ਜੋ ਸੁਖ ਛੱਜੂ ਦੇ ਚੁਬਾਰੇ...

ਜੋ ਸੁਖ ਛੱਜੂ ਦੇ ਚੁਬਾਰੇ...

ਨੂਰ ਮੁਹੰਮਦ ਨੂਰ

‘ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ਼ ਨਾ ਬੁਖ਼ਾਰੇ’ ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਆਪਣੇ ਘਰ ਵਰਗੀ ਮੌਜ ਦੁਨੀਆਂ ਵਿਚ ਕਿਤੇ ਨਹੀਂ ਮਿਲਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

ਇਸ ਅਖਾਣ ਦਾ ਪਿਛੋਕੜ ਛੱਜੂ ਭਗਤ ਨਾਲ ਜੋੜਿਆ ਜਾਂਦਾ ਹੈ। ‘ਲੋਕ ਤਵਾਰੀਖ਼’ ਦਾ ਲੇਖਕ ਸ਼ਨਾਵਰ ਚੱਧੜ ਲਿਖਦਾ ਹੈ ਕਿ ਛੱਜੂ ਭਗਤ ਦਾ ਜਨਮ 1575 ਈਸਵੀ ਦੇ ਨੇੜੇ ਤੇੜੇ ਲਾਹੌਰ ਵਿਚ ਹੋਇਆ। ਉਸ ਸਮੇਂ ਹਿੰਦੁਸਤਾਨ ਉੱਤੇ ਸ਼ਾਹਜਹਾਂ ਦਾ ਰਾਜ ਸੀ, ਪਰ ਸ਼ਨਾਵਰ ਚੱਧੜ ਵੱਲੋਂ ਲਿਖੀ ਛੱਜੂ ਭਗਤ ਦੀ ਇਹ ਸਮਾਂ-ਸਾਰਣੀ ਠੀਕ ਨਹੀਂ ਕਿਉਂਕਿ 1556 ਈਸਵੀ ਤੋਂ 1605 ਈਸਵੀ ਤਕ ਜਲਾਲੁੱਦੀਨ ਮੁਹੰਮਦ ਅਕਬਰ ਦਾ ਸਮਾਂ ਸੀ ਜਦੋਂ ਕਿ ਸ਼ਾਹਜਹਾਂ ਦਾ ਸਮਾਂ 1627 ਈਸਵੀ ਤੋਂ 1658 ਈਸਵੀ ਦਾ ਹੈ। ਗੁਰੂ ਅਰਜਨ ਦੇਵ ਜੀ, ਭਗਤ ਕਾਨ੍ਹਾ, ਹਜ਼ਰਤ ਮੀਆਂ ਮੀਰ, ਸ਼ਾਹ ਹੁਸੈਨ ਅਤੇ ਮਿਰਜ਼ਾ ਸਾਹਿਬਾ ਦੇ ਰਚਨਹਾਰ ਪੀਲੂ ਨੂੰ ਵੀ ਛੱਜੂ ਭਗਤ ਦਾ ਸਮਕਾਲੀ ਮੰਨਿਆ ਜਾਂਦਾ ਹੈ। ਛੱਜੂ ਭਗਤ ਜੀ ਪੇਸ਼ੇ ਵਜੋਂ ਸੁਨਿਆਰ ਸਨ ਅਤੇ ਸ਼ਾਹ ਆਲਮੀ ਦਰਵਾਜ਼ੇ ਦੇ ਬਾਹਰਵਾਰ ਅਨਾਰਕਲੀ ਬਾਜ਼ਾਰ ਵਾਲੇ ਪਾਸੇ, ਜਿਹੜੀ ਥਾਂ ਉੱਤੇ ਅੱਜਕੱਲ੍ਹ ਉਨ੍ਹਾਂ ਦਾ ਮੰਦਰ ਹੈ, ਉੱਥੇ ਉਨ੍ਹਾਂ ਦੀ ਦੁਕਾਨ ਹੁੰਦੀ ਸੀ। ਦੁਕਾਨ ਉੱਤੇ ਹੀ ਉਨ੍ਹਾਂ ਦਾ ਚੁਬਾਰਾ ਸੀ ਜਿੱਥੇ ਉਹ ਆਪਣੇ ਸਮਕਾਲੀ ਸਾਧੂਆਂ, ਸੰਤਾਂ, ਪੀਰਾਂ, ਫ਼ਕੀਰਾਂ ਦੀ ਸੇਵਾ ਅਤੇ ਸੰਗਤ ਕਰਦੇ ਸਨ। ਪੰਜਾਬੀ ਸਾਹਿਤ ਸੰਦਰਭ ਕੋਸ਼ ਵਿਚ ਡਾਕਟਰ ਰਤਨ ਸਿੰਘ ਜੱਗੀ ਵੀ ਇਹੋ ਲਿਖਦੇ ਹਨ ਕਿ ਛੱਜੂ ਭਗਤ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਭਗਤ ਸਨ ਜਿਹੜੇ ਲਾਹੌਰ ਵਿਚ ਰਹਿ ਕੇ, ਸ਼ਰਾਫ਼ੇ ਅਤੇ ਸ਼ਾਹੂਕਾਰੇ ਦਾ ਕੰਮ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਸਨ।

ਪੰਜਾਬੀ ਵਿਸ਼ਵ ਕੋਸ਼ ਵਿਚ ਵੀ ਛੱਜੂ ਭਗਤ ਬਾਰੇ ਸਫ਼ਾ 130 ਉੱਤੇ ਇਸ ਦੇ ਨਾਲ ਮਿਲਦਾ-ਜੁਲਦਾ ਹੀ ਲਿਖਿਆ ਮਿਲਦਾ ਹੈ ਕਿ ਛੱਜੂ ਭਗਤ ਲਾਹੌਰ ਦਾ ਰਹਿਣ ਵਾਲਾ ਸੀ ਜਿਹੜਾ ਜ਼ਾਤ ਦਾ ਭਾਟੀਆ ਸੀ ਅਤੇ ਸਰਾਫ਼ੇ ਦਾ ਕੰਮ ਕਰਦਾ ਸੀ। ਉਸਦਾ ਦੇਹਾਂਤ 1639 ਈਸਵੀ ਵਿਚ ਹੋਇਆ। ਇੱਥੇ ਹੀ ਮਿਓ ਹਸਪਤਾਲ ਦੇ ਲਾਗੇ ਉਸ ਦੀ ਸਮਾਧ ਬਣੀ ਹੋਈ ਹੈ ਜਿਸ ਦੇ ਪੁਜਾਰੀ ਦਾਦੂ-ਪੰਥੀ ਸਾਧੂ ਹਨ। ਛੱਜੂ ਪੰਥੀਆਂ ਦੇ ਨਿਯਮ ਹਿੰਦੂ ਅਤੇ ਮੁਸਲਮਾਨ ਧਰਮ ਦਾ ਮਿਲਗੋਭਾ ਹਨ। ਇਸ ਦੇ ਸ਼ਰਧਾਲੂ ਨਾ ਕੋਈ ਨਸ਼ਾ ਕਰਦੇ ਹਨ ਅਤੇ ਨਾ ਹੀ ਮਾਸ ਖਾਂਦੇ ਹਨ।

ਛੱਜੂ ਭਗਤ ਜੀ ਇਕ ਉੱਚ-ਕੋਟੀ ਦੇ ਸ਼ਾਇਰ ਸਨ। ਦੂਸਰੇ ਭਗਤਾਂ ਵਾਂਗ ਉਹ ਵੀ ਭਗਤੀ ਰੰਗ ਵਿਚ ਰੰਗੀ ਰਚਨਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ ਤਾਂ ਛੱਜੂ ਭਗਤ ਵੀ ਕਾਨ੍ਹਾ ਭਗਤ, ਸ਼ਾਹ ਹੁਸੈਨ ਅਤੇ ਪੀਲੂ ਨਾਲ ਰਲ ਕੇ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਉਣ ਲਈ ਗੁਰੂ ਅਰਜਨ ਦੇਵ ਜੀ ਕੋਲ ਗਏ ਸਨ, ਪਰ ਗੁਰੂ ਜੀ ਨੇ ਇਹ ਕਹਿ ਕੇ ਕਲਾਮ ਵਾਪਸ ਕਰ ਦਿੱਤਾ ਸੀ ਕਿ ਤੁਹਾਡਾ ਕਲਾਮ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਦੂਜੇ ਭਗਤਾਂ ਦੇ ਕਲਾਮ ਵਾਂਗ ਗੁਰੂ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ।

ਲਾਹੌਰ ਵਿਚ ਉਨ੍ਹਾਂ ਦੇ ਮੰਨਣ ਵਾਲਿਆਂ ਦੀ ਗਿਣਤੀ ਚੋਖੀ ਸੀ ਜਿਨ੍ਹਾਂ ਵਿਚ ਸਮਾਜ ਦੇ ਉੱਚ ਵਰਗ ਦੇ ਤਕੜੇ ਅਤੇ ਅਮੀਰ ਲੋਕ ਵੀ ਸ਼ਾਮਲ ਸਨ। ਚੁਬਾਰੇ ਵਿਚ ਭਗਤਾਂ ਦੀ ਭੀੜ ਨੂੰ ਦੇਖਦਿਆਂ ਇਕ ਦਿਨ ਉਨ੍ਹਾਂ ਦੇ ਸਾਰੇ ਸ਼ਾਗਿਰਦਾਂ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਭਗਤ ਜੀ ਦੇ ਰੁਤਬੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਇਕ ਸੁੰਦਰ ਸਥਾਨ ਬਣਾ ਦਿੱਤਾ ਜਾਵੇ, ਪਰ ਜਦੋਂ ਭਗਤ ਛੱਜੂ ਦੇ ਕੰਨੀਂ ਇਹ ਗੱਲ ਪਈ ਤਾਂ ਉਨ੍ਹਾਂ ਨੇ ਅਾਪਣੇ ਭਗਤਾਂ ਨੂੰ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਚੁਬਾਰੇ ਜਿਹਾ ਸੁਖ ਭਰਿਆ ਮਾਹੌਲ ਹੋਰ ਕਿਤੇ ਨਹੀਂ ਮਿਲ ਸਕਦਾ। ਬਾਅਦ ਵਿਚ ਉਨ੍ਹਾਂ ਦੇ ਬੋਲੇ ਇਹੋ ਸ਼ਬਦ ਅਖਾਣ ਬਣ ਗਏ, ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਨਾ ਬਲਖ਼ ਨਾ ਬੁਖ਼ਾਰੇ।’

ਛੱਜੂ ਭਗਤ ਨੇ 1639 ਵਿਚ ਲਾਹੌਰ ਵਿਖੇ ਹੀ ਚਲਾਣਾ ਕੀਤਾ। ਬਾਅਦ ਵਿਚ ਸਿੱਖ ਰਾਜ ਵੇਲੇ ਉਨ੍ਹਾਂ ਦੇ ਭਗਤਾਂ ਦੀ ਸ਼ਰਧਾ ਨੂੰ ਵੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਦੁਕਾਨ ਵਾਲੀ ਥਾਂ ਉੱਤੇ ਇਕ ਮੰਦਿਰ ਬਣਵਾਇਆ ਅਤੇ ਭਗਤ ਛੱਜੂ ਦੀ ਸਮਾਧ ਦੀ ਉਸਾਰੀ ਕੀਤੀ। ਅੱਜਕੱਲ੍ਹ ਭਗਤ ਛੱਜੂ ਨਾਲ ਸਬੰਧਤ ਇਹ ਦੋਵੇਂ ਸਥਾਨ ਮਿਓ ਹਸਪਤਾਲ ਲਾਹੌਰ ਦੇ ਅਹਾਤੇ ਵਿਚ ਹਨ।

ਸੰਪਰਕ: 98555-51359

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All