ਕੁਦਰਤ ਦੀ ਸਿਰਜਣਾ ਨੂੰ ਮਾਣਨ ਵਾਲਾ ਸਵਰਨ ਭੰਗੂ
ਅਜੋਕੇ ਗੰਧਲੇ ਸਮਾਜਿਕ ਮਾਹੌਲ ਵਿੱਚ ਕੁਝ ਸ਼ਖ਼ਸੀਅਤਾਂ ਮਨੁੱਖਤਾ, ਕੁਦਰਤ, ਸਮਾਜਿਕ ਸਰੋਕਾਰਾਂ, ਬਚਪਨ ਅਤੇ ਜਵਾਨੀ ਦੇ ਬੌਧਿਕ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖ ਕੇ ਸਫ਼ਰ ’ਤੇ ਰਹਿੰਦੀਆਂ ਹਨ, ਉਨ੍ਹਾਂ ਦੀਆਂ ਪੈੜਾਂ ਕਿਸੇ ਭੀੜ ’ਚ ਨਹੀਂ ਗੁੁਆਚਦੀਆਂ ਤੇ ਉਹ ਆਪਣਾ ਵਿਲੱਖਣ ਸਿਰਨਾਵਾਂ ਸਮੇਂ...
ਅਜੋਕੇ ਗੰਧਲੇ ਸਮਾਜਿਕ ਮਾਹੌਲ ਵਿੱਚ ਕੁਝ ਸ਼ਖ਼ਸੀਅਤਾਂ ਮਨੁੱਖਤਾ, ਕੁਦਰਤ, ਸਮਾਜਿਕ ਸਰੋਕਾਰਾਂ, ਬਚਪਨ ਅਤੇ ਜਵਾਨੀ ਦੇ ਬੌਧਿਕ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖ ਕੇ ਸਫ਼ਰ ’ਤੇ ਰਹਿੰਦੀਆਂ ਹਨ, ਉਨ੍ਹਾਂ ਦੀਆਂ ਪੈੜਾਂ ਕਿਸੇ ਭੀੜ ’ਚ ਨਹੀਂ ਗੁੁਆਚਦੀਆਂ ਤੇ ਉਹ ਆਪਣਾ ਵਿਲੱਖਣ ਸਿਰਨਾਵਾਂ ਸਮੇਂ ਦੇ ਮੱਥੇ ’ਤੇ ਉੱਕਰ ਜਾਂਦੀਆਂ ਹਨ। ਇਸ ਕਰਕੇ ਉਹ ਵਿਸ਼ੇਸ਼ ਸਤਿਕਾਰ ਦੀਆਂ ਪਾਤਰ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਸਾਥੋਂ ਵਿਛੜੀ ਸ਼ਖ਼ਸੀਅਤ ਸਵਰਨ ਸਿੰਘ ਭੰਗੂ ਵਿੱਦਿਅਕ, ਸਮਾਜਿਕ, ਸਾਹਿਤਕ, ਤਰਕਸ਼ੀਲ, ਜਮਹੂਰੀ, ਲੋਕ-ਪੱਖੀ ਅਤੇ ਅਗਾਂਹਵਧੂ ਕਾਫ਼ਲੇ ਦੀ ਅਜਿਹੀ ਹਸਤੀ ਸੀ, ਜਿਸ ਨੇ ਸਮਾਜ ਵਿੱਚ ਨਿਵੇਕਲੀ ਪਛਾਣ ਬਣਾਈ। ਸਮੇਂ ਨੇ ਬੰਦੇ ਨੂੰ ਬੰਦਾ ਨਹੀਂ ਸਗੋਂ ਕਲ-ਪੁਰਜਾ ਅਤੇ ਬਾਜ਼ਾਰ ਦੀ ਵਸਤ ਬਣਾ ਛੱਡਿਆ ਹੈ। ਅਜਿਹੇ ਸਮੇਂ ਵੀ ਸ਼ਿਕਾਰੀਆਂ ਦੇ ਜਾਲ ’ਚੋਂ ਪਰਵਾਜ਼ ਭਰਨ ਲਈ ਤਾਂਘਦੇ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਪਾਲ਼ ’ਚ ਸਵਰਨ ਸਿੰਘ ਭੰਗੂ ਸ਼ਾਮਿਲ ਰਹੇ। ਦੁਨੀਆ ਦੇ ਸਮਾਜ ਸ਼ਾਸਤਰੀਆਂ, ਸਿੱਖਿਆ ਸ਼ਾਸਤਰੀਆਂ, ਵਿਗਿਆਨੀਆਂ ਅਤੇ ਤਰਕਸ਼ੀਲਾਂ ਦੀ ਅਦੁੱਤੀ ਦੇਣ ਨੂੰ ਪੂਰੇ ਅਦਬ ਨਾਲ ਅਪਣਾਉਂਦਿਆਂ ਉਨ੍ਹਾਂ ਨੇ ਸਿਖਿਆਰਥੀਆਂ ਨੂੰ ਵੀ ਜ਼ਿੰਦਗੀ ਦੇ ਸਫ਼ਰ ’ਤੇ ਉਚੇਰੀ ਪਰਵਾਜ਼ ਭਰਨ ਦੇ ਯੋਗ ਬਣਾਇਆ। ਉਨ੍ਹਾਂ ਨੇ ‘ਮੇਰੀ ਆਵਾਜ਼ ਸੁਣੋ’ ਤੇ ‘ਚੰਗੇ ਵਿਦਿਆਰਥੀ ਦੀ ਸਿਰਜਣਾ’ ਵਰਗੀਆਂ ਖ਼ੂਬਸੂਰਤ ਕਿਤਾਬਾਂ ਲੋਕਾਂ ਦੀ ਝੋਲੀ ਪਾਈਆਂ। ਉਹ ਖ਼ਾਸ ਤੌਰ ’ਤੇ ਪੁੰਗਰਦੀ ਪਨੀਰੀ ਨੂੰ ਵਿਗਿਆਨ, ਸਾਹਿਤ, ਰੰਗ-ਮੰਚ ਅਤੇ ਵਿੱਦਿਅਕ ਖੇਤਰ ’ਚ ਮੱਲਾਂ ਮਾਰਨ ਲਈ ਪ੍ਰੇਰਦੇ ਰਹੇ। ਇਸ ਦੇ ਨਾਲ ਹੀ ਸਮਾਜ ਦੇ ਹਾਸ਼ੀਏ ’ਤੇ ਧੱਕੇ ਦੱਬੇ ਕੁਚਲੇ ਲੋਕਾਂ ਅਤੇ ਆਰਥਿਕ ਤੰਗੀਆਂ ਦੇ ਝੰਬੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸੂਰਜਾਂ ਦੇ ਹਮਸਫ਼ਰ ਬਣਾਉਣ ਲਈ ਤਤਪਰ ਰਹੇ। ਉਹ ਹਾਲੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਮਰਾਲਾ ਵਿੱਚ ਮੇਰੇ ਨਾਲ ਮੰਚ ’ਤੇ ਮੌਜੂਦ ਸਨ। ਦਰਅਸਲ, ਉਸੇ ਦਿਨ ਭੰਗੂ ਹੋਰਾਂ ਨੇ ਮੈਨੂੰ ਸੱਦਾ ਦਿੱਤਾ ਸੀ, ‘‘ਸਾਡੇ ਵਿੱਦਿਅਕ ਅਦਾਰੇ ਵਿੱਚ ਸਮਾਂ ਕੱਢ ਕੇ ਬੋਲਣ ਜ਼ਰੂਰ ਆਇਉ।’’ ਇਸ ਦੇ ਨਾਲ ਹੀ ਉਸ ਨੇ ਚਿਤਾਵਨੀ ਦਿੱਤੀ, ‘‘ਤੇਰੇ ਰੁਝੇਵੇਂ ਬਹੁਤ ਰਹਿੰਦੇ ਨੇ। ਦੇਖੀਂ! ਕਿਤੇ ਅਜਿਹਾ ਨਾ ਹੋਵੇ ਕਿ ਤੂੰ ਮੇਰੇ ਸ਼ਰਧਾਂਜਲੀ ਸਮਾਗਮ ’ਤੇ ਹੀ ਆਵੇਂ।’’ ਉਨ੍ਹਾਂ ਦੇ ਇਹ ਬੋਲ ਸਦਾ ਹੀ ਮੇਰੇ ਸਾਹਾਂ ਨਾਲ ਧੜਕਦੇ ਰਹਿਣਗੇ। ਆਖ਼ਰ ਥੋੜ੍ਹੇ ਦਿਨਾਂ ਬਾਅਦ ਹੀ ਉਹ ਦਿਨ ਆ ਗਿਆ, ਜਦੋਂ ਅਜੋਕਾ ਮਾੜਾ ਆਰਥਿਕ ਤੇ ਸਮਾਜਿਕ ਪ੍ਰਬੰਧ ਸਵਰਨ ਸਿੰਘ ਭੰਗੂ ਨੂੰ ਨਿਗਲ ਗਿਆ। ਉਨ੍ਹਾਂ ਦੇ ਬੋਲ ਮੇਰੇ ਕੰਨਾਂ ਵਿੱਚ ਸਦਾ ਗੂੰਜਦੇ ਰਹਿਣਗੇ। ਜਦੋਂ ਵੀ ਤੁਹਾਨੂੰ ਆਪਣੇ ਪਿਆਰੇ ਬੁਲਾਉਣ ਤਾਂ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਉਨ੍ਹਾਂ ਦੇ ਰੂ-ਬ-ਰੂ ਹੋਵੋ। ਬੁਰੀਆਂ ਬਲਾਵਾਂ ਪਤਾ ਨਹੀਂ ਕਦੋਂ ਤੁਹਾਡੇ ਪਿਆਰਿਆਂ ਉੱਤੇ ਝਪਟ ਪੈਣ। ਉਸ ਦਿਨ ਆਪਣੇ ਵਿਦਿਆਰਥੀਆਂ ਲਈ ਸਿਲੇਬਸ ਫੋਟੋਸਟੈਟ ਕਰਵਾਉਣ ਗਏ ਸਵਰਨ ਭੰਗੂ ਨੂੰ ਹਨੇਰੀ ਰਾਤ ਦੇ ਚੰਦਰੇ ਹਨੇਰੇ ਨੇ ਨਿਗਲ ਲਿਆ।
ਉਹ ਸਾਡੇ ਲਈ ਬਹੁਤ ਪਹਿਲਾਂ ਹੀ 8 ਸਤੰਬਰ 2023 ਨੂੰ ਲਿਖੀ ਆਪਣੀ ਵਸੀਅਤ ਛੱਡ ਗਏ ਹਨ। ਕੁਝ ਲੋਕਾਂ ਦੀ ਜਾਇਦਾਦ ਕਦੇ ਵੀ ਨੋਟਾਂ ਦੇ ਢੇਰਾਂ ਨਾਲ ਨਹੀਂ ਨਾਪੀ ਜਾਂਦੀ। ਉਹ ਕਿੰਨੀਆਂ ਹੀ ਖ਼ੂਬਸੂਰਤ ਗੱਲਾਂ ਤਿੰਨ ਵਰ੍ਹੇ ਪਹਿਲਾਂ ਆਪਣੇ ਸਵੈ-ਅਨੁਭਵ ਦੇ ਸਹਾਰੇ ਕਾਗਜ਼ ’ਤੇ ਉਤਾਰ ਅਤੇ ਆਪਣੇ ਲੋਕਾਂ ਦੇ ਨਾਮ ਵਸੀਅਤ ਛੱਡ ਗਏ। ਇਹ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹਾ ਅਨਮੋਲ ਹੀਰਾ ਗੁਆ ਲਿਆ ਹੈ। ਸਵਰਨ ਸਿੰਘ ਭੰਗੂ ਹੋਰਾਂ ਦੀ ਜੀਵਨ ਸਾਥਣ ਗੁਰਪ੍ਰੀਤ ਭੰਗੂ ਵੀ ਗੁਰਸ਼ਰਨ ਭਾ’ਜੀ ਦੇ ਲਾਏ ਬੂਟੇ ‘ਪੰਜਾਬ ਲੋਕ ਸੱਭਿਆਚਾਰਕ ਮੰਚ’ (ਪਲਸ ਮੰਚ) ਦੀ ਸੂਬਾ ਕਮੇਟੀ ਦੇ ਲੰਮਾ ਸਮਾਂ ਮੈਂਬਰ ਰਹੇ ਅਤੇ ਲਗਾਤਾਰ ਪਲਸ ਮੰਚ ਦੇ ਵੱਡੇ ਸਮਾਗਮਾਂ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਹੋਣ ਵਾਲੇ ਝੰਡੇ ਦੇ ਗੀਤ ਅਤੇ ਨਾਟਕਾਂ ਵਿੱਚ ਸ਼ਾਮਿਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਵਰਨ ਸਿੰਘ ਭੰਗੂ ਦੇ ਵਿਛੋੜੇ ਦਾ ਸੱਲ ਭਾਵੇਂ ਬੇਹੱਦ ਗਹਿਰਾ ਹੈ, ਪਰ ਅਜਿਹੇ ਸਮਿਆਂ ਅੰਦਰ ਵੀ ਜਿਊਣਾ ਹੋਵੇਗਾ, ਸਵਰਨ ਭੰਗੂ ਦੇ ਚਾਨਣ ਦੀ ਮਸ਼ਾਲ ਲੈ ਕੇ ਤੁਰਨਾ ਹੋਵੇਗਾ।
ਉਨ੍ਹਾਂ ਦੇ ਪੁੱਤਰ ਬਾਗੀ ਭੰਗੂ ਨੇ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਿਜਦਾ ਕਰਦੇ ਹੋਏ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ, ‘‘ਮੇਰੇ ਬਾਪ ਨੂੰ ਇਸ ਗੰਦੇ ਨਿਜ਼ਾਮ ਦੇ ਨਾਲੇ ਨੇ ਸਾਥੋਂ ਖੋਹ ਲਿਆ। ਸਾਡਾ ਫਰਜ਼ ਹੈ ਕਿ ਅਜਿਹੇ ਨਾਲ਼ੇ ਨੂੰ ਪੂਰਨ ਲਈ ਪੂਰੀ ਵਾਹ ਲਾਈਏ ਤਾਂ ਜੋ ਧਰਤੀ ਦਾ ਹੋਰ ਕੋਈ ਵੀ ਲਾਲ ਇਸ ਨਾਲ਼ੇ ਦਾ ਸ਼ਿਕਾਰ ਨਾ ਹੋਵੇ। ਇਹ ਨਾਲਾ ਪਾਣੀ ਦਾ ਹੀ ਨਹੀਂ ਸਗੋਂ ਸਾਡੇ ਆਰਥਿਕ-ਸਮਾਜਿਕ ਤੇ ਬੋਅ ਮਾਰਦੇ ਨਿਜ਼ਾਮ ਦੀ ਉਤਪਤੀ ਹੈ। ਅਸੀਂ ਇਸ ਨੂੰ ਜਿੰਨੀ ਜਲਦੀ ਸਮਝ ਲਵਾਂਗੇ, ਓਨਾ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿੱਚ ਡੁੱਬਣ ਤੋਂ ਬਚਾ ਲਵਾਂਗੇ।’’ ਸਵਰਨ ਸਿੰਘ ਭੰਗੂ ਨੇ ਆਪਣੀ ਵਸੀਅਤ ਵਿੱਚ ਲਿਖਿਆ: ‘ਮੈਨੂੰ ਆਪਣੇ ਨਾਲ ਹੀ ਨਹੀਂ ਸਗੋਂ ਧਰਤੀ ਦੇ ਜੀਵਨ ਨਾਲ ਬਹੁਤ ਮੋਹ ਹੈ। ਕੁਦਰਤ ਦੀ ਕਰੋੜਾਂ ਵਰ੍ਹਿਆਂ ਦੀ ਸਿਰਜਣਾ ਨੂੰ ਮੈਂ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ। ਇਸ ਧਰਤੀ ’ਤੇ ਹਰੇਕ ਨੂੰ ਕੁਦਰਤੀ ਉਮਰ ਤੱਕ ਜਿਊਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੈਂ ਜਦੋਂ ਵੀ ਮਨੁੱਖੀ ਜੀਵਨ ਉਮਰੋਂ ਪਹਿਲਾਂ ਖੋਹੇ ਜਾਣ ਬਾਰੇ ਪੜ੍ਹਿਆ-ਸੁਣਿਆ, ਮੈਂ ਟੁੱਟਦਾ ਰਿਹਾ ਹਾਂ। ਇਸ ਧਰਤੀ ਦੇ ਨਾਇਕਨੁਮਾ ਲੋਕਾਂ, ਦੇਸ਼ਭਗਤਾਂ, ਸ਼ਹੀਦਾਂ, ਵਿਗਿਆਨੀਆਂ, ਦਰਦਾਂ ਨੂੰ ਬਿਆਨ ਕਰਨ ਵਾਲੇ ਲੋਕਾਂ, ਸਾਹਿਤਕਾਰਾਂ, ਮਨੁੱਖੀ ਸਮਾਜ ਨੂੰ ਮੁਕਤੀ ਦਾ ਸਿਧਾਂਤ ਦੇਣ ਵਾਲਿਆਂ, ਧਰਤੀ ’ਤੇ ਸਵਰਗ ਸਿਰਜਣ ਦੀ ਮਿਸਾਲ ਪੈਦਾ ਕਰਨ ਵਾਲਿਆਂ ਅਤੇ ਗੁਣੀ ਗਿਆਨੀ ਲੋਕਾਂ ਨੂੰ ਮੈਂ ਹਮੇਸ਼ਾ ਸਿਜਦਾ ਕਰਦਾ ਹਾਂ। ਹਾਸਲ ਸਮਝ ਦੀ ਕਥਨੀ ਅਤੇ ਕਰਨੀ ਦਾ ਸੁਮੇਲ ਬਣਾਉਂਦਿਆਂ ਮੈਂ ਵੀ ਖ਼ੁਦ ਨੂੰ ਉਨ੍ਹਾਂ ਦੇ ਪੈਰਾਂ ਕੋਲ ਬੈਠਿਆਂ ਪਾਇਆ ਹੈ। ਹੁਣ ਮੈਂ ਤੁਹਾਡੀ ਸੱਥ ਵਿੱਚੋਂ ਤੁਰ ਗਿਆ ਹਾਂ। ਇਸ ਧਰਤੀ ਤੋਂ ਤੁਰ ਜਾਣ ਵਾਲਾ ਪਿੱਛੇ ਮੁੜ ਕੇ ਤਾਂ ਆਉਂਦਾ ਨਹੀਂ ਦੇਖਿਆ, ਪਰ ਤੁਹਾਨੂੰ ਸਭ ਨੂੰ ਮੇਰੀ ਨਿਮਰ ਜਿਹੀ ਅਪੀਲ ਹੈ ਕਿ ਮੇਰੀ ਮੌਤ ਤੋਂ ਬਾਅਦ ਕਿਸੇ ਕਿਸਮ ਦੀ ਧਾਰਮਿਕ ਰਸਮ ਨਾ ਕੀਤੀ ਜਾਵੇ ਕਿਉਂਕਿ ਹਾਸਲ ਵਿਗਿਆਨਕ ਸਮਝ ਤੋਂ ਬਾਅਦ ਮੈਂ ਸਮਝਿਆ ਹੈ ਕਿ ਰੱਬ ਨਾਂ ਦੀ ਕਿਸੇ ਵੀ ਸੰਸਥਾ ਵਿੱਚ ਮੇਰਾ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਰਿਸ਼ਤਿਓ, ਮੇਰਾ ਤੁਹਾਡੀ ਸੱਥ ਵਿੱਚੋਂ ਚਲੇ ਜਾਣਾ ਕੁਦਰਤੀ ਹੈ। ਮੈਂ ਇਸ ਧਰਤੀ ਦਾ ਅਦਨਾ ਵਿਅਕਤੀ ਹੁਣ ਮੋਇਆਂ ਵਿੱਚ ਸ਼ਾਮਿਲ ਹੋ ਗਿਆ ਹਾਂ। ਮੈਂ ਆਪਣੀ ਸਮਝ ਸਮਰੱਥਾ ਮੁਤਾਬਿਕ ਸਾਥੀਆਂ ਦੇ ਸਹਿਯੋਗ ਨਾਲ ਇੱਕ ਸਵਾਲ ਰਹਿਤ ਸੰਸਥਾ ਹੋਂਦ ਵਿੱਚ ਲਿਆਂਦੀ ਹੈ। ਇਹੋ ਜਿਹੀ ਮੇਰੇ ਜੀਵਨ ਦੀ ਦਾਸਤਾਨ ਹੈ। ਮੈਂ ਆਪਣੀ ਘਾਲਣਾ ’ਤੇ ਮਾਣ ਕਰਦਾ ਹਾਂ। ਅਜਿਹਾ ਹੋਣ ਕਰ ਕੇ ਹਮੇਸ਼ਾ ਮਾਣ ਨਾਲ ਭਰਿਆ ਰਿਹਾ ਹਾਂ। ਪਿੰਡ ਬਸੀ ਗੁੱਜਰਾਂ ਦੀ ਗੁਰਦੇਵ ਸਿੰਘ ਕੰਗ ਯਾਦਗਾਰੀ ਦਿਹਾਤੀ ਸਿੱਖਿਆ ਸੰਸਥਾ, ਉਹ ਸੰਸਥਾ ਹੈ ਜਿਸ ਵਿੱਚ ਲੱਗੀ ਇੱਕ-ਇੱਕ ਇੱਟ ਮੇਰੇ ਮੂਹਰਿਓਂ ਲੰਘੀ ਹੈ। ਮੈਂ ਇਸ ਦੇ ਨਿਰਮਾਣ ਅਤੇ ਸਮੁੱਚੇ ਪ੍ਰਬੰਧ ਦੇ ਨਾਲ-ਨਾਲ ਰਿਹਾ ਹਾਂ। ਇਸ ਤਰਜ਼ ’ਤੇ ਹੁਣ ਡਰੀਮ ਲੈਂਡ ਪਬਲਿਕ ਸਕੂਲ ਇਸ ਦਾ ਹਿੱਸਾ ਬਣ ਚੁੱਕਾ ਹੈ। ਇਸ ਸਾਰੇ ਕੁਝ ਵਿੱਚ ਸਹਿਯੋਗ ਲਈ ਮੇਰਾ ਸਿਜਦਾ ਹੈ ਸੰਸਥਾ ਦੀ ਪ੍ਰਬੰਧਕੀ ਕਮੇਟੀ, ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ, ਜਿਨ੍ਹਾਂ ਨੇ ਹਮੇਸ਼ਾ ਇਹ ਜੋਤ ਜਗਦੀ ਰੱਖੀ ਹੈ। ਅਸੀਂ ਪ੍ਰਤਿਭਾ ਪ੍ਰੀਖਿਆ ਰਾਹੀਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਹਰ ਤਰ੍ਹਾਂ ਦੀ ਮਦਦ ਦੇਣ ਦੀ ਖ਼ੁਸ਼ੀ ਮਾਣਦੇ ਰਹੇ ਹਾਂ। ਮੇਰੇ ਪਿਆਰੇ ਰਿਸ਼ਤਿਓ! ਮੈਂ ਦੱਸਣਾ ਚਾਹੁੰਦਾ ਹਾਂ ਕਿ ਕੁਦਰਤੀ ਮੌਤ ਦੀ ਹਾਲਤ ਵਿੱਚ ਮੈਂ ਆਪਣਾ ਸਰੀਰ ਪੀ ਜੀ ਆਈ ਚੰਡੀਗੜ੍ਹ ਨੂੰ ਦੇਣ ਦੀ ਆਪਣੀ ਵਸੀਅਤ ਕੀਤੀ ਹੋਈ ਹੈ।’ ਉਹ ਆਪਣੀ ਅੱਖ ਦੀ ਪੁਤਲੀ ਤੋਂ ਵੀ ਪਿਆਰੀ ਵਿਦਿਅਕ ਸੰਸਥਾ ਨੂੰ ਰੱਜਵਾਂ ਪਿਆਰ ਕਰਦਾ ਸੀ। ਮੋਇਆਂ ਦੇ ਖ਼ਤ ਤਾਂ ਵਿਸ਼ਵ ਸਾਹਿਤ ਵਿੱਚ ਪੜ੍ਹਨ ਦਾ ਮੌਕਾ ਮੈਨੂੰ ਮਿਲਿਆ ਹੈ, ਪਰ ਕਿਸੇ ਵਿਅਕਤੀ ਦੀ ਵਸੀਅਤ ਦੇ ਰੂਪ ਵਿੱਚ ਸਾਹਮਣੇ ਆਇਆ ਐਨਾ ਹਕੀਕੀ ਖ਼ਤ ਸਵਰਨ ਸਿੰਘ ਭੰਗੂ ਦੇ ਜ਼ਿੰਦਗੀ ਨੂੰ ਉਸ ਤਰ੍ਹਾਂ ਮਿਲਣ ਦਾ ਪ੍ਰਮਾਣ ਹੈ ਜਿਵੇਂ ਪਾਸ਼ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਦੇ ਹੁਸਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਸਲਤਨਤ ’ਤੇ ਥੁੱਕਦਾ ਹਾਂ। ਸਵਰਨ ਸਿੰਘ ਭੰਗੂ ਹੋਰਾਂ ਦੇ ਬੋਲ ਹੁੰਦੇ ਸਨ ਕਿ ਨੰਨ੍ਹੇ-ਮੁੰਨੇ ਬਾਲਾਂ ਦੀ ਸਲਤਨਤ ਹੈ ਮੇਰੀ ਪਾਠਸ਼ਾਲਾ।
ਜਦੋਂ ਸਵਰਨ ਭੰਗੂ ਨੂੰ ਉਨ੍ਹਾਂ ਦੇ ਸਾਥੀਆਂ ਦਾ ਕਾਫ਼ਲਾ ਵਿਦਾ ਕਰ ਰਿਹਾ ਸੀ ਤਾਂ ਪੁੱਤ ਬਾਗੀ ਭੰਗੂ ਅਤੇ ਗੁਰਪ੍ਰੀਤ ਭੰਗੂ ਦੇ ਇਹ ਬੋਲ ਸਾਂਭਣਯੋਗ ਸਨ: ‘‘ਸਾਥੀਆ! ਅਸੀਂ ਤੇਰੇ ਵੱਲੋਂ ਗਿਆਨ ਵਿਗਿਆਨ ਦੀ ਜਗਾਈ ਮੋਮਬੱਤੀ ਜਗਦੀ ਰੱਖਾਂਗੇ। ਗੰਧਲੇ ਪਾਣੀਆਂ ਵਿੱਚ ਹਰਕਤ ਕਰਨ ਲਈ ਕੰਕਰ ਮਾਰਦੇ ਰਹਾਂਗੇ ਤਾਂ ਜੋ ਇਸ ਧਰਤੀ ਦਾ ਕੋਈ ਹੋਰ ਸਵਰਨ ਇਸ ਗੰਧਲੇ ਨਿਜ਼ਾਮ ਦੇ ਬੋਅ ਮਾਰਦੇ ਪਾਣੀਆਂ ਦੀ ਭੇਟ ਨਾ ਚੜ੍ਹੇ।’’
ਸੰਪਰਕ: 98778-68710
