ਇਤਿਹਾਸਕਾਰੀ ਦੇ ਸੁਨਹਿਰੀ ਯੁੱਗ ਦਾ ਅੰਤ
ਆਪਣੇ ਬੌਧਿਕ ਸਫ਼ਰ ਬਾਰੇ ਲਿਖੇ ਆਖ਼ਰੀ ਲੇਖ ਵਿੱਚ ਇਤਿਹਾਸਕਾਰ ਸੁਮਿਤ ਸਰਕਾਰ ਨੇ ਟਿੱਪਣੀ ਕੀਤੀ ਸੀ, “ਹੁਣ ਤੱਕ ਅਸੀਂ ਭਾਰਤੀ ਇਤਿਹਾਸਕਾਰਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਿਆ ਹੈ ਅਤੇ ਕਿਸੇ ਦੇ ਏਜੰਡੇ ’ਤੇ ਨਹੀਂ ਸਗੋਂ ਆਪਣੇ ਤਰੀਕੇ ਨਾਲ ਕੰਮ ਕੀਤਾ ਹੈ।...
ਆਪਣੇ ਬੌਧਿਕ ਸਫ਼ਰ ਬਾਰੇ ਲਿਖੇ ਆਖ਼ਰੀ ਲੇਖ ਵਿੱਚ ਇਤਿਹਾਸਕਾਰ ਸੁਮਿਤ ਸਰਕਾਰ ਨੇ ਟਿੱਪਣੀ ਕੀਤੀ ਸੀ, “ਹੁਣ ਤੱਕ ਅਸੀਂ ਭਾਰਤੀ ਇਤਿਹਾਸਕਾਰਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਿਆ ਹੈ ਅਤੇ ਕਿਸੇ ਦੇ ਏਜੰਡੇ ’ਤੇ ਨਹੀਂ ਸਗੋਂ ਆਪਣੇ ਤਰੀਕੇ ਨਾਲ ਕੰਮ ਕੀਤਾ ਹੈ। ਜਾਪਦਾ ਹੈ ਕਿ ਇਹ ਐਸ਼ੋ-ਆਰਾਮ ਹੁਣ ਜਲਦੀ ਹੀ ਖ਼ਤਮ ਹੋਣ ਵਾਲਾ ਹੈ।” ਸੁਮਿਤ ਸਰਕਾਰ ਦਾ ਜੀਵਨ ਲੰਮਾ ਅਤੇ ਭਰਪੂਰ ਰਿਹਾ। ਉਨ੍ਹਾਂ ਦਾ ਜਨਮ 1939 ਵਿੱਚ ਕੋਲਕਾਤਾ ਵਿੱਚ ਹੋਇਆ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਤਿੰਨ ਅਜਿਹੇ ਇਤਿਹਾਸਕ ਦੌਰਾਂ ਦਾ ਸਾਹਮਣਾ ਕਰਨਾ ਪਿਆ, ਜੋ ਦੂਜਿਆਂ ਨੇ ਥੋਪੇ ਸਨ। ਪਹਿਲਾ ਦੌਰ ਕੱਟੜ ਮਾਰਕਸਵਾਦ ਦਾ ਸੀ, ਜੋ ਇਤਿਹਾਸ ਨੂੰ ਸਿਰਫ਼ ਪੈਸੇ ਅਤੇ ਆਰਥਿਕਤਾ ਦੇ ਨਜ਼ਰੀਏ ਤੋਂ ਦੇਖਦਾ ਸੀ। ਉਨ੍ਹਾਂ ਦੇ ਆਪਣੇ ਸ਼ਹਿਰ ਵਿੱਚ ਇਸ ਦਾ ਬਹੁਤ ਅਸਰ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਖ਼ੁਦ ਇਤਿਹਾਸਕਾਰ ਸਨ ਅਤੇ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ। ਦੂਜਾ ਦੌਰ ਉੱਤਰ-ਆਧੁਨਿਕਤਾਵਾਦ ਅਤੇ ਉੱਤਰ-ਬਸਤੀਵਾਦ ਦਾ ਸੀ, ਜਿਸ ਨੇ ਲੋਕਾਂ ਦੇ ਸੁਭਾਅ ਨੂੰ ਸਿਰਫ਼ ਸੋਚਾਂ ਅਤੇ ਬਿਰਤਾਂਤਾਂ ਰਾਹੀਂ ਸਮਝਣ ਦੀ ਗੱਲ ਕੀਤੀ। ਇਸ ਵਿਚਾਰ ਨੇ ਉਨ੍ਹਾਂ ਭਾਰਤੀ ਅਤੇ ਖ਼ਾਸ ਕਰਕੇ ਬੰਗਾਲੀ ਵਿਦਵਾਨਾਂ ਨੂੰ ਪ੍ਰਭਾਵਿਤ ਕੀਤਾ, ਜੋ ਅਮਰੀਕਾ ਵਿੱਚ ਰਹਿੰਦੇ ਜਾਂ ਪੜ੍ਹਦੇ ਸਨ। ਤੀਜਾ ਦੌਰ ਸੰਘ ਪਰਿਵਾਰ ਦਾ ਧਾਰਮਿਕ ਬਹੁਗਿਣਤੀਵਾਦ ਵਾਲਾ ਸੀ, ਜਿਸ ਨੇ ਹਿੰਦੂਆਂ ਨੂੰ ਚੰਗਾ ਅਤੇ ਮੁਸਲਮਾਨਾਂ ਨੂੰ ਮਾੜਾ ਬਣਾ ਕੇ ਪੇਸ਼ ਕੀਤਾ। ਨਫ਼ਰਤ ਨਾਲ ਭਰੀ ਇਹ ਸੋਚ 1990ਵਿਆਂ ਅਤੇ ਉਸ ਤੋਂ ਬਾਅਦ ਵਿਚਾਰਧਾਰਕ ਤੇ ਰਾਜਨੀਤਿਕ ਤੌਰ ’ਤੇ ਬਹੁਤ ਤਾਕਤਵਰ ਹੁੰਦੀ ਗਈ।
ਸੁਮਿਤ ਸਰਕਾਰ ਨੇ ਉੱਤਰ-ਆਧੁਨਿਕਤਾਵਾਦ ਅਤੇ ਉੱਤਰ-ਬਸਤੀਵਾਦ ਦੇ ਮੋਹ ਵਿੱਚ ਫਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਸਬਲਟਰਨ ਸਟੱਡੀਜ਼ ਸਕੂਲ ਦੇ ਆਪਣੇ ਸਾਥੀਆਂ ਨਾਲੋਂ ਕਿਤੇ ਵੱਧ ਸਪੱਸ਼ਟ ਤੌਰ ’ਤੇ ਦੇਖ ਲਿਆ ਸੀ ਕਿ ਇਹ ਵਿਚਾਰਧਾਰਾ ਆਰਥਿਕਤਾ, ਸਮਾਜਿਕ ਲੜਾਈਆਂ ਅਤੇ ਹੇਠਲੀਆਂ ਜਾਤਾਂ ਦੇ ਲੋਕਾਂ ਨਾਲ ਹੋ ਰਹੇ ਧੱਕੇ ਨੂੰ ਘਟਾ ਕੇ ਦੇਖਦੀ ਹੈ। ਹਿੰਦੂ ਰਾਸ਼ਟਰਵਾਦ ਨੂੰ ਉਨ੍ਹਾਂ ਬਿਲਕੁਲ ਰੱਦ ਕਰ ਦਿੱਤਾ ਕਿਉਂਕਿ ਇੱਕ ਤਾਂ ਇਹ ਇਤਿਹਾਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦਾ ਸੀ ਅਤੇ ਦੂਜਾ ਅੱਜ ਦੇ ਸਮੇਂ ਵਿੱਚ ਲੋਕਤੰਤਰ ਤੇ ਭਾਈਚਾਰੇ ਲਈ ਬਹੁਤ ਖ਼ਤਰਨਾਕ ਸੀ, ਪਰ ਮਾਰਕਸਵਾਦ ਨਾਲ ਉਨ੍ਹਾਂ ਦਾ ਰਿਸ਼ਤਾ ਕੁਝ ਵੱਖਰਾ ਅਤੇ ਗੁੰਝਲਦਾਰ ਸੀ। ਉਹ ਜਲਦੀ ਹੀ ਮਾਰਕਸਵਾਦ ਦੇ ਇਸ ਸਿਧਾਂਤ ਤੋਂ ਦੂਰ ਹੋ ਗਏ ਕਿ ਸਭ ਕੁਝ ਸਿਰਫ਼ ਪੈਸੇ ਅਤੇ ਆਰਥਿਕਤਾ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਉਹ ਸਮਝ ਗਏ ਸਨ ਕਿ ਭਾਰਤ ਵਿੱਚ ਜਾਤ ਅਤੇ ਲਿੰਗ ਵੀ ਮਨੁੱਖੀ ਬਰਾਬਰੀ ਦੇ ਰਾਹ ਵਿੱਚ ਓਨੇ ਹੀ ਵੱਡੇ ਅੜਿੱਕੇ ਖੜ੍ਹੇ ਕਰਦੇ ਹਨ ਜਿੰਨੀ ਕਿ ਵਰਗਾਂ ਦੀ ਲੜਾਈ। ਉਨ੍ਹਾਂ ਦੀ ਲਿਖਣ ਸ਼ੈਲੀ ਔਖੇ ਮਾਰਕਸਵਾਦੀ ਸ਼ਬਦਾਂ ਤੋਂ ਬਿਲਕੁਲ ਮੁਕਤ ਸੀ ਅਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਉਨ੍ਹਾਂ ਨੇ ਕਦੇ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਸੀ ਲਈ। ਫਿਰ ਵੀ ਉਨ੍ਹਾਂ ਨੇ ਆਪਣੀ ਜਵਾਨੀ ਵਾਲੇ ਮਾਰਕਸਵਾਦ ਨੂੰ ਪੂਰੀ ਤਰ੍ਹਾਂ ਨਹੀਂ ਛੱਡਿਆ। ਉਹ ਇਸ ਨੂੰ ਆਜ਼ਾਦੀ ਅਤੇ ਬਰਾਬਰੀ ਦਾ ਫਲਸਫ਼ਾ ਮੰਨਦੇ ਰਹੇ। ਉਨ੍ਹਾਂ ਦਾ ਮੰਨਣਾ ਸੀ ਕਿ ਸੋਵੀਅਤ ਯੂਨੀਅਨ ਵਰਗੇ ਦੇਸ਼ਾਂ ਵਿੱਚ ਭਾਵੇਂ ਇਸ ਦਾ ਗ਼ਲਤ ਇਸਤੇਮਾਲ ਹੋਇਆ, ਪਰ ਮੋਟੇ ਤੌਰ ’ਤੇ ਇਹ ਵਿਚਾਰ ਬਰਾਬਰੀ ਅਤੇ ਇਨਸਾਫ਼ ਦੇ ਪੱਖ ਵਿੱਚ ਸੀ।
ਸੁਮਿਤ ਸਰਕਾਰ ਦੀ ਪਹਿਲੀ ਕਿਤਾਬ 1973 ਵਿੱਚ ਛਪੀ, ਜਿਸ ਦਾ ਨਾਂ ‘ਦਿ ਸਵਦੇਸ਼ੀ ਮੂਵਮੈਂਟ ਇਨ ਬੰਗਾਲ’ ਸੀ। ਇਹ ਰਾਜਨੀਤੀ ਅਤੇ ਸਮਾਜ ਦਾ ਬਹੁਤ ਡੂੰਘਾ ਅਤੇ ਵਧੀਆ ਇਤਿਹਾਸ ਸੀ, ਜਿਸ ਵਿੱਚ ਅੰਗਰੇਜ਼ੀ ਅਤੇ ਬੰਗਾਲੀ ਦੇ ਅਸਲੀ ਦਸਤਾਵੇਜ਼ਾਂ ਨੂੰ ਵਰਤ ਕੇ ਸਵਦੇਸ਼ੀ ਲਹਿਰ ਦੀ ਪੜਚੋਲ ਕੀਤੀ ਗਈ ਸੀ। ਉਸ ਸਮੇਂ ਹਿੰਦੂ-ਮੁਸਲਮਾਨਾਂ ਵਿੱਚ ਤਣਾਅ ਵਧ ਰਿਹਾ ਸੀ ਅਤੇ ਸੂਬੇ ਦੀ ਵੰਡ ਹੋ ਰਹੀ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਕਿਤਾਬ ਉਨ੍ਹਾਂ ਦੇ ਲੇਖਾਂ ਦਾ ਸੰਗ੍ਰਹਿ ‘ਰਾਈਟਿੰਗ ਸੋਸ਼ਲ ਹਿਸਟਰੀ’ ਹੈ, ਜੋ 1997 ਵਿੱਚ ਛਪੀ। ਇਸ ਵਿੱਚ ਕੁਲੀਨ ਵਰਗ ਦੇ ਵੱਡੇ ਨਾਵਾਂ ਰਾਮਕ੍ਰਿਸ਼ਨ ਤੇ ਵਿਦਿਆਸਾਗਰ ਉੱਤੇ ਗੰਭੀਰ ਚਰਚਾ ਹੈ ਅਤੇ ਨਾਲ ਹੀ ਕੋਲਕਾਤਾ ਸ਼ਹਿਰ, ਰਾਜਨੀਤਿਕ ਵਿਚਾਰਾਂ ਵਿੱਚ ਜਾਤ ਦੇ ਅਸਰ ਅਤੇ ਇਤਿਹਾਸਕ ਰਵਾਇਤਾਂ ਬਾਰੇ ਲੇਖ ਹਨ।
ਇਨ੍ਹਾਂ ਦੋਵੇਂ ਕਿਤਾਬਾਂ ਤੋਂ ਵੀ ਵਧ ਕੇ ਸੁਮਿਤ ਸਰਕਾਰ ਦੀ ਸਭ ਤੋਂ ਅਹਿਮ ਕਿਤਾਬ ‘ਮਾਡਰਨ ਇੰਡੀਆ: 1885-1947’ ਹੈ, ਜੋ ਗ਼ੁਲਾਮੀ ਦੇ ਆਖ਼ਰੀ ਦਹਾਕਿਆਂ ਅਤੇ ਦੇਸ਼ ਭਰ ਵਿੱਚ ਉੱਠੀ ਲੋਕਾਂ ਦੀ ਤਾਕਤ ਦਾ ਬਹੁਤ ਸ਼ਾਨਦਾਰ ਇਤਿਹਾਸ ਹੈ। ਕਿਤਾਬ ਦੇ ਸ਼ੁਰੂ ਵਿੱਚ ਲੇਖਕ ਨੇ ਆਪਣੇ ਦੋ ਮੁੱਖ ਮਕਸਦ ਦੱਸੇ ਹਨ: ਪਹਿਲਾ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਇਤਿਹਾਸ ਉੱਤੇ ਹਾਲ ਹੀ ਵਿੱਚ ਹੋਈ ਖੋਜ ਅਤੇ ਮਿਲੀਆਂ ਅਥਾਹ ਜਾਣਕਾਰੀਆਂ ਨੂੰ ਇੱਕ ਥਾਂ ਇਕੱਠਾ ਕਰਨਾ ਅਤੇ ਦੂਜਾ, ਰਾਸ਼ਟਰਵਾਦੀ ਇਤਿਹਾਸ ਤੋਂ ਹਟ ਕੇ, ਜੋ ਸਿਰਫ਼ ਵੱਡੇ ਲੀਡਰਾਂ ਦੇ ਕੰਮਾਂ ਅਤੇ ਚਾਲਾਂ ਉੱਤੇ ਧਿਆਨ ਦਿੰਦਾ ਹੈ, ‘ਹੇਠਲੇ ਪੱਧਰ ਤੋਂ ਇਤਿਹਾਸ’ ਲਿਖਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ। ਇਹ ਦੋਵੇਂ ਮਕਸਦ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੂਰੇ ਹੁੰਦੇ ਹਨ। ਇਹ ਸੱਚਮੁੱਚ ਹੀ ਪੂਰੇ ਭਾਰਤ ਦਾ ਇਤਿਹਾਸ ਹੈ, ਜਿਸ ਵਿੱਚ ਪੂਰੇ ਦੇਸ਼ ਵਿੱਚੋਂ ਉਦਾਹਰਣਾਂ ਲਈਆਂ ਗਈਆਂ ਹਨ। ਇਸ ਵਿੱਚ ਕਾਂਗਰਸ ਪਾਰਟੀ ਦੇ ਕੰਮਾਂ ਵਾਂਗ ਹੀ ਕਬਾਇਲੀ ਅਤੇ ਕਿਸਾਨ ਅੰਦੋਲਨਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਗਿਆ ਹੈ। ਹਿੰਦੂ-ਮੁਸਲਮਾਨਾਂ ਦੇ ਝਗੜਿਆਂ ਦੀ ਸ਼ੁਰੂਆਤ ਅਤੇ ਦੇਸ਼ ਦੀ ਆਜ਼ਾਦੀ ਤੇ ਵੰਡ ਦੇ ਪਲਾਂ ਨੂੰ ਬਹੁਤ ਬਾਰੀਕੀ ਨਾਲ ਸਮਝਾਇਆ ਗਿਆ ਹੈ। ਇਸ ਦੀ ਛਪਾਈ ਨੂੰ 43 ਸਾਲ ਬੀਤ ਜਾਣ ਦੇ ਬਾਵਜੂਦ ਇਹ ਕਿਤਾਬ ਇਸ ਦੌਰ ਬਾਰੇ ਲਿਖੀ ਗਈ ਸਭ ਤੋਂ ਵਧੀਆ ਅਤੇ ਮੁਕੰਮਲ ਕਿਤਾਬ ਮੰਨੀ ਜਾਂਦੀ ਹੈ।
‘ਮਾਡਰਨ ਇੰਡੀਆ: 1885-1947’ ਵਿੱਚ ਜਾਤ-ਪਾਤ ਉੱਤੇ ਜੋ ਧਿਆਨ ਦਿੱਤਾ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸੁਮਿਤ ਸਰਕਾਰ ਦਾ ਮਾਰਕਸਵਾਦ ਕਿੰਨਾ ਖੁੱਲ੍ਹੇ ਵਿਚਾਰਾਂ ਵਾਲਾ ਹੋ ਗਿਆ ਸੀ। ਉਨ੍ਹਾਂ ਦੀ ਸੋਚ ਵਿੱਚ ਇਸ ਤੋਂ ਵੀ ਵੱਡਾ ਬਦਲਾਅ ਮਹਾਤਮਾ ਗਾਂਧੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿੱਚ ਦੇਖਣ ਨੂੰ ਮਿਲਦਾ ਹੈ। ਆਰ ਪੀ ਦੱਤ ਅਤੇ ਐੱਮ ਐੱਨ ਰਾਏ ਵਰਗੇ ਮਾਰਕਸਵਾਦੀ ਆਗੂ ਗਾਂਧੀ ਜੀ ਦੀ ਅਹਿੰਸਾ ਨੂੰ ਲੋਕਾਂ ਨੂੰ ਇਨਕਲਾਬ ਤੋਂ ਦੂਰ ਕਰਨ ਦੀ ਚਾਲ ਸਮਝਦੇ ਸਨ ਅਤੇ ਉਨ੍ਹਾਂ ਦੇ ਭਾਈਚਾਰੇ ਵਾਲੇ ਸੁਨੇਹੇ ਨੂੰ ਵਰਗ ਸੰਘਰਸ਼ ਤੋਂ ਧਿਆਨ ਭਟਕਾਉਣ ਦਾ ਤਰੀਕਾ ਮੰਨਦੇ ਸਨ, ਪਰ ਸੁਮਿਤ ਸਰਕਾਰ ਨੇ ਗਾਂਧੀ ਦੀ ਰਾਜਨੀਤੀ ਵਿੱਚ ਮੌਜੂਦ ਡੂੰਘੀ ਨੈਤਿਕ ਸੋਚ ਨੂੰ ਸਮਝਿਆ। ਉਨ੍ਹਾਂ ਨੇ ਮੰਨਿਆ ਕਿ ਗਾਂਧੀ ਜੀ ਲਈ ਅਹਿੰਸਾ ਅਤੇ ਸੱਤਿਆਗ੍ਰਹਿ ਡੂੰਘੇ ਚਿੰਤਨ ਤੋਂ ਬਾਅਦ ਘੋਖਿਆ ਤੇ ਤਿਆਰ ਕੀਤਾ ਗਿਆ ਫਲਸਫ਼ਾ ਸੀ, ਜਿਸ ਵਿੱਚ ਬਹੁਤ ਮੌਲਿਕਤਾ ਸੀ। ਗਾਂਧੀ ਜੀ ਦਾ ਮੰਨਣਾ ਸੀ ਕਿ ਸੱਚ ਦੀ ਭਾਲ ਹੀ ਮਨੁੱਖੀ ਜੀਵਨ ਦਾ ਅਸਲ ਟੀਚਾ ਹੈ ਅਤੇ ਕਿਉਂਕਿ ਕੋਈ ਵੀ ਇਨਸਾਨ ਕਦੇ ਵੀ ਪੂਰੇ ਸੱਚ ਤੱਕ ਨਹੀਂ ਪਹੁੰਚ ਸਕਦਾ, ਇਸ ਲਈ ਆਪਣੇ ਅਧੂਰੇ ਸੱਚ ਨੂੰ ਲਾਗੂ ਕਰਨ ਲਈ ਹਿੰਸਾ ਵਰਤਣਾ ਪਾਪ ਹੈ। ਸੁਮਿਤ ਸਰਕਾਰ ਦਾ ਇਹ ਮੁਲਾਂਕਣ 1920ਵਿਆਂ ਦੀ ਚਰਚਾ ਦੌਰਾਨ ਸਾਹਮਣੇ ਆਉਂਦਾ ਹੈ। ਕਿਤਾਬ ਦੇ ਅਖ਼ੀਰ ਵਿੱਚ ਇੱਕ ਭਾਗ ਹੈ, ਜਿਸ ਦਾ ਨਾਂ ‘ਮਹਾਤਮਾ ਦਾ ਸਭ ਤੋਂ ਸ਼ਾਨਦਾਰ ਪਲ’ ਹੈ। ਇਹ ਭਾਗ ਨੋਆਖਲੀ ਵਿੱਚ ਸ਼ਾਂਤੀ ਲਈ ਗਾਂਧੀ ਜੀ ਦੀ ਯਾਤਰਾ ਅਤੇ ਕੋਲਕਾਤਾ ਤੇ ਦਿੱਲੀ ਵਿੱਚ ਹਿੰਦੂ-ਮੁਸਲਮਾਨਾਂ ਵਿੱਚ ਸੁਲ੍ਹਾ ਕਰਵਾਉਣ ਲਈ ਰੱਖੇ ਗਏ ਵਰਤਾਂ ਬਾਰੇ ਹੈ। ਜਿਵੇਂ ਕਿ ਸੁਮਿਤ ਸਰਕਾਰ ਨੇ ਇੱਥੇ ਲਿਖਿਆ ਹੈ ਕਿ ‘ਗਾਂਧੀ ਜੀ ਦੇ ਖ਼ਾਸ ਗੁਣ ਅਤੇ ਉਨ੍ਹਾਂ ਦੀ ਅਸਲ ਮਹਾਨਤਾ ਜ਼ਿੰਦਗੀ ਦੇ ਆਖ਼ਰੀ ਮਹੀਨਿਆਂ ਵਿੱਚ ਜਿੰਨੀ ਸਪੱਸ਼ਟ ਦਿਖਾਈ ਦਿੱਤੀ, ਓਨੀ ਪਹਿਲਾਂ ਕਦੇ ਨਹੀਂ ਸੀ ਦਿਸੀ।’
ਇੱਕ ਸਹੀ ਤੇ ਸੱਚੇ ਇਤਿਹਾਸਕਾਰ ਵਜੋਂ ਸੁਮਿਤ ਸਰਕਾਰ ਪੁਰਾਣੇ ਦਸਤਾਵੇਜ਼ਾਂ ਅਤੇ ਆਰਕਾਈਵਜ਼ ਵਿੱਚੋਂ ਤੱਥ ਲੱਭਦੇ ਸਨ ਅਤੇ ਸੱਚ ਸਾਹਮਣੇ ਆਉਣ ’ਤੇ ਆਪਣੇ ਪੁਰਾਣੇ ਵਿਚਾਰਾਂ ਨੂੰ ਬਦਲਣ ਤੋਂ ਕਦੇ ਵੀ ਝਿਜਕਦੇ ਨਹੀਂ ਸਨ। ਉਨ੍ਹਾਂ ਦੀ ਲੇਖਣੀ ਵਿੱਚ ਤੁਲਨਾਤਮਕ ਨਜ਼ਰੀਆ ਪ੍ਰਤੱਖ ਝਲਕਦਾ ਹੈ। ਉਨ੍ਹਾਂ ਨੇ ਭਾਰਤ ਵਿੱਚ ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਇਸ ਦੀ ਤੁਲਨਾ ਯੂਰੋਪੀਅਨ ਇਤਿਹਾਸਕਾਰਾਂ ਦੇ ਖੋਜ ਕਾਰਜਾਂ ਨਾਲ ਕੀਤੀ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਆਪਸੀ ਫ਼ਰਕ ਨੂੰ ਵੀ ਡੂੰਘਾਈ ਨਾਲ ਸਮਝਿਆ। ਉਨ੍ਹਾਂ ਦੀ ਲਿਖਣ ਕਲਾ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਨ੍ਹਾਂ ਦੀ ਵਿਦਵਤਾ ਸਿਰਫ਼ ਯੂਨੀਵਰਸਿਟੀਆਂ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਇਹ ਆਮ ਲੋਕਾਂ ਤੱਕ ਪਹੁੰਚੀ।
ਇਹ ਸਾਰੇ ਗੁਣ ਕਿਸੇ ਵਿਰਲੇ ਇਨਸਾਨ ਵਿੱਚ ਹੀ ਇਕੱਠੇ ਮਿਲਦੇ ਹਨ, ਪਰ ਸੁਮਿਤ ਸਰਕਾਰ ਅੰਦਰ ਇਹ ਸਭ ਗੁਣ ਸਨ, ਜੋ ਉਨ੍ਹਾਂ ਨੂੰ ਇੱਕ ਮਹਾਨ ਅਤੇ ਪ੍ਰਭਾਵਸ਼ਾਲੀ ਇਤਿਹਾਸਕਾਰ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹ ਇੱਕ ਪ੍ਰੇਰਨਾਦਾਇਕ ਅਧਿਆਪਕ ਵੀ ਸਨ। ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ (ਜਿਨ੍ਹਾਂ ਨੇ ਸੁਮਿਤ ਸਰਕਾਰ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ) ਦੱਸਦੇ ਹਨ ਕਿ ਉਨ੍ਹਾਂ ਦੇ ਪੜ੍ਹਾਉਣ ਦਾ ਅੰਦਾਜ਼ ਪੂਰੀ ਤਰ੍ਹਾਂ ‘ਗਾਂਧੀਵਾਦੀ ਅਤੇ ਜਮਹੂਰੀ’ ਸੀ। ਸਰਕਾਰ ਨੇ ਖ਼ੁਦ ਇਸ ਗੱਲ ਨੂੰ ਮੰਨਿਆ ਸੀ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਤੋਂ ਬਹੁਤ ਕੁਝ ਸਿੱਖਿਆ ਅਤੇ ਸ਼ਾਇਦ ਇਨ੍ਹਾਂ ਤੋਂ ਵੀ ਵੱਧ ਆਪਣੀ ਜੀਵਨ ਸਾਥਣ ਤੇ ਉੱਘੀ ਨਾਰੀਵਾਦੀ ਇਤਿਹਾਸਕਾਰ ਤਾਨਿਕਾ ਸਰਕਾਰ ਤੋਂ, ਜਿਨ੍ਹਾਂ ਦੀ ਸੋਚ ਦਾ ਅਸਰ ਉਨ੍ਹਾਂ ਦੇ ਬਾਅਦ ਦੇ ਕੰਮਾਂ ਵਿੱਚ ਸਪੱਸ਼ਟ ਦੇਖਿਆ ਜਾ ਸਕਦਾ ਹੈ।
ਸੁਮਿਤ ਸਰਕਾਰ ਇਤਿਹਾਸਕਾਰ ਈ ਪੀ ਥੌਮਸਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਨ। ਥੌਮਸਨ ਵੀ ਸਰਕਾਰ ਵਾਂਗ ਹੀ ਕਿਸੇ ਪਾਰਟੀ ਨਾਲ ਬੱਝਣ ਦੀ ਥਾਂ ਆਜ਼ਾਦ ਰਹਿ ਕੇ ਸੋਚਣ ਵਾਲੇ ਮਾਰਕਸਵਾਦੀ ਸਨ। ਸਰਕਾਰ ਨੇ ਇੱਕ ਵਾਰ ਲਿਖਿਆ ਸੀ ਕਿ ਥੌਮਸਨ ਦੀਆਂ ਕਿਤਾਬਾਂ ਅਤੇ ਉਨ੍ਹਾਂ ਨਾਲ ਸਿਆਸੀ ਤੇ ਇਤਿਹਾਸਕ ਮੁੱਦਿਆਂ ’ਤੇ ਹੋਈਆਂ ਲੰਮੀਆਂ ਚਰਚਾਵਾਂ ਨੇ ਉਨ੍ਹਾਂ ਨੂੰ ਜਿੰਨਾ ਪ੍ਰੇਰਿਤ ਕੀਤਾ, ਓਨਾ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ। ਮੈਨੂੰ ਯਾਦ ਆਉਂਦਾ ਹੈ ਕਿ ਸਤੰਬਰ 1993 ਵਿੱਚ ਜਦੋਂ ਈ ਪੀ ਥੌਮਸਨ ਦਾ ਦੇਹਾਂਤ ਹੋਇਆ ਤਾਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਹੋਈ ਸ਼ੋਕ ਸਭਾ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਬਹੁਤ ਭਾਵੁਕ ਗੱਲਾਂ ਕੀਤੀਆਂ ਸਨ। ਉਸ ਦਿਨ ਇਤਿਹਾਸਕਾਰ ਪਾਰਥਾਸਾਰਥੀ ਗੁਪਤਾ, ਨੀਲਾਦਰੀ ਭੱਟਾਚਾਰੀਆ ਅਤੇ ਸਾਹਿਤਕਾਰ ਹਰੀਸ਼ ਤ੍ਰਿਵੇਦੀ ਵਰਗੇ ਨਾਮਵਰ ਬੁਲਾਰਿਆਂ ਨੇ ਵੀ ਥੌਮਸਨ ਬਾਰੇ ਬਹੁਤ ਅਰਥ ਭਰਪੂਰ ਵਿਚਾਰ ਰੱਖੇ ਸਨ। ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਅਹਿਮ ਸਮਾਗਮ ਦੀ ਕੋਈ ਵੀ ਰਿਕਾਰਡਿੰਗ ਅੱਜ ਸਾਡੇ ਕੋਲ ਮੌਜੂਦ ਨਹੀਂ ਹੈ।
ਸੁਮਿਤ ਸਰਕਾਰ ਉਨ੍ਹਾਂ ਪਰਵਾਸੀ ਬੰਗਾਲੀ ਬੁੱਧੀਜੀਵੀਆਂ ਵਿੱਚੋਂ ਮੋਹਰੀ ਸਨ, ਜਿਨ੍ਹਾਂ ਨੇ 1960ਵਿਆਂ ਤੋਂ ਲੈ ਕੇ 2000ਵਿਆਂ ਤੱਕ ਦਿੱਲੀ ਯੂਨੀਵਰਸਿਟੀ ਨੂੰ ਦੇਸ਼ ਵਿੱਚ ਸਮਾਜ ਵਿਗਿਆਨ ਅਤੇ ਮਾਨਵਵਾਦੀ ਪੜ੍ਹਾਈ ਦਾ ਗੜ੍ਹ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਨਾਮਵਰ ਲੜੀ ਵਿੱਚ ਅਰਥ ਸ਼ਾਸਤਰੀ ਸੁਖਮੋਯ ਚੱਕਰਵਰਤੀ ਤੇ ਮ੍ਰਿਣਾਲ ਦੱਤਾ ਚੌਧਰੀ, ਕਾਨੂੰਨੀ ਵਿਦਵਾਨ ਲੋਤਿਕਾ ਸਰਕਾਰ, ਸਾਹਿਤਕ ਇਤਿਹਾਸਕਾਰ ਆਰ ਕੇ ਦਾਸਗੁਪਤਾ ਅਤੇ ਸਮਾਜ ਵਿਗਿਆਨੀ ਆਂਦਰੇ ਬੇਤੇਈ ਵਰਗੇ ਦਿੱਗਜ ਸ਼ਾਮਿਲ ਸਨ, ਜੋ ਅੱਜ ਸਾਡੇ ਵਿੱਚ ਨਹੀਂ ਹਨ। ਦਿੱਲੀ ਯੂਨੀਵਰਸਿਟੀ ਲਈ ਇਨ੍ਹਾਂ ਵਿਦਵਾਨਾਂ ਦਾ ਯੋਗਦਾਨ ਜਿੰਨਾ ਵੱਡਾ ਸੀ, ਓਨਾ ਹੀ ਸੱਚ ਇਹ ਵੀ ਹੈ ਕਿ ਯੂਨੀਵਰਸਿਟੀ ਨੇ ਵੀ ਬਦਲੇ ਵਿੱਚ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ। ਜੇ ਇਹ ਸਾਰੇ ਵਿਦਵਾਨ ਕੋਲਕਾਤਾ ਵਿੱਚ ਹੀ ਰਹਿੰਦੇ ਤਾਂ ਸ਼ਾਇਦ ਉਹ ਕਦੇ ਵੀ ਉਹ ਸਿਖ਼ਰਾਂ ਨਾ ਛੋਹ ਸਕਦੇ, ਜੋ ਉਨ੍ਹਾਂ ਨੇ ਦਿੱਲੀ ਆ ਕੇ ਛੋਹੀਆਂ। ਆਪਣੇ ਘਰੇਲੂ ਮਾਹੌਲ ਵਿੱਚ ਸ਼ਾਇਦ ਉਨ੍ਹਾਂ ਦਾ ਘੇਰਾ ਸਿਰਫ਼ ਬੰਗਾਲੀ ਸਾਥੀਆਂ ਤੱਕ ਹੀ ਸੀਮਿਤ ਰਹਿ ਜਾਂਦਾ, ਪਰ ਦਿੱਲੀ ਵਿੱਚ ਉਹ ਭਾਰਤ ਦੀ ਵਿਭਿੰਨਤਾ ਦੇ ਰੂ-ਬ-ਰੂ ਹੋਏ, ਜਿਹੜੀ ਦੇਸ਼ ਦੀ ਕਿਸੇ ਹੋਰ ਯੂਨੀਵਰਸਿਟੀ ਵਿੱਚ ਨਹੀਂ ਮਿਲਦੀ। ਇਸ ਤੋਂ ਇਲਾਵਾ, ਜਿੱਥੇ ਕੋਲਕਾਤਾ ਜਾਂ ਦੇਸ਼ ਦੀ ਰਾਜਧਾਨੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਮਾਰਕਸਵਾਦੀ ਸੋਚ ਦਾ ਬਹੁਤ ਜ਼ਿਆਦਾ ਦਬਦਬਾ ਸੀ, ਉੱਥੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਵਿੱਚ ਕਈ ਤਰ੍ਹਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਮੌਜੂਦ ਸਨ। ਇੱਥੇ ਗ਼ੈਰ-ਮਾਰਕਸਵਾਦੀ ਅਤੇ ਮਾਰਕਸਵਾਦ ਵਿਰੋਧੀ ਵਿਦਵਾਨ ਵੀ ਮਾਰਕਸਵਾਦੀਆਂ ਵਾਂਗ ਹੀ ਵੱਡੀ ਗਿਣਤੀ ਵਿੱਚ ਸਨ ਅਤੇ ਬਹੁਤ ਸਨਮਾਨਯੋਗ ਸਥਾਨ ਰੱਖਦੇ ਸਨ। ਵੱਖ-ਵੱਖ ਨਜ਼ਰੀਏ ਵਾਲੇ ਇਨ੍ਹਾਂ ਬੁੱਧੀਜੀਵੀਆਂ ਨਾਲ ਵਿਚਾਰਾਂ ਦੇ ਆਦਾਨ-ਪ੍ਰਦਾਨ ਨੇ ਯਕੀਨਨ ਸੁਮਿਤ ਸਰਕਾਰ ਦੀ ਵਿਦਵਤਾ ਨੂੰ ਹੋਰ ਅਮੀਰ ਅਤੇ ਪਰਿਪੱਕ ਬਣਾਇਆ।
ਸੁਮਿਤ ਸਰਕਾਰ ਬਾਰੇ ਕਹੀਆਂ ਇਹ ਗੱਲਾਂ ਉਨ੍ਹਾਂ ਤਾਮਿਲ, ਮਰਾਠੀ, ਕੰਨੜ, ਉੜੀਆ, ਬਿਹਾਰੀ ਅਤੇ ਪੰਜਾਬੀ ਵਿਦਵਾਨਾਂ ਉੱਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀਆਂ ਹਨ, ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਇਆ। ਇਸ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਸਰਬ ਭਾਰਤੀ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਇੱਕੋ ਕੈਂਪਸ ਅੰਦਰ ਮਿਆਰੀ ਅੰਡਰ-ਗ੍ਰੈਜੂਏਟ ਕਾਲਜਾਂ ਅਤੇ ਵਿਗਿਆਨ, ਮਾਨਵਵਾਦੀ ਵਿਸ਼ਿਆਂ, ਕਾਨੂੰਨ ਤੇ ਇੱਥੋਂ ਤੱਕ ਕਿ ਸੰਗੀਤ ਦੇ ਸ਼ਾਨਦਾਰ ਪੋਸਟ-ਗ੍ਰੈਜੂਏਟ ਵਿਭਾਗਾਂ ਦੀ ਮੌਜੂਦਗੀ ਦਾ ਵੱਡਾ ਹੱਥ ਸੀ। ਭਾਵੇਂ ਦਿੱਲੀ ਯੂਨੀਵਰਸਿਟੀ ਵਿੱਚ ਅੱਜ ਵੀ ਕਈ ਬਹੁਤ ਕਾਬਲ ਵਿਦਵਾਨ ਅਤੇ ਅਧਿਆਪਕ ਮੌਜੂਦ ਹਨ, ਪਰ ਵਧਦਾ ਜਾ ਰਿਹਾ ਨੌਕਰਸ਼ਾਹੀ ਦਾ ਪ੍ਰਭਾਵ ਅਤੇ ਬੌਧਿਕਤਾ ਨੂੰ ਕਮਜ਼ੋਰ ਕਰਨ ਵਾਲਾ ਫ਼ਿਰਕੂ ਮਾਹੌਲ ਇਸ ਦੀ ਅਕਾਦਮਿਕ ਸਾਖ਼ ਨੂੰ ਡੂੰਘੀ ਸੱਟ ਮਾਰ ਚੁੱਕਾ ਹੈ। ਇਸ ਤਰ੍ਹਾਂ ਸੁਮਿਤ ਸਰਕਾਰ ਦਾ ਦੇਹਾਂਤ ਉਸ ਸੁਨਹਿਰੀ ਦੌਰ ਦੇ ਅੰਤ ਦਾ ਪ੍ਰਤੀਕ ਹੈ, ਜਿਸ ਵਿੱਚ ਪੱਛਮੀ ਬੰਗਾਲ ਸਮੇਤ ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਵਿਦਵਾਨਾਂ ਨੇ ਦਿੱਲੀ ਯੂਨੀਵਰਸਿਟੀ ਨੂੰ ਪੂਰੇ ਦੱਖਣੀ ਏਸ਼ੀਆ ਦਾ ਸਭ ਤੋਂ ਮੋਹਰੀ ਅਕਾਦਮਿਕ ਅਦਾਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਈ-ਮੇਲ: ramachandraguha@yahoo.in

