
ਮੁਹੰਮਦ ਅੱਬਾਸ ਧਾਲੀਵਾਲ
ਆਰੀਅਨ ਲੁਧਿਆਣਾ ਦੇ ਗਿੱਲ ਚੌਕ ’ਚ ਖੜ੍ਹਾ ਚੰਡੀਗੜ੍ਹ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਕੁਝ ਹੀ ਮਿੰਟਾਂ ’ਚ ਉੱਥੇ ਇੱਕ ਸਰਕਾਰੀ ਬੱਸ ਆ ਖੜ੍ਹੀ ਤੇ ਕੰਡਕਟਰ ਉੱਚੀ-ਉੱਚੀ ਚੰਡੀਗੜ੍ਹ ਚੰਡੀਗੜ੍ਹ ਦੀਆਂ ਆਵਾਜ਼ਾਂ ਮਾਰਨ ਲੱਗਾ। ਆਰੀਅਨ ਪਿਛਲੀ ਬਾਰੀਂ ਰਾਹੀਂ ਬੱਸ ’ਚ ਦਾਖਲ ਹੋਇਆ। ਇਸ ਵਿੱਚ ਇੱਕ ਦੋ ਸੀਟਾਂ ਹੀ ਖਾਲੀ ਸਨ। ਬੱਸ ਦੇ ਵਿਚਕਾਰ ਤਿੰਨ ਸੀਟਾਂ ਵਾਲੀ ਇੱਕ ਸੀਟ ’ਤੇ ਦੋ ਵਿਅਕਤੀ ਬੈਠੇ ਸਨ ਆਰੀਅਨ ਉਨ੍ਹਾਂ ਨਾਲ ਜਾ ਬੈਠਿਆ। ਬੱਸ ਚੱਲ ਪਈ। ਇਸ ਦੌਰਾਨ ਕੰਡਕਟਰ ਟਿਕਟਾਂ ਕੱਟਣ ਲੱਗਾ। ਆਰੀਅਨ ਨੇ ਚੰਡੀਗੜ੍ਹ ਦੀ ਟਿਕਟ ਲਈ। ਕੰਡਕਟਰ ਟਿਕਟਾਂ ਕੱਟ ਡਰਾਈਵਰ ਦੇ ਨਾਲ ਬੋਨਟ ’ਤੇ ਲੱਗੇ ਗੱਦੇ ਵਾਲੀ ਸੀਟ ’ਤੇ ਜਾ ਬੈਠਿਆ।
ਬੱਸ ਆਪਣੀ ਰਫ਼ਤਾਰ ਨਾਲ ਚਲਦੀ ਰਹੀ ਤੇ ਕਈ ਥਾਂ ਰੁਕ ਕੇ ਸਵਾਰੀਆਂ ਉਤਾਰਦੀ ਤੇ ਚੜ੍ਹਾਉਂਦੀ ਰਹੀ। ਇਸ ਦੌਰਾਨ ਇੱਕ ਬਜ਼ੁਰਗ ਔਰਤ ਬੱਸ ’ਚ ਸਵਾਰ ਹੋਈ, ਕੋਈ ਵੀ ਸੀਟ ਖਾਲੀ ਨਹੀਂ ਸੀ, ਆਰੀਅਨ ਨੇ ਆਪਣੀ ਸੀਟ ਉਸ ਬਜ਼ੁਰਗ ਔਰਤ ਵਾਸਤੇ ਛੱਡ ਦਿੱਤੀ ਤੇ ਆਪ ਬੱਸ ਦੇ ਵਿਚਕਾਰ ਇਸ ਦੀ ਛੱਤ ਨਾਲ ਲੱਗੀ ਪਾਈਪ ਨੂੰ ਹੱਥ ਪਾ ਕੇ ਖੜ੍ਹ ਗਿਆ। ਬੱਸ ਫਿਰ ਆਪਣੀ ਰਫ਼ਤਾਰ ’ਤੇ ਚੱਲ ਪਈ। ਆਰੀਅਨ ਨੇ ਬਾਰੀਆਂ ਵਿੱਚੋਂ ਦੀ ਦੇਖਿਆ ਦਰਖਤ ਤੇ ਹਰਿਆਲੇ ਖੇਤ ਜਿਵੇਂ ਪਿੱਛੇ ਭੱਜੇ ਜਾ ਰਹੇ ਸਨ। ਇਸੇ ਦੌਰਾਨ ਉਸ ਦੀ ਨਜ਼ਰ ਡਰਾਈਵਰ ਪਿੱਛੇ ਤਿੰਨ ਸੀਟਾਂ ਵਾਲੀ ਸੀਟ ’ਤੇ ਖਿੜਕੀ ਲਾਗੇ ਬੈਠੀ ਸੰਰਚਨਾ ’ਤੇ ਪਈ। ਉਸ ਨਾਲ ਦੋ ਲੜਕੇ ਜਿਨ੍ਹਾਂ ’ਚੋਂ ਇੱਕ ਦੀ ਉਮਰ ਬਾਰਾਂ ਕੁ ਸਾਲ ਤੇ ਦੂਜੇ ਦੀ ਨੌਂ ਕੁ ਸਾਲ ਹੋਏਗੀ, ਬੈਠੇ ਸਨ ਤੇ ਇੱਕ ਚਾਲੀ ਕੁ ਸਾਲ ਦਾ ਪਤਲਾ ਜਿਹਾ ਆਦਮੀ ਬਸ ਦੇ ਅਗਲੇ ਦਰਵਾਜ਼ੇ ਦੇ ਅੱਗੇ ਵਾਲੀ ਦੋ ਸੀਟਾਂ ਵਾਲੀ ਸੀਟ ਅਗਲੇ ਪਾਸੇ ਬੈਠਾ ਸੀ। ਬੱਚੇ ਉਸ ਆਦਮੀ ਨਾਲ ਗੱਲੀਂ ਲੱਗੇ ਹੋਏ ਸਨ। ਸ਼ਾਇਦ ਉਹ ਬੱਚਿਆਂ ਦਾ ਬਾਪ ਤੇ ਸੰਰਚਨਾ ਪਤੀ ਸੀ, ਪਰ ਸੰਰਚਨਾ ਖਿੜਕੀ ਵੱਲ ਮੂੰਹ ਕਰੀ ਲਗਾਤਾਰ ਬਾਹਰ ਵੱਲ ਵੇਖ ਰਹੀ ਸੀ। ਉਸ ਦੇ ਖੁੱਲ੍ਹੇ ਵਾਲ ਜਿਵੇਂ ਲਹਿਰਾ ਲਹਿਰਾ ਹਵਾ ਨਾਲ ਖੇਡ ਰਹੇ ਸਨ ਤੇ ਕਈ ਵਾਰ ਮੂੰਹ ’ਤੇ ਆ ਰਹੇ ਸਨ ਜਿਨ੍ਹਾਂ ਨੂੰ ਬੜੇ ਸਲੀਕੇ ਨਾਲ ਉਹ ਕਾਲਜ ਪੜ੍ਹਨ ਦੇ ਦਿਨਾਂ ਵਾਂਗ ਆਪਣੇ ਸੱਜੇ ਹੱਥ ਨਾਲ ਮੱਥੇ ਤੋਂ ਪਿਛਾਂਹ ਵੱਲ ਘੁਮਾ ਰਹੀ ਸੀ।
ਆਰੀਅਨ ਨੂੰ ਉਸ ਦੇ ਵਾਲਾਂ ਦੇ ਸੈੱਟ ਕਰਨ ਦੇ ਅੰਦਾਜ਼ ਨੇ ਇੱਕ ਵਾਰ ਫਿਰ ਕਾਲਜ ਦੇ ਉਨ੍ਹਾਂ ਬੀਤੇ ਦਿਨਾਂ ’ਚ ਪਹੁੰਚਾ ਦਿੱਤਾ, ਜਦੋਂ ਸੰਰਚਨਾ ਤੇ ਉਹ ਦੋਵੇਂ ਕਾਲਜ ’ਚ ਬੀ.ਏ. ਫਾਈਨਲ ’ਚ ਪੜ੍ਹਦੇ ਸਨ।
ਸੰਰਚਨਾ ਬਹੁਤ ਖ਼ੂਬਸੂਰਤ ਸੀ। ਉਸ ਦਾ ਰੰਗ ਕਣਕਵੰਨਾ ਸੀ, ਪਰ ਤਿੱਖੇ ਨੈਣ ਨਕਸ਼, ਲੰਮੀ ਗਰਦਨ ਤੇ ਮੋਟੀਆਂ ਅੱਖਾਂ ਸਦਕਾ ਉਹ ਆਪਣੇ ਆਪ ’ਚ ਕਿਸੇ ਹੁਸਨ ਪਰੀ ਤੋਂ ਘੱਟ ਨਹੀਂ ਸੀ ਜਾਪਦੀ। ਉਸ ਨੇ ਪਟੇ ਕਰਵਾ ਰੱਖੇ ਸਨ। ਕਈ ਵਾਰ ਕਾਲਜ ’ਚ ਉਹ ਪੋਨੀ ਕਰਕੇ ਆਉਂਦੀ ਤੇ ਕਦੇ ਵਾਲਾਂ ਨੂੰ ਉਂਝ ਹੀ ਖੁੱਲ੍ਹਾ ਛੱਡ ਆਉਂਦੀ। ਆਰੀਅਨ ਕਦੇ ਕਦੇ ਉਸ ਦੇ ਵਾਲਾਂ ਦੀਆਂ ਲਿਟਾਂ ਨੂੰ ਕੰਧਿਆਂ ’ਤੇ ਡਿੱਗਦਾ ਵੇਖ ਕਿਸੇ ਸ਼ਾਇਰ ਦੀਆਂ ਇਹ ਟੂਕਾਂ ਬੋਲਿਆ ਕਰਦਾ:
ਰੁਖ਼ ਸੇ ਗਿਰਤੀ ਹੈਂ ਤੋ ਸ਼ਾਨੋਂ ਪੇ ਬਿਖਰ ਜਾਤੀ ਹੈਂ।
ਤੁਮਨੇ ਜ਼ੁਲਫੋਂ ਕੋ ਬਹੁਤ ਸਰ ਪੇ ਚੜ੍ਹਾ ਰੱਖਾ ਹੈ।
ਸਾਦਾ ਜਿਹੀ ਦਿਸਣ ਵਾਲੀ ਸੰਰਚਨਾ ’ਚ ਇੱਕ ਵੱਖਰੀ ਹੀ ਕਿਸਮ ਦੀ ਕਸ਼ਿਸ਼ ਸੀ। ਆਰੀਅਨ ਨੂੰ ਸਵੇਰੇ ਸਵੇਰੇ ਕਾਲਜ ’ਚ ਉਸ ਦਾ ਖਿੜਿਆ ਚਿਹਰਾ ਦੇਖਣਾ ਜਿਵੇਂ ਸਰਦੀ ’ਚ ਕੋਸੀ ਧੁੱਪ ਵਾਂਗ ਤਸਕੀਨ ਦਿੰਦਾ। ਜਦੋਂ ਕਦੇ ਉਹ ਹੱਸਦੀ ਤਾਂ ਉਸ ਦੇ ਦੰਦਾਂ ’ਚੋਂ ਡੁੱਲ-ਡੁੱਲ ਪੈਂਦਾ ਸੁਹੱਪਣ ਹਰ ਇੱਕ ਨੂੰ ਆਪਣੇ ਵੱਲ ਮੱਲੋ-ਜ਼ੋਰੀ ਖਿੱਚਦਾ, ਪਰ ਸੰਰਚਨਾ ਕਿਸੇ ਨੂੰ ਆਪਣੇ ਨੇੜੇ ਨਾ ਢੁੱਕਣ ਦਿੰਦੀ। ਬਕੌਲ ਮਿਰਜ਼ਾ ਗ਼ਾਲਿਬ:
ਹੁਸਨ ਔਰ ਉਸ ਪੇ ਹੁਸਨ-ਏ-ਜ਼ਨ, ਰਹਿ ਗਈ ਬੁਲ-ਹਵਿਸ ਕੀ ਸ਼ਰਮ।
ਆਪਣੇ ਪਰ ਐਤਮਾਦ ਹੈ, ਗ਼ੈਰ ਕੋ ਆਜ਼ਮਾਏਂ ਕਿਊਂ।
ਉਂਝ ਕਲਾਸ ਦੇ ਸਾਰੇ ਮੁੰਡੇ ਹੀ ਸੰਰਚਨਾ ਨਾਲ ਗੱਲ ਕਰਨਾ ਲੋਚਦੇ, ਕਲਾਸ ’ਚ ਪੜਦਾ ਆਰੀਅਨ ਵੀ ਉਸ ਦੀ ਖ਼ੂਬਸੂਰਤੀ, ਬੋਲਣ ਚੱਲਣ ਤੇ ਬੈਠਣ ਉੱਠਣ ਦੇ ਸਲੀਕੇ ਦਾ ਕਾਇਲ ਸੀ। ਪਰ ਆਰੀਅਨ ਦਾ ਸੁਭਾਅ ਦੂਜੇ ਮੁੰਡਿਆਂ ਨਾਲੋਂ ਕੁਝ ਵੱਖਰਾ ਹੀ ਸੀ। ਕਾਲਜ ’ਚ ਹੁੰਦੇ ਹਰ ਛੋਟੇ ਵੱਡੇ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉਸ ਦੇ ਹਿੱਸੇ ਆਉਂਦੀ ਜਿਸ ਦੇ ਚਲਦਿਆਂ ਉਹ ਕਾਲਜ ਦੇ ਪ੍ਰਿੰਸੀਪਲ ਤੇ ਪ੍ਰੋਫੈਸਰਾਂ ਤੋਂ ਲੈ ਵਿਦਿਆਰਥੀ ਵਿਦਿਆਰਥਣਾਂ ਤੱਕ ਆਪਣੀ ਵਧੀਆ ਤੇ ਨਿਵੇਕਲੀ ਪਛਾਣ ਰੱਖਦਾ ਸੀ। ਉਹ ਪ੍ਰੋਫੈਸਰਾਂ ਨੂੰ ਕਈ ਵਾਰ ਲੈਕਚਰ ਉਪਰੰਤ ਸਵਾਲ ਵੀ ਕਰ ਲੈਂਦਾ ਸੀ। ਕਾਲਜ ’ਚ ਪੜ੍ਹਦੇ ਮੁੰਡੇ, ਕੁੜੀਆਂ ਨਾਲ ਉਸ ਦਾ ਵਧੀਆ ਸਹਿ-ਚਾਰ ਸੀ। ਸੰਰਚਨਾ ਨਾਲ ਵੀ ਕਈ ਵਾਰ ਆਰੀਅਨ ਪੜ੍ਹਾਈ ਦੇ ਸਿਲਸਿਲੇ ਵਿੱਚ ਗੱਲਬਾਤ ਕਰ ਲੈਂਦਾ। ਜਦੋਂ ਉਸ ਨੂੰ ਇੱਕ ਦੋ ਵਾਰ ਸੰਰਚਨਾ ਨਾਲ ਉਸ ਦੇ ਕਲਾਸ ਦੇ ਮੁੰਡਿਆਂ ਨੇ ਗੱਲਬਾਤ ਕਰਦੇ ਵੇਖਿਆ ਤਾਂ ਉਨ੍ਹਾਂ ਨੇ ਮਜ਼ਾਕ-ਮਜ਼ਾਕ ’ਚ ਉਸ ਦਾ ਨਾਂ ਸੰਰਚਨਾ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਆਰੀਅਨ ਨੇ ਇਸ ’ਤੇ ਕੋਈ ਬਹੁਤੀ ਤਵੱਜੋ ਨਾ ਦਿੱਤੀ, ਪਰ ਵਾਰ ਵਾਰ ਮੁੰਡਿਆਂ ਦੇ ਅਜਿਹਾ ਕਰਦੇ ਰਹਿਣ ਨਾਲ ਜਿਵੇਂ ਉਸ ਨੂੰ ਇੱਕ ਵੱਖਰੀ ਕਿਸਮ ਦੀ ਲੱਜ਼ਤ ਦਾ ਅਹਿਸਾਸ ਹੋਣ ਲੱਗਾ। ਹੁਣ ਹੌਲੀ-ਹੌਲੀ ਸੰਰਚਨਾ ਦੇ ਖਿਆਲਾਤ ਉਸ ਦੇ ਮਨ ’ਚ ਇੱਕ ਤਰ੍ਹਾਂ ਘਰ ਕਰਨ ਲੱਗੇ ਸਨ ਤੇ ਦਿਲ ਹੀ ਦਿਲ ’ਚ ਉਹ ਉਸ ਨੂੰ ਚਾਹੁਣ ਲੱਗਾ ਸੀ। ਇਹ ਚਾਹਤ ਮਹਿਜ਼ ਇਕਤਰਫ਼ਾ ਸੀ ਕਿਉਂਕਿ ਸੰਰਚਨਾ ਦੇ ਦਿਲ ਦਾ ਤਾਂ ਰੱਬ ਨੂੰ ਜਾਂ ਖ਼ੁਦ ਸੰਰਚਨਾ ਨੂੰ ਹੀ ਪਤਾ ਸੀ।
ਵਕਤ ਆਪਣੀ ਰਫ਼ਤਾਰ ਨਾਲ ਚਲਦਾ ਰਿਹਾ। ਦਿਨ ਹਫ਼ਤੇ ਤੇ ਹਫ਼ਤੇ ਮਹੀਨਿਆਂ ਦਾ ਸਫ਼ਰ ਤੈਅ ਕਰਦੇ ਰਹੇ। ਹੁਣ ਆਰੀਅਨ ਦੇ ਦਿਲ-ਓ-ਦਿਮਾਗ਼ ’ਤੇ ਸੰਰਚਨਾ ਦੇ ਖ਼ਿਆਲ ਹਰ ਸਮੇਂ ਡੇਰਾ ਲਾਈ ਰੱਖਦੇ। ਉਹ ਹਰ ਰੋਜ਼ ਚਾਈਂ ਚਾਈਂ ਕਾਲਜ ਜਾਂਦਾ ਤਾਂ ਕਿ ਸੰਰਚਨਾ ਦੀ ਇੱਕ ਝਲਕ ਪਾ ਸਕੇ। ਜੇ ਉਹ ਕਿਸੇ ਕਾਰਨ ਨਾ ਆਉਂਦੀ ਤਾਂ ਉਸ ਦਾ ਕਾਲਜ ’ਚ ਦਿਲ ਨਾ ਲੱਗਦਾ। ਜੇ ਸਬੱਬ ਨਾਲ ਤਿੱਥ ਤਿਓਹਾਰ ’ਤੇ ਕਾਲਜ ’ਚ ਕੋਈ ਛੁੱਟੀ ਆ ਜਾਣੀ ਤਾਂ ਉਸ ਨੂੰ ਜਿਵੇਂ ਗੁੱਸਾ ਚੜ੍ਹ ਜਾਣਾ ਕਿ ਆਖ਼ਰ ਇਹ ਛੁੱਟੀ ਕਿਉਂ ਆਈ ਹੈ! ਸੱਚ ਤਾਂ ਇਹ ਸੀ ਕਿ ਆਰੀਅਨ ਨੂੰ ਸੰਰਚਨਾ ਨਾਲ ਪ੍ਰੇਮ ਹੋ ਗਿਆ ਸੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਸ਼ਕ ਤੇ ਮੁਸ਼ਕ ਛੁਪਾਏ ਨਹੀਂ ਛੁਪਦੇ। ਆਰੀਅਨ ਦੀਆਂ ਅੱਖਾਂ ’ਚੋਂ ਵੀ ਉਸ ਦੇ ਦਿਲ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਸੀ। ਆਰੀਅਨ ਦੇ ਜਮਾਤੀ ਮੁੰਡਿਆਂ ਦੇ ਨਾਲ ਨਾਲ ਉਸ ਦੀਆਂ ਜਮਾਤਣ ਕੁੜੀਆਂ ਵੀ ਸ਼ਾਇਦ ਹੁਣ ਉਸ ਦੀਆਂ ਭਾਵਨਾਵਾਂ ਤੋਂ ਵਾਕਿਫ਼ ਹੋ ਚੱਲੀਆਂ ਸਨ।
ਇਸੇ ਦੌਰਾਨ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ਵਿਦਿਅਕ ਟੂਰ ਲਿਜਾਣ ਪ੍ਰੋਗਰਾਮ ਬਣਿਆ ਤਾਂ ਮਨੋਵਿਗਿਆਨ ਪੜ੍ਹਨ ਵਾਲੇ ਮੁੰਡੇ ਕੁੜੀਆਂ ’ਚ ਇਸ ਟੂਰ ’ਤੇ ਜਾਣ ਦਾ ਬੇਹੱਦ ਚਾਅ ਤੇ ਖ਼ੁਸ਼ੀ ਸੀ।
ਉਧਰ ਸੰਰਚਨਾ ਕੋਲ ਮਨੋਵਿਗਿਆਨ ਵਿਸ਼ਾ ਨਹੀਂ ਸੀ ਜਦੋਂਕਿ ਆਰੀਅਨ ਨੇ ਇਹ ਵਿਸ਼ਾ ਲੈ ਰੱਖਿਆ ਸੀ। ਜਦੋਂ ਇਸ ਟੂਰ ਪ੍ਰੋਗਰਾਮ ਦੀ ਗੱਲ ਕਾਲਜ ’ਚ ਚੱਲੀ ਤਾਂ ਦੂਜੇ ਵਿਸ਼ਿਆਂ ਦੇ ਬਹੁਤ ਸਾਰੇ ਵਿਦਿਆਰਥੀ ਵੀ ਇਸ ਟੂਰ ਵਿੱਚ ਸ਼ਾਮਲ ਹੋਣ ਲਈ ਤਰਲੋ-ਮੱਛੀ ਹੋਣ ਲੱਗੇ।
ਇਸੇ ਦੌਰਾਨ ਆਰੀਅਨ ਦੀ ਮਨੋਵਿਗਿਆਨ ਦੀ ਕਲਾਸ ’ਚ ਪੜ੍ਹਦੀਆਂ ਕੁਝ ਕੁੜੀਆਂ ਨੇ ਆ ਕੇ ਉਸ ਨੂੰ ਆਖਿਆ ਕਿ ਟੂਰ ’ਤੇ ਸੰਰਚਨਾ ਵੀ ਜਾਣਾ ਚਾਹੁੰਦੀ ਹੈ, ਪਰ ਉਸ ਕੋਲ ਮਨੋਵਿਗਿਆਨ ਵਿਸ਼ਾ ਨਾ ਹੋਣ ਕਾਰਨ ਉਹ ਨਿਰਾਸ਼ ਹੈ। ਇਸੇ ਦੌਰਾਨ ਰੁਚੀ ਨੇ ਉਸ ਨੂੰ ਕਿਹਾ, ‘‘ਆਰੀਅਨ, ਪ੍ਰੋਫੈਸਰ ਸਾਹਿਬ ਨੂੰ ਕਹਿ ਕੇ ਵੇਖ ਲੈ ਜੇ ਉਹ ਸੰਰਚਨਾ ਨੂੰ ਵੀ ਟੂਰ ’ਤੇ ਜਾਣ ਦੀ ਇਜਾਜ਼ਤ ਦੇ ਦੇਣ... ਮੈਨੂੰ ਉਮੀਦ ਹੈ ਤੇਰੀ ਗੱਲ ਨਹੀਂ ਮੋੜਨਗੇ ਪ੍ਰੋਫੈਸਰ ਸਾਹਿਬ!’’
ਉਂਝ ਵੀ ਜਦੋਂ ਵਿਦਿਆਰਥੀਆਂ ਨੇ ਪ੍ਰਿੰਸੀਪਲ ਜਾਂ ਕਿਸੇ ਪ੍ਰੋਫੈਸਰ ਕੋਲ ਆਪਣੀ ਕੋਈ ਸਮੱਸਿਆ ਜਾਂ ਗੱਲ ਰੱਖਣੀ ਹੁੰਦੀ ਤਾਂ ਉਹ ਆਰੀਅਨ ਨੂੰ ਮੂਹਰੇ ਕਰ ਦਿੰਦੇ। ਇਸ ਦੀ ਵੱਡੀ ਵਜ੍ਹਾ ਇਹੋ ਸੀ ਕਿ ਇੱਕ ਤਾਂ ਆਰੀਅਨ ਮੰਚ ਸੰਚਾਲਕ ਹੋਣ ਕਰਕੇ ਗੱਲ ਕਰਦਿਆਂ ਝਿਜਕਦਾ ਨਹੀਂ ਸੀ ਤੇ ਦੂਜਾ ਪ੍ਰੋਫੈਸਰਾਂ ’ਚ ਉਸ ਗਿਣਤੀ ਵਧੀਆ ਸਾਖ ਵਾਲੇ ਵਿਦਿਆਰਥੀਆਂ ਵਜੋਂ ਹੁੰਦੀ ਸੀ।
ਆਰੀਅਨ ਨੇ ਹਿੰਮਤ ਕਰ ਕੇ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਅੱਗੇ ਸੰਰਚਨਾ ਦੇ ਟੂਰ ’ਤੇ ਜਾਣ ਦੀ ਗੱਲ ਰੱਖਦਿਆਂ ਨਿਮਰਤਾ ਭਰੇ ਲਹਿਜੇ ’ਚ ਕਿਹਾ, ‘‘ਸਰ, ਜਿਓਗਰਾਫੀ ਦੀ ਪਿਛਲੇ ਸਾਲ ਵਾਲੀ ਟੌਪਰ ਸੰਰਚਨਾ ਵੀ ਆਪਣੇ ਨਾਲ ਟੂਰ ’ਤੇ ਜਾਣਾ ਚਾਹੁੰਦੀ ਹੈ...।’’
ਪ੍ਰੋਫੈਸਰ ਨੇ ਕਿਹਾ, ‘‘ਆਰੀਅਨ, ਤੈਨੂੰ ਪਤਾ ਤਾਂ ਹੈ ਕਿ ਸਾਡਾ ਇਹ ਟੂਰ ਇਕੱਲੇ ਮਨੋਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਦਾ ਹੈ।’’
ਆਰੀਅਨ ਬੋਲਿਆ, ‘‘ਸਰ, ਉਹ ਤਾਂ ਮੈਨੂੰ ਪਤਾ ਹੈ ਜੀ ਕਿ ਇਹ ਮਨੋਵਿਗਿਆਨ ਦੇ ਵਿਦਿਆਰਥੀਆਂ ਦਾ ਟੂਰ ਹੈ ਪਰ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਸੰਰਚਨਾ ਕੁੜੀ ਹੈ। ਉਸ ਨੇ ਕਿਹੜਾ ਕੋਈ ਹੋਰ ਵਿਸ਼ੇ ਵਾਲੇ ਮੁੰਡਿਆਂ ਵਾਂਗ ਰੌਲਾ ਪਾਉਣਾ ਜਾਂ ਕੋਈ ਅਨੁਸ਼ਾਸਨ ਭੰਗ ਕਰਨਾ ਹੈ...। ਨਾਲੇ ਜੇ ਇੱਕ ਟੌਪਰ ਬੱਚੇ ਨੂੰ ਆਪਾਂ ਟੂਰ ’ਤੇ ਲੈ ਜਾਵਾਂਗੇ ਤਾਂ ਇਸ ’ਚ ਆਪਣੀ ਸ਼ੋਭਾ ਹੋਣੀ ਹੈ।’’ ਆਰੀਅਨ ਦੀ ਮਿਹਨਤ ਰੰਗ ਲਿਆਈ। ਪ੍ਰੋਫੈਸਰ ਨੇ ਕੁਝ ਚਿਰ ਸੋਚਿਆ ਤੇ ਫਿਰ ਸੰਰਚਨਾ ਨੂੰ ਟੂਰ ’ਤੇ ਲਿਜਾਣ ਦੀ ਹਾਮੀ ਭਰ ਦਿੱਤੀ।
ਜਦੋਂ ਇਹ ਖ਼ਬਰ ਆਰੀਅਨ ਨੇ ਆਪਣੀ ਸੰਰਚਨਾ ਦੀਆਂ ਸਹੇਲੀਆਂ ਨੂੰ ਦਿੱਤੀ ਤਾਂ ਉਨ੍ਹਾਂ ਸਭ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ‘‘ਆਰੀਅਨ ਜ਼ਿੰਦਾਬਾਦ... ਆਰੀਅਨ ਜ਼ਿੰਦਾਬਾਦ’’ ਦੇ ਨਾਅਰੇ ਬੁਲੰਦ ਕਰ ਦਿੱਤੇ। ਇਸ ਉਪਰੰਤ ਉਨ੍ਹਾਂ ਕੁੜੀਆਂ ਨੇ ਇਹ ਖ਼ਬਰ ਚਾਈਂ ਚਾਈਂ ਸੰਰਚਨਾ ਨੂੰ ਜਾ ਸੁਣਾਈ ਤੇ ਨਾਲ ਹੀ ਆਖਿਆ ਕਿ ਤੇਰੀ ਟੂਰ ’ਤੇ ਜਾਣ ਦੀ ਸਿਫ਼ਾਰਿਸ਼ ਆਰੀਅਨ ਨੇ ਕੀਤੀ ਹੈ। ਇਸ ’ਤੇ ਉਹ ਹਲਕਾ ਜਿਹਾ ਮੁਸਕੁਰਾਈ ਤੇ ਝੱਟ ਨੀਵੀਂ ਪਾ ਲਈ।
ਦੂਜੇ ਦਿਨ ਸਵੇਰੇ ਸਾਝਰੇ ਹੀ ਬੱਸ ਇਕ ਦਿਨ ਦੇ ਟੂਰ ’ਤੇ ਚੱਲੀ ਤਾਂ ਬੱਸ ਵਿੱਚ ਆਰੀਅਨ ਤੇ ਸੰਰਚਨਾ ਸਮੇਤ ਕੁੱਲ 57 ਵਿਦਿਆਰਥੀ ਸਨ ਤੇ ਤਿੰਨ ਪ੍ਰੋਫੈਸਰ ਵੀ ਦੇਖ-ਰੇਖ ਲਈ ਮੌਜੂਦ ਸਨ।
ਇਸ ਦੌਰਾਨ ਵਿਦਿਆਰਥੀਆਂ ਨੂੰ ਚਿੜੀਆਘਰ, ਰੌਕ ਗਾਰਡਨ ਵਿਖਾ ਕੇ ਇੱਕ ਹੋਟਲ ਨੁਮਾ ਢਾਬੇ ’ਤੇ ਖਾਣਾ ਖਿਲਾਇਆ ਗਿਆ। ਸਾਰੇ ਰਸਤੇ ਕੁੜੀਆਂ ਸੰਰਚਨਾ ਤੇ ਆਰੀਅਨ ਨੂੰ ਵੇਖ ਕੇ ਘੁਸਰ ਮੁਸਰ ਕਰ ਹੱਸਦੀਆਂ ਰਹੀਆਂ। ਇਸ ਦੌਰਾਨ ਉਹ ਜਿੱਥੇ ਵੀ ਗਏ ਤਾਂ ਸੰਰਚਨਾ ਨੇ ਆਰੀਅਨ ਤੋਂ ਜਿਵੇਂ ਇੱਕ ਦੂਰੀ ਬਣਾ ਕੇ ਰੱਖੀ ਤੇ ਜੇਕਰ ਕੁੜੀਆਂ ਉਸ ਨੂੰ ਆਰੀਅਨ ਦਾ ਨਾਂ ਲੈ ਕੇ ਟਟੋਲਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਕੋਈ ਵੀ ਪ੍ਰਤੀਕਿਰਿਆ ਨਾ ਦਿੰਦੀ... ਬਸ ਚੁੱਪ ਵੱਟ ਲੈਂਦੀ।
ਅਖੀਰ ਟੂਰ ਆਪਣੇ ਅੰਤਿਮ ਪੜਾਅ ਦੇ ਰੂਪ ਵਿੱਚ ਸੁਖਨਾ ਝੀਲ ’ਤੇ ਪਹੁੰਚਿਆ। ਇੱਥੇ ਬਹੁਤ ਸਾਰੇ ਬੱਚਿਆਂ ਨੇ ਬੋਟਿੰਗ ਕੀਤੀ, ਪਰ ਆਰੀਅਨ ਝੀਲ ਦੇ ਕੰਢੇ ਬਣੀ ਮੁੰਡੇਰ ਦੇ ਬਾਹਰ ਵਾਲੀ ਫੁੱਟਪਾਥ ’ਤੇ ਚਹਿਲਕਦਮੀ ਕਰ ਰਿਹਾ ਸੀ। ਅੰਦਰੋ ਅੰਦਰੀ ਉਹ ਗਹਿਰੀਆਂ ਸੋਚਾਂ ਵਿੱਚ ਗੁੰਮ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੇ ਦਿਲ ਦਾ ਰੁੱਗ ਭਰ ਕੇ ਕੋਈ ਲੈ ਗਿਆ ਹੋਵੇ। ਇਸੇ ਦੌਰਾਨ ਆਰੀਅਨ ਪਾਸ ਕੁਝ ਕਲਾਸ ਦੀਆਂ ਕੁੜੀਆਂ ਆਈਆਂ ਤੇ ਉਨ੍ਹਾਂ ’ਚੋਂ ਰੁਚੀ ਨੇ ਉਸ ਨੂੰ ਉਦਾਸ ਵੇਖ ਥੋੜ੍ਹੀ ਹਮਦਰਦੀ ਤੇ ਦਿਲਾਸਾ ਦੇਣ ਦੇ ਅੰਦਾਜ਼ ’ਚ ਕਿਹਾ, ‘‘ਆਰੀਅਨ, ਤੂੰ ਸੰਰਚਨਾ ਨੂੰ ਲੈ ਕੇ ਇਸ ਕਦਰ ਗੰਭੀਰ ਕਿਉਂ ਹੈਂ...? ਤੂੰ ਖ਼ੁਦ ਸੋਹਣਾ ਸੁੱਨਖਾ ਹੈਂ। ਤੇਰੀ ਜ਼ਿੰਦਗੀ ’ਚ ਸੰਰਚਨਾ ਜਿਹੀਆਂ ਹੋਰ ਬਥੇਰੀਆਂ ਲੜਕੀਆਂ ਆਉਣਗੀਆਂ...।’’
ਆਰੀਅਨ ਦ੍ਰਿੜ੍ਹਤਾ ਨਾਲ ਬੋਲਿਆ, ‘‘ਨਹੀਂ ਰੁਚੀ! ਮੈਨੂੰ ਬਥੇਰੀਆਂ ਦੀ ਲੋੜ ਨਹੀਂ, ਮੈਨੂੰ ਤਾਂ ਇੱਕ ਸੰਰਚਨਾ ਮਿਲ ਜਾਏ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਬਣ ਗਈ।’’
ਰੁਚੀ ਆਰੀਅਨ ਨੂੰ ਆਖਣ ਲੱਗੀ, ‘‘ਫਿਰ ਤੂੰ ਆਪਣੇ ਦਿਲ ਦੀ ਗੱਲ ਸੰਰਚਨਾ ਨੂੰ ਕਹਿ ਕਿਉਂ ਨਹੀਂ ਦਿੰਦਾ...!’’
ਉਹ ਬੋਲਿਆ, ‘‘ਸੰਰਚਨਾ ਨੂੰ! ਮੈਂ ਨਹੀਂ ਕਹਿ ਸਕਦਾ ਉਹਨੂੰ...।’’ ਆਰੀਅਨ ਦਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਭਾਵੇਂ ਆਰੀਅਨ ਆਤਮ-ਵਿਸ਼ਵਾਸ ਨਾਲ ਭਰਿਆ ਨੌਜਵਾਨ ਸੀ, ਪਰ ਸੰਰਚਨਾ ਸਾਹਮਣੇ ਮੁਹੱਬਤ ਦਾ ਇਜ਼ਹਾਰ ਕਰਦਿਆਂ ਉਸ ਨੂੰ ਪਤਾ ਨਹੀਂ ਕਿਉਂ ਇੱਕ ਅਣਪਛਾਤਾ ਡਰ ਸਤਾ ਰਿਹਾ ਸੀ। ਫਿਰ ਉਸ ਨੇ ਖ਼ੁਦ ਹੀ ਰੁਚੀ ਨੂੰ ਕਿਹਾ, ‘‘ਦਰਅਸਲ, ਸੰਰਚਨਾ ਦੀਆਂ ਅੱਖਾਂ ਵਿੱਚ ਮੈਂ ਆਪਣੇ ਲਈ ਕਦੇ ਉਹ ਜਜ਼ਬਾਤ ਨਹੀਂ ਵੇਖੇ ਜੋ ਮੇਰੇ ਦਿਲ ਵਿੱਚ ਉਸ ਦੇ ਲਈ ਹਨ...!’’
ਅਖੀਰ ਆਪਣੀ ਗੱਲ ਨੂੰ ਸਪੱਸ਼ਟ ਕਰ ਵਿਰਾਮ ਦਿੰਦਿਆਂ ਆਰੀਅਨ ਨੇ ਕਿਹਾ, ‘‘ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਦੇ ਸਾਹਮਣੇ ਆਪਣੇ ਪ੍ਰੇਮ ਦਾ ਇਜ਼ਹਾਰ ਕਰਾਂ ਤੇ ਅੱਗੋਂ ਉਹ ਮੈਨੂੰ ਜਵਾਬ ਦੇ ਦੇਵੇ... ਤਾਂ ਮੈਂ ਜੀਅ ਨਹੀਂ ਸਕਾਂਗਾ। ਪਰ ਉਸ ਸਾਹਮਣੇ ਇਜ਼ਹਾਰ ਕੀਤੇ ਬਗੈਰ ਉਸ ਦੀਆਂ ਯਾਦਾਂ ਦੇ ਸਹਾਰੇ ਜੀਅ ਲਵਾਂਗਾ... ਉਸ ’ਤੇ ਨਾ ਸਹੀ, ਘੱਟੋ-ਘੱਟ ਉਸ ਨੂੰ ਯਾਦ ਕਰਨ ’ਤੇ ਤਾਂ ਮੇਰਾ ਅਧਿਕਾਰ ਹੈ...!’’
ਇਸ ਦੌਰਾਨ ਆਰੀਅਨ ਦੇ ਖ਼ਿਆਲਾਂ ਦੀ ਲੜੀ ਟੁੱਟੀ ਤਾਂ ਬਸ ਚੰਡੀਗੜ੍ਹ ’ਚ ਦਾਖਲ ਹੋ ਗਈ ਸੀ ਤੇ ਉਹ ਵੱਖ ਵੱਖ ਸੈਕਟਰਾਂ ਵਿੱਚੋਂ ਦੀ ਲੰਘਦੀ ਹੋਈ ਬਸ ਸਟੈਂਡ ਵੱਲ ਜਾ ਰਹੀ ਸੀ। ਇਸ ਦੌਰਾਨ ਕਈ ਚੌਕਾਂ ’ਚ ਰੁਕਦੇ ਹੋਏ ਆਖ਼ਰ ਇਹ ਮੁੱਖ ਬੱਸ ਅੱਡੇ ’ਤੇ ਆ ਕੇ ਖਲੋਅ ਗਈ।
ਸਵਾਰੀਆਂ ਇੱਕ ਇੱਕ ਕਰਕੇ ਬੱਸ ’ਚੋਂ ਉਤਰਨ ਲੱਗੀਆਂ। ਸੰਰਚਨਾ ਦਾ ਪਤੀ ਤੇ ਬੱਚੇ ਪਹਿਲਾਂ ਉਤਰ ਗਏ ਤੇ ਸੰਰਚਨਾ ਵੀ ਆਪਣੀ ਸੀਟ ਤੋਂ ਖੜ੍ਹੀ ਹੋ ਦਰਵਾਜ਼ੇ ਵੱਲ ਵਧੀ। ਉਦੋਂ ਹੀ ਉਸ ਨੇ ਆਰੀਅਨ ਵੱਲ ਮੂੰਹ ਭੁਆਂ ਕੇ ਵੇਖਿਆ ਤਾਂ ਉਹ ਇੱਕ ਲਖਤ ਜਿਵੇਂ ਭਮੰਤਰ ਜਿਹੀ ਗਈ। ਫਿਰ ਉਸ ਨੇ ਜਲਦੀ ਹੀ ਆਪਣੇ ਆਪ ਨੂੰ ਸੰਭਾਲਦਿਆਂ ਹਲਕਾ ਜਿਹਾ ਮੁਸਕਰਾ ਕੇ ਆਰੀਅਨ ਨੂੰ ਵਿਸ਼ ਕੀਤੀ, ਪਰ ਬੋਲੀ ਕੁਝ ਨਹੀਂ। ਸ਼ਾਇਦ ਉਹ ਨਹੀਂ ਸੀ ਚਾਹੁੰਦੀ ਕਿ ਆਪਣੇ ਪਤੀ ਤੇ ਬੱਚਿਆਂ ਸਾਹਮਣੇ ਉਸ ਨੂੰ ਬੁਲਾਵੇ। ਇਸ ਉਪਰੰਤ ਉਹ ਝੱਟ ਦੇਣੇ ਬੱਸ ਤੋਂ ਹੇਠਾਂ ਉਤਰ ਗਈ। ਆਰੀਅਨ ਦਾ ਦਿਲ ਇੱਕ ਵਾਰ ਫਿਰ ਜ਼ੋਰ ਜ਼ੋਰ ਨਾਲ ਧੜਕਣ ਲੱਗਾ ਤੇ ਆਖ਼ਰ ਉਹ ਵੀ ਬੱਸ ’ਚੋਂ ਹੇਠਾਂ ਉਤਰ ਆਇਆ। ਉਸ ਨੇ ਵੇਖਿਆ ਕਿ ਸੰਰਚਨਾ ਆਪਣੇ ਪਤੀ ਤੇ ਬੱਚਿਆਂ ਦੇ ਪਿੱਛੇ ਪਿੱਛੇ ਚਲਦਿਆਂ ਉਨ੍ਹਾਂ ਨਾਲ ਇੱਕ ਲੋਕਲ ਬੱਸ ਵਿੱਚ ਬੈਠ ਗਈ।
ਇੱਕ ਵਾਰ ਤਾਂ ਆਰੀਅਨ ਦਾ ਦਿਲ ਕੀਤਾ ਕਿ ਉਹ ਉਸੇ ਲੋਕਲ ਬੱਸ ’ਚ ਜਾ ਚੜ੍ਹੇ ਤੇ ਸੰਰਚਨਾ ਨੂੰ ਆਪਣੇ ਦਿਲ ਦੀ ਤਮਾਮ ਵਿਥਿਆ ਕਹਿ ਸੁਣਾਏ। ਪਰ ਫੌਰਨ ਹੀ ਜਿਵੇਂ ਉਸ ਨੂੰ ਸੰਰਚਨਾ ਦੇ ਪਤੀ ਤੇ ਬੱਚਿਆਂ ਦਾ ਖ਼ਿਆਲ ਆਇਆ ਤਾਂ ਉਹਦੇ ਪੈਰ ਉੱਥੇ ਹੀ ਪੱਥਰ ਹੋ ਗਏ। ਉਹ ਬੁੱਤ ਬਣਿਆ ਖੜ੍ਹਾ ਲੋਕਲ ਬੱਸ ਦੀ ਖਿੜਕੀ ਵਾਲੀ ਸੀਟ ’ਤੇ ਬੈਠੀ ਸੰਰਚਨਾ ਨੂੰ ਵੇਖਦਾ ਰਿਹਾ...!
ਸੰਪਰਕ: 98552-59650
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ