DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖਿਆ ਲਈ ਸੰਘਰਸ਼...!

ਮੈਂ ਕੋਲਿਆਂ ਦੀ ਖਾਣ ਵਿੱਚ ਕੰਮ ਕਰਦਾ ਸਾਂ, ਪਰ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਨੇੜੇ-ਤੇੜੇ ਸਿਆਹਫ਼ਾਮ ਲੋਕਾਂ ਲਈ ਕੋਈ ਚੰਗਾ ਸਕੂਲ ਨਹੀਂ ਸੀ। ਇੱਕ ਵਾਰ ਮੈਂ ਇੱਕ-ਦੋ ਬੰਦਿਆਂ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਵਰਜੀਨੀਆ ਵਿੱਚ ਸਿਆਹਫ਼ਾਮ ਵਿਦਿਆਰਥੀਆਂ ਲਈ...

  • fb
  • twitter
  • whatsapp
  • whatsapp
Advertisement

ਮੈਂ ਕੋਲਿਆਂ ਦੀ ਖਾਣ ਵਿੱਚ ਕੰਮ ਕਰਦਾ ਸਾਂ, ਪਰ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਨੇੜੇ-ਤੇੜੇ ਸਿਆਹਫ਼ਾਮ ਲੋਕਾਂ ਲਈ ਕੋਈ ਚੰਗਾ ਸਕੂਲ ਨਹੀਂ ਸੀ। ਇੱਕ ਵਾਰ ਮੈਂ ਇੱਕ-ਦੋ ਬੰਦਿਆਂ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਵਰਜੀਨੀਆ ਵਿੱਚ ਸਿਆਹਫ਼ਾਮ ਵਿਦਿਆਰਥੀਆਂ ਲਈ ਬਹੁਤ ਵੱਡਾ ਸਕੂਲ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵਧੀਆ ਸਕੂਲ ਬਾਰੇ ਪਹਿਲੀ ਵਾਰ ਸੁਣਿਆ ਸੀ। ਜਿਵੇਂ ਉਹ ਸਕੂਲ ਬਾਰੇ ਵਿਸਥਾਰ ਨਾਲ ਗੱਲ ਕਰ ਰਹੇ ਸਨ, ਮੈਨੂੰ ਅਹਿਸਾਸ ਹੋਇਆ ਕਿ ਉਹ ਧਰਤੀ ਕਿੰਨੀ ਵਧੀਆ ਹੋਵੇਗੀ। ਉਸ ਵਕਤ ਮੇਰੇ ਲਈ ਕੋਈ ਵੀ ਹੋਰ ਸਵਰਗ ਮਾਅਨੇ ਨਹੀਂ ਸੀ ਰੱਖਦਾ, ਜਿੰਨਾ ਕਿ ਵਰਜੀਨੀਆ ਵਿੱਚ ਹੈਂਪਟਨ ਨੌਰਮਲ ਐਂਡ ਐਗਰੀਕਲਚਰਲ ਇੰਸਟੀਚਿਊਟ। ਮੈਂ ਉਸੇ ਵੇਲੇ ਉਸ ਸਕੂਲ ਵਿੱਚ ਪੜ੍ਹਨ ਦਾ ਮਨ ਬਣਾ ਲਿਆ। ਚਾਹੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਸ਼ਹਿਰ ਕਿੱਥੇ ਹੈ, ਇੱਥੋਂ ਕਿੰਨੀ ਦੂਰ ਹੈ ਤੇ ਕਿਵੇਂ ਜਾਣਾ ਹੈ? ਪਰ ਮੇਰੇ ਦਿਲ ਵਿੱਚ ਖਾਹਿਸ਼ ਸੀ ਉਥੇ ਪੜ੍ਹਨ ਦੀ। ਫਿਰ 1872 ਵਿੱਚ ਪੱਤਝੜ ਰੁੱਤੇ ਮੈਂ ਉੱਥੇ ਪਹੁੰਚਣ ਦਾ ਪੱਕਾ ਮਨ ਬਣਾ ਲਿਆ। ਮੇਰੀ ਮਾਂ ਨੂੰ ਫ਼ਿਕਰ ਲੱਗ ਗਿਆ, ਅਖੇ ਅੰਨ੍ਹੀ ਕੁੱਤੀ ਹਰਨਾਂ ਮਗਰ। ਉਸ ਨੂੰ ਮੇਰਾ ਇਰਾਦਾ ਬਿਲਕੁਲ ਨਾ ਚੰਗਾ ਲੱਗਾ। ਫਿਰ ਵੀ ਮੇਰੀ ਉੱਥੇ ਜਾਣ ਦੀ ਇੱਛਾ ਏਨੀ ਪ੍ਰਬਲ ਸੀ ਕਿ ਇਸ ਅੱਗੇ ਕਿਸੇ ਵੀ ਨਾਂਹ-ਨੁੱਕਰ ਦਾ ਕੋਈ ਅਸਰ ਨਹੀਂ ਸੀ ਤੇ ਮੈਂ ਜਾਣ ਦੀ ਤਿਆਰੀ ਵਿੱਚ ਰੁੱਝ ਗਿਆ। ਮੇਰੇ ਪਾਸ ਕਿਰਾਏ ਜੋਗੇ ਵੀ ਪੈਸੇ ਨਹੀਂ ਸਨ ਤੇ ਨਾ ਹੀ ਕੱਪੜੇ ਖਰੀਦਣ ਜੋਗੇ। ਮੇਰੇ ਭਰਾ ਜੌਹਨ ਨੇ ਜਿੰਨੀ ਹੋ ਸਕੀ ਮਦਦ ਕੀਤੀ, ਪਰ ਇਹ ਵੀ ਕਾਫ਼ੀ ਨਹੀਂ ਸੀ।

ਆਖ਼ਰ ਉਹ ਵੱਡਾ ਦਿਨ ਆ ਗਿਆ ਜਦ ਮੈਂ ਹੈਂਪਟਨ ਲਈ ਘਰੋਂ ਚੱਲ ਪਿਆ। ਮੇਰੇ ਪਾਸ ਇੱਕ ਸਸਤਾ ਜਿਹਾ ਥੈਲਾ ਸੀ, ਜਿਸ ਵਿੱਚ ਮੈਂ ਆਪਣੇ ਕੱਪੜੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਪਾ ਲਈਆਂ। ਮੇਰੀ ਮਾਂ, ਜੋ ਕਦੇ ਬੜੀ ਦਲੇਰ ਤੇ ਚੁਸਤ ਹੁੰਦੀ ਸੀ, ਮੇਰੇ ਜਾਣ ਤੱਕ ਉਹ ਬੜੀ ਕਮਜ਼ੋਰ ਤੇ ਬਿਮਾਰ ਹੋ ਚੁੱਕੀ ਸੀ। ਇਹ ਸੀ ਤਾਂ ਮੇਰੇ ਲਈ ਦੁੱਖ ਦੀ ਗੱਲ ਕਿ ਪਤਾ ਨਹੀਂ ਮੈਂ ਉਸ ਨੂੰ ਮੁੜ ਦੇਖ ਸਕਾਂਗਾ ਜਾਂ ਨਹੀਂ। ਖ਼ੈਰ, ਮੈਂ ਚੱਲ ਪਿਆ।

Advertisement

ਮੋਲਡਨ ਤੋਂ ਹੈਂਪਟਨ ਤੱਕ ਕੋਈ 500 ਮੀਲ ਦਾ ਸਫ਼ਰ ਸੀ, ਜਿਹੜਾ ਮੈਂ ਕੁਝ ਤੁਰ ਕੇ ਤੇ ਕੁਝ ਮੰਗ-ਤੰਗ ਕੇ ਟਰੱਕਾਂ ਜਾਂ ਬੱਸਾਂ ’ਤੇ ਚੜ੍ਹ ਕੇ ਤੈਅ ਕੀਤਾ। ਮੈਂ ਰਿਚਮੰਡ ਸ਼ਹਿਰ ਪਹੁੰਚਿਆ, ਜੋ ਅਜੇ ਵੀ ਹੈਂਪਟਨ ਤੋਂ 82 ਮੀਲ ਦੂਰ ਸੀ। ਜਦ ਮੈਂ ਇੱਥੇ ਪਹੁੰਚਿਆ ਤਾਂ ਬਹੁਤ ਥੱਕਿਆ ਹੋਇਆ ਸਾਂ। ਕੱਪੜੇ ਫਟੇ ਹੋਏ ਤੇ ਮੈਂ ਭੁੱਖਾ ਸਾਂ। ਇਹ ਏਨਾ ਵੱਡਾ ਸ਼ਹਿਰ ਸੀ, ਜੋ ਮੈਂ ਕਦੇ ਦੇਖਿਆ ਨਹੀਂ ਸੀ। ਰਿਚਮੰਡ ਪਹੁੰਚਦਿਆਂ ਤੱਕ ਮੇਰੇ ਪੈਸੇ ਵੀ ਮੁੱਕ ਚੁੱਕੇ ਸਨ। ਨਾ ਕੋਈ ਇੱਥੇ ਮੇਰਾ ਜਾਣੂ ਸੀ। ਰਾਤ ਪੈ ਚੁੱਕੀ ਸੀ। ਮੈਨੂੰ ਕੁਝ ਪਤਾ ਨਾ ਲੱਗੇ ਕਿ ਕਿੱਧਰ ਜਾਵਾਂ।

Advertisement

ਸਭ ਕੁਝ ਮੇਰੇ ਲਈ ਨਵਾਂ ਸੀ। ਮੈਂ ਕਈ ਥਾਵਾਂ ’ਤੇ ਰਾਤ ਕੱਟਣ ਲਈ ਪੁੱਛਗਿੱਛ ਕੀਤੀ, ਪਰ ਉਹ ਸਭ ਪੈਸੇ ਮੰਗਦੇ ਸਨ ਜੋ ਮੇਰੇ ਪਾਸ ਨਹੀਂ ਸਨ। ਮੈਂ ਗਲੀਆਂ ਵਿੱਚ, ਸੜਕਾਂ ’ਤੇ ਬਿਨਾਂ ਮਕਸਦ ਤੁਰਦਾ ਫਿਰਦਾ ਰਿਹਾ। ਅੱਧੀ ਰਾਤ ਹੋ ਗਈ। ਆਖ਼ਰ ਮੈਂ ਏਨਾ ਥੱਕ ਗਿਆ ਕਿ ਹੋਰ ਤੁਰਨ ਦੀ ਹਿੰਮਤ ਹੀ ਨਾ ਰਹੀ ਤੇ ਉੱਪਰੋਂ ਅੰਤਾਂ ਦੀ ਭੁੱਖ। ਫਿਰ ਵੀ ਮੇਰੇ ਵਿੱਚ ਸਕੂਲ ਪਹੁੰਚਣ ਦਾ ਹੌਸਲਾ ਬਰਕਰਾਰ ਸੀ। ਆਖ਼ਰ ਮੈਂ ਐਸੇ ਥਾਂ ’ਤੇ ਪਹੁੰਚਿਆ ਜਿੱਥੋਂ ਫੁੱਟਪਾਥ ਸੜਕ ਤੋਂ ਉੱਚਾ ਤੇ ਹੇਠੋਂ ਪੋਲਾ ਸੀ। ਉੱਥੇ ਬੈਠ ਕੇ ਮੈਂ ਕੁਝ ਇੰਤਜ਼ਾਰ ਕੀਤਾ ਕਿ ਕੋਈ ਲੰਘਣ ਵਾਲਾ ਰਾਹੀ ਮੈਨੂੰ ਦੇਖ ਤਾਂ ਨਹੀਂ ਰਿਹਾ। ਫਿਰ ਮੈਂ ਘਿਸਰ-ਘਿਸਰ ਫੁੱਟਪਾਥ ਦੇ ਹੇਠਾਂ ਵੜ ਗਿਆ ਤੇ ਉੱਥੇ ਆਪਣੇ ਥੈਲੇ ਦਾ ਸਿਰਹਾਣਾ ਬਣਾ ਕੇ ਭੁੰਜੇ ਹੀ ਲੇਟ ਗਿਆ। ਤਕਰੀਬਨ ਰਾਤ ਭਰ ਲੋਕਾਂ ਦੇ ਉਪਰੋਂ ਲੰਘਣ ਦੀਆਂ ਆਵਾਜ਼ਾਂ ਮੇਰੇ ਕੰਨੀ ਪੈਂਦੀਆਂ ਰਹੀਆਂ, ਪਰ ਮੈਂ ਨਿਢਾਲ ਜਿਹਾ ਪਿਆ ਰਿਹਾ।

ਜਦ ਮੇਰੀ ਜਾਗ ਖੁੱਲ੍ਹੀ ਤਾਂ ਦਿਨ ਚੜ੍ਹਿਆ ਹੋਇਆ ਸੀ। ਮੈਂ ਆਪਣੇ ਆਪ ਨੂੰ ਕੁਝ ਤਾਜ਼ਾ ਮਹਿਸੂਸ ਕੀਤਾ, ਪਰ ਮੈਨੂੰ ਭੁੱਖ ਬਹੁਤ ਲੱਗੀ ਹੋਈ ਸੀ। ਮੈਂ ਆਪਣੇ ਆਲੇ-ਦੁਆਲੇ ਦੇਖਿਆ ਤਾਂ ਮੇਰੀ ਨਜ਼ਰ ਇੱਕ ਜਹਾਜ਼ ’ਤੇ ਪਈ ਕਿਉਂਕਿ ਬੰਦਰਗਾਹ ਮੇਰੇ ਨਜ਼ਦੀਕ ਹੀ ਸੀ। ਦੇਖਿਆ ਕਈ ਕਾਮੇ ਜਹਾਜ਼ ਤੋਂ ਕੱਚਾ ਲੋਹਾ ਲਾਹ ਰਹੇ ਸਨ। ਮੈਂ ਜਲਦੀ ਨਾਲ ਜਹਾਜ਼ ਦੇ ਕਪਤਾਨ ਪਾਸ ਗਿਆ ਕਿ ਉਹ ਮੈਨੂੰ ਵੀ ਇਸ ਕੰਮ ਲਈ ਲਾ ਲਵੇ ਤਾਂ ਜੋ ਕੁਝ ਕੰਮ ਕਰ ਕੇ ਉਜਰਤ ਨਾਲ ਕੁਝ ਖਾ ਸਕਾਂ। ਕੈਪਟਨ ਸੀ ਤਾਂ ਗੋਰਾ, ਪਰ ਉਹ ਨੇਕਦਿਲ ਇਨਸਾਨ ਸੀ। ਮੇਰੀ ਲੋੜ ਨੂੰ ਸਮਝਦੇ ਹੋਏ ਉਸ ਨੇ ਇਜਾਜ਼ਤ ਦੇ ਦਿੱਤੀ। ਮੈਂ ਪੈਸਿਆਂ ਖ਼ਾਤਰ ਕਾਫ਼ੀ ਦੇਰ ਤੱਕ ਕੰਮ ਕਰਦਾ ਰਿਹਾ। ਫਿਰ ਮੈਂ ਆਪਣਾ ਸਵੇਰ ਦਾ ਖਾਣਾ ਪੇਟ ਭਰ ਕੇ ਖਾਧਾ। ਇਹ ਖਾਣਾ ਮੇਰੇ ਲਈ ਏਨਾ ਸਵਾਦੀ ਸੀ ਕਿ ਇਸ ਖਾਣੇ ਨੂੰ ਮੈਂ ਸਾਰੀ ਉਮਰ ਦਾ ਸਭ ਤੋਂ ਵਧੀਆ ਖਾਣਾ ਮੰਨਦਾ ਹਾਂ।

ਜਹਾਜ਼ ਦਾ ਕੈਪਟਨ ਮੇਰੇ ਕੰਮ ਤੋਂ ਖ਼ੁਸ਼ ਸੀ। ਉਸ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਹੀ ਕੰੰਮ ਕਰਨਾ ਜਾਰੀ ਰੱਖ। ਮੈਂ ਉੱਥੇ ਕਈ ਦਿਨ ਕੰਮ ਕਰਦਾ ਰਿਹਾ। ਇਸ ਮਕਸਦ ਲਈ ਕਿ ਮੇਰੇ ਕੋਲ ਖਾਣੇ ਤੋਂ ਇਲਾਵਾ ਹੈਂਪਟਨ ਜਾਣ ਲਈ ਕੁਝ ਪੈਸੇ ਜੁੜ ਜਾਣ। ਮੈਂ ਸੌਂਦਾ ਫੁਟਪਾਥ ਦੇ ਹੇਠਾਂ ਹੀ ਰਿਹਾ। ਜਦ ਮੇਰੇ ਕੋਲ ਹੈਂਪਟਨ ਜਾਣ ਜੋਗੇ ਪੈਸੇ ਇਕੱਠੇ ਹੋ ਗਏ ਤਾਂ ਮੈਂ ਮਿਹਰਬਾਨ ਕੈਪਟਨ ਦਾ ਧੰਨਵਾਦ ਕੀਤਾ ਅਤੇ ਆਪਣੀ ਮੰਜ਼ਿਲ ਵੱਲ ਚੱਲ ਪਿਆ।

ਬਿਨਾਂ ਕਿਸੇ ਅੜਚਨ ਦੇ ਮੈਂ ਹੈਂਪਟਨ ਪਹੁੰਚ ਗਿਆ। ਆਪਣੇ ਵਿਦਿਅਕ ਕਰੀਅਰ ਲਈ ਮੇਰੇ ਕੋਲ ਹੁਣ ਕੁੱਝ ਪੈਸੇ ਸਨ। ਬੜੇ ਵੱਡੇ ਸਕੂਲ ਦੀ ਤਿੰਨ ਮੰਜ਼ਿਲਾ ਇਮਾਰਤ ਮੈਨੂੰ ਆਕਰਸ਼ਕ ਤੇ ਸੁੰਦਰ ਲੱਗ ਰਹੀ ਸੀ। ਇਸ ਨਜ਼ਾਰੇ ਨੇ ਮੈਨੂੰ ਜਿਵੇਂ ਨਵੀਂ ਜ਼ਿੰਦਗੀ ਦੇ ਦਿੱਤੀ ਹੋਵੇ। ਜਿਉਂ ਹੀ ਮੈਂ ਸਕੂਲ ਅੰਦਰ ਪੈਰ ਰੱਖਿਆ ਤਾਂ ਇੱਕ ਅਜੀਬ ਜਿਹੀ ਉਤਸੁਕਤਾ ਵਿੱਚ ਮੈਂ ਉੱਥੋਂ ਦੀ ਮੁੱਖ ਅਧਿਆਪਕਾ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਇਸ ਸਕੂਲ ਵਿੱਚ ਦਾਖ਼ਲ ਕਰ ਲਵੇ। ਇੰਨੇ ਲੰਮੇ ਸਫ਼ਰ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਨਹਾਤਾ ਧੋਤਾ ਵੀ ਨਹੀਂ ਸਾਂ ਤੇ ਨਾ ਹੀ ਚੰਗੀ ਤਰ੍ਹਾਂ ਕੱਪੜੇ ਹੀ ਬਦਲੇ ਸਨ। ਉਹ ਕੁਝ ਵੀ ਨਹੀਂ ਬੋਲੀ। ਸ਼ਾਇਦ ਉਸ ਉੱਪਰ ਮੇਰਾ ਚੰਗਾ ਪ੍ਰਭਾਵ ਨਹੀਂ ਪਿਆ। ਉਸ ਨੂੰ ਮੇਰੇ ਵਿਦਿਆਰਥੀ ਬਣਨ ਦੀ ਇੱਛਾ ’ਤੇ ਵੀ ਸ਼ੱਕ ਸੀ। ਉਸ ਨੇ ਨਾ ਕੋਈ ਇਨਕਾਰ ਕੀਤਾ ਤੇ ਨਾ ਮੇਰੇ ਹੱਕ ਵਿੱਚ ਕੁਝ ਬੋਲੀ। ਮੈਂ ਆਪਣੇ ਵੱਲੋਂ ਗੱਲੀਂ-ਬਾਤੀਂ ਉਸ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਮੈਂ ਉਸ ਨੂੰ ਹੋਰ ਕਈ ਵਿਦਿਆਰਥੀਆਂ ਨੂੰ ਦਾਖ਼ਲ ਕਰਦਿਆਂ ਵੀ ਦੇਖਦਾ ਰਿਹਾ ਸਾਂ, ਜਿਸ ਦਾ ਮੈਨੂੰ ਅੰਦਰੋਂ ਅੰਦਰ ਅਫ਼ਸੋਸ ਵੀ ਹੋ ਰਿਹਾ ਸੀ ਕਿ ਮੈਂ ਉਨ੍ਹਾਂ ਵਿਦਿਆਰਥੀਆਂ ਵਾਂਗ ਕਿਵੇਂ ਬਣਾ ਤਾਂ ਕਿ ਮੈਨੂੰ ਵੀ ਦਾਖ਼ਲ ਹੋਣ ਦਾ ਮੌਕਾ ਮਿਲੇ।

ਫਿਰ ਕੁਝ ਘੰਟੇ ਬਾਅਦ ਮੁੱਖ ਅਧਿਆਪਕਾ ਨੇ ਮੇਰੇ ਵੱਲ ਦੇਖ ਕੇ ਕਿਹਾ, ‘‘ਨਾਲ ਦਾ ਕਮਰਾ ਸਾਫ਼ ਹੋਣ ਵਾਲਾ ਹੈ, ਜਾਹ ਝਾੜੂ ਪੋਚਾ ਲੈ ਕੇ ਉਸ ਦੀ ਸਫ਼ਾਈ ਕਰ ਦੇ।’’ ਮਨ ਵਿੱਚ ਖ਼ਿਆਲ ਆਇਆ ਕਿ ਇਹੀ ਇੱਕ ਮੌਕਾ ਹੈ, ਉਸ ਨੂੰ ਖ਼ੁਸ਼ ਕਰਨ ਦਾ। ਮੇਰੇ ਲਈ ਇਹ ਬਹੁਤ ਵੱਡੀ ਖ਼ੁਸ਼ੀ ਵਾਲੀ ਗੱਲ ਸੀ। ਮੈਂ ਤਿੰਨ ਵਾਰੀ ਉਸ ਕਮਰੇ ਵਿੱਚ ਝਾੜੂ ਲਾਇਆ। ਫਿਰ ਕੱਪੜੇ ਨਾਲ ਇੱਕ-ਇੱਕ ਬੈਂਚ, ਮੇਜ਼, ਕੁਰਸੀ, ਬਾਰੀਆਂ ਤੇ ਸ਼ੀਸ਼ਿਆਂ ਤੋਂ ਘੱਟਾ ਪੂੰਝਿਆ, ਕੰਧਾਂ ਤੋਂ ਵੀ ਜਾਲੇ ਝਾੜੇ ਤੇ ਮਿੱਟੀ ਘੱਟਾ ਸਾਫ਼ ਕੀਤਾ। ਫਿਰ ਗਿੱਲੇ ਕੱਪੜੇ ਨਾਲ ਤਿੰਨ ਚਾਰ ਵਾਰੀ ਕੱਪੜਾ ਮਾਰਿਆ ਤੇ ਫਰਸ਼ ਧੋਤਾ। ਹੱਥ ਲਾ-ਲਾ ਕੇ ਦੇਖਿਆ ਕਿ ਕਿਤੇ ਕੁਝ ਰਹਿ ਤਾਂ ਨਹੀਂ ਗਿਆ। ਮਹਿਸੂਸ ਕੀਤਾ ਕਿ ਮੇਰੇ ਪੜ੍ਹਨ ਦਾ ਭਵਿੱਖ ਇਸੇ ਕੰਮ ਵਿੱਚ ਛੁਪਿਆ ਹੈ, ਇਸ ਕਮਰੇ ਨੂੰ ਚੰਗੀ ਤਰ੍ਹਾਂ ਲਿਸ਼ਕਾ ਦੇਣ ਵਿੱਚ। ਫਿਰ ਉਹ ਘੜੀ ਵੀ ਆ ਗਈ, ਮੇਰੀ ਕਿਸਮਤ ਦੀ ਘੜੀ।

ਮੁੱਖ ਅਧਿਆਪਕਾ ਇਸ ਕਮਰੇ ਵਿੱਚ ਆਈ। ਉਸ ਚੁਫ਼ੇਰੇ ਨਜ਼ਰ ਮਾਰੀ। ਫਿਰ ਆਪਣਾ ਰੁਮਾਲ ਫਰਨੀਚਰ ’ਤੇ ਘਸਾ ਕੇ ਦੇਖਿਆ। ਕੰਧਾਂ ਬੈਂਚ ਆਦਿ ਇੱਕ-ਇੱਕ ਚੀਜ਼ ’ਤੇ ਨਜ਼ਰ ਘੁਮਾਈ। ਚਮਕਦਾ ਧੋਤਾ ਸਾਫ਼-ਸੁਥਰਾ ਫਰਸ਼ ਦੇਖਿਆ, ਕਿਤੇ ਵੀ ਕਿਸੇ ਦਾਗ਼ ਜਾਂ ਘੱਟੇ ਦਾ ਨਿਸ਼ਾਨ ਗ਼ਲਤੀ ਕੱਢਣ ਲਈ ਵੀ ਨਾ ਦਿਸਿਆ। ਉਸ ਮੇਰੇ ਕੰੰਮ ਤੋਂ ਖ਼ੁਸ਼ ਹੋ ਕੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਤੂੰ ਮੇਰੇ ਇਸ ਸਕੂਲ ਵਿੱਚ ਦਾਖ਼ਲ ਹੋਣ ਦੇ ਲਾਇਕ ਹੈਂ।’’

ਮੇਰੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ। ਮੈਨੂੰ ਲੱਗਾ ਜਿਵੇਂ ਇਸ ਧਰਤੀ ’ਤੇ ਸਭ ਤੋਂ ਜ਼ਿਆਦਾ ਖ਼ੁਸ਼ ਇਨਸਾਨ ਅੱਜ ਮੈਂ ਹੀ ਹਾਂ। ਕਮਰਾ ਸਾਫ਼ ਕਰਨਾ ਮੇਰਾ ਸਭ ਤੋਂ ਅਹਿਮ ਇਮਤਿਹਾਨ ਸੀ, ਜਿਸ ਵਿੱਚ ਮੈਂ ਸ਼ਾਨ ਨਾਲ ਪਾਸ ਹੋ ਗਿਆ ਸਾਂ। ਬਾਅਦ ਵਿੱਚ ਮੈਂ ਅਨੇਕਾਂ ਇਮਤਿਹਾਨ ਪਾਸ ਕੀਤੇ, ਪਰ ਇਹ ਇਮਤਿਹਾਨ ਮੇਰੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਭ ਤੋਂ ਵਧੀਆ, ਯਾਦਗਾਰੀ ਹੋ ਨਿਬੜਿਆ।

ਅਨੁਵਾਦਕ: ਜਸਬੀਰ ਕੌਰ

ਸੰਪਰਕ: 80546-94648

Advertisement
×