DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੁੱਪ ਵਾਲਾ ਹਿੱਸਾ

ਮੈਂ ਚੌਵੀ ਸਾਲ ਦਾ ਸੀ, ਜਦੋਂ ਪੱਤਝੜ ਦੇ ਮੌਸਮ ਵਿੱਚ ਸਮੁੰਦਰ ਕਿਨਾਰੇ ਇੱਕ ਸਰਾਂ ਵਿੱਚ ਮੈਨੂੰ ਇੱਕ ਲੜਕੀ ਮਿਲੀ। ਇਹ ਮੇਰੇ ਪ੍ਰੇਮ ਦੀ ਪਹਿਲੀ ਸ਼ੁਰੂਆਤ ਸੀ। ਲੜਕੀ ਨੇ ਅਚਾਨਕ ਸਿਰ ਚੁੱਕਿਆ ਤੇ ਆਪਣਾ ਚਿਹਰਾ ਬਾਹਾਂ ਦੀ ਕਰਿੰਗੜੀ ਵਿੱਚ ਲੁਕੋ ਲਿਆ।...

  • fb
  • twitter
  • whatsapp
  • whatsapp
Advertisement

ਮੈਂ ਚੌਵੀ ਸਾਲ ਦਾ ਸੀ, ਜਦੋਂ ਪੱਤਝੜ ਦੇ ਮੌਸਮ ਵਿੱਚ ਸਮੁੰਦਰ ਕਿਨਾਰੇ ਇੱਕ ਸਰਾਂ ਵਿੱਚ ਮੈਨੂੰ ਇੱਕ ਲੜਕੀ ਮਿਲੀ। ਇਹ ਮੇਰੇ ਪ੍ਰੇਮ ਦੀ ਪਹਿਲੀ ਸ਼ੁਰੂਆਤ ਸੀ।

ਲੜਕੀ ਨੇ ਅਚਾਨਕ ਸਿਰ ਚੁੱਕਿਆ ਤੇ ਆਪਣਾ ਚਿਹਰਾ ਬਾਹਾਂ ਦੀ ਕਰਿੰਗੜੀ ਵਿੱਚ ਲੁਕੋ ਲਿਆ। ਉਸ ਦੇ ਅਜਿਹਾ ਕਰਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਜ਼ਰੂਰ ਮੈਂ ਫਿਰ ਆਪਣੀ ਗੰਦੀ ਆਦਤ ਦਾ ਪ੍ਰਦਰਸ਼ਨ ਕੀਤਾ ਹੋਵੇਗਾ। ਸ਼ਰਮਿੰਦਗੀ ਨਾਲ ਮੇਰੇ ਚਿਹਰੇ ’ਤੇ ਇੱਕ ਤਕਲੀਫ਼ ਵਾਲਾ ਭਾਵ ਉੱਭਰ ਆਇਆ!

Advertisement

‘‘ਮੈਂ ਤੈਨੂੰ ਘੂਰ ਕੇ ਦੇਖਦਾ ਹਾਂ, ਹੈ ਨਾ?’’

Advertisement

‘‘ਹਾਂ, ਪਰ... ਇਹ ਗੱਲ ਨਹੀਂ!’’ ਲੜਕੀ ਦਾ ਸੁਰ ਨਿਮਰ ਸੀ ਅਤੇ ਉਸ ਦੇ ਸ਼ਬਦ ਬੋਝਲ ਨਹੀਂ ਸਨ। ਮੈਨੂੰ ਰਾਹਤ ਮਹਿਸੂਸ ਹੋਈ। ‘‘ਤੈਨੂੰ ਇਸ ਨਾਲ ਪਰੇਸ਼ਾਨੀ ਹੁੰਦੀ ਹੈ, ਹੈ ਨਾ?’’

‘‘ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਪਰ... ਛੱਡੋ ਜਾਣ ਦਿਓ, ਕੋਈ ਗੱਲ ਨਹੀਂ!’’

ਉਸ ਨੇ ਆਪਣੀਆਂ ਬਾਹਾਂ ਚਿਹਰੇ ਤੋਂ ਹਟਾ ਕੇ ਥੱਲੇ ਕਰ ਲਈਆਂ। ਪਰ ਉਸਦੇ ਭਾਵ ਦੱਸ ਰਹੇ ਸਨ ਕਿ ਉਸ ਨੂੰ ਆਪਣਾ ਚਿਹਰਾ ਮੁੜ ਦਿਖਾਉਣ ਲਈ ਕੋਸ਼ਿਸ਼ ਕਰਨੀ ਪਈ ਸੀ। ਮੈਂ ਮੁੜ ਕੇ ਸਮੁੰਦਰ ਵੱਲ ਦੇਖਣ ਲੱਗਾ।

ਮੈਨੂੰ ਪੁਰਾਣੀ ਆਦਤ ਹੈ, ਆਪਣੇ ਕੋਲ ਬੈਠੇ ਲੋਕਾਂ ਨੂੰ ਘੂਰ ਕੇ ਦੇਖਣ ਦੀ। ਆਪਣੀ ਇਸ ਆਦਤ ਨੂੰ ਠੀਕ ਕਰਨ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਆਪਣੇ ਆਪ ਨੂੰ ਆਸ ਪਾਸ ਬੈਠੇ ਲੋਕਾਂ ਦੇ ਚਿਹਰੇ ਨੂੰ ਵੇਖਣੋਂ ਰੋਕਣਾ ਮੇਰੇ ਲਈ ਤਕਲੀਫ਼ਦੇਹ ਹੈ। ਹਰ ਵਾਰ ਜਦੋਂ ਮੇਰਾ ਧਿਆਨ ਆਪਣੀ ਇਸ ਆਦਤ ਵੱਲ ਜਾਂਦਾ ਹੈ ਤਾਂ ਮੈਨੂੰ ਆਪਣੇ ਆਪ ’ਤੇ ਖਿਝ ਅਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਬਚਪਨ ਵਿੱਚ ਹੀ ਆਪਣੇ ਮਾਪੇ ਅਤੇ ਘਰ ਗੁਆਉੁਣ ਤੋਂ ਬਾਅਦ ਮੈਂ ਦੂਜਿਆਂ ਨਾਲ ਰਹਿਣ ਲੱਗਾ ਸਾਂ ਅਤੇ ਮੈਨੂੰ ਲੱਗਦਾ ਹੈ ਕਿ ਬਹੁਤਾ ਸਮਾਂ ਉਨ੍ਹਾਂ ਲੋਕਾਂ ਦੇ ਚਿਹਰਿਆਂ ਨੂੰ ਪੜ੍ਹਨ ਵਿੱਚ ਗੁਜ਼ਾਰਨ ਕਰਕੇ ਸ਼ਾਇਦ ਮੇਰੀ ਇਹ ਆਦਤ ਪੱਕ ਗਈ ਹੈ। ਸ਼ਾਇਦ ਇਸੇ ਵਜ੍ਹਾ ਕਰਕੇ ਮੈਂ ਅਜਿਹਾ ਹਾਂ।

ਇੱਕ ਵਾਰ ਮੈਂ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੀ ਇਹ ਆਦਤ ਦੂਜਿਆਂ ਕੋਲ ਰਹਿਣ ਕਰਕੇ ਬਣੀ ਜਾਂ ਇਹ ਉਦੋਂ ਤੋਂ ਹੀ ਹੈ ਜਦੋਂ ਮੈਂ ਆਪਣੇ ਘਰ ਵਿੱਚ ਸੀ। ਪਰ ਮੈਨੂੰ ਅਜਿਹਾ ਕੁਝ ਵੀ ਯਾਦ ਨਹੀਂ ਆਇਆ, ਜਿਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਸਕਦੀ।

ਖ਼ੈਰ, ਜਦੋਂ ਮੈਂ ਉਸ ਲੜਕੀ ਦੇ ਚਿਹਰੇ ਤੋਂ ਨਜ਼ਰਾਂ ਹਟਾਈਆਂ ਤਾਂ ਸਮੁੰਦਰ ਤੱਟ ’ਤੇ ਪੱਤਝੜ ਦੀ ਧੁੱਪ ਵਿੱਚ ਨ੍ਹਾਤੀ ਰੌਸ਼ਨੀ ਦਾ ਇੱਕ ਟੁਕੜਾ ਮੇਰੇ ਸਾਹਮਣੇ ਸੀ। ਧੁੱਪ ਵਾਲਾ ਹਿੱਸਾ ਇੱਕ ਪੁਰਾਣੀ ਯਾਦ ਨੂੰ ਤਾਜ਼ਾ ਕਰ ਗਿਆ।

ਆਪਣੇ ਮਾਤਾ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਲਗਭਗ 10 ਸਾਲ ਤੱਕ ਮੈਂ ਆਪਣੇ ਦਾਦੇ ਨਾਲ ਇਕੱਲਾ ਪਿੰਡ ਵਾਲੇ ਘਰ ਵਿੱਚ ਰਿਹਾ। ਮੇਰੇ ਦਾਦਾ ਜੀ ਨਾਬੀਨਾ ਸਨ। ਕਈ ਸਾਲਾਂ ਤੱਕ ਉਹ ਲਗਾਤਾਰ ਉਸੇ ਕਮਰੇ ਵਿੱਚ, ਉਸੇ ਥਾਂ ਰੱਖੀ ਕੋਲਿਆਂ ਦੀ ਅੰਗੀਠੀ ਸਾਹਮਣੇ ਪੂਰਬ ਵੱਲ ਮੂੰਹ ਕਰਕੇ ਬੈਠੇ ਰਹਿੰਦੇ, ਵਿੱਚ ਵਿੱਚ ਕਦੇ ਉਨ੍ਹਾਂ ਦਾ ਸਿਰ ਦੱਖਣ ਵੱਲ ਵੀ ਘੁੰਮਦਾ ਪਰ ਉੱਤਰ ਦਿਸ਼ਾ ਵੱਲ ਉਹ ਕਦੀ ਨਹੀਂ ਸੀ ਮੁੜੇ। ਆਪਣੇ ਦਾਦੇ ਦੀ ਸਿਰਫ਼ ਇੱਕ ਹੀ ਪਾਸੇ ਚਿਹਰਾ ਘੁੰਮਾਉਣ ਦੀ ਇਸ ਆਦਤ ਦਾ ਪਤਾ ਲੱਗਣ ਪਿੱਛੋਂ ਮੈਂ ਕਾਫ਼ੀ ਫ਼ਿਕਰਮੰਦ ਰਹਿਣ ਲੱਗਾ। ਕਈ ਵਾਰ ਮੈਂ ਦੇਰ ਤੱਕ ਆਪਣੇ ਦਾਦਾ ਜੀ ਦੇ ਸਾਹਮਣੇ ਬੈਠਾ ਉਨ੍ਹਾਂ ਦੇ ਚਿਹਰੇ ਨੂੰ ਇੱਕ ਟੱਕ ਦੇਖਦਾ ਰਹਿੰਦਾ। ਇਸ ਉਮੀਦ ਨਾਲ ਕਿ ਸ਼ਾਇਦ ਕਦੇ ਉਹ ਆਪਣਾ ਚਿਹਰਾ ਉੱਤਰ ਵੱਲ ਵੀ ਘੁੰਮਾਉਣ। ਪਰ ਉਹ ਹਰ ਪੰਜ ਮਿੰਟ ਬਾਅਦ ਕਿਸੇ ਚਾਬੀ ਵਾਲੇ ਖਿਡੌਣੇ ਵਾਂਗ ਆਪਣਾ ਚਿਹਰਾ ਸੱਜੇ ਪਾਸੇ ਘੁਮਾ ਕੇ ਦੱਖਣ ਦੀ ਦਿਸ਼ਾ ਵੱਲ ਦੇਖਣ ਲੱਗਦੇ ਸਨ। ਇਸ ਨਾਲ ਮੈਨੂੰ ਇੱਕ ਅਜੀਬ ਉਦਾਸੀ ਭਰਿਆ ਅਹਿਸਾਸ ਹੁੰਦਾ। ਦੱਖਣ ਦਿਸ਼ਾ ਵਿੱਚ ਧੁੱਪ ਵਾਲਾ ਹਿੱਸਾ ਸੀ। ਕੀ ਦੇਖਣ ਤੋਂ ਅਸਮਰੱਥ ਕਿਸੇ ਵਿਅਕਤੀ ਨੂੰ ਵੀ ਦੱਖਣ ਵਾਲਾ ਹਿੱਸਾ ਵੱਧ ਰੌਸ਼ਨੀ ਭਰਿਆ ਮਹਿਸੂਸ ਹੁੰਦਾ ਹੋਵੇਗਾ?

ਹੁਣ ਉਸ ਸਮੁੰਦਰ ਤੱਟ ਵੱਲ ਵੇਖਦਿਆਂ ਮੈਨੂੰ ਉਹ ਪੁਰਾਣਾ ਧੁੱਪ ਵਾਲਾ ਹਿੱਸਾ ਯਾਦ ਆਇਆ, ਜਿਸ ਨੂੰ ਮੈਂ ਲਗਭਗ ਭੁੱਲ ਚੁੱਕਾ ਸਾਂ।

ਉਨ੍ਹਾਂ ਦਿਨਾਂ ਵਿੱਚ ਆਪਣੇ ਦਾਦੇ ਦੇ ਉੱਤਰ ਦਿਸ਼ਾ ਵੱਲ ਘੁੰਮਣ ਦੀ ਉਮੀਦ ਵਿੱਚ ਮੈਂ ਉਨ੍ਹਾਂ ਦੇ ਚਿਹਰੇ ਨੂੰ ਵੇਖਦਾ ਰਹਿੰਦਾ ਸਾਂ ਕਿਉਂਕਿ ਉਹ ਨਾਬੀਨਾ ਸਨ ਤੇ ਇਸੇ ਲਈ ਅਕਸਰ ਮੈਂ ਉਨ੍ਹਾਂ ਨੂੰ ਇੱਕ ਟੱਕ ਘੂਰਦਾ ਰਹਿੰਦਾ ਸੀ। ਫਿਰ ਮੈਨੂੰ ਸਮਝ ਆਇਆ ਕਿ ਇੱਥੋਂ ਹੀ ਮੈਨੂੰ ਲੋਕਾਂ ਦੇ ਚਿਹਰਿਆਂ ਨੂੰ ਦੇਖਣ ਦੀ ਆਦਤ ਪੈ ਗਈ ਸੀ। ਯਾਨੀ ਇਹ ਆਦਤ ਉਦੋਂ ਦੀ ਮੇਰੇ ਨਾਲ ਸੀ, ਜਦੋਂ ਮੈਂ ਆਪਣੇ ਘਰ ਵਿੱਚ ਸਾਂ। ਇਸ ਦਾ ਜਨਮ ਕੋਈ ਮਾੜੇ ਇਰਾਦਿਆਂ ਕਰਕੇ ਨਹੀਂ ਸੀ ਹੋਇਆ। ਇਸ ਆਦਤ ਲਈ ਆਪਣੇ ਆਪ ’ਤੇ ਤਰਸ ਖਾਂਦਾ ਮੈਂ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਦਾ ਸਾਂ। ਮੇਰਾ ਮਨ ਖ਼ੁਸ਼ੀ ਨਾਲ ਉਛਲ ਪਿਆ, ਕੁਝ ਇਸ ਕਰਕੇ ਵੀ ਕਿ ਮੇਰੇ ਦਿਲ ਵਿੱਚ ਹੁਣ ਉਸ ਲੜਕੀ ਨੂੰ ਲੈ ਕੇ ਵੀ ਕੋਈ ਪਾਪ ਵਰਗੀ ਮੰਦਭਾਵਨਾ ਨਾ ਮਹਿਸੂਸ ਕਰਨ ਦੀ ਇੱਛਾ ਜਾਗ ਪਈ ਸੀ।

‘‘ਮੈਨੂੰ ਇਸ ਦੀ ਆਦਤ ਹੋ ਗਈ ਹੈ,’’ ਲੜਕੀ ਫਿਰ ਬੋਲੀ, ‘‘ਪਰ ਫਿਰ ਵੀ ਮੈਂ ਜ਼ਰਾ ਸ਼ਰਮੀਲੀ ਹਾਂ।’’

ਉਸ ਦੇ ਸ਼ਬਦਾਂ ਦਾ ਮਤਲਬ ਸੀ ਕਿ ਮੈਂ ਹੁਣ ਆਪਣੀਆਂ ਨਿਗਾਹਾਂ ਉਸ ਦੇ ਚਿਹਰੇ ’ਤੇ ਵਾਪਸ ਲਿਆ ਸਕਦਾ ਹਾਂ। ਉਸ ਨੂੰ ਜ਼ਰੂਰ ਲੱਗ ਰਿਹਾ ਹੋਵੇਗਾ ਕਿ ਪਹਿਲਾਂ ਮੈਂ ਜੋ ਕੀਤਾ, ਉਹ ਬਦਸਲੂਕੀ ਸੀ।

ਮੈਂ ਉਸ ਵੱਲ ਵੇਖਿਆ ਤਾਂ ਮੇਰਾ ਚਿਹਰਾ ਚਮਕ ਰਿਹਾ ਸੀ। ਉਸ ਨੇ ਸ਼ਰਮਾਅ ਕੇ ਕੁਨੱਖੀ ਜਿਹੀ ਇੱਕ ਚੰਚਲ ਨਿਗ੍ਹਾ ਮੇਰੇ ’ਤੇ ਸੁੱਟੀ।

‘‘ਹਰ ਬੀਤੇ ਦਿਨ ਅਤੇ ਰਾਤ ਨਾਲ ਮੇਰੇ ਚਿਹਰੇ ਦਾ ਨਵਾਂਪਣ ਘਟਦਾ ਜਾਵੇਗਾ, ਇਸ ਲਈ ਮੈਨੂੰ ਜ਼ਿਆਦਾ ਫ਼ਿਕਰ ਨਹੀਂ ਹੈ,’’ ਬੱਚਿਆਂ ਵਾਂਗ ਉਸ ਨੇ ਕਿਹਾ।

ਮੈਂ ਮੁਸਕਰਾਇਆ। ਮੈਨੂੰ ਲੱਗਾ ਕਿ ਸਾਡੇ ਸੰਬੰਧਾਂ ਵਿੱਚ ਅਚਾਨਕ ਇੱਕ ਨਵੀਂ ਰੂਹ ਫੂਕੀ ਗਈ ਹੈ। ਮੇਰਾ ਦਿਲ ਕੀਤਾ ਕਿ ਉਸ ਲੜਕੀ ਅਤੇ ਆਪਣੇ ਦਾਦੇ ਦੀ ਯਾਦ ਨੂੰ ਨਾਲ ਲੈ ਮੈਂ ਧੁੱਪ ਵਾਲੇ ਉਸ ਹਿੱਸੇ ਵੱਲ ਨਿਕਲ ਜਾਵਾਂ।

ਜਾਪਾਨੀ ਗਲਪਕਾਰ ਯਾਸੂਨਾਰੀ ਕਵਾਬਾਤਾ ਦੀ ਇਸ ਰਚਨਾ ’ਚ ਜ਼ਿੰਦਗੀ ਦੇ ਉਨ੍ਹਾਂ ਮੁਢਲੇ ਅਨੁਭਵਾਂ ਦੀ ਗੱਲ ਕੀਤੀ ਗਈ ਹੈ, ਜੋ ਮਨੁੱਖ ਦੀ ਜ਼ਿੰਦਗੀ ਨੂੰ ਆਕਾਰ ਦਿੰਦੇ ਹਨ। ਇਸ ਨੂੰ ਹਿੰਦੀ ਵਿਚ ਅਨੁਵਾਦ ਜੀਤੇਂਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।

Advertisement
×