ਹਕੀਕਤ ਦੇ ਨਾਲ ਢਲ ਨਹੀਂ ਸਕਦਾ, ਜਿਸ ਨਾਲ ਕਈਆਂ ਲਈ ਜਿਉਣ ਦੀ ਸੰਭਾਵਨਾ ਘੱਟ ਰਹਿ ਜਾਂਦੀ ਹੈ।
ਸੁੱਕਦੇ ਆਲੇ-ਦੁਆਲੇ, ਖ਼ਾਮੋਸ਼ ਹੁੰਦੇ ਗੀਤ
ਮੌਸਮੀ ਤਬਦੀਲੀ ਕੁਦਰਤੀ ਆਵਾਸ ਦੇ ਨਾਸ਼ ਨੂੰ ਤੇਜ਼ ਕਰ ਰਹੀ ਹੈ। ਜਿਉਂ ਜਿਉਂ ਤਲਾਬ ਅਤੇ ਝੀਲਾਂ ਸੁੱਕ ਰਹੀਆਂ ਹਨ, ਬਰਫ਼ੀਲੇ ਇਲਾਕੇ ਛੋਟੇ ਹੋ ਰਹੇ ਹਨ ਅਤੇ ਸਮੁੰਦਰ ਕਿਨਾਰੇ ਵਾਲੇ ਖੇਤਰ ਚੜ੍ਹਦੇ ਪਾਣੀਆਂ ਹੇਠਾਂ ਡੁੱਬ ਰਹੇ ਹਨ, ਪੰਛੀਆਂ ਨੂੰ ਉਹ ਆਵਾਸ ਗੁਆਉਣੇ ਪੈ ਰਹੇ ਹਨ ਜਿਨ੍ਹਾਂ ’ਤੇ ਉਹ ਨਿਰਭਰ ਕਰਦੇ ਸਨ। ਇਹ ਮੌਸਮੀ ਤਬਦੀਲੀ ਕਾਰਨ ਹੋ ਰਹੇ ਨੁਕਸਾਨ ਉਨ੍ਹਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਦੇ ਨਾਲ ਜੁੜ ਰਹੇ ਹਨ ਜਿਵੇਂ ਕਿ ਖੇਤੀਬਾੜੀ ਦਾ ਵਾਧਾ, ਜੰਗਲਾਂ ਦੀ ਕਟਾਈ ਅਤੇ ਸ਼ਹਿਰੀ ਵਿਸਥਾਰ। ਆਸਟਰੇਲੀਆ ਵਿੱਚ 2019-2020 ਦੀਆਂ ਭਿਆਨਕ ਜੰਗਲੀ ਅੱਗਾਂ - ਜੋ ਬਹੁਤ ਵਧੀਕ ਗਰਮੀ ਅਤੇ ਸੋਕੇ ਕਾਰਨ ਲੱਗੀਆਂ- ਨੇ 1 ਕਰੋੜ ਹੈਕਟੇਅਰ ਤੋਂ ਵੱਧ ਜ਼ਮੀਨ ਸਾੜ ਦਿੱਤੀ, ਜਿਸ ਨਾਲ ਕਈ ਪੰਛੀਆਂ ਦੇ ਆਵਾਸ ਵੱਡੇ ਪੱਧਰ ’ਤੇ ਨਸ਼ਟ ਹੋ ਗਏ। ਸੁਪਰਬ ਲਾਇਰਬਰਡ (Superb Lyrebird) ਨਕਲ ਕਰਨ ਦੀ ਆਪਣੀ ਆਸਧਾਰਨ ਸਮਰੱਥਾ ਲਈ ਪ੍ਰਸਿੱਧ ਹੈ। ਉਨ੍ਹਾਂ ਦੇ ਆਵਾਸ ਸਥਾਨਾਂ ਨੂੰ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਹ ਚਿੰਤਾ ਵਧ ਗਈ ਕਿ ਇਹ ਪੂਰੀਆਂ ਆਬਾਦੀਆਂ ਹੁਣ ਖ਼ਤਮ ਹੋ ਸਕਦੀਆਂ ਹਨ। ਸਮੁੰਦਰਾਂ ਵਿੱਚ ਵੀ ਗਰਮੀ ਵਧਣ ਨਾਲ ਭੋਜਨ ਲੜੀਆਂ ਬਦਲ ਰਹੀਆਂ ਹਨ, ਜਿਸ ਕਰਕੇ ਪਫ਼ਿਨ ਅਤੇ ਟਰਨ ਵਰਗੇ ਸਮੁੰਦਰੀ ਪੰਛੀਆਂ ਲਈ ਲੋੜੀਂਦਾ ਆਹਾਰ ਲੱਭਣਾ ਮੁਸ਼ਕਿਲ ਹੋ ਗਿਆ ਹੈ। ਆਰਕਟਿਕ ਟਰਨ (Arctic Tern) ਨਾਂ ਦਾ ਪੰਛੀ ਧਰਤੀ ’ਤੇ ਸਭ ਤੋਂ ਵੱਧ ਦੂਰੀ ਤੱਕ ਪਰਵਾਸ ਕਰਦਾ ਹੈ। ਹੁਣ ਇਹ ਆਪਣੇ ਪ੍ਰਜਣਨ ਅਤੇ ਭੋਜਨ ਦੀ ਉਪਲਬਧਤਾ ਵਾਲੇ ਖੇਤਰਾਂ ਦੀ ਅਸਥਿਰਤਾ ਨਾਲ ਜੂਝ ਰਿਹਾ ਹੈ। ਇਹ ਸਾਰੀ ਤਬਦੀਲੀ ਮੌਸਮੀ ਨਿਘਾਰ ਕਾਰਨ ਆ ਰਹੀ ਹੈ।
ਇਨ੍ਹਾਂ ਭੌਤਿਕ ਤਬਦੀਲੀਆਂ ਦੇ ਨਾਲ ਨਾਲ ਵਿਗਿਆਨੀ ਹੁਣ ਧੁਨੀ ਸਬੰਧੀ ਤਬਦੀਲੀ ਨੂੰ ਵੀ ਦਰਜ ਕਰ ਰਹੇ ਹਨ। ਨੇਚਰ ਕਮਿਊਨੀਕੇਸ਼ਨਜ਼ ਵਿੱਚ 2021 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਇਹ ਦਰਸਾਇਆ ਕਿ ਪਿਛਲੇ 25 ਸਾਲਾਂ ਵਿੱਚ ਬਹੁਤ ਸਾਰੇ ਸੰਰੱਖਿਅਤ ਖੇਤਰਾਂ ਵਿੱਚ ਪੰਛੀਆਂ ਦੀ ਆਵਾਜ਼ ਦੀ ਵਿਭਿੰਨਤਾ ਅਤੇ ਤੀਬਰਤਾ ਦੋਵੇਂ ਘਟੀਆਂ ਹਨ, ਜੋ ਪੰਛੀ ਆਬਾਦੀਆਂ ਦੇ ਘਟਣ ਨਾਲ ਸਿੱਧਾ ਸਬੰਧਤ ਹੈ। ਇਨ੍ਹਾਂ ਕੁਦਰਤੀ ਆਵਾਜ਼ਾਂ ਦੇ ਖ਼ਤਮ ਹੋਣ ਦੀ ਚਿੰਤਾ ਸਿਰਫ਼ ਵਿਗਿਆਨਕ ਪੱਧਰ ਤੱਕ ਸੀਮਤ ਨਹੀਂ ਹੈ। ਪੰਛੀਆਂ ਦੀ ਕੂਕ ਮਨੁੱਖਾਂ ਦੇ ਕੁਦਰਤ ਨਾਲ ਜੁੜਾਅ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦੀ ਗ਼ੈਰਹਾਜ਼ਰੀ ਮਨੋਵਿਗਿਆਨਕ ਤਣਾਅ ਪੈਦਾ ਕਰਦੀ ਹੈ, ਸੱਭਿਆਚਾਰਕ ਅਤੇ ਅਧਿਆਤਮਕ ਰੀਤ-ਰਿਵਾਜਾਂ ’ਚ ਖਲਲ ਪਾਂਦੀ ਹੈ ਅਤੇ ਉਨ੍ਹਾਂ ਥਾਵਾਂ ਵਿੱਚ ਵਾਤਾਵਰਣਕ ਸੰਤੁਲਨ ਦੇ ਟੁੱਟਣ ਦਾ ਸੰਕੇਤ ਦਿੰਦੀ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ।
ਬਦਲਦੀ ਮੌਨਸੂਨ, ਬਦਲਦੇ ਪ੍ਰਜਣਨ ਮੌਸਮ
ਭਾਰਤ ਦੇ ਵੱਡੇ ਹਿੱਸੇ ਵਿੱਚ ਪੰਛੀਆਂ ਦੀ ਪ੍ਰਜਣਨ ਪ੍ਰਕਿਰਿਆ ਮੌਨਸੂਨ ਦੇ ਆਉਣ ਨਾਲ ਜੁੜੀ ਹੈ ਕਿਉਂਕਿ ਇਹ ਸਮਾਂ ਕੀੜਿਆਂ ਦੀ ਭਰਮਾਰ ਅਤੇ ਆਲ੍ਹਣਿਆਂ ਲਈ ਸਮੱਗਰੀ ਦੀ ਉਪਲਬਧਤਾ ਲੈ ਕੇ ਆਉਂਦਾ ਹੈ। ਹੁਣ ਬੇਤਰਤੀਬ ਮੀਂਹ, ਲੰਮੇ ਸੋਕੇ ਪੈਣ ਅਤੇ ਅਚਾਨਕ ਆਉਣ ਵਾਲੀਆਂ ਤੇਜ਼ ਬਾਰਸ਼ਾਂ ਇਸ ਨਾਜ਼ੁਕ ਤਾਲਮੇਲ ਨੂੰ ਤੋੜ ਰਹੀਆਂ ਹਨ।
ਪਿੱਟਾ (Pitta brachyura) ਜ਼ਮੀਨ ’ਤੇ ਆਲ੍ਹਣਾ ਬਣਾਉਣ ਵਾਲਾ ਪੰਛੀ ਹੈ, ਜਿਸ ਦੀ ਦੂਹਰੀ ਧੁਨੀ ਵਾਲੀ ਆਵਾਜ਼ ਮਸ਼ਹੂਰ ਹੈ। ਇਹ ਪੰਛੀ ਰਵਾਇਤੀ ਤੌਰ ’ਤੇ ਮਈ-ਜੂਨ ਵਿੱਚ ਦੱਖਣੀ ਭਾਰਤ ਦੇ ਜੰਗਲਾਂ ਵਿੱਚ ਮੌਨਸੂਨ ਦੀ ਆਮਦ ਦੇ ਨਾਲ ਪ੍ਰਜਣਨ ਕਰਦਾ ਹੈ। ਹੁਣ ਮੌਨਸੂਨ ਦੇ ਮੀਂਹ ਦੀ ਤਰਤੀਬ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਇਸ ਦੀ ਆਲ੍ਹਣੇ ਬਣਾਉਣ ਦੀ ਮਿਤੀ ਅਗੇਤੀ ਜਾਂ ਪਿਛੇਤੀ ਹੋ ਰਹੀ ਹੈ, ਜਿਸ ਨਾਲ ਇਸ ਦੇ ਚੂਚਿਆਂ ਨੂੰ ਗਰਮੀ ਦੇ ਪ੍ਰਕੋਪ ਜਾਂ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਉਡਾਣ ਦੀ ਸਫਲਤਾ ਘਟ ਰਹੀ ਹੈ।
ਰੇਡ-ਵੈਂਟਡ ਬਲਬਲ (Pycnonotus cafer) ਅਤੇ ਓਰੀਐਂਟਲ ਮੈਗਪਾਈ-ਰਾਬਿਨ (Copsychus saularis) ਪਹਿਲਾਂ ਬਾਗ਼ਾਂ ’ਚ ਗਾਉਂਦੇ ਆਮ ਮਿਲਦੇ ਸਨ। ਹੁਣ ਇਹ ਘਟ ਰਹੀ ਆਲ੍ਹਣਾ ਬਣਾਉਣ ਦੀ ਮਿਆਦ ਅਤੇ ਖੁਰਾਕ ਦੀ ਘਾਟ ਕਾਰਨ ਆਲ੍ਹਣੇ ਬਣਾਉਣ ਵਿੱਚ ਕਈ ਵਾਰ ਅਸਫ਼ਲ ਹੋ ਰਹੇ ਹਨ, ਖ਼ਾਸਕਰ ਉਨ੍ਹਾਂ ਸ਼ਹਿਰੀ ਇਲਾਕਿਆਂ ਵਿੱਚ ਜਿੱਥੇ ਲੰਮੇ ਸੋਕੇ ਪੈ ਰਹੇ ਹਨ।
ਭਾਰਤੀ ਮੌਸਮ ਵਿਭਾਗ (IMD) ਦੇ ਰਿਕਾਰਡਾਂ ਅਨੁਸਾਰ, ਪਿਛਲੇ ਤਿੰਨ ਦਹਾਕਿਆਂ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਵਰਖਾ ਵਿੱਚ 10-15 ਫ਼ੀਸਦੀ ਤੱਕ ਤਬਦੀਲੀ ਆਈ ਹੈ ਅਤੇ ਬਹੁਤ ਸਾਰੇ ਜ਼ਿਲ੍ਹਿਆਂ ’ਚ ਲਗਾਤਾਰ ਸੋਕੇ ਪੈ ਰਹੇ ਜਾਂ ਹੜ੍ਹ ਆ ਰਹੇ ਹਨ।
ਸ਼ਹਿਰੀ ਭਾਰਤ: ਸ਼ੋਰ, ਗਰਮੀ ਅਤੇ ਗੁੰਮ ਹੋ ਰਹੀਆਂ ਪੰਛੀ ਧੁਨੀਆਂ
ਭਾਰਤ ਦੇ ਸ਼ਹਿਰ ਤੇਜ਼ੀ ਨਾਲ ਪੰਛੀਆਂ ਲਈ ਚੁਣੌਤੀਪੂਰਨ ਬਣ ਰਹੇ ਹਨ। ਸ਼ਹਿਰੀ ਆਵਾਸ ਸਥਾਨ ਪੰਛੀਆਂ ਨੂੰ ਦੂਹਰੀ ਮਾਰ ਮਾਰ ਰਹੇ ਹਨ: ਇੱਕ ਪਾਸੇ ਸ਼ਹਿਰੀ ਊਸ਼ਣ ਟਾਪੂ ਪ੍ਰਭਾਵ (urban heat island effect) ਕਾਰਨ ਵਧਦਾ ਤਾਪਮਾਨ ਅਤੇ ਦੂਜੇ ਪਾਸੇ ਟਰੈਫਿਕ, ਨਿਰਮਾਣ ਕਾਰਜਾਂ ਅਤੇ ਉਦਯੋਗਿਕ ਹਲਚਲ ਕਾਰਨ ਹੁੰਦਾ ਲਗਾਤਾਰ ਸ਼ੋਰ ਪ੍ਰਦੂਸ਼ਣ। ਇਹ ਤਣਾਅ ਕਾਰਕ ਕਈ ਕਿਸਮਾਂ ਨੂੰ ਆਪਣੇ ਗੀਤਾਂ ਵਿੱਚ ਤਬਦੀਲੀਆਂ ਲਿਆਉਣ ਲਈ ਮਜਬੂਰ ਕਰ ਰਹੇ ਹਨ, ਜਿਵੇਂ ਕਿ ਉੱਚ ਤਾਨ, ਜ਼ਿਆਦਾ ਉੱਚੀ ਆਵਾਜ਼ ਜਾਂ ਘੱਟ ਵਾਰੀ ਗਾਉਣਾ- ਜੋ ਜੋੜਾ ਬਣਾਉਣ, ਇਲਾਕਾ ਬਚਾਉਣ ਅਤੇ ਸਮੂਹਿਕ ਸਹਿਯੋਗ ਲਈ ਅਤਿ ਜ਼ਰੂਰੀ ਸੰਚਾਰ ਨੂੰ ਘਟਾ ਰਹੇ ਹਨ।
ਕਾਮਨ ਟੇਲਰਬਰਡ (Orthotomus sutorius) ਪਹਿਲਾਂ ਉਪਨਗਰੀ ਬਾਗਾਂ ਵਿੱਚ ਆਪਣੀ ਸਿਲਾਈ ਵਰਗੀ ਕੂਕ ਲਈ ਜਾਣਿਆ ਜਾਂਦਾ ਸੀ। ਹੁਣ ਸ਼ਹਿਰੀ ਹਲਚਲ ਅਤੇ ਸ਼ਾਮ ਦੀ ਗਰਮੀ ਕਾਰਨ ਸੁਣਨ ਲਾਇਕ ਨਹੀਂ ਰਹਿ ਗਿਆ।
ਦਿੱਲੀ, ਬੈਂਗਲੁਰੂ ਅਤੇ ਪੁਣੇ ਵਰਗੇ ਸ਼ਹਿਰਾਂ ਵਿੱਚ ਕੀਤੇ ਗਏ ਬਾਇਓਅਕੌਸਟਿਕ ਅਧਿਐਨ ਦਰਸਾਉਂਦੇ ਹਨ ਕਿ ਹਾਊਸ ਸਪੈਰੋ (Passer domesticus) ਅਤੇ ਪਰਪਲ ਸੰਬਰਡ (Cinnyris asiaticus) ਵਰਗੀਆਂ ਕਿਸਮਾਂ ਵਿੱਚ ਗੀਤਾਂ ਦੀ ਲੰਬਾਈ ਅਤੇ ਤਾਨ ਦੀ ਵਿਭਿੰਨਤਾ ਵਿੱਚ ਕਮੀ ਆਈ ਹੈ- ਖ਼ਾਸਕਰ ਸਭ ਤੋਂ ਜ਼ਿਆਦਾ ਗਰਮੀਆਂ ਵਾਲੇ ਮਹੀਨਿਆਂ ਵਿੱਚ।
ਓਰੀਐਂਟਲ ਮੈਗਪਾਈ-ਰਾਬਿਨ (Copsychus saularis) ਆਪਣੇ ਮਿੱਠੇ ਅਤੇ ਰਾਗਾਤਮਕ ਸੁਰਾਂ ਲਈ ਮਸ਼ਹੂਰ ਹੈ। ਹੁਣ ਜ਼ਿਆਦਾਤਰ ਉਹ ਸਵੇਰੇ ਜਾਂ ਰਾਤ ਦੇ ਸ਼ਾਂਤ ਸਮੇਂ ਗਾਉਂਦਾ ਹੈ ਤਾਂ ਜੋ ਦਿਨ ਦੀਆਂ ਆਵਾਜ਼ਾਂ ਵੱਲੋਂ ਹੋਣ ਵਾਲੀ ਧੁਨੀ ਰੁਕਾਵਟ ਤੋਂ ਬਚ ਸਕੇ।
ਕੌਪਰਸਮਿਥ ਬਾਰਬੇਟ (Psilopogon haemacephalus)ਦੀ ‘ਟੁਕ-ਟੁਕ’ ਵਰਗੀ ਲੈਅ ਬਹੁਤ ਮਸ਼ਹੂਰ ਹੈ। ਹੁਣ ਇਹ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਛੋਟੀਆਂ ਅਤੇ ਵੱਖੋ-ਵੱਖਰੀਆਂ ਆਵਾਜ਼ਾਂ ਕਰਦਾ ਹੈ ਕਿਉਂਕਿ ਥਾਵਾਂ ਦੀ ਮੱਧਮ ਆਵਾਜ਼ ਵਾਲੀ ਲਗਾਤਾਰ ਪਿੱਠਵਰਤੀ ਧੁਨੀ ਸਥਾਈ ਸੰਚਾਰ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ।
ਇਹ ਤਬਦੀਲੀਆਂ ਨਾ ਸਿਰਫ਼ ਪੰਛੀਆਂ ਦੇ ਵਿਹਾਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਸਗੋਂ ਸ਼ਹਿਰੀ ਧੁਨੀ ਪਰਿਵੇਸ਼ ਦੀ ਵਿਭਿੰਨਤਾ ਅਤੇ ਸੁੰਦਰਤਾ ਨੂੰ ਵੀ ਘਟਾ ਰਹੀਆਂ ਹਨ। ਜਾਣ-ਪਛਾਣ ਵਾਲੀਆਂ ਪੰਛੀ ਧੁਨੀਆਂ ਦਾ ਹੌਲੀ-ਹੌਲੀ ਖ਼ਤਮ ਹੋਣਾ ਜਾਂ ਘਟ ਜਾਣਾ ਇਹ ਦਰਸਾਉਂਦਾ ਹੈ ਕਿ ਸਿਰਫ਼ ਕਿਸਮਾਂ ਦੀ ਮੌਜੂਦਗੀ ਹੀ ਨਹੀਂ ਘਟ ਰਹੀ ਸਗੋਂ ਭਾਰਤ ਦੇ ਵਧਦੇ ਸ਼ਹਿਰਾਂ ਵਿੱਚ ਮਨੁੱਖ ਅਤੇ ਕੁਦਰਤ ਦਰਮਿਆਨ ਸਬੰਧ ਦੀ ਗੁਣਵੱਤਾ ਵੀ ਡਿੱਗ ਰਹੀ ਹੈ।
ਪੰਛੀ ਜਾਤੀ ਦੀ ਵਿਭਿੰਨਤਾ ਲਈ ਨਾਗਰਿਕ ਭਾਗੀਦਾਰੀ
1. ਪੰਛੀ-ਪੱਖੀ ਆਵਾਸ ਬਣਾਓ
• ਦੇਸੀ ਰੁੱਖ, ਝਾੜੀਆਂ ਅਤੇ ਘਾਹ ਲਗਾਓ ਜੋ ਪੰਛੀਆਂ ਲਈ ਭੋਜਨ ਅਤੇ ਰਹਿਣ ਦੀ ਥਾਂ ਦੇ ਸਕਣ।
• ਵਿਦੇਸ਼ੀ ਅਤੇ ਸੁੰਦਰਤਾ ਲਈ ਉਹ ਬੂਟੇ ਲਾਉਣ ਤੋਂ ਪਰਹੇਜ਼ ਕਰੋ, ਜਿਹੜੇ ਸਥਾਨਕ ਕੀੜਿਆਂ ਜਾਂ ਪੰਛੀਆਂ ਨੂੰ ਸਹਿਯੋਗ ਨਹੀਂ ਦਿੰਦੇ।
• ਖ਼ਾਸਕਰ ਗਰਮੀ ਜਾਂ ਸੋਕੇ ਦੌਰਾਨ ਪੰਛੀਆਂ ਲਈ ਪਾਣੀ ਦਾ ਸਰੋਤ ਜਿਵੇਂ ਕਿ ਬਰਡਬਾਥ ਜਾਂ ਛੋਟਾ ਤਲਾਬ ਰੱਖੋ।
• ਸੁਨਬਰਡ ਲਈ ਫੁੱਲਦਾਰ ਪੌਦੇ ਲਗਾਓ।
2. ਜ਼ਿੰਮੇਵਾਰੀ ਨਾਲ ਚਾਰਾ ਦਿਓ
• ਸਾਫ਼ ਸੁਥਰੇ ਬਰਤਨਾਂ ਵਿੱਚ ਸਥਾਨਕ ਕਿਸਮਾਂ ਲਈ ਅਨੁਕੂਲ ਅਨਾਜ ਜਾਂ ਬੀਜ ਦਿਓ।
• ਮੌਸਮ ਅਨੁਸਾਰ ਸਰਦੀ ਵਿੱਚ ਤੇਲ ਵਾਲੇ ਬੀਜ (ਉੱਚ ਚਰਬੀ), ਗਰਮੀ ਵਿੱਚ ਮੋਟੀ ਧਾਨ, ਚੌਲ ਜਾਂ ਹੋਰ ਅਨਾਜ ਦਿਓ।
• ਮਿੱਠੀਆਂ, ਪ੍ਰੋਸੈਸ ਕੀਤੀਆਂ ਚੀਜ਼ਾਂ ਜਾਂ ਬੇਹੀ ਰੋਟੀ ਤੋਂ ਪਰਹੇਜ਼ ਕਰੋ।
3. ਬਿੱਲੀਆਂ ਅਤੇ ਪਾਲਤੂ ਜਾਨਵਰਾਂ ’ਤੇ ਨਜ਼ਰ ਰੱਖੋ
• ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਲਿਜਾਂਦੇ ਸਮੇਂ ਨਿਗਰਾਨੀ ਰੱਖੋ।
• ਜੇ ਬਿੱਲੀ ਜਾਂ ਕੁੱਤਾ ਬਾਹਰ ਜਾਂਦੇ ਹਨ ਤਾਂ ਬਰਡ-ਸੇਫ਼ ਕਾਲਰ ਵਰਤੋ।
4. ਰੋਸ਼ਨੀ ਅਤੇ ਸ਼ੋਰ ਪ੍ਰਦੂਸ਼ਣ ਘਟਾਓ
• ਰਾਤ ਨੂੰ ਨਾ ਲੋੜੀਂਦੀ ਬਾਹਰੀ ਬੱਤੀ ਬੰਦ ਰੱਖੋ ਤਾਂ ਜੋ ਮਾਈਗ੍ਰੇਟ ਕਰਦੇ ਜਾਂ ਰਾਤ ਦੇ ਪੰਛੀਆਂ ਨੂੰ ਗੁਮਰਾਹ ਨਾ ਕੀਤਾ ਜਾਵੇ।
• ਪ੍ਰਜਣਨ ਜਾਂ ਪਰਵਾਸ ਸਮੇਂ ਦੌਰਾਨ ਉੱਚ ਸ਼ੋਰ ਜਾਂ ਪਟਾਖਿਆਂ ਤੋਂ ਪਰਹੇਜ਼ ਕਰੋ।
5. ਕੀਟਨਾਸ਼ਕ ਅਤੇ ਨਦੀਨਨਾਸ਼ਕ ਤੋਂ ਬਚੋ
• ਜੈਵਿਕ ਜਾਂ ਘੱਟ-ਰਸਾਇਣਕ ਬਾਗਬਾਨੀ ਵੱਲ ਵਧੋ।
• ਰਸਾਇਣ ਕੀੜਿਆਂ ਦੀ ਸੰਖਿਆ ਘਟਾ ਦੇਂਦੇ ਹਨ- ਜੋ ਕਈ ਪੰਛੀਆਂ ਲਈ ਮੁੱਖ ਭੋਜਨ ਹੈ।
6. ਤਲਾਬਾਂ ਅਤੇ ਹਰੀਆਂ ਥਾਵਾਂ
• ਤਲਾਬਾਂ, ਗਿੱਲੀਆਂ ਜ਼ਮੀਨਾਂ ਅਤੇ ਜੰਗਲੀ ਇਲਾਕਿਆਂ ਦੀ ਰੱਖਿਆ ਲਈ ਸਥਾਨਕ ਉਪਰਾਲਿਆਂ ਵਿੱਚ ਸ਼ਾਮਿਲ ਹੋਵੋ।
• ਰੁੱਖ ਲਗਾਉਣ ਜਾਂ ਹੈਬੀਟੈਟ ਰੀਸਟੋਰੇਸ਼ਨ ਮੁਹਿੰਮਾਂ ਵਿੱਚ ਭਾਗ ਲਵੋ ਜਾਂ ਉਨ੍ਹਾਂ ਦਾ ਆਯੋਜਨ ਕਰੋ।
7. ਸੰਰੱਖਿਅਣ ਨੀਤੀਆਂ ਦਾ ਸਮਰਥਨ ਕਰੋ
• ਉਨ੍ਹਾਂ ਸਥਾਨਕ ਅਤੇ ਰਾਸ਼ਟਰੀ ਨੀਤੀਆਂ ਦੀ ਹਮਾਇਤ ਕਰੋ ਜੋ ਪੰਛੀਆਂ ਦੇ ਆਵਾਸ ਸਥਾਨਾਂ ਦੀ ਰੱਖਿਆ ਕਰਦੀਆਂ ਹਨ।
• ਉਨ੍ਹਾਂ ਪ੍ਰੋਜੈਕਟਾਂ ਦੀ ਜਨਤਕ ਚਰਚਾ ਰਾਹੀਂ ਸਵਾਲ ਖੜ੍ਹੇ ਕਰੋ ਜੋ ਜੰਗਲਾਂ, ਗਿੱਲੀਆਂ ਜ਼ਮੀਨਾਂ ਜਾਂ ਘਾਹ ਵਾਲੀਆਂ ਥਾਵਾਂ ਨੂੰ ਨਸ਼ਟ ਕਰਦੇ ਹਨ।
eBird, Merlin, iNaturalist ਜਾਂ BirdCount India ਵਰਗੇ ਪਲੇਟਫਾਰਮਾਂ ਉੱਤੇ ਪੰਛੀ ਦੇਖਣ ਦੀ ਜਾਣਕਾਰੀ ਭੇਜੋ।
• ਤੁਹਾਡਾ ਡੇਟਾ ਕਿਸਮਾਂ ਦੇ ਰੁਝਾਨ ਪਤਾ ਕਰਨ ਅਤੇ ਸੰਰੱਖਿਅਣ ਲਈ ਮਦਦਗਾਰ ਹੈ।
8. ਹੋਰਾਂ ਨੂੰ ਪ੍ਰੇਰਿਤ ਕਰੋ
• ਪੰਛੀ ਦਰਸ਼ਨ ਯਾਤਰਾ, ਕੁਦਰਤੀ ਵਾਤਾਵਰਣ ਸਬੰਧੀ ਚਰਚਾਵਾਂ ਜਾਂ ਸਕੂਲੀ ਸਮਾਗਮ ਆਯੋਜਿਤ ਕਰੋ ਜਾਂ ਉਨ੍ਹਾਂ ਵਿੱਚ ਭਾਗ ਲਵੋ।
• ਆਪਣੇ ਪੰਛੀ ਦੀਆਂ ਤਸਵੀਰਾਂ ਅਤੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝਾ ਕਰੋ ਤਾਂ ਜੋ ਦਿਲਚਸਪੀ ਵਧੇ।
9. ਨਾਗਰਿਕ ਵਿਗਿਆਨ ਸਮਾਗਮਾਂ ਵਿੱਚ ਭਾਗ ਲਵੋ
• Great Backyard Bird Count, Asian Waterbird Census ਜਾਂ Campus Bird Count ਵਰਗੇ ਸਾਲਾਨਾ ਸਮਾਗਮਾਂ ਵਿੱਚ ਸ਼ਾਮਿਲ ਹੋਵੋ।
• ਜੇ ਸਥਾਨਕ ਪੱਧਰ ’ਤੇ ਉਪਲਬਧ ਹਨ ਤਾਂ ਆਪਣੇ ਖੇਤਰ ਵਿੱਚ ਸੰਕਟਗ੍ਰਸਤ ਪੰਛੀਆਂ ਦੀ ਨਿਗਰਾਨੀ ਵਿੱਚ ਮਦਦ ਕਰੋ।
* ਮੁੱਖ ਪੰਛੀ ਵਿਗਿਆਨੀ ਅਤੇ ਵਿਭਾਗ ਮੁਖੀ, ਜ਼ੂਆਲੋਜੀ ਵਿਭਾਗ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।