DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੇ ਐੱਲ ਗਰਗ ਦੀਆਂ ਗੱਲਾਂ ਕਰਦਿਆਂ

ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ। ਸਭ ਤੋਂ ਪਹਿਲਾਂ ਉਹ ਘਰ ਪਰਿਵਾਰ ਦੀ ਖ਼ੈਰ-ਸੁੱਖ ਪੁੱਛਦੇ ਤੇ ਫਿਰ ਲਿਖਣ-ਪੜ੍ਹਨ ਦੀ ਗੱਲ...

  • fb
  • twitter
  • whatsapp
  • whatsapp
Advertisement

ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ। ਸਭ ਤੋਂ ਪਹਿਲਾਂ ਉਹ ਘਰ ਪਰਿਵਾਰ ਦੀ ਖ਼ੈਰ-ਸੁੱਖ ਪੁੱਛਦੇ ਤੇ ਫਿਰ ਲਿਖਣ-ਪੜ੍ਹਨ ਦੀ ਗੱਲ ਕਰਦੇ। ਤੀਜੀ ਉਹ ਪੱਕੀ ਗੱਲ ਕਰਦੇ ਸਨ ਚਿਰੋਕੇ ਅੜੇ ਪਏ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੇ ਸ਼੍ਰੋਮਣੀ ਸਾਹਿਤਕ ਐਵਾਰਡਾਂ ਦੀ। ਗਰਗ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ 2020 ਵਿੱਚ ਕੈਪਟਨ ਦੀ ਸਰਕਾਰ ਵੇਲੇ 77 ਲੇਖਕਾਂ ਸਮੇਤ ਐਲਾਨਿਆ ਗਿਆ ਸੀ ਪਰ ਇੱਕ ਵਕੀਲ ਲਿਖਾਰੀ ਇਸ ਮਾਮਲੇ ਨੂੰ ਲੋਅਰ ਕੋਰਟ ਵਿੱਚ ਲੈ ਗਿਆ ਤੇ ਮਾਮਲਾ ਦੇਰ ਦਾ ਲਟਕਿਆ ਪਿਆ ਹੈ। ਬਹੁਤ ਸਾਰੇ ਲੇਖਕ, ਵਿਦਵਾਨ ਤੇ ਕਲਾਕਾਰ ਬਿਨਾਂ ਐਵਾਰਡੋਂ ਹੀ ਤੁਰ ਗਏ ਨੇ ਗਰਗ ਹੋਰਾਂ ਵਾਂਗ ਤੇ ਹੋਰ ਵੀ ਤੁਰੀ ਜਾ ਰਹੇ ਨੇ। ਗਰਗ ਸਾਬ੍ਹ ਦਾ ਫੋਨ ਆਉਣਾ ਤਾਂ ਮੈਂ ਸੋਚਣਾ ਕਿ ਅਦਾਲਤ ਵਿੱਚ ਪਈ ਅਗਲੀ ਪੇਸ਼ੀ ਬਾਰੇ ਪੁੱਛਣਗੇ। ਓਹੀ ਗੱਲ ਹੁੰਦੀ ਸੀ, ਉਹ ਪੁੱਛਦੇ, ‘‘ਭਤੀਜ, ਕੀ ਬਣਿਆ ਫਿਰ? ਕੁਝ ਹੋਊ ਕਿ ਬਸ?’’ ਉਨ੍ਹਾਂ ਨੂੰ ਇਹ ਪੱਕੀ ਆਸ ਸੀ ਕਿ ਉਨ੍ਹਾਂ ਦੇ ਜਿਊਂਦੇ ਜੀਅ ਇਹ ਐਵਾਰਡ ਮਿਲ ਜਾਵੇਗਾ ਪਰ ਇਹ ਆਸ ਪੂਰ ਨਹੀਂ ਚੜ੍ਹੀ ਪਰ ਉਹ ਉਸ ਆਕਾਸ਼ ਦੀ ਪੌੜੀ ਚੜ੍ਹ ਗਏ, ਜਿੱਥੋਂ ਨਾ ਕੋਈ ਪਰਤਿਆ ਹੈ ਤੇ ਨਾ ਕਿਸੇ ਨੇ ਪਰਤਣਾ ਹੈ। ਉਨ੍ਹਾਂ ਦਾ ਜਨਮ 13 ਅਪਰੈਲ 1943 ਨੂੰ ਹੋਇਆ। ਉਹ ਮੋਗੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੇ ਰਹੇ। ਪੂਰਾ ਨਾਂ ਕ੍ਰਿਸ਼ਨ ਲਾਲ ਗਰਗ ਸੀ। ਸਭ ਜਾਣਦੇ ਨੇ ਕਿ ਗਰਗ ਹਾਸ-ਵਿਅੰਗ ਦਾ ਸਿਰੇ ਦਾ ਸਮਰੱਥ ਲਿਖਾਰੀ ਸੀ। ਹਾਸ ਵਿਅੰਗ ਦੇ ਨਾਲ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਤੇ ਅੱਧੀ ਦਰਜਨ ਕਹਾਣੀਆਂ ਦੀਆਂ ਕਿਤਾਬਾਂ ਛਪੀਆਂ, ਪਹਿਲੇ ਛਪੇ ਕਹਾਣੀ ਸੰਗ੍ਰਹਿ ਦਾ ਨਾਂ ਸੀ ‘ਅੱਗ ਦੇ ਦਾਇਰੇ।’ ਛੇ ਨਾਵਲਾਂ ਦੀ ਰਚਨਾ ਕੀਤੀ। ਵਾਰਤਕ ਵੀ ਲਿਖੀ ਤੇ ਸਾਹਿਤ ਸਮੀਖਿਆ ਵੀ ਲਿਖਦੇ ਰਹੇ। ਬਾਲਾਂ ਲਈ ਵੀ ਲਿਖਿਆ। ਕਈ ਅਖ਼ਬਾਰਾਂ ਵਿੱਚ ਲੰਮਾ ਸਮਾਂ ਸਾਹਿਤਕ ਕਾਲਮ ਲਿਖੇ, ਕਿਤਾਬਾਂ ਦੇ ਰਿਵਿਊ ਤੇ ਵਿਅੰਗ ਕਾਲਮ ‘ਗਰਗਵਾਣੀ’ ਲਗਾਤਾਰ ਲਿਖਦੇ ਰਹੇ। ਕਈ ਕਿਤਾਬਾਂ ਸੰਪਾਦਿਤ ਕੀਤੀਆਂ ਤੇ ਕਈ ਕੁਝ ਅਨੁਵਾਦ ਵੀ ਕਰੀ ਗਏ ਜੋ ਸਮੇਂ-ਸਮੇਂ ਛਪੀ ਗਿਆ। ਛੇ ਨਾਵਲ ਲਿਖੇ, ਪਹਿਲੇ ਨਾਵਲ ਦਾ ਨਾਂ ਸੀ ‘ਹੁੰਮਸ।’ ਜਦ ‘ਧਾਰਾਂ ਵਾਲਾ ਪੁਲ’ ਨਾਵਲ ਛਪਿਆ ਤਾਂ ਇਸਦਾ ਰੌਲਾ ਵੀ ਪਿਆ, ਇੱਕ ਵੱਡਾ ਲੇਖਕ ਗਰਗ ਹੋਰਾਂ ਨਾਲ ਸਖ਼ਤ ਨਾਰਾਜ਼ ਹੋ ਗਿਆ। ਕੰਮ ਉਨ੍ਹਾਂ ਨੇ ਬਹੁਤ ਕੀਤਾ। ਕੁੱਲ ਮਿਲਾ ਕੇ ਸੱਠ ਕਿਤਾਬਾਂ ਬਣਦੀਆਂ ਹਨ, ਸਭ ਤੋਂ ਪਹਿਲੀ ਹਾਸ-ਵਿਅੰਗਾਂ ਦੀ ਕਿਤਾਬ 1979 ਵਿੱਚ ‘ਦੇਖ ਕਬੀਰਾ ਹੱਸਿਆ’ ਛਪੀ ਸੀ। ਅਨੁਵਾਦ ਦੀਆਂ ਛੇ ਕਿਤਾਬਾਂ ਹਨ। ਭਾਰਤੀ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ ਅਨੁਵਾਦ ਪੁਰਸਕਾਰ ਵੀ ਭੇਟ ਕੀਤਾ ਪਰ ਉਹ ਇਸ ਗੱਲੋਂ ਉਦਾਸ ਰਹੇ ਕਿ ਪੰਜਾਬੀ ਸਾਹਿਤ ਵਿੱਚ ‘ਕਾਮੇ’ ਲੋਕਾਂ ਦੀ ਪੁੱਛ ਦੱਸ ਨਹੀਂ ਰਹੀ ਤੇ ਬਹੁ-ਗਿਣਤੀ ਆਪੋ-ਆਪਣੇ ਧੜਿਆਂ ਦੇ ਬੰਦੇ ਉਭਾਰੇ ਤੇ ਸਤਿਕਾਰੇ ਜਾ ਰਹੇ ਹਨ। ਉਹ ਸਾਹਿਤਕ ਜਥੇਬੰਦੀਆਂ ਦੇ ਆਗੂਆਂ ਨੂੰ ਹਾਸੇ ਭਰੇ ਵਿਅੰਗ ਵਿੱਚ ‘ਖ਼ਰੀਆਂ-ਖ਼ਰੀਆਂ’ ਸੁਣਾ ਦਿੰਦੇ ਸਨ।

ਗਰਗ ਸਾਬ੍ਹ ਨੂੰ ਗੱਲ ਬੜੀ ਅਹੁੜਦੀ ਸੀ। ਵਿਅੰਗਕਾਰ ਹੋਣ ਕਰਕੇ ਉਹ ਆਪਣੇ ਹਰੇਕ ਜਾਣੂੰ-ਪਛਾਣੂੰ ਨੂੰ ਮੱਠੀ-ਮੱਠੀ ਟਕੋਰ ਕਰੀ ਜਾਂਦੇ। ਚਿੱਟੇ ਦੰਦ ਤੇ ਹੱਸਦਾ ਚਿਹਰਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਪਿਆਰਾ ਬਣਾ ਦਿੰਦਾ। ਦੇਰ ਦੀ ਗੱਲ ਹੈ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਪਰਦੇਸੋਂ ਆਪਣੇ ਪਿੰਡ ਆਇਆ ਤੇ ਅਖੰਡ ਪਾਠ ਕਰਵਾਇਆ। ਉਨ੍ਹਾਂ ਆਪਣੇ ਆੜੀ ਕਲਾਕਾਰ ਤੇ ਲਿਖਾਰੀ ਸੱਦੇ, ਕੁਲਦੀਪ ਮਾਣਕ ਵੀ ਆਇਆ। ਇੱਧਰੋਂ ਅਸੀਂ ਕਾਫੀ ਜਣੇ ਗਏ ਸਾਂ, ਗਰਗ ਸਾਬ੍ਹ ਨੇ ਮਾਣਕ ਦੇ ਗਲ਼ ਵਿੱਚ ਸੋਨੇ ਦੀ ਮੋਟੀ ਚੇਨੀ ਤੇ ਉਂਗਲਾਂ ਵਿੱਚ ਪਾਈਆਂ ਮੁੰਦੀਆਂ ਦੇਖ ਕੇ ਵਿਅੰਗ ਕੱਸਿਆ, ‘‘ਓ ਭਾਈ ਮਾਣਕਾ, ਆਹ ਅਸਲੀ ਐ ਸਾਰੀਆਂ ਕਿ ਨਕਲੀ ਹੀ ਪਾਈ ਫਿਰਦਾ ਐਂ? ਜਿਹੜੀ ਨਕਲੀ ਐ ਸਾਡੇ ਵਰਗਿਆਂ ਨੂੰ ਦੇ ਛੱਡ ਯਾਰ..!’’ ਇਹ ਗੱਲ ਮਾਣਕ ਨੂੰ ਚੰਗੀ ਨਾ ਲੱਗੀ। ਗਰਗ ਸਾਬ੍ਹ ਨੇ ਉਸੇ ਦਿਨ ਤੋਂ ਸਹੁੰ ਖਾ ਲਈ ਕਿ ਅਗਾਂਹ ਤੋਂ ਕਿਸੇ ਨੂੰ ਅਜਿਹੀ ਟਿੱਚਰ ਨਹੀਂ ਕਰਨੀ। ਗਰਗ ਹੋਰਾਂ ਦਾ ਲਿਖਿਆ ਵਿਅੰਗ ਏਨਾ ਤਿੱਖਾ ਹੁੰਦਾ ਸੀ ਕਿ ਸਾਡੇ ਵਿਗੜੇ-ਤਿਗੜੇ ਸਮਾਜਿਕ ਢਾਂਚੇ ਤੇ ਭੈੜੀਆਂ ਅਲਾਮਤਾਂ ਨੂੰ ਖ਼ਤਮ ਕਰਨ ਦਾ ਸੁਨੇਹਾ ਵੀ ਖ਼ੂਬ ਦਿੰਦਾ ਸੀ। ਉਹ ਸਮਾਜਿਕ ਸੁਧਾਰ ਲਈ ਲਗਾਤਾਰ ਆਪਣੀ ਕਲਮ ਚਲਾਉਂਦੇ ਰਹੇ। ਵੱਡੇ ਪੰਜਾਬੀ ਵਿਅੰਗ ਲੇਖਕਾਂ ਕਨ੍ਹੱਈਆ ਲਾਲ ਕਪੂਰ, ਸੂਬਾ ਸਿੰਘ, ਪਿਆਰਾ ਸਿੰਘ ਦਾਤਾ ਤੇ ਸ਼ੇਰ ਜੰਗ ਜਾਂਗਲੀ ਨਾਲ ਉਨ੍ਹਾਂ ਦੀ ਵਾਹਵਾ ਨੇੜਤਾ ਰਹੀ। ਉਨ੍ਹਾਂ ਵਿਅੰਗ ਅਕਾਦਮੀ ਬਣਾ ਕੇ ਦਾਤਾ ਜੀ ਦੇ ਪਰਿਵਾਰ ਪਾਸੋਂ ਵਿਅੰਗ ਪੁਰਸਕਾਰ ਸ਼ੁਰੂ ਕਰਵਾਇਆ। ਦਸ ਸਾਲ ਦਾ ਚੋਣਵਾਂ ਹਾਸ-ਵਿਅੰਗ ਸੰਪਾਦਿਤ ਕਰ ਗਏ। ਗਰਗ ਹੋਰਾਂ ਨੇ ਆਪਣੇ ਨੇੜਲੇ ਕੁਝ ਵਿਅਕਤੀਆਂ ਦੇ ਰੇਖਾ ਚਿੱਤਰ ਵੀ ਲਿਖੇ, ਜਿਨ੍ਹਾਂ ਵਿੱਚ ਜਾਂਗਲੀ, ਕਪੂਰ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਕਈ ਹੋਰ ਹਨ। ਗਰਗ ਦਾ ਮਨ ਮੋਗੇ ਆਪਣੇ ਨਿੱਕੇ ਜਿਹੇ ਖੂਬਸੂਰਤ ਘਰ ਵਿੱਚ ਹੀ ਲੱਗਦਾ ਸੀ ਤੇ ਪਰਦੇਸ ਉਹ ਬੱਚਿਆਂ ਕੋਲ ਵੀ ਜਾ ਆਏ ਸੀ ਪਰ ਠੰਢੇ ਮੁਲਕਾਂ ਦੀ ਤਪਦੀ ਧਰਤੀ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ ਸੀ। ਉਨ੍ਹਾਂ ਦੋ ਸਫ਼ਰਨਾਮੇ ‘ਵਾਟਾਂ ਦੇਸੋਂ ਦੂਰ ਦੀਆਂ’ ਤੇ ‘ਧਰਤੀ ਦਾ ਦੂਜਾ ਪਾਸਾ ਵੀ ਲਿਖੇ।’ ਉਨ੍ਹਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਕਈ ਰਚਨਾਵਾਂ ਰਚੀਆਂ।

Advertisement

ਮੋਗੇ ਜਾਂ ਨੇੜੇ ਤੇੜੇ ਕੋਈ ਸਾਹਿਤਕ ਸਮਾਗਮ ਹੁੰਦਾ ਤਾਂ ਉਹ ਸਕੂਟਰੀ ਉੱਤੇ ਚੜ੍ਹ ਕੇ ਚਲੇ ਜਾਂਦੇ ਸਨ। ਜੇ ਥੋੜ੍ਹੀ ਦੂਰ ਜਾਣਾ ਹੁੰਦਾ ਤਾਂ ਗੁਰਮੀਤ ਕੜਿਆਲਵੀ ਲੈ ਜਾਂਦਾ। ਬਲਦੇਵ ਸਿੰਘ ‘ਸੜਕਨਾਮਾ’ ਤੇ ਉਹ ਅਕਸਰ ਹੀ ਇਕੱਠੇ ਜਾਂਦੇ ਸਨ। ਸਾਲ 2024 ਵਿੱਚ ਮੈਂ ਫਰੀਦਕੋਟ ਬੁਲਾਇਆ, ਕੈਨੇਡਾ ਤੋਂ ਮਰਹੂਮ ਲੇਖਕ ਇਕਬਾਲ ਰਾਮੂਵਾਲੀਆ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਗਰਗ ਹੋਰਾਂ ਨੂੰ ਪੁਰਸਕਾਰ ਭੇਟ ਕੀਤਾ ਗਿਆ। ਪ੍ਰੋਗਰਾਮ ਡੀ ਸੀ ਦਫਤਰ ਵਿੱਚ ਸੀ। ਕੜਿਆਲਵੀ ਨੇ ਗਰਗ ਦੀ ਸਾਹਿਤਕ ਦੇਣ ਉੱਤੇ ਚਾਨਣਾ ਪਾਇਆ, ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਖ਼ੁਸ਼ ਹੋ ਕੇ ਆਖਿਆ ਸੀ ਕਿ ਗਰਗ ਹੋਰਾਂ ਦੇ ਰੌਸ਼ਨ ਚਿਹਰੇ ਵਾਂਗ ਇਨ੍ਹਾਂ ਦੀਆਂ ਲਿਖਤਾਂ ਵੀ ਰੌਸ਼ਨੀ ਵੰਡਣ ਵਾਲੀਆਂ ਹਨ।

Advertisement

ਪ੍ਰੋਗਰਾਮ ਮੁੱਕਿਆ ਤਾਂ ਗਰਗ ਹੋਰੀਂ ਬੜੇ ਖੁਸ਼ ਸਨ, ਨਾਲ ਆਈ ਆਪਣੀ ਪਤਨੀ ਨੂੰ ਟਕੋਰ ਕਰਕੇ ਬੋਲੇ, ‘‘ਦੇਖਿਆ ਭਾਗਵਾਨੇ, ਡੀ ਸੀ ਨੇ ਤੇਰੇ ਬੰਦੇ ਦੀ ਕਿੰਨੀ ਸ਼ੋਭਾ ਕੀਤੀ ਐ, ਜੇ ਕਿਤੇ ਏਨੀ ਸ਼ੋਭਾ ਬੰਦੇ ਦੀ ਘਰੇ ਹੁੰਦੀ ਹੋਵੇ ਤਾਂ ਬੰਦਾ ਕਦੇ ਨ੍ਹੀਂ ਮਰਦਾ।’’ ਇਹ ਸੁਣ ਸਾਰੇ ਹੱਸ ਪਏ। ਫਰੀਦਕੋਟ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ, ਜਦੋਂ ਉਨ੍ਹਾਂ ਪਾਸ ਗੇੜਾ ਮਾਰਦੇ ਤਾਂ ਫੋਨ ਕਰਕੇ ਪੁੱਛਦੇ, ‘‘ਜੇ ਵਿਹਲ ਐ ਤਾਂ ਮਿਲ ਜਾ ਆ ਕੇ।’’ ਹੁਣ ਜਦੋਂ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਹੈ ਤਾਂ ਮਹਿਸੂਸ ਹੋਇਆ ਕਿ ਬੰਦੇ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਹੈ, ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਵੇ! ਗਰਗ ਹੋਰਾਂ ਦੀਆਂ ਲਿਖਤਾਂ ਤੇ ਨੇਕ ਵਿਅਕਤਿਤਵ ਹਮੇਸ਼ਾ ਯਾਦ ਰਹੇਗਾ।

ਸੰਪਰਕ: 94174-21700

Advertisement
×