ਕਹਾਣੀ: ਸਾਹਿਬਜ਼ਾਦਿਆਂ ਦੀ ਸ਼ਹਾਦਤ
ਪ੍ਰਭਨੀਤ ਅੱਠਵੀਂ ਕਲਾਸ ਵਿੱਚ ਹੋ ਗਿਆ ਸੀ। ਉਹ ਚੰਡੀਗੜ੍ਹ ਦੇ ਮਸ਼ਹੂਰ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ। ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ। ਉਸ ਦੇ ਮਾਤਾ-ਪਿਤਾ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਕਰਨ ਕਰਕੇ ਕਾਫ਼ੀ ਰੁੱਝੇ ਰਹਿੰਦੇ ਸਨ। ਦਸੰਬਰ ਦਾ ਮਹੀਨਾ ਚੱਲ ਰਿਹਾ...
ਪ੍ਰਭਨੀਤ ਅੱਠਵੀਂ ਕਲਾਸ ਵਿੱਚ ਹੋ ਗਿਆ ਸੀ। ਉਹ ਚੰਡੀਗੜ੍ਹ ਦੇ ਮਸ਼ਹੂਰ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ। ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ। ਉਸ ਦੇ ਮਾਤਾ-ਪਿਤਾ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਕਰਨ ਕਰਕੇ ਕਾਫ਼ੀ ਰੁੱਝੇ ਰਹਿੰਦੇ ਸਨ। ਦਸੰਬਰ ਦਾ ਮਹੀਨਾ ਚੱਲ ਰਿਹਾ ਸੀ ਤੇ ਪ੍ਰਭਨੀਤ ਦੇ ਸਕੂਲ ਵਿੱਚ ਕ੍ਰਿਸਮਸ ਦਾ ਫੰਕਸ਼ਨ ਹੋਣ ਵਾਲਾ ਸੀ, ਜਿਸ ਦੀਆਂ ਤਿਆਰੀਆਂ ਲਈ ਉਸ ਨੂੰ ਸਕੂਲ ਵਿੱਚ ਵਾਧੂ ਟਾਈਮ ਲਾਉਣਾ ਪੈ ਰਿਹਾ ਸੀ।
ਅੱਜ ਜਦ ਪ੍ਰਭਨੀਤ ਘਰ ਆਇਆ ਤਾਂ ਉਸ ਨੇ ਦੇਖਿਆ ਉਸ ਦੇ ਦਾਦੀ ਜੀ ਪਿੰਡ ਤੋਂ ਚੰਡੀਗੜ੍ਹ ਆਏ ਹੋਏ ਸਨ। ਉਸ ਨੇ ਦਾਦੀ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਦਾਦੀ ਜੀ ਕੋਲ ਬਹਿ ਗਿਆ। ਦਾਦੀ ਨੇ ਉਸ ਨੂੰ ਪੜ੍ਹਾਈ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪੇਪਰ ਹੋ ਗਏ ਹਨ ਤੇ ਹੁਣ ਸਕੂਲ ਵਿੱਚ ਕ੍ਰਿਸਮਸ ਦੇ ਫੰਕਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਸ ਨੇ ਦਾਦੀ ਮਾਂ ਨੂੰ ਦੱਸਿਆ ਕਿ ਇਸ ਦਿਨ ਯਸੂ ਮਸੀਹ ਦਾ ਜਨਮ ਦਿਨ ਹੁੰਦਾ ਹੈ, ਜਿਸ ਕਰਕੇ ਇਸ ਦਿਨ ਨੂੰ ਉਨ੍ਹਾਂ ਦੇ ਸਕੂਲ ਵਿੱਚ ਮਨਾਇਆ ਜਾਂਦਾ ਹੈ।
ਇੰਨੇ ਨੂੰ ਉਸ ਦੇ ਮਾਤਾ-ਪਿਤਾ ਵੀ ਦਾਦੀ ਜੀ ਕੋਲ ਆ ਕੇ ਬੈਠ ਗਏ। ਉਹ ਪਿੰਡ ਦੀਆਂ ਗੱਲਾਂ ਕਰਨ ਲੱਗ ਗਏ। ਉਸ ਦੇ ਪਾਪਾ ਜੀ ਨੇ ਜਦੋਂ ਉਸ ਦੀ ਦਾਦੀ ਜੀ ਕੋਲੋਂ ਦਾਦਾ ਜੀ ਬਾਰੇ ਪੁੱਛਿਆ ਤਾਂ ਦਾਦੀ ਨੇ ਦੱਸਿਆ ਕਿ ਉਹ ਤਾਂ ਕਈ ਦਿਨਾਂ ਤੋਂ ਦਿੱਲੀ ਕਿਸਾਨ ਧਰਨੇ ਵਿੱਚ ਗਏ ਹੋਏ ਹਨ। ਪ੍ਰਭਨੀਤ ਦੇ ਪਿਤਾ ਜੀ ਕਹਿਣ ਲੱਗੇ ਕਿ ਹੁਣ ਪਾਪਾ ਜੀ ਨੂੰ ਘਰ ਵਾਪਸ ਆ ਜਾਣਾ ਚਾਹੀਦਾ ਹੈ, ਦਸੰਬਰ ਦਾ ਮਹੀਨਾ ਚੱਲ ਰਿਹਾ ਹੈ, ਠੰਢ ਬਹੁਤ ਹੋ ਗਈ ਹੈ ਤੇ ਉਨ੍ਹਾਂ ਦੀ ਉਮਰ ਵੀ ਕਾਫ਼ੀ ਹੋ ਗਈ ਹੈ। ਉਨ੍ਹਾਂ ਦੀ ਗੱਲ ਨੂੰ ਵਿੱਚੋਂ ਟੋਕਦਿਆਂ ਦਾਦੀ ਜੀ ਨੇ ਕਿਹਾ, ‘‘ਇਨ੍ਹਾਂ ਕਹਿਰ ਦੇ ਦਿਨਾਂ ਵਿੱਚ ਸਾਹਿਬਜ਼ਾਦਿਆਂ ਨੇ ਸਿਦਕ ਨਹੀਂ ਛੱਡਿਆ ਸੀ। ਹਰ ਸਿੱਖ ਨੂੰ ਡਰ ਕੇ ਕਿਸੇ ਅੱਗੇ ਝੁਕਣ ਨਾਲੋਂ ਮੌਤ ਪਿਆਰੀ ਹੁੰਦੀ ਹੈ।’’
ਰਾਤ ਦੀ ਰੋਟੀ ਖਾਣ ਤੋਂ ਬਾਅਦ ਪ੍ਰਭਨੀਤ ਦਾਦੀ ਜੀ ਦੀ ਬੁੱਕਲ ਵਿੱਚ ਆ ਗਿਆ, ਉਸ ਨੇ ਟੀ.ਵੀ ’ਤੇ ਕਿਸਾਨਾਂ ਨੂੰ ਦਿੱਲੀ ਅੰਦਰ ਜੂਝਦਿਆਂ ਵੇਖਿਆ ਸੀ, ਕਿਵੇਂ ਪਾਣੀ ਦੀਆਂ ਬੁਛਾੜਾਂ, ਵੱਡੇ ਵੱਡੇ ਪੱਥਰ, ਸੜਕਾਂ ’ਤੇ ਲਾਈਆਂ ਕਿੱਲਾਂ ਵੀ ਕਿਸਾਨਾਂ ਦਾ ਰਾਹ ਨਹੀਂ ਰੋਕ ਸਕੀਆਂ ਸਨ। ਉਸ ਨੇ ਦਾਦੀ ਜੀ ਨੂੰ ਪੁੱਛਿਆ ਕਿ ਇੰਨੀ ਠੰਢ ਅੰਦਰ ਦਾਦਾ ਜੀ ਦਿੱਲੀ ਦੀਆਂ ਸੜਕਾਂ ’ਤੇ ਕਿਵੇਂ ਗੁਜ਼ਾਰਾ ਕਰਦੇ ਹੋਣਗੇ?
ਦਾਦੀ ਨੇ ਪ੍ਰਭਨੀਤ ਨੂੰ ਸਮਝਾਇਆ ਕਿ ਇਹ ਦਸੰਬਰ ਦਾ ਮਹੀਨਾ ਸਾਹਿਬਜ਼ਾਦਿਆਂ ’ਤੇ ਵੀ ਮੁਸੀਬਤਾਂ ਲੈ ਕੇ ਆਇਆ ਸੀ, ਜਦੋਂ ਉਹ ਨਹੀਂ ਡੋਲੇ ਸਨ ਤਾਂ ਤੇਰੇ ਦਾਦਾ ਜੀ ਤੇ ਬਾਕੀ ਕਿਸਾਨ ਵੀ ਕਿਵੇਂ ਡੋਲ ਸਕਦੇ ਹਨ। ਪ੍ਰਭਨੀਤ ਨੂੰ ਦਾਦੀ ਦੀਆਂ ਗੱਲਾਂ ਸੋਹਣੀਆਂ ਲੱਗ ਰਹੀਆਂ ਸਨ। ਉਸ ਨੇ ਦਾਦੀ ਜੀ ਨੂੰ ਸਾਹਿਬਜ਼ਾਦਿਆਂ ਬਾਰੇ ਪੁੱਛਿਆ।
ਦਾਦੀ ਨੇ ਦੱਸਣਾ ਸ਼ੁਰੂ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਰਸਾ ਨਦੀ ’ਤੇ ਬਾਕੀ ਪਰਿਵਾਰ ਨਾਲੋਂ ਵਿਛੜ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਅੰਦਰ ਆ ਗਏ ਸੀ। ਇਸ ਗੜ੍ਹੀ ਨੂੰ ਬਾਹਰੋਂ ਮੁਗ਼ਲਾਂ ਦੀ ਲੱਖਾਂ ਦੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ। ਘਮਸਾਣ ਦਾ ਯੁੱਧ ਹੋਇਆ। ਥੋੜ੍ਹੇ ਜਿਹੇ ਸਿੱਖਾਂ ਨੇ ਲੱਖਾਂ ਦੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਸਿੰਘ ਸ਼ਹੀਦੀਆਂ ਪਾ ਰਹੇ ਸਨ ਤਾਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਨੇ ਆਪ ਆਪਣੇ ਪਿਤਾ ਜੀ ਨੂੰ ਉਨ੍ਹਾਂ ਨੂੰ ਜੰਗ ਦੇ ਮੈਦਾਨ ਅੰਦਰ ਲੜਨ ਲਈ ਭੇਜਣ ਨੂੰ ਕਿਹਾ।
ਇਹ ਸੁਣ ਕੇ ਪ੍ਰਭਨੀਤ ਨੇ ਦਾਦੀ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਡਰ ਨਹੀਂ ਲੱਗਦਾ ਸੀ?
ਦਾਦੀ ਮਾਂ ਨੇ ਪ੍ਰਭਨੀਤ ਨੂੰ ਕਿਹਾ, ‘‘ਸਿੱਖ ਹਮੇਸ਼ਾ ਜੁਲਮ ਦਾ ਮੁਕਾਬਲਾ ਕਰਦੇ ਹਨ। ਦਿੱਲੀ ਅੰਦਰ ਧਰਨਾ ਲਾਈ ਬੈਠੇ ਕਿਸਾਨ ਵੀ ਗੁਰੂ ਦੇ ਸਿੱਖ ਹੀ ਹਨ, ਉਹ ਵੀ ਕਿਸੇ ਮੁਸੀਬਤ ਤੋਂ ਨਹੀਂ ਡਰਦੇ।’’
ਦਾਦੀ ਮਾਂ ਨੇ ਫਿਰ ਸਾਹਿਬਜ਼ਾਦਿਆਂ ਦੀ ਗੱਲ ਸ਼ੁਰੂ ਕੀਤੀ, ‘‘ਪੁੱਤ, ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਕਿ ਲੱਖਾਂ ਦੀ ਮੁਗ਼ਲ ਫ਼ੌਜ ਨਾਲ ਲੜਦਿਆਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਜਾਮ ਪੀ ਜਾਣਾ ਹੈ, ਪਰ ਫਿਰ ਵੀ ਉਨ੍ਹਾਂ ਨੇ ਆਪ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਜੰਗ ਵਿੱਚ ਤੋਰ ਦਿੱਤਾ, ਬਹੁਤ ਯੁੱਧ ਹੋਇਆ, ਸਾਹਿਬਜ਼ਾਦਿਆਂ ਨੇ ਬੜੀ ਬਹਾਦਰੀ ਨਾਲ ਜੰਗ ਲੜੀ, ਸੈਂਕੜੇ ਮੁਗ਼ਲ ਸਿਪਾਹੀਆਂ ਨੂੰ ਉਨ੍ਹਾਂ ਨੇ ਮੌਤ ਦੀ ਨੀਂਦ ਸੁਆ ਦਿੱਤਾ, ਅੰਤ ਬਹਾਦਰੀ ਨਾਲ ਜੂਝਦੇ ਹੋਏ ਉਹ ਸ਼ਹੀਦੀ ਪਾ ਗਏ।
ਪੁੱਤ, ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਪਹਿਲਾਂ ਹੀ ਪਤਾ ਸੀ, ਫਿਰ ਵੀ ਉਨ੍ਹਾਂ ਨੇ ਸ਼ਹੀਦੀਆਂ ਦੇਣ ਲਈ ਪੁੱਤਰਾਂ ਨੂੰ ਆਪ ਜੰਗ ਦੇ ਮੈਦਾਨ ਅੰਦਰ ਤੋਰਿਆ ਸੀ। ਉਸ ਰਾਤ ਨੂੰ ਮੁਗ਼ਲਾਂ ਨੇ ਸੋਚਿਆ ਹੋਵੇਗਾ ਕਿ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਦੀਆਂ ਲਾਸ਼ਾਂ ਇਸ ਮੈਦਾਨ ਅੰਦਰ ਇਉਂ ਹੀ ਰੁਲਦੀਆਂ ਰਹਿਣਗੀਆਂ, ਪਰ ਰਾਤ ਸਮੇਂ ਇਨ੍ਹਾਂ ਸਿੰਘਾਂ ਦੀਆਂ ਲਾਸ਼ਾਂ ਦਾ ਬੀਬੀ ਹਰਸ਼ਰਨ ਕੌਰ ਵੱਲੋਂ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਸਕਾਰ ਕਰ ਦਿੱਤਾ ਗਿਆ, ਜਿਸ ਦੀ ਕੀਮਤ ਬਾਅਦ ਵਿੱਚ ਇਸ ਬੀਬੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।’’
ਇਹ ਸਭ ਸੁਣ ਕੇ ਪ੍ਰਭਨੀਤ ਸੁੰਨ ਜਿਹਾ ਹੋ ਗਿਆ ਸੀ। ਦਾਦੀ ਨੇ ਕਿਹਾ, ‘‘ਹੁਣ ਸੌਂ ਜਾ ਪੁੱਤ, ਕੱਲ੍ਹ ਤੂੰ ਸਕੂਲ ਵੀ ਜਾਣਾ ਹੈ।’’ ਪਰ ਪ੍ਰਭਨੀਤ ਦਾਦੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਬਾਰੇ ਵੀ ਪੁੱਛਣ ਲੱਗਾ ਕਿ ਉਨ੍ਹਾਂ ਨੂੰ ਕਿਉਂ ਸ਼ਹੀਦ ਕਰ ਦਿੱਤਾ ਗਿਆ ਸੀ?
ਦਾਦੀ ਨੇ ਦੱਸਣਾ ਸ਼ੁਰੂ ਕੀਤਾ, ‘‘ਗੰਗੂ ਪਾਪੀ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਕੋਲ ਫੜਾ ਦਿੱਤਾ ਤਾਂ ਉਨ੍ਹਾਂ ’ਤੇ ਬਹੁਤ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨੂੰ ਮਾਤਾ ਗੁਜਰੀ ਜੀ ਨਾਲ ਕੜਾਕੇ ਦੀ ਠੰਢ ਵਿੱਚ ਠੰਢੇ ਬੁਰਜ ’ਚ ਕੈਦ ਰੱਖਿਆ ਗਿਆ। ਸੂਬੇ ਦੀ ਕਚਹਿਰੀ ਵਿੱਚ ਉਨ੍ਹਾਂ ਨੂੰ ਬਹੁਤ ਲਾਲਚ ਦਿੱਤਾ ਗਿਆ ਕਿ ਉਹ ਇਸਲਾਮ ਕਬੂਲ ਕਰ ਲੈਣ। ਪਰ ਉਨ੍ਹਾਂ ਨੇ ਸੂਬਾ ਸਰਹਿੰਦ ਦੇ ਹਰ ਸਵਾਲ ਦਾ ਜਵਾਬ ਦੇ ਕੇ ਉਸ ਨੂੰ ਲਾਜਵਾਬ ਕਰ ਦਿੱਤਾ। ਸਾਹਿਬਜ਼ਾਦੇ ਚਾਹੁੰਦੇ ਤਾਂ ਸੂਬੇ ਦੀਆਂ ਗੱਲਾਂ ਮੰਨ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂ ਸਕਦੇ ਸੀ, ਪਰ ਉਨ੍ਹਾਂ ਸਿੱਖੀ ਦੀਆਂ ਕਦਰਾਂ ਕੀਮਤਾਂ ਲਈ ਸ਼ਹੀਦ ਹੋਣਾ ਚੁਣਿਆ। ਸ਼ਹੀਦ ਕਰਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਬਹੁਤ ਤਸੀਹੇ ਦਿੱਤੇ ਗਏ, ਉਨ੍ਹਾਂ ਨੂੰ ਗੁਲੇਲਾਂ ਨਾਲ ਪੱਥਰ ਬੰਨ੍ਹ ਕੇ ਮਾਰੇ ਗਏ। ਜ਼ਿੰਦਾ ਨੀਹਾਂ ਵਿੱਚ ਚਿਣ ਦਿੱਤਾ ਗਿਆ, ਉਨ੍ਹਾਂ ਦੀਆਂ ਨਾਜ਼ੁਕ ਗਰਦਨਾਂ ਨੂੰ ਖ਼ੰਜਰ ਨਾਲ ਕੱਟ ਦਿੱਤਾ ਗਿਆ।’’ ਦਾਦੀ ਮਾਂ ਨੇ ਦੱਸਿਆ ਕਿ ਸਰਹਿੰਦ ਦੀ ਉਸ ਦੀਵਾਰ ਦੀ ਹਰ ਇੱਟ ਖਾਲਸੇ ਦੇ ਗੌਰਵਮਈ ਇਤਿਹਾਸ ਦੀ ਗਵਾਹੀ ਭਰਦੀ ਹੈ। ਉੁਨ੍ਹਾਂ ਨੇ ਇਹ ਵੀ ਦੱਸਿਆ, ‘‘ਪੁੱਤ, ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਸੇ ਧਰਮ ਖ਼ਿਲਾਫ਼ ਨਹੀਂ ਸਗੋਂ ਜ਼ੁਲਮ ਦੇ ਖ਼ਿਲਾਫ਼ ਸੀ।’’
ਪ੍ਰਭਨੀਤ ਦੇ ਮਨ ਵਿੱਚ ਸੂਬਾ ਸਰਹਿੰਦ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਸੀ।
ਦਾਦੀ ਮਾਂ ਨੇ ਕਿਹਾ ਕਿ ਹੁਣ ਵੀ ਜਦੋਂ ਸੱਤਾ ਨੇ ਸਾਡੇ ਖੇਤਾਂ ’ਤੇ ਕਬਜ਼ਾ ਕਰਨ ਲਈ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਤਾਂ ਸਰਕਾਰ ਨੇ ਸੋਚਿਆ ਹੋਊ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਡਰਾ ਕੇ ਚੁੱਪ ਕਰਵਾ ਲੈਣਾ ਹੈ। ਪਰ ਹੋਇਆ ਉਹ ਜੋ ਸਾਰੀ ਦੁਨੀਆ ਨੇ ਦੇਖਿਆ। ਰਸਤੇ ’ਚ ਆਈ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕੀਤਾ। ਹਨੇਰੀਂ, ਮੀਂਹ, ਗਰਮੀ, ਸਰਦੀ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕੇ। ਜਦੋਂ ਕਿਸਾਨਾਂ ਵੱਲੋਂ ਆਪਣੇ ’ਤੇ ਜ਼ੁਲਮ ਕਰਨ ਵਾਲੇ ਸਿਪਾਹੀਆਂ ਨੂੰ ਲੰਗਰ ਛਕਾਉਂਦੇ ਦੇਖੀਦਾ ਸੀ ਤਾਂ ਮਾਣ ਹੁੰਦਾ ਸੀ ਕਿ ਅਜਿਹਾ ਸਿਰਫ਼ ਸਿੱਖ ਕੌਮ ਹੀ ਕਰ ਸਕਦੀ ਹੈ। ਗੱਲਾਂ ਸੁਣ ਕੇ ਪ੍ਰਭਨੀਤ ਦਾ ਦਿਲ ਰੋਣਹਾਕਾ ਜਿਹਾ ਹੋ ਗਿਆ, ਉਸ ਦਾ ਦਿਲ ਨਹੀਂ ਕਰ ਰਿਹਾ ਸੀ ਕਿ ਉਹ ਸਕੂਲ ਦੇ ਕ੍ਰਿਸਮਸ ਪ੍ਰੋਗਰਾਮ ਵਿੱਚ ਹਿੱਸਾ ਲਵੇ। ਉਸ ਨੇ ਦਾਦੀ ਮਾਂ ਨੂੰ ਕਿਹਾ ਕਿ ਉਸ ਦਾ ਦਿਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਮੱਥਾ ਟੇਕਣ ਨੂੰ ਕਰ ਰਿਹਾ ਹੈ। ਦਾਦੀ ਨੇ ਵਾਅਦਾ ਕੀਤਾ ਕਿ ਕੱਲ੍ਹ ਉਹ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਚੱਲਣਗੇ।
ਉਸ ਰਾਤ ਪ੍ਰਭਨੀਤ ਨੂੰ ਨੀਂਦ ਨਹੀਂ ਆ ਰਹੀ ਸੀ। ਅੱਜ ਤੱਕ ਉਹ ਸਪਾਈਡਰਮੈਨ ਨੂੰ ਆਪਣਾ ਆਦਰਸ਼ ਹੀਰੋ ਮੰਨਦਾ ਸੀ, ਪਰ ਅੱਜ ਦਾਦੀ ਮਾਂ ਕੋਲੋਂ ਸਾਹਿਬਜ਼ਾਦਿਆਂ ਦੀ ਕਹਾਣੀ ਸੁਣ ਕੇ ਸਾਹਿਬਜ਼ਾਦੇ ਹੀ ਉਸ ਨੂੰ ਅਸਲੀ ਸੁਪਰਹੀਰੋ ਲੱਗ ਰਹੇ ਸਨ, ਜਿਨ੍ਹਾਂ ਨੇ ਜ਼ੁਲਮ ਅੱਗੇ ਝੁਕਣ ਨਾਲੋਂ ਹੱਸ ਕੇ ਮੌਤ ਕਬੂਲ ਕਰ ਲਈ ਸੀ।
ਅਗਲੀ ਸਵੇਰ ਪ੍ਰਭਨੀਤ ਦੀ ਦਾਦੀ ਮਾਂ ਟੈਲੀਵਿਜ਼ਨ ’ਤੇ ਖ਼ਬਰਾਂ ਸੁਣ ਰਹੀ ਸੀ। ਖ਼ਬਰਾਂ ਵਿੱਚ ਦੱਸ ਰਹੇ ਸੀ ਕਿ ਪੰਜਾਬ ਦੀ ਜਵਾਨੀ ਨਸ਼ੇ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਦੇ ਪਿੰਡਾਂ ਵਿੱਚ ਨਸ਼ਾ ਆਮ ਵਿਕ ਰਿਹਾ ਹੈ ਤੇ ਨੌਜਵਾਨ ਨਸ਼ੇ ਲਈ ਚੋਰੀਆਂ ਕਰਨ ਲੱਗ ਗਏ ਹਨ। ਇਨ੍ਹਾਂ ਖ਼ਬਰਾਂ ਦਾ ਪ੍ਰਭਨੀਤ ਦੇ ਮਨ ’ਤੇ ਬਹੁਤ ਅਸਰ ਹੋ ਰਿਹਾ ਸੀ। ਦੁਪਹਿਰ ਨੂੰ ਪ੍ਰਭਨੀਤ ਤੇ ਉਸ ਦੀ ਦਾਦੀ ਮਾਂ ਬੱਸ ਵਿਚ ਬੈਠ ਕੇ ਚੰਡੀਗੜ੍ਹ ਤੋਂ ਫ਼ਤਹਿਗੜ੍ਹ ਸਾਹਿਬ ਵੱਲ ਚੱਲ ਪਏ। ਬੱਸ ਫ਼ਤਹਿਗੜ੍ਹ ਸਾਹਿਬ ਰੁਕੀ ਤਾਂ ਪ੍ਰਭਨੀਤ ਨੇ ਵੇਖਿਆ ਕਿ ਲੱਖਾਂ ਲੋਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਆਏ ਹੋਏ ਸਨ। ਥਾਂ ਥਾਂ ’ਤੇ ਲੰਗਰ ਲੱਗੇ ਹੋਏ ਸਨ। ਲੰਗਰਾਂ ਦੇ ਅੱਗੇ ਸੇਵਾਦਾਰ ਹੱਥ ਜੋੜ ਜੋੜ ਸੰਗਤਾਂ ਨੂੰ ਲੰਗਰ ਛਕਣ ਦੀ ਬੇਨਤੀ ਕਰ ਰਹੇ ਸਨ। ਪ੍ਰਭਨੀਤ ਲਈ ਇਹ ਸਭ ਕੁਝ ਨਵਾਂ ਸੀ। ਉਸ ਨੇ ਦਾਦੀ ਮਾਂ ਨੂੰ ਪੁੱਛਿਆ ਕਿ ਇਹ ਲੋਕ ਕੌਣ ਹਨ ਤੇ ਇੰਨੀ ਠੰਢ ਵਿੱਚ ਇੱਥੇ ਸੇਵਾ ਕਿਉਂ ਕਰ ਰਹੇ ਹਨ। ਦਾਦੀ ਮਾਂ ਨੇ ਪ੍ਰਭਨੀਤ ਨੂੰ ਦੱਸਿਆ, ‘‘ਪੁੱਤ, ਇਹ ਲੋਕ ਦੂਰ-ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਇੱਥੇ ਲੰਗਰਾਂ ਵਿੱਚ ਸੇਵਾ ਕਰਨ ਆਏ ਹੋਏ ਹਨ। ਇਹ ਦਿਨ ਰਾਤ ਜਾਗ ਕੇ ਇੱਥੇ ਦੂਰੋਂ ਨੇੜਿਓਂ ਆਈ ਸੰਗਤ ਦੀ ਸੇਵਾ ਕਰਦੇ ਹਨ। ਜਦੋਂ ਦੇਸ਼ ਦੇ ਬਾਕੀ ਲੋਕ ਕੜਾਕੇ ਦੀ ਠੰਢ ਵਿੱਚ ਰਜਾਈਆਂ ਵਿੱਚ ਬੈਠੇ ਹੁੰਦੇ ਹਨ ਤਾਂ ਇਹ ਸੇਵਾਦਾਰ ਠੰਢੀਆਂ ਰਾਤਾਂ ਵਿੱਚ ਨਿਸੁਆਰਥ ਸੇਵਾ ਕਰ ਰਹੇ ਹੁੰਦੇ ਹਨ। ਇਹ ਹਰ ਧਰਮ, ਹਰ ਜਾਤ ਦੇ ਲੋਕਾਂ ਦੀ ਸੇਵਾ ਕਰਦੇ ਹਨ।’’ ਪ੍ਰਭਨੀਤ ਨੇ ਦਾਦੀ ਨੂੰ ਪੁੱਛਿਆ ਕਿ ਟੈਲੀਵਿਜ਼ਨ ਤਾਂ ਖ਼ਬਰਾਂ ਵਿੱਚ ਕਹਿੰਦਾ ਰਹਿੰਦਾ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗ਼ੁਲਾਮ ਹੋ ਗਈ ਹੈ। ਦਾਦੀ ਮਾਂ ਨੇ ਕਿਹਾ, ‘‘ਅਜਿਹਾ ਕਹਿਣ ਵਾਲਿਆਂ ਨੂੰ ਇੱਥੇ ਆ ਕੇ ਵੇਖਣਾ ਚਾਹੀਦਾ ਹੈ ਕਿ ਸਾਡੀ ਜਵਾਨੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਜੇ ਤੱਕ ਨਹੀਂ ਭੁੱਲੀ। ਇਸ ਵਿਕਾਊ ਮੀਡੀਆ ਨੇ ਤਾਂ ਤੇਰੇ ਦਾਦੇ ਵਰਗੇ ਕਿਸਾਨਾਂ ਨੂੰ ਦਿੱਲੀ ’ਚ ਅਤਿਵਾਦੀ ਬਣਾ ਕੇ ਪੇਸ਼ ਕੀਤਾ ਸੀ।’’
ਇਸ ਤੋਂ ਬਾਅਦ ਪ੍ਰਭਨੀਤ ਤੇ ਦਾਦੀ ਮਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆ ਗਏ। ਭੋਰਾ ਸਾਹਿਬ ਵਿਖੇ ਦਾਦੀ ਮਾਂ ਨੇ ਪ੍ਰਭਨੀਤ ਨੂੰ ਦੱਸਿਆ, ‘‘ਪੁੱਤ, ਇਹ ਉਹ ਦੀਵਾਰ ਹੈ ਜਿਸ ਵਿੱਚ ਚਿਣ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਅੱਜ ਵੀ ਦੇਸ਼ ਵਿੱਚ ਸਮੇਂ ਦੇ ਹਾਕਮਾਂ ਦੁਆਰਾ ਝੂਠ ਦੀਆਂ ਦੀਵਾਰਾਂ ਉਸਾਰੀਆਂ ਜਾ ਰਹੀਆਂ ਹਨ ਪਰ ਸੱਚ ਨੂੰ ਕੋਈ ਵੀ ਦੀਵਾਰ ਛੁਪਾ ਨਹੀਂ ਸਕਦੀ। ਸਾਨੂੰ ਵੀ ਹਰ ਮੁਸੀਬਤ ਦਾ ਮੁਕਾਬਲਾ ਹਿੰਮਤ ਨਾਲ ਕਰਨਾ ਚਾਹੀਦਾ ਹੈ।’’
ਠੰਢੇ ਬੁਰਜ ’ਤੇ ਮੱਥਾ ਟੇਕਣ ਲੱਗੇ ਦਾਦੀ ਮਾਂ ਨੇ ਪ੍ਰਭਨੀਤ ਨੂੰ ਦੱਸਿਆ, ‘‘ਇੱਥੇ ਕਹਿਰ ਦੀ ਸਰਦੀ ਵਿੱਚ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨਾਲ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਜੋ ਉਹ ਠੰਢ ਤੋਂ ਡਰਦੇ ਸੂਬਾ ਸਰਹਿੰਦ ਦੀ ਸਰਕਾਰ ਦਾ ਡਰ ਮੰਨ ਕੇ ਆਪਣਾ ਦੀਨ ਈਮਾਨ ਛੱਡ ਦੇਣ। ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਵੱਡਿਆਂ ਨੇ ਜ਼ੁਲਮ ਅੱਗੇ ਝੁਕਣ ਨਾਲੋਂ ਮੌਤ ਕਬੂਲ ਕਰਨੀ ਬਿਹਤਰ ਸਮਝੀ ਹੈ।’’ ਪ੍ਰਭਨੀਤ ਦੇ ਦਿਲ ’ਤੇ ਦਾਦੀ ਮਾਂ ਦੀਆਂ ਗੱਲਾਂ ਦਾ ਬਹੁਤ ਅਸਰ ਹੋ ਰਿਹਾ ਸੀ। ਹਨੇਰਾ ਹੋ ਰਿਹਾ ਸੀ। ਦਾਦੀ ਤੇ ਪ੍ਰਭਨੀਤ ਵਾਪਸ ਚੰਡੀਗੜ੍ਹ ਵਾਲੀ ਬੱਸ ਵਿੱਚ ਬੈਠ ਗਏ। ਦਾਦੀ ਜੀ ਦੱਸ ਰਹੇ ਸਨ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੇ ਜ਼ਾਲਮ ਸੂਬੇ ਨੂੰ ਮਾਰ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਤਾਂ ਸਾਰੇ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਨੂੰ ਸਿਜਦਾ ਕੀਤਾ ਸੀ। ਇਹ ਗੱਲਾਂ ਕਰਦੇ ਦਾਦੀ ਪੋਤਾ ਘਰ ਆ ਗਏ।
ਇਸ ਫੇਰੀ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਸਾਰੇ ਦੇਸ਼ ਵਿੱਚ ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਟੈਲੀਵਿਜ਼ਨ ਵਿੱਚ ਕਿਸਾਨਾਂ ਦੇ ਜੇਤੂ ਅੰਦੋਲਨ ਦੀਆਂ ਖ਼ਬਰਾਂ ਦਿਖਾਈਆਂ ਜਾ ਰਹੀਆਂ ਸਨ ਤਾਂ ਪ੍ਰਭਨੀਤ ਦੀਆਂ ਅੱਖਾਂ ਅੱਗੇ ਦਾਦੀ ਮਾਂ ਦੀ ਸੁਣਾਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸੱਚੀ ਕਹਾਣੀ ਘੁੰਮ ਰਹੀ ਸੀ ਅਤੇ ਉਸ ਨੂੰ ਕਿਸਾਨ ਉਨ੍ਹਾਂ ਦੇ ਵਾਰਸ ਜਾਪੇ।
ਸੰਪਰਕ: 82848-88700

