ਕਹਾਣੀ: ਕੰਮੋ
ਕੰਮੋ ਹਾਲੇ ਮਸਾਂ ਅੱਠ ਕੁ ਸਾਲ ਦੀ ਸੀ ਕਿ ਉਸ ਦੇ ਸਿਰੋਂ ਮਾਤਾ-ਪਿਤਾ ਦਾ ਆਸਰਾ ਉੱਠ ਗਿਆ। ਦੁਨੀਆਦਾਰੀ ਤੋਂ ਅਣਜਾਣ ਕੰਮੋ ਨੂੰ ਤਾਂ ਹਾਲੇ ਘਰ ਦੀਆਂ ਕੰਧਾਂ ਤੋਂ ਬਾਹਰ ਵੱਸਦੀ ਦੁਨੀਆ ਦੀ ਸਮਝ ਹੀ ਨਹੀਂ ਸੀ। ਜਿਸ ਘਰ ਕੰਮੋ ਦੀ...
ਕੰਮੋ ਹਾਲੇ ਮਸਾਂ ਅੱਠ ਕੁ ਸਾਲ ਦੀ ਸੀ ਕਿ ਉਸ ਦੇ ਸਿਰੋਂ ਮਾਤਾ-ਪਿਤਾ ਦਾ ਆਸਰਾ ਉੱਠ ਗਿਆ। ਦੁਨੀਆਦਾਰੀ ਤੋਂ ਅਣਜਾਣ ਕੰਮੋ ਨੂੰ ਤਾਂ ਹਾਲੇ ਘਰ ਦੀਆਂ ਕੰਧਾਂ ਤੋਂ ਬਾਹਰ ਵੱਸਦੀ ਦੁਨੀਆ ਦੀ ਸਮਝ ਹੀ ਨਹੀਂ ਸੀ। ਜਿਸ ਘਰ ਕੰਮੋ ਦੀ ਮਾਂ ਕੰਮ ਕਰਿਆ ਕਰਦੀ ਸੀ, ਉਸੇ ਘਰ ਹੁਣ ਨਿੱਕੇ-ਮੋਟੇ ਕੰਮਾਂ ਲਈ ਉਸ ਨੂੰ ਰੱਖ ਲਿਆ ਗਿਆ ਸੀ। ਇਹ ਪਰਿਵਾਰ ਪੰਚ ਸੁਖਦੇਵ ਸਿੰਘ ਦਾ ਸੀ। ਪਰਿਵਾਰ ਦੇ ਜੀਅ ਕੰੰਮੋ ਨੂੰ ਨਿੱਕੇ ਨਿੱਕੇ ਕੰਮ ਆਖਦੇ ਤੇ ਉਹ ਜਿਵੇਂ ਜਿਵੇਂ ਕੋਈ ਆਖਦਾ, ਉਵੇਂ ਉਵੇਂ ਕਰਦੀ ਰਹਿੰਦੀ। ਬਜ਼ੁਰਗ ਬੇਬੇ ਨੂੰ ਪਾਣੀ ਫੜਾਉਂਦੀ, ਵਿਹੜਾ ਸੁੰਭਰ ਦਿੰਦੀ, ਬਾਬਾ ਜੀ ਨੂੰ ਰੋਟੀ ਫੜਾ ਆਉਂਦੀ, ਸੁਖਦੇਵ ਦੀ ਪਤਨੀ ਹਰਿੰਦਰ ਉਸ ਦਾ ਬਹੁਤ ਖ਼ਿਆਲ ਰੱਖਦੀ ਸੀ। ਚਾਹੇ ਕੰਮੋ ਇਸ ਘਰ ਵਿੱਚ ਕੰਮ ਕਰਨ ਲਈ ਹੀ ਆਈ ਸੀ, ਪਰ ਇੱਥੇ ਉਸ ਨੂੰ ਪਿਆਰ ਤੇ ਨਿੱਘ ਦੋਵੇਂ ਹੀ ਮਿਲ ਰਹੇ ਸਨ।
ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਕੰਮੋ ਕੰਮ ਕਰਦੀ ਕਰਦੀ ਘਰ ਦਾ ਸਾਰਾ ਕੰਮ ਸਿੱਖ ਗਈ। ਉਹ ਕੰਮ ਸਾਰੇ ਹੀ ਕਰ ਲੈਂਦੀ ਸੀ, ਪਰ ਨਿੱਕੀ ਉਮਰੇ ਮਾਂ-ਪਿਓ ਦੇ ਹੌਸਲੇ ਤੋਂ ਸੱਖਣੀ ਕੰਮੋ ਸਿਰਫ਼ ਕੰਮ ਦੀ ਗੱਲ ਹੀ ਕਰਦੀ ਸੀ। ਉਸ ਨੂੰ ਕਦੇ ਕਿਸੇ ਨੇ ਖਿੜਖਿੜਾ ਕੇ ਹੱਸਦਿਆਂ ਨਹੀਂ ਸੀ ਸੁਣਿਆ। ਜਦੋਂ ਉਸ ਨੂੰ ਸੋਲਵਾਂ ਸਾਲ ਚੜ੍ਹਿਆ ਤਾਂ ਕਿਸੇ ਨੇ ਨਾਲ ਦੇ ਪਿੰਡ ਰਹਿੰਦੇ ਗਗਰੀ ਬੱਕਰੀਆਂ ਵਾਲੇ ਮੁੰਡੇ ਦੀ ਦੱਸ ਪਾਈ। ਗਗਰੀ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਪਹਿਲੇ ਤਿੰਨੇ ਵਿਆਹੇ ਗਏ ਸਨ। ਗਗਰੀ ਦਾ ਪਿਓ ਵੀ ਕਈ ਸਾਲ ਪਹਿਲਾਂ ਗੁਜ਼ਰ ਗਿਆ ਸੀ, ਪਿੱਛੋਂ ਮਾਂ ਨੇ ਤਿੰਨੇ ਲੜਕੇ ਵਿਆਹੇ ਸਨ। ਘਰ ਵਿੱਚ ਗਾਂ, ਮੱਝ ਤੇ ਕੁਝ ਬੱਕਰੀਆਂ ਸਨ। ਸੁਖਦੇਵ ਸਿੰਘ ਦੇ ਪਰਿਵਾਰ ਨੂੰ ਰਿਸ਼ਤਾ ਸਹੀ ਜਾਪਿਆ। ਮਹੀਨੇ ਬਾਅਦ ਕੰਮੋ ਦਾ ਵਿਆਹ ਕਰ ਦਿੱਤਾ ਗਿਆ।
ਹੁਣ ਤੱਕ ਹਰਿੰਦਰ ਦੇ ਪਿਆਰ ਤੇ ਅਪਣੱਤ ਵਿੱਚ ਰਹੀ ਕੰਮੋ ਨੂੰ ਅੱਗੋਂ ਡਾਢੀਆਂ ਜਠਾਣੀਆਂ ਅਤੇ ਕੌੜੇ ਸੁਭਾਅ ਵਾਲੀ ਸੱਸ ਟੱਕਰ ਗਈ ਸੀ। ਕੰਮੋ ਦੇ ਤਾਂ ਮੂੰਹ ਵਿੱਚ ਜ਼ੁਬਾਨ ਹੀ ਨਹੀਂ ਸੀ। ਤਿੰਨੇ ਜਠਾਣੀਆਂ ਤੇ ਸੱਸ ਰਲ਼ ਕੇ ਉਸ ’ਤੇ ਰੋਅਬ ਪਾਉਂਦੀਆਂ ਤੇ ਘਰ ਦਾ ਲਗਪਗ ਸਾਰਾ ਹੀ ਕੰਮ ਉਸ ਤੋਂ ਕਰਵਾਉਂਦੀਆਂ। ਨਿਆਣੀ ਉਮਰ ਦੀ ਕੰਮੋ ਇਨ੍ਹਾਂ ਦੇ ਅੜਿੱਕੇ ਆ ਗਈ ਸੀ। ਮਾਪਿਆਂ ਤੋਂ ਸੱਖਣੀ ਕੰਮੋ ਗਗਰੀ ਆਸਰੇ ਇਸ ਘਰ ਵਿੱਚ ਆਈ ਸੀ, ਪਰ ਗਗਰੀ ਤਾਂ ਆਪ ਆਪਣੇ ਭਰਾ-ਭਰਜਾਈਆਂ ਪਿੱਛੇ ਲੱਗ ਕੇ ਉਸ ਵਿੱਚੋਂ ਕਮੀਆਂ ਕੱਢਣ ਲੱਗ ਪਿਆ ਸੀ। ਕਦੇ ਰੋਟੀ ਬਣਾਉਂਦੀ ਤੋਂ ਫੁਲਕਾ ਸੜ ਜਾਂਦਾ ਤਾਂ ਗਗਰੀ ਰੋਟੀ ਉਤਾਂਹ ਨੂੰ ਚੁੱਕ ਚੁੱਕ ਉਸ ਨੂੰ ਦਿਖਾਉਂਦਾ ਹੋਇਆ ਗਾਲ੍ਹਾਂ ਕੱਢਣ ਲੱਗ ਜਾਂਦਾ। ਦਾਲ-ਸਬਜ਼ੀ ਵਿੱਚ ਮਾੜਾ ਮੋਟਾ ਲੂਣ ਉੱਪਰ ਥੱਲੇ ਹੋ ਜਾਂਦਾ ਤਾਂ ਮੁੜ ਕੰਮੋ ਦੀ ਸ਼ਾਮਤ ਆ ਜਾਂਦੀ। ਪਹਿਲਾਂ ਗਗਰੀ ਉਸ ਨੂੰ ਕੁੱਟਦਾ ਤੇ ਮਗਰੋਂ ਵਿਚੋਲਿਆਂ ਘਰ ਵੀ ਉਲਾਂਭਾ ਦੇ ਕੇ ਆਉਂਦਾ।
ਕੰਮੋ ਦੇ ਦਿਲ ਦੀਆਂ ਜਾਣਨ ਵਾਲਾ ਕੋਈ ਨਹੀਂ ਸੀ। ਵਿਚੋਲੇ ਜਦੋਂ ਵੀ ਆਉਂਦੇ ਤਾਂ ਕੰਮੋ ਨੂੰ ‘ਸਿਆਣੀ ਬਣ ਕੇ ਘਰ ਸੰਭਾਲਣ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਖ਼ੁਸ਼ ਰੱਖਣ’ ਦੀ ਸਿੱਖਿਆ ਦੇ ਜਾਂਦੇ। ਉਹ ਆਖਦੇ ਕਿ ਬੜੀ ਮੁਸ਼ਕਲ ਨਾਲ ਕੰਮੋ ਨੂੰ ਹੁਣ ਜੇ ਇਹ ਘਰ ਤੇ ਛੱਤ ਮਿਲੀ ਹੈ ਤਾਂ ਉਸ ਨੂੰ ਇਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਫਿਰ ਵੀ ਗਗਰੀ ਕੰਮੋ ਨੂੰ ਸਿੱਧਰੀ ਗਰਦਾਨ ਕੇ ਨਿੱਤ ਕੋਈ ਨਾ ਕੋਈ ਲੜਾਈ ਛੇੜੀ ਰੱਖਦਾ।
ਕੰਮੋ ਨੂੰ ਹਰ ਨਿੱਕੀ ਨਿੱਕੀ ਗੱਲੋਂ ਗਾਲ੍ਹਾਂ ਤੇ ਮਿਹਣੇ ਮਿਲਦੇ। ਉਸ ਦੇ ਹਰ ਕੰਮ ਵਿੱਚ ਕਮੀਆਂ ਕੱਢੀਆਂ ਜਾਂਦੀਆਂ। ਕੰਮੋ ਚੁੱਪ-ਚਾਪ ਆਪਣੇ ਸਹੁਰੇ ਪਰਿਵਾਰ ਦੇ ਹਰ ਜੀਅ ਦੀ ਸੇਵਾ ਕਰਦੀ ਰਹੀ। ਕੁਝ ਮਹੀਨਿਆਂ ਬਾਅਦ ਕੰਮੋ ਨੂੰ ਦਿਨ ਚੜ੍ਹ ਗਏ। ਇਹ ਜਾਣਦੇ ਹੋਏ ਵੀ ਕਿ ਕੰਮੋ ਲਈ ਹੁਣ ਬਹੁਤਾ ਭਾਰਾ ਕੰਮ ਕਰਨਾ ਚੰਗਾ ਨਹੀਂ, ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਣਾ ਜਾਰੀ ਰਿਹਾ। ਸੁੱਕ ਕੇ ਤੀਲ੍ਹਾ ਹੋਈ ਕੰਮੋ ਨੂੰ ਵੇਖ ਕੇ ਪਤਾ ਨਹੀਂ ਸੀ ਲੱਗ ਸਕਦਾ ਕਿ ਉਸ ਨੂੰ ਨੌਵਾਂ ਮਹੀਨਾ ਚੜ੍ਹਿਆ ਹੋਇਆ ਹੈ। ਕੰਮੋ ਦੀ ਇਸ ਦੁਰਦਸ਼ਾ ਨੂੰ ਵੇਖ ਕੇ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਗੁਰਮੇਲ ਕੌਰ ਦਾ ਦਿਲ ਬਹੁਤ ਦੁਖੀ ਹੁੰਦਾ। ਉਸ ਕਈ ਵਾਰ ਆਪਣੇ ਪਤੀ ਅੱਗੇ ਇਹ ਚਿੰਤਾ ਜ਼ਾਹਰ ਕੀਤੀ, ਪਰ ਕਿਸੇ ਦੇ ਘਰ ਵਿੱਚ ਦਖ਼ਲ ਦੇਣ ਵਾਲੀ ਗੱਲ ਉਹ ਨਹੀਂ ਸੀ ਕਰਨਾ ਚਾਹੁੰਦੇ। ਜੇ ਕਦੇ ਗੁਰਮੇਲ ਕੌਰ ਕੰਮੋ ਦੀਆਂ ਜਠਾਣੀਆਂ ਜਾਂ ਸੱਸ ਕੋਲ ਉਸ ਨਾਲ ਨਰਮਾਈ ਵਰਤਣ ਦੀ ਗੱਲ ਛੇੜ ਵੀ ਦਿੰਦੀ ਤਾਂ ਅੱਗੋਂ ਉਹ ਕੰਮੋ ਦੀਆਂ ਵੀਹ ਕਮੀਆ ਗਿਣਾ ਕੇ ਉਸ ਨੂੰ ਗਾਲ੍ਹਾਂ ਦੇਣ ਲੱਗਦੇ। ਗੁਰਮੇਲ ਕੌਰ ਨੂੰ ਇਹ ਵੀ ਲੱਗਣ ਲੱਗ ਪਿਆ ਸੀ ਕਿ ਜਦੋਂ ਕਦੇ ਉਹ ਗਗਰੀ ਨੂੰ ਸਮਝਾਉਣ ਦਾ ਯਤਨ ਕਰਦੀ ਸੀ ਤਾਂ ਉਹ ਘਰ ਜਾ ਕੇ ਸਗੋਂ ਕੰਮੋ ਨੂੰ ਹੋਰ ਕੁੱਟਦਾ ਸੀ। ਹਾਰ ਕੇ ਗੁਰਮੇਲ ਕੌਰ ਨੇ ਨਾ ਬੋਲਣ ਵਿੱਚ ਹੀ ਭਲਾਈ ਸਮਝੀ।
ਕੰਮੋ ਦੇ ਮੁੰਡਾ ਹੋਇਆ, ਪਰ ਮਾੜੇ ਭਾਗਾਂ ਨੂੰ ਕੁਝ ਪਲ ਸਾਹ ਲੈ ਕੇ ਸਦਾ ਲਈ ਸੌਂ ਗਿਆ। ਛਿਲੇ ਵਿੱਚ ਤੜਪ ਰਹੀ ਕੰਮੋ ਦਾ ਦੁੱਖ ਵੰਡਾਉਣ ਵਾਲਾ ਉਸ ਘਰ ਵਿੱਚ ਕੋਈ ਵੀ ਨਹੀਂ ਸੀ। ਜੇਠ-ਜਠਾਣੀਆਂ ਲਈ ਉਸ ਦੀ ਜਾਨ ਦਾ ਕੋਈ ਮੁੱਲ ਨਹੀਂ ਸੀ। ਦਵਾ-ਦਾਰੂ ਤਾਂ ਕੀ ਦਵਾਉਣੀ ਸੀ, ਕੋਈ ਸਮੇਂ ਸਿਰ ਉਸ ਤੱਕ ਰੋਟੀ ਵੀ ਪੁੱਜਦੀ ਨਹੀਂ ਸੀ ਕਰਦਾ। ਗਗਰੀ ਦਾਰੂ ਡੱਕ ਕੇ ਗਈ ਰਾਤ ਘਰ ਵੜਦਾ ਤੇ ਆਉਂਦੇ ਸਾਰ ਸਿਰ ਸੁੱਟ ਕੇ ਸੌਂ ਜਾਂਦਾ। ਦਸਵੇਂ ਦਿਨ ਹੀ ਕੰਮੋ ਨੂੰ ਗੋਹਾ-ਕੂੜਾ ਸੁੰਭਰਨ ਲਾ ਦਿੱਤਾ ਗਿਆ। ਘਰ ਦਾ ਕੋਈ ਜੀਅ ਉਸ ਨਾਲ ਗੱਲਬਾਤ ਨਹੀਂ ਸੀ ਕਰਦਾ। ਉਸ ਤੋਂ ਬੋਅ ਆਉਂਦੀ ਕਹਿ ਕੇ ਰਸੋਈ ਵਿੱਚ ਉਸ ਦਾ ਵੜਨਾ ਬੰਦ ਕਰ ਦਿੱਤਾ ਗਿਆ। ਗਗਰੀ ਨੂੰ ਤਾਂ ਰਸੋਈ ਵਿੱਚ ਬਿਠਾ ਕੇ ਗਰਮ ਗਰਮ ਰੋਟੀ ਖੁਆਈ ਜਾਂਦੀ, ਪਰ ਕੰਮੋ ਲਈ ਇੱਕ ਭਾਂਡੇ ਵਿੱਚ ਪਾ ਕੇ ਰੋਟੀ ਰਸੋਈ ਤੋਂ ਬਾਹਰ ਕੰਧ ਕੋਲ ਇੰਜ ਧਰ ਦਿੱਤੀ ਜਾਂਦੀ, ਜਿਵੇਂ ਕਿਸੇ ਜਾਨਵਰ ਨੇ ਖਾਣੀ ਹੋਵੇ।
ਕੰਮੋ ਆਪਣਾ ਦੁੱਖ ਅੰਦਰ ਹੀ ਅੰਦਰ ਜਰਦੀ ਹੋਈ ਦਿਨਕਟੀ ਕਰ ਰਹੀ ਸੀ। ਇਸ ਦੇ ਬਾਵਜੂਦ ਘਰਦਿਆਂ ਦਾ ਗੁੱਸਾ ਉਸ ’ਤੇ ਫੁੱਟ ਪੈਂਦਾ। ਗਗਰੀ ਵੱਲੋਂ ਉਸ ਦੀ ਕੁੱਟਮਾਰ ਹੋਰ ਵਧ ਗਈ ਸੀ। ਵਿਚੋਲਿਆਂ ਤੱਕ ਪੁੱਜਣ ਵਾਲੀ ਉਲਾਂਭਿਆਂ ਦੀ ਫਹਿਰਿਸਤ ਵੀ ਲੰਮੀ ਹੁੰਦੀ ਜਾ ਰਹੀ ਸੀ। ਅਖੀਰ ਇੱਕ ਦਿਨ ਵਿਚੋਲਿਆਂ ਨੇ ਸਰਦਾਰ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਇਸ ਬਾਰੇ ਦੱਸਦਿਆਂ ਗਗਰੀ ਦੇ ਘਰ ਆ ਕੇ ਗੱਲ ਕਰਨ ਲਈ ਕਿਹਾ। ਸੁਖਦੇਵ ਸਿੰਘ ਤੇ ਹਰਿੰਦਰ ਕੌਰ ਜਦੋਂ ਗਗਰੀ ਦੇ ਘਰ ਪਹੁੰਚੇ ਤਾਂ ਪ੍ਰਾਹੁਣਿਆਂ ਨੂੰ ਆਇਆ ਦੇਖ ਗੁਰਮੇਲ ਕੌਰ ਸਮਝ ਗਈ ਤੇ ਮੌਕਾ ਵੇਖ ਉਸ ਨੇ ਹਰਿੰਦਰ ਕੌਰ ਨੂੰ ਕੰਮੋ ਦੀ ਹੁੰਦੀ ਦੁਰਦਸ਼ਾ ਆਖ ਸੁਣਾਈ।
ਸੁਖਦੇਵ ਸਿੰਘ ਤੇ ਹਰਿੰਦਰ ਕੌਰ ਨੇ ਜਦੋਂ ਕੰਮੋ ਨੂੰ ਵੇਖਿਆ ਤਾਂ ਉਨ੍ਹਾਂ ਤੋਂ ਬਰਦਾਸ਼ਤ ਨਾ ਹੋਇਆ। ਉਨ੍ਹਾਂ ਸਾਫ਼ ਆਖ ਦਿੱਤਾ, ‘‘ਭਾਈ ਫ਼ੈਸਲਾ ਕਰ ਲਓ, ਸਾਨੂੰ ਕੰਮੋ ਦੀਆਂ ਦੋ ਰੋਟੀਆਂ ਨਹੀਂ ਦੁਖਦੀਆਂ। ਅਸੀਂ ਤਾਂ ਸੋਚਿਆ ਸੀ ਕਿ ਬੱਚੀ ਮਾਂ-ਪਿਓ ਤੋਂ ਵਾਹਰੀ ਹੈ, ਚੱਲੋ ਇਸ ਦਾ ਆਪਣਾ ਘਰ ਵੱਸ ਜਾਵੇਗਾ। ਪਰ ਜੇ ਤੁਸੀਂ ਨਹੀਂ ਰੱਖ ਸਕਦੇ ਤਾਂ ਅਸੀਂ ਇਸ ਨੂੰ ਅੱਜ ਹੀ ਨਾਲ ਲੈ ਜਾਂਦੇ ਹਾਂ।’’ ਕੰਮੋ ਨੂੰ ਰੋਕਣ ਵਾਲਾ ਤਾਂ ਉਸ ਪਰਿਵਾਰ ਵਿੱਚ ਪਹਿਲਾਂ ਹੀ ਕੋਈ ਨਹੀਂ ਸੀ। ਸੋ ਸੁਖਦੇਵ ਸਿੰਘ ਤੇ ਹਰਿੰਦਰ ਕੌਰ ਉਸ ਨੂੰ ਆਪਣੇ ਨਾਲ ਲੈ ਗਏ।
ਹਾਲੇ ਛੇ ਕੁ ਮਹੀਨੇ ਹੀ ਲੰਘੇ ਸਨ ਕਿ ਗੁਰਦੁਆਰੇ ਵਾਲੇ ਭਾਈ ਜੀ ਨੇ ਸੁਖਦੇਵ ਸਿੰਘ ਸਾਹਮਣੇ ਇੱਕ ਰਿਸ਼ਤੇ ਦੀ ਗੱਲ ਰੱਖੀ। ਰਿਸ਼ਤਾ ਪਿੰਡ ਦੇ ਹੀ ਸਾਬਕਾ ਫ਼ੌਜੀ ਨਿਹਾਲ ਸਿੰਘ ਦਾ ਸੀ। ਫੀਲਡ ਵਿੱਚ ਕੰਮ ਕਰਦਿਆਂ ਵਾਪਰੇ ਹਾਦਸੇ ਦੌਰਾਨ ਨਿਹਾਲ ਸਿੰਘ ਦੀ ਇੱਕ ਅੱਖ ਦੀ ਰੌਸ਼ਨੀ ਲਗਪਗ ਖ਼ਤਮ ਹੋ ਗਈ ਸੀ, ਜਿਸ ਕਰਕੇ ਉਸ ਨੂੰ 25 ਸਾਲਾਂ ਦੀ ਉਮਰ ਵਿੱਚ ਹੀ ਫ਼ੌਜ ਦੀ ਨੌਕਰੀ ਤੋਂ ਸੇਵਾਮੁਕਤ ਹੋਣਾ ਪਿਆ ਸੀ। ਨਿਹਾਲ ਸਿੰਘ ਦਾ ਸੁਭਾਅ ਠਰੰਮੇ ਵਾਲਾ ਸੀ। ਸੁਖਦੇਵ ਸਿੰਘ ਨੇ ਰਿਸ਼ਤੇ ਬਾਰੇ ਕੰਮੋ ਨੂੰ ਦੱਸਦਿਆਂ ਉਸ ਦੀ ਰਾਏ ਪੁੱਛੀ। ਕੰਮੋ ਨੇ ਤਾਂ ਆਪਣੀਆਂ ਸਾਰੀਆਂ ਆਸਾਂ ਹੀ ਮਾਰ ਲਈਆਂ ਸਨ। ਸੋਚ-ਵਿਚਾਰ ਕੇ ਵਿਆਹ ਕਰ ਦਿੱਤਾ ਗਿਆ। ਨਿਹਾਲ ਤੇ ਕੰਮੋ ਦੋਵੇਂ ਹੀ ਸੁਭਾਅ ਦੇ ਸਰਲ ਤੇ ਹਲੀਮੀ ਵਾਲੇ ਸਨ। ਨਿਹਾਲ ਘਰ ਦਾ ਖਰਚਾ ਤੋਰਨ ਲਈ ਇੱਕ ਫੈਕਟਰੀ ’ਚ ਕੰਮ ਕਰਨ ਜਾਂਦਾ ਸੀ ਤੇ ਕੁਝ ਉਸ ਨੂੰ ਪੈਨਸ਼ਨ ਵੀ ਆਉਂਦੀ ਸੀ। ਕੰਮੋ ਨੇ ਦਿਨਾਂ ਵਿੱਚ ਹੀ ਨਿਹਾਲ ਦੇ ਉਜਾੜ ਪਏ ਮਕਾਨ ਨੂੰ ਰਸਦਾ-ਵਸਦਾ ਘਰ ਲੱਗਣ ਲਾ ਦਿੱਤਾ ਸੀ। ਦੋਵਾਂ ਦੀ ਜ਼ਿੰਦਗੀ ਇੱਕ-ਦੂਜੇ ਆਸਰੇ ਵਧੀਆ ਤੁਰਨ ਲੱਗ ਪਈ ਸੀ। ਹੁਣ ਕਈ ਵਾਰ ਕੰਮੋ ਗੱਲਾਂ ਕਰਦੀ ਕਰਦੀ ਹੱਸ ਵੀ ਪੈਂਦੀ ਸੀ। ਇਹ ਵੇਖ ਸੁਖਦੇਵ ਸਿੰਘ ਤੇ ਹਰਿੰਦਰ ਕੌਰ ਦਾ ਮਨ ਵੀ ਖ਼ੁਸ਼ ਸੀ। ਵੇਖਦੇ ਵੇਖਦੇ ਤਿੰਨ ਸਾਲ ਲੰਘ ਗਏ ਤੇ ਕੰਮੋ ਦੇ ਘਰ ਦੋ ਨਿੱਕੇ ਬਾਲ ਵੀ ਆ ਗਏ। ਪਹਿਲਾਂ ਮੁੰਡਾ ਹੋਇਆ ਤੇ ਮਗਰੋਂ ਗੁੱਡੀ। ਹੁਣ ਕੰਮੋ ਦਾ ਆਪਣਾ ਘਰ ਸੀ, ਪਰਿਵਾਰ ਸੀ, ਗ੍ਰਹਿਸਥੀ ਸੀ।
ਉੱਧਰ ਕੰਮੋ ਦੇ ਜਾਣ ਮਗਰੋਂ ਹੌਲੀ ਹੌਲੀ ਗਗਰੀ ਦੀ ਘਰ ਵਿੱਚ ਪੁੱਛ-ਗਿੱਛ ਘਟ ਗਈ। ਹੁਣ ਦਾਰੂ ਡੱਕ ਕੇ ਆਏ ਗਗਰੀ ਨੂੰ ਰਸੋਈ ਵਿੱਚ ਰੋਟੀਆਂ ਦਾ ਭਰਿਆ ਛਾਬਾ ਨਹੀਂ ਸੀ ਮਿਲਦਾ। ਡੰਗਰ ਪਸ਼ੂਆਂ ਨੂੰ ਸੰਭਾਲ ਕੇ ਥੱਕ ਹਾਰ ਕੇ ਜਦੋਂ ਘਰ ਵੜਦਾ ਤਾਂ ਹੁਣ ਉਸ ਨੂੰ ਵੀ ਰੋਟੀ ਰਸੋਈ ਨਾਲ ਕੰਧ ਕੋਲ ਰੱਖੀ ਪਈ ਮਿਲਦੀ। ਸਮਾਂ ਉਸ ਨੂੰ ਇਹ ਸਮਝਾ ਚੁੱਕਿਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚੋਂ ਕੀ ਗੁਆ ਲਿਆ ਹੈ। ਇੱਕ ਦਿਨ ਉਹ ਵਿਚੋਲਿਆਂ ਦੇ ਘਰ ਗਿਆ ਤੇ ਮਿੰਨਤਾਂ ਕਰਦਿਆਂ ਆਖਣ ਲੱਗਾ, ‘‘ਬਾਈ, ਚੱਲ ਆਪਾਂ ਕੰਮੋ ਨੂੰ ਮਨਾ ਕੇ ਲੈ ਆਈਏ। ਮੈਥੋਂ ਗ਼ਲਤੀ ਹੋ ਗਈ ਜੋ ਮੈਂ ਉਸ ਨੂੰ ਘਰੋਂ ਜਾਣ ਦਿੱਤਾ। ਹੁਣ ਮੈਂ ਉਸ ਨੂੰ ਮੁੜ ਲੈ ਆਉਣਾ ਹੈ ਤੇ ਕਦੇ ਜਾਣ ਨਹੀਂ ਦਿਆਂਗਾ।’’
ਗਗਰੀ ਦੀ ਇਹ ਗੱਲ ਸੁਣ ਵਿਚੋਲੇ ਹਰਮੇਲ ਸਿੰਘ ਨੇ ਕਿਹਾ, ‘‘ਓਏ ਗਗਰੀਆ, ਸਮਾਂ ਕਦੇ ਇੱਕੋ ਜਿਹਾ ਨ੍ਹੀਂ ਰਹਿੰਦਾ। ਇਹ ਤਾਂ ਜਦੋਂ ਹੱਥ ਵਿੱਚ ਹੋਵੇ, ਉਦੋਂ ਹੀ ਸੰਭਾਲਣ ਦੀ ਲੋੜ ਹੁੰਦੀ ਐ। ਤੂੰ ਕੀ ਸੋਚਦਾ ਏਂ ਬਈ ਕੰਮੋ ਹਾਲੇ ਤੀਕ ਬੈਠੀ ਤੈਨੂੰ ਈ ਉਡੀਕ ਰਹੀ ਏ? ਓ ਮੂਰਖਾ, ਉਹ ਤਾਂ ਹੁਣ ਘੁੱਗ ਵੱਸਦੀ ਏ... ਪਹਿਲਾਂ ਵਾਂਗ ਟੁੱਕਰਾਂ ਨੂੰ ਨ੍ਹੀਂ ਤਰਸਦੀ। ਹੁਣ ਤਾਂ ਉਹਦੇ ਘਰੋਂ ਤੇਰੇ ਵਰਗੇ ਵੀਹ ਗ਼ਰੀਬ ਗੁਰਬੇ ਰੋਟੀ ਖਾ ਕੇ ਢਿੱਡ ਭਰਦੇ ਨੇ। ਮੈਂ ਤਾਂ ਆਖਦਾਂ ਕੰਮੋ ਦੀ ਕਿਸਮਤ ਚੰਗੀ ਸੀ ਜੋ ਵੇਲੇ ਸਿਰ ਤੇਰੇ ਵਰਗੇ ਤੋਂ ਛੁਟਕਾਰਾ ਮਿਲ ਗਿਆ।’’ ਇਹ ਸਭ ਸੁਣ ਗਗਰੀ ਨੇ ਨੀਵੀਂ ਪਾ ਲਈ ਤੇ ਚੁੱਪ ਕਰਕੇ ਛਿੱਤਰ ਘੜੀਸਦਾ ਹੋਇਆ ਆਪਣੇ ਘਰ ਵੱਲ ਤੁਰ ਪਿਆ।
ਸੰਪਰਕ: 99889-01324

