DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਹਿਕਦਾ ਗੁਲਾਬ

ਅਜੀਤ ਸਿੰਘ ਅਤੇ ਅੰਮ੍ਰਿਤਾ ਦੇ ਵਿਆਹ ਤੋਂ 12 ਸਾਲ ਬਾਅਦ ਕਈ ਸੁੱਖਣਾ ਸੁੱਖਣ ’ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਜਨਮ ਤੋਂ ਹੀ ਇਹ ਬੱਚਾ ਬਹੁਤ ਕਮਜ਼ੋਰ ਸੀ। ਡਾਕਟਰ ਨੇ ਕਹਿ ਦਿੱਤਾ ਕਿ ਇਹ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਹੈ...

  • fb
  • twitter
  • whatsapp
  • whatsapp
Advertisement

ਅਜੀਤ ਸਿੰਘ ਅਤੇ ਅੰਮ੍ਰਿਤਾ ਦੇ ਵਿਆਹ ਤੋਂ 12 ਸਾਲ ਬਾਅਦ ਕਈ ਸੁੱਖਣਾ ਸੁੱਖਣ ’ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਜਨਮ ਤੋਂ ਹੀ ਇਹ ਬੱਚਾ ਬਹੁਤ ਕਮਜ਼ੋਰ ਸੀ। ਡਾਕਟਰ ਨੇ ਕਹਿ ਦਿੱਤਾ ਕਿ ਇਹ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਹੈ ਤੇ ਸਮੇਂ ਸਿਰ ਜੇਕਰ ਇਸ ਦੀ ਹਾਲਤ ਵਿੱਚ ਸੁਧਾਰ ਨਾ ਆਇਆ ਤਾਂ ਇਹ ਲੰਮਾ ਸਮਾਂ ਨਹੀਂ ਜਿਊਂ ਸਕੇਗਾ। ਉਸ ਇਹ ਵੀ ਸਮਝਾਇਆ ਕਿ ਮਾਂ-ਪਿਉ ਨੂੰ ਬੱਚੇ ਦੀ ਦੇਖਭਾਲ ਕਰਨ ਵੇਲੇ ਬਹੁਤ ਧਿਆਨ ਰੱਖਣ ਦੀ ਲੋੜ ਹੈ। ਗਰਭ ਕਾਲ ਦੌਰਾਨ ਬੱਚੇ ਦਾ ਸਹੀ ਵਿਕਾਸ ਨਹੀਂ ਸੀ ਹੋ ਸਕਿਆ, ਜਿਸ ਕਰ ਕੇ ਬੱਚੇ ਦਾ ਚਿਹਰਾ ਮੋਹਰਾ ਸਹੀ ਢੰਗ ਨਾਲ ਵਿਕਸਿਤ ਨਹੀਂ ਸੀ ਹੋ ਸਕਿਆ। ਜੋ ਕੋਈ ਉਨ੍ਹਾਂ ਦੇ ਘਰ ਵਧਾਈ ਦੇਣ ਆਉਂਦਾ, ਉਹ ਬੱਚੇ ਨੂੰ ਦੇਖ ਕੇ ਮੂੰਹ ਫੇਰ ਲੈਂਦਾ। ਬਾਹਰ ਜਾ ਕੇ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ‘‘ਬਾਰਾਂ ਸਾਲਾਂ ਬਾਅਦ ਬੱਚਾ ਜੰਮਿਆ, ਉਹ ਵੀ ਇਹੋ ਜਿਹਾ।’’ ਬੱਚਾ ਚਾਹੇ ਜਿਹੋ ਜਿਹਾ ਵੀ ਸੀ ਪਰ ਮਾਂ-ਪਿਉ ਲਈ ਤਾਂ ਸੁੱਖਾਂ ਲੱਧਾ ਪੁੱਤਰ ਸੀ। ਇੱਕ ਮਾਂ ਦੀ ਨਿਗਾਹ ਵਿੱਚ ਉਸ ਦਾ ਬੱਚਾ ਹਰ ਹਾਲਤ ਵਿੱਚ ਸੋਹਣਾ ਹੀ ਹੁੰਦਾ ਹੈ। ਇਸ ਲਈ ਅੰਮ੍ਰਿਤਾ ਨੇ ਉਸ ਦਾ ਨਾਮ ਗੁਲਾਬ ਸਿੰਘ ਰੱਖਿਆ।

‘ਜਿਸ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ।’ ਅਜੀਤ ਤੇ ਅੰਮ੍ਰਿਤਾ ਦੀ ਸੁਚੱਜੀ ਪਰਵਰਿਸ਼ ਸਦਕਾ ਗੁਲਾਬ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ। ਉਹ ਹੁਣ ਦਿਨੋਂ ਦਿਨ ਤੰਦਰੁਸਤ ਹੁੰਦਾ ਜਾ ਰਿਹਾ ਸੀ। ਸਮੇਂ ਨਾਲ ਉਸ ਦਾ ਸਰੀਰ ਵੀ ਵਧਣ ਫੁੱਲਣ ਲੱਗਿਆ, ਪਰ ਹਾਲੇ ਆਪਣੀ ਉਮਰ ਦੇ ਹੋਰਨਾਂ ਬੱਚਿਆਂ ਦੇ ਬਰਾਬਰ ਨਹੀਂ ਸੀ ਹੋ ਸਕਿਆ। ਸਰੀਰ ਉਸ ਦਾ ਹਾਲੀ ਵੀ ਕਮਜ਼ੋਰ ਹੀ ਸੀ। ਪੰਜ ਸਾਲ ਦੀ ਉਮਰ ਵਿੱਚ ਉਸ ਨੂੰ ਸਕੂਲੇ ਪੜ੍ਹਨੇ ਪਾਇਆ ਗਿਆ। ਉਸ ਦੇ ਸਾਥੀ ਉਸ ਦੇ ਨਿਰਬਲ ਸਰੀਰ ਨੂੰ ਦੇਖ ਕੇ ਉਸ ਦਾ ਮਜ਼ਾਕ ਉਡਾਉਂਦੇ। ਸਕੂਲ ਵਿੱਚ ਬੱਚਿਆਂ ਨੇ ਉਸ ਦਾ ਨਾਂ ‘ਲਿੱਸਾ’ ਪਕਾ ਲਿਆ ਸੀ। ਹੁਣ ਜ਼ਿਆਦਾਤਰ ਲੋਕ ਉਸ ਨੂੰ ਲਿੱਸਾ ਨਾਂ ਨਾਲ ਹੀ ਜਾਣਦੇ ਸਨ। ਜਿਵੇਂ ਜਿਵੇਂ ਗੁਲਾਬ ਵੱਡਾ ਹੋਇਆ, ਉਸ ’ਤੇ ਇਨ੍ਹਾਂ ਟਿੱਚਰਾਂ ਦਾ ਅਸਰ ਹੋਣ ਲੱਗਿਆ। ਉਹ ਅਕਸਰ ਆਪਣੇ ਇਸ ਨਾਂ ਕਾਰਨ ਬਹੁਤ ਦੁਖੀ ਹੋ ਜਾਂਦਾ, ਪਰ ਉਹ ਕੁਝ ਕਰ ਨਹੀਂ ਸੀ ਸਕਦਾ। ਭਾਵੇਂ ਉਹ ਸਰੀਰ ਦਾ ਲਿੱਸਾ ਸੀ, ਪਰ ਆਪਣੇ ਨਾਂ ਦੀ ਟਿੱਚਰ ਸੁਣ ਕੇ ਉਸ ਦਾ ਦਿਲ ਕਰਦਾ ਕਿ ਟਿੱਚਰ ਕਰਨ ਵਾਲੇ ਨੂੰ ਚੁੱਕ ਕੇ ਧਨੇਸੜੀ ਦੇ ਛੱਡੇ ਤੇ ਉਸ ਦੀ ਧੌਣ ’ਤੇ ਗੋਡਾ ਰੱਖ ਕੇ ਪੁੱਛੇ, ‘‘ਹੁਣ ਦੱਸ ਲਿੱਸਾ ਕਿਸ ਨੂੰ ਆਖਿਆ?’’

Advertisement

ਖ਼ੁਦ ਨੂੰ ਤੰਦਰੁਸਤ ਰੱਖਣ ਦੀ ਉਸ ਦੀ ਇੱਛਾ ਇੰਨੀ ਪ੍ਰਬਲ ਸੀ ਕਿ ਉਹ ਰੋਜ਼ਾਨਾ ਸਵੇਰੇ ਉੱਠ ਕੇ ਸੈਰ ਤੇ ਵਰਜ਼ਿਸ਼ ਕਰਦਾ। ਉਸ ਦੀ ਲਗਨ ਤੇ ਮਿਹਨਤ ਸਦਕਾ ਉਸ ਦਾ ਸਰੀਰ ਹੌਲੀ ਹੌਲੀ ਸੁਡੋਲ ਹੋਣ ਲੱਗਿਆ। ਟਿੱਚਰਾਂ ਕਰਨ ਵਾਲੇ ਬੱਚਿਆਂ ਤੋਂ ਦੂਰੀ ਬਣਾਉਣ ਕਾਰਨ ਉਹ ਅਕਸਰ ਆਪਣਾ ਜ਼ਿਆਦਾ ਸਮਾਂ ਪੜ੍ਹਨ ਵਿੱਚ ਲੰਘਾਉਂਦਾ। ਇਸ ਸਦਕਾ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਵੀ ਹੋ ਗਿਆ ਸੀ।

Advertisement

ਦਿਨ, ਮਹੀਨੇ, ਸਾਲ ਲੰਘਦੇ ਗਏ ਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਨ ਲੱਗਿਆ। ਇੱਕ ਦਿਨ ਮਾਸਟਰ ਨੇ ਐਲਾਨ ਕੀਤਾ ਕਿ ਸਕੂਲ ਦੇ ਬੱਚਿਆਂ ਦੀ ਇੱਕ ਅਥਲੈਟਿਕ ਟੀਮ ਬਣਾਉਣੀ ਹੈ ਜੋ ਜ਼ਿਲ੍ਹਾ ਪੱਧਰ ਖੇਡਾਂ ਵਿੱਚ ਹਿੱਸਾ ਲਵੇਗੀ। ਗੁਲਾਬ ਸਿੰਘ ਨੇ ਵੀ ਮਾਸਟਰ ਨੂੰ ਆਪਣਾ ਨਾਂ ਦਰਜ ਕਰਨ ਦੀ ਬੇਨਤੀ ਕੀਤੀ। ਸਾਰੇ ਲੜਕੇ ਇਹ ਸੁਣ ਕੇ ਹੱਸਣ ਲੱਗੇ। ਪੀ ਟੀ ਮਾਸਟਰ ਵੀ ਮੁਸਕਰਾਇਆ, ਪਰ ਉਸ ਨੇ ਗੁਲਾਬ ਦਾ ਹੌਸਲਾ ਵਧਾਉਣ ਲਈ ਉਸ ਦਾ ਨਾਮ ਦਰਜ ਕਰ ਲਿਆ। ਗੁਲਾਬ ਸਾਥੀ ਮੁੰਡਿਆਂ ਦੇ ਬੋਲਾਂ ਤੋਂ ਬਹੁਤ ਨਿਰਾਸ਼ ਹੋਇਆ। ਜਦ ਉਸ ਦੀ ਮਾਂ ਨੇ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਦਾ ਰੋਣਾ ਹੀ ਨਿਕਲ ਗਿਆ। ਉਸ ਨੇ ਮਾਂ ਨੂੰ ਦੱਸਿਆ ਕਿ ਸਾਰੇ ਆਖਦੇ ਹਨ ਕਿ ਉਹ ਦੌੜ ਨਹੀਂ ਸਕੇਗਾ।

ਮਾਂ ਨੇ ਉਸ ਦੀ ਪਿੱਠ ਪਲੋਸਦਿਆਂ ਕਿਹਾ, ‘‘ਸਾਨੂੰ ਸਿਰਫ਼ ਆਪਣੇ ਕਰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕ ਸਾਨੂੰ ਭਾਵੇਂ ਲੱਖਾਂ ਗੱਲਾਂ ਆਖਣ, ਪਰ ਸਾਨੂੰ ਖ਼ੁਦ ’ਤੇ ਭਰੋਸਾ ਕਰਦੇ ਹੋਏ ਸਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਤੂੰ ਆਪਣਾ ਇਰਾਦਾ ਪੱਕਾ ਰੱਖ ਅਤੇ ਸਵੇਰੇ ਸ਼ਾਮ ਦੌੜਨ ਦਾ ਅਭਿਆਸ ਕਰ, ਫਿਰ ਦੇਖੀਂ ਤੂੰ ਸਭ ਤੋਂ ਅੱਗੇ ਨਿਕਲ ਜਾਵੇਂਗਾ। ਮੈਂ ਜਾਣਦੀ ਹਾਂ ਕਿ ਮੇਰਾ ਪੁੱਤਰ ਦੌੜੇਗਾ ਹੀ ਨਹੀਂ ਸਗੋਂ ਉੱਡੇਗਾ ਵੀ।’’

ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਗੁਲਾਬ ਨੂੰ ਬਹੁਤ ਹੌਸਲਾ ਮਿਲਿਆ। ਹੁਣ ਉਹ ਸਵੇਰੇ ਸ਼ਾਮ ਪੂਰੀ ਲਗਨ ਨਾਲ ਦੌੜਨ ਲੱਗਾ। ਨਤੀਜਾ ਇਹ ਨਿਕਲਿਆ ਕਿ ਉਹ ਜ਼ਿਲ੍ਹਾ ਪੱਧਰ ਦੀਆਂ ਦੌੜਾਂ ਵਿੱਚ ਦੂਜੇ ਨੰਬਰ ’ਤੇ ਆਇਆ। ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦਾ ਸੁਆਗਤ ਕੀਤਾ। ਗੁਲਾਬ ਦਾ ਹੌਸਲਾ ਵਧਿਆ। ਇਸ ਤੋਂ ਬਾਅਦ ਸੂਬਾ ਪੱਧਰ ਦੀਆਂ ਦੌੜਾਂ ਵਿੱਚ ਉਹ ਸਭ ਤੋਂ ਅੱਗੇ ਨਿਕਲ ਗਿਆ ਤੇ ਪਹਿਲੇ ਨੰਬਰ ’ਤੇ ਆਇਆ। ਸਭ ਪਾਸਿਉਂ ਉਸ ਦੀ ਬਹੁਤ ਸ਼ਲਾਘਾ ਹੋਈ। ਗੁਲਾਬ ਗੱਭਰੂ ਜਵਾਨ ਹੋ ਗਿਆ ਸੀ। ਉਸ ਦਾ ਸਰੀਰ ਵੀ ਹੁਣ ਭਰ ਗਿਆ ਸੀ ਤੇ ਦੌੜਨ ਕਰਕੇ ਉਸ ਦੀਆਂ ਲੱਤਾਂ ਵੀ ਹੁਣ ਪਹਿਲਾਂ ਵਾਂਗ ਮਰੀਅਲ ਨਹੀਂ ਸੀ ਲੱਗਦੀਆਂ। ਜੋ ਲੜਕੇ ਉਸ ਦਾ ਮਜ਼ਾਕ ਉਡਾਉਂਦੇ ਸਨ, ਉਹ ਵੀ ਹੁਣ ਉਸ ਦੀ ਦੌੜ ਨੂੰ ਵੇਖ ਕੇ ਹੈਰਾਨ ਸਨ। ਸੂਬਾ ਪੱਧਰੀ ਦੌੜਾਂ ਵਿੱਚ ਸ਼ੇਰ ਸਿੰਘ ਨਾਮ ਦਾ ਇੱਕ ਲੜਕਾ ਵੀ ਹਿੱਸਾ ਲੈਂਦਾ ਸੀ, ਜੋ ਗੁਲਾਬ ਦੇ ਅੱਵਲ ਆਉਣ ਕਾਰਨ ਹੁਣ ਦੋਇਮ ਰਹਿਣ ਲੱਗ ਪਿਆ ਸੀ। ਸਾਰੇ ਉਸ ਨੂੰ ਸ਼ੇਰਾ ਕਹਿ ਕੇ ਬੁਲਾਉਂਦੇ ਸਨ। ਉਹ ਇੱਗ ਚੰਗਾ ਦੌੜਾਕ ਸੀ, ਪਰ ਉਸ ਨੂੰ ਆਪਣੇ ਵਿਧਾਇਕ ਪਿਤਾ ਦੇ ਅਹੁਦੇ ਦਾ ਬਹੁਤ ਘੁਮੰਢ ਸੀ। ਗੁਲਾਬ ਦਾ ਦੌੜਾਂ ਵਿੱਚ ਅੱਵਲ ਆਉਣਾ ਉਸ ਨੂੰ ਆਪਣੀ ਹੇਠੀ ਲੱਗਦਾ ਸੀ। ਉਹ ਚਾਹੁੰਦਾ ਸੀ ਕਿ ਗੁਲਾਬ ਦੌੜਨ ਤੋਂ ਅਸਮਰੱਥ ਹੋ ਜਾਵੇ ਤਾਂ ਜੋ ਉਹ ਉਸ ਤੋਂ ਅੱਗੇ ਨਿਕਲ ਜਾਵੇ।

ਸ਼ੇਰੇ ਨੂੰ ਇਹ ਮੌਕਾ ਛੇਤੀ ਹੀ ਮਿਲ ਗਿਆ। ਇੱਕ ਸ਼ਾਮ ਗੁਲਾਬ ਪੈਦਲ ਸਬਜ਼ੀ ਲੈਣ ਜਾ ਰਿਹਾ ਸੀ। ਸਾਹਮਣੇ ਤੋਂ ਸ਼ੇਰਾ ਸਕੂਟਰ ’ਤੇ ਆ ਰਿਹਾ ਸੀ। ਉਸ ਨੇ ਜਾਣ-ਬੁੱਝ ਕੇ ਗੁਲਾਬ ਨੂੰ ਟੱਕਰ ਮਾਰ ਦਿੱਤੀ। ਸਕੂਟਰ ਦਾ ਪਿਛਲਾ ਚੱਕਾ ਗੁਲਾਬ ਦੀ ਸੱਜੀ ਲੱਤ ਦੇ ਉੱਤੋਂ ਲੰਘ ਗਿਆ। ਗੁਲਾਬ ਨੂੰ ਬਹੁਤ ਸੱਟ ਲੱਗੀ, ਉਹ ਲਹੂ-ਲੁਹਾਣ ਹੋ ਗਿਆ। ਲੋਕਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਸ਼ੇਰਾ ਸਕੂਟਰ ਭਜਾ ਕੇ ਲੈ ਗਿਆ। ਕਿਸੇ ਭਲੇ ਬੰਦੇ ਨੇ ਗੁਲਾਬ ਨੂੰ ਹਸਪਤਾਲ ਐਮਰਜੈਂਸੀ ਵਿੱਚ ਦਾਖਲ ਕਰਵਾਇਆ। ਗੁਲਾਬ ਦੀ ਸੱਜੀ ਲੱਤ ਦੀ ਹੱਡੀ ਚੂਰ-ਚੂਰ ਹੋ ਗਈ ਸੀ। ਇਹ ਸੱਟ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੂੰ ਉਸ ਦੀ ਸੱਜੀ ਲੱਤ ਗੋਡੇ ਉੱਤੋਂ ਕੱਟਣੀ ਪਈ।

ਦੋ ਮਹੀਨੇ ਹਸਪਤਾਲ ਰਹਿਣ ਮਗਰੋਂ ਗੁਲਾਬ ਦੁਖੀ ਮਨ ਨਾਲ ਘਰ ਪਰਤਿਆ। ਲੱਤ ਦੇ ਨਾਲ ਹੀ ਉਸ ਦੀ ਜ਼ਿੰਦਗੀ ਦੇ ਸਾਰੇ ਸੁਪਨੇ ਵੀ ਟੁੱਟ ਗਏ ਸਨ। ਉਸ ਦੀ ਦੁਨੀਆ ਹਨੇਰੀ ਹੋ ਗਈ ਸੀ ਪਰ ਉਸ ਦੇ ਮਾਂ-ਪਿਉ ਨੇ ਦਿਲ ਨਾ ਛੱਡਿਆ। ਅਜੀਤ ਸਿੰਘ ਨੇ ਉਦਾਸ ਪੁੱਤਰ ਦਾ ਮੂੰਹ ਵੇਖ ਕੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ, ‘‘ਬੇਟਾ ਹੌਸਲਾ ਨਹੀਂ ਛੱਡੀਦਾ। ਰੱਬ ਦਾ ਸ਼ੁਕਰ ਹੈ ਕਿ ਤੇਰੀ ਜਾਨ ਬਚ ਗਈ। ਤੂੰ ਉਨ੍ਹਾਂ ਲੋਕਾਂ ਵੱਲ ਵੇਖ, ਜਿਨ੍ਹਾਂ ਦੀਆਂ ਦੋਵੇਂ ਲੱਤਾਂ ਨਹੀਂ ਹਨ, ਪਰ ਉਹ ਵੀ ਆਪਣਾ ਹੌਸਲਾ ਨਹੀਂ ਛੱਡਦੇ। ਤੈਨੂੰ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਮੁੜ ਸ਼ੁਰੂ ਕਰਨ ਬਾਰੇ ਸੋਚਣਾ ਚਾਹੀਦਾ ਹੈ।’’ ਹੌਲੀ ਹੌਲੀ ਗੁਲਾਬ ਨੇ ਮੰਜੇ ਤੋਂ ਉੱਠਣ ਦਾ ਯਤਨ ਆਰੰਭਿਆ। ਪਿਤਾ ਨੇ ਗੁਲਾਬ ਦੇ ਸਟੀਲ ਦੀ ਨਕਲੀ ਲੱਤ ਲਗਵਾ ਦਿੱਤੀ, ਜਿਸ ਵਿੱਚ ਗੁਲਾਬ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਤਕਨੀਕੀ ਸੁਧਾਰ ਕਰਵਾਏ ਗਏ ਸਨ। ਇਸ ਨੂੰ ਪੱਟ ’ਤੇ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ ਤੇ ਇਹ ਗੋਡੇ ਤੋਂ ਪੂਰੀ ਤਰ੍ਹਾਂ ਮੁੜਦੀ ਸੀ। ਜਦੋਂ ਗੁਲਾਬ ਇਸ ਉੱਪਰ ਪੈਂਟ ਪਾ ਕੇ ਬੂਟ ਪਾ ਲੈਂਦਾ ਤਾਂ ਪਤਾ ਹੀ ਨਾ ਲੱਗਦਾ ਕਿ ਉਸ ਦੀ ਇੱਕ ਲੱਤ ਨਕਲੀ ਹੈ। ਗੁਲਾਬ ਨੇ ਹੌਲੀ ਹੌਲੀ ਇਸ ਨਕਲੀ ਲੱਤ ਨਾਲ ਤੁਰਨ ਫਿਰਨ ਦੀ ਆਦਤ ਪਾ ਲਈ। ਹੁਣ ਉਸ ਨੂੰ ਇਹ ਕੋਈ ਓਪਰੀ ਵਸਤ ਨਹੀਂ ਸੀ ਲਗਦੀ, ਸਗੋਂ ਆਪਣਾ ਅੰਗ ਹੀ ਜਾਪਣ ਲੱਗ ਪਈ ਸੀ। ਸਮੇਂ ਦੇ ਨਾਲ ਨਾਲ ਉਸ ਦਾ ਹੌਸਲਾ ਵੀ ਵਧਿਆ। ਉਸ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਉਸ ਅੰਦਰ ਦੌੜਨ ਦੀ ਤਮੰਨਾ ਨੇ ਮੁੜ ਅੰਗੜਾਈ ਲਈ। ਇਸ ਵਾਰ ਉਸ ਨੇ ਮੁੜ ਪੀ ਟੀ ਮਾਸਟਰ ਨੂੰ ਦੌੜਾਂ ਵਿੱਚ ਆਪਣਾ ਨਾਮ ਦਰਜ ਕਰਨ ਦੀ ਬੇਨਤੀ ਕੀਤੀ। ਪੀ ਟੀ ਮਾਸਟਰ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਨਕਲੀ ਲੱਤ ਨਾਲ ਉਹ ਹੋਰਨਾਂ ਦੌੜਾਕਾਂ ਦੀ ਬਰਾਬਰੀ ਨਹੀਂ ਕਰ ਸਕੇਗਾ ਤੇ ਦੌੜ ਦੌਰਾਨ ਜੇਕਰ ਉਹ ਡਿੱਗ ਪਿਆ ਤਾਂ ਜ਼ਖ਼ਮੀ ਹੋ ਸਕਦਾ ਹੈ ਪਰ ਗੁਲਾਬ ਨੇ ਜ਼ਿੱਦ ਕੀਤੀ ਕਿ ਉਹ ਨਕਲੀ ਲੱਤ ਨਾਲ ਵੀ ਦੌੜੇਗਾ। ਉਸ ਨੇ ਲਿਖ ਕੇ ਨੋਟ ਜਮ੍ਹਾਂ ਕਰਵਾਇਆ ਕਿ ਜੇਕਰ ਦੌੜਾਂ ਦੌਰਾਨ ਉਸ ਨੂੰ ਕੋਈ ਸੱਟ ਫੇਟ ਲੱਗਦੀ ਹੈ ਤਾਂ ਉਸ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ। ਉਸ ਨੇ ਪੂਰੀ ਤਨਦੇਹੀ ਨਾਲ ਦੌੜਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰ ਜ਼ਿਲ੍ਹਾ ਪੱਧਰੀ ਦੌੜਾਂ ਵਿੱਚ ਉਹ ਤੀਸਰੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਸੂਬਾ ਪੱਧਰੀ ਤੇ ਫਿਰ ਕੌਮੀ ਪੱਧਰ ਦੀਆਂ ਦੌੜਾਂ ਵਿੱਚ ਵੀ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਖ਼ਬਾਰਾਂ ਵਿੱਚ ਉਸ ਦੀ ਫੋਟੋ ਛਪੀ ਅਤੇ ਉਸ ਦੀ ਬਹੁਤ ਸ਼ਲਾਘਾ ਹੋਈ। ਇਸ ਨਾਲ ਗੁਲਾਬ ਦਾ ਹੌਸਲਾ ਹੋਰ ਵਧਿਆ।

ਹੁਣ ਉਸ ਦਾ ਟੀਚਾ ਓਲੰਪਿਕ ਖੇਡਾਂ ਸਨ। ਉਸ ਨੇ ਦੋ ਸਾਲ ਬਾਅਦ ਚੀਨ ਵਿੱਚ ਹੋਣ ਵਾਲੀਆਂ ਪੈਰਾ-ਲੰਪਿਕ ਖੇਡਾਂ ਲਈ ਨਵੇਂ ਸਿਰੇ ਤੋਂ ਸਿਰੜ ਨਾਲ ਦੌੜਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਤੇ ਭਾਰਤ ਵੱਲੋਂ ਪੈਰਾ-ਲੰਪਿਕ ਵਿੱਚ ਭਾਗ ਲੈਣ ਲਈ ਚੁਣਿਆ ਗਿਆ। ਮੁਕਾਬਲਾ ਬਹੁਤ ਸਖ਼ਤ ਸੀ, ਪਰ ਗੁਲਾਬ ਨੇ ਆਪਣਾ ਆਤਮ-ਵਿਸ਼ਵਾਸ ਕਾਇਮ ਰੱਖਿਆ ਅਤੇ ਪੂਰੀ ਜਾਨ ਲਾ ਕੇ ਮੁਕਾਬਲੇ ਵਿੱਚ ਭਾਗ ਲਿਆ। ਉਸ ਦੇ ਇਸ ਸਿਰੜ ਦਾ ਫ਼ਲ ਮਿਲਿਆ ਤੇ ਉਹ ਅੱਵਲ ਆ ਕੇ ਸੋਨ ਤਗ਼ਮੇ ਦਾ ਹੱਕਦਾਰ ਬਣਿਆ। ਸਾਰੇ ਅਖ਼ਬਾਰ ਉਸ ਦੀਆਂ ਤਸਵੀਰਾਂ ਨਾਲ ਭਰੇ ਹੋਏ ਸਨ। ਜੇਤੂ ਗੁਲਾਬ ਸਿੰਘ ਜਦੋਂ ਆਪਣੇ ਵਤਨ ਪਰਤਿਆ ਤਾਂ ਵੱਡੀ ਗਿਣਤੀ ਲੋਕ ਉਸ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਦੇ ਬਾਹਰ ਨਜ਼ਰ ਆਏ। ਲੋਕ ਅੱਡੀਆਂ ਚੁੱਕ ਚੁੱਕ ਕੇ ਉਸ ਨੂੰ ਦੇਖਣ ਦਾ ਯਤਨ ਕਰ ਰਹੇ ਸਨ। ਫੁੱਲਾਂ ਵਾਂਗ ਟਹਿਕ ਰਹੇ ਗੁਲਾਬ ਸਿੰਘ ’ਤੇ ਲੋਕਾਂ ਨੇ ਫੁੱਲਾਂ ਦਾ ਮੀਂਹ ਵਰ੍ਹਾ ਦਿੱਤਾ। ਉਸ ਆਪਣੇ ਮਾਤਾ-ਪਿਤਾ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਉਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਨਾਮੀ ਰਾਸ਼ੀਆਂ ਦਾ ਐਲਾਨ ਵੀ ਕੀਤਾ। ਗੁਲਾਬ ਸਿੰਘ ਨੂੰ ਪਿੰਡ ਪਹੁੰਚਣ ’ਤੇ ਲੋਕਾਂ ਨੇ ਮੋਢਿਆਂ ’ਤੇ ਚੁੱਕ ਕੇ ਜਸ਼ਨ ਮਨਾਇਆ। ਉਸ ਨੂੰ ਪਿਆਰ ਤੇ ਤੋਹਫ਼ੇ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਸੀ। ਆਪਣੇ ਪੁੱਤਰ ਦੀ ਇਸ ਕਾਮਯਾਬੀ ’ਤੇ ਅਜੀਤ ਸਿੰਘ ਤੇ ਅੰਮ੍ਰਿਤਾ ਦੀਆਂ ਅੱਖਾਂ ਭਰ ਆਈਆਂ ਸਨ।

ਇਸ ਵੱਡੀ ਸਫ਼ਲਤਾ ਤੋਂ ਬਾਅਦ ਆਪਣੇ ਘਰੇ ਪਹੁੰਚੇ ਗੁਲਾਬ ਸਿੰਘ ਨੇ ਮਾਂ ਦੇ ਚਰਨੀਂ ਹੱਥ ਲਾ ਕੇ ਕਿਹਾ, ‘‘ਮਾਂ ਤੂੰ ਸੱਚ ਹੀ ਆਖਦੀ ਸੀ, ਤੇਰਾ ਪੁੱਤਰ ਸਿਰਫ਼ ਦੌੜਿਆ ਨਹੀਂ, ਉਹ ਸੱਚਮੁੱਚ ਉੱਡਿਆ ਵੀ ਹੈ।’’ ਉਸ ਆਪਣੇ ਪਿਤਾ ਨੂੰ ਕਿਹਾ, ‘‘ਜੇਕਰ ਤੁਸੀਂ ਮੇਰੇ ’ਤੇ ਇੰਨਾ ਭਰੋਸਾ ਨਾ ਰੱਖਦੇ ਤਾਂ ਮੈਂ ਕਦੇ ਇਸ ਮੁਕਾਮ ’ਤੇ ਨਹੀਂ ਪਹੁੰਚ ਸਕਦਾ ਸੀ।’’ ਅਜੀਤ ਤੇ ਅੰਮ੍ਰਿਤਾ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਆਸ਼ੀਰਵਾਦ ਦਿੱਤਾ।

ਸੰਪਰਕ: 94631-89432

Advertisement
×