ਵੰਡ ਦਾ ਸੰਤਾਪ: ਹਿੰਸਾ ਤੇ ਹਿਜਰਤ ਦੀ ਕਹਾਣੀ
ਸਾਲ 1946 ਵਿੱਚ ਹਾਲਾਤ ਹੌਲੀ-ਹੌਲੀ ਅਜਿਹੇ ਬਣਨ ਲੱਗੇ ਸਨ ਕਿ ਕੁਝ ਇਲਾਕਿਆਂ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਘਰ-ਬਾਰ ਦੀ ਚਿੰਤਾ ਹੋਣ ਲੱਗੀ ਸੀ। ਉਦੋਂ ਕਾਂਗਰਸ ਅਤੇ ਮੁਸਲਿਮ ਲੀਗ ਵਿਚਾਲੇ ਸਿਆਸੀ ਤਣਾਅ ਬਹੁਤ ਵਧ ਗਿਆ ਸੀ। ਮੁਸਲਿਮ ਲੀਗ ਨੇ 23...
ਸਾਲ 1946 ਵਿੱਚ ਹਾਲਾਤ ਹੌਲੀ-ਹੌਲੀ ਅਜਿਹੇ ਬਣਨ ਲੱਗੇ ਸਨ ਕਿ ਕੁਝ ਇਲਾਕਿਆਂ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਘਰ-ਬਾਰ ਦੀ ਚਿੰਤਾ ਹੋਣ ਲੱਗੀ ਸੀ। ਉਦੋਂ ਕਾਂਗਰਸ ਅਤੇ ਮੁਸਲਿਮ ਲੀਗ ਵਿਚਾਲੇ ਸਿਆਸੀ ਤਣਾਅ ਬਹੁਤ ਵਧ ਗਿਆ ਸੀ। ਮੁਸਲਿਮ ਲੀਗ ਨੇ 23 ਮਾਰਚ 1940 ਨੂੰ ਲਾਹੌਰ ਵਿੱਚ ਹੋਏ ਆਪਣੇ ਸੈਸ਼ਨ ਦੌਰਾਨ, ‘ਪਾਕਿਸਤਾਨ’ ਸ਼ਬਦ ਵਰਤੇ ਬਗ਼ੈਰ, ਮੁਸਲਿਮ-ਬਹੁਗਿਣਤੀ ਇਲਾਕਿਆਂ ਨੂੰ ‘ਇੰਡੀਪੈਂਡੈਂਟ ਸਟੇਟਸ’ ਵਿੱਚ ਸੰਗਠਿਤ ਕਰਨ ਦੀ ਮੰਗ ਕੀਤੀ ਸੀ। ਦੂਜੇ ਪਾਸੇ ਕਾਂਗਰਸ ਇੱਕ ਸੰਯੁਕਤ ਭਾਰਤ ਦੇ ਹੱਕ ’ਚ ਸੀ, ਹਾਲਾਂਕਿ ਕੇਂਦਰ ਦੀਆਂ ਸ਼ਕਤੀਆਂ ਅਤੇ ਸੂਬਿਆਂ ਦੀ ਖੁਦਮੁਖਤਿਆਰੀ ਵਰਗੇ ਮੁੱਦਿਆਂ ’ਤੇ ਵੀ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਡੂੰਘੇ ਮਤਭੇਦ ਸਨ। ਦੇਸ਼ ਦੀ ਆਜ਼ਾਦੀ ਤੋਂ ਇੱਕ ਸਾਲ ਪਹਿਲਾਂ 16 ਅਗਸਤ 1946 ਨੂੰ ਕੋਲਕਾਤਾ ਵਿੱਚ ਮੁਸਲਿਮ ਲੀਗ ਨੇ ਡਾਇਰੈਕਟ ਐਕਸ਼ਨ ਡੇਅ ਮਨਾਇਆ। ਉਪਰੰਤ 16 ਤੋਂ 19 ਅਗਸਤ ਤੱਕ ਸ਼ਹਿਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਭਿਆਨਕ ਦੰਗੇ ਹੋਏ। ਹਾਲਾਂਕਿ ਸਰੋਤਾਂ ਮੁਤਾਬਕ ਗਿਣਤੀ ਵਿੱਚ ਕਾਫੀ ਅੰਤਰ ਹੈ ਪਰ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਲਗਪਗ 4,000 ਤੋਂ 10,000 ਮੌਤਾਂ ਹੋਈਆਂ ਅਤੇ 15 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ। 10 ਅਕਤੂਬਰ 1946 ਤੋਂ ਨੋਆਖਲੀ (ਮੌਜੂਦਾ ਸਮੇਂ ਬੰਗਲਾਦੇਸ਼ ’ਚ) ਵਿੱਚ ਹਿੰਦੂ ਭਾਈਚਾਰੇ ਵਿਰੁੱਧ ਵੱਡੀ ਹਿੰਸਾ ਸ਼ੁਰੂ ਹੋਈ। ਕਈ ਪਿੰਡਾਂ ਵਿੱਚ ਘਰ ਸਾੜੇ ਗਏ ਤੇ ਲੋਕ ਮਾਰੇ ਗਏ ਪਰ ਇੱਥੇ ਵੀ ਮੌਤਾਂ ਦੇ ਅੰਦਾਜ਼ਿਆਂ ’ਚ ਵੱਡਾ ਮਤਭੇਦ ਹੈ। ਬਹੁਤ ਸਾਰੇ ਪਰਿਵਾਰ ਉੱਥੋਂ ਚਲੇ ਗਏ। ਨੋਆਖਲੀ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਤੋਂ ਬਾਅਦ ਅਕਤੂਬਰ ਦੇ ਅਖ਼ੀਰ ਅਤੇ ਨਵੰਬਰ 1946 ਦੇ ਸ਼ੁਰੂ ਵਿੱਚ ਬਿਹਾਰ ਦੇ ਕਈ ਇਲਾਕਿਆਂ ’ਚ ਮੁਸਲਮਾਨਾਂ ਵਿਰੁੱਧ ਭਿਆਨਕ ਹਿੰਸਾ ਹੋਈ। ਨਵੰਬਰ 1946 ’ਚ ਯੂ ਪੀ ਦੇ ਮੌਜੂਦਾ ਹਾਪੁੜ ਜ਼ਿਲ੍ਹੇ ਵਿੱਚ ਗੜ੍ਹਮੁਕਤੇਸ਼ਵਰ ਵਿੱਚ ਕਾਰਤਿਕ ਪੂਰਨਿਮਾ ਦੇ ਮੇਲੇ ਦੌਰਾਨ ਹਜ਼ਾਰਾਂ ਹਿੰਦੂ ਸ਼ਰਧਾਲੂ ਪਹੁੰਚੇ ਹੋਏ ਸਨ। ਕੋਲਕਾਤਾ, ਨੋਆਖਲੀ ਅਤੇ ਬਿਹਾਰ ਵਿੱਚ ਹੋਈ ਹਿੰਸਾ ਦੀਆਂ ਖ਼ਬਰਾਂ ਲੋਕਾਂ ’ਚ ਗੁੱਸੇ ਅਤੇ ਬਦਲੇ ਦੀ ਭਾਵਨਾ ਪੈਦਾ ਕਰ ਰਹੀਆਂ ਸਨ। ਅਜਿਹੇ ਮਾਹੌਲ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਹੋਈ। ਮੇਲੇ ਵਾਲੇ ਇਲਾਕੇ ਤੋਂ ਇਲਾਵਾ ਨੇੜਲੇ ਸ਼ਹਿਰ ਅਤੇ ਪਿੰਡ ਵੀ ਇਸ ਹਿੰਸਾ ਦੀ ਲਪੇਟ ਵਿੱਚ ਆਏ। ਵੱਡੀ ਗਿਣਤੀ ਵਿੱਚ ਮੁਸਲਮਾਨ ਮਾਰੇ ਗਏ ਅਤੇ ਵੱਡੀ ਪੱਧਰ ’ਤੇ ਪਿੰਡ ਪ੍ਰਭਾਵਿਤ ਹੋਏ। ਹਾਲਾਂਕਿ ਮੌਤਾਂ ਦੀ ਸਹੀ ਗਿਣਤੀ ਬਾਰੇ ਸਰੋਤਾਂ ਵਿੱਚ ਕਾਫ਼ੀ ਫ਼ਰਕ ਹੈ। ਉਪਰੰਤ ਪੰਜਾਬ ’ਚ 5 ਮਾਰਚ 1947 ਨੂੰ ਰਾਵਲਪਿੰਡੀ ਵਿੱਚ ਤਣਾਅ ਅਤੇ ਟਕਰਾਅ ਹੋਇਆ ਅਤੇ 6 ਮਾਰਚ ਤੋਂ ਰਾਵਲਪਿੰਡੀ ਡਿਵੀਜ਼ਨ ਦੇ ਕਈ ਪਿੰਡਾਂ ਵਿੱਚ ਭਿਆਨਕ ਹਿੰਸਾ ਫੈਲ ਗਈ। ਹਿੰਦੂ ਅਤੇ ਸਿੱਖ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ, ਘਰ ਸਾੜੇ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋਏ। ਇਸ ਤੋਂ ਬਾਅਦ ਰਾਵਲਪਿੰਡੀ, ਅਟਕ, ਜਿਹਲਮ ਅਤੇ ਨੇੜਲੇ ਇਲਾਕਿਆਂ ਵਿੱਚ ਹੋਈ ਹਿੰਸਾ ਨੇ ਬਹੁਤ ਸਾਰੇ ਹਿੰਦੂ ਅਤੇ ਸਿੱਖ ਪਰਿਵਾਰਾਂ ਵਿੱਚ ਇਹ ਡਰ ਗਹਿਰਾ ਕਰ ਦਿੱਤਾ ਕਿ ਸ਼ਾਇਦ ਹੁਣ ਉਹ ਆਪਣੇ ਪੁਰਾਣੇ ਪਿੰਡਾਂ ਵਿੱਚ ਸੁਰੱਖਿਅਤ ਢੰਗ ਨਾਲ ਨਹੀਂ ਰਹਿ ਸਕਣਗੇ। ਮਾਰਚ 1947 ਦੀ ਰਾਵਲਪਿੰਡੀ ਹਿੰਸਾ ਤੋਂ ਬਾਅਦ ਪੰਜਾਬ ਦੇ ਹੋਰ ਹਿੱਸਿਆਂ ’ਚ ਵੀ ਤਣਾਅ ਅਤੇ ਹਿੰਸਾ ਵਧਦੀ ਗਈ। ਲਾਹੌਰ, ਅੰਮ੍ਰਿਤਸਰ, ਗੁੱਜਰਾਂਵਾਲਾ, ਜਲੰਧਰ, ਲੁਧਿਆਣਾ ਅਤੇ ਹੋਰ ਇਲਾਕੇ ਇਸ ਵਧਦੇ ਸੰਕਟ ਨਾਲ ਪ੍ਰਭਾਵਿਤ ਹੋਏ। ਮੁਸਲਿਮ ਪਰਿਵਾਰਾਂ ਵਿੱਚ ਵੀ ਇਹ ਡਰ ਵਧਿਆ ਕਿ ਜੇ ਪੰਜਾਬ ਵੰਡਿਆ ਗਿਆ ਤਾਂ ਉਹ ਆਪਣੇ ਪਿੰਡਾਂ ਵਿੱਚ ਨਹੀਂ ਰਹਿ ਸਕਣਗੇ। ਹਾਲਾਂਕਿ, ਬਦਲੇ ਦੀ ਭਾਵਨਾ ਹੀ ਇਨ੍ਹਾਂ ਘਟਨਾਵਾਂ ਦਾ ਇਕਲੌਤਾ ਕਾਰਨ ਨਹੀਂ ਸੀ। ਸਥਾਨਕ ਰਾਜਨੀਤੀ, ਧਾਰਮਿਕ ਧਰੁਵੀਕਰਨ, ਅਫ਼ਵਾਹਾਂ, ਪੁਲੀਸ ਅਤੇ ਪ੍ਰਸ਼ਾਸਨ ਦੀ ਨਾਕਾਮੀ, ਹਿਜਰਤ, ਹਥਿਆਰਬੰਦ ਜਥੇ, ਜਾਇਦਾਦ ਅਤੇ ਜ਼ਮੀਨ ਨਾਲ ਜੁੜੇ ਹਿੱਤ ਅਤੇ ਵਿਆਪਕ ਅਸੁਰੱਖਿਆ ਦਾ ਮਾਹੌਲ ਵੀ ਇਸ ਹਿੰਸਾ ਨੂੰ ਵਧਾਉਣ ਵਾਲੇ ਕਾਰਕ ਸਨ। 3 ਜੂਨ 1947 ਨੂੰ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਦੇ ਭਵਿੱਖ ਬਾਰੇ ਬ੍ਰਿਟਿਸ਼ ਸਰਕਾਰ ਦੀ ਯੋਜਨਾ- ਜਿਸ ਨੂੰ ਆਮ ਤੌਰ ’ਤੇ ‘3 ਜੂਨ ਪਲਾਨ ਜਾਂ ਮਾਊਂਟਬੈਟਨ ਪਲਾਨ’ ਕਿਹਾ ਜਾਂਦਾ ਹੈ, ਦਾ ਐਲਾਨ ਕੀਤਾ। ਇਸ ਯੋਜਨਾ ਵਿੱਚ ਬ੍ਰਿਟਿਸ਼ ਭਾਰਤ ਨੂੰ ਦੋ ਦੇਸ਼ਾਂ, ਭਾਰਤ ਅਤੇ ਪਾਕਿਸਤਾਨ, ਵਿੱਚ ਵੰਡਣ ਦੀ ਤਜਵੀਜ਼ ਸੀ। ਲੋਕਾਂ ਨੂੰ ਇਹ ਗੱਲ ਉਸੇ ਦਿਨ ਸ਼ਾਮ ਨੂੰ ਮਾਊਟਬੈਂਟਨ, ਨਹਿਰੂ, ਜਿਨਾਹ ਅਤੇ ਬਲਦੇਵ ਸਿੰਘ ਵੱਲੋਂ ਕੀਤੇ ਗਏ ਰੇਡੀਓ ਪ੍ਰਸਾਰਣ ਰਾਹੀਂ ਪਤਾ ਲੱਗੀ ਸੀ। 18 ਜੁਲਾਈ 1947 ਨੂੰ ਲੰਡਨ ’ਚ ਬ੍ਰਿਟਿਸ਼ ਪਾਰਲੀਮੈਂਟ ਨੇ ਇੰਡੀਅਨ ਇੰਡੀਪੈਂਡੈਂਸ ਐਕਟ 1947 ਪਾਸ ਕੀਤਾ ਅਤੇ ਸ਼ਾਹੀ ਮਨਜ਼ੂਰੀ ਵੀ ਇਸ ਨੂੰ ਉਸੇ ਦਿਨ ਦਿੱਤੀ ਗਈ। ਦਿਲਚਸਪ ਗੱਲ ਇਹ ਹੈ ਕਿ 3 ਜੂਨ ਤੱਕ ਪੰਜਾਬ ਅਤੇ ਬੰਗਾਲ ਦੀ ਅੰਤਿਮ ਸਰਹੱਦ ਤੈਅ ਨਹੀਂ ਹੋਈ ਸੀ। ਪੰਜਾਬ ਅਤੇ ਬੰਗਾਲ ਦੀਆਂ ਹੱਦਾਂ ਨਿਰਧਾਰਤ ਕਰਨ ਲਈ ਵੱਖ-ਵੱਖ ਸੀਮਾ ਕਮਿਸ਼ਨ ਬਣਾਏ ਗਏ। ਦੋਵੇਂ ਕਮਿਸ਼ਨ 30 ਜੂਨ 1947 ਨੂੰ ਬਣੇ। ਪੰਜਾਬ ਕਮਿਸ਼ਨ ਵਿੱਚ ਦੋ ਮੁਸਲਿਮ ਅਤੇ ਦੋ ਗੈਰ-ਮੁਸਲਿਮ ਜੱਜ ਸਨ ਅਤੇ ਰੈਡਕਲਿਫ ਚੇਅਰਮੈਨ ਸੀ; ਬੰਗਾਲ ਲਈ ਵੀ ਇਸੇ ਤਰ੍ਹਾਂ ਦਾ ਕਮਿਸ਼ਨ ਬਣਿਆ। 14 ਅਗਸਤ 1947 ਨੂੰ ਪਾਕਿਸਤਾਨ ਨੇ ਅਤੇ 15 ਅਗਸਤ ਨੂੰ ਭਾਰਤ ਨੇ ਆਪਣਾ ਆਜ਼ਾਦੀ ਦਿਵਸ ਤਾਂ ਮਨਾ ਲਿਆ ਸੀ। ਇਸ ਸਮੇਂ ਤੱਕ ਪੰਜਾਬ ਦੇ ਦੋਵਾਂ ਹਿੱਸਿਆਂ ’ਚ ਵੱਡੀ ਗਿਣਤੀ ਲੋਕ ਪਹਿਲਾਂ ਹੀ ਘਰ-ਬਾਰ ਛੱਡ ਚੁੱਕੇ ਸਨ। ਪੱਛਮੀ ਪੰਜਾਬ ਤੋਂ ਹਿੰਦੂ ਅਤੇ ਸਿੱਖ ਪੂਰਬੀ ਪੰਜਾਬ ਵੱਲ ਆ ਰਹੇ ਸਨ ਅਤੇ ਪੂਰਬੀ ਪੰਜਾਬ ਤੋਂ ਮੁਸਲਿਮ ਪੱਛਮੀ ਪੰਜਾਬ ਵੱਲ ਜਾ ਰਹੇ ਸਨ। ਪਰ ਕਈ ਇਲਾਕਿਆਂ ’ਚ ਲੋਕਾਂ ਨੂੰ ਅਜੇ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਪਿੰਡ ਜਾਂ ਸ਼ਹਿਰ ਅੰਤਿਮ ਤੌਰ ’ਤੇ ਭਾਰਤ ਵਿੱਚ ਆਵੇਗਾ ਜਾਂ ਪਾਕਿਸਤਾਨ ਵਿੱਚ। ਆਜ਼ਾਦੀ ਦਿਹਾੜੇ ਤੋਂ 2 ਦਿਨ ਬਾਅਦ 17 ਅਗਸਤ 1947 ਨੂੰ ਰੈਡਕਲਿਫ ਐਵਾਰਡ ਜਨਤਕ ਹੋਣ ਨਾਲ ਪੰਜਾਬ ਅਤੇ ਬੰਗਾਲ ਦੀ ਅੰਤਿਮ ਸਰਹੱਦ ਸਪੱਸ਼ਟ ਹੋਈ। ਕਈ ਇਲਾਕਿਆਂ ’ਚ ਲੋਕਾਂ ਨੂੰ ਉਦੋਂ ਸਪੱਸ਼ਟ ਤੌਰ ’ਤੇ ਪਤਾ ਲੱਗਿਆ ਕਿ ਉਨ੍ਹਾਂ ਦਾ ਪਿੰਡ, ਸ਼ਹਿਰ ਜਾਂ ਜ਼ਿਲ੍ਹਾ ਭਾਰਤ ਵਿੱਚ ਆਇਆ ਹੈ ਜਾਂ ਪਾਕਿਸਤਾਨ ਵਿੱਚ। ਇਸ ਨਾਲ ਪਹਿਲਾਂ ਤੋਂ ਚੱਲ ਰਹੀ ਹਿਜਰਤ ਹੋਰ ਤੇਜ਼ ਹੋ ਗਈ ਅਤੇ ਅਗਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਦੂਜੇ ਦੇਸ਼ ਵੱਲ ਜਾਣਾ ਪਿਆ। ਕਾਫ਼ਲੇ ਬਣੇ ਤੇ ਪਿੰਡ ਖਾਲੀ ਹੋਣ ਲੱਗੇ। ਸ਼ਹਿਰਾਂ ਵਿੱਚ ਰਿਫਿਊਜੀ ਕੈਂਪ ਬਣਨ ਲੱਗੇ। ਕਿਸੇ ਕੋਲ ਬੈਲਗੱਡੀ ਸੀ, ਕਿਸੇ ਕੋਲ ਘੋੜਾ, ਕਿਸੇ ਨੇ ਪੈਦਲ ਜਾਣਾ ਸੀ ਅਤੇ ਬਹੁਤ ਸਾਰੇ ਲੋਕ ਰੇਲਾਂ ਰਾਹੀਂ ਜਾਣ ਲੱਗੇ। ਇਸੇ ਦੌਰਾਨ ਹਿੰਸਾ ਹੋਰ ਤੇਜ਼ ਹੋ ਗਈ। ਘਰਾਂ ਨੂੰ ਅੱਗ ਲਾਈ ਗਈ, ਦੁਕਾਨਾਂ ਲੁੱਟੀਆਂ ਗਈਆਂ, ਲੋਕਾਂ ਨੂੰ ਮਾਰਿਆ ਗਿਆ, ਔਰਤਾਂ ਦਾ ਜਿਨਸੀ ਸ਼ੋਸ਼ਣ ਅਤੇ ਅਗਵਾ ਦੀਆਂ ਘਟਨਾਵਾਂ ਹੋਈਆਂ, ਧਾਰਮਿਕ ਥਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਕਈ ਥਾਈਂ ਰੇਲਾਂ ’ਚ ਹਿਜਰਤ ਕਰਕੇ ਜਾ ਰਹੇ ਲੋਕਾਂ ’ਤੇ ਭਿਆਨਕ ਹਮਲੇ ਹੋਏ। ਕੁਝ ਰੇਲਾਂ ਮੰਜ਼ਿਲ ’ਤੇ ਪਹੁੰਚੀਆਂ ਤਾਂ ਉਨ੍ਹਾਂ ’ਚ ਵੱਡੀ ਗਿਣਤੀ ਵਿੱਚ ਮਾਰੇ ਗਏ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ। ਅਗਸਤ ਦੇ ਅਖ਼ੀਰ ਅਤੇ ਸਤੰਬਰ ’ਚ ਪੰਜਾਬ ਅਤੇ ਦਿੱਲੀ ਵਿੱਚ ਹਾਲਾਤ ਬਹੁਤ ਖ਼ਰਾਬ ਹੋ ਗਏ। ਰਿਪੋਰਟਾਂ ਵਿੱਚ ਅੰਬਾਲਾ, ਰੋਹਤਕ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਤਣਾਅ ਅਤੇ ਹਿੰਸਾ ਦਾ ਜ਼ਿਕਰ ਮਿਲਦਾ ਹੈ। ਹਿਜਰਤ ਕਰ ਕੇ ਦੋਵਾਂ ਦੇਸ਼ਾਂ ਵਿੱਚ ਪੁੱਜੇ ਲੋਕ ਆਪਣੇ ਨਾਲ ਕਤਲ, ਲੁੱਟ, ਅਗਵਾ ਅਤੇ ਜਿਨਸੀ ਹਿੰਸਾ ਦੀਆਂ ਕਹਾਣੀਆਂ ਲੈ ਕੇ ਆਏ, ਜਿਸ ਨਾਲ ਮਾਹੌਲ ਵਧੇਰੇ ਵਿਗੜਿਆ। ਸਤੰਬਰ 1947 ਦੀ ਹਿੰਸਾ ਦੌਰਾਨ ਦਿੱਲੀ ਦੇ ਲਗਪਗ ਤਿੰਨ ਲੱਖ ਮੁਸਲਿਮ ਵਸਨੀਕ ਬੇਘਰ ਹੋਏ, ਜਦਕਿ ਲਗਪਗ ਪੰਜ ਲੱਖ ਸ਼ਰਨਾਰਥੀ ਦਿੱਲੀ ਪਹੁੰਚੇ। ਅਧਿਐਨਾਂ ਅਨੁਸਾਰ ਵੰਡ ਦੌਰਾਨ ਲਗਪਗ 1.4 ਕਰੋੜ ਜਾਂ ਇਸ ਤੋਂ ਵੱਧ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਿਜਰਤ ਕੀਤੀ। ਭਾਵੇਂ ਪੰਜਾਬ ਅਤੇ ਬੰਗਾਲ ਦੋਵੇਂ ਵੰਡੇ ਗਏ, ਪਰ ਪੰਜਾਬ ਵਿੱਚ ਹੋਈ ਹਿੰਸਾ ਅਤੇ ਵੱਡੇ ਪੱਧਰ ਦੀ ਆਬਾਦੀ-ਤਬਦੀਲੀ ਨੇ ਭਿਆਨਕ ਮਨੁੱਖੀ ਸੰਕਟ ਪੈਦਾ ਕੀਤਾ। ਇਸ਼ਤਿਆਕ ਅਹਿਮਦ ਦੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕਿਤਾਬ ਵਿੱਚ ਕੁੱਲ ਹਿਜਰਤ ਦਾ ਅੰਦਾਜ਼ਾ ਲਗਪਗ 1.4 ਕਰੋੜ ਦਿੱਤਾ ਗਿਆ ਹੈ, ਜਿਸ ਵਿੱਚ ਲਗਪਗ 1 ਕਰੋੜ ਲੋਕ ਪੰਜਾਬ ਨਾਲ ਸਬੰਧਤ ਸਨ। ਲਗਪਗ 10 ਲੱਖ ਮੌਤਾਂ ਹੋਈਆਂ। ਕੁੱਝ ਅੰਦਾਜ਼ੇ ਤਾਂ ਇਸ ਤੋਂ ਵੱਧ ਲੋਕਾਂ ਦੀ ਹਿਜਰਤ ਅਤੇ ਹੋਰ ਵਧੇਰੇ ਵੱਡੀ ਗਿਣਤੀ ਵਿੱਚ ਮੌਤਾਂ ਦੇ ਵੀ ਹਨ। ਜ਼ਖ਼ਮੀਆਂ ਦੀ ਤਾਂ ਕੋਈ ਭਰੋਸੇਮੰਦ ਕੁੱਲ ਗਿਣਤੀ ਹੀ ਨਹੀਂ ਹੈ। ਲੱਖਾਂ ਪਰਿਵਾਰਾਂ ਦੀਆਂ ਜ਼ਮੀਨਾਂ, ਘਰ, ਦੁਕਾਨਾਂ ਅਤੇ ਕਾਰੋਬਾਰ ਛੁੱਟ ਗਏ ਜਾਂ ਤਬਾਹ ਹੋ ਗਏ। ਇਸ ਨੁਕਸਾਨ ਦੀ ਪੂਰੀ ਗਿਣਤੀ ਕਰਨੀ ਲਗਪਗ ਅਸੰਭਵ ਹੈ। ਦੇਸ਼ ਦੀ ਵੰਡ ਸਿਰਫ਼ ਅੰਕੜਿਆਂ ਦੀ ਕਹਾਣੀ ਨਹੀਂ ਸੀ- ਇਹ ਕਰੋੜਾਂ ਲੋਕਾਂ ਦੇ ਘਰ, ਪਰਿਵਾਰ, ਜ਼ਮੀਨ ਅਤੇ ਪੀੜ੍ਹੀਆਂ ਪੁਰਾਣੇ ਰਿਸ਼ਤੇ ਟੁੱਟਣ ਦੀ ਦੁੱਖਾਂ ਭਰੀ ਕਹਾਣੀ ਹੈ।
ਸੰਪਰਕ: 98780-19889

