DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ

ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਸੱਚੇ ਸਪੂਤ ਸਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨਾਲ ਭਰੇ ਹੋਏ। ਉਨ੍ਹਾਂ ਨੇ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਸੁਧਾਰਨ, ਚੰਡੀਗੜ੍ਹ ਦੀ ਯੋਜਨਾਬੰਦੀ ਤੇ ਵਿਕਾਸ, ਹਰੀ ਕ੍ਰਾਂਤੀ ਅਤੇ ਦੇਸ਼ ਵੰਡ ਸਮੇਂ ਉੱਜੜੇ ਲੋਕਾਂ ਦੇ ਮੁੜਵਸੇਬੇ...

  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਸੱਚੇ ਸਪੂਤ ਸਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨਾਲ ਭਰੇ ਹੋਏ। ਉਨ੍ਹਾਂ ਨੇ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਸੁਧਾਰਨ, ਚੰਡੀਗੜ੍ਹ ਦੀ ਯੋਜਨਾਬੰਦੀ ਤੇ ਵਿਕਾਸ, ਹਰੀ ਕ੍ਰਾਂਤੀ ਅਤੇ ਦੇਸ਼ ਵੰਡ ਸਮੇਂ ਉੱਜੜੇ ਲੋਕਾਂ ਦੇ ਮੁੜਵਸੇਬੇ ’ਚ ਅਹਿਮ ਭੂਮਿਕਾ ਨਿਭਾਈ। ਉਹ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਇਲਾਵਾ ਇੱਕ ਬਨਸਪਤੀ ਵਿਗਿਆਨੀ, ਇਤਿਹਾਸਕਾਰ, ਕਲਾ ਤੇ ਸੱਭਿਆਚਾਰ ਦੇ ਹਰਕਾਰੇ ਅਤੇ ਉੱਘੇ ਲੇਖਕ ਸਨ।

ਡਾ. ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ, ਪਰ ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਉਨ੍ਹਾਂ ਨੇ ਖਾਲਸਾ ਹਾਈ ਸਕੂਲ ਮੁਕਤਸਰ ਤੋਂ 1924 ਵਿੱਚ ਮੈਟ੍ਰਿਕ ਅਤੇ 1930 ਵਿੱਚ ਸਰਕਾਰੀ ਕਾਲਜ ਲਾਹੌਰ ਤੋਂ ਐੱਮ ਐੱਸਸੀ (ਆਨਰਜ਼) ਬੌਟਨੀ ਕੀਤੀ। 1955 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ। ਡਾ. ਰੰਧਾਵਾ ਦੀ ਚੋਣ 1934 ਵਿੱਚ ਭਾਰਤੀ ਸਿਵਿਲ ਸੇਵਾਵਾਂ ਲਈ ਹੋਈ ਅਤੇ ਉਨ੍ਹਾਂ ਨੂੰ ਯੂ ਪੀ ਕਾਡਰ ਦਿੱਤਾ ਗਿਆ।

Advertisement

ਦੇਸ਼ ਵੰਡ ਵੇਲੇ ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਦੀ ਪ੍ਰਸ਼ਾਸਨਿਕ ਚੌਕਸੀ ਨੇ ਦਿੱਲੀ ਨੂੰ ਦੰਗਿਆਂ ਤੋਂ ਬਚਾਈ ਰੱਖਿਆ। ਡਿਪਟੀ ਕਮਿਸ਼ਨਰ ਹੋਣ ਨਾਤੇ ਉਨ੍ਹਾਂ 15 ਅਗਸਤ 1947 ਦੇ ਇਤਿਹਾਸਕ ਸਮਾਗਮ ਲਈ ਸਾਰੇ ਪ੍ਰਬੰਧ ਕੀਤੇ ਸਨ। ਜਵਾਹਰਲਾਲ ਨਹਿਰੂ ਨੇ ਜਦੋਂ ਦਿੱਲੀ ਦੇ ਲਾਲ ਕਿਲ੍ਹੇ ਦੀ ਫਸੀਲ ਤੋਂ ਤਿਰੰਗਾ ਝੰਡਾ ਲਹਿਰਾਇਆ ਅਤੇ ਆਪਣਾ ਚਰਚਿਤ ਭਾਸ਼ਣ ਦਿੱਤਾ ਤਾਂ ਰੰਧਾਵਾ ਹੋਰੀਂ ਉਨ੍ਹਾਂ ਦੇ ਅੰਗ-ਸੰਗ ਸਨ। ਉਸ ਭਾਸ਼ਣ ਦੀ ਫੋਟੋ ਵਿੱਚ ਡਾ. ਰੰਧਾਵਾ ਨੂੰ ਪੰਡਿਤ ਨਹਿਰੂ ਨਾਲ ਵੇਖਿਆ ਜਾ ਸਕਦਾ ਹੈ।

Advertisement

ਸੰਨ 1953 ਵਿੱਚ ਉਨ੍ਹਾਂ ਨੂੰ ਵਿਕਾਸ ਕਮਿਸ਼ਨਰ ਦੇ ਨਾਲ ਨਾਲ ਕਮਿਸ਼ਨਰ, ਮੁੜਵਸੇਬਾ ਅਤੇ ਇਵੈਕੁਈ ਪ੍ਰਾਪਰਟੀਜ਼, ਪੰਜਾਬ ਨਿਯੁਕਤ ਕੀਤਾ ਗਿਆ। ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਹਦਾਇਤ ਅਨੁਸਾਰ ਡਾ. ਰੰਧਾਵਾ ਨੇ 1947 ਦੀ ਵੰਡ ਸਮੇਂ ਪਾਕਿਸਤਾਨ ਵਿੱਚ ਆਪਣੀਆਂ ਜ਼ਮੀਨਾਂ ਤੇ ਘਰ-ਬਾਰ ਛੱਡ ਕੇ ਆਏ ਲੋਕਾਂ ਦੇ ਮੁੜਵਸੇਬੇ ਲਈ ਜ਼ਮੀਨ ਅਤੇ ਮਕਾਨ ਅਲਾਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੰਨ 1955 ਵਿੱਚ ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਪ ਪ੍ਰਧਾਨ ਬਣੇ। ਉਨ੍ਹਾਂ ਨੇ 1961 ਤੋਂ 1964 ਤੱਕ ਯੋਜਨਾ ਕਮਿਸ਼ਨ ਵਿੱਚ ਕੁਦਰਤੀ ਸਰੋਤਾਂ ਸਬੰਧੀ ਸਲਾਹਕਾਰ ਵਜੋਂ ਵੀ ਕੰਮ ਕੀਤਾ।

ਡਾ. ਰੰਧਾਵਾ ਨੂੰ 1966 ਵਿੱਚ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ। ਉਹ ਚੰਡੀਗੜ੍ਹ ਸ਼ਹਿਰ ਦੀ ਯੋਜਨਾਬੰਦੀ ਬਾਰੇ ਕਮੇਟੀ ਦੇ ਚੇਅਰਮੈਨ ਵੀ ਸਨ। ਚੰਡੀਗੜ੍ਹ ਦੀ ਲੈਂਡਸਕੇਪਿੰਗ ਯੋਜਨਾ ਬਣਾਉਣ ਵੇਲੇ ਡਾ. ਰੰਧਾਵਾ ਅੰਦਰਲਾ ਬਨਸਪਤੀ ਮਾਹਿਰ ਉਜਾਗਰ ਹੋਇਆ। ਉਹ ਲਾਹੌਰ ਬਾਰੇ ਪੰਜਾਬੀਆਂ ਦੇ ਹੇਰਵੇ ਤੋਂ ਜਾਣੂੰ ਸਨ ਤੇ ਨਵੇਂ ਵਸਾਏ ਜਾਣ ਵਾਲੇ ਸ਼ਹਿਰ ਨੂੰ ਸੱਭਿਆਚਾਰਕ ਰਾਜਧਾਨੀ ਬਣਾਉਣਾ ਚਾਹੁੰਦੇ ਸਨ। ਇਸ ਲਈ ਚੰਡੀਗੜ੍ਹ ਮਿਊਜ਼ੀਅਮ, ਪੰਜਾਬ ਆਰਟਸ ਕੌਂਸਲ ਅਤੇ ਕਲਚਰਲ ਹੈਰੀਟੇਜ ਮਿਊਜ਼ੀਅਮ ਦੀ ਸਥਾਪਨਾ ਰੰਧਾਵਾ ਦੀ ਨਿਗਰਾਨੀ ਹੇਠ ਹੋਈ। ਚੰਡੀਗੜ੍ਹ ਵਿੱਚ ਰੋਜ਼ ਗਾਰਡਨ, ਸਰਕਾਰੀ ਅਜਾਇਬਘਰ ਅਤੇ ਆਰਟ ਗੈਲਰੀ ਚੰਡੀਗੜ੍ਹ ਅਤੇ ਐਂਗਲੋ ਸਿੱਖ ਵਾਰ ਮੈਮੋਰੀਅਲ, ਫ਼ਿਰੋਜ਼ਪੁਰ ਵੀ ਉਨ੍ਹਾਂ ਨੇ ਸਥਾਪਿਤ ਕਰਵਾਇਆ। ਇੱਥੋਂ ਤੱਕ ਕਿ ਧਰਮਸ਼ਾਲਾ ਵਿਖੇ ਕਾਂਗੜਾ ਪੇਂਡੂ ਜੀਵਨ ਅਜਾਇਬਘਰ ਸਥਾਪਿਤ ਕਰਕੇ ਉਨ੍ਹਾਂ ਪੰਜਾਬ ਦੇ ਪਹਾੜੀ ਖੇਤਰ ਦੇ ਸੱਭਿਆਚਾਰ ਨੂੰ ਸੰਭਾਲਣ ਲਈ ਯੋਗਦਾਨ ਪਾਇਆ। ਕਾਂਗੜਾ ਦੇ ਕਿਲ੍ਹੇ ਦੀ ਸੰਭਾਲ ਅਤੇ ਮੁਰੰਮਤ ਦਾ ਕਾਰਜ ਰੰਧਾਵਾ ਹੋਰਾਂ ਦੀ ਵਿਸ਼ੇਸ਼ ਦਿਲਚਸਪੀ ਨਾਲ ਨੇਪਰੇ ਚੜ੍ਹਿਆ।

ਡਾ. ਰੰਧਾਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਕਰਾਉਣ ਦੇ ਚਾਹਵਾਨ ਸਨ। ਇਸ ਲਈ ਉਨ੍ਹਾਂ ਨੇ ਪੌਣੀ ਦਰਜਨ ਦੇ ਕਰੀਬ ਅਜਾਇਬਘਰ ਉਦੋਂ ਦੇ ਪੰਜਾਬ ਵਿੱਚ ਸਥਾਪਿਤ ਕਰਵਾਏ। ਇਨ੍ਹਾਂ ਵਿੱਚੋਂ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ ਪੰਜਾਬ ਦੇ ਪੇਂਡੂ ਸੱਭਿਆਚਾਰ ਦਾ ਅਜਾਇਬਘਰ ਸਭ ਤੋਂ ਅਹਿਮ ਸਮਾਰਕ ਹੈ। ਉਹ ਇਹ ਵੀ ਚਾਹੁੰਦੇ ਸਨ ਕਿ ਵਿਰਸੇ ਦੀ ਜਾਣਕਾਰੀ ਦੇ ਨਾਲ ਨਾਲ ਨਵੀਆਂ ਪੀੜ੍ਹੀਆਂ ਨਵੇਂ ਯੁੱਗ ਦੀਆਂ ਹਾਣੀ ਵੀ ਬਣਨ। ਇਸ ਕਾਰਜ ਲਈ ਉਨ੍ਹਾਂ ਲਾਇਬ੍ਰੇਰੀਆਂ ਵੀ ਬਣਵਾਈਆਂ। ਡਾ. ਰੰਧਾਵਾ ਨੂੰ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦਾ ਪਸਾਰ ਕਰਨ ਲਈ ਖ਼ਾਸ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਡਾ. ਰੰਧਾਵਾ ਨੇ ਬਹੁਤ ਸਾਰੇ ਲੇਖਕਾਂ ਦੀ ਸਰਪ੍ਰਸਤੀ ਕੀਤੀ। ਲੁਧਿਆਣਾ ਕਿਆਮ ਦੌਰਾਨ ਉਹ ਬੜਾ ਲੰਮਾ ਸਮਾਂ ਪੰਜਾਬੀ ਭਵਨ ਦੇ ਕਾਰਜਾਂ ਤੇ ਸਰਗਰਮੀਆਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ।

ਡਾ. ਰੰਧਾਵਾ ਨੇ ਹਰੀ ਕ੍ਰਾਂਤੀ ਲਈ ਜ਼ਮੀਨ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ਮੀਨ ਦੀ ਮੁਰੱਬੇਬੰਦੀ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਹੋਈ, ਜਿਸ ਨਾਲ ਪਿੰਡਾਂ ਦੀ ਜ਼ਮੀਨ ਨੂੰ ਵਿਉਂਤ ਕੇ ਖੇਤੀ ਦੇ ਵਿਕਾਸ ਲਈ ਆਧਾਰ ਤਿਆਰ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਭਾਖੜਾ ਡੈਮ ਬਣਾਉਣ, ਸੜਕਾਂ ਦਾ ਜਾਲ ਵਿਛਾਉਣ ਅਤੇ ਪਿੰਡਾਂ ਵਿੱਚ ਬਿਜਲੀਕਰਨ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੂੰ 1968 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨਵੀਨਤਮ ਤਕਨਾਲੋਜੀ ਬਾਰੇ ਸਿਖਲਾਈ ਅਤੇ ਖੋਜ ਸਬੰਧੀ ਉੱਚ ਸਿੱਖਿਆ ਲੈਣ ਵਾਸਤੇ ਬਹੁਤ ਸਾਰੇ ਵਿਗਿਆਨੀਆਂ ਨੂੰ ਅਮਰੀਕਾ ਭੇਜਿਆ ਅਤੇ ਆਪਣੇ ਕਾਰਜਕਾਲ ਦੌਰਾਨ ਵਿਗਿਆਨੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਸ ਦੌਰ ਵਿੱਚ ਪ੍ਰਯੋਗਸ਼ਾਲਾਵਾਂ ਵਿੱਚ ਸ਼ਾਮ ਅਤੇ ਦੇਰ ਰਾਤ ਤੱਕ ਕੰਮ ਕਰਨਾ ਬਹੁਤ ਹੀ ਆਮ ਗੱਲ ਸੀ। ਰੰਧਾਵਾ ਅਜਿਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਨ ਕਿ ਹਰ ਕੋਈ ਉਨ੍ਹਾਂ ਦਾ ਕਹਿਣਾ ਮੰਨਦਾ ਸੀ ਅਤੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਦਾ ਸੀ। ਪੀ ਏ ਯੂ ਨੂੰ ਸਾਹਿਤਕ ਅਤੇ ਸੱਭਿਆਚਾਰਕ ਮੰਚ ਬਣਾਉਣ ਲਈ ਉਨ੍ਹਾਂ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਨੂੰ ਇੱਥੇ ਲਿਆਂਦਾ। ਇਨ੍ਹਾਂ ਵਿੱਚ ਪ੍ਰੋ. ਮੋਹਨ ਸਿੰਘ, ਡਾ. ਸੁਰਜੀਤ ਪਾਤਰ, ਅਜਾਇਬ ਚਿੱਤਰਕਾਰ, ਕ੍ਰਿਸ਼ਨ ਅਦੀਬ, ਡਾ. ਸਾਧੂ ਸਿੰਘ ਆਦਿ ਪੰਜਾਬੀ ਸਾਹਿਤ ਦੇ ਉੱਘੇ ਨਾਂ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬੀ ਲੇਖਕਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਸਤੀਆਂ ਕੀਮਤਾਂ ’ਤੇ ਪਲਾਟ ਦੇ ਕੇ ਵਸਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ।

ਆਪਣੇ ਕੰਮ ਸਦਕਾ ਉਨ੍ਹਾਂ ਦੇ ਸਰਦਾਰ ਵੱਲਭ ਭਾਈ ਪਟੇਲ, ਸ. ਪ੍ਰਤਾਪ ਸਿੰਘ ਕੈਰੋਂ ਅਤੇ ਪੰਡਿਤ ਨਹਿਰੂ ਨਾਲ ਨਿੱਘੇ ਸਬੰਧ ਸਨ। ਡਾ. ਰੰਧਾਵਾ ਨੇ ਪੰਜਾਬ ਸਰਕਾਰ ਨੂੰ ਸਾਰੇ ਪਿੰਡਾਂ ਅਤੇ ਕਸਬਿਆਂ ਨੂੰ ਸੜਕਾਂ ਨਾਲ ਜੋੜਨ ਦਾ ਸੁਝਾਅ ਦਿੱਤਾ। ਇਸ ਤਰ੍ਹਾਂ ਨਹਿਰਾਂ, ਬਿਜਲੀ, ਟਿਊਬਵੈੱਲ, ਸੜਕਾਂ ਅਤੇ ਖੇਤੀ ਵਿਗਿਆਨੀ ਡਾ. ਡੀ.ਐੱਸ. ਅਠਵਾਲ ਅਤੇ ਉਨ੍ਹਾਂ ਦੀ ਟੀਮ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ। ਕਲਿਆਣ ਅਤੇ ਪੀ ਬੀ 18 ਵਰਗੀਆਂ ਕਣਕ ਦੀਆਂ ਕਿਸਮਾਂ ਦਾ ਵਿਕਾਸ ਹਰੀ ਕ੍ਰਾਂਤੀ ਦੀ ਸ਼ੁਰੂਆਤ ਸੀ।

ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ ਹਿਮਾਲਿਆ ਦਾ ਜਨਮ, ਰਾਖ ’ਚੋਂ ਉੱਗੇ, ਫੁੱਲਦਾਰ ਰੁੱਖ, ਸੁੰਦਰ ਰੁੱਖ ਅਤੇ ਬਾਗ, ਭਾਰਤ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ, ਕਾਂਗੜਾ ਵੈਲੀ ਪੇਂਟਿੰਗਜ਼, ਪੰਜਾਬ ਵਿੱਚ ਹਰੀ ਕ੍ਰਾਂਤੀ, ਭਾਰਤੀ ਮੂਰਤੀ: ਦ੍ਰਿਸ਼, ਥੀਮ ਅਤੇ ਦੰਤਕਥਾ, ਭਾਰਤੀ ਚਿੱਤਰਕਾਰੀ, ਪੰਜਾਬ, ਭਾਰਤੀ ਮੂਰਤੀ ਕਲਾ, ਥੀਮ ਐਂਡ ਲੈਜੈਂਡਜ਼, ਏ ਹਿਸਟਰੀ ਆਫ ਐਗਰੀਕਲਚਰ ਇਨ ਇੰਡੀਆ ਚਾਰ ਜਿਲਦਾਂ ਵਿੱਚ ਪ੍ਰਮੁੱਖ ਹਨ। ਡਾਕਟਰ ਰੰਧਾਵਾ ਆਪਣੇ ਪੰਜਾਬੀਅਤ ਦੇ ਪ੍ਰੇਮ ਲਈ ਰਹਿੰਦੀ ਦੁਨੀਆ ਤਕ ਜਾਣੇ ਜਾਣਗੇ।

* ਸੰਚਾਰ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Advertisement
×