ਦਲੇਰ ਆਗੂ ਨੇਤਾ ਜੀ ਸੁਭਾਸ਼ ਚੰਦਰ ਬੋਸ
ਆਪਣੇ ਮੁਲਕ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਨੂੰ ਵਾਚਦਿਆਂ ਮਨ ਵਿੱਚ ਮੁੜ-ਮੁੜ ਇਹ ਸਵਾਲ ਉੱਠਦਾ ਹੈ ਕਿ ਸਾਡੇ ਮੁਲਕ ਦੇ ਲੋਕ ਇਸ ਗੱਲ ਨੂੰ ਐਨੀ ਛੇਤੀ ਕਿਉਂ ਭੁੱਲ ਗਏ ਹਨ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿੰਨੀਆਂ ਘਾਲਣਾਵਾਂ ਘਾਲਣੀਆਂ ਪਈਆਂ...
ਆਪਣੇ ਮੁਲਕ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਨੂੰ ਵਾਚਦਿਆਂ ਮਨ ਵਿੱਚ ਮੁੜ-ਮੁੜ ਇਹ ਸਵਾਲ ਉੱਠਦਾ ਹੈ ਕਿ ਸਾਡੇ ਮੁਲਕ ਦੇ ਲੋਕ ਇਸ ਗੱਲ ਨੂੰ ਐਨੀ ਛੇਤੀ ਕਿਉਂ ਭੁੱਲ ਗਏ ਹਨ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿੰਨੀਆਂ ਘਾਲਣਾਵਾਂ ਘਾਲਣੀਆਂ ਪਈਆਂ ਸਨ। ਕਿੰਨੇ ਦੇਸ਼ਭਗਤਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ ਸੀ। ਆਜ਼ਾਦੀ ਦੇ ਘੋਲ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਕੇ ਦੇਸ਼ ਲਈ ਫ਼ਿਕਰਮੰਦ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਕਿੰਨਾ ਚੰਗਾ ਹੁੰਦਾ ਕਿ ਆਜ਼ਾਦੀ ਲਈ ਕੀਤੇ ਵੱਡੇ ਸੰਘਰਸ਼ ਦੀ ਕੀਮਤ ਨੂੰ ਯਾਦ ਰੱਖਿਆ ਹੁੰਦਾ। ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ’ਚੋਂ ਇੱਕ ਘਟਨਾ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਹਿਦੇਕੀ ਤੋਜੋ ਦੀ ਮੁਲਾਕਾਤ ਦੀ ਹੈ। ਇਹ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਹੌਸਲੇ, ਆਤਮ-ਵਿਸ਼ਵਾਸ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ। ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਪਹਿਲੀ ਵਾਰ ਜਪਾਨ ਦੇ ਪ੍ਰਧਾਨ ਮੰਤਰੀ ਹਿਦੇਕੀ ਤੋਜੋ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਵਿੱਚ ਗਏ ਤਾਂ ਹਿਦੇਕੀ ਤੋਜੋ ਦੇ ਮਨ ਵਿੱਚ ਇਹ ਗ਼ਲਤਫਹਿਮੀ ਸੀ ਕਿ ਕੋਈ ਸਾਧਾਰਨ ਜਿਹਾ ਨੇਤਾ ਆਪਣੇ ਮੁਲਕ ਦੀ ਆਜ਼ਾਦੀ ਲਈ ਸਹਾਇਤਾ ਅਤੇ ਹਮਦਰਦੀ ਮੰਗਣ ਲਈ ਉਨ੍ਹਾਂ ਕੋਲ ਆ ਰਿਹਾ ਹੈ, ਪਰ ਜਿਉਂ ਹੀ ਨੇਤਾ ਜੀ ਪ੍ਰਧਾਨ ਮੰਤਰੀ ਦੇ ਕਮਰੇ ’ਚ ਦਾਖ਼ਲ ਹੋਏ ਤਾਂ ਕਮਰੇ ਦਾ ਮਾਹੌਲ ਹੀ ਬਦਲ ਗਿਆ। ਇੰਜ ਜਾਪਦਾ ਸੀ ਕਿ ਕਮਰੇ ’ਚ ਤਾਜ਼ਗੀ ਅਤੇ ਊਰਜਾ ਆ ਗਈ ਹੋਵੇ। ਨੇਤਾ ਜੀ ਦੀਆਂ ਅੱਖਾਂ ਵਿੱਚ ਅਨੋਖਾ ਤੇਜ ਸੀ, ਜਿਸ ’ਚ ਮੁਲਕ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਕਾਹਲ, ਜਜ਼ਬਾ ਅਤੇ ਸੰਕਲਪ ਝਲਕ ਰਹੇ ਸਨ।
ਉਨ੍ਹਾਂ ਦੀ ਆਵਾਜ਼ ਵਿੱਚ ਉਹ ਦਰਦ ਅਤੇ ਜੋਸ਼ ਸੀ, ਜਿਸ ਵਿੱਚ ਭਾਰਤ ਦੇ ਕਰੋੜਾਂ ਲੋਕਾਂ ਦੀਆਂ ਉਮੀਦਾਂ ਸਨ। ਪ੍ਰਧਾਨ ਮੰਤਰੀ ਹਿਦੇਕੀ ਤੋਜੋ ਨੇ ਪਹਿਲੀ ਵਾਰ ਕਿਸੇ ਗ਼ੁਲਾਮ ਮੁਲਕ ਦੇ ਨੇਤਾ ਵਿੱਚ ਆਤਮ-ਵਿਸ਼ਵਾਸ, ਉਤਸ਼ਾਹ ਅਤੇ ਮਜ਼ਬੂਤੀ ਦੇਖੀ ਸੀ। ਪ੍ਰਧਾਨ ਮੰਤਰੀ ਨੂੰ ਲੱਗਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਉਨ੍ਹਾਂ ਨੂੰ ਸਹਾਇਤਾ ਲਈ ਬੇਨਤੀ ਕਰਨਗੇ, ਪਰ ਨੇਤਾ ਜੀ ਦਾ ਗੱਲ ਕਰਨ ਦਾ ਅੰਦਾਜ਼ ਹੀ ਵੱਖਰਾ ਸੀ। ਉਨ੍ਹਾਂ ਨੇ ਮੇਜ਼ ਉੱਤੇ ਹੱਥ ਰੱਖਦਿਆਂ ਕਿਹਾ ਕਿ ਜਪਾਨ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਥ ਦੇਵੇ ਜਾਂ ਨਾ ਦੇਵੇ, ਪਰ ਭਾਰਤ ਦੀ ਆਜ਼ਾਦੀ ਨਿਸ਼ਚਿਤ ਹੈ; ਫ਼ਰਕ ਸਿਰਫ਼ ਐਨਾ ਹੀ ਹੋਵੇਗਾ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ’ਚ ਜਪਾਨ ਦਾ ਨਾਂ ਸਾਥੀ ਦੇ ਰੂਪ ’ਚ ਲਿਖਿਆ ਜਾਵੇਗਾ ਜਾਂ ਨਹੀਂ। ਨੇਤਾ ਜੀ ਦੇ ਇਹ ਸ਼ਬਦ ਸੁਣ ਕੇ ਪ੍ਰਧਾਨ ਮੰਤਰੀ ਤੋਜੋ ਹੈਰਾਨ ਰਹਿ ਗਏ।
ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਸੁਭਾਸ਼ ਚੰਦਰ ਬੋਸ ਅਜਿਹੇ ਵਿਅਕਤੀ ਨਹੀਂ ਹਨ, ਜੋ ਸਹਾਇਤਾ ਦੀ ਭੀਖ ਮੰਗਣ ਆਏ ਹਨ। ਉਹ ਤਾਂ ਇਤਿਹਾਸ ਰਚਣ ਦਾ ਸੰਕਲਪ ਕਰ ਚੁੱਕੇ ਹਨ। ਗੱਲ ਅੱਗੇ ਵਧਣ ’ਤੇ ਨੇਤਾ ਜੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਨੂੰ ਸੈਨਿਕ ਨਹੀਂ ਸਗੋਂ ਸ਼ੇਰ ਵਾਂਗ ਲੜਨ ਵਾਲੇ ਜਵਾਨ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਸੈਨਾ ਦੀਆਂ ਕਿੰਨੀਆਂ ਟੁਕੜੀਆਂ ਚਾਹੀਦੀਆਂ ਹਨ। ਨੇਤਾ ਜੀ ਅੱਗੋਂ ਹੱਸ ਕੇ ਬੋਲੇ, ‘‘ਸਾਨੂੰ ਤੁਹਾਡੀ ਸੈਨਾ ਦੀਆਂ ਟੁਕੜੀਆਂ ਨਹੀਂ ਚਾਹੀਦੀਆਂ ਸਗੋਂ ਸਾਨੂੰ ਤਾਂ ਤੁਹਾਡਾ ਐਨਾ ਕੁ ਸਹਿਯੋਗ ਚਾਹੀਦਾ ਹੈ ਕਿ ਅਸੀਂ ਆਪਣੇ ਨੌਜਵਾਨਾਂ ’ਚ ਅਜਿਹਾ ਹੌਸਲਾ ਅਤੇ ਆਤਮ-ਵਿਸ਼ਵਾਸ ਭਰ ਸਕੀਏ ਕਿ ਉਹ ਸ਼ੇਰ ਵਾਂਗ ਦੇਸ਼ ਦੀ ਆਜ਼ਾਦੀ ਲਈ ਲੜ ਸਕਣ।’’ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਦੀਆਂ ਗੱਲਾਂ ਦੀ ਗਹਿਰਾਈ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਸਮਝ ਆ ਗਿਆ ਕਿ ਉਨ੍ਹਾਂ ਸਾਹਮਣੇ ਬੈਠਾ ਵਿਅਕਤੀ ਕੋਈ ਸਾਧਾਰਨ ਇਨਸਾਨ ਨਹੀਂ ਹੈ। ਨੇਤਾ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਹੱਥ ਮਿਲਾ ਕੇ ਕਿਹਾ ਕਿ ਤੁਹਾਡੇ ਨਾਲ ਰਹਿ ਕੇ ਕੋਈ ਵੀ ਵਿਅਕਤੀ ਨਿਰਪੱਖ ਨਹੀਂ ਰਹਿ ਸਕਦਾ; ਕੋਈ ਵੀ ਵਿਅਕਤੀ ਜਾਂ ਤਾਂ ਵਿਰੋਧੀ ਹੋਵੇਗਾ ਜਾਂ ਫੇਰ ਸਹਿਯੋਗੀ। ਜਪਾਨ ਨੇ ਸੁਭਾਸ਼ ਚੰਦਰ ਬੋਸ ਨੂੰ ਯੋਧੇ ਅਤੇ ਸੱਚੇ ਸਾਥੀ ਵਾਂਗ ਕਬੂਲ ਕੀਤਾ।
ਨੇਤਾ ਜੀ ਇੱਕ ਅਜਿਹੇ ਕ੍ਰਾਂਤੀਕਾਰੀ ਸਨ, ਜਿਨ੍ਹਾਂ ਲਈ ਦੇਸ਼ ਇੱਕ ਭੂ-ਭਾਗ ਨਹੀਂ ਸੀ ਸਗੋਂ ਉਨ੍ਹਾਂ ਨੂੰ ਆਪਣੀ ਜੰਮਣ ਭੋਇੰ ’ਤੇ ਮਾਣ ਸੀ। ਉਨ੍ਹਾਂ ਲਈ ਦੇਸ਼ ਦੀ ਆਜ਼ਾਦੀ ਸਭ ਤੋਂ ਵੱਡਾ ਉਦੇਸ਼, ਸੰਘਰਸ਼ ਤੇ ਫਰਜ਼ ਸੀ। ਨੇਤਾ ਜੀ ਦੇ ਦੇਸ਼ ਦੀ ਆਜ਼ਾਦੀ ਪ੍ਰਤੀ ਆਤਮ-ਵਿਸ਼ਵਾਸ, ਹੌਸਲੇ ਅਤੇ ਦ੍ਰਿੜ੍ਹ ਸੰਕਲਪ ਨੂੰ ਦੇਖ ਕੇ ਸਾਰੀ ਦੁਨੀਆ ਇਹ ਗੱਲ ਮੰਨਦੀ ਸੀ ਕਿ ਭਾਰਤ ਇੱਕ ਦਿਨ ਆਜ਼ਾਦ ਜ਼ਰੂਰ ਹੋਵੇਗਾ।
ਸੰਪਰਕ: 98726-27136
