ਡਾਰੋਂ ਵਿਛੜੀ ਕੂੰਜ
ਜਿਹੋ ਜਿਹਾ ਮੈਂ ਆਪਣੇ ਮਨ ਵਿੱਚ ਚਿਤਵਿਆ ਸੀ, ਇਹ ਉਸ ਤੋਂ ਵੀ ਸੁੰਦਰ ਸੀ। ਦਰਸ਼ਨੀ ਡਿਓਢੀ ਦੇ ਦਰਸ਼ਨ ਕਰ ਕੇ ਮਨ ਪ੍ਰਸੰਨ ਹੋ ਗਿਆ। ਕੁਝ ਪਲਾਂ ਲਈ ਅਸੀਂ ਦਰਬਾਰ ਵਿੱਚ ਹੀ ਬੈਠ ਗਏ। ਸਰੀਰ ਥੱਕ ਚੁੱਕਾ ਸੀ। ਸਵੇਰ ਤੋਂ ਅਸੀਂ...
ਜਿਹੋ ਜਿਹਾ ਮੈਂ ਆਪਣੇ ਮਨ ਵਿੱਚ ਚਿਤਵਿਆ ਸੀ, ਇਹ ਉਸ ਤੋਂ ਵੀ ਸੁੰਦਰ ਸੀ। ਦਰਸ਼ਨੀ ਡਿਓਢੀ ਦੇ ਦਰਸ਼ਨ ਕਰ ਕੇ ਮਨ ਪ੍ਰਸੰਨ ਹੋ ਗਿਆ। ਕੁਝ ਪਲਾਂ ਲਈ ਅਸੀਂ ਦਰਬਾਰ ਵਿੱਚ ਹੀ ਬੈਠ ਗਏ। ਸਰੀਰ ਥੱਕ ਚੁੱਕਾ ਸੀ। ਸਵੇਰ ਤੋਂ ਅਸੀਂ ਕਿੰਨੀਆਂ ਫਾਰਮੈਲਟੀਆਂ ’ਚੋਂ ਗੁਜ਼ਰੇ ਸਾਂ। ਪਹਿਲਾਂ ਅਟਾਰੀ ਦੇ ਬਾਰਡਰ ’ਤੇ ਕਿੰਨੇ ਫਾਰਮ ਭਰਨੇ ਪਏ, ਫਿਰ ਸਮਾਨ ਦੀ ਚੈਕਿੰਗ ਅਤੇ ਫਿਰ ਸੀ.ਆਈ.ਡੀ. ਵਾਲਿਆਂ ਵੱਲੋਂ ਪੁੱਛ-ਗਿੱਛ। ਕੌਣ ਇਨ੍ਹਾਂ ਨੂੰ ਆਖੇ ਕਿ ਇਹ ਤਾਂ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ। ਪਰ ਪਾਕਿਸਤਾਨੀ ਇਲਾਕੇ ਵਿੱਚ ਦਾਖ਼ਲ ਹੁੰਦਿਆਂ ਕੁਝ ਰਾਹਤ ਮਿਲੀ, ਉਨ੍ਹਾਂ ਨੇ ਸਿਰਫ਼ ਪਾਸਪੋਰਟ ਆਪਣੇ ਕਬਜ਼ੇ ਵਿੱਚ ਕਰ ਲਏ ਅਤੇ ਸਾਨੂੰ ਕਮਰੇ ਦੀਆਂ ਚਾਬੀਆਂ ਉੱਥੇ ਹੀ ਫੜਾ ਦਿੱਤੀਆਂ। ਸਾਰਾ ਦਿਨ ਖੜ੍ਹੇ-ਖੜ੍ਹੇ ਲੱਤਾਂ ਆਕੜ ਗਈਆਂ ਸਨ। ਚਾਹ ਦੀ ਤਲਬ ਹੋ ਰਹੀ ਸੀ।
ਰਵੀ ਕਹਿਣ ਲੱਗਾ, “ਉੱਠੋ ਕਮਰਾ ਦੇਖੀਏ ਨਾਲ਼ੇ ਚਾਹ ਦਾ ਪਿਆਲਾ ਪੀਏ।” ਅਸੀਂ ਆਪਣੇ ਬੈਗ ਚੁੱਕੇ ਤੇ ਦਰਬਾਰ ’ਚੋਂ ਬਾਹਰ ਹੋ ਗਏ। ਲੰਗਰ ਹਾਲ ਵਿੱਚੋਂ ਚਾਹ ਪੀਤੀ ਅਤੇ ਅਸੀਂ ਕਮਰੇ ਦੀ ਭਾਲ ਕਰਨ ਲੱਗ ਪਏ। ਕਮਰਾ ਨੰਬਰ ਸੀ ਇੱਕ ਸੌ ਦੋ ਇਹ ਪੰਜ ਜਾਂ ਛੇ ਬੰਦਿਆਂ ਨੂੰ ਦਿੱਤਾ ਜਾਂਦਾ ਸੀ। ਇਸ ਲਈ ਆਪਣਾ ਗਰੁੱਪ ਪਹਿਲਾਂ ਬਣਾਉਣਾ ਪੈਂਦਾ ਹੈ। ਸਰਾਂ ਵਿੱਚ ਦਾਖ਼ਲ ਹੁੰਦੇ ਹੀ ਸਾਨੂੰ ਕਮਰਾ ਦਿਸ ਪਿਆ। ਇਹ ਪੁਰਾਤਨ ਵੇਲੇ ਦੀ ਸਰਾਂ ਹੈ, ਜੋ ਦੂਰੋਂ ਖ਼ਸਤਾ ਜਿਹੀ ਜਾਪ ਰਹੀ ਸੀ ਪਰ ਇਸ ’ਤੇ ਕੀਤਾ ਤਾਜ਼ਾ ਪਲੱਸਤਰ ਇਸ ਨੂੰ ਸੰਤੋਖਜਨਕ ਜਿਹਾ ਬਣਾ ਰਿਹਾ ਸੀ। ਅਸੀਂ ਕਮਰਾ ਖੋਲ੍ਹਿਆ, ਅੱਗੇ ਮੈਟਰਸ ਤੇ ਰਜਾਈਆਂ ਪਈਆਂ ਹੋਈਆਂ ਸਨ। ਬੈਗ ਇੱਕ ਪਾਸੇ ਰੱਖ ਅਸੀਂ ਕਮਰੇ ਨੂੰ ਸੰਵਾਰ ਲਿਆ ਅਤੇ ਬਿਸਤਰਿਆਂ ਨਾਲ ਢੋਅ ਲਾ ਕੇ ਪੈ ਗਏ। ਥਕਾਵਟ ਕਾਰਨ ਨੀਂਦਰ ਨੇ ਆ ਘੇਰਿਆ।
ਜਾਗ ਆਈ ਤਾਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਮੂੰਹ ਹੱਥ ਧੋ ਅਸੀਂ ਦਰਬਾਰ ਸਾਹਿਬ ਵਿੱਚ ਜਾ ਬੈਠੇ। ਰਹਿਰਾਸ ਤੋਂ ਬਾਅਦ ਕੀਰਤਨ ਸ਼ੁਰੂ ਹੋ ਗਿਆ। ਰਾਤ ਦੇ ਦਸ ਵਜੇ ਤੱਕ ਕੀਰਤਨ ਚਲਦਾ ਰਿਹਾ। ਬਾਬੇ ਨਾਨਕ ਦੀ ਕੀਰਤੀ ਹੁੰਦੀ ਰਹੀ। ਸਕੱਤਰ ਸਾਹਿਬ ਨਾਲ-ਨਾਲ ਇਤਿਹਾਸ ਵੀ ਦੁਹਰਾਅ ਰਹੇ ਸਨ। ਭੋਗ ਤੋਂ ਬਾਅਦ ਅਸੀਂ ਲੰਗਰ ਛਕਣ ਆ ਗਏ। ਸਿੰਧੀ ਸਿੱਖਾਂ ਦੀ ਸ਼ਰਧਾ ਵੇਖਣ ਵਾਲੀ ਸੀ। ਉਨ੍ਹਾਂ ਨੇ ਸਾਰੇ ਲੰਗਰ ਦੀ ਕਮਾਂਡ ਆਪਣੇ ਹੱਥਾਂ ਵਿੱਚ ਲਈ ਹੋਈ ਸੀ। ਉਹ ਦਿਨ ਰਾਤ ਲੰਗਰ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਲੰਗਰ ਛਕ ਕੇ ਅਸੀਂ ਕਮਰੇ ਵਿੱਚ ਆ ਗਏ। ਅਸੀਂ ਬਿਸਤਰੇ ਵਿਛਾ ਕੇ ਅਜੇ ਬੈਠੇ ਹੀ ਸਾਂ ਕਿ ਨਾਲ ਦੇ ਕਮਰੇ ਵਿੱਚੋਂ ਸਿੰਧੀ ਪਰਿਵਾਰ ਦੇ ਕੀਰਤਨ ਕਰਨ ਦੀ ਆਵਾਜ਼ ਆਈ। ਕੋਈ ਬੀਬੀ ਮਧੁਰ ਆਵਾਜ਼ ਵਿੱਚ ਗਾ ਰਹੀ ਸੀ, “ਊਚਾ ਦਰ ਬਾਬੇ ਨਾਨਕ ਦਾ...।” ਭਾਵੇਂ ਉੱਚਾ ਦਰ ਬਾਬੇ ਨਾਨਕ ਦਾ ਉਸ ਦਾ ਉਚਾਰਨ ਦਾ ਲਹਿਜ਼ਾ ਸਿੰਧੀ ਸੀ, ਪਰ ਬੀਬੀ ਦੀ ਆਵਾਜ਼ ਰਸ-ਭਿੰਨੀ ਸੀ। ਇਹ ਆਵਾਜ਼ ਅਜੇ ਕੰਨਾਂ ਵਿੱਚ ਪੈ ਹੀ ਰਹੀ ਸੀ ਕਿ ਬਾਹਰ ਰੌਲਾ ਪੈ ਗਿਆ। ਅਸੀਂ ਬਾਹਰ ਨੂੰ ਭੱਜੇ। ਨਾਲ ਦੇ ਕਮਰੇ ਦਾ ਪਲੱਸਤਰ ਡਿੱਗ ਗਿਆ ਸੀ। ਸ਼ਰਧਾਲੂ ਇਤਫ਼ਾਕਨ ਹੀ ਬਚ ਗਏ ਸਨ। ਅਸੀਂ ਆਪਣੀ ਛੱਤ ਦਾ ਜਾਇਜ਼ਾ ਲਿਆ। ਉਸ ਦਾ ਪਲੱਸਤਰ ਵੀ ਉਖੜਿਆ ਹੋਇਆ ਸੀ। ਡਰ ਸਾਡੇ ਮਨਾਂ ਵਿੱਚ ਵਸ ਗਿਆ। ਹੁਣ ਅਸੀਂ ਜ਼ਿਆਦਾਤਰ ਸਮਾਂ ਕਮਰੇ ਤੋਂ ਬਾਹਰ ਹੀ ਗੁਜ਼ਾਰਨ ਲੱਗੇ। ਦਰਅਸਲ, ਇਹ ਬਹੁਤ ਹੀ ਪੁਰਾਤਨ ਸਮੇਂ ਦੀ ਇਮਾਰਤ ਹੈ, ਜੋ ਹੁਣ ਢਹਿਣ ਦੇ ਕੰਢੇ ਹੈ। ਹਰ ਸਾਲ ਇਸ ਨੂੰ ਸਫ਼ੈਦੀ ਕਰਕੇ ਰਹਿਣ ਜੋਗਾ ਬਣਾ ਲਿਆ ਜਾਂਦਾ ਹੈ।
ਸਵੇਰੇ ਅਸੀਂ ਨਹਾ-ਧੋ ਕੇ ਦਰਬਾਰ ਵਿੱਚ ਜਾ ਬੈਠੇ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰਾਗੀ ਜਥਾ, ਜੋ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਸੱਦੇ ’ਤੇ ਆਏ ਸਨ, ਕੀਰਤਨ ਦੀ ਹਾਜ਼ਰੀ ਭਰ ਰਿਹਾ ਸੀ। ਕੀਰਤਨ ਦੀ ਸਮਾਪਤੀ ’ਤੇ ਅਸੀਂ ਲੰਗਰ ਹਾਲ ਵੱਲ ਤੁਰ ਪਏ। ਕੈਨੇਡੀਅਨ ਸਿੱਖ ਸੰਗਤ ਨੇ ਵਿਸ਼ੇਸ਼ ਤੌਰ ’ਤੇ ਚਾਹ ਦੇ ਲੰਗਰ ਲਾਏ ਹੋਏ ਸਨ, ਜਿਸ ਵਿੱਚ ਭਾਂਤ-ਭਾਂਤ ਦੀਆਂ ਮਠਿਆਈਆਂ, ਜਲੇਬੀਆਂ, ਪੂੜੀਆਂ ਤੇ ਹੋਰ ਵਸਤਾਂ ਚੌਵੀ ਘੰਟੇ ਉਪਲਬਧ ਸਨ।
ਹੁਣ ਸੂਰਜ ਚੜ੍ਹ ਆਇਆ ਸੀ। ਅਸੀਂ ਗੁਰਦੁਆਰੇ ਦੇ ਵਿਹੜੇ ਵਿੱਚ ਸਾਂ। ਦੀਵਾਰਾਂ ’ਤੇ ਵੱਡੇ-ਵੱਡੇ ਪੋਸਟਰ ਲੱਗੇ ਹੋਏ ਸਨ, “ਦਹਿਸ਼ਤਗਰਦ ਤੁਝੇ ਕੈਮਰੇ ਕੀ ਆਂਖ ਦੇਖ ਰਹੀ ਹੈ।” ਭੈਅ ਸਾਡੇ ਮਨਾਂ ਵਿੱਚ ਮੁੜ ਉਸਲਵੱਟੇ ਲੈਣ ਲੱਗ ਪਿਆ। ਰਵੀ ਕਹਿਣ ਲੱਗਾ, ‘‘ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ। ਭਾਈ, ਅਸੀਂ ਤਾਂ ਪਹਿਲਾਂ ਹੀ ਦਹਿਸ਼ਤਗਰਦੀ ਦੇ ਸ਼ਿਕਾਰ ਹਾਂ। ਅਸੀਂ ਤਾਂ ਉਸ ਨੂੰ ਭੁਲਾਉਣ ਲਈ ਇਧਰ ਆਏ ਸਾਂ। ਇੱਥੇ ਵੀ...।”
“ਭਰਾਵਾ, ਇਸ ਦਹਿਸ਼ਤਗਰਦੀ ਨੇ ਤਾਂ ਸਾਰੇ ਜਹਾਨ ਨੂੰ ਆਪਣੀ ਲਪੇਟ ਵਿੱਚ ਜਕੜਿਆ ਹੋਇਆ ਹੈ। ਨਾਲੇ ਅਖਾਣ ਹੈ ਜਿਨ੍ਹਾਂ ਨੇ ਰੁਵਾਈਆਂ ਸਾਡੀਆਂ ਉਨ੍ਹਾਂ ਦੀਆਂ ਵੀ ਰੋਣ ਗਈਆਂ, ਜੋ ਲੋਕਾਂ ਦੇ ਘਰ ਸਾੜਦੇ ਨੇ ਆਖ਼ਰ ਉਨ੍ਹਾਂ ਦੇ ਆਪਣੇ ਕਿੰਝ ਬਚ ਸਕਦੇ ਨੇ।’’ ਬੁਝੇ ਹੋਏ ਮਨਾਂ ਨਾਲ ਅਸੀਂ ਬਾਜ਼ਾਰ ਵੱਲ ਤੁਰ ਪਏ। ਲੋਕੀਂ ਪਿਆਰ ਨਾਲ ਗੱਲਬਾਤ ਕਰਦੇ। ਚਾਹ ਠੰਢੇ ਲਈ ਜ਼ੋਰ ਪਾਉਂਦੇ। ਅਸੀਂ ਨੇੜੇ-ਤੇੜੇ ਦੇ ਹੋਰ ਵੀ ਕਈ ਗੁਰਦੁਆਰੇ ਵੇਖ ਆਏ ਸਾਂ, ਜੋ ਬਾਬਾ ਨਾਨਕ ਦੀਆਂ ਯਾਦਾਂ ਨਾਲ ਜੁੜੇ ਹੋਏ ਸਨ। ਕੈਮਰੇ ਦੀ ਰੀਲ ਖ਼ਤਮ ਹੋ ਗਈ ਸੀ। ਅਸੀਂ ਫੋਟੋਗ੍ਰਾਫਰ ਦੀ ਦੁਕਾਨ ਅੰਦਰ ਚਲੇ ਗਏ। ਉਸ ਨੇ ਬੜੀ ਆਓ ਭਗਤ ਕੀਤੀ ਤੇ ਬਦੋਬਦੀ ਬਿਠਾ ਲਿਆ। ਚਾਹ ਮੰਗਵਾ ਲਈ। ਕੈਮਰੇ ਵਿੱਚ ਫਿਲਮ ਪਾ ਦਿੱਤੀ ਅਤੇ ਕਹਿਣ ਲੱਗਾ, “ਜੀ ਬਾਬੇ ਦੀ ਅਜ਼ਮਤ ਨਾਲ ਕੌਣ ਮੁਕਾਬਲਾ ਕਰੇ! ਇਹ ਤੇ ਜੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ ਨੇ। ਪਹਿਲਾਂ ਪਹਿਲ ਮੁੱਲਾਂ ਮੁਲਾਣਿਆਂ ਨੇ ਜੀ ਬੜਾ ਵਿਰੋਧ ਕੀਤਾ ਕਿ ਇੱਥੇ ਕੋਈ ਨਾ ਜਾਵੇ, ਪਰ ਲੋਕਾਂ ਨੇ ਜੀ ਕੋਈ ਪਰਵਾਹ ਨਹੀਂ ਕੀਤੀ। ਅੱਜ ਵੀ ਜੇ ਕਿਸੇ ਨੇ ਜੀ ਦੁੱਧ ਪੁੱਤਰ ਦੀ ਮੰਗ ਕਰਨੀ ਹੋਵੇ ਜੀ ਤਾਂ ਦਰਬਾਰ ਵਿੱਚ ਹੀ ਹਾਜ਼ਰ ਹੁੰਦੇ ਨੇ ਜੀ । ਇਹ ਤਾਂ ਸਾਰੀਆਂ ਮੁਰਾਦਾਂ ਦੇਣ ਵਾਲੇ ਨੇ ਜੀ। ਮੁਰਾਦਾਂ ਪੁੱਗਣ ’ਤੇ ਜੀ ਲੋਕੀ ਆਪੋ ਆਪਣੇ ਵਿੱਤ ਅਨੁਸਾਰ ਜੀ ਲੰਗਰ ਕਰਦੇ ਨੇ। ਮੁਲਾਣਿਆਂ ਦੀ ਜੀ ਇੱਕ ਨ੍ਹੀਂ ਚੱਲੀ।’’ ਅਸੀਂ ਭਾਈ ਸਾਹਿਬ ਦਾ ਧੰਨਵਾਦ ਕਰਕੇ ਦੁਕਾਨ ਵਿੱਚੋਂ ਬਾਹਰ ਆ ਗਏ।
ਆਥਣ ਹੋ ਰਹੀ ਸੀ। ਮੇਰੇ ਬਾਕੀ ਸਾਥੀ ਦਰਬਾਰ ਵਿੱਚ ਚਲੇ ਗਏ। ਮੈਂ ਮੁੜ ਬਾਜ਼ਾਰ ਵੱਲ ਮੂੰਹ ਕਰ ਲਿਆ ਤੇ ਖ਼ਾਲਸਾ ਹਾਈ ਸਕੂਲ ਵਾਲੀ ਸੜਕ ਵੱਲ ਤੁਰ ਪਿਆ। ਇੱਕ ਸਰਦਾਰ ਜੀ ਦੀ ਦੁਕਾਨ ਵੇਖੀ ਤੇ ਉਸ ’ਤੇ ਬਹਿਣ ਦੀ ਸੋਚੀ। ਦੁਕਾਨਦਾਰ ਜਵਾਨ ਸੀ। ਮੈਂ ਗੁਰ ਫ਼ਤਿਹ ਬੁਲਾਈ। ਭਾਈ ਸਾਹਿਬ ਨੇ ਜੁਆਬ ਤਾਂ ਦਿੱਤਾ, ਪਰ ਅੱਖਾਂ ਨਾ ਚੁੱਕੀਆਂ। ਮੈਂ ਉਸ ਦੀ ਦੁਬਿਧਾ ਸਮਝ ਗਿਆ। ਮੈਂ ਅੱਗੇ ਨੂੰ ਤੁਰ ਗਿਆ। ਸਾਈਕਲਾਂ ਦੀ ਇੱਕ ਵੱਡੀ ਦੁਕਾਨ ਅੱਗੇ ਕੁਝ ਬੰਦਿਆਂ ਨੇ ਮੈਨੂੰ ਬਦੋ-ਬਦੀ ਬਿਠਾਲ ਲਿਆ ਅਤੇ ਠੰਢੇ ਦੀ ਬੋਤਲ ਹੱਥ ਵਿੱਚ ਫੜਾ ਦਿੱਤੀ। ਮੈਂ ਉਨ੍ਹਾਂ ਨਾਲ ਕਦੇ ਪੰਜਾਬੀ ਤੇ ਕਦੇ ਉਰਦੂ ਵਿੱਚ ਗੱਲ ਕਰਦਾ। ਮੇਰੀ ਉਰਦੂ ਸੁਣ ਕੇ ਇੱਕ ਸੱਜਣ ਕਹਿਣ ਲੱਗਾ,
“ਸਰਦਾਰ ਜੀ, ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ?’’
“ਜੀ ਭਾਰਤ ਦਾ।”
‘‘ਨਹੀਂ, ਮੇਰਾ ਮਤਲਬ ਹੈ ਭਾਰਤ ਵਿੱਚ ਕਿੱਥੋਂ ਦੇ ਰਹਿਣ ਵਾਲੇ ਹੋ?”
‘‘ਜੀ ਮੈਂ ਕਸ਼ਮੀਰ ਦਾ।”
‘‘ਤਾਹੀਂਓ ਮੈਂ ਆਖਾਂ ਪੰਜਾਬੀ ਇੰਨੀ ਸਾਫ਼ ਉਰਦੂ ਨਹੀਂ ਬੋਲ ਸਕਦਾ।” ਫਿਰ ਉਹ ਮੇਰੇ ਵਿੱਚ ਦਿਲਚਸਪੀ ਲੈਣ ਲੱਗ ਪਏ। ਭੀੜ ਵੀ ਖ਼ਾਸੀ ਜਮ੍ਹਾਂ ਹੋ ਗਈ ਸੀ। ਉਹ ਮੈਨੂੰ ਕਸ਼ਮੀਰ ਵਿੱਚ ਚੱਲ ਰਹੀ ਮੁਹਿੰਮ ਬਾਰੇ ਪੁੱਛਣ ਲੱਗ ਪਏ। ਹੁਰੀਅਤ ਲੀਡਰਾਂ ਬਾਰੇ ਉਨ੍ਹਾਂ ਕਈ ਸਵਾਲ ਕੀਤੇ। ਦੋਵਾਂ ਮੁਲਕਾਂ ਵਿਚਲੇ ਤਣਾਅ ਦਾ ਕਾਰਨ ਉਨ੍ਹਾਂ ਕਸ਼ਮੀਰ ਨੂੰ ਹੀ ਦੱਸਿਆ। ਇੱਕ ਭਾਈ ਸਾਹਿਬ ਕਹਿਣ ਲੱਗੇ, “ਇਹ ਜੀ ਬਸ ਸਾਰੇ ਆਪਣੀਆਂ ਕੁਰਸੀਆਂ ਲਈ ਲੋਕਾਂ ਵਿੱਚ ਨਫ਼ਰਤਾਂ ਘੋਲਦੇ ਨੇ ਜੀ। ਨਹੀਂ ਤਾਂ ਜੀ ਅਸੀਂ ਕੀ ਕਰਨਾ ਜੀ ਕਸ਼ਮੀਰ ਲੈ ਕੇ। ਕਿੰਨੇ ਕੁ ਪੁੱਤਰ ਵਾਰਾਂਗੇ ਅਸੀਂ? ਅਵਾਮ ਨੇ ਕੀ ਲੈਣਾ ਇਨ੍ਹਾਂ ਝਗੜਿਆਂ ਤੋਂ। ਅਸੀਂ ਤਾਂ ਜੀ ਰਾਬਤੇ ਚਾਹੁੰਦੇ ਹਾਂ। ਮੈਨੂੰ ਅੱਖਾਂ ਦੀ ਤਕਲੀਫ਼ ਹੈ ਜੀ। ਸੁਣਿਐ ਅੰਮ੍ਰਿਤਸਰ ਅੱਖਾਂ ਦਾ ਵਧੀਆ ਇਲਾਜ ਹੁੰਦੈ। ਪਰ ਕੀ ਕਰੀਏ ਸਰਕਾਰਾਂ ਦੇ ਸਿਆਪੇ ਨਹੀਂ ਮੁੱਕਦੇ।”
ਇੱਕ ਨੇ ਆਖਿਆ, “ਕਸ਼ਮੀਰ ਵਿੱਚ ਜ਼ੁਲਮ ਹੋ ਰਿਹਾ ਹੈ, ਆਏ ਦਿਨ ਨੌਜੁਆਨ ਮਰਦੇ ਨੇ।”
ਮੈਂ ਉੱਤਰ ਦਿੱਤਾ, “ਤੁਸੀਂ ਮਿਲੀਟੈਂਟ ਭੇਜਣੇ ਬੰਦ ਕਰ ਦੇਵੋ ਸਭ ਠੀਕ ਹੋ ਜਾਵੇਗਾ।’’
ਉਹ ਸਾਰੇ ਖ਼ਾਮੋਸ਼ ਹੋ ਗਏ।
ਹਨੇਰਾ ਗੂੜ੍ਹਾ ਹੋ ਗਿਆ। ਮੈਂ ਉੱਠ ਖੜੋਤਾ। ਮੈਂ ਹੱਥ ਜੋੜ ਕੇ ਸਾਰਿਆਂ ਨੂੰ ਫ਼ਤਿਹ ਬੁਲਾਈ। ਉਨ੍ਹਾਂ ਇੱਕ ਆਵਾਜ਼ ਵਿੱਚ ਮੇਰੀ ਫ਼ਤਿਹ ਦਾ ਉੱਤਰ ਦਿੱਤਾ।
ਦੁਕਾਨ ਦੇ ਮਾਲਕ ਨੇ ਨੌਕਰ ਨੂੰ ਕਿਹਾ, “ਬਸ਼ੀਰੇ! ਸਰਦਾਰ ਸਾਹਿਬ ਨੂੰ ਗੁਰਦੁਆਰੇ ਤੱਕ ਛੱਡ ਆਓ।”
ਮੈਂ ਹੱਥ ਜੋੜ ਕਿਹਾ, “ਕੋਈ ਨ੍ਹੀਂ ਜੀ, ਮੈਂ ਚਲਾ ਜਾਵਾਂਗਾ।’’ ‘‘ਨਹੀਂ-ਨਹੀਂ ਤੁਸੀਂ ਸਾਡੇ ਮਹਿਮਾਨ ਹੋ।’’ ਫਿਰ ਬਸ਼ੀਰਾ ਮੇਰੇ ਨਾਲ ਗੁਰਦੁਆਰੇ ਤੱਕ ਆ ਗਿਆ। ਰਸਤੇ ਵਿੱਚ ਉਹਨੇ ਮੇਰੇ ਨਾਲ ਕਿੰਨੀਆਂ ਗੱਲਾਂ ਕੀਤੀਆਂ। ਆਪਣਾ ਦੁੱਖ-ਸੁੱਖ ਸਾਂਝਾ ਕੀਤਾ। ਮੈਨੂੰ ਇੰਝ ਜਾਪਿਆ ਜਿਵੇਂ ਉਹ ਮੇਰਾ ਚਿਰਾਂ ਦਾ ਜਾਣੂੰ ਹੋਵੇ। ਗੁਰਦੁਆਰੇ ਦੇ ਨੇੜੇ ਪੁੱਜ ਉਹਨੇ ਮੇਰੇ ਨਾਲ ਗਲਵੱਕੜੀ ਪਾਈ ਅਤੇ ਬਾਬੇ ਨਾਨਕ ਦੇ ਘਰ ਵੱਲ ਸਿਰ ਨਿਵਾਇਆ ਤੇ ਮੁੜ ਗਿਆ।
ਅੱਜ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਸੀ। ਸਾਰੇ ਬਾਜ਼ਾਰ ਨੂੰ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ। ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਕੋਲ ਡਿਓਢੀਆਂ ਸਜਾ ਰੱਖੀਆਂ ਸਨ। ਮਾਨੋ ਸਾਰਾ ਸ਼ਹਿਰ ਬਾਬੇ ਨਾਨਕ ਦੇ ਸਵਾਗਤ ਵਿੱਚ ਅੱਖੀਆਂ ਵਿਛਾਈ ਖੜ੍ਹਾ ਸੀ। ਅਸੀਂ ਮੇਨ ਗੇਟ ਦੇ ਬਾਹਰ ਹੋਏ ਤਾਂ ਰਵੀ ਕਹਿਣ ਲੱਗਾ, “ਕਿਉਂ ਨਾ ਰਾਏ ਬੁਲਾਰ ਦੀ ਕਬਰ ਵੇਖ ਆਈਏ! ਉਸ ਮਹਾਂਪੁਰਸ਼ ਦੀ ਕਬਰ ਨੂੰ ਤਾਂ ਸਿਜਦਾ ਬਣਦਾ ਹੈ, ਜਿਸ ਨੇ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਅਜ਼ਮਤ ਨੂੰ ਪਛਾਣਿਆ ਸੀ ਅਤੇ ਆਪਣੀ ਸਾਰੀ ਜਾਇਦਾਦ ਬਾਬੇ ਦੇ ਲੇਖੇ ਲਾ ਦਿੱਤੀ ਸੀ।’’
ਅਸੀਂ ਗੇਟ ’ਤੇ ਖੜ੍ਹੇ ਪੁਲੀਸ ਵਾਲਿਆਂ ਨੂੰ ਆਪਣੀ ਗੱਲ ਦੱਸੀ। ਉਨ੍ਹਾਂ ਨੇ ਟਾਲ-ਮਟੋਲ ਜਿਹਾ ਕੀਤਾ। ਅਸੀਂ ਥੋੜ੍ਹਾ ਤਲਾਅ ਵੱਲ ਨੂੰ ਹੋ ਗਏ। ਅੱਗੇ ਇੱਕ ਬੀਬੀ ਬੁਰਕੇ ਵਿੱਚ ਖੜ੍ਹੀ ਸੀ। ਉਹਨੇ ਆਖਿਆ,
‘‘ਰਾਏ ਬੁਲਾਰ ਦੀ ਕਬਰ ’ਤੇ ਜਾਣਾ ਹੈ?’’
ਅਸੀਂ ਹਾਂ ਵਿੱਚ ਸਿਰ ਹਿਲਾਇਆ ਪਰ ਅਸੀਂ ਸ਼ਸ਼ੋਪੰਜ ਵਿੱਚ ਪੈ ਗਏ। ਪਤਾ ਨਹੀਂ ਇਹ ਕੌਣ ਹੈ? ਸਾਡੀਆਂ ਨਜ਼ਰਾਂ ਹੇਠ ਸਾਈਨ ਬੋਰਡ ਆ ਗਿਆ, “ਦਹਿਸ਼ਤਗਰਦ ਤੁਝੇ ਕੈਮਰੇ ਕੀ ਆਂਖ ਦੇਖ ਰਹੀ ਹੈ”। ਰਵੀ ਮੁੜ ਕਹਿਣ ਲੱਗਾ, “ਚਲੋ ਚਲਦੇ ਹਾਂ ਜੋ ਹੋਵੇਗਾ ਦੇਖੀ ਜਾਏਗੀ।’’ ਬੀਬੀ ਸਾਡੀ ਦੁਬਿਧਾ ਨੂੰ ਪਛਾਣ ਗਈ। ਕਹਿਣ ਲੱਗੀ, “ਡਰੋ ਨਾ, ਮੈਂ ਤੁਹਾਡੀ ਹੀ ਭੈਣ ਹਾਂ। ਮੈਂ ਤੁਹਾਨੂੰ ਕਬਰ ਵੱਲ ਲੈ ਜਾਵਾਂਗੀ।’’ ਅਸੀਂ ਅੱਧ-ਪਚੱਧੇ ਮਨ ਨਾਲ ਉਸ ਦੇ ਪਿੱਛੇ ਤੁਰਨ ਲੱਗ ਪਏ। ਕੁਝ ਅੱਗੇ ਜਾ ਕੇ ਮੈਂ ਉਸਦੇ ਸਰੀਰ ਦਾ ਜਾਇਜ਼ਾ ਲੈਣ ਲੱਗਾ ਸੀ। ਹੈ ਤਾਂ ਇਹ ਤੀਵੀਂ ਹੀ ਸੀ ਪਰ ਸਰੀਰ ਦੀ ਤਕੜੀ ਸੀ। ਉਮਰ ਵੀ ਹੁਣ ਢਲਦੀ ਜਾਪ ਰਹੀ ਸੀ। ਥੋੜ੍ਹਾ ਅੱਗੇ ਜਾ ਕੇ ਉਹਨੇ ਆਪਣੇ ਮੂੰਹ ਤੋਂ ਬੁਰਕਾ ਚੁੱਕ ਲਿਆ ਅਤੇ ਕਹਿਣ ਲੱਗੀ, “ਮੇਰਾ ਨਾਂ ਨਸੀਬੋ ਹੈ। ਇਹ ਪਹਿਲਾਂ ਵੀ ਸੀ ਅਤੇ ਹੁਣ ਵੀ ਹੈ।’’
ਮੈਂ ਬੋਲ ਪਿਆ, ‘‘ਮਤਲਬ?”
ਉਹ ਕਹਿਣ ਲੱਗੀ, “ਪਹਿਲਾਂ ਨਸੀਬ ਕੌਰ ਸੀ ਤੇ ਹੁਣ ਨਸੀਬੋ ਭੱਟੀ। ਮੇਰਾ ਪਿਓ ਇਸੇ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਸੀ। ਪੜਿ੍ਹਆ ਲਿਖਿਆ। ਅੰਗਰੇਜ਼ਾਂ ਦੇ ਤਾਰ ਘਰ ਵਿੱਚ ਮੁਲਾਜ਼ਮ। ਜ਼ਮੀਨ ਜਾਇਦਾਦ ਵੀ ਕਾਫ਼ੀ ਸੀ। ਮੇਰੇ ਬਾਪੂ ਦੇ ਹੋਰ ਤਿੰਨ ਭਰਾ ਸਨ। ਉਹ ਵੀ ਮੁਲਾਜ਼ਮ ਸਨ। ਸਾਡਾ ਗੁਆਂਢੀ ਅਬਦੁਲ ਭੱਟੀ ਸੀ। ਉਹ ਵੀ ਬੜਾ ਨੇਕ ਪੁਰਸ਼ ਸੀ। ਅਸੀਂ ਉਸ ਨੂੰ ਚਾਚਾ ਆਖਦੇ ਸਾਂ। ਉਸ ਦੇ ਚਾਰ ਪੁੱਤਰ ਸਨ। ਅਨਵਰ ਭੱਟੀ ਉਸ ਦਾ ਛੋਟਾ ਪੁੱਤਰ ਸੀ। ਬੜਾ ਸ਼ਰਾਰਤੀ ਤੇ ਤਾਕਤਵਰ। ਛਿੰਝਾਂ ਵਿੱਚ ਘੋਲ ਕਰਦਾ। ਕਦੀ ਜਿੱਤਦਾ, ਕਦੀ ਹਾਰਦਾ। ਜਦੋਂ ਦੇਸ਼ ਦਾ ਬਟਵਾਰਾ ਹੋਇਆ ਤਾਂ ਅਨਵਰ ਆਪਣੇ ਟੋਲੇ ਦਾ ਲੀਡਰ ਬਣ ਗਿਆ। ਲੁੱਟਾਂ-ਮਾਰਾਂ, ਉਧਾਲੇ ਤੇ ਸਾੜ-ਫੂਕ ਕਰਦੇ। ਜਦੋਂ ਅਸੀਂ ਆਪਣੇ ਤਾਏ ਚਾਚਿਆਂ ਨਾਲ ਰਲ ਕੇ ਲੋੜੀਂਦਾ ਸਮਾਨ ਬੰਨ੍ਹ ਕੇ ਕੈਂਪ ਵਿੱਚ ਜਾਣ ਲਈ ਤਿਆਰ ਹੋ ਗਏ ਤਾਂ ਅਨਵਰ ਆਪਣੇ ਨਾਲ ਮੁੰਡਿਆਂ ਦੀ ਢਾਣੀ ਲੈ ਕੇ ਵਿਹੜੇ ਵਿੱਚ ਆਣ ਵੜਿਆ। ਉਨ੍ਹਾਂ ਦੇ ਹੱਥ ਵਿੱਚ ਤਲਵਾਰਾਂ ਤੇ ਟੋਕੇ ਸਨ। ਉਸ ਨੇ ਮੇਰੇ ਪਿਓ ਨੂੰ ਲਲਕਾਰ ਕੇ ਆਖਿਆ, “ਜੇ ਸਹੀ ਸਲਾਮਤ ਨਿਕਲਣਾ ਚਾਹੁੰਦੇ ਹੋ ਤਾਂ ਨਸੀਬੋ ਨੂੰ ਮੇਰੇ ਹਵਾਲੇ ਕਰ ਦੇਵੋ। ਨਹੀਂ ਤਾਂ ਅਸੀਂ ਇੱਕ ਵੀ ਜ਼ਿੰਦਾ ਨਹੀਂ ਛੱਡਣਾ।”
“ਮੇਰਾ ਪਿਓ ਗਸ਼ ਖਾ ਕੇ ਡਿੱਗ ਪਿਆ। ਅਸੀਂ ਸਾਰੇ ਰੋਣ ਕੁਰਲਾਉਣ ਲੱਗ ਪਏ। ਮੈਂ ਬਾਪੂ ਦੇ ਸੀਨੇ ਨਾਲ ਚਿੰਬੜ ਗਈ। ਬਾਪੂ ਹੋਸ਼ ਵਿੱਚ ਪਰਤਿਆ ਤੇ ਅਨਵਰ ਨੂੰ ਕਹਿਣ ਲੱਗਾ, “ਅਨਵਰ ਪੁੱਤਰ, ਅਸੀਂ ਆਪਸ ਵਿੱਚ ਗੁਆਂਢੀ ਹਾਂ । ਗੁਆਂਢੀ ਤਾਂ ਇੱਕੋ ਮਾਂ-ਪਿਓ ਦੇ ਜੰਮੇ ਆਖੇ ਜਾਂਦੇ ਨੇ। ਤੂੰ ਇਹ ਜ਼ੁਲਮ ਨਾ ਕਰ। ਮੈਂ ਤੇਰੇ ਪਿਓ ਨੂੰ ਸ਼ਿਕਾਇਤ ਕਰਾਂਗਾ। ਨਾਲੇ ਸੀਬੋ ਅਜੇ ਬਾਲੜੀ ਹੈ। ਛੱਡ ਦੇਵੋ ਸਾਨੂੰ।”
“ਛੱਡਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਜੇ ਜ਼ਿੰਦਾ ਨਿਕਲਣਾ ਚਾਹੁੰਦੇ ਤਾਂ ਸਾਡੀ ਇਹ ਸ਼ਰਤ ਮੰਨਣੀ ਪਵੇਗੀ।”
“ਫਿਰ ਮੇਰੇ ਪਿਓ ਨੂੰ ਦੋਵੇਂ ਚਾਚੇ ਅੰਦਰ ਲੈ ਗਏ। ਜਦੋਂ ਬਾਹਰ ਆਏ ਤਾਂ ਅਨਵਰ ਨੂੰ ਕਹਿਣ ਲੱਗੇ, “ਠੀਕ ਹੈ ਅਸੀਂ ਪਹਿਲਾਂ ਤੇਰੇ ਪਿਓ ਨਾਲ ਗੱਲ ਕਰਾਂਗੇ।” ਉਹ ਅਨਵਰ ਦੇ ਪਿਓ ਕੋਲ ਗਏ। ਇੱਕ-ਦੂਜੇ ਨੂੰ ਵੇਖਦਿਆਂ ਹੀ ਦੋਵਾਂ ਦੀਆਂ ਭੁੱਬਾਂ ਨਿਕਲ ਗਈਆਂ। ਫਿਰ ਉਹਨੇ ਬਾਪੂ ਨੂੰ ਆਖਿਆ,
“ਨਰੈਣ ਸਿਆਂ ਜੇ ਰੱਬ ਨੂੰ ਇਹ ਹੀ ਮਨਜ਼ੂਰ ਹੈ ਤਾਂ ਛੱਡ ਜਾ ਸੀਬੋ ਨੂੰ ਮੇਰੇ ਕੋਲ। ਇਹ ਤੇਰੀ ਨਿਸ਼ਾਨੀ ਹੋਵੇਗੀ ਮੇਰੇ ਕੋਲ। ਇਸ ਵਿੱਚੋਂ ਮੈਂ ਤੇਰੇ ਦੀਦਾਰ ਕਰ ਲਿਆ ਕਰਾਂਗਾ।’’
ਫਿਰ ਸਾਰਾ ਕਾਫ਼ਲਾ ਤੁਰ ਗਿਆ। ਮੈਂ ਡਾਰੋਂ ਵਿਛੜੀ ਕੂੰਜ ਬਣ ਗਈ। ਭਾਵੇਂ ਚਾਚਾ ਮੇਰਾ ਪੂਰਾ ਖ਼ਿਆਲ ਰੱਖਦਾ ਰਿਹਾ, ਪਰ ਆਪਣੇ ਕਬੀਲੇ ਦੀ ਮੇਰੇ ਦਿਲ ਵਿੱਚ ਸਦਾ ਤਾਂਘ ਰਹੀ। ਮੈਂ ਰਾਤਾਂ ਨੂੰ ਰੋਂਦੀ ਰਹਿੰਦੀ। ਰਾਤੀਂ ਸੁਪਨਿਆਂ ਵਿੱਚ ਬਾਪੂ ਤੇ ਝਾਈ ਨੂੰ ਗਿਲੇ-ਸ਼ਿਕਵੇ ਕਰਦੀ ਰਹਿੰਦੀ। ਰੌਲ਼ਾ ਗੌਲਾ ਬੰਦ ਹੋਇਆ ਤਾਂ ਚਾਚੇ ਨੇ ਮੇਰਾ ਨਿਕਾਹ ਅਨਵਰ ਨਾਲ ਕਰ ਦਿੱਤਾ। ਫਿਰ ਮੈਂ ਆਪਣੇ ਪਿਓ ਦੇ ਘਰ ਆ ਗਈ। ਪਿਓ ਦੀ ਸਾਰੀ ਜਾਇਦਾਦ ਸਾਂਭ ਲਈ। ਉਸ ਦੀ ਬੰਨ੍ਹੀ ਬਨ੍ਹਾਈ ਪੱਗ ਤੇ ਗੁਟਕਾ ਮੈਂ ਅਜੇ ਤੱਕ ਉਂਝ ਦੇ ਉਂਝ ਸਾਂਭ ਕੇ ਰੱਖੇ ਹੋਏ ਹਨ। ਮੈਂ ਗੁਰਦੁਆਰੇ ਜਾਂਦੀ ਤਾਂ ਮੇਰੇ ਉੱਤੇ ਪਾਬੰਦੀ ਲੱਗ ਗਈ।”
‘‘ਤੂੰ ਇਸਲਾਮ ਦੇ ਦਾਇਰੇ ਵਿੱਚ ਆ ਗਈ ਏਂ, ਤੂੰ ਨਮਾਜ਼ ਪੜਿ੍ਹਆ ਕਰ।’’ ਅਨਵਰ ਆਖਦਾ।
ਫਿਰ ਇੱਕ ਮੌਲਵੀ ਮੈਨੂੰ ਕੁਰਾਨ ਪੜ੍ਹਾਉਣ ਲਈ ਆਉਣ ਲੱਗਾ, ਪਰ ਮੈਂ ਸਵੇਰੇ ਸ਼ਾਮ ਕਿਸੇ ਨਾ ਕਿਸੇ ਬਹਾਨੇ ਗੁਰਦੁਆਰੇ ਦੇ ਬਾਹਰਲੇ ਗੇਟ ਤੱਕ ਆਉਂਦੀ ਅਤੇ ਬੁਰਕੇ ਵਿੱਚੋਂ ਹੀ ਗੁਰੂਘਰ ਨੂੰ ਸਜਦਾ ਕਰਦੀ। ਕਦੇ ਬੱਚਿਆਂ ਨੂੰ ਸਕੂਲ ਛੱਡਣ ਦੇ ਬਹਾਨੇ ਤੇ ਕਦੇ ਦੁੱਧ ਲੈਣ ਦੇ ਬਹਾਨੇ। ਹੁਣ ਪੋਤਰੇ-ਪੋਤਰੀਆਂ ਨੂੰ ਸਕੂਲ ਛੱਡਣ ਦੇ ਬਹਾਨੇ ਗੁਰੂਘਰ ਨੂੰ ਮੱਥਾ ਟੇਕ ਆਉਂਦੀ ਹਾਂ। ਅਨਵਰ ਨੂੰ ਮਰਿਆਂ ਕਈ ਸਾਲ ਹੋ ਗਏ ਹਨ। ਮੈਂ ਹਰ ਗੁਰਪਰਬ ’ਤੇ ਯਾਤਰੀਆਂ ਨੂੰ ਰਾਏ ਬੁਲਾਰ ਦੀ ਕਬਰ ਦੇ ਦਰਸ਼ਨ ਕਰਾਉਣ ਲੈ ਜਾਂਦੀ ਹਾਂ ਅਤੇ ਨਾਲ ਹੀ ਆਪਣੀ ਵਿਥਿਆ ਵੀ ਸੁਣਾਉਂਦੀ ਹਾਂ। ਇਹ ਸੋਚ ਕੇ ਕਿ ਕਦੀ ਨਾ ਕਦੀ ਮੇਰੀ ਇਹ ਵਿਥਿਆ ਸੁਣਨ ਵਾਲਾ ਮੇਰਾ ਕੋਈ ਆਪਣਾ ਵੀ ਹੋਵੇਗਾ। ਸ਼ਾਇਦ ਮੇਰੀਆਂ ਟੁੱਟੀਆਂ ਤੰਦਾਂ ਮੁੜ ਜੁੜ ਜਾਣ।’’
ਅਸੀਂ ਘੁਮਿਆਰਾਂ ਦੀ ਬਸਤੀ ਨੂੰ ਪਿੱਛੇ ਛੱਡ ਆਏ ਸਾਂ। ਹੁਣ ਅਸੀਂ ਢੱਕੀ ਦੇ ਸਿਖ਼ਰ ’ਤੇ ਸਾਂ। ਇਸ ਟਿੱਬੇ ’ਤੇ ਕਬਰਾਂ ਹੀ ਕਬਰਾਂ ਹਨ, ਪਰ ਇੱਕ ਕਬਰ ਦੂਰੋਂ ਹੀ ਦਿਸ ਪੈਂਦੀ ਹੈ, ਜਿਸ ਨੂੰ ਮਲੇਸ਼ੀਆ ਤੋਂ ਆਏ ਸਿੱਖਾਂ ਨੇ ਸੰਵਾਰਿਆ ਹੈ ਅਤੇ ਹੇਠਾਂ ਲਿਖਿਆ ਹੈ ‘ਮਕਬਰਾ-ਏ ਸੱਯਦ ਰਾਏ ਬੁਲਾਰ’। ਮੁੜਦੀ ਵਾਰ ਅਸੀਂ ਸਾਰੇ ਖ਼ਾਮੋਸ਼ ਸਾਂ। ਪਤਾ ਨਹੀਂ ਇਹ ਨਸੀਬੋ ਦੀ ਕਹਾਣੀ ਦਾ ਅਸਰ ਸੀ ਜਾਂ ਰਾਏ ਬੁਲਾਰ ਦੀ ਕਬਰ ਦੀ ਖ਼ਾਮੋਸ਼ੀ ਦਾ। ਅਸੀਂ ਮੁੜ ਗੁਰਦੁਆਰੇ ਦੇ ਗੇਟ ਕੋਲ ਪੁੱਜ ਗਏ ਸਾਂ। ਨਸੀਬੋ ਨਮ ਅੱਖਾਂ ਨਾਲ ਹੱਥ ਹਿਲਾ ਕੇ ਅਲਵਿਦਾ ਕਹਿ ਰਹੀ ਸੀ। ਇਸ ਵੇਲੇ ਉਸ ਦੇ ਮੂੰਹ ’ਤੇ ਬੁਰਕਾ ਨਹੀਂ ਸੀ।
- ਹਥਲੀ ਕਹਾਣੀ ਡਾ. ਕੁਸੁਮ ਵੱਲੋਂ ਸੰਪਾਦਿਤ ਪੁਸਤਕ ‘ਤ੍ਰਾਸਦੀ-1947’ ਵਿੱਚੋਂ ਲਈ ਗਈ ਹੈ। ਇਹ ਪੁਸਤਕ ਚੇਤਨਾ ਪ੍ਰਕਾਸ਼ਨ, ਲੁਧਿਆਣਾ ਨੇ ਛਾਪੀ ਹੈ।

