ਮਿੱਠੀਆਂ ਗੋਲੀਆਂ ਦੀ ਆਦਤ
ਪਿਛਲੇ ਦਿਨੀਂ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਭੋਗ ਸਮਾਗਮ ’ਚ ਸ਼ਾਮਿਲ ਹੋਣ ਲਈ ਚਿਰਾਂ ਮਗਰੋਂ ਸਰਕਾਰੀ ਬੱਸ ’ਚ ਸਫ਼ਰ ਕਰਨ ਦਾ ਅਚਾਨਕ ਸਬੱਬ ਬਣਿਆ। ਦਰਅਸਲ, ਅਜਿਹੇ ਦੁੱਖ-ਸੁੱਖ ਦੇ ਮੌਕਿਆਂ ’ਤੇ ਡਰਾਈਵਰ ਲਿਜਾਣਾ ਹੀ ਮੇਰਾ ਪੱਕਾ ਨੇਮ ਸੀ ਕਿਉਂਕਿ ਖ਼ੁਦ ਗੱਡੀ...
ਪਿਛਲੇ ਦਿਨੀਂ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਭੋਗ ਸਮਾਗਮ ’ਚ ਸ਼ਾਮਿਲ ਹੋਣ ਲਈ ਚਿਰਾਂ ਮਗਰੋਂ ਸਰਕਾਰੀ ਬੱਸ ’ਚ ਸਫ਼ਰ ਕਰਨ ਦਾ ਅਚਾਨਕ ਸਬੱਬ ਬਣਿਆ। ਦਰਅਸਲ, ਅਜਿਹੇ ਦੁੱਖ-ਸੁੱਖ ਦੇ ਮੌਕਿਆਂ ’ਤੇ ਡਰਾਈਵਰ ਲਿਜਾਣਾ ਹੀ ਮੇਰਾ ਪੱਕਾ ਨੇਮ ਸੀ ਕਿਉਂਕਿ ਖ਼ੁਦ ਗੱਡੀ ਚਲਾਉਣੀ ਨਾ ਆਉਣ ਕਰਕੇ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ, ਪਰ ਸ਼ਾਇਦ ਰੱਬ ਨੂੰ ਐਤਕੀਂ ਕੁਝ ਹੋਰ ਹੀ ਮਨਜ਼ੂਰ ਸੀ। ਹੋਇਆ ਇੰਜ, ਮਿੱਥੇ ਹੋਏ ਪ੍ਰੋਗਰਾਮ ਵਾਲੇ ਦਿਨ ਤੜਕਸਾਰ ਹੀ ਮੇਰੇ ਪੁਰਾਣੇ ਤੇ ਭਰੋਸੇਮੰਦ ਡਰਾਈਵਰ ਦਾ ਫੋਨ ਆ ਗਿਆ ਕਿ ਉਸ ਦੀ ਮਾਂ ਦੀ ਸਿਹਤ ਅਚਨਚੇਤ ਨਾਸਾਜ਼ ਹੋਣ ਕਰਕੇ ਉਸ ਨੂੰ ਰਾਤੋ-ਰਾਤ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਨਸਾਨੀਅਤ ਦੇ ਨਾਤੇ ਮੈਂ ਉਸ ਨੂੰ ਆਪਣੀ ਮਾਂ ਦਾ ਖ਼ਿਆਲ ਰੱਖਣ ਲਈ ਹੌਸਲਾ ਦਿੱਤਾ ਅਤੇ ਆਪ ਬੱਸ ਰਾਹੀਂ ਹੀ ਜਾਣ ਦੀ ਧਾਰ ਲਈ।
ਓਧਰ ਅੰਤਿਮ ਅਰਦਾਸ ਦਾ ਸਮਾਂ ਦੁਪਹਿਰ ਡੇਢ ਵਜੇ ਮੁਕੱਰਰ ਹੋਣ ਕਰਕੇ, ਮੇਰੇ ਕੋਲ ਵਕਤ ਪਹਿਲਾਂ ਹੀ ਬਹੁਤ ਥੋੜ੍ਹਾ ਸੀ। ਚੰਡੀਗੜ੍ਹ ਤੋਂ ਜਲੰਧਰ ਤੱਕ ਦਾ ਲੰਮਾ ਸਫ਼ਰ, ਉੱਤੋਂ ਮਾਘ ਦੀ ਹੱਡ-ਚੀਰਵੀਂ ਠੰਢ ਤੇ ਸੰਘਣੀ ਧੁੰਦ। ਦੁਚਿੱਤੀ ’ਚ ਪਏ ਮਨ ਨੇ ਸੋਚਿਆ ਕਿ ਜਾਵਾਂ ਜਾਂ ਕੋਈ ਬਹਾਨਾ ਘੜ ਕੇ ਮੁਆਫ਼ੀ ਮੰਗ ਲਵਾਂ? ਪਰ ਫਿਰ ਜ਼ਮੀਰ ਨੇ ਝੰਜੋੜਿਆ- ਖ਼ੁਸ਼ੀ ਦਾ ਮੌਕਾ ਹੁੰਦਾ ਤਾਂ ਟਾਲਿਆ ਵੀ ਜਾ ਸਕਦਾ ਸੀ, ਪਰ ਗ਼ਮੀ ਦੇ ਮੌਕੇ ਜਾਣਾ ਮੇਰਾ ਇਖ਼ਲਾਕੀ ਫ਼ਰਜ਼ ਸੀ।
ਘੜੀ ਦੀਆਂ ਸੂਈਆਂ ਮੇਰੇ ਸਾਹਾਂ ਨਾਲੋਂ ਤੇਜ਼ ਭੱਜ ਰਹੀਆਂ ਸਨ। ਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ ਅਤੇ ਮੇਰੀ ਚਿੰਤਾ ਪਲ-ਪਲ ਵਧ ਰਹੀ ਸੀ। ਮੈਂ ਕਾਹਲੀ ਵਿੱਚ ਆਪਣੇ ਗੁਆਂਢੀ ਨੂੰ ਸੈਕਟਰ 43 ਵਾਲੇ ਬੱਸ ਅੱਡੇ ਛੱਡਣ ਦੀ ਬੇਨਤੀ ਕੀਤੀ। ਉਸ ਭਲੇਮਾਣਸ ਨੇ ਮੈਨੂੰ ਸਕੂਟਰ ਪਿੱਛੇ ਬਿਠਾਇਆ ਅਤੇ ਮਸਾਂ ਅੱਠ-ਦਸ ਮਿੰਟਾਂ ’ਚ ਹੀ ਮੈਨੂੰ ਅੱਡੇ ਮੂਹਰੇ ਲਾ ਦਿੱਤਾ। ਖ਼ੈਰ, ਮੇਰੇ ਚੰਗੇ ਭਾਗਾਂ ਨੂੰ ਐਨ ਉਸੇ ਵੇਲੇ ਅੰਮ੍ਰਿਤਸਰ ਜਾਣ ਵਾਲੀ ਇੱਕ ਬੱਸ ਰਾਹਦਾਰੀ ਦੀ ਪਰਚੀ ਕਟਾ ਕੇ ਹੌਲੀ-ਹੌਲੀ ਅੱਡੇ ਤੋਂ ਬਾਹਰ ਆ ਰਹੀ ਸੀ ਅਤੇ ਮੈਂ ਸਹਿਜੇ ਹੀ ਉਸ ਵਿੱਚ ਜਾ ਚੜਿ੍ਹਆ।
ਬੂਹੇ ਵਿੱਚ ਖੜੋਤੇ ਕੰਡਕਟਰ ਨੇ ਆਪਣੇ ਰੌਂਅ ਵਿੱਚ ਪੁੱਛਿਆ, ‘‘ਬਾਪੂ, ਕਿੱਥੇ ਜਾਣਾ ਈਂ?’’ ਮੈਂ ਹਲੀਮੀ ਨਾਲ ਉੱਤਰ ਦਿੱਤਾ, ‘‘ਜੀ, ਜਲੰਧਰ।’’ ਉਸ ਨੇ ਪੂਰੀ ਮੜ੍ਹਕ ਨਾਲ ਕਿਹਾ, ‘‘ਬਾਬਾ, ਚੇਤੇ ਰੱਖੀਂ ਓਥੇ ਰਾਹ ਵਿੱਚ ਕਿਤੇ ਨਹੀਂ ਲਾਹੁਣਾ, ਸਿੱਧਾ ਅੱਡੇ ’ਚ ਈ ’ਤਾਰਾਂਗੇ। ਚੱਲ, ਅਰਾਮ ਨਾਲ ਬਹਿ ਜਾ ਕਿਤੇ ਵੀ, ਭਾਵੇਂ ਲੁੱਡੀਆਂ ਪਾਉਂਦਾ ਜਾਹ... ਸਾਰੀ ਗੱਡੀ ਤਾਂ ਖ਼ਾਲੀ ਪਈ ਐ।’’ ਜਦੋਂ ਮੈਂ ਟਿਕਟ ਲੈਣ ਦੀ ਗੱਲ ਛੇੜੀ ਤਾਂ ਅੱਗੋਂ ਖਰ੍ਹਵੀ ਸੁਰ ਵਿੱਚ ਬੋਲਿਆ, ‘‘ਓਏ ਤਾਇਆ! ਤੈਨੂੰ ਕਾਹਲੀ ਕਾਹਦੀ ਐ, ਸਵਾਰੀਆਂ ਤਾਂ ਚੜ੍ਹ ਲੈਣ ਦੇ।’’
ਮੈਂ ਮਸੋਸੇ ਜਿਹੇ ਮਨ ਨਾਲ ਬੱਸ ਦੇ ਵਿਚਾਲੇ ਜਿਹੇ ਦੋ ਵਾਲੀ ਸੀਟ ਮੱਲ ਲਈ। ਪਿੱਠੂ ਬੈਗ ਵਿੱਚੋਂ ਲੋਈ ਕੱਢੀ, ਕੜਾਕੇ ਦੀ ਠੰਢ ਤੋਂ ਬਚਣ ਲਈ ਸੰਵਾਰ ਕੇ ਬੁੱਕਲ ਮਾਰੀ ਅਤੇ ਦੁਨਿਆਵੀ ਚਿੰਤਾਵਾਂ ਵਿਸਾਰ, ਨੀਵੀਂ ਪਾ ਕੇ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਿਆ। ਅਜੇ ਮੇਰਾ ਪਾਠ ਨਿਰੰਤਰ ਜਾਰੀ ਹੀ ਸੀ ਕਿ ਡਰਾਈਵਰ ਨੇ ਮੁਹਾਲੀ ਬੈਰੀਅਰ ’ਤੇ ਯਕਦਮ ਬਰੇਕ ਮਾਰੀ, ਜਿਸ ਦੇ ਝਟਕੇ ਨੇ ਮੇਰੀ ਇਕਾਗਰਤਾ ਭੰਗ ਕਰ ਦਿੱਤੀ। ਉੱਥੋਂ ਚੜ੍ਹੀਆਂ ਪੰਜ-ਸੱਤ ਸਵਾਰੀਆਂ ਵਿੱਚੋਂ ਹੱਥ ’ਚ ਡੰਗੋਰੀ ਫੜੀ ਦੁੱਧੋਂ ਚਿੱਟੀ ਸੋਹਣੀ-ਸੰਵਰੀ ਖੁੱਲ੍ਹੀ ਦਾੜ੍ਹੀ ਅਤੇ ਰਵਾਇਤੀ ਪਹਿਰਾਵੇ ਕਾਲੇ ਓਵਰਕੋਟ ਤੇ ਚੂੜੀਦਾਰ ਪਜਾਮੀ ਵਿੱਚ ਸਜੇ ਇੱਕ ਦਰਸ਼ਨੀ ਬਜ਼ੁਰਗ ਮੇਰੇ ਨਾਲ ਦੀ ਖਾਲੀ ਪਈ ਸੀਟ ’ਤੇ ਆ ਬਿਰਾਜੇ।
ਇੰਨੇ ਨੂੰ ਕੰਡਕਟਰ ਨੇ ਸਾਡੇ ਕੋਲ ਆ ਕੇ ਮੇਰੇ ਹਮਸਫ਼ਰ ਬਜ਼ੁਰਗ ਨੂੰ ਪੁੱਛਿਆ, “ਸਰਦਾਰ ਸਾਬ, ਕਿੱਥੇ ਜਾਣੈ?” ਉਨ੍ਹਾਂ ਨੇ ਕੋਟ ’ਤੇ ਲੱਗੇ ਸੁਨਹਿਰੀ ਬੈਜ ਵੱਲ ਇਸ਼ਾਰਾ ਕਰਦਿਆਂ ਪੂਰੇ ਸਵੈ-ਮਾਣ ਨਾਲ ਆਖਿਆ, “ਕਾਕਾ! ਤੂੰ ਮੇਰੀ ਇਹ ਫੀਤੀ ਨਹੀਂ ਤੱਕੀ? ਮੈਂ ਪਿਸ਼ੌਰਾ ਸਿੰਘ ਹਾਂ, ਫਰੀਡਮ ਫਾਈਟਰ! ਮੇਰੀ ਟਿਕਟ ਨਹੀਂ ਲੱਗਦੀ... ਵੈਸੇ ਜਾਣਾ ਮੈਂ ਜਲੰਧਰ ਹੀ ਆ।” ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਗੌਰਵਮਈ ਚਮਕ ਸੀ। ਉਹ ਭਾਵੁਕ ਹੋ ਕੇ ਕਹਿਣ ਲੱਗੇ, ‘‘ਪੁੱਤ, ਟਿਕਟ ਤਾਂ ਸਰਕਾਰ ਨੇ ਭਾਵੇਂ ਮੁਆਫ਼ ਕਰ ਦਿੱਤੀ ਐ, ਪਰ ਜਿਸ ਆਜ਼ਾਦੀ ਲਈ ਅਸੀਂ ਉਮਰ ਭਰ ਜੂਝੇ, ਉਹਦੀ ਕੀਮਤ ਤਾਂ ਅਜੋਕੀ ਪੀੜ੍ਹੀ ਨੇ ਹੁਣ ਤੀਕ ਨਹੀਂ ਪਛਾਣੀ।’’ ਕੰਡਕਟਰ ਨੇ ਸਤਿਕਾਰ ਨਾਲ ਸਿਰ ਝੁਕਾਇਆ ਅਤੇ ਅਪਣੱਤ ਨਾਲ ਬੋਲਿਆ, ‘‘ਕੋਈ ਨਾ ਬਾਬਿਓ, ਮੈਂ ਹੋਰਨਾਂ ਸਵਾਰੀਆਂ ਨੂੰ ਭੁਗਤਾ ਕੇ ਮੁੜ ਤੁਹਾਡੇ ਵੱਲ ਆਉਨਾਂ...।’’
ਨਵੀਆਂ ਸਵਾਰੀਆਂ ਦੇ ਚੜ੍ਹਨ ਨਾਲ ਬੱਸ ਵਿੱਚ ਕੁਝ ਗਹਿਮਾ-ਗਹਿਮੀ ਹੋ ਗਈ। ਜਦੋਂ ਕੰਡਕਟਰ ਨੇ ਟਿਕਟਾਂ ਕੱਟਣ ਦਾ ਅਮਲ ਸ਼ੁਰੂ ਕੀਤਾ ਤਾਂ ਮੇਰੇ ਸਾਹਮਣੇ ਸੂਬੇ ਦੀ ਮੌਜੂਦਾ ਆਰਥਿਕਤਾ ਦਾ ਇੱਕ ਅਜੀਬੋ-ਗਰੀਬ ਤੇ ਨਿਰਾਸ਼ਾਜਨਕ ‘ਮੁਫ਼ਤ-ਮੇਲੇ’ ਦਾ ਮੰਜ਼ਰ ਰੂਪਮਾਨ ਹੋਇਆ। ਮੇਰੇ ਠੀਕ ਸੱਜੇ ਹੱਥ ਬੈਠੀਆਂ ਤਿੰਨ ਬੀਬੀਆਂ ਨੇ ਆਪੋ-ਆਪਣੇ ਪਰਸਾਂ ਵਿੱਚੋਂ ਬੜੇ ਮਾਣ ਨਾਲ ਆਧਾਰ ਕਾਰਡ ਕੱਢ ਕੇ ਇਸ ਤਰ੍ਹਾਂ ਲਹਿਰਾਏ, ਜਿਵੇਂ ਕੋਈ ਜੇਤੂ ਪਰਚਮ ਹੋਣ। ਕੰਡਕਟਰ ਨੇ ਵੀ ਬਿਨਾਂ ਕੁਝ ਬੋਲੇ, ਮਸ਼ੀਨ ਵਿੱਚੋਂ ‘ਜ਼ੀਰੋ ਰਾਸ਼ੀ’ ਦੀਆਂ ਤਿੰਨ ਚਿੱਟੀਆਂ ਪਰਚੀਆਂ ਕੱਢ ਕੇ ਉਨ੍ਹਾਂ ਨੂੰ ਇੰਝ ਫੜਾਈਆਂ ਜਿਵੇਂ ਉਹ ਇਸ ਨਕਦ-ਵਿਹੂਣੇ ਦਸਤੂਰ ਦਾ ਆਦੀ ਹੋ ਚੁੱਕਾ ਹੋਵੇ।
ਪਰਤ ਕੇ ਜਦੋਂ ਕੰਡਕਟਰ ਨੇ ਮੂਹਰਲੀ ਸੀਟ ’ਤੇ ਬੈਠੇ ਦੋ ਗੱਭਰੂਆਂ ਨੂੰ ਟਿਕਟ ਲਈ ਆਖਿਆ ਤਾਂ ਉਨ੍ਹਾਂ ਪੁਲੀਸ ਮੁਲਾਜ਼ਮ ਹੋਣ ਦੀ ਹੈਂਕੜ ’ਚ, ਆਪਣੇ ਸ਼ਨਾਖ਼ਤੀ ਕਾਰਡ ਉਸ ਦੇ ਮੂਹਰੇ ਅੜਾ ਦਿੱਤੇ। ਵਿਚਾਰਾ ਕੰਡਕਟਰ ਬੋਲਿਆ ਤਾਂ ਕੁਝ ਨਹੀਂ, ਪਰ ਉਹ ਨਿੰਮੋਝੂਣਾ ਜਿਹਾ ਹੋ ਕੇ ਅਗਾਂਹ ਤੁਰ ਪਿਆ ਜਿਵੇਂ ਕਿਸੇ ਖਾਲੀ ਖ਼ਜ਼ਾਨੇ ਦਾ ਪਹਿਰੇਦਾਰ ਹੋਵੇ।
ਬੱਸ ਰਫ਼ਤਾ-ਰਫ਼ਤਾ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਸੀ। ਰੋਪੜ ਨੇੜੇ ਪਹੁੰਚਦਿਆਂ ਹੀ ਦਸ-ਬਾਰਾਂ ਵਿਦਿਆਰਥੀਆਂ ਦਾ ਟੋਲਾ ਸੀਟਾਂ ਛੱਡ ਬੂਹੇ ’ਚ ਆਣ ਖੜੋਇਆ। ਜਿਵੇਂ ਹੀ ਬੱਸ ‘ਨਵੇਂ ਅੱਡੇ’ ਰੁਕੀ, ਉਹ ਹੱਥਾਂ ’ਚ ਰਿਆਇਤੀ ਪਾਸ ਫੜੀ ਛਾਲਾਂ ਮਾਰਦੇ ਇੰਝ ਨੱਸੇ, ਜਿਵੇਂ ਹਰੇ-ਭਰੇ ਖੇਤਾਂ ਵਿੱਚ ਚੁੰਗੀਆਂ ਭਰਦੇ ਹਿਰਨ ਪਲਾਂ ਵਿੱਚ ਹੀ ਅੱਖੋਂ-ਓਹਲੇ ਹੋ ਗਏ ਹੋਣ।
ਇਹ ਸਿਲਸਿਲਾ ਅਜੇ ਇੱਥੇ ਹੀ ਨਹੀਂ ਸੀ ਰੁਕਿਆ ਕਿ ਬਲਾਚੌਰ ਮੋੜ ਤੋਂ ਦੋ ਹੋਰ ਸਵਾਰੀਆਂ ਚੜ੍ਹੀਆਂ, ਜੋ ਚਿਹਰੇ-ਮੋਹਰੇ ਤੋਂ ਪੜ੍ਹੇ-ਲਿਖੇ ਤੇ ਅਸਰ-ਰਸੂਖ਼ ਵਾਲੇ ਸ਼ਖ਼ਸ ਲੱਗਦੇ ਸਨ। ਕੰਡਕਟਰ ਨੇ ਜਦੋਂ ਟਿਕਟ ਲਈ ਪੁੱਛਿਆ ਤਾਂ ਉਨ੍ਹਾਂ ਨੇ ਸਮਾਜ ਦੇ ‘ਜਾਗਰੂਕ ਪਹਿਰੇਦਾਰ’ ਅਤੇ ਪੱਤਰਕਾਰ ਹੋਣ ਨਾਤੇ ਬੜੀ ਬੇਫ਼ਿਕਰੀ ਨਾਲ ਆਪਣੀਆਂ ‘ਮੁਫ਼ਤ ਬੱਸ ਸਫ਼ਰ ਕਾਪੀਆਂ’ ਉਸ ਦੇ ਮੂਹਰੇ ਕਰ ਦਿੱਤੀਆਂ। ਲੋਕਤੰਤਰ ਦੇ ਚੌਥੇ ਥੰਮ੍ਹ ਦੇ ਇਹ ਨੁਮਾਇੰਦੇ ਵੀ ਸਰਕਾਰੀ ਖ਼ੈਰਾਤ ਦੀ ਗੰਗਾ ’ਚ ਹੱਥ ਧੋਣ ਦੇ ਭਾਗੀਦਾਰ ਬਣ ਕੇ ਸੀਟਾਂ ’ਤੇ ਟਿਕ ਗਏ।
ਦਾਸਤਾਨ-ਏ-ਮੁਫ਼ਤਖ਼ੋਰੀ ਨੂੰ ਅਗਾਂਹ ਤੋਰਦਿਆਂ, ਨਵਾਂਸ਼ਹਿਰ ਅੱਡੇ ਤੋਂ ਰੋਡਵੇਜ਼ ਦੇ ਹੀ ਦੋ-ਤਿੰਨ ਹੋਰ ਮੁਲਾਜ਼ਮ ਚੜ੍ਹ ਗਏ, ਜਿਨ੍ਹਾਂ ਨੇ ਬਿਨਾਂ ਕੁਝ ਬੋਲੇ ਬੜੇ ਹੱਕ ਨਾਲ ਸਿਰਫ਼ ਇੰਨਾ ਹੀ ਕਿਹਾ, “ਬਾਈ! ਆਪਾਂ ਵੀ ਸਟਾਫ਼ ਦੇ ਹੀ ਆਂ।” ਕੰਡਕਟਰ ਨੇ ਇੱਕ ਲੰਮਾ ਹਉਕਾ ਭਰਿਆ, ਜਿਵੇਂ ਮਨ ਹੀ ਮਨ ਵਿੱਚ ਕਹਿ ਰਿਹਾ ਹੋਵੇ ਕਿ ਇੱਥੇ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ।
ਅਚਾਨਕ ਬਹਿਰਾਮ ਅੱਡੇ ਤੋਂ ਮੈਲੇ-ਕੁਚੈਲੇ ਕੱਪੜਿਆਂ ਵਾਲਾ ਇੱਕ ਪਰਵਾਸੀ ਮਜ਼ਦੂਰ ਚੜਿ੍ਹਆ, ਜੋ ਪਾਲ਼ੇ ਨਾਲ ਠੁਰ-ਠੁਰ ਕੰਬ ਰਿਹਾ ਸੀ। ਉਸ ਦੇ ਰੁੱਖੇ ਚਿਹਰੇ ਅਤੇ ਫਟੇ ਹੋਏ ਹੱਥਾਂ ਤੋਂ ਉਸ ਦੀ ਸਖ਼ਤ ਮੁਸ਼ੱਕਤ ਵਾਲੀ ਜ਼ਿੰਦਗੀ ਸਾਫ਼ ਝਲਕਦੀ ਸੀ। ਉਸ ਨੂੰ ਦੇਖਦਿਆਂ ਹੀ ਕੰਡਕਟਰ ਦੇ ਚਿਹਰੇ ’ਤੇ ਅਜਿਹੀ ਰੌਣਕ ਆਈ, ਜਿਵੇਂ ਸੁੱਕੀ ਨਹਿਰ ਵਿੱਚ ਪਾਣੀ ਦਾ ਨਕ਼ਾਲ ਆ ਗਿਆ ਹੋਵੇ। ਕੰਡਕਟਰ ਨੇ ਬੜੇ ਚਾਅ ਨਾਲ ਪੁੱਛਿਆ, “ਭਈਆ, ਕਹਾਂ ਜਾਓਗੇ?” ਉਸ ਨੇ ਆਪਣੀ ਫ਼ਤੂਹੀ ਦੀ ਜੇਬ ’ਚੋਂ ਬੜੀ ਹਿਫ਼ਾਜ਼ਤ ਨਾਲ ਸੰਭਾਲਿਆ ਹੋਇਆ ਪੰਜਾਹਾਂ ਦਾ ਨੋਟ ਕੱਢ ਕੇ ਫੜਾਇਆ ਅਤੇ ਬੜੇ ਮਸਕੀਨ ਜਿਹੇ ਲਹਿਜੇ ਵਿੱਚ ਕਿਹਾ, “ਜਨਾਬ, ਹਮ ਲਬਲੀ ਜੂਨੀਬਰਸਟੀ ਜਾਏਂਗੇ।” ਨਕਦ ਨਾਰਾਇਣ ਦੇ ਦਰਸ਼ਨ ਹੁੰਦਿਆਂ ਹੀ ਕੰਡਕਟਰ ਦੀਆਂ ਵਾਛਾਂ ਖਿੜ ਗਈਆਂ। ਉਹ ਟਿਕਟ ਕੱਟਦਾ ਹੌਲੀ ਜਿਹੇ ਬੁੜਬੁੜਾਇਆ, “ਸ਼ੁਕਰ ਐ ਦਾਤਿਆ! ਤਿੰਨ ਘੰਟਿਆਂ ਦੀ ਖ਼ੁਆਰੀ ਮਗਰੋਂ ਹੀ ਸਹੀ, ਘੱਟੋ-ਘੱਟ ਬੋਹਣੀ ਤਾਂ ਨਸੀਬ ਹੋਈ...।”
ਸਾਰੀ ਬੱਸ ਦਾ ਗੇੜਾ ਲਾਉਣ ਮਗਰੋਂ ਕੰਡਕਟਰ ਮੁੜ ਸਾਡੇ ਕੋਲ ਆਣ ਖੜ੍ਹਾ ਹੋਇਆ। ਮੇਰੇ ਨਾਲ ਬੈਠੇ ਸੁਤੰਤਰਤਾ ਸੰਗਰਾਮੀ ਹੁਰਾਂ ਨੇ ਆਪਣਾ ‘ਸ਼ਨਾਖ਼ਤੀ ਕਾਰਡ’ ਉਸ ਦੇ ਸਨਮੁਖ ਕੀਤਾ। ਕੰਡਕਟਰ ਨੇ ਕਾਰਡ ’ਤੇ ਮਾਯੂਸੀ ਭਰੀ ਝਾਤ ਮਾਰੀ ਅਤੇ ਫਿਰ ਮੇਰੇ ਵੱਲ ਤਿਰਛੀ ਨਜ਼ਰ ਨਾਲ ਤੱਕਦਿਆਂ ਵਿਅੰਗਮਈ ਅੰਦਾਜ਼ ਵਿੱਚ ਬੋਲਿਆ, ‘‘ਬਾਬਾ, ਦੱਸ ਹੁਣ ਤੂੰ ਕਿਹੜਾ ਪੱਤਾ ਸੁੱਟਣੈਂ?’’
ਇਸੇ ਦੌਰਾਨ ਮੈਂ ਟਿਕਟ ਲੈਣ ਲਈ ਆਪਣਾ ‘ਦਿਵਿਆਂਗਤਾ ਕਾਰਡ’ ਅਤੇ ਦੋ ਸੌ ਦਾ ਨੋਟ ਪਹਿਲੋਂ ਹੀ ਹੱਥ ’ਚ ਫੜੀ ਬੈਠਾ ਸਾਂ। ਭਾਵੇਂ ਮੈਂ ਨਿਯਮਾਂ ਦੀ ਕਾਗ਼ਜ਼ੀ ਤਖ਼ਤੀ ਮੁਤਾਬਿਕ ਅੱਧੀ ਟਿਕਟ ਦਾ ਪੂਰਾ ਹੱਕਦਾਰ ਸਾਂ, ਪਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਕੰਡਕਟਰ ਮੈਨੂੰ ਆਮ ਸਵਾਰੀ ਦੇ ਭੁਲੇਖੇ ਬੜੀ ਤਲਖ਼ੀ ਨਾਲ ਬੋਲਿਆ, ‘‘ਲੈ ਭਾਈ! ਕੱਢ 240 ਰੁਪਏ ਚੰਡੀਗੜ੍ਹੋਂ ਜਲੰਧਰ ਦਾ ਕਿਰਾਇਆ... ਪਰ ਲੱਗਦੈ ਅੱਜ ਗੱਡੀ ’ਚ ਬਹੁਤੇ ‘ਰੱਬ ਦੀ ਜੰਞੀ’ ਈ ਚੜ੍ਹੇ ਹੋਏ ਆ... ਮਸ਼ੀਨ ਤਾਂ ਪਰਚੀਆਂ ਕੱਢ-ਕੱਢ ਹੰਭ ਗਈ ਐ, ਪਰ ਝੋਲਾ ਅਜੇ ਵੀ ਖ਼ਾਲੀ ਦਾ ਖ਼ਾਲੀ ਈ ਪਿਐ!’’
ਉਸ ਦੇ ਤਨਜ਼ ਦਾ ਸੇਕ ਮੇਰੀ ਅਣਖ ਨੂੰ ਇੰਝ ਝੁਲਸਾ ਗਿਆ ਕਿ ਮੈਨੂੰ ਆਪਣਾ ਰਿਆਇਤੀ ਕਾਰਡ ਕਿਸੇ ਬੋਝ ਵਾਂਗ ਮਹਿਸੂਸ ਹੋਣ ਲੱਗਾ। ਮੈਂ ਮਲਕੜੇ ਜਿਹੇ ਉਹ ਕਾਰਡ ਮੁੜ ਬਟੂਏ ਦੇ ਇੱਕ ਕੋਨੇ ਵਿੱਚ ਸਰਕਾਇਆ, ਵਿੱਚੋਂ ਇੱਕ ਹੋਰ ਪੰਜਾਹਾਂ ਦਾ ਨੋਟ ਕੱਢਿਆ ਅਤੇ
ਢਾਈ ਸੌ ਰੁਪਏ ਉਸ ਵੱਲ ਵਧਾਉਂਦਿਆਂ ਬੜੇ
ਸਹਿਜ ਨਾਲ ਕਿਹਾ, ‘‘ਕਾਕਾ ਜੀ... ਇੱਕ ਜਲੰਧਰ ਦੀ ਟਿਕਟ ਦੇ ਦਿਓ।’’
ਜਲੰਧਰ ਅੱਡੇ ਉਤਰ ਕੇ ਮੈਂ ਤੇ ਉਹ ਅਜ਼ਾਦੀ ਘੁਲਾਟੀਆ ਆਪੋ-ਆਪਣੇ ਰਾਹ ਪੈ ਗਏ, ਪਰ ਮੇਰਾ ਮਨ ਲਗਾਤਾਰ ਉਧੇੜ-ਬੁਣ ਵਿੱਚ ਉਲਝਿਆ ਹੋਇਆ ਸੀ। ਮੈਂ ਸੋਚਣ ਲੱਗਿਆ ਕਿ ਸਵਾਲ ਸੂਬੇ ਦੇ ਉਸ ਭਵਿੱਖ ਦਾ ਹੈ, ਜਿੱਥੇ ਲੋਕਾਂ ਨੂੰ ਹਰ ਸ਼ੈਅ ਮੁਫ਼ਤ ਮਿਲਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਸਰਦੇ-ਪੁੱਜਦੇ ਲੋਕ ਵੀ ਇਹ ਸਹੂਲਤਾਂ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਕੋਈ ਵੀ ਇਹ ਗੱਲ ਨਹੀਂ ਸਮਝਦਾ ਕਿ ਅੱਜ ਜਿਹੜੀਆਂ ‘ਮਿੱਠੀਆਂ ਗੋਲੀਆਂ’ ਖਾਣ ਦੀ ਆਦਤ ਪੈ ਗਈ ਹੈ, ਉਹ ਭਵਿੱਖ ਵਿੱਚ ਸਭ ਲਈ ਮਿੱਠਾ ਜ਼ਹਿਰ ਸਾਬਿਤ ਹੋਣਗੀਆਂ।
* ਐਡੀਸ਼ਨਲ ਡਾਇਰੈਕਟਰ (ਸੇਵਾ-ਮੁਕਤ), ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ।
ਸੰਪਰਕ: 97800-36136

