‘ਤ’ ਤਵੀ ‘ਛ’ ਛਬੀਲ
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਅ’ ਅੱਗ ਵਰ੍ਹਾਈ ਜਾਵੇ, ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਧ’ ਧਰਤ ਤਪਾਈ ਜਾਵੇ। ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਬ’ ਬਿਰਖ਼ ਸੁਕਾਈ ਜਾਵੇ, ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਜ’ ਜਨੌਰ ਸਤਾਈ ਜਾਵੇ।...
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਅ’ ਅੱਗ ਵਰ੍ਹਾਈ ਜਾਵੇ,
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਧ’ ਧਰਤ ਤਪਾਈ ਜਾਵੇ।
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਬ’ ਬਿਰਖ਼ ਸੁਕਾਈ ਜਾਵੇ,
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਜ’ ਜਨੌਰ ਸਤਾਈ ਜਾਵੇ।
ਤ ਤਿੱਕੜੀ ਚੰਦੂ, ਪ੍ਰਿਥੀਏ, ਜਹਾਂਗੇ ਦੀ, ਫ਼ਤਵਾ ਬਣਾਈ ਜਾਵੇ,
ਤ ਤੱਕੋ ਇਸ ਮਹੀਨੇ ਤਸੀਹਿਆਂ ਦੀ, ਅਤਿ ਕਰਵਾਈ ਜਾਵੇ।
ਤ ਤੱਤੀ ਤਵੀ ’ਤੇ ਗੁਰੂ ਅਰਜੁਨ ਦੇਵ ਜੀ, ‘ਜ’ ਜਪਦੇ ਬਾਣੀ,
ਤ ਤੜਫਣ ਲੋਕੀਂ, ਪਰ ਗੁਰੂ ਤਾਂ ‘ਠ’ ਠੰਢ ਵਰਤਾਈ ਜਾਵੇ।
ਤ ਤੱਕਣ ਲਈ ਗੁਰਾਂ ਦਾ ਮੁੱਖ, ‘ਲ’ ਲਾਟ ਉੱਚੀ ਹੋ-ਹੋ ਜਾਵੇ,
ਤ ਤੱਤੀ-ਤੱਤੀ ਰੇਤ ‘’ਚ’ ਚਰਨ ਪਰਸਣ ਨੂੰ, ਹੇਠਾਂ ਹੋ-ਹੋ ਆਵੇ।
ਤ ਤਸਬੀ ਪਕੜ ਕੇ ‘ਸ’ ਸਾਈਂ ਮੀਆਂ ਮੀਰ ਜੀ, ਨੇੜੇ ਨੂੰ ਹੋਏ,
ਤ ਤੱਕਿਆ ਮੰਜਰ ਅੱਖਾਂ ਵਿੱਚੋਂ, ‘ਹ’ ਹੰਝੂ 'ਤੇ ਹੰਝੂ ਚੋ-ਚੋ ਜਾਵੇ।
ਤ ‘ਤਮਾਸ਼ਾ ਤੱਕਣ ਨ੍ਹੀਂ ਆਇਆ ਹਾਂ ਮੈਂ’, ਸਾਈਂ ਫ਼ੁਰਮਾਵੇ,
ਤ ‘ਤੁਸੀਂ ਹੁਕਮ ਕਰੋ, ‘ਤ’ ਤਖ਼ਤ ਲਾਹੌਰ ਦਾ ਪਲਟ ਜਾਵੇ।
ਤ ਤੈਸ਼, ‘ਦ’ ਦਵੇਸ਼ ਤੇ ‘ਡ’ ਡਰ ਤੋਂ ‘ਦ’ ਦੂਰ ਕਿਤੇ ਪਰੇ-ਪਰੇ,
ਤ ‘ਤੇਰਾ ਭਾਣਾ ਮੀਠਾ ਲਾਗੇ’, ‘ਸ’ ਸੱਚਾ ਬੋਲ ਉੱਡਦਾ ਆਵੇ।
ਤ ਤ੍ਰਿਲੋਕ ਦੇ ਮਾਲਕ ਉਹ ਪੰਚਮ ਪਾਤਸ਼ਾਹ, ‘ਬ’ ਬਾਣੀ ਵਾਲ਼ੇ,
ਤ ਤ੍ਰਿਦੋਖ ਦੀ ਪੀੜਾ-ਦਰਦ ਨੂੰ, ‘ਗ’ ਗੁਰੂ ਜੀ ਮਿਟਾਵਣ ਵਾਲ਼ੇ।
ਤ ਤ੍ਰਿਣ ਭਰ ਭੀ ਨਾ ਡੋਲਾ ਸਕੇ, ‘ਤ’ ਤਸੀਹੇ ਪਾਤਸ਼ਾਹ ਜੀ ਨੂੰ,
ਤ ਤ੍ਰਿਪਤ ਨੇ ਉਹ ਪੁੰਜ, ‘ਸ’ ਸਦਾ-ਸਦਾ ਅਭੰਗ ਸ਼ਾਂਤੀ ਵਾਲ਼ੇ।
ਤ ਤਸ਼ਬੀਹ ਐਸੀ ਕਿ ਦੁਨੀਆ ਵਿੱਚ ਕਿਤੇ, ਨਜ਼ਰ ਨਾ ਆਵੇ,
ਤ ਤਉ ਕਿਰਪਾ ਨਾਲ ਮਾਲਕਾ, ਬੰਦਾ ਸੱਚ ਦਾ ਮਾਰਗ ਪਾਵੇ।
ਤ ਤਖ਼ਤ ਹਜ਼ਾਰਾਂ ਜਗਤ ਵਿੱਚ, ‘ਰ’ ਰੁਲਦੇ-ਰੁਲਦੇ ਰੁਲ ਗਏ,
ਤ ਤੱਤ ਖ਼ਾਲਸਾ ਅੱਜ ਵੀ, ‘ਸ’ ਸੰਗਤ ਨੂੰ ‘ਛ’ ਛਬੀਲ ਛਕਾਵੇ।
ਸੰਪਰਕ: 94176-35053
* * *
