DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਾਮਿਲ ਕੁੜੀ

ਗੱਲ 90 ਦੇ ਦਹਾਕੇ ਦੀ ਹੈ। ਮੈਂ ਹਾਈ ਸਕੂਲ ਤੋਂ ਪੜ੍ਹਾਈ ਪੂਰੀ ਕਰਕੇ ਅੱਗੇ ਪੜ੍ਹਨਾ ਚਾਹੁੰਦਾ ਸੀ, ਪਰ ਘਰ ਦੀ ਗ਼ਰੀਬੀ ਅਤੇ ਮਜਬੂਰੀਆਂ ਕਰ ਕੇ ਸੰਭਵ ਨਾ ਹੋ ਸਕਿਆ। ਘਰ ਦੀਆਂ ਜ਼ਿੰਮੇਵਾਰੀਆਂ ਅਤੇ ਰੋਜ਼ੀ-ਰੋਟੀ ਦੀ ਚਿੰਤਾ ਨੇ ਮੈਨੂੰ ਛੋਟੀ ਉਮਰ...

  • fb
  • twitter
  • whatsapp
  • whatsapp
Advertisement

ਗੱਲ 90 ਦੇ ਦਹਾਕੇ ਦੀ ਹੈ। ਮੈਂ ਹਾਈ ਸਕੂਲ ਤੋਂ ਪੜ੍ਹਾਈ ਪੂਰੀ ਕਰਕੇ ਅੱਗੇ ਪੜ੍ਹਨਾ ਚਾਹੁੰਦਾ ਸੀ, ਪਰ ਘਰ ਦੀ ਗ਼ਰੀਬੀ ਅਤੇ ਮਜਬੂਰੀਆਂ ਕਰ ਕੇ ਸੰਭਵ ਨਾ ਹੋ ਸਕਿਆ। ਘਰ ਦੀਆਂ ਜ਼ਿੰਮੇਵਾਰੀਆਂ ਅਤੇ ਰੋਜ਼ੀ-ਰੋਟੀ ਦੀ ਚਿੰਤਾ ਨੇ ਮੈਨੂੰ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦੀ ਅਸਲੀਅਤ ਸਿਖਾ ਦਿੱਤੀ ਸੀ। ਰੁਜ਼ਗਾਰ ਦੀ ਭਾਲ ਵਿੱਚ ਮੈਨੂੰ ਆਪਣੇ ਪਿੰਡ ਤੋਂ ਲਗਪਗ 15 ਕਿਲੋਮੀਟਰ ਦੂਰ ਜਲੰਧਰ ਵੱਲ ਰੁਖ਼ ਕਰਨਾ ਪਿਆ। ਉਨ੍ਹਾਂ ਦਿਨਾਂ ਵਿੱਚ ਫੁਟਬਾਲ ਸਟਿਚਿੰਗ ਦਾ ਕੰਮ ਬਹੁਤ ਚੱਲਦਾ ਸੀ ਅਤੇ ਇਹ ਕੰਮ ਸੌਖਿਆਂ ਮਿਲ ਵੀ ਜਾਂਦਾ ਸੀ। ਮੈਂ ਜਲਦੀ ਪੈਸੇ ਕਮਾਉਣ ਦੀ ਲੋੜ ਕਰਕੇ ਇਹ ਕੰਮ ਅਪਣਾ ਲਿਆ। ਮੈਂ ਜਲੰਧਰ ਦੀ ਇੱਕ ਪ੍ਰਾਈਵੇਟ ਫਰਮ ਤੋਂ ਫੁਟਬਾਲਾਂ ਦਾ ਕੱਚਾ ਮਾਲ ਲਿਆਉਂਦਾ, ਘਰ ਬੈਠ ਕੇ ਉਨ੍ਹਾਂ ਦੀ ਸਿਲਾਈ ਕਰਦਾ ਅਤੇ ਹਫ਼ਤੇ ਵਿੱਚ ਦੋ ਵਾਰ ਤਿਆਰ ਮਾਲ ਵਾਪਸ ਜਲੰਧਰ ਦੇ ਆਉਂਦਾ। ਇਸ ਇੰਡਸਟਰੀ ਦਾ ਛੋਟਾ ਜਿਹਾ ਦਫ਼ਤਰ ਸੀ ਤੇ ਪਿੱਛੇ ਗੋਦਾਮ, ਜਿੱਥੇ ਸਪੋਰਟਸ ਦਾ ਸਾਮਾਨ ਪੈਕ ਹੁੰਦਾ ਸੀ। ਦਫ਼ਤਰ ਵਿੱਚ ਦੋ ਮਜ਼ਦੂਰ ਕੰਮ ਕਰਦੇ ਸਨ ਅਤੇ ਮੁੱਖ ਕੁਰਸੀ ’ਤੇ ਮਾਲਕ ਖੁਦ ਬੈਠਦਾ ਸੀ। ਅਸੀਂ ਸਾਰੇ ਉਸ ਨੂੰ ਬਾਬੂ ਜੀ ਕਹਿੰਦੇ ਸਾਂ। ਬਾਬੂ ਜੀ ਦਾ ਸੁਭਾਅ ਬਹੁਤ ਕੌੜਾ ਸੀ। ਛੋਟੀ ਜਿਹੀ ਗ਼ਲਤੀ ’ਤੇ ਵੀ ਡਾਂਟ ਦਿੰਦਾ ਸੀ, ਪਰ ਦਿਲੋਂ ਬਹੁਤ ਚੰਗਾ ਇਨਸਾਨ ਸੀ। ਮੇਰੀ ਕਹਾਣੀ ਦਾ ਅਸਲੀ ਮੋੜ ਇਸੇ ਦਫ਼ਤਰ ’ਚ ਆਇਆ। ਹਫ਼ਤੇ ’ਚ ਦੋ ਵਾਰ ਮੇਰਾ ਦਫ਼ਤਰ ਦਾ ਚੱਕਰ ਲੱਗਦਾ ਸੀ। ਬਾਬੂ ਜੀ ਮਹੀਨੇ ਵਿੱਚ ਇੱਕ ਵਾਰ ਟੂਰ ’ਤੇ ਜਾਂਦਾ ਅਤੇ ਪਿੱਛੋਂ ਸਾਰਾ ਕੰਮ ਇੱਕ ਤਾਮਿਲ ਲੜਕੀ- ਸ਼ਾਇਨੀ ਡਿਸੂਜ਼ਾ ਦੇ ਹਵਾਲੇ ਕਰ ਜਾਂਦਾ।

ਉਹ ਪਤਲੀ ਜਿਹੀ ਸਾਂਵਲੇ ਰੰਗ ਦੀ ਬੜੀ ਫੁਰਤੀਲੀ ਕੁੜੀ ਸੀ। ਮਾਲ ਦੀ ਗਿਣਤੀ ਕਰਨੀ, ਪੈਕਿੰਗ ਕਰਵਾਉਣੀ, ਪਾਰਸਲ ਤਿਆਰ ਕਰਵਾਉਣੇ, ਹਿਸਾਬ ਕਿਤਾਬ ਰੱਖਣਾ- ਹਰ ਕੰਮ ਇਮਾਨਦਾਰੀ ਅਤੇ ਤੇਜ਼ੀ ਨਾਲ ਕਰਦੀ ਸੀ। ਉਹ ਟੁੱਟੀ-ਫੁੱਟੀ ਹਿੰਦੀ ਬੋਲਦੀ ਸੀ, ਕਦੇ-ਕਦੇ ਤਾਮਿਲ ’ਚ ਵੀ ਗੱਲ ਕਰਦੀ ਸੀ, ਜੋ ਸਾਨੂੰ ਸਮਝ ਨਹੀਂ ਆਉਂਦੀ ਸੀ। ਅੰਗਰੇਜ਼ੀ ਅਤੇ ਤਾਮਿਲ ਉਸ ਦੀਆਂ ਮੁੱਖ ਭਾਸ਼ਾਵਾਂ ਸਨ। ਮੈਂ ਆਪਣੇ ਪਿੰਡ ਤੋਂ ਸਾਈਕਲ ’ਤੇ ਬੋਰਾ ਭਰ ਕੇ ਫੁਟਬਾਲਾਂ ਲੈ ਕੇ ਜਾਂਦਾ। ਦਫ਼ਤਰ ਦੇ ਜਾਲੀ ਵਾਲੇ ਦਰਵਾਜ਼ੇ ਨੂੰ ਖੋਲ੍ਹ ਕੇ ਬੋਰਾ ਅੰਦਰ ਸੁੱਟਦਾ ਅਤੇ ਸਾਈਕਲ ਬਾਹਰ ਖੜ੍ਹਾ ਕਰ ਜਾਂਦਾ। ਕਈ ਵਾਰ ਮੈਂ ਦੇਖਦਾ ਕਿ ਮੇਰੇ ਲਈ ਠੰਢੇ ਪਾਣੀ ਦਾ ਗਿਲਾਸ ਪਹਿਲਾਂ ਹੀ ਟੇਬਲ ’ਤੇ ਰੱਖਿਆ ਹੁੰਦਾ ਸੀ। ਉਹ ਸਿਰਫ਼ ਇਸ਼ਾਰਾ ਕਰ ਦਿੰਦੀ- ਯੇਹ ਆਪ ਕੇ ਲੀਏ ਹੈ, ਪੀ ਲੋ ..!”

Advertisement

ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰਦੇ ਸੀ। ਮੈਂ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ ਸੀ ਅਤੇ ਹਮੇਸ਼ਾ ਨੀਵੀਂ ਪਾ ਕੇ ਉਸ ਦੇ ਸਾਹਮਣੇ ਖੜ੍ਹਾ ਰਹਿੰਦਾ ਸੀ। ਇੱਕ ਸਾਲ ਇਸੇ ਤਰ੍ਹਾਂ ਲੰਘ ਗਿਆ। ਇੱਕ ਦਿਨ ਜਦੋਂ ਮੈਂ ਦਫ਼ਤਰ ਪਹੁੰਚਿਆ ਤਾਂ ਸ਼ਾਇਨੀ, ਬਾਬੂ ਜੀ ਦੀ ਕੁਰਸੀ ’ਤੇ ਬੈਠੀ ਸੀ। ਮੈਂ ਸਮਝ ਗਿਆ ਕਿ ਬਾਬੂ ਜੀ ਟੂਰ ’ਤੇ ਗਏ ਹੋਏ ਹਨ। ਉਸ ਨੇ ਫੁੱਟੇ ਨਾਲ ਟੇਬਲ ਖੜਕਾਇਆ ਅਤੇ ਮਾਲਕਾਂ ਵਾਲੇ ਅੰਦਾਜ਼ ਵਿੱਚ ਕਿਹਾ, ‘ਬੋਲੋ, ਕਿਤਨੇ ਪੀਸ ਲਾਏ ਹੋ ?’ ਮੈਂ ਕਿਹਾ, ‘24 ਪੀਸ ਸਨ ਅਤੇ ਸਾਰੇ ਬਣਾ ਕੇ ਲਿਆਇਆ ਹਾਂ।’ ਮੈਂ ਫੁਟਬਾਲ ਬੋਰੇ ’ਚੋਂ ਕੱਢ ਕੇ ਗਿਣਤੀ ਕੀਤੀ ਅਤੇ ਦੂਜੇ ਵੱਡੇ ਬੋਰੇ ਵਿੱਚ ਪਾ ਦਿੱਤੇ। ਉਸ ਨੇ ਕਿਹਾ, ‘ਅੰਦਰ ਜਾ ਕੇ ਪਾਨੀ ਪੀ ਲੋ..!’ ਜਦੋਂ ਮੈਂ ਪਾਣੀ ਪੀ ਕੇ ਵਾਪਸ ਆਇਆ ਤਾਂ ਟੇਬਲ ’ਤੇ ਦੋ ਕੱਪ ਚਾਹ ਅਤੇ ਇੱਕ ਨਮਕੀਨ ਦੀ ਪਲੇਟ ਪਈ ਸੀ। ਉਹ ਕਹਿੰਦੀ, ‘ਏਕ ਚਾਏ ਤੁਮ੍ਹਾਰੀ ਹੈ..!’ ਮੈਂ ਨਾਂਹ ਵਿੱਚ ਸਿਰ ਹਿਲਾਇਆ ਤਾਂ ਉਸ ਨੇ ਕਿਹਾ, ‘ਸੁਨਾ ਨਹੀਂ, ਏਕ ਕੱਪ ਤੁਮ੍ਹਾਰਾ ਹੈ, ਪੀਓ...!’ ਮੈਂ ਇੱਕ ਪਾਸੇ ਪਈ ਕੁਰਸੀ ’ਤੇ ਬੈਠ ਕੇ ਚਾਹ ਪੀਣ ਲੱਗਾ ਤਾਂ ਉਸ ਨੇ ਮੇਰੀ ਬਾਂਹ ਫੜ ਕੇ ਆਪਣੇ ਨਾਲ ਵਾਲੀ ਕੁਰਸੀ ’ਤੇ ਬਿਠਾ ਦਿੱਤਾ ਅਤੇ ਨਮਕੀਨ ਮੇਰੇ ਵੱਲ ਕਰ ਦਿੱਤੀ। ਉਸ ਦਿਨ ਤੋਂ ਬਾਅਦ ਸਾਡੀ ਖਾਮੋਸ਼ ਜਾਣ-ਪਛਾਣ ਹੋਰ ਡੂੰਘੀ ਹੋਣ ਲੱਗੀ। ਇੱਕ ਦਿਨ ਜਦੋਂ ਮੈਂ ਘਰ ਜਾ ਕੇ ਬੋਰਾ ਖੋਲ੍ਹਿਆ ਤਾਂ ਉਸ ਵਿੱਚ ਪੰਜ ਫੁਟਬਾਲ ਵੱਧ ਸਨ। ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਗ਼ਲਤੀ ਨਾਲ ਪੈ ਗਏ ਹੋਣਗੇ। ਮੈਂ ਉਹ ਵੀ ਤਿਆਰ ਕਰਕੇ ਤਿੰਨ ਦਿਨ ਬਾਅਦ ਵਾਪਸ ਲੈ ਗਿਆ ਅਤੇ ਸ਼ਾਇਨੀ ਮੈਡਮ ਨੂੰ ਦੱਸਿਆ ਕਿ ਪੰਜ ਫੁਟਬਾਲ ਵੱਧ ਸਨ। ਉਸ ਨੇ ਆਪਣੇ ਮੱਥੇ ’ਤੇ ਹੱਥ ਮਾਰਿਆ ਅਤੇ ਹੌਲੀ ਜਿਹੀ ਮੁਸਕਰਾਈ ਤੇ ਹਿੰਦੀ ਬੋਲੀ, ‘ਵੋ ਮੈਨੇ ਤੁਮ੍ਹਾਰੇ ਲਈ ਰੱਖੇ ਥੇ... ਤੁਮ੍ਹਾਰੇ ਕਾਮ ਆ ਜਾਤੇ..!’ ਮੈਂ ਹੈਰਾਨ ਸੀ। ਜਿਹੜੀ ਕੁੜੀ ਇਮਾਨਦਾਰ ਸੀ, ਉਹ ਮੇਰੇ ਲਈ ਇਹ ਹੇਰਾ-ਫੇਰੀ ਕਰ ਰਹੀ ਸੀ। ਉਸ ਦਿਨ ਤੋਂ ਬਾਅਦ ਉਹ ਕਦੇ ਦੋ, ਕਦੇ ਪੰਜ ਫੁਟਬਾਲ ਵੱਧ ਪਾ ਦਿੰਦੀ। ਮੈਂ ਹਰ ਵਾਰ ਮਨ੍ਹਾਂ ਕਰਦਾ, ਪਰ ਉਹ ਹਰ ਵਾਰ ਹੱਸ ਕੇ ਗੱਲ ਟਾਲ ਦਿੰਦੀ। ਸ਼ਾਇਨੀ ਰੱਬ ਨੂੰ ਬਹੁਤ ਮੰਨਦੀ ਸੀ। ਹਰ ਸਵੇਰ ਆਪਣੇ ਪਰਸ ’ਚੋਂ ਇੱਕ ਛੋਟੀ ਜਿਹੀ ਤਸਵੀਰ ਕੱਢਦੀ, ਹੱਥ ਜੋੜਦੀ ਅਤੇ ਫਿਰ ਕੰਮ ਸ਼ੁਰੂ ਕਰਦੀ ਸੀ। ਪਰ ਮੇਰਾ ਰੱਬ ਵਿੱਚ ਖਾਸ ਵਿਸ਼ਵਾਸ ਨਹੀਂ ਸੀ। ਇੱਕ ਦਿਨ ਜਦੋਂ ਉਹ ਮੇਰੇ ਵੱਲੋਂ ਤਿਆਰ ਕੀਤੇ ਸੈਂਪਲ ਕਾਪੀ ’ਤੇ ਲਿਖ ਰਹੀ ਸੀ ਤਾਂ ਉਸਦੀ ਨਜ਼ਰ ਮੇਰੇ ਕੋਡ ਨੰਬਰ ’ਤੇ ਪਈ।

Advertisement

ਉਹ ਬੜੀ ਖੁਸ਼ ਹੋਈ ਤੇ ਕਹਿੰਦੀ, ‘ਅਰੇ... ਤੁਮ੍ਹਾਰਾ ਕੋਡ ਨੰਬਰ 9 ਹੈ... ਨੌਂ ਤੋ ਬਹੁਤ ਲੱਕੀ ਹੋਤਾ ਹੈ..!’ ਮੈਂ ਹੱਸ ਕੇ ਕਿਹਾ, ‘ਮੈਂ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦਾ... ਨਾ ਨੰਬਰਾਂ ਨੂੰ ਤੇ ਨਾ ਕਿਸਮਤ ਨੂੰ..!’ ਉਹ ਬੜੇ ਯਕੀਨ ਨਾਲ ਕਹਿੰਦੀ, ‘ਨਹੀਂ... 9 ਬਹੁਤ ਸਪੈਸ਼ਲ ਹੋਤਾ ਹੈ... ਹਮ੍ਹਾਰੀ ਗਾੜੀ ਕਾ ਆਖ਼ਰੀ ਨੰਬਰ ਭੀ 49 ਹੈ... ਹਮਾਰੇ ਘਰ ਕਾ ਨੰਬਰ ਭੀ 9 ਪੇ ਖ਼ਤਮ ਹੋਤਾ ਹੈ..!’ ਮੈਂ ਉਦੋਂ ਉਸਦੀ ਗੱਲ ਹੱਸ ਕੇ ਟਾਲ ਦਿੱਤੀ। ਇੱਕ ਦਿਨ ਮੈਂ ਅਤੇ ਸ਼ਾਇਨੀ ਮੈਡਮ ਦਫ਼ਤਰ ਵਿੱਚ ਚਾਹ ਪੀ ਰਹੇ ਸੀ। ਬਾਹਰ ਠੰਢੀ ਹਵਾ ਚੱਲ ਰਹੀ ਸੀ। ਮੈਂ ਕਾਫੀ ਦਿਨਾਂ ਤੋਂ ਇੱਕ ਗੱਲ ਮਨ ਵਿੱਚ ਰੱਖੀ ਹੋਈ ਸੀ। ਮੈਂ ਹੌਲੀ ਜਿਹੀ ਕਿਹਾ, ‘ਮੈਡਮ ਜੀ, ਤੁਸੀਂ ਮੈਨੂੰ ਵਾਧੂ ਫੁਟਬਾਲ ਨਾ ਪਾਇਆ ਕਰੋ, ਤੁਸੀਂ ਮੈਨੂੰ ਚੋਰ ਬਣਾ ਦਿੱਤਾ..!’ ਮੇਰੀ ਗੱਲ ਸੁਣ ਕੇ ਉਹ ਕੁਝ ਪਲ ਚੁੱਪ ਰਹੀ। ਫਿਰ ਨਿੰਮਾ ਜਿਹਾ ਮੁਸਕਰਾਈ। ਉਹ ਕਹਿੰਦੀ, ‘ਚੋਰ ਕੇ ਘਰ ਮੇਂ ਚੋਰੀ ਕਰਨਾ, ਚੋਰੀ ਨਹੀਂ ਕਹਿਲਾਤਾ..!’ ਮੈਂ ਹੈਰਾਨ ਹੋ ਕੇ ਪੁੱਛਿਆ, ‘ਬਾਬੂ ਜੀ ਚੋਰ ਕਿਵੇਂ ਹੋਏ?’ ਉਸ ਨੇ ਦੱਬਵੀਂ ਜਿਹੀ ਆਵਾਜ਼ ਵਿੱਚ ਕਿਹਾ, ‘ਯੇਹ ਜੋ ਮਾਲ ਯਹਾਂ ਸੇ ਬਾਹਰ ਜਾਤਾ ਹੈ, ਯੇਹ ਸਾਰਾ ਡੁਪਲੀਕੇਟ ਹੈ..!’

ਇਹ ਸੁਣ ਕੇ ਮੈਂ ਇੱਕਦਮ ਚੁੱਪ ਹੋ ਗਿਆ। ਮੈਨੂੰ ਤਾਂ ਸਿਰਫ਼ ਇਹੀ ਪਤਾ ਸੀ ਕਿ ਅਸੀਂ ਫੁਟਬਾਲ ਬਣਾਉਂਦੇ ਹਾਂ ਅਤੇ ਕੰਪਨੀ ਉਨ੍ਹਾਂ ਨੂੰ ਬਾਹਰ ਭੇਜਦੀ ਹੈ। ਫਿਰ ਉਸ ਨੇ ਮੈਨੂੰ ਸਮਝਾਇਆ, ‘ਅਗਰ ਕਭੀ ਚੈਕਿੰਗ ਹੋ ਜਾਏ ਤੋ ਮਾਲ ਛੋੜ ਕਰ ਭਾਗ ਜਾਨਾ, ਨਹੀਂ ਤੋ ਪੁਲੀਸ ਵਾਲੇ ਆਪਕੋ ਅੰਦਰ ਦੇ ਦੇਂਗੇ..!’ ਉਸ ਦਿਨ ਮੈਂ ਸੱਚਮੁੱਚ ਡਰ ਗਿਆ ਸੀ। ਸ਼ਾਇਦ ਇਸੇ ਲਈ ਉਹ ਹਰ ਵੇਲੇ ਮੇਰੀ ਫਿਕਰ ਕਰਦੀ ਸੀ। ਇੱਕ ਦਿਨ ਦਫ਼ਤਰ ਵਿੱਚ ਜ਼ਰੂਰੀ ਪਾਰਸਲ ਜਾਣਾ ਸੀ ਪਰ ਪਾਰਸਲ ਤਿਆਰ ਕਰਨ ਵਾਲਾ ਮਜ਼ਦੂਰ ਨਹੀਂ ਆਇਆ। ਮੈਡਮ ਬਹੁਤ ਪਰੇਸ਼ਾਨ ਸੀ। ਮੈਂ ਕਿਹਾ, ‘ਮੈਂ ਕੋਸ਼ਿਸ਼ ਕਰ ਸਕਦਾ ਹਾਂ..!’ ਉਸ ਨੇ ਮੈਨੂੰ ਅੰਦਰ ਲਿਜਾ ਕੇ ਪਾਰਸਲ ਦਿਖਾਇਆ। ਮੈਂ ਇੱਕ ਘੰਟੇ ਵਿੱਚ ਪਾਰਸਲ ਤਿਆਰ ਕਰ ਦਿੱਤਾ। ਜਦੋਂ ਉਸ ਨੇ ਪਾਰਸਲ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਸ ਨੇ ਫਟਾਫਟ ਅੰਗਰੇਜ਼ੀ ਵਿੱਚ ਪਤਾ ਲਿਖਿਆ, ਰਿਕਸ਼ੇ ਵਾਲੇ ਨੂੰ ਬੁਲਾਇਆ ਅਤੇ ਫਿਰ ਮੈਨੂੰ ਰੋਕ ਲਿਆ। ਉਸ ਨੇ ਦੋ ਕੱਪ ਚਾਹ ਮੰਗਵਾਏ, ਆਪਣੇ ਪਰਸ ’ਚੋਂ 200 ਰੁਪਏ ਕੱਢ ਕੇ ਮੈਨੂੰ ਦਿੱਤੇ ਅਤੇ ਕਿਹਾ,‘ਯੇਹ ਮੇਰੀ ਤਰਫ਼ ਸੇ, ਖੁਸ਼ੀ ਸੇ ਦੇ ਰਹੀ ਹੂੰ..!’ ਫਿਰ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਅਤੇ ਮੇਰੇ ਕੰਨ ਨੇੜੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘ਆਈ ਲਵ ਯੂ ਸੋ ਮੱਚ।’ ਉਸ ਵੇਲੇ ਨਾ ਗੂਗਲ ਸੀ ਅਤੇ ਨਾ ਮੈਨੂੰ ਇਸ ਅੰਗਰੇਜ਼ੀ ਦਾ ਪੂਰਾ ਮਤਲਬ ਸਮਝ ਆਇਆ। ਮੈਂ ਇਸ ਗੱਲ ਨੂੰ ਆਈ ਗਈ ਕਰ ਦਿੱਤਾ। ਫਿਰ ਇੱਕ ਦਿਨ ਉਸ ਨੇ ਦੱਸਿਆ ਕਿ ਉਸਦੇ ਘਰ ਵਾਲਿਆਂ ਨੇ ਉਸ ਦੀ ਸ਼ਾਦੀ ਤੈਅ ਕਰ ਦਿੱਤੀ ਹੈ ਅਤੇ ਉਹ ਆਪਣੇ ਘਰ ਵਾਪਸ ਜਾਣ ਵਾਲੀ ਹੈ। ਉਸ ਦਿਨ ਉਹ ਬਹੁਤ ਉਦਾਸ ਸੀ। ਇੱਕ ਮਜ਼ਦੂਰ ਨੇ ਪੁੱਛਿਆ, ‘ਮੈਡਮ, ਤੁਸੀਂ ਵਾਪਸ ਆਓਗੇ?’ ਉਹ ਉਦਾਸ ਜਿਹੀ ਆਵਾਜ਼ ਵਿੱਚ ਕਹਿੰਦੀ, ‘ਨਹੀਂ, ਅਗਰ ਰਮੇਸ਼ ਜੀ ਬੋਲ ਦੇਂਗੇ ਤੋ ਮੈਂ ਇਨਸੇ ਸ਼ਾਦੀ ਕਰ ਲੂੰਗੀ, ਫਿਰ ਮੈਂ ਨਹੀਂ ਜਾਊਗੀ..!’ ਉਹ ਹਮੇਸ਼ਾ ਮੈਨੂੰ ਰਮੇਸ਼ ਨਾਂ ਨਾਲ ਬੁਲਾਉਂਦੀ ਸੀ।

ਇਹ ਸੁਣ ਕੇ ਮੈਂ ਇੱਕਦਮ ਚੁੱਪ ਹੋ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਹਾਂ। ਮੈਂ ਜਲਦੀ ਨਾਲ ਚਾਹ ਖ਼ਤਮ ਕੀਤੀ ਅਤੇ ਬਾਹਰ ਜਾਣ ਲੱਗਾ ਤਾਂ ਉਸ ਨੇ ਮੇਰੀ ਬਾਂਹ ਫੜ ਲਈ। ਉਸ ਨੇ ਮੈਨੂੰ ਕੁਰਸੀ ’ਤੇ ਬਿਠਾ ਕੇ ਕਿਹਾ, ‘ਤੁਮ ਮੁਝਸੇ ਸ਼ਾਦੀ ਨਹੀਂ ਕਰੋਗੇ, ਤੋ ਮੁਝੇ ਜਾਨਾ ਹੀ ਪੜੇਗਾ..!’ ਮੈਂ ਹੌਲੀ ਜਿਹੀ ਕਿਹਾ, ‘ਮੈਂ ਸ਼ਾਇਦ ਸ਼ਾਦੀ ਹੀ ਨਹੀਂ ਕਰੂੰਗਾ..!’ ਉਸ ਨੂੰ ਮੇਰੇ ਹਾਲਾਤ ਦਾ ਪਤਾ ਸੀ। ਜਦੋਂ ਮੈਂ ਜਾਣ ਲੱਗਾ ਤਾਂ ਉਸ ਨੇ ਕਿਹਾ, ‘ਆਪ ਗਾਂਵ ਸੇ ਮੇਰੇ ਲਈ ਪਾਂਚ ਕਿਲੋ ਆਲੂ ਲੇ ਆਨਾ... ਮੈਂ ਸਾਥ ਲੇਕਰ ਜਾਊਂਗੀ..!’ ਮੈਂ ਹੈਰਾਨ ਹੋ ਕੇ ਪੁੱਛਿਆ, ‘ਸੱਚਮੁੱਚ ਆਲੂ?’ ਉਹ ਹੱਸ ਪਈ ਅਤੇ ਕਹਿੰਦੀ, ‘ਜਾਓ, ਭਾਗੋ ਤੁਮ..!’ ਮੈਂ ਬਾਹਰ ਨਿਕਲਿਆ ਤਾਂ ਇੱਕ ਮਜ਼ਦੂਰ ਨੇ ਕਿਹਾ, ‘ਮੈਡਮ ਅੰਦਰ ਰੋ ਰਹੀ ਹੈ..!’ ਮੈਂ ਮੁੜ ਅੰਦਰ ਗਿਆ। ਉਹ ਆਪਣੀ ਕੁਰਸੀ ’ਤੇ ਬੈਠੀ ਰੋ ਰਹੀ ਸੀ। ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ, ‘ਮੈਂ ਯਹਾਂ ਸੇ ਜਾਨਾ ਨਹੀਂ ਚਾਹਤੀ... ਤੁਮ ਮੁਝੇ ਰਖਨਾ ਨਹੀਂ ਚਾਹਤੇ..!’ ਮੈਂ ਚੁੱਪ ਸੀ। ਦੋ ਦਿਨ ਬਾਅਦ ਮੈਂ ਪੰਜ ਕਿੱਲੋ ਆਲੂ ਲਿਫਾਫੇ ’ਚ ਪਾ ਕੇ ਲੈ ਗਿਆ। ਨਾਲ ਇੱਕ ਛੋਟਾ ਜਿਹਾ ਹੱਥ ਨਾਲ ਲਿਖਿਆ ਕਾਰਡ ਵੀ ਸੀ।

ਉਸ ਦਿਨ ਉਹ ਤਿਆਰ ਹੋ ਕੇ ਦਫ਼ਤਰ ਵਿੱਚ ਬੈਠੀ ਸੀ। ਉਸ ਨੇ ਮੈਨੂੰ ਚਾਹ ਨਾਲ ਨਮਕੀਨ ਅਤੇ ਬਰਫੀ ਪਰੋਸੀ। ਜਦੋਂ ਮੈਂ ਜਾਣ ਲੱਗਾ ਤਾਂ ਉਸ ਨੇ ਮੈਨੂੰ ਫਿਰ ਕਲਾਵੇ ਵਿੱਚ ਲੈ ਲਿਆ ਅਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘ਅਗਰ ਤੁਮ ਮੁਝੇ ਰੱਖ ਲੇਤੇ, ਤੋ ਮੁਝੇ ਜਾਨਾ ਨਾ ਪੜਤਾ..!’ ਉਸ ਦੀਆਂ ਅੱਖਾਂ ’ਚ ਹੰਝੂ ਸਨ। ਮੈਂ ਚੁੱਪਚਾਪ ਸਾਈਕਲ ਚੁੱਕੀ ਅਤੇ ਪਿੰਡ ਵੱਲ ਤੁਰ ਪਿਆ। ਕੁਝ ਮਹੀਨੇ ਬਾਅਦ ਮੈਂ ਉਹ ਦਫ਼ਤਰ ਛੱਡ ਦਿੱਤਾ ਅਤੇ ਫਿਰ ਇੱਕ ਸਵੇਰ ਜਦੋਂ ਮੈਂ ਅਖ਼ਬਾਰ ਖੋਲ੍ਹਿਆ ਤਾਂ ਮੁੱਖ ਪੰਨੇ ’ਤੇ ਉਸੇ ਦਫ਼ਤਰ ਦੀ ਤਸਵੀਰ ਛਪੀ ਹੋਈ ਸੀ ਜਿਸ ਦੇ ਉੱਪਰ ਲਿਖਿਆ ਸੀ, ‘ਨਕਲੀ ਫੁਟਬਾਲ ਬਣਾਉਣ ਵਾਲੀ ਫੈਕਟਰੀ ਫੜੀ।’ ਉਦੋਂ ਮੈਨੂੰ ਇਕਦਮ ਸ਼ਾਇਨੀ ਦੀ ਉਹ ਗੱਲ ਯਾਦ ਆਈ, ‘ਅਗਰ ਚੈਕਿੰਗ ਹੋ ਜਾਏ ਤੋ ਮਾਲ ਛੋੜ ਕਰ ਭਾਗ ਜਾਨਾ..!’ ਉਸ ਦਿਨ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਨੀ ਸਿਰਫ਼ ਮੈਨੂੰ ਪਿਆਰ ਹੀ ਨਹੀਂ ਕਰਦੀ ਸੀ, ਉਹ ਹਰ ਵੇਲੇ ਮੈਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੀ ਰਹੀ ਸੀ। ਅੱਜ ਇਸ ਗੱਲ ਨੂੰ ਕਈ ਦਹਾਕੇ ਬੀਤ ਚੁੱਕੇ ਹਨ। ਅਜੀਬ ਇਤਫ਼ਾਕ ਹੈ ਕਿ ਮੇਰੀ ਬਾਈਕ ਦਾ ਨੰਬਰ ਵੀ 49 ਨਿਕਲਿਆ... ਪਹਿਲੇ ਸਕੂਟਰ ਦਾ ਨੰਬਰ ਵੀ 49 ਸੀ..! ਇੱਥੋਂ ਤੱਕ ਕਿ ਮੇਰੇ ਕਈ ਬੈਂਕ ਖਾਤਿਆਂ ਦੇ ਆਖ਼ਰੀ ਅੰਕ ਵੀ 49 ਹਨ। ਸ਼ਾਇਦ ਉਹ ਆਪਣੇ ਵਿਸ਼ਵਾਸ ਵਿੱਚ ਸੱਚੀ ਸੀ ਅਤੇ ਮੈਂ ਆਪਣੇ ਇਨਕਾਰ ਵਿੱਚ। ਅੱਜ ਸਮਝ ਆਉਂਦੀ ਹੈ ਕਿ ਜ਼ਿੰਦਗੀ ਅਸਲ ਵਿੱਚ ਇੱਕ ਲੰਮਾ ਸਫ਼ਰ ਹੈ। ਇਸ ਸਫ਼ਰ ਵਿੱਚ ਕਈ ਲੋਕ ਮੁਸਾਫ਼ਰਾਂ ਵਾਂਗ ਸਾਡੇ ਨਾਲ ਕੁਝ ਦੂਰ ਤੱਕ ਤੁਰਦੇ ਹਨ। ਕੋਈ ਦੋ ਕਦਮ ਸਾਥ ਨਿਭਾਉਂਦਾ ਹੈ ਅਤੇ ਕੋਈ ਸਾਰੀ ਉਮਰ ਯਾਦ ਬਣ ਕੇ ਦਿਲ ਵਿੱਚ ਵੱਸ ਜਾਂਦਾ ਹੈ। ਸ਼ਾਇਨੀ ਵੀ ਮੇਰੀ ਜ਼ਿੰਦਗੀ ਵਿੱਚ ਇੱਕ ਹੌਲੀ ਜਿਹੀ ਬਰਸਾਤ ਵਾਂਗ ਆਈ ਸੀ, ਕੁਝ ਪਲ ਠਹਿਰੀ ਅਤੇ ਫਿਰ ਸਮੇਂ ਦੀ ਹਵਾ ਨਾਲ ਕਿਤੇ ਦੂਰ ਚਲੀ ਗਈ। ਨਦੀ ਆਪਣੇ ਰਸਤੇ ਵਿੱਚ ਕਿੰਨੇ ਹੀ ਪੱਥਰਾਂ ਅਤੇ ਮੋੜਾਂ ਨੂੰ ਛੂੰਹਦੀ ਹੋਈ ਅੱਗੇ ਵਗਦੀ ਰਹਿੰਦੀ ਹੈ। ਠੀਕ ਉਸੇ ਤਰ੍ਹਾਂ ਜ਼ਿੰਦਗੀ ਵੀ ਲੋਕਾਂ ਦੇ ਮਿਲਣ ਅਤੇ ਵਿਛੋੜਿਆਂ ਨਾਲ ਅੱਗੇ ਤੁਰਦੀ ਰਹਿੰਦੀ ਹੈ। ਕੁਝ ਲੋਕ ਸਾਡੇ ਕੋਲ ਰਹਿ ਕੇ ਵੀ ਆਪਣੇ ਨਹੀਂ ਬਣਦੇ ਅਤੇ ਕੁਝ ਲੋਕ ਬਹੁਤ ਦੂਰ ਚਲੇ ਜਾਣ ਤੋਂ ਬਾਅਦ ਵੀ ਦਿਲ ਦੇ ਸਭ ਤੋਂ ਨੇੜੇ ਰਹਿੰਦੇ ਹਨ। ਸ਼ਾਇਨੀ ਵੀ ਸ਼ਾਇਦ ਉਨ੍ਹਾਂ ਲੋਕਾਂ ’ਚੋਂ ਇੱਕ ਸੀ, ਜੋ ਮੇਰੀ ਜ਼ਿੰਦਗੀ ਵਿੱਚ ਥੋੜ੍ਹੇ ਸਮੇਂ ਲਈ ਆਈ ਪਰ ਸਾਰੀ ਉਮਰ ਲਈ ਇੱਕ ਯਾਦ ਬਣ ਗਈ। ਜ਼ਿੰਦਗੀ, ਅੱਜ ਵੀ ਆਪਣੇ ਹੀ ਵਹਾਅ ਵਿੱਚ ਚੁੱਪਚਾਪ ਵਹਿ ਰਹੀ ਹੈ..!

ਸੰਪਰਕ: 95015-75511

Advertisement
×