ਬਾਲ ਕਿਆਰੀ

ਸੁਹਾਂਜਣਾ

ਸੁਹਾਂਜਣਾ

ਹੁੰਦਾ ਰੁੱਖ ਸੁਹਾਂਜਣਾ ਜੀਹਦੇ

ਪੱਤ ਟਾਹਣੀਆਂ ਢਕ ਲੈਂਦੇ

ਝਾੜੀਆਂ ਵਾਂਗੂ ਪੱਤਿਆਂ ’ਚੋਂ

ਪੱਤੇ ਨੇ ਉੱਗ ਪੈਂਦੇ

ਚਿੱਟੇ ਪੀਲੇ ਗੁੱਛੇ ਲਟਕਣ

ਫੁੱਲਾਂ ’ਚ ਸੁਗੰਧਾਂ ਧਰੀਆਂ

ਅੰਦਰੋਂ ਫਲੀਆਂ ਪੂਰੀਆਂ ਹੁੰਦੀਆਂ

ਬੀਜਾਂ ਦੇ ਨਾਲ ਭਰੀਆਂ

ਸਰਦੀ ਆਉਂਦੀ ਰੁੱਖ ਦੇ

ਪੂਰੇ ਪੱਤੇ ਝੜ ਜਾਂਦੇ

ਫਿਰ ਸੁਹਾਂਜਣੇ ਇਕ ਰੁੱਤੇ

ਫੁੱਲਾਂ ਨਾਲ ਭਰ ਜਾਂਦੇ

ਤਾਮਿਲ ਤੇ ਬੰਗਾਲੀ ਇਸਦੇ

ਫੁੱਲ ਫਲੀਆਂ ਪੱਤ ਖਾਂਦੇ

ਜੜ ਤੋਂ ਬਣੇ ਦਵਾਈ

‘ਚਾਰ ਫੁੱਲਾਂ ਦਾ ਪਾਂਦੇ

ਹੁੰਦੀ ਸਬਜ਼ੀ ਫਲੀਆਂ ਦੀ

ਬੜੀ ਪੇਟ ਲਈ ਗੁਣਕਾਰੀ

ਇਸ ਦੇ ਤੇਲ ’ਚ ਹੁੰਦੀ

ਸਰੋਂ ਜਿਹੀ ਤੇਜ਼ ਤਰਾਰੀ

ਬੀਜਾਂ ਵਿਚੋਂ ਤੇਲ ਜੋ ਨਿਕਲੇ

ਲੋਕੀਂ ਇਤਰ ਬਣਾਉਂਦੇ

ਛਿਲਕੇ ਰੁੱਖ ਦੇ ਧਾਗੇ ਰੱਸੀਆਂ

ਵੱਟਣ ਦੇ ਕੰਮ ਆਉਂਦੇ

ਬਾਂਦਰ ਸੱਪ ਜੇ ਕੁੱਤਾ ਕੱਟੇ

ਇਸ ਦੇ ਪੱਤੇ ਬਣਨ ਦਵਾਈ

ਮਾਸਪੇਸ਼ੀਆਂ ਹੱਡੀਆਂ ਦੀ

ਇਸ ਤੋਂ ਜਾਂਦੀ ਤਾਕਤ ਪਾਈ

ਇਸ ਦੇ ਵਿਚ ਸੰਗਤਰੇ ਨਾਲੋਂ

ਹੁੰਦੀ ਵੱਧ ਵਿਟਾਮਿਨ ਸੀ

ਗਾਜਰ ਵਿਟਾਮਿਨ ਏ ਵਿਚ

ਇਹਦੀ ਰੀਸ ਕਰੂਗੀ ਕੀ

ਕੇਲੇ ਨਾਲੋਂ ਵੱਧ ਪੋਟਾਸ਼ੀਅਮ

ਦਹੀਂ ਤੋਂ ਵੱਧ ਪ੍ਰੋਟੀਨ

ਚਮੜੀ ਚਮਕੇ ਨਿਗ੍ਹਾ ਵਧਾਵੇ

ਰੁੱਖ ਬੜਾ ਪਰਵੀਨ

ਇਸ ਦੇ ਵਿਚ ਕੋਲਾਜਨ ਜਿਹੜਾ

ਹੱਡੀਆਂ ਨੂੰ ਜੋੜੇ

ਕੈਂਸਰ ਫੈਟੀ ਲੀਵਰ ਦਾ

ਇਹ ਤੋੜੇ ਮੂੰਹ ਮਰੋੜੇ

ਫੁੱਲਾਂ ਦੀ ਇਹਦੀ ਚਟਣੀ

ਲੋਕ ਦੱਖਣ ਦੇ ਖਾਂਦੇ

ਚੇਚਕ ਦੀ ਬਿਮਾਰੀ ਤੋਂ

ਸੁਣਿਆਂ ਉਹ ਰਾਹਤ ਪਾਂਦੇ

ਜ਼ਹਿਰਾਂ ਨੂੰ ਅੰਦਰੋਂ ਕੱਢਦਾ

ਨਜ਼ਲਾ ਅਤੇ ਜ਼ੁਕਾਮ ਹਟਾਉਂਦਾ

ਪੌਦਾ ਕਿਵੇਂ ਤੁਹਾਡੀ ਦੇਖਿਓ

ਸੁੰਦਰ ਸਿਹਤ ਬਣਾਉਂਦਾ

ਲੱਕੜੀ ਪੋਲੀ ਹੁੰਦੀ ਇਸ ਦੀ

ਕਿਸੇ ਕੰਮ ਨਾ ਆਉਂਦੀ

ਪੱਤੇ ਖਾਣ ਦੁਧਾਰੂ

ਦੁੱਧ ਦੀ ਗੁਣਵੱਤਾ ਵਧ ਜਾਂਦੀ

ਪੌਦਾ ਇਕ ਸੁਹਾਂਜਣੇ ਦਾ

ਤੁਸੀਂ ਵਿਚ ਬਗ਼ੀਚੇ ਲਾਇਓ

ਪੌਦਾ ਇਹ ਦਵਾਈਆਂ ਵਾਲਾ

ਇਸ ਦੇ ਫ਼ਲ ਫੁੱਲ ਅਜ਼ਮਾਇਓ

-ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਸੰਪਰਕ: 9780667686

ਮੇਰੀ ਸਾਈਕਲੀ

ਤਿੰਨ ਪਹੀਆਂ ਵਾਲੀ ਮੇਰੀ ਸਾਈਕਲੀ

ਮੈਨੂੰ ਬਹੁਤ ਪਿਆਰੀ ਹੈ

ਗੂੜ੍ਹਾ ਨੀਲਾ ਰੰਗ ਏਸਦਾ ਵਿਚ

ਪੀਲੀ ਜਿਹੀ ਧਾਰੀ ਹੈ

ਪੂਰੇ ਇਕ ਹਜ਼ਾਰ ਰੁਪਏ ਦੀ

ਪਾਪਾ ਜੀ ਨੇ ਲਿਆਂਦੀ ਹੈ

ਕਿਵੇਂ ਚਲਾਉਣਾ ਹੈ ਮੈਂ ਇਸ ਨੂੰ

ਭੂਆ ਨਿੱਤ ਸਿਖਾਂਦੀ ਹੈ

ਅਜੇ ਚਲਾਉਂਦੇ ਸਮੇਂ ਥੋੜ੍ਹੀ ਜਿਹੀ

ਮੈਨੂੰ ਲੱਗਦੀ ਭਾਰੀ ਹੈ

ਸਾਈਕਲੀ ਮੇਰੀ ਤਿੰਨ ਪਹੀਆਂ ਵਾਲੀ ਹੈ।

ਦੋ ਕਾਠੀਆਂ ਇਸ ’ਤੇ ਜੜੀਆਂ

ਮੈਂ ਅੱਗੇ ਬੈਠ ਚਲਾਉਂਦਾ ਹਾਂ

ਪਿਛਲੇ ਕਾਠੀ ਉੱਤੇ ਆਪਣੇ

ਦੋਸਤ ਤਾਈਂ ਬਿਠਾਉਂਦਾ ਹਾਂ

ਨੰਨ੍ਹੇ ਮੁੰਨ੍ਹੇ ਬੱਚਿਆਂ ਦੇ ਲਈ

ਵਧੀਆ ਇਹੋ ਸਵਾਰੀ ਹੈ।

ਸਾਈਕਲੀ ਮੇਰੀ ਤਿੰਨ ਪਹੀਆਂ ਵਾਲੀ ਹੈ।।

ਅਭੀ ਤੇ ਨੰਨੂ ਹਰਗੁਣ ਕਹਿੰਦੇ

ਅਸੀਂ ਵੀ ਇਹੋ ਮੰਗਾਵਾਂਗੇ

ਪਿੰਡ ਨਾਨਕੇ ਪੱਕੀਆਂ ਗਲੀਆਂ

ਸਾਈਕਲੀ ਖ਼ੂਬ ਭਜਾਵਾਂਗੇ

ਲਕਸ਼ੂ ਤੇ ਯਸ਼ਦੀਪ ਨੇ ਵੀ ਹੁਣ

ਕਰੀ ਲਿਆਉਣ ਦੀ ਤਿਆਰੀ ਹੈ।

ਸਾਈਕਲੀ ਮੇਰੀ ਤਿੰਨ ਪਹੀਆਂ ਵਾਲੀ ਹੈ।

ਹੈਂਡਲ ’ਤੇ ਇਕ ਬੈੱਲ ਹੈ ਲੱਗੀ

ਹੌਰਨ ਵੀ ਫਿੱਟ ਕਰਿਆ ਏ

ਰੰਗ ਬਿਰੰਗੀ ਇਕ ਟੋਕਰੀ ਨੂੰ

ਵੀ ਇਸ ’ਤੇ ਜੜਿਆ ਏ

‘ਗਿੱਲ ਮਲਕੀਤ’ ਨੇ ਮੇਰੇ ਦਿਲ ਦੀ

ਲਿਖ ਦਿੱਤੀ ਗੱਲ ਸਾਰੀ ਹੈ।

ਸਾਈਕਲੀ ਮੇਰੀ ਤਿੰਨ ਪਹੀਆਂ ਵਾਲੀ ਹੈ।

-ਮਲਕੀਤ ਸਿੰਘ ਗਿੱਲ (ਭੱਠਲਾਂ)

ਸੰਪਰਕ: 79865-28225

ਅਖਰੋਟ

ਦਿਮਾਗ਼ ਜਿਹਾ ਹੀ ਹੋਵੇ ਅਖਰੋਟ

ਖੋਲ ’ਚ ਖ਼ੁਦ ਨੂੰ ਲੁਕੋਵੇ ਅਖਰੋਟ।

ਅੱਖਾਂ ਦੀ ਇਹ ਰੌਸ਼ਨੀ ਨੂੰ ਵਧਾਵੇ

ਤਨ ਤੋਂ ਚਿੱਟੇ ਸਭ ਦਾਗ ਮਿਟਾਵੇ।

ਯਾਦਾਂ ਲੜੀ ’ਚ ਪਰੋਵੇ ਅਖਰੋਟ

ਦਿਮਾਗ਼ ਜਿਹਾ ਹੀ ਹੋਵੇ ਅਖਰੋਟ।

ਕਾਰਬੋਹਾਈਡ੍ਰੇਟ ਅਤੇ ਚਿਕਨਾਈ

ਲੋਹਾ, ਪ੍ਰੋਟੀਨ ਵੀ ਇਸ ’ਚ ਭਾਈ।

ਵਿਟਾਮਿਨਾਂ ਨਾਲ ਖਲੋਵੇ ਅਖਰੋਟ

ਦਿਮਾਗ਼ ਜਿਹਾ ਹੀ ਹੋਵੇ ਅਖਰੋਟ।

ਮੋਟੇ ਛਿਲਕੇ ਦਾ ਜੰਗਲੀ ਕਹਾਵੇ

ਪਤਲੇ ਵਾਲਾ ਕਾਗਜ਼ੀ ਨਾਂ ਧਰਾਵੇ।

ਸਾਰਿਆਂ ਦੇ ਮਨ ਭਲੋਵੇ ਅਖਰੋਟ

ਦਿਮਾਗ਼ ਜਿਹਾ ਹੀ ਹੋਵੇ ਅਖਰੋਟ।

‘ਜਗਲਾਂਸ ਰੇਜੀਆ’ ਇਹਦਾ ਨਾਂ

ਵਿਗਿਆਨੀ ਵਰਤਦੇ ਨੇ ਸਭ ਥਾਂ।

‘ਲੱਡੇ’ ਚੀਨ ਬਹੁਤਾ ਬੋਵੇ ਅਖਰੋਟ

ਦਿਮਾਗ਼ ਜਿਹਾ ਹੀ ਹੋਵੇ ਅਖਰੋਟ।

-ਜਗਜੀਤ ਸਿੰਘ ਲੱਡਾ

ਸੰਪਰਕ: 98555-31045

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All