ਕਹਾਣੀ: ਅਰਦਾਸ ਵਿੱਚ ਜੁੜੇ ਹੱਥ
ਜਰਮਨ ਕਹਾਣੀ ਇਹ ਗੱਲ ਤੁਸੀਂ ਬੜੀ ਵਾਰ ਸੁਣੀ ਹੋਵੇਗੀ ਕਿ ਕਾਮਯਾਬੀ ਦਾ ਰਾਜ਼ ਸਖ਼ਤ ਮਿਹਨਤ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗੀ ਹਾਂ ਕਿ ਕਾਮਯਾਬੀ ਦਾ ਇੱਕ ਹੋਰ ਰਾਜ਼ ਹੈ: ਕੁਰਬਾਨੀ। ਜਿਹੜੀ ਸੱਚੀ ਕਹਾਣੀ ਹੁਣ ਤੁਸੀਂ ਪੜ੍ਹੋਗੇ, ਉਹ ਇਸ...
ਜਰਮਨ ਕਹਾਣੀ
ਇਹ ਗੱਲ ਤੁਸੀਂ ਬੜੀ ਵਾਰ ਸੁਣੀ ਹੋਵੇਗੀ ਕਿ ਕਾਮਯਾਬੀ ਦਾ ਰਾਜ਼ ਸਖ਼ਤ ਮਿਹਨਤ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗੀ ਹਾਂ ਕਿ ਕਾਮਯਾਬੀ ਦਾ ਇੱਕ ਹੋਰ ਰਾਜ਼ ਹੈ: ਕੁਰਬਾਨੀ। ਜਿਹੜੀ ਸੱਚੀ ਕਹਾਣੀ ਹੁਣ ਤੁਸੀਂ ਪੜ੍ਹੋਗੇ, ਉਹ ਇਸ ਗੱਲ ਦੀ ਪੁਸ਼ਟੀ ਕਰਦੀ ਹੈ।
ਪੰਦਰ੍ਹਵੀਂ ਸਦੀ ਵਿੱਚ ਜਰਮਨੀ ਦੇ ਸ਼ਹਿਰ ਨਿਊਰਮਬਰਗ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਡਿਊਹਰ ਨਾਂ ਦਾ ਇੱਕ ਸੁਨਿਆਰਾ ਰਹਿੰਦਾ ਸੀ। ਉਸ ਦਾ ਪਰਿਵਾਰ ਬੜਾ ਵੱਡਾ ਸੀ ਤੇ ਕਮਾਉਣ ਵਾਲਾ ਉਹ ਇਕੱਲਾ ਹੀ ਸੀ। ਉਸ ਦੇ ਅਠਾਰਾਂ ਬੱਚੇ ਸਨ।
ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਪਣੇ ਅਠਾਰਾਂ ਬੱਚਿਆਂ ਤੇ ਪਤਨੀ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨ ਲਈ ਉਸ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੋਵੇਗੀ। ਉਹ ਅਠਾਰਾਂ ਘੰਟੇ ਕੰਮ ਕਰਦਾ ਤੇ ਕਈ ਵਾਰੀ ਇਸ ਤੋਂ ਵੀ ਵੱਧ।
ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਅਜਿਹੀ ਘੋਰ ਗ਼ਰੀਬੀ ਵਿੱਚ ਪਲ ਰਹੇ ਬੱਚੇ ਰੋਟੀ ਤੋਂ ਅਗਾਂਹ ਵੀ ਕੁਝ ਵੇਖ ਸੋਚ ਸਕਦੇ ਹੋਣਗੇ, ਪਰ ਉਨ੍ਹਾਂ ਵਿੱਚੋਂ ਦੋ ਐਲ ਬ੍ਰੈਖਤ ਤੇ ਐਲ ਬ੍ਰਟ ਸਨ, ਜੋ ਸੁਫ਼ਨੇ ਵੇਖਣ ਦੀ ਜੁਰੱਅਤ ਕਰਦੇ ਸਨ।
ਦੋਵੇਂ ਮੁੰਡੇ ਬੜੇ ਲਾਇਕ, ਪ੍ਰਤਿਭਾਸ਼ਾਲੀ ਤੇ ਕਲਾ ਵਿੱਚ ਰੁਚੀ ਰੱਖਦੇ ਸਨ। ਦੋਵੇਂ ਧੁਨ ਦੇ ਬੜੇ ਪੱਕੇ ਸਨ। ਉਨ੍ਹਾਂ ਦੀ ਨਿਊਰਮਬਰਗ ਦੀ ਪ੍ਰਸਿੱਧ ਅਕੈਡਮੀ ਵਿੱਚ ਕਲਾ ਦੀ ਸਿੱਖਿਆ ਲੈਣ ਦੀ ਤੀਬਰ ਖ਼ਾਹਿਸ਼ ਸੀ। ਉਹ ਇਸ ਕੌੜੀ ਸਚਾਈ ਤੋਂ ਭਲੀਭਾਂਤ ਜਾਣੂ ਸਨ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਵਿੱਚੋਂ ਇੱਕ ਨੂੰ ਵੀ ਉੱਥੇ ਪੜ੍ਹਨ ਲਈ ਨਹੀਂ ਭੇਜ ਸਕਦਾ, ਪਰ ਉਹ ਉੱਥੇ ਜਾਣ ਲਈ ਦ੍ਰਿੜ੍ਹ ਸਨ।
ਉਹ ਇੱਕ ਇੱਕ ਮੰਜੇ ’ਤੇ ਦੋ ਦੋ, ਤਿੰਨ ਤਿੰਨ ’ਕੱਠੇ ਹੋ ਕੇ ਸੁੱਤੇ ਹੋਏ ਪਾਸੇ ਮਾਰਦੇ ਤੇ ਉੱਠ ਉੱਠ ਬਹਿੰਦੇ ਸਨ, ਪਰ ਫਿਰ ਵੀ ਆਪਣੇ ਸੁਫ਼ਨਿਆਂ ਨੂੰ ਉਨ੍ਹਾਂ ਨੇ ਘੁੱਟ ਕੇ ਫੜੀ ਰੱਖਿਆ। ਆਪਣੀ ਖ਼ਾਹਿਸ਼ ਦੀ ਪੂਰਤੀ ਲਈ ਕੋਈ ਤਰੀਕਾ ਲੱਭਣ ਵਾਸਤੇ ਉਹ ਆਪੋ ਵਿੱਚ ਸਲਾਹਾਂ ਕਰਦੇ ਰਹਿੰਦੇ। ਅਖ਼ੀਰ ਬੜੀ ਸੋਚ ਵਿਚਾਰ ਤੋਂ ਬਾਅਦ ਉਹ ਇੱਕ ਫ਼ੈਸਲੇ ’ਤੇ ਪੁੱਜ ਗਏ। ਉਨ੍ਹਾਂ ਆਪਣੀ ਹੋਣੀ ਆਪ ਲਿਖਣ ਲਈ ਇੱਕ ਸਿੱਕਾ ਉਛਾਲਣ ਦਾ ਫ਼ੈਸਲਾ ਕੀਤਾ। ਫ਼ੈਸਲਾ ਇਹ ਸੀ ਕਿ ਜੇਤੂ ਅਕੈਡਮੀ ਜਾਏਗਾ ਤੇ ਹਾਰਨ ਵਾਲਾ ਨੇੜੇ ਦੀਆਂ ਖਾਣਾਂ ਵਿੱਚ ਕੰਮ ਕਰਕੇ ਉਸ ਦੀ ਫ਼ੀਸ ਦੇ ਪੈਸੇ ਭੇਜੇਗਾ। ਚਾਰ ਸਾਲਾਂ ਬਾਅਦ ਜੇਤੂ ਦੀ ਵਾਰੀ ਹੋਵੇਗੀ। ਜਾਂ ਤਾਂ ਉਹ ਆਪਣੀਆਂ ਕਲਾਕ੍ਰਿਤਾਂ ਵੇਚੇਗਾ ਜਾਂ ਕੋਈ ਹੋਰ ਨੌਕਰੀ ਕਰ ਕੇ ਆਪਣੇ ਭਰਾ ਨੂੰ ਅਕੈਡਮੀ ਵਿੱਚ ਪੜ੍ਹਨ ਲਈ ਭੇਜੇਗਾ। ਇਸ ਤਰ੍ਹਾਂ ਦੋਵਾਂ ਭਰਾਵਾਂ ਦੇ ਸੁਫ਼ਨੇ ਸਾਕਾਰ ਹੋ ਜਾਣਗੇ।
ਇੱਕ ਐਤਵਾਰ ਸਵੇਰੇ ਗਿਰਜੇ ’ਚ ਪ੍ਰਾਰਥਨਾ ਤੋਂ ਬਾਅਦ ਉਨ੍ਹਾਂ ਨੇ ਸਿੱਕਾ ਉਛਾਲਿਆ। ਐਲ ਬ੍ਰਟ ਜਿੱਤ ਗਿਆ ਤੇ ਉਹ ਸੁਫ਼ਨਿਆਂ ਭਰੀਆਂ ਅੱਖਾਂ ਨਾਲ ਨਿਊਰਮਬਰਗ ਦੀ ਅਕੈਡਮੀ ਵਿੱਚ ਕਲਾ ਦੀ ਸਿੱਖਿਆ ਲਈ ਚਲਾ ਗਿਆ। ਐਲ ਬ੍ਰੈਖਤ ਭਰਾ ਦੀ ਪੜ੍ਹਾਈ ਲਈ ਪੈਸੇ ਕਮਾਉਣ ਵਾਸਤੇ ਜੋਖ਼ਮ ਭਰੀਆਂ ਖਾਣਾਂ ਵਿੱਚ ਕੰਮ ਕਰਨ ਵਾਸਤੇ ਚਲਾ ਗਿਆ।
ਐਲ ਬ੍ਰਟ ਅਕੈਡਮੀ ਵਿੱਚ ਜਾ ਕੇ ਬੜਾ ਕਾਮਯਾਬ ਹੋਇਆ। ਉਹ ਜਮਾਂਦਰੂ ਕਲਾਕਾਰ ਸੀ ਅਤੇ ਅਕੈਡਮੀ ਨੇ ਉਸ ਦੀ ਜਮਾਂਦਰੂ ਪ੍ਰਤਿਭਾ ਨੂੰ ਹੋਰ ਨਿਖਾਰਨ ਵਿੱਚ ਉਸ ਦੀ ਮਦਦ ਕੀਤੀ। ਉਸ ਦੀਆਂ ਉਂਗਲਾਂ ਵਿੱਚ ਜਾਦੂ ਸੀ। ਉਸ ਦੇ ਕਾਟ-ਚਿੱਤਰ, ਤੇਲ‘ਚਿੱਤਰ ਤੇ ਤਾਂਬੇ ’ਤੇ ਕੀਤੀ ਨੱਕਾਸ਼ੀ ਦੇ ਕੰਮ ਉਸ ਦੇ ਪ੍ਰੋਫੈਸਰਾਂ ਤੋਂ ਵੀ ਵਧੀਆ ਸਨ। ਉਹ ਆਪਣੇ ਕੰਮ ਵਿੱਚ ਇੰਨਾ ਸਫ਼ਲ ਹੋਇਆ ਕਿ ਸਿੱਖਿਆ ਖ਼ਤਮ ਹੋਣ ਤੱਕ ਉਹ ਕਮਿਸ਼ਨ ਵਿੱਚ ਮਿਲਦੇ ਕੰਮ ਵਿੱਚੋਂ ਚੋਖੀ ਕਮਾਈ ਕਰਨ ਲੱਗਿਆ। ਇਹ ਦੱਸਣਾ ਵਿਅਰਥ ਹੋਵੇਗਾ ਕਿ ਉਸ ਦੇ ਪਰਿਵਾਰ ਨੂੰ ਉਸ ਦੀ ਪ੍ਰਾਪਤੀ ’ਤੇ ਕਿੰਨਾ ਮਾਣ ਹੋਵੇਗਾ। ਜਦੋਂ ਉਹ ਪਿੰਡ ਵਾਪਸ ਆਇਆ ਤਾਂ ਉਸ ਦੇ ਸਨਮਾਨ ਵਿੱਚ ਭੋਜ ਦਿੱਤਾ ਗਿਆ। ਭੋਜ ਸਮੇਂ ਮਾਹੌਲ ਖ਼ੁਸ਼ੀਆਂ ਤੇ ਹਾਸਿਆਂ ਭਰਿਆ ਸੀ। ਉਸ ਸਮੇਂ ਭੋਜਨ ਦੇ ਨਾਲ ਖ਼ੁਸ਼ੀ ਤੇ ਮਸਤੀ ਭਰਿਆ ਸੰਗੀਤ ਵੀ ਚੱਲ ਰਿਹਾ ਸੀ। ਐਲ ਬ੍ਰਟ ਇਸ ਯਾਦਗਾਰੀ ਸ਼ਾਮ ਨੂੰ ਮਾਣ ਰਿਹਾ ਸੀ, ਪਰ ਉਸ ਨੂੰ ਆਪਣੇ ਭਰਾ ਨਾਲ ਕੀਤਾ ਵਾਅਦਾ ਨਹੀਂ ਸੀ ਭੁੱਲਿਆ। ਹੁਣ ਉਹ ਵਾਅਦਾ ਨਿਭਾਉਣ ਦਾ ਸਮਾਂ ਸੀ। ਆਪਣੇ ਪਿਆਰੇ ਭਰਾ ਦੀ ਉਸਤਤ ਕਰਨ ਵਾਸਤੇ ਉਹ ਮੇਜ਼ ਦੀ ਸਿਰੇ ਵਾਲੀ ਸੀਟ ਤੋਂ ਉੱਠਿਆ ਅਤੇ ਆਪਣੇ ਭਰਾ ਦੀ ਕੁਰਬਾਨੀ ਦਾ ਜ਼ਿਕਰ ਬੜੇ ਪਿਆਰ ਸਤਿਕਾਰ ਨਾਲ ਕੀਤਾ। ਅਖ਼ੀਰ ਵਿੱਚ ਉਸ ਨੇ ਕਿਹਾ, ‘‘ਮੇਰੇ ਪਿਆਰੇ ਭਰਾ ਐਲ ਬ੍ਰੈਖਤ, ਹੁਣ ਤੇਰੀ ਵਾਰੀ ਏ ਨਿਊਰਮਬਰਗ ਵਿੱਚ ਜਾ ਕੇ ਆਪਣਾ ਸੁਫ਼ਨਾ ਸੱਚ ਕਰਨ ਦੀ।’’
ਹਰ ਇੱਕ ਨੇ ਐਲ ਬ੍ਰੈਖਤ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ ਤੇ ਸਭ ਦੇ ਮੂੰਹ ਉਤਸੁਕਤਾ ਵਿੱਚ ਉਸ ਵੱਲ ਘੁੰਮ ਗਏ, ਪਰ ਐਲ ਬ੍ਰੈਖਤ ਸਿਰ ਝੁਕਾਈ ਬੈਠਾ ਸੀ। ਉਹ ਬੜਾ ਉਦਾਸ ਤੇ ਨਿੰਮੋਝੂਣਾ ਜਾਪਦਾ ਸੀ। ਉਸ ਦੀਆਂ ਗੱਲ੍ਹਾਂ ਹੰਝੂਆਂ ਨਾਲ ਭਰ ਗਈਆਂ। ਉਸ ਨੇ ਸਿਰ ਹਿਲਾਉਂਦਿਆਂ ਦਰਦ ਭਰੀ ਆਵਾਜ਼ ਵਿੱਚ ਕਿਹਾ, ‘‘ਨਹੀਂ! ਨਹੀਂ! ਨਹੀਂ!’’
ਘਰ ਦੇ ਸਾਰੇ ਮੈਂਬਰ ਹੈਰਾਨ-ਪ੍ਰੇਸ਼ਾਨ ਹੋ ਗਏ। ਉਹ ਆਪਣੀ ਕੁਰਸੀ ਤੋਂ ਉੱਠਿਆ ਅਤੇ ਆਪਣੇ ਅੱਥਰੂ ਪੂੰਝੇ। ਉਸ ਨੇ ਲੰਮੇ ਸਾਰੇ ਮੇਜ਼ ’ਤੇ ਬੈਠੇ ਸਾਰੇ ਪਿਆਰ ਭਰੇ ਚਿਹਰਿਆਂ ਵੱਲ ਵੇਖਿਆ, ਜੋ ਉਸ ਦੀ ਨਹੀਂ ਨਹੀਂ ਸੁਣ ਕੇ ਅਚੰਭਿਤ ਸਨ। ਉਸ ਆਪਣੇ ਕੰਬਦੇ ਹੱਥ ਉਤਾਂਹ ਕੀਤੇ ਤੇ ਸੱਜੇ ਹੱਥ ਨਾਲ ਆਪਣੀ ਗੱਲ੍ਹ ਨੂੰ ਛੂਹਿਆ। ਬੜੇ ਹੌਸਲੇ ਤੇ ਸੰਜਮ ਨਾਲ ਉਸ ਨੇ ਦੱਸਿਆ ਕਿ ਚਾਰ ਸਾਲਾਂ ਦੇ ਖਾਣਾਂ ਦੇ ਕੰਮ ਨੇ ਉਸ ਦੇ ਨਿਪੁੰਨ ਹੁਨਰਮੰਦ ਹੱਥਾਂ ਦਾ ਕੀ ਹਾਲ ਕਰ ਦਿੱਤਾ ਸੀ। ਉਸ ਦੇ ਹੱਥਾਂ ਦੀਆਂ ਸਾਰੀਆਂ ਉਂਗਲਾਂ ਦੀਆਂ ਹੱਡੀਆਂ ਇੱਕ ਇੱਕ ਵਾਰੀ ਟੁੱਟ ਚੁੱਕੀਆਂ ਸਨ। ਹੁਣ ਉਹ ਗਠੀਏ ਦਾ ਸ਼ਿਕਾਰ ਹੋ ਚੁੱਕਾ ਤੇ ਹੱਥਾਂ ਵਿੱਚ ਕਲਮ ਜਾਂ ਬੁਰਸ਼ ਨਹੀਂ ਫੜ ਸਕਦਾ। ਹੁਣ ਉਸ ਦੇ ਹੱਥ ਕਿਸੇ ਕੰਮ ਜੋਗੇ ਨਹੀਂ ਰਹੇ।’’ ਅਖ਼ੀਰ ਵਿੱਚ ਉਸ ਨੇ ਕਿਹਾ, ‘‘ਮੈਂ ਹੁਣ ਨਿਊਰਮਬਰਗ ਨਹੀਂ ਜਾ ਸਕਦਾ। ਮੇਰੇ ਪਿਆਰੇ ਵੀਰ, ਹੁਣ ਬਹੁਤ ਦੇਰ ਹੋ ਚੁੱਕੀ ਹੈ।’’
ਇਹ ਸੁਣ ਕੇ ਐਲ ਬ੍ਰਟ ਦਾ ਹਿਰਦਾ ਦੁੱਖ ਨਾਲ ਭਰ ਗਿਆ। ਭਰਾ ਨੇ ਉਸ ਦੀ ਮਦਦ ਕਰਨ ਲਈ ਆਪਣੇ ਸੁਫ਼ਨੇ ਕੁਰਬਾਨ ਕਰ ਦਿੱਤੇ। ਉਸ ਦੀ ਸਫ਼ਲਤਾ ਉਸ ਦੇ ਭਰਾ ਦੀ ਬੇਗਰਜ਼ ਕੁਰਬਾਨੀ ਕਰਕੇ ਹੋਈ।
ਉਹ ਆਪਣੇ ਸਿਰ ਚੜ੍ਹਿਆ ਭਾਰ ਕਦੇ ਨਾ ਲਾਹ ਸਕਿਆ। ਉਸ ਨੇ ਆਪਣੇ ਭਰਾ ਦੀ ਇਸ ਮਹਾਨ ਕੁਰਬਾਨੀ ਨੂੰ ਸਤਿਕਾਰ ਭੇਟ ਕਰਨ ਦਾ ਫ਼ੈਸਲਾ ਕੀਤਾ। ਬੜੀ ਮਿਹਨਤ ਤੇ ਦੁੱਖ ਭਰੇ ਹਿਰਦੇ ਨਾਲ ਉਸ ਨੇ ਆਪਣੇ ਭਰਾ ਦੇ ਹੱਥਾਂ ਦਾ ਇੱਕ ਚਿੱਤਰ ਬਣਾਇਆ, ਜਿਸ ਵਿੱਚ ਦੋਵੇਂ ਤਲੀਆਂ ਇੱਕ ਦੂਜੇ ਨੂੰ ਛੂੰਹਦੀਆਂ ਅਤੇ ਪਤਲੀਆਂ ਉਂਗਲਾਂ ਆਕਾਸ਼ ਵੱਲ ਉੱਠੀਆਂ ਹੋਈਆਂ ਸਨ। ਉਸ ਨੇ ਆਪਣੀ ਇਸ ਮਹਾਨ ਕ੍ਰਿਤ ਨੂੰ ‘ਹੱਥ’ ਦਾ ਨਾਂ ਦਿੱਤਾ ਪਰ ਜਦੋਂ ਦੁਨੀਆ ਨੇ ਇਸ ਚਿੱਤਰ ਨੂੰ ਵੇਖਿਆ ਤਾਂ ਉਨ੍ਹਾਂ ਇਸ ਸ਼ਾਹਕਾਰ ਚਿੱਤਰ ਨੂੰ ‘ਅਰਦਾਸ ਵਿੱਚ ਜੁੜੇ ਹੱਥ’ ਦਾ ਨਾਂ ਦੇ ਦਿੱਤਾ।
ਐਲ ਬ੍ਰਟ ਦੇ ਸੈਂਕੜੇ ਪੋਰਟਰੇਟ, ਜਲ-ਚਿੱਤਰ, ਸਕੈੱਚ, ਚਾਰਕੋਲ ਚਿੱਤਰ ਅਤੇ ਕਾਠ ਚਿੱਤਰ ਦੁਨੀਆ ਭਰ ਦੇ ਕਈ ਅਜਾਇਬਘਰਾਂ ਦੀ ਸ਼ੋਭਾ ਹਨ। ਸਾਡੇ ਵਿੱਚੋਂ ਬਹੁਤੇ ‘ਅਰਦਾਸ ਵਿੱਚ ਜੁੜੇ ਹੱਥ’ ਤੋਂ ਹੀ ਜਾਣੂ ਹਨ। ਇਸ ਦੀਆਂ ਕਾਪੀਆਂ, ਸਕੂਲਾਂ, ਕਾਲਜਾਂ, ਦਫ਼ਤਰਾਂ ਤੇ ਘਰਾਂ ਵਿੱਚ ਲੱਗੀਆਂ ਦਿਸਦੀਆਂ ਹਨ।
ਜੇ ਕਿਤੇ ਇਹ ਦਿਲ ਛੂਹਣ ਵਾਲੀ ਕਲਾਕ੍ਰਿਤ ਤੁਹਾਨੂੰ ਦਿਸੇ ਤਾਂ ਇਸ ਨੂੰ ਵੇਖ ਕੇ ਇੱਕ ਵਾਰੀ ਰੁਕ ਜਾਣਾ। ਧਿਆਨ ਨਾਲ ਵੇਖਿਆਂ ਇਸ ਦੇ ਥੱਲੇ ਅਣਲਿਖਿਆ ਸੁਨੇਹਾ ਪੜ੍ਹ ਸਕੋਗੇ ਕਿ ਕੋਈ ਵੀ ਇਕੱਲਿਆਂ ਕੁਝ ਪ੍ਰਾਪਤ ਨਹੀਂ ਕਰ ਸਕਦਾ। ਸਾਡੀ ਕਾਮਯਾਬੀ ਸਾਡੇ ਆਪਣਿਆਂ ਦੀ ਕੁਰਬਾਨੀ ਦੀ ਨੀਂਹ ’ਤੇ ਉਸਰਦੀ ਹੈ। ਸਫ਼ਲਤਾਂ ਦੀਆਂ ਪੌੜੀਆਂ ਚੜ੍ਹਦਿਆਂ ਇਹ ਗੱਲ ਮਨ ਵਿੱਚ ਰੱਖਿਆ ਕਰੋ।
ਸੰਪਰਕ: 97779-29702

