DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ ...

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ? ਮਰਨ ਉਹ, ਜਿਨ੍ਹਾਂ ਨੂੰ ਮੋਹ ਨਹੀਂ ਹੈ, ਝੂਠ ਨਾਲ ਵਿਦਰੋਹ ਨਹੀਂ ਹੈ, ਸੱਚ ਲਈ ਸੀਨੇ ਖੋਹ ਨਹੀਂ ਹੈ, ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ? ਹਰ ਸੁਪਨੇ ਸੰਗ ਰੀਝ ਪਰੋਈ, ਹਰ ਹਾਸੇ ਅੰਦਰ ਚੀਸ ਲਕੋਈ,...

  • fb
  • twitter
  • whatsapp
  • whatsapp
Advertisement

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਮਰਨ ਉਹ, ਜਿਨ੍ਹਾਂ ਨੂੰ ਮੋਹ ਨਹੀਂ ਹੈ,

Advertisement

ਝੂਠ ਨਾਲ ਵਿਦਰੋਹ ਨਹੀਂ ਹੈ,

Advertisement

ਸੱਚ ਲਈ ਸੀਨੇ ਖੋਹ ਨਹੀਂ ਹੈ,

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਹਰ ਸੁਪਨੇ ਸੰਗ ਰੀਝ ਪਰੋਈ,

ਹਰ ਹਾਸੇ ਅੰਦਰ ਚੀਸ ਲਕੋਈ,

ਹਰ ਇੱਕ ਸਾਹ ਵਿੱਚ ਆਸ ਸਮੋਈ,

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਦੋਸਤੀਆਂ ਦੀ ਬਰਕਤ ਹਾਲੇ,

ਖ਼ੁਸ਼ੀਆਂ ਗ਼ਮੀਆਂ ਆਲੇ-ਦੁਆਲੇ,

ਹਾਲੇ ਤਾਂ ਰੌਣਕ ਮੈਨੂੰ ਹੀ ਭਾਲੇ,

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਹੱਸਦਿਆਂ ਭਾਵੇਂ ਸਾਹ ਸੁੱਕ ਜਾਵੇ,

ਗੱਲਾਂ ਕਰਦਿਆਂ ਰਾਹ ਮੁੱਕ ਜਾਵੇ,

ਚੱਲੇ ਲਫ਼ਜ਼ ਘੜੀ ਰੁਕ ਜਾਵੇ,

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਮੇਰੇ ਲਈ ਹੈ ਜੀਵਨ ਮੁਕਤੀ,

ਹਰ ਇੱਕ ਪਲ ਹੈ ਵੱਖਰੀ ਯੁਕਤੀ,

ਬਈ ਅੱਜ ਭੁਲੇਖੇ ਤੇ ਗਜ਼ਬ ਦਰੁਸਤੀ,

ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?

ਸਾਹਿਤਕ ਮਹਿਫ਼ਿਲਾਂ ਵਿੱਚ ਸੁਰਜੀਤ ਸਭ ਦੀ ਫਰਮਾਇਸ਼ ਉੱਤੇ ਆਪਣੀ ਪ੍ਰਸਿੱਧ ਕਵਿਤਾ ‘ਸੁਰਜੀਤ ਕੁਰੇ! ਦੱਸ ਤੂੰ ਕਿਉਂ ਮਰਨਾ?’ ਹੇਕ ਲਾ ਕੇ ਵਜਦ ਵਿੱਚ ਆ ਕੇ ਸੁਣਾਉਂਦੀ ਅਤੇ ਸਾਰੇ ਹਾਜ਼ਰੀਨ ਆਖ਼ਰੀ ਸਤਰ ਗਾਉਣ ਵੇਲੇ ਉਸ ਦਾ ਸਾਥ ਦਿੰਦੇ। ਜ਼ਿੰਦਗੀ ਨੂੰ ਸ਼ਿੱਦਤ ਨਾਲ ਜਿਊਣ ਦੀ ਖ਼ਾਹਿਸ਼ ਨਾਲ ਭਰਪੂਰ ਹੈ ਸੁਰਜੀਤ ਦੀ ਇਹ ਕਵਿਤਾ। ਨਾ ਇਹ ਕਵਿਤਾ ਮਰ ਸਕਦੀ ਹੈ ਅਤੇ ਨਾ ਉਸ ਨੂੰ ਸਿਰਜਣ ਵਾਲੀ। ਉਸ ਨੇ ਤਾਂ ਸਭ ਨੂੰ ਆਪਣੀ ਕਰਨੀ ਨਾਲ ਜ਼ਿੰਦਗੀ ਨੂੰ ਜ਼ਿੰਦਾਦਿਲੀ ਅਤੇ ਜਸ਼ਨ ਨਾਲ ਜਿਊਣਾ ਸਿਖਾਇਆ। ਸੁਰਜੀਤ ਬੈਂਸ ਦੇ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਯੋਗਦਾਨ, ਉਸ ਦੀ ਮੋਹ ਭਰੀ ਗੂੰਜਦੀ ਆਵਾਜ਼, ਨਿੱਘੀ ਜੱਫੀ ਅਤੇ ਹਰ ਵਿਅਕਤੀ ਨੂੰ ਉਤਸ਼ਾਹਿਤ ਕਰਨ ਵਾਲੀ ਗੱਲਬਾਤ ਅਤੇ ਜ਼ਿੰਦਾਦਿਲੀ ਕਰਕੇ ਉਹ ਕਿਉਂ ਮਰੇਗੀ? ਉਹ ਬਹੁਤ ਦੇਰ ਤੱਕ ਸਾਡੇ ਚੇਤਿਆਂ ਵਿੱਚ ਜ਼ਿੰਦਾ ਰਹੇਗੀ।

ਮੈਨੂੰ ਸੁਰਜੀਤ ਦੀ ਮੌਤ ਦੀ ਮਨਹੂਸ ਖ਼ਬਰ ਮੇਰੀ ਸਹੇਲੀ ਅਮਰਜੀਤ ਨੇ ਦਿੱਤੀ। ਜਦੋਂ ਉਸ ਨੇ ਕਿਹਾ, ‘‘ਸੁਰਜੀਤ ਬੈਂਸ ਹੋਰੀਂ ਤਾਂ ਚਲੇ ਗਏ,’’ ਤਾਂ ਮੈਂ ਹੈਰਾਨ ਹੁੰਦੇ ਹੋਏ ਉਸ ਨੂੰ ਪੁੱਛਿਆ ਸੀ, ‘‘ਐਨੀ ਠੰਢ ਵਿੱਚ ਕਿੱਧਰ ਨੂੰ ਤੁਰ ਪਏ?’’ ਕਿਉਂਕਿ ਉਹ ਮਹੀਨੇ ਦੋ ਮਹੀਨੇ ਬਾਅਦ ਯਾਤਰਾ ਨੂੰ ਫਟਾਫਟ ਵਿਉਂਤਦੇ, ਫਿਰ ਆਪਣੇ ਵੱਡੇ ਪਰਿਵਾਰ ਦੀਆਂ ਸਾਹਿਤਕ ਧੀਆਂ ਭੈਣਾਂ- ਸਖੀਆਂ ਨੂੰ ਨਾਲ ਲੈ ਤੁਰਦੇ ਸਨ। ਅਮਰਜੀਤ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਹੁਣ ਇਸ ਯਾਤਰਾ ਤੋਂ ਵਾਪਸ ਨਹੀਂ ਮੁੜਨਾ। ਸੈਰਾਂ ਦੀ ਸ਼ੌਕੀਨ ਸੁਰਜੀਤ ਨੇ ਇੱਕ ਦੋ ਤਫ਼ਰੀਹਾਂ ਵਿੱਚ ਮੈਨੂੰ ਵੀ ਪਿਆਰ ਭਰੀ ਝਿੜਕ ਨਾਲ ਹੁਕਮ ਦਿੱਤਾ ਕਿ ਤਿਆਰ ਹੋ ਜਾ ਇਸ ਵਾਰ ਤੇਰਾ ਕੋਈ ਬਹਾਨਾ ਨਹੀਂ ਚੱਲੇਗਾ। ਉਸ ਨਾਲ ਕੀਤੀਆਂ ਤਫ਼ਰੀਹਾਂ ਮੇਰੀ ਜ਼ਿੰਦਗੀ ਦਾ ਸਰਮਾਇਆ ਬਣ ਗਈਆਂ। ਇੱਕ ਤਫ਼ਰੀਹ ਵਿੱਚ ਮਲਕੀਤ ਬਸਰਾ, ਅਮਰਜੀਤ, ਹਰਭਜਨ ਅਤੇ ਮੈਂ ਇਕੱਠੇ ਸੀ। ਸੁਰਜੀਤ ਨੇ ਰਸਤੇ ਵਿੱਚ ਜਾਂਦਿਆਂ ਸ਼ਾਇਰ ਗੁਰਦੀਪ ਨੂੰ ਸੁਨੇਹਾ ਲਾ ਦਿੱਤਾ ਕਿ ਦੁਪਹਿਰ ਦਾ ਪਰਸ਼ਾਦਾ ਤੁਹਾਡੇ ਕੋਲ ਛਕਾਂਗੇ। ਭੋਜਨ ਦਾ ਤਾਂ ਬਹਾਨਾ ਸੀ। ਕਵਿਤਾ, ਗੀਤਾਂ ਅਤੇ ਗੱਲਬਾਤ ਦੀ ਮਹਿਫ਼ਿਲ ਦੇਰ ਸ਼ਾਮ ਤੱਕ ਚਲਦੀ ਰਹੀ। ਸਾਨੂੰ ਫ਼ਿਕਰ ਉਨ੍ਹਾਂ ਦੇ ਗੱਡੀ ਚਲਾਉਣ ਦਾ ਸੀ। ਉਸ ਨੇ ਬੜੇ ਵਧੀਆ ਤਰੀਕੇ ਗੱਡੀ ਚਲਾ ਕੇ ਸਾਨੂੰ ਖਾਓ-ਪੀਓ ਤੱਕ ਮੂਲਦਾਸਪੁਰਾ, ਤਹਿਸੀਲ ਰੁੜਕੀ, ਉੱਤਰਾਖੰਡ ਮਲਕੀਤ ਕੌਰ ਗਿੱਲ ਦੇ ਫਾਰਮ ਹਾਊਸ ਉੱਤੇ ਸੁੱਖੀ-ਸਾਂਦੀ ਪਹੁੰਚਾ ਦਿੱਤਾ ਜੋ ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰ ਸੀ ਅਤੇ ਬਾਅਦ ਵਿੱਚ ਸਾਡੀ ਸਭ ਦੀ ਸਹੇਲੀ ਬਣ ਗਈ। ਉਹ ਮਾਂ ਅਤੇ ਦਾਦੀ ਦੇ ਰੂਪ ਵਿੱਚ ਸਭ ਦੀ ਵਡੇਰੀ ਸੀ। ਉਸਨੇ 85 ਸਾਲ ਦੀ ਉਮਰ ਤੱਕ ਧੜੱਲੇ ਨਾਲ ਤੇਜ਼ ਰਫ਼ਤਾਰ ਗੱਡੀ ਚਲਾਈ। ਪਰਿਵਾਰ ਦੇ ਜ਼ੋਰ ਦੇਣ ’ਤੇ 85ਵਾਂ ਵਰ੍ਹਾ ਪੂਰਾ ਹੋਣ ਤੋਂ ਬਾਅਦ ਹੀ ਉਸਨੇ ਡਰਾਈਵਰ ਦੀ ਸੇਵਾ ਲੈਣੀ ਸ਼ੁਰੂ ਕੀਤੀ।

ਮੇਰੇ ਹਰ ਸਾਲ ਕੈਨੇਡਾ ਜਾਣ ਤੋਂ ਪਹਿਲਾਂ ਸੁਰਜੀਤ ਨੂੰ ਮਿਲਣ ਵੇਲੇ ਉਹ ਨਿੱਘੇ ਪਿਆਰ ਭਰੇ ਕਲਾਵੇ ਦੀ ਛੋਹ ਸਮੇਂ ਸਹਿਜ ਜਿਹੇ ਮੁੱਠੀ ਵਿੱਚ ਪਿਆਰ/ਸ਼ਗਨ ਧਰ ਦਿੰਦੇ ਅਤੇ ਮੱਥੇ ’ਤੇ ਬੋਸਾ ਦਿੰਦੇ ਹੋਏ ਤਾਕੀਦ ਕਰਨੀ, ‘‘ਛੇਤੀਂ ਮੁੜ ਆਵੀਂ, ਅਸੀਂ ਉਡੀਕਦੇ ਪਏ ਹਾਂ ਤੇਰੇ ਮੁੜਨ ਨੂੰ।’’ ਉਜ਼ਬੇਕਿਸਤਾਨ ਜਾਣ ਤੋਂ ਪਹਿਲਾਂ ਸੁਰਜੀਤ ਨੇ ਕਿਹਾ ਸੀ, ‘‘ਯਾਤਰਾ ਤੋਂ ਆ ਕੇ ਜਲਦੀ ਮਿਲੀਂ। ਆਪਣੇ ਪ੍ਰਭਾਵ ਸਾਂਝੇ ਕਰੀਂ।’’ ਪਰ ਉਹ ਤਾਂ ਮੇਰੇ ਪਰਤਣ ਤੋਂ ਇੱਕ ਦਿਨ ਪਹਿਲਾਂ ਅਮੁੱਕ ਯਾਤਰਾ ਉੱਤੇ ਤੁਰ ਵੀ ਗਈ। ਸੁਰਜੀਤ ਬੈਂਸ ਦਾ ਬਚਪਨ ਅਤੇ ਜਵਾਨੀ ਰੱਜੇ-ਪੁੱਜੇ ਪਰਿਵਾਰਕ ਮਾਹੌਲ ਵਿੱਚ ਪ੍ਰਵਾਨ ਚੜ੍ਹਿਆ। ਸੁਰਜੀਤ ਦੇ ਮਾਪੇ ਸਰਦਾਰ ਹਰਨਾਮ ਸਿੰਘ ਮਝੈਲ ਅਤੇ ਸਰਦਾਰਨੀ ਪ੍ਰੀਤਮ ਕੌਰ। ਸੁਰਜੀਤ ਦੇ ਪਿਤਾ ਨੇ ਲਾਇਲਪੁਰ ਦੇ ਐਗਰੀਕਲਚਰ ਕਾਲਜ ਤੋਂ ਬੀ ਐੱਸਸੀ ਕੀਤੀ ਅਤੇ ਪੰਜਾਬ ਸਰਕਾਰ ਦੇ ਬਾਗਬਾਨੀ ਤੇ ਖੇਤੀਬਾੜੀ ਵਿਭਾਗ ਵਿੱਚ ਉੱਚੇ ਅਹੁਦੇ ’ਤੇ ਤਾਇਨਾਤ ਸਨ। ਸੁਰਜੀਤ ਦੇ ਬਚਪਨ ਤੇ ਜਵਾਨੀ ਦੇ ਦਿਨ ਕੁਦਰਤੀ ਗੋਦ ਵਿੱਚ ਬਣੇ ਵੱਡੇ ਬੰਗਲਿਆਂ ਵਿੱਚ ਬੀਤੇ। ਉਸ ਨੇ ਆਪਣੇ ਪਿਤਾ ਦੇ ਤਬਾਦਲਿਆਂ ਕਰਕੇ ਬਚਪਨ ਤੇ ਜਵਾਨੀ ਦੇ ਦਿਨ ਮਿੰਟਗੁਮਰੀ, ਮੁਲਤਾਨ, ਕੁੱਲੂ, ਮਨਾਲੀ, ਪਾਲਮਪੁਰ ਤੇ ਹੋਰ ਪਹਾੜੀ ਖੇਤਰਾਂ ਅਤੇ ਭੂੰਗੇ ਤੇ ਅਟਾਰੀ ਦੇ ਸਰਕਾਰੀ ਬਾਗ਼ਾਂ ਵਿੱਚ ਬਿਤਾਏ। ਵਿਆਹ ਮਗਰੋਂ ਉਹ ਦਿੱਲੀ ਚਲੀ ਗਈ, ਜਿੱਥੇ ਉਸ ਦਾ ਪਤੀ ਯੂਗੋਸਲਾਵੀਆ ਦੀ ਇੱਕ ਕੰਪਨੀ ਵਿੱਚ ਉੱਚੇ ਅਹੁਦੇ ਉੱਤੇ ਤਾਇਨਾਤ ਸੀ। ਬਾਅਦ ਵਿੱਚ ਮੁਹਾਲੀ ਦੇ ਦਸ ਫੇਜ਼ ਵਿੱਚ ਆਣ ਮੁਕਾਮ ਕੀਤਾ। ‘ਖ਼ੁਸ਼ੀ’ ਲੇਖ ਵਿੱਚ ਸੁਰਜੀਤ ਬੈਂਸ ਨੇ ਆਪਣੇ ਮਾਪਿਆਂ ਬਾਰੇ ਲਿਖਿਆ: ‘ਬਾਪੂ ਜੀ ਤੇ ਬੀ ਜੀ ਦੋਵਾਂ ਨੂੰ ਖ਼ੁਸ਼ੀਆਂ ਸੰਜੋਣ ਅਤੇ ਬਖੇਰਨ ਦਾ ਇਸ਼ਕ ਸੀ। ਇੰਜ ਲੱਗਦਾ ਸੀ ਕਿ ਚੜ੍ਹਦਾ ਸੂਰਜ ਖ਼ੁਸ਼ੀਆਂ ਦਾ ਟੋਕਰਾ ਲੈ ਕੇ ਆਇਆ ਏ... ਗ਼ਮਾਂ ਵਿੱਚ ਵੀ ਏਨੀਆਂ ਖ਼ੁਸ਼ੀਆਂ ਬੱਚਿਆਂ ਨੂੰ ਦੇਣੀਆਂ ਸਾਡੇ ਮਾਂ-ਬਾਪ ਦਾ ਕਮਾਲ ਸੀ।’ ਸਵੈ-ਜੀਵਨੀ ‘ਮੈਂ ਤੇ ਮੇਰੇ’ ਵਿੱਚ ਸੁਰਜੀਤ ਬੈਂਸ ਨੇ ਬੜੇ ਸਹਿਜ ਨਾਲ ਲਿਖਿਆ ਹੈ। ਇਹ ਸਹਿਜ ਉਸ ਦੀ ਉਮਰ ਭਰ ਦੀ ਕਮਾਈ ਹੈ। ਯੂ ਐੱਨ ਓ ਵਿੱਚ ਭਾਰਤੀ ਸਫ਼ੀਰ ਉੱਤੇ ਰਹੇ ਸਰਦਾਰ ਚਰਨਜੀਵ ਸਿੰਘ, ਸੁਰਜੀਤ ਬੈਂਸ ਦੇ ਮੂੰਹ ਬੋਲੇ ਭਰਾ ਹਨ। ਸੁਰਜੀਤ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਦੀ ਭੂਮਿਕਾ ਵਿੱਚ ਲਿਖਦੇ ਹਨ, ‘‘ਮਝੈਲ ਚਾਚਾ ਜੀ ਅਕਸਰ ਆਉਂਦੇ ਤੇ ਖ਼ੁਸ਼ੀ ਹੀ ਲੈ ਕੇ ਆਉਂਦੇ। ਗੱਲਾਂ ਦਾ ਸਿਲਸਿਲਾ ਮੁੱਕਣ ਵਿੱਚ ਹੀ ਨਾ ਆਉਂਦਾ। ਰੌਣਕ ਲੱਗ ਜਾਣੀ। ਚਾਚਾ ਜੀ ਨੇ ਵਿੱਚ-ਵਿੱਚ ਕਵਿਤਾਵਾਂ ਵੀ ਸੁਣਾਉਣੀਆਂ- ਸਾਧੂ ਸਿੰਘ ਸੂਫ਼ੀ ਦੀਆਂ ਤੇ ਸੁਰਜੀਤ ਭੈਣ ਜੀ ਦੀਆਂ। ਚਾਚੀ ਜੀ ਨੂੰ ਜਦੋਂ ਵੀ ਦੇਖਿਆ ਤਾਂ ਸਿਮਰਨ ਕਰਦਿਆਂ ਹੀ ਦੇਖਿਆ ਜਾਂ ਕੋਈ ਅਧਿਆਤਮ ਦੀ ਗੱਲ, ਅਨੁਭਵ ਦੀ ਗੱਲ ਕਰਦਿਆਂ। ‘ਮੈਂ ਤੇ ਮੇਰੇ’ ਦੀ ਰਚਨਾ ਇਨ੍ਹਾਂ ਸੰਸਕਾਰਾਂ ਵਿੱਚੋਂ ਉਪਜੀ ਹੈ।’ ‘ਮੈਂ ਤੇ ਮੇਰੇ’ ਵਿੱਚ ਸਭ ਕੁਝ ਸੁਹਿਰਦਤਾ ਤੇ ਸੰਜਮ ਨਾਲ ਲਿਖਿਆ ਹੈ, ਅਤਿ-ਭਾਵੁਕਤਾ ਤੋਂ ਰਹਿਤ। ਜਵਾਨ ਪੁੱਤਰ ਦੀ ਤ੍ਰਾਸਦੀ ਬਾਰੇ ਲਿਖਣਾ ਸੌਖਾ ਨਹੀਂ ਸੀ, ਪਰ ਲਿਖਿਆ, ਸ਼ਾਂਤ ਮਨ ਨਾਲ। ਉਹ ਲਿਖਦੀ ਹੈ ਕਿ ‘ਜਦੋਂ ਤਕਲੀਫ਼ਾਂ ਹਾਰ ਜਾਣ ਤਾਂ ਜਿਊਣਾ ਹੀ ਜਿਊਣਾ ਹੈ। ਇਹੀ ਤਾਂ ਖ਼ੁਸ਼ੀਆਂ ਸੰਜੋਣ ਤੇ ਬਿਖੇਰਨ ਦਾ ਰਾਜ਼ ਹੈ।’

ਉਸ ਦਾ ਦਾਦਕਾ ਪਿੰਡ ਰਾਜਾ ਜੰਗ ਸੀ, ਜਿਹੜਾ ਕਸੂਰ ਤੇ ਰਾਏਵਿੰਡ ਦੇ ਵਿਚਕਾਰ ਲਾਹੌਰ ਜ਼ਿਲ੍ਹੇ ਵਿੱਚ ਪੈਂਦਾ ਸੀ। ਸੁਰਜੀਤ ਬੈਂਸ ਦਾ ਜਨਮ ਅਣਵੰਡੇ ਪੰਜਾਬ ਵਿੱਚ 31 ਜਨਵਰੀ 1940 ਨੂੰ ਲਾਇਲਪੁਰ ਵਿਖੇ ਹੋਇਆ। ਹੱਲਿਆਂ ਵੇਲੇ ਉੱਜੜਨ ਦੇ ਧੁੰਦਲੇ ਚੇਤੇ ਦਾ ਵਰਣਨ ਉਸ ਨੇ ਆਪਣੀ ਸਵੈ-ਜੀਵਨੀ ਵਿੱਚ ਕੀਤਾ ਹੈ। ਉਸ ਦਾ ਬਚਪਨ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਗੁਰੂ ਨਾਨਕ ਮਹੱਲਾ ਤੇ ਗਲੀ ਨੰਬਰ ਦੋ ਵਿੱਚ ਬੀਤਿਆ। ਵੰਡ ਤੋਂ ਬਾਅਦ ਪਹਿਲੀ ਵਾਰ ਉਹ 1983 ਵਿੱਚ ਆਪਣੇ ਪਿਤਾ ਨਾਲ ਲਾਇਲਪੁਰ ਗਈ ਕਿਉਂਕਿ ਐਗਰੀਕਲਚਰ ਕਾਲਜ ਨੇ ਆਪਣੇ ਪੁਰਾਣੇ ਵਿਦਿਆਰਥੀ ਵਜੋਂ ਉਨ੍ਹਾਂ ਨੂੰ 100 ਸਾਲਾ ਜਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਸੀ। ਸੁਰਜੀਤ ਨੂੰ ਉੱਥੇ ਕਈ ਨਵੀਆਂ ਕਵਿਤਾਵਾਂ ਫੁੱਟੀਆਂ ਅਤੇ ਸਭ ਨੇ ਸੁਣ ਕੇ ਹੱਲਾਸ਼ੇਰੀ ਦਿੱਤੀ।

ਖ਼ੈਰ, ਦੇਸ਼ ਵੰਡ ਤੋਂ ਬਾਅਦ ਉਹ ਪੱਟੀ, ਤਰਨ ਤਾਰਨ ਅਤੇ ਅੰਮ੍ਰਿਤਸਰ ਰਹੇ। ਸੁਰਜੀਤ ਦੇ ਪਿਤਾ ਜੀ ਦੀ ਬਦਲੀ ਭੂੰਗੇ ਦੇ ਬਾਗ਼ਾਂ ਵਿੱਚ ਹੋ ਗਈ। ਸੁਰਜੀਤ ਨੇ ਨੌਵੀਂ ਤੇ ਦਸਵੀਂ ਜਮਾਤ ਹਰਿਆਣੇ (ਹੁਸ਼ਿਆਰਪੁਰ) ਤੋਂ ਪਾਸ ਕੀਤੀ ਅਤੇ ਉੱਥੇ ਹੀ ਐੱਸ ਡੀ ਕਾਲਜ ਤੋਂ ਬੀ ਏ ਕੀਤੀ। ਉਹ ਨਿਰੰਜਨ ਸਿੰਘ ਮਾਨ ਦੀ ਵਿਦਿਆਰਥਣ ਹੋਣਾ ਬੜੇ ਮਾਣ ਨਾਲ ਯਾਦ ਕਰਦੀ ਹੈ। ਤੁਕਬੰਦੀ ਵਾਲੀ ਕਵਿਤਾ ਲਿਖਣ ਦੀ ਚੇਟਕ ਭਾਵੇਂ ਉਸ ਨੂੰ ਪਹਿਲਾਂ ਲੱਗ ਚੁੱਕੀ ਸੀ ਪਰ ਇਸ ਕਾਲਜ ਵਿੱਚ ਪ੍ਰੋਫੈਸਰ ਨਿਰੰਜਨ ਸਿੰਘ ਮਾਨ ਦੀ ਅਗਵਾਈ ਅਤੇ ਪ੍ਰੇਰਨਾ ਨਾਲ ਨਿਖਾਰ ਆਇਆ। ਪ੍ਰੋ. ਮਾਨ ਨੇ ਉਸ ਨੂੰ ਕਵਿਤਾ ਅਤੇ ਨਾਟਕ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਮਹਿੰਦਰਾ ਕਾਲਜ, ਪਟਿਆਲਾ ਐਮ ਏ ਕਰਨ ਲਈ ਸੁਰਜੀਤ ਆਪਣੀ ਭੂਆ ਕੋਲ ਚਲੀ ਗਈ, ਬਾਅਦ ਵਿੱਚ ਮਾਪੇ ਵੀ ਭੂੰਗੇ ਤੋਂ ਪਹੁੰਚ ਗਏ। ਪ੍ਰੋਫੈਸਰ ਪ੍ਰੀਤਮ ਸਿੰਘ ਤੇ ਡਾ. ਦਲੀਪ ਕੌਰ ਟਿਵਾਣਾ ਉਸ ਦੇ ਅਧਿਆਪਕ ਸਨ। ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਸੁਰਿੰਦਰ ਭਾਰਤੀ, ਗੁਰਬਖਸ਼ ਸੋਚ ਅਤੇ ਜੁਗਿੰਦਰ ਰਾਹੀ ਉਸਦੇ ਸਹਿਪਾਠੀ। ਉਹ ਗੁਰਬਖਸ਼ ਤੇ ਰਾਹੀ ਨਾਲ ਕਵਿਤਾ ਮੁਕਾਬਲਿਆਂ ਵਿੱਚ ਜਾਂਦੀ ਅਤੇ ਡਾ. ਦੀਪਕ ਮਨਮੋਹਨ ਵੀ ਕਵਿਤਾ ਮੁਕਾਬਲਿਆਂ ਵਿੱਚ ਮਾਲੇਰਕੋਟਲੇ ਤੋਂ ਸ਼ਮੂਲੀਅਤ ਕਰਦਾ।

ਨਵਤੇਜ ਭਾਰਤੀ ਨੇ ਸੁਰਜੀਤ ਦੀ ਮੌਤ ਦੀ ਖ਼ਬਰ ਸੁਣ ਕੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ, ‘ਪੰਜਾਬ ਵਿੱਚ ਸੁਰਜੀਤ ਬੈਂਸ ਮੇਰਾ ਘਰ ਸੀ, ਅੱਜ ਮੈਂ ਹੋਰ ਪਰਵਾਸੀ ਹੋ ਗਿਆ ਹਾਂ। ਆਪਾਂ ਸੈਂਚਰੀ (100 ਵਰ੍ਹੇ) ਮਾਰਨੀ ਹੈ, ਸੁਰਜੀਤ ਅਕਸਰ ਆਖਦੀ ਸੀ ਮੈਨੂੰ, ਕਦੇ ਵੀ ਨਹੀਂ ਲੱਗਾ ਕਿ ਉਹ ਊਈਂ ਆਖਦੀ ਹੈ। ਅਸੀਂ 65 ਵਰ੍ਹਿਆਂ ਤੋਂ ਇਕੱਠੇ ਤੁਰ ਰਹੇ ਸੀ। ਹਰ ਵਿਦਾ ਹੋਏ ਸੰਗੀ ਸਾਥੀ ਦੀ ਮ੍ਰਿਤੂ ਚੁੱਕ ਕੇ ਤੁਰਦਾ ਰਹਿੰਦਾ ਹਾਂ, ਅੱਜ ਮੇਰੇ ਮੋਢੇ ਥੱਕ ਗਏ ਹਨ, ਅਲਵਿਦਾ ਸੁਰਜੀਤ।’

ਜੰਗ ਬਹਾਦਰ ਗੋਇਲ ‘ਮੈਂ ਅਤੇ ਮੇਰੇ’ ਪੁਸਤਕ ਬਾਰੇ ਲਿਖਦੇ ਹਨ, ‘ਸੁਰਜੀਤ ਨੂੰ ਮਿਲਣਾ ਜ਼ਿੰਦਗੀ ਨਾਲ ਹੱਥ ਮਿਲਾਉਣ ਵਾਂਗ ਹੈ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਉਹ ਤਾਂ ‘ਓਲਡ ਮੈਨ ਐਂਡ ਦਿ ਸੀ’ ਦੇ ਨਾਇਕ ਸੇਂਟਿਆਗੋ ਦੇ ਟੱਬਰ ਵਿੱਚੋਂ ਹੈ ਜਿਸ ਨੂੰ ਜ਼ਿੰਦਗੀ ਦੀਆਂ ਔਕੜਾਂ ਤੋੜ ਤਾਂ ਸਕਦੀਆਂ ਹਨ ਪਰ ਝੁਕਾ ਨਹੀਂ ਸਕਦੀਆਂ।’ ਗੁਰਮਿੰਦਰ ਸਿੱਧੂ ਨੇ ਅਕੀਦਤ ਪੇਸ਼ ਕਰਦੇ ਹੋਏ ਆਪਣੀ ਫੇਸਬੁੱਕ ਪੇਜ ’ਤੇ ਲਿਖਿਆ, ‘ਸੁਰਜੀਤ ਬੈਂਸ ਇਕੱਲੀ ਨਹੀਂ ਗਈ, ਉਸ ਦੇ ਨਾਲ ਹੀ ਚਲੀਆਂ ਗਈਆਂ ਨੇ ਸਾਹਿਤਕ ਮਹਿਫ਼ਲਾਂ, ਰੇਸ਼ਮੀ ਜੱਫੀਆਂ, ਪੰਜਾਬੀ ਲੋਕ ਗੀਤ, ਰੰਗ ਤਮਾਸ਼ੇ, ਮੋਹ ਪਿਆਰ ਨਾਲ ਲਬਰੇਜ਼ ਵਿਅੰਜਨ, ਕੰਡਾ ਘਾਟ, ਕਸ਼ਮੀਰ, ਪਿੰਜੌਰ ਦੀਆਂ ਸੈਰਾਂ, ਚੜ੍ਹਦੀ ਕਲਾ ਦੇ ਬੋਲ ਤੇ ਹੋਰ ਬਹੁਤ ਕੁਝ, ਬਹੁਤ ਹੀ ਕੁਝ। ਉਹ ਇੱਕ ਇਨਸਾਨ ਨਹੀਂ ਇੱਕ ਸੰਸਥਾ ਵੀ ਨਹੀਂ, ਸਾਡਾ ਤਾਂ ਪੂਰਾ ਸੰਸਾਰ ਹੀ ਗਵਾਚ ਗਿਆ ਹੈ।’

ਸੁਰਜੀਤ ਬੈਂਸ ਪਿਛਲੇ 15 ਸਾਲਾਂ ਤੋਂ ਹਰ ਮਹੀਨੇ ਆਪਣੇ ਘਰ ਮੁਹਾਲੀ, ਪੰਚਕੂਲਾ ਤੇ ਚੰਡੀਗੜ੍ਹ ਦੇ ਪੰਜਾਬੀ, ਹਿੰਦੀ ਤੇ ਉਰਦੂ ਦੇ ਸਹਿਤਕਾਰਾਂ ਨੂੰ ਇਕੱਠਿਆਂ ਕਰਦੀ, ਉਸ ਦੀ ਸਾਹਿਤਕ ਮਹਿਫ਼ਲ ਉਤਸਵ ਵਾਂਗ ਹੁੰਦੀ। ਉਸ ਨੇ ਆਪਣੀ ਨਵੀਂ ਪੁਸਤਕ ਦੀ ਰਿਲੀਜ਼ ਲਈ 31 ਜਨਵਰੀ 2026 ਦਾ ਦਿਨ ਮਿਥਿਆ ਸੀ ਅਤੇ ਉਸ ਬਾਰੇ ਸੁਨੇਹੇ ਸਭ ਨੂੰ ਦੇਣੇ ਸ਼ੁਰੂ ਵੀ ਕਰ ਦਿੱਤੇ ਸਨ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ, ਇੱਕੋ ਜਿਹੀ ਕਥਨੀ ਤੇ ਕਰਨੀ ਵਾਲੀ ਬੁਲੰਦ ਸ਼ਖ਼ਸੀਅਤ ਸੁਰਜੀਤ ਬੈਂਸ ਨੇ ਆਪਣੀ ਵਿਰਾਸਤ ਆਪਣੀ ਨੂੰਹ ਅਤੇ ਧੀਆਂ ਵਿੱਚ ਬਰਾਬਰ ਵੰਡੀ ਹੈ।

ਸੁਰਜੀਤ ਦਾ ‘ਮੈਂ ਤੇ ਮੇਰੇ’ ਵਿੱਚ 2024 ਵਿੱਚ ਲਿਖਿਆ ਹਲਫ਼ਨਾਮਾ ਹੈ, ‘‘ਮੈਂ ਜਿਵੇਂ ਰੱਬ ਦੇ ਵਿਆਹ ਆਈ ਹੋਵਾਂ, ਜ਼ਿੰਦਗੀ ਨੂੰ ਕੁਤਕੁਤਾੜੀਆਂ ਕੱਢਦੀ ਫ਼ਿਰਦੀ ਹਾਂ। ਅੱਖ ਮਟੱਕਾ ਵੀ ਇੱਕ ਕਮਾਲ ਦੀ ਗੱਲ ਹੈ। ਹਾਲਾਤ ਨਾਲ ਅੱਖ ਮਟੱਕੇ ਕਰਦੀ ਜ਼ਿੰਦਗੀ ਠੁਮਕ ਚਾਲ ਤੁਰੀ ਜਾ ਰਹੀ ਹੈ। ਹਾਲਾਤ ਦੇ ਸੰਗੀਤ ਮੈਨੂੰ ਟਿਕਣ ਨਹੀਂ ਦਿੰਦੇ। ਏਸ ਸੰਗੀਤ ਵਿੱਚ ਦੁੱਖਾਂ ਦੀ ਗਾਥਾ ਵੀ ਹੈ, ਸੁੱਖਾਂ ਦੇ ਵੇਰਵੇ ਵੀ ਨੇ। ਮੈਂ ਖ਼ੁਦ ਨੂੰ ਹੁਣ ਤੁਹਾਡੀਆਂ ਨਜ਼ਰਾਂ ਨਾਲ ਦੇਖਦੀ ਹਾਂ, ਮੁਸਕਰਾਉਂਦੀ ਹਾਂ ਅਤੇ ਰੱਜ ਕੇ ਜ਼ਿੰਦਗੀ ਨੂੰ ਮਾਣਦੀ ਹਾਂ। ਮੈਂ ਕਿਹੜੇ ਅੱਖਰਾਂ ਵਿੱਚ ਮਿੱਤਰਾਂ ਪਿਆਰਿਆਂ ਦਾ ਸ਼ੁਕਰੀਆ ਅਦਾ ਕਰਾਂ? ਰੱਬਾ ਮੈਨੂੰ ਸਮਰੱਥਾ ਦੇ। ਜ਼ਿੰਦਗੀ ਜੋ ਵੀ ਹੈ, ਕਮਾਲ ਦਾ ਕਰਿਸ਼ਮਾ ਹੈ। ਹਰ ਪਲ ਮੇਰੇ ਲਈ ਅਣਮੁੱਲਾ ਹੈ। ਮਰਨ ਬਾਰੇ ਹਾਲੇ ਮੈਂ ਨਹੀਂ ਸੋਚਦੀ। ਮੈਂ ਸਾਰਿਆਂ ਦੇ ਸਾਥ ਵਿੱਚ ਸਦਾ ਬਹਾਰ ਹਾਂ। ਸ਼ੁਕਰੀਆ ਦਿਲ-ਜਾਨੀਓ!’

ਸੰਪਰਕ: 70870-91838

Advertisement
×