ਕਥਾ ਪ੍ਰਵਾਹ

ਖੜੂਸ ਪਾਪਾ

ਖੜੂਸ ਪਾਪਾ

ਕੁਲਵਿੰਦਰ ਸਿੰਘ ਬਿੱਟੂ

ਫੋਨ ਦੀ ਘੰਟੀ ਵੱਜੀ। ‘‘ਹੈਲੋ...!’’ ‘‘ਦੀਦੀ, ਸਤਿ ਸ੍ਰੀ ਅਕਾਲ।’’ ‘‘ਸਤਿ ਸ੍ਰੀ ਅਕਾਲ ਭਾਬੀ। ਅੱਜ ਸਵੇਰੇ ਸਵੇਰੇ ਫੋਨ... ਕੀ ਗੱਲ ਸੁੱਖ ਤਾਂ ਹੈ।’’ ‘‘ਸੁੱਖ ਕਾਹਦੀ ਦੀਦੀ! ਤੁਹਾਡੇ ਸ਼ੈਰੀ ਵੀਰ ਜੀ ਕੱਲ੍ਹ ਸ਼ਾਮ ਦੇ ਪਾਪਾ ਜੀ ਦੇ ਕਮਰੇ ’ਚ ਬੈਠੇ ਰੋਈ ਜਾ ਰਹੇ ਨੇ। ਰਾਤ ਰੋਟੀ ਵੀ ਨ੍ਹੀਂ ਖਾਧੀ। ਇਕ ਡਾਇਰੀ ਨੂੰ ਛਾਤੀ ਨਾਲ ਲਾਈ ਬੈਠੇ ਨੇ। ਮੈਂ ਤਾਂ ਪੁੱਛ ਪੁੱਛ ਕੇ ਹੰਭ ਗਈ। ਤੁਹਾਨੂੰ ਬੁਲਾ ਰਹੇ ਹਨ। ਤੁਸੀਂ ਆ ਕੇ ਪੁੱਛੋ ਕੀ ਗੱਲ ਐ?’’ ‘‘ਕੋਈ ਨਾ ਭਾਬੀ, ਇਹ ਬਾਜ਼ਾਰ ਗਏ ਹੋਏ ਹਨ। ਇਨ੍ਹਾਂ ਦੇ ਆਉਣ ’ਤੇ ਆਏ ਅਸੀਂ।’’ ਪ੍ਰੀਤੀ ਫੋਨ ਰੱਖ ਕੇ ਸੋਫੇ ’ਤੇ ਬੈਠਦਿਆਂ ਹੀ ਟਿਕਟਿਕੀ ਲਾ ਕੰਧ ਵੱਲ ਵੇਖਣ ਲੱਗ ਪਈ। ਉਹ ਸੋਚਣ ਲੱਗੀ: ਹਾਂ, ਡਾਇਰੀ ਲਿਖਦਿਆਂ ਤਾਂ ਮੈਂ ਵੀ ਪਾਪਾ ਨੂੰ ਕਈ ਵਾਰ ਦੇਖਿਆ। ਮੇਰੇ ਕਮਰੇ ’ਚ ਜਾਣ ’ਤੇ ਉਹ ਡਾਇਰੀ ਨੂੰ ਚੋਰਾਂ ਵਾਂਗ ਛੁਪਾ ਲੈਂਦੇ ਸਨ। ਆਖ਼ਰ ਕੀ ਲਿਖਿਆ ਹੋਊ ਉਨ੍ਹਾਂ ਡਾਇਰੀ ’ਚ ਕਿ ਵੀਰਾ ਰੋਈ ਜਾ ਰਿਹਾ ਏ।

ਤੀਆਂ ਵਾਂਗ ਲੰਘ ਰਿਹਾ ਸੀ ਸਾਡਾ ਬਚਪਨ। ਵੀਰਾ ਮੈਥੋਂ ਦੋ ਸਾਲ ਵੱਡਾ ਏ। ਮੰਮੀ ਤੇ ਪਾਪਾ ਦਾ ਸਾਨੂੰ ਰੱਜਵਾਂ ਪਿਆਰ ਮਿਲਣਾ। ਮੰਮੀ ਮੈਨੂੰ ਹਰ ਸਮੇਂ ਤਿਆਰ ਕਰਕੇ ਰੱਖਦੇ। ਮੈਂ ਤਾਂ ਹਰ ਸਮੇਂ ਮੰਮੀ ਦੇ ਨਾਲ ਨਾਲ ਰਹਿ ਮੰਮੀ ਮੰਮੀ ਕਰਦੀ ਰਹਿਣਾ। ਪਾਪਾ ਨਾਲ ਨਾਜ਼ ਨਖਰੇ ਤੇ ਮਿੱਠੀਆਂ ਝੜਪਾਂ ਹੋਣੀਆਂ। ਮੰਮੀ ਦੇ ਨਾਲ ਬੈਠ ਟੀਵੀ ’ਤੇ ਕਾਰਟੂਨ ਦੇਖਣੇ। ਕਦੇ ਕਦੇ ਸੰਗੀਤ ਦੀਆਂ ਧੁਨਾਂ ’ਤੇ ਨੱਚਣਾ। ਛੁੱਟੀ ਵਾਲੇ ਦਿਨ ਅਸੀਂ ਸਾਰਿਆਂ ਨੇ ਕਾਰ ਵਿਚ ਬੈਠ ਕਿਧਰੇ ਨਾ ਕਿਧਰੇ ਘੁੰਮਣ ਚਲੇ ਜਾਣਾ। ਇਕ ਸ਼ਾਮ ਪਾਪਾ ਵੀਰੇ ਲਈ ਸਾਈਕਲ ਲੈ ਕੇ ਆਏ। ਮੈਂ ਆਪਣੇ ਲਈ ਵੀ ਸਾਈਕਲ ਦੀ ਜ਼ਿੱਦ ਕੀਤੀ। ਪਾਪਾ ਦੂਜੇ ਹੀ ਦਿਨ ਮੇਰੇ ਲਈ ਵੀ ਸਾਈਕਲ ਖਰੀਦ ਲਿਆਏ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਫਿਰ ਪਤਾ ਨਹੀਂ ਕਿਸ ਚੰਦਰੇ ਨੇ ਸਾਡੇ ਹੱਸਦੇ ਵਸਦੇ ਘਰ ਨੂੰ ਨਜ਼ਰ ਲਾ ਦਿੱਤੀ। ਸਾਡੀ ਜ਼ਿੰਦਗੀ ਦੀ ਗੱਡੀ ਨੇ ਕਸੂਤਾ ਮੋੜ ਕੱਟ ਲਿਆ। ਉਸ ਸ਼ਾਮ ਵੀਰਾ ਘਰੋਂ ਬਾਹਰ ਖੇਡਣ ਗਿਆ ਹੋਇਆ ਸੀ। ਪਾਪਾ ਆਪਣੇ ਦੋਸਤਾਂ ਨਾਲ ਪਾਰਟੀ ਕਰਕੇ ਆਏ ਸੀ। ਦਾਰੂ ਤਾਂ ਥੋੜ੍ਹੀ ਹੀ ਪੀਤੀ ਹੋਈ ਸੀ ਉਨ੍ਹਾਂ ਨੇ, ਪਰ ਛੋਟੀ ਜਿਹੀ ਗੱਲ ’ਤੇ ਉਹ ਮੰਮੀ ਨਾਲ ਉਲਝ ਗਏ। ਉਨ੍ਹਾਂ ਨੂੰ ਉਸੇ ਸਮੇਂ ਪਾਣੀ ਚਾਹੀਦਾ ਸੀ। ਮੰਮੀ ਆਪਣਾ ਸੂਟ ਸਿਊਂ ਰਹੇ ਸੀ ਤੇ ਥੋੜ੍ਹੀ ਉਡੀਕ ਕਰਨ ਲਈ ਕਹਿ ਰਹੇ ਸੀ। ਪਾਪਾ ਉੱਚੀ ਉੱਚੀ ਬੋਲਣ ਲੱਗ ਪਏ ਤੇ ਉਨ੍ਹਾਂ ਕੁਰਸੀ ’ਤੇ ਲੱਤ ਮਾਰ ਕੇ ਕੁਰਸੀ ਨੂੰ ਡਰਾਇੰਗ ਰੂਮ ਵਿਚੋਂ ਲੌਬੀ ਵਿਚ ਵਗਾਹ ਸੁੱਟਿਆ। ਮੰਮੀ ਵੀ ਉਨ੍ਹਾਂ ਦੇ ਨਸ਼ੇ ਦੀ ਮਦਹੋਸ਼ੀ ਨੂੰ ਸਮਝ ਨਾ ਸਕੇ ਤੇ ਉਨ੍ਹਾਂ ਨਾਲ ਮੱਥਾ ਲਾ ਲਿਆ। ਮੰਮੀ ਨਹੀਂ ਸੀ ਚਾਹੁੰਦੇ ਕਿ ਉਹ ਦਾਰੂ ਪੀਣ। ਗਾਲੀ ਗਲੋਚ ਦੀ ਤਿੱਖੀ ਝੜਪ ਵਿਚ ਪਤਾ ਹੀ ਨਾ ਲੱਗਿਆ ਕਿ ਮੰਮੀ ਨੇ ਕਦੋਂ ਆਪਣੇ ਆਪ ਨੂੰ ਕਮਰੇ ’ਚ ਬੰਦ ਕਰ ਲਿਆ। ਮੇਰੇ ਛੋਟੇ ਛੋਟੇ ਹੱਥਾਂ ਨੇ ਬਥੇਰਾ ਦਰਵਾਜ਼ਾ ਭੰਨਿਆ। ਮੇਰੀਆਂ ਚੀਕਾਂ ਵੀ ਮੰਮੀ ਨੂੰ ਨਹੀਂ ਸੁਣੀਆਂ। ਫਿਰ ਪਾਪਾ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ। ਦੇਖਿਆ ਤਾਂ ਮੰਮੀ ਪੱਖੇ ਨਾਲ ਲਟਕ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਬੰਦ ਸਨ ਤੇ ਗਰਦਨ ਟੇਢੀ ਹੋਈ ਪਈ ਸੀ। ਸਾਡੀ ਦੁਨੀਆਂ ਉੱਜੜ ਚੁੱਕੀ ਸੀ। ਮੈਂ ਤੇ ਵੀਰਾ ਕਿੰਨੀ ਦੇਰ ਤੱਕ ਮੰਮੀ ਨੂੰ ਚਿੰਬੜ ਕੇ ਰੋਂਦੇ ਰਹੇ। ਪਾਪਾ ਨਹੀਂ ਰੋਏ। ਬੋਲੇ ਵੀ ਕੁਝ ਨਾ। ਬੱਸ ਦੇਖੀ ਗਏ ਵਾਰ ਵਾਰ ਮੰਮੀ ਨੂੰ। ਪੁਲੀਸ ਵਾਲੇ ਕਾਗਜ਼ੀ ਕਾਰਵਾਈ ਪਾ ਗਏ। ਰਿਸ਼ਤੇਦਾਰ ਥੋੜ੍ਹੇ ਕੁ ਦਿਨਾਂ ਬਾਅਦ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸਾਡਾ ਘਰ ਪਹਿਲਾਂ ਹਾਸਿਆਂ ਤੇ ਠਹਾਕਿਆਂ ਨਾਲ ਗੂੰਜਦਾ ਰਹਿੰਦਾ ਸੀ। ਵੰਨ-ਸੁਵੰਨਾ ਖਾਣ ਪੀਣ ਦਾ ਛੋਟਾ ਜਿਹਾ ਮੌਕਾ ਭਾਲਦਾ ਰਹਿੰਦਾ ਸੀ। ਉਹੀ ਘਰ ਉਖੜਿਆ ਉਖੜਿਆ ਬਣ ਗਿਆ ਬੀਆਬਾਨ ਜੰਗਲ ਵਰਗਾ। ਸਾਡੇ ਚਿਹਰਿਆਂ ਤੋਂ ਹਾਸੇ ਚਲੇ ਗਏ। ਟੁਣਕਦੀਆਂ ਆਵਾਜ਼ਾਂ ਖ਼ਾਮੋਸ਼ ਹੋ ਗਈਆਂ।

ਘਰ ਵਿਚ ਮੈਂ, ਵੀਰਾ ਤੇ ਪਾਪਾ ਚੁੱਪ ਚੁੱਪ ਓਪਰਿਆਂ ਵਾਂਗ ਰਹਿਣ ਲੱਗੇ। ਮੈਂ ਫਿਰ ਕਦੇ ਵੀ ਪਾਪਾ ਨੂੰ ਹੱਸਦਿਆਂ ਨਹੀਂ ਵੇਖਿਆ। ਉਹ ਬੋਲਦੇ ਵੀ ਬਹੁਤ ਘੱਟ ਬਿਲਕੁਲ ਲੋੜ ਮੁਤਾਬਿਕ। ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਗਿਆ। ਉਹ ਆਪਣੀ ਡਿਊਟੀ ਤੋਂ ਬਿਨਾਂ ਹੋਰ ਕਿਧਰੇ ਨਾ ਜਾਂਦੇ। ਕਿਸੇ ਰਿਸ਼ਤੇਦਾਰੀ ’ਚ ਸਮਾਗਮ ’ਤੇ ਵੀ ਨਹੀਂ। ਅਸੀਂ ਵੀ ਪਾਪਾ ਦੇ ਨਾਲ ਹੀ ਘਰ ਵਿਚ ਕੈਦ ਹੋ ਗਏ। ਵੀਰੇ ਦੇ ਜਿਨ੍ਹਾਂ ਲੰਮੇ ਲੰਮੇ ਵਾਲ਼ਾਂ ਨੂੰ ਮੰਮੀ ਬੜੀਆਂ ਰੀਝਾਂ ਨਾਲ ਗੁੰਦਦੇ ਸੀ, ਜੂੜੇ ’ਤੇ ਪਟਕਾ ਜਾਂ ਰੁਮਾਲ ਬੰਨ੍ਹਦੇ ਹੁੰਦੇ ਸੀ। ਪਾਪਾ ਨੇ ਉਨ੍ਹਾਂ ਰੇਸ਼ਮੀ ਸੁੰਦਰ ਲੰਮੇ ਵਾਲ਼ਾਂ ਨੂੰ ਕਟਵਾ ਦਿੱਤਾ। ਉਸ ਦਿਨ ਵੀਰਾ ਘਰ ਆ ਕੇ ਬਹੁਤ ਰੋਇਆ ਸੀ। ਮੈਂ ਵੀ ਰੋਂਦੀ ਰੋਂਦੀ ਵੀਰੇ ਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਰਹੀ। ਅਸੀਂ ਦੋਵੇਂ ਭੈਣ ਭਰਾ ਕਿੰਨਾ ਚਿਰ ਮੰਮੀ ਦੀ ਫੋਟੋ ਅੱਗੇ ਖੜ੍ਹੇ ਡੁਸਕੀ ਗਏ। ਫਿਰ ਪਾਪਾ ਦੀ ਇਕ ਦਹਾੜ ਸੁਣ ਕੇ ਅਸੀਂ ਆਪਣੇ ਕਮਰੇ ਵਿਚ ਚਲੇ ਗਏ। ਜੇ ਕੋਈ ਰਿਸ਼ਤੇਦਾਰ ਘਰ ਆਉਂਦਾ ਤਾਂ ਪਾਪਾ ਉਨ੍ਹਾਂ ਨਾਲ ਵੀ ਸਿੱਧੇ ਮੂੰਹ ਗੱਲ ਨਾ ਕਰਦੇ। ਰਿਸ਼ਤੇਦਾਰਾਂ ਦੇ ਮਾਮਲੇ ਵਿਚ ਇਕ ਵਾਰੀ ਵੀਰੇ ਨੇ ਪਾਪਾ ਨੂੰ ਟੋਕ ਦਿੱਤਾ। ਫਿਰ ਪਾਪਾ ਨੇ ਵੀਰੇ ਦੀ ਅਜਿਹੀ ਝਾੜ ਝੰਭ ਕੀਤੀ ਕਿ ਵੀਰੇ ਦੀ ਦੁਬਾਰਾ ਪਾਪਾ ਅੱਗੇ ਬੋਲਣ ਦੀ ਹਿੰਮਤ ਨਾ ਪਈ। ਮੰਮੀ ਦੇ ਜਾਣ ਮਗਰੋਂ ਸਾਡੇ ਘਰ ਦੀ ਦਿਸ਼ਾ ਤੇ ਦਸ਼ਾ ਹੀ ਬਦਲ ਗਈ। ਕਿੱਥੇ ਸਾਨੂੰ ਸੁੱਤਿਆਂ ਨੂੰ ਉਠਾ ਬੈੱਡ ’ਤੇ ਹੀ ਦੁੱਧ ਦੇ ਗਿਲਾਸ ਮਿਲਦੇ ਸਨ। ਕਿੱਥੇ ਪਾਪਾ ਦੀਆਂ ਝਿੜਕਾਂ ਨਾਲ ਸਵੇਰ ਦੀ ਸ਼ੁਰੂਆਤ ਹੋਣ ਲੱਗੀ। ਫਿਰ ਅਸੀਂ ਆਪ ਉੱਠ ਕੇ ਪਾਪਾ ਨਾਲ ਦੁੱਧ, ਚਾਹ, ਨਾਸ਼ਤਾ ਤੇ ਦੁਪਹਿਰ ਦਾ ਖਾਣਾ ਤਿਆਰ ਕਰਨ ਲੱਗੇ। ਇਸੇ ਤਰ੍ਹਾਂ ਸ਼ਾਮ ਦੇ ਖਾਣੇ ਲਈ ਵੀ ਪਾਪਾ ਸਾਨੂੰ ਆਪਣੇ ਬਰਾਬਰ ਖੜ੍ਹਾ ਕੇ ਸਾਰਾ ਕੰਮ ਕਰਵਾਉਂਦੇ। ਸਵੇਰੇ ਜੇਕਰ ਅਸੀਂ ਉੱਠਣ ਸਮੇਂ ਅਣਗਹਿਲੀ ਕਰਦੇ ਤਾਂ ਸੁੱਤਿਆਂ ਦੇ ਮੂੰਹ ’ਤੇ ਠੰਢੇ ਪਾਣੀ ਦੇ ਡੱਬੇ ਆ ਵੱਜਣੇ। ਸਾਨੂੰ ਵਾਰ ਵਾਰ ਮੰਮੀ ਯਾਦ ਆਉਂਦੇ। ਅਕਸਰ ਸਾਡੇ ਦੋਵਾਂ ਭੈਣ ਭਰਾਵਾਂ ਦੀ ਸਵੇਰ ਦੀ ਸ਼ੁਰੂਆਤ ਮਨਹੂਸ ਹਟਕੋਰਿਆਂ ਨਾਲ ਹੋਣੀ। ਪਾਪਾ ਦੀ ਸਖ਼ਤੀ ਨੇ ਮੈਨੂੰ ਛੇਤੀ ਹੀ ਸਿਰ ਗੁੰਦਣ, ਕੱਪੜੇ ਧੋਣ ਤੇ ਘਰ ਦੀ ਸਫ਼ਾਈ ਵਗੈਰਾ ਦੇ ਕੰਮਕਾਰ ਸਿਖਾ ਦਿੱਤੇ। ਵੀਰੇ ’ਤੇ ਵੀ ਮੇਰੇ ਬਰਾਬਰ ਹੀ ਸਖ਼ਤਾਈ ਹੋਣੀ। ਸਾਨੂੰ ਪਹਿਨਣ ਲਈ ਕੱਪੜੇ ਵੀ ਲੋੜ ਅਨੁਸਾਰ ਹੀ ਮਿਲਣੇ। ਟੀਵੀ ਦੇ ਪ੍ਰੋਗਰਾਮ ਵੀ ਪਾਪਾ ਦੀ ਮਰਜ਼ੀ ਦੇ ਦੇਖਣੇ ਪੈਂਦੇ ਜੋ ਨੈਸ਼ਨਲ ਜਿਓਗਰਫੀ ਤੇ ਡਿਸਕਵਰੀ ਚੈਨਲ ਤੱਕ ਸੀਮਤ ਹੁੰਦੇ। ਬਾਹਰ ਖੇਡਣ ਦਾ ਸਮਾਂ ਕਾਫ਼ੀ ਘੱਟ ਸੀ, ਉਹ ਵੀ ਪਾਪਾ ਦੀ ਨਿਗਰਾਨੀ ਹੇਠ। ਜਦੋਂ ਕਲਾਸਾਂ ਵੱਡੀਆਂ ਹੋਈਆਂ ਤਾਂ ਪਾਪਾ ਸਾਨੂੰ ਟਿਊਸ਼ਨ ’ਤੇ ਲੈ ਕੇ ਜਾਣ ਲੱਗ ਪਏ। ਆਪ ਉਹ ਟਿਊਸ਼ਨ ਸੈਂਟਰ ਦੇ ਬਾਹਰ ਹੀ ਬੈਠੇ ਰਹਿੰਦੇ। ਕਿੰਨੀ ਰਾਤ ਤੱਕ ਖ਼ੁਦ ਜਾਗ ਕੇ ਸਾਡੀ ਪੜ੍ਹਾਈ ਦੀ ਨਿਗਰਾਨੀ ਕਰਦੇ ਰਹਿੰਦੇ। ਸਾਡੇ ਦੋਵਾਂ ’ਚੋਂ ਜੇਕਰ ਕਿਸੇ ਦੀ ਵੀ ਅੱਖ ਲੱਗਦੀ ਤਾਂ ਉਨ੍ਹਾਂ ਦੀ ਬਘਿਆੜ ਵਰਗੀ ਆਵਾਜ਼ ਦਿਲ ਦਹਿਲਾ ਦਿੰਦੀ। ਸਾਨੂੰ ਸੁਲਾ ਕੇ ਫਿਰ ਪਾਪਾ ਸੌਂਦੇ। ਸਵੇਰ ਨੂੰ ਹਮੇਸ਼ਾ ਸਾਡੇ ਤੋਂ ਪਹਿਲਾਂ ਉੱਠ ਜਾਂਦੇ। ਸਾਨੂੰ ਦੋਸਤ ਬਣਾਉਣ ਦੀ ਵੀ ਮਨਾਹੀ ਸੀ। ਵੀਰੇ ਨੇ ਉਨ੍ਹਾਂ ਦਾ ਨਾਂ ‘ਖੜੂਸ ਪਾਪਾ’ ਠੀਕ ਹੀ ਤਾਂ ਰੱਖਿਆ ਹੋਇਆ ਸੀ ਜਿਸ ਦਾ ਸਿਰਫ਼ ਮੈਨੂੰ ਇਲਮ ਸੀ। ਘਰ, ਘਰ ਘੱਟ ਤੇ ਫ਼ੌਜੀ ਸਿਖਲਾਈ ਕੇਂਦਰ ਜ਼ਿਆਦਾ ਬਣਿਆ ਹੋਇਆ ਸੀ ਜਿਸ ਵਿਚ ਅਸੀਂ ਹੌਲੀ ਹੌਲ਼ੀ ਢਲ਼ ਗਏ ਸੀ।

ਮੇਰੇ ਪਤੀ ਨੇ ਘਰ ਆ ਕੇ ਬੁਲਾਇਆ ਤਾਂ ਮੈਂ ਯਾਦਾਂ ਦੇ ਸਮੁੰਦਰ ਵਿਚੋਂ ਬਾਹਰ ਨਿਕਲੀ। ‘‘ਹਾਂ ਜੀ, ਆ ਗਏ ਤੁਸੀਂ। ਆਪਾਂ ਵੀਰੇ ਕੋਲ ਜਾਣੈ। ਭਾਬੀ ਦਾ ਫੋਨ ਆਇਆ ਸੀ। ਵੀਰੇ ਦੀ ਸਿਹਤ ਕੁਝ ਠੀਕ ਨਹੀਂ।’’ ‘‘ਕੀ ਹੋਇਆ ਭਾ’ਜੀ ਨੂੰ? ਚਾਰ ਦਿਨ ਤਾਂ ਹੋਏ ਆਪਾਂ ਨੂੰ ਉੱਥੋਂ ਆਇਆਂ ਨੂੰ।’’ ਪ੍ਰੀਤੀ ਦੇ ਪਤੀ ਨੇ ਖੜ੍ਹਿਆਂ ਹੀ ਪੁੱਛਿਆ। ‘‘ਇਹ ਤਾਂ ਜਾ ਕੇ ਹੀ ਪਤਾ ਲੱਗੇਗਾ।’’ ਪ੍ਰੀਤੀ ਨੇ ਕੁਆਰਟਰ ਦੇ ਬਾਹਰ ਦੇ ਦਰਵਾਜ਼ੇ ਦਾ ਜਿੰਦਾ ਚੁੱਕ ਲਿਆ। ਦੋਵੇਂ ਸ਼ੈਰੀ ਦੇ ਘਰ ਵੱਲ ਤੁਰ ਪਏ।

ਨਹਿਰੀ ਵਿਭਾਗ ਵਿਚ ਅਫ਼ਸਰ ਲੱਗੇ ਪ੍ਰੀਤੀ ਦੇ ਪਤੀ ਪ੍ਰਿੰਸ ਨੇ ਉਸ ਨਾਲ ਆਪਣੇ ਦਫ਼ਤਰ ਦੀ ਗੱਲ ਕੀਤੀ, ਪਰ ਪ੍ਰੀਤੀ ਦਾ ਧਿਆਨ ਆਪਣੇ ਪਾਪਾ ਤੇ ਵੀਰੇ ਵੱਲ ਸੀ। ਉਹ ਚੁੱਪਚਾਪ ਕਾਰ ਦੀ ਬਾਰੀ ਦੇ ਸ਼ੀਸ਼ਿਆਂ ਵਿਚਦੀ ਬਾਹਰ ਦੇਖ ਰਹੀ ਸੀ। ਫਿਰ ਉਹ ਅੱਖਾਂ ਬੰਦ ਕਰ ਕੇ ਸੀਟ ਨਾਲ ਢਾਰਸ ਲਾ ਕੇ ਪੈ ਗਈ।

ਯਾਦਾਂ ਨੇ ਫਿਰ ਘੇਰਾ ਪਾ ਲਿਆ। ਪਾਪਾ ਸਾਡੀ ਹਰ ਸਫ਼ਲਤਾ ਤੋਂ ਬਾਅਦ ਆਪਣੇ ਕਮਰੇ ਵਿਚ ਜਾਂਦੇ। ਫਿਰ ਦਰਵਾਜ਼ਾ ਬੰਦ ਕਰਕੇ ਕਿੰਨਾ ਕਿੰਨਾ ਚਿਰ ਬਾਹਰ ਨਾ ਨਿਕਲਦੇ। ਜਦ ਵੀਰਾ ਪੀਸੀਐੱਸ ਦੀ ਪ੍ਰੀਖਿਆ ਵਿਚ ਵਧੀਆ ਰੈਂਕ ਲੈ ਕੇ ਐੱਸਡੀਐੱਮ ਲੱਗਿਆ ਉਦੋਂ ਵੀ ਤੇ ਜਦੋਂ ਮੈਂ ਸਕੂਲ ਲੈਕਚਰਰ ਨਿਯੁਕਤ ਹੋਈ ਉਦੋਂ ਵੀ, ਪਾਪਾ ਸਾਨੂੰ ਗੁਰਦੁਆਰੇ ਲੈ ਕੇ ਗਏ ਤੇ ਘਰ ਆ ਕੇ ਕਿੰਨਾ ਚਿਰ ਆਪਣੇ ਕਮਰੇ ਵਿਚ ਬੰਦ ਰਹੇ। ਅਸੀਂ ਕਿੰਨੀ ਵਾਰ ਉਨ੍ਹਾਂ ਨੂੰ ਹਸਾਉਣ ਤੇ ਮਨ ਦੀ ਘੁੰਡੀ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਤਾਂ ਜਿਵੇਂ ਕੋਈ ਸਹੁੰ ਹੀ ਖਾਧੀ ਹੋਈ ਸੀ ਨਾ ਹੱਸਣ ਦੀ ਤੇ ਨਾ ਕਿਸੇ ਨਾਲ ਖੁੱਲ੍ਹਣ ਦੀ। ਸਾਡਾ ਵਿਆਹ ਵੀ ਦੋਹਾਂ ਦਾ ਇਕੱਠਿਆਂ ਦਾ ਹੀ ਹੋਇਆ। ਮੈਂ ਘਰੋਂ ਵਿਦਾ ਹੋਈ ਤੇ ਭਾਬੀ ਘਰ ਆਈ। ਮੇਰੀ ਵਿਦਾਈ ਵੇਲੇ ਪਾਪਾ ਮੈਨੂੰ ਕਿੰਨਾ ਚਿਰ ਆਪਣੀਆਂ ਬਾਹਵਾਂ ’ਚ ਲਈ ਖੜ੍ਹੇ ਰਹੇ। ਬਿਨਾਂ ਕੁਝ ਬੋਲੇ ਤੇ ਬਿਨਾਂ ਕੋਈ ਹੰਝੂ ਕੇਰੇ ਜਿਵੇਂ ਅੱਖਾਂ ਬੰਦ ਕਰਕੇ ਉਹ ਕਿਸੇ ਹੋਰ ਨਾਲ ਗੱਲਾਂ ਕਰਦੇ ਹੋਣ। ਸਾਡੀ ਨੌਕਰੀ ਤੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤੀ ਲੈ ਲਈ। ਫਿਰ ਉਹ ਅਕਸਰ ਆਪਣੇ ਕਮਰੇ ਵਿਚ ਹੀ ਰਹਿੰਦੇ। ਉਵੇਂ ਹੀ ਚੁੱਪ ਚੁੱਪ ਦਰਵਾਜ਼ਾ ਬੰਦ ਕਰ। ਪੂਰੇ ਵੀ ਤਾਂ ਉਹ ਆਪਣੇ ਕਮਰੇ ਵਿਚ ਹੀ ਹੋਏ। ਉਸੇ ਪੱਖੇ ਦੇ ਹੇਠਾਂ ਕੁਰਸੀ ’ਤੇ ਬੈਠੇ ਬੈਠੇ। ਮੰਮੀ ਦੀ ਉਹ ਚੁੰਨੀ ਉਨ੍ਹਾਂ ਦੇ ਤਨ ਨੂੰ ਲਿਪਟੀ ਹੋਈ ਸੀ ਜਿਸ ਚੁੰਨੀ ਨਾਲ ਫਾਹਾ ਲੈ ਕੇ ਮੰਮੀ ਨੇ ਆਪਣੀ ਜਾਨ ਦਿੱਤੀ ਸੀ। ਪਾਪਾ ਦੀ ਮੌਤ ਦਾ ਰਹੱਸ ਵੀ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ। ...ਪਰ ਉਨ੍ਹਾਂ ਦੀ ਅਲਮਾਰੀ ਤਾਂ ਹਮੇਸ਼ਾਂ ਲੌਕ ਰਹਿੰਦੀ ਸੀ। ਵੀਰੇ ਨੂੰ ਅਲਮਾਰੀ ਦੀ ਚਾਬੀ ਮਿਲ ਗਈ ਜਾਂ ਉਨ੍ਹਾਂ ਅਲਮਾਰੀ ਦਾ ਜਿੰਦਾ ਹੀ ਤੋੜ ਲਿਆ? ਪ੍ਰੀਤੀ ਆਪਣੇ ਅਤੀਤ ਦੇ ਖਿਆਲਾਂ ਵਿਚ ਉਲਝੀ ਹੋਈ ਸੀ।

‘‘ਚਲੋ ਪ੍ਰੀਤੀ ਉਤਰੋ।’’ ਪ੍ਰਿੰਸ ਨੇ ਕਾਰ ਦੇ ਬਰੇਕ ਲਾਉਂਦਿਆਂ ਕਿਹਾ। ਪ੍ਰੀਤੀ ਫਟਾਫਟ ਕਾਰ ਦਾ ਦਰਵਾਜ਼ਾ ਖੋਲ੍ਹ ਪਾਪਾ ਦੇ ਕਮਰੇ ਵੱਲ ਦੌੜ ਗਈ। ‘‘ਵੀਰੇ ਕੀ ਹੋਇਆ?’’ ਪ੍ਰੀਤੀ ਵਿਹੜੇ ਵਿਚੋਂ ਹੀ ਰੋਂਦੀ ਰੋਂਦੀ ਉੱਚੀ ਆਵਾਜ਼ ਵਿਚ ਬੋਲੀ। ‘‘ਪ੍ਰੀਤੀ ਆ ਗਈ ਤੂੰ! ਆ ਜਾ ਮੇਰੇ ਕੋਲ ਬੈਠ।’’ ਸ਼ੈਰੀ ਰੋਈ ਜਾ ਰਿਹਾ ਸੀ। ਵੱਡੇ ਵੱਡੇ ਹਟਕੋਰੇ ਲੈ। ਉਸ ਦਾ ਚਿਹਰਾ ਚਿਰਾਂ ਤੋਂ ਅੰਦਰ ਡੱਕੇ ਨੀਰ ਦੇ ਬਾਹਰ ਆਉਣ ਨਾਲ ਗੱਚ ਹੋਇਆ ਪਿਆ ਸੀ। ਉਸ ਨੇ ਕਿਹਾ, ‘‘ਪ੍ਰੀਤੀ, ਆਹ ਡਾਇਰੀ ਪੜ੍ਹ ਪਾਪਾ ਦੀ।’’ ਪ੍ਰੀਤੀ ਪਾਪਾ ਦੀ ਡਾਇਰੀ ਲੈ ਕੇ ਭੁੰਜੇ ਹੀ ਵੀਰੇ ਕੋਲ ਬੈਠ ਡਾਇਰੀ ਦਾ ਪਹਿਲਾ ਪੰਨਾ ਪੜ੍ਹਨ ਲੱਗੀ। ਲਿਖਿਆ ਸੀ:

ਮੇਰੀ ਕੁਤਾਹੀ, ਮੇਰੀ ਹਉਮੈ, ਮੇਰੀ ਬੁਝਦਿਲੀ ਨੇ ਅੱਜ ਮੇਰੇ ਹੀ ਮੂੰਹ ’ਤੇ ਚਪੇੜ ਮਾਰੀ ਹੈ। ਇਸ ਜ਼ਬਰਦਸਤ ਚਪੇੜ ਦਾ ਅਹਿਸਾਸ ਮੈਨੂੰ ਸਾਰੀ ਉਮਰ ਰਹੇਗਾ। ਮੈਂ ਖ਼ੁਦ ਵੀ ਨਹੀਂ ਚਾਹਾਂਗਾ ਕਿ ਇਸ ਨੀਲ ਦਾ ਨਿਸ਼ਾਨ ਮੇਰੀ ਗੱਲ੍ਹ ਤੋਂ ਚਲਾ ਜਾਵੇ, ਮੈਂ ਰਹਿੰਦੀ ਜ਼ਿੰਦਗੀ ਤੱਕ ਹੱਸਾਂ ਤੇ ਮੌਜ ਮਸਤੀ ਦਾ ਆਨੰਦ ਲਵਾਂ। ਸ਼ਾਇਦ ਇਸ ਥੋੜ੍ਹੀ ਜਿਹੀ ਸਜ਼ਾ ਨਾਲ ਮੈਂ ਆਪਣੇ ਪਾਪਾਂ ਤੋਂ ਥੋੜ੍ਹਾ ਜਿਹਾ ਮੁਕਤ ਹੋ ਜਾਵਾਂ। ਉਸ ਅਨੰਦ ਕਾਰਜ ਦੀਆਂ ਰਸਮਾਂ ਨੂੰ ਧਿਆਨ ’ਚ ਰੱਖ ਮੈਂ ਅੱਜ ਹੀ ਆਪਣਾ ਵਜੂਦ ਖ਼ਤਮ ਕਰ ਰਿਹਾ ਹਾਂ। ਆਪਣੇ ਆਪ ਨੂੰ ਸਿਰਫ਼ ਆਪਣੇ ਬੱਚਿਆਂ ਲਈ ਹੀ ਵਰਤਾਂਗਾ। ਮੇਰੇ ਜਿਊਣ ਦਾ ਮਕਸਦ ਸਿਰਫ਼ ਬੱਚਿਆਂ ਦਾ ਜੀਵਨ ਹੋਏਗਾ। ਤੇਰਾ ਗੁਨਾਹਗਾਰ ਤਾਂ ਰਹਾਂਗਾ ਹੀ। ਸ਼ਿਕਵਾ ਕੋਈ ਨਹੀ ਤੇਰੇ ਨਾਲ। ਬੇਸ਼ੱਕ ਤੂੰ ਮੈਨੂੰ ਬਹੁਤ ਵੱਡੀ ਸਜ਼ਾ ਦੇ ਕੇ ਚਲੀ ਗਈ, ਹਰ ਪਲ ਮਰਨ ਦੀ। ਹਾਂ, ਮੈਂ ਮਰਾਂਗਾ ਹਰ ਪਲ ਆਪਣੇ ਬੱਚਿਆਂ ਖਾਤਰ। ਨਿਸ਼ਚਿਤ ਸਮੇਂ ’ਤੇ ਮਾਣ ਨਾਲ ਤੇਰੇ ਕੋਲ ਆਵਾਂਗਾ।

‘‘ਪ੍ਰੀਤੀ, ਪਾਪਾ ਖੜੂਸ ਨਹੀਂ ਸੀ। ਰੱਬ ਸੀ ਰੱਬ।’’ ਸ਼ੈਰੀ ਨੇ ਪ੍ਰੀਤੀ ਤੋਂ ਡਾਇਰੀ ਲੈ ਕੇ ਪੰਜ ਕੁ ਪੰਨੇ ਪਲਟਦਿਆਂ ਪੜ੍ਹਨ ਲਈ ਕਿਹਾ। ਪ੍ਰੀਤੀ ਇਕ ਹੱਥ ’ਚ ਡਾਇਰੀ ਫੜ, ਦੂਜੇ ਹੱਥ ਨਾਲ ਆਪਣਾ ਚਿਹਰਾ ਸਾਫ਼ ਕਰ ਪੜ੍ਹਨ ਲੱਗੀ: ਸਵੇਰੇ ਸਵੇਰੇ ਬੱਚਿਆਂ ਦੇ ਮੂੰਹ ’ਤੇ ਪਾਣੀ ਸੁੱਟਣ ਤੋਂ ਪਹਿਲਾਂ ਮੈਂ ਖ਼ੁਦ ਰੋਣਾ ਤੇ ਫਿਰ ਆਪਣੇ ਮੂੰਹ ’ਤੇ ਜ਼ੋਰ ਦੀ ਪਾਣੀ ਦਾ ਡੱਬਾ ਸੁੱਟਣਾ, ਫਿਰ ਕਿਤੇ ਜਾ ਕੇ ਮੇਰੀ ਹਿੰਮਤ ਪੈਣੀ ਬੱਚਿਆਂ ਨੂੰ ਜਗਾਉਣ ਦੀ। ਮੇਰਾ ਇਹ ਮੰਨਣਾ ਹੈ ਕਿ ਜਿੰਨਾ ਸਖ਼ਤ ਵਰਤਾਓ ਮੈਂ ਇਨ੍ਹਾਂ ਦੋਵਾਂ ਨਾਲ ਕਰਾਂਗਾ, ਇਹ ਮੇਰੇ ਤੋਂ ਦੂਰ ਤਾਂ ਹੋਣਗੇ, ਪਰ ਇਨ੍ਹਾਂ ਦੋਵਾਂ ਵਿਚ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਪੈਦਾ ਹੋਏਗੀ ਜੋ ਇਕ ਦੂਸਰੇ ਦੇ ਸਹਿਯੋਗੀ ਬਣਨ ਵਿਚ ਸਹਾਈ ਹੋਏਗੀ।

ਪ੍ਰੀਤੀ ਹੋਰ ਅੱਗੇ ਦੇਖ। ਸ਼ੈਰੀ ਨੇ ਡਾਇਰੀ ਦੇ ਪੰਜ ਕੁ ਪੰਨੇ ਹੋਰ ਪਲਟੇ:

ਮੈਂ ਆਪਣੇ ਬੱਚਿਆਂ ਨੂੰ ਏਨੀ ਕੁ ਵਾਰੀ ਸੂਈ ਦੇ ਨੱਕਿਆਂ ’ਚੋਂ ਕੱਢ ਦੇਵਾਗਾਂ ਕਿ ਜੋ ਚਪੇੜ ਅਸੀਂ ਖ਼ੁਦ ਆਪਣੇ ਆਪ ਦੇ ਮਾਰੀ, ਉਸ ਚਪੇੜ ਦਾ ਅਹਿਸਾਸ ਤੱਕ ਨਹੀਂ ਹੋਏਗਾ ਮੇਰੇ ਬੱਚਿਆਂ ਨੂੰ ਰਹਿੰਦੀ ਜ਼ਿੰਦਗੀ ਤੱਕ। ...ਜਿਸ ਦਿਨ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਬੱਚੇ ਹੁਣ ਵਾਕਈ ਵੱਡੇ ਹੋ ਗਏ ਹਨ, ਮੈਂ ਪਲ ਵੀ ਨਹੀਂ ਲਾਵਾਂਗਾ ਤੇਰੇ ਕੋਲ ਆਉਣ ਲੱਗਿਆਂ ਕੋਮਲ...।

ਵੀਰੇ ਮੈਨੂੰ ਸ਼ੁਰੂ ਤੋਂ ਪੜ੍ਹਨ ਦੇ ਪਾਪਾ ਦੀ ਡਾਇਰੀ। ਪ੍ਰੀਤੀ ਸਿਰ ’ਤੇ ਚੁੰਨੀ ਰੱਖ ਭੁੰਜੇ ਚੌਕੜੀ ਮਾਰ ਕੇ ਬੈਠ ਗਈ। ਰੱਬ ਦੀ ਬੰਦਗੀ ਕਰਨ ਵਾਂਗ। ਉਸ ਦਾ ਵੀਰ ਸੱਚਾ ਸ਼ਰਧਾਲੂ ਬਣ ਪਾਪਾ ਦੇ ਲਿਖੇ ਅੱਖਰਾਂ ਵੱਲ ਸਿੱਲ੍ਹੀਆਂ ਅੱਖਾਂ ਨਾਲ ਦੇਖਣ ਲੱਗਾ ਦੋਵੇਂ ਹੱਥ ਜੋੜ। ਸ਼ੈਰੀ ਦੀ ਪਤਨੀ ਤੇ ਪ੍ਰੀਤੀ ਦੇ ਪਤੀ ਦੀਆਂ ਅੱਖਾਂ ਵੀ ਨਮ ਸਨ।

ਸੰਪਰਕ: 84370-00103

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All