ਕਹਾਣੀ: ਭਾਗੋ
‘‘ਹੈਲੋ, ਕਾਜਲ ਕਿਵੇਂ ਆ! ਘਰੇ ਸਭ ਠੀਕ ਹੈ ਨਾ!’’ ਹਮੇਸ਼ਾ ਵਾਂਗ ਦਫ਼ਤਰ ਦੀ ਮੁਖੀ ਮੈਡਮ ਭਾਗੋ ਨੇ ਡਿਊਟੀ ’ਤੇ ਆਈ ਕਾਜਲ ਨੂੰ ਰੋਟੀ ਵਾਲਾ ਡੱਬਾ ਮੇਜ਼ ਉੱਤੇ ਰੱਖਦਿਆਂ ਪੁੱਛਿਆ। ਕਾਜਲ ਦੇ ਘਰ ਕੁਝ ਦਿਨਾਂ ਤੋਂ ਖਿੱਚੋ-ਤਾਣ ਚੱਲ ਰਹੀ ਸੀ, ਜਿਸ...
‘‘ਹੈਲੋ, ਕਾਜਲ ਕਿਵੇਂ ਆ! ਘਰੇ ਸਭ ਠੀਕ ਹੈ ਨਾ!’’
ਹਮੇਸ਼ਾ ਵਾਂਗ ਦਫ਼ਤਰ ਦੀ ਮੁਖੀ ਮੈਡਮ ਭਾਗੋ ਨੇ ਡਿਊਟੀ ’ਤੇ ਆਈ ਕਾਜਲ ਨੂੰ ਰੋਟੀ ਵਾਲਾ ਡੱਬਾ ਮੇਜ਼ ਉੱਤੇ ਰੱਖਦਿਆਂ ਪੁੱਛਿਆ।
ਕਾਜਲ ਦੇ ਘਰ ਕੁਝ ਦਿਨਾਂ ਤੋਂ ਖਿੱਚੋ-ਤਾਣ ਚੱਲ ਰਹੀ ਸੀ, ਜਿਸ ਦੀ ਥੋੜ੍ਹੀ ਬਹੁਤ ਸੂਹ ਭਾਗੋ ਨੂੰ ਮਿਲੀ ਸੀ। ਕਾਜਲ ਤੇ ਭਾਗੋ ਇਸ ਦਫ਼ਤਰ ਵਿੱਚ ਬਤੌਰ ਮੁਲਾਜ਼ਮ ਤੇ ਉਸ ਦੀ ਅਧਿਕਾਰੀ ਵਜੋਂ ਕੰਮ ਕਰਦੀਆਂ ਸਨ ਪਰ ਦੋਵੇਂ ਕਾਲਜ ਵਿੱਚ ਇਕੱਠੀਆਂ ਪੜ੍ਹੀਆਂ ਸਨ ਤੇ ਆਪਸ ਵਿੱਚ ਦੋਵੇਂ ਇੱਕ ਦੂਜੇ ਦੀਆਂ ਚੰਗੀਆਂ ਸਹੇਲੀਆਂ ਵੀ ਸਨ। ਇਸ ਲਈ ਜਦੋਂ ਕਾਜਲ ਤੇ ਭਾਗੋ ਆਪਸ ਵਿੱਚ ਗੱਲਬਾਤ ਕਰਦੀਆਂ ਸਨ ਤਾਂ ਉਨ੍ਹਾਂ ਵਿਚਲਾ ਅਫ਼ਸਰ ਤੇ ਮੁਲਾਜ਼ਮ ਵਾਲਾ ਫਰਕ ਖ਼ਤਮ ਹੋ ਜਾਂਦਾ ਸੀ। ਉਂਜ ਕਾਜਲ ਦੂਸਰੇ ਮੁਲਾਜ਼ਮਾਂ ਸਾਹਮਣੇ ਭਾਗੋ ਨੂੰ ਇੱਕ ਅਫ਼ਸਰ ਵਜੋਂ ਹੀ ਮਾਣ-ਸਤਿਕਾਰ ਦਿੰਦੀ ਸੀ। ਇਸ ਦਫ਼ਤਰ ਵਿੱਚ ਕਾਜਲ ਸੀਨੀਅਰ ਸਹਾਇਕ ਹੈ। ਇੱਕ ਕਲਰਕ, ਇੱਕ ਕਲਾਸ ਫੋਰ ਅਤੇ ਇੱਕ ਡਰਾਈਵਰ ਸਮੇਤ ਤਿੰਨ ਮਰਦ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਸਾਰਾ ਸਟਾਫ਼ ਔਰਤਾਂ ਹੀ ਹਨ।
‘‘ਯਾਰ ਮੈਂ ਤਾਂ ਆਪਣੀ ਡੈਣ ਵਰਗੀ ਸੱਸ ਤੋਂ ਤੰਗ ਆਈ ਪਈ ਆਂ, ਬਾਊ ਜੀ ਤਾਂ ਨਾ ਹੋਇਆਂ ਵਰਗੇ ਈ ਨੇ। ਮੁਨੀਸ਼ ਆਗਿਆਕਾਰੀ ਪੁੱਤ ਬਣ ਕੇ ਮਾਂ ਦੀ ਹਾਂ ਵਿੱਚ ਹਾਂ ਮਿਲਾ ਰਿਹੈ। ਇਸ ਨਿਰਦਈ ਸਮਾਜ ਨੇ ਕਿਸ ਥਾਂ ਲਿਆ ਖੜ੍ਹਾ ਕੀਤਾ ਏ ਮੈਨੂੰ। ਅਜਿਹੀਆਂ ਸੱਸਾਂ ਨੂੰ ਸਿਰਫ਼ ਪੋਤਿਆਂ ਤੋਂ ਮਤਲਬ ਹੁੰਦੈ, ਜੇ ਕਿਤੇ ਪੋਤੀ ਜੰਮ ਪਈ ਤਾਂ ਉਸ ਦੇ ਨਾਲ ਜੰਮਣ ਵਾਲੀ ਦਾ ਵੀ ਬੁਰਾ ਹਾਲ ਕਰ ਛੱਡਦੀਆਂ ਨੇ।’’ ਕਾਜਲ ਨੇ ਰੋਣਹਾਕੀ ਆਵਾਜ਼ ਵਿੱਚ ਆਪਣੇ ਦਿਲ ਦੀ ਭੜਾਸ ਕੱਢਦਿਆਂ ਦੱਸਿਆ।
ਆਪਣੀ ਸਹੇਲੀ ਦੀ ਪ੍ਰੇਸ਼ਾਨੀ ਸੁਣ ਕੇ ਭਾਗੋ ਨੇ ਕਾਜਲ ਨੂੰ ਕਿਹਾ, ‘‘ਦੇਖ ਕਾਜਲ,ਘਰ ਪਰਿਵਾਰ ਵਿੱਚ ਸਾਵਾਂਪਨ ਬਣਾਈ ਰੱਖਣ ਲਈ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ। ਖਾਸ ਕਰਕੇ ਕੁੜੀਆਂ ਦੀਆਂ ਸਾਰੀਆਂ ਗੱਲਾਂ ਸਹੁਰੇ ਘਰ ਆਪਣੀ ਮਰਜ਼ੀ ਨਾਲ ਨਹੀਂ ਚੱਲਦੀਆਂ। ਮੇਰਾ ਕਹਿਣ ਤੋਂ ਭਾਵ ਹੈ ਕਿ ਐਡਜਸਟ ਕਰਨਾ ਪੈਂਦਾ ਹੈ। ਜੇ ਕੋਈ ਤੁਹਾਡੇ ਵਰਗਾ ਨਹੀਂ ਬਣ ਸਕਦਾ, ਤਾਂ ਤੁਸੀਂ ਉਹਦੇ ਵਰਗੇ ਬਣ ਜਾਓ, ਕੋਈ ਮਸਲਾ ਖੜ੍ਹਾ ਹੀ ਨਹੀਂ ਹੋਵੇਗਾ।’’
‘‘ਭਾਗੋ ਬੰਦੀਏ, ਜਿਸ ਤਨ ਲਾਗੇ ਸੋਈ ਜਾਣੇ, ਜਿਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ, ਉਸ ਨੂੰ ਸਿਆਣਪਾਂ ਆਪਣੇ ਆਪ ਈ ਆ ਜਾਂਦੀਆਂ ਨੇ। ਤੇਰੇ ਕਹਿਣ ਅਨੁਸਾਰ ਜੇ ਮੈਂ ਉਨ੍ਹਾਂ ਵਰਗੀ ਬਣ ਜਾਵਾਂ ਤਾਂ ਸਾਰੀ ਸਮੱਸਿਆ ਹੱਲ ਹੋ ਜਾਵੇਗੀ ? ਨਹੀਂ ਭੈਣੇ ਇੰਜ ਤਾਂ ਸਗੋਂ ਮੇਰਾ ਘਰ ਜੰਗ ਦਾ ਮੈਦਾਨ ਈ ਬਣ ਜਾਵੇਗਾ। ‘ਜਿਸਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।’’ ਹੁਣ ਮੇਰੀ ਸੱਸ ਮੈਨੂੰ ਮੱਤਾਂਂ ਦਿੰਦੀ ਫਿਰ ਰਹੀ ਹੈ। ਤੂੰ ਆਪ ਦੱਸ। ਜੇ ਮੈਂ ਉਨ੍ਹਾਂ ਪਿੱਛੇ ਲੱਗ ਕੇ ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਟੈਸਟ ਕਰਾ ਵੀ ਲਵਾਂ ਤਾਂ ਕੁੜੀ ਦਾ ਪਤਾ ਲੱਗਣ ’ਤੇ ਕੀ ਉਹ ਟਿਕ ਕੇ ਬੈਠ ਜਾਣਗੇ ? ਨਹੀਂ, ਮੇਰੀ ਸੱਸ ਮੇਰੀ ਜਾਨ ੳਦੋਂ ਤੱਕ ਨਹੀਂ ਛੱਡੇਗੀ, ਜਦੋਂ ਤੱਕ ਉਹ ਬੱਚੀ ਨੂੰ ਕਢਵਾ ਨਹੀਂ ਦਵੇਗੀ। ਤੂੰ ਖ਼ੁਦ ਸੋਚ ਇਹ ਸਭ ਕਿਵੇਂ ਹੋ ਲੈਣ ਦਿਆਂ ਮੈਂ।’’ ਇਹ ਗੱਲ ਆਖਦਿਆਂ ਕਾਜਲ ਦਾ ਗੱਚ ਭਰ ਆਇਆ ਤੇ ਉਸ ਦੀਆਂ ਅੱਖਾਂ ’ਚੋਂ ਅਥਰੂ ਵਗ ਤੁਰੇ।
ਭਾਗੋ ਨੂੰ ਪਹਿਲਾਂ ਤਾਂ ਨੂੰਹ-ਸੱਸ ਦੀ ਮਾੜੀ ਮੋਟੀ ਨੋਕ ਝੋਕ ਕਰਕੇ ਹੀ ਕਾਜਲ ਪ੍ਰੇਸ਼ਾਨ ਲੱਗੀ ਸੀ, ਪਰ ਜਦੋਂ ਸੱਸ ਵੱਲੋਂ ਕਾਜਲ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੀ ਲਿੰਗ ਜਾਂਚ ਕਰਵਾਉਣ ਦੀ ਜ਼ਿੱਦ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਇਸ ਪ੍ਰੇਸ਼ਾਨੀ ਦੀ ਗੰਭੀਰਤਾ ਅਤੇ ਕਾਜਲ ਦੇ ਡੂੰਘੇ ਦਰਦ ਦਾ ਅੰਦਾਜ਼ਾ ਹੋਇਆ। ਆਖਰ ਇੱਕ ਔਰਤ ਹੋਣ ਨਾਤੇ ਆਪਣੀ ਕੁੱਖ ਵਿੱਚ ਪਲ ਰਹੀ ਧੀ ਨੂੰ ਮਾਰਨ ਦਾ ਜੇਰਾ ਕੋਈ ਕਿਵੇਂ ਕਰ ਸਕਦਾ ਹੈ। ਕਾਜਲ ਦੀ ਪਹਿਲੀ ਧੀ ਵੀ ਵੱਡੇ ਅਪਰੇਸ਼ਨ ਨਾਲ ਹੋਈ ਸੀ। ਉਸ ਵੇਲੇ ਧੀ ਜੰਮੀ ’ਤੇ ਕਾਜਲ ਦੀ ਸੱਸ ਨੇ ਮੂੰਹ ਵੱਟ ਲਿਆ ਸੀ।
‘‘ਕਾਜਲ, ਤੇਰੀ ਕੋਠੀ ਦਾਣਿਆਂ ਤੋਂ ਸੱਖਣੀ ਨਹੀਂ ਅੜੀਏ। ਜੇ ਤੇਰੇ ਵਰਗੀ ਪੜ੍ਹੀ-ਲਿਖੀ ਔਰਤ ਨੂੰ ਇੱਕ ਜ਼ਿੱਦੀ ਸੱਸ ਨੇ ਇੰਜ ਪ੍ਰੇਸ਼ਾਨ ਕੀਤਾ ਹੋਇਆ ਹੈ ਤਾਂ ਉਨ੍ਹਾਂ ਬਾਰੇ ਸੋਚ, ਜੋ ਹਰ ਚੀਜ਼ ਲਈ ਸਹੁਰੇ ਪਰਿਵਾਰ ਦੀਆਂ ਮੁਥਾਜ ਹੁੰਦੀਆਂ ਨੇ।’’ ਭਾਗੋ ਨੇ ਕਾਜਲ ਨੂੰ ਜੱਫੀ ਵਿੱਚ ਲੈ ਕੇ ਪਲੋਸਦਿਆਂ ਕਿਹਾ।
ਕਾਜਲ ਅਤੇ ਭਾਗੋ ਕਾਲਜ ਦੇ ਪਹਿਲੇ ਸਾਲ ਵਿੱਚ ਮਿਲੀਆਂ ਸਨ, ਜਿਸ ਮਗਰੋਂ ਦੋਵਾਂ ਦੀ ਦੋਸਤੀ ਅੱਜ ਤੱਕ ਹਰ ਦਿਨ ਹੋਰ ਗੂੜ੍ਹੀ ਹੁੰਦੀ ਆਈ। ਕਾਜਲ ਸ਼ਹਿਰ ਵਿੱਚ ਹੀ ਜੰਮੀ-ਪਲੀ ਹੈ ਤੇ ਉਸ ਦਾ ਵਿਆਹ ਵੀ ਸ਼ਹਿਰ ਵਿੱਚ ਹੀ ਹੋਇਆ। ਇਸ ਦੇ ਉਲਟ ਭਾਗੋ ਪਿੰਡ ਦੀ ਜੰਮਪਲ ਹੈ ਤੇ ਉਸ ਦਾ ਪਤੀ ਵੀ ਪਿੰਡ ਦਾ ਹੀ ਹੈ। ਦੋਵਾਂ ਦੀ ਸਰਕਾਰੀ ਨੌਕਰੀ ਹੋਣ ਕਰਕੇ ਪਰਿਵਾਰ ਦੀ ਸਹਿਮਤੀ ਨਾਲ ਦੋਵਾਂ ਨੇ ਸ਼ਹਿਰ ਵਿੱਚ ਰਹਿਣ ਦਾ ਫ਼ੈਸਲਾ ਲਿਆ। ਭਾਗੋ ਦੇ ਸਹੁਰਾ ਪਰਿਵਾਰ ਨੇ ਕਦੇ ਵੀ ਉਸ ’ਤੇ ਬੇਲੋੜੀ ਰੋਕ-ਟੋਕ ਨਹੀਂ ਸੀ ਲਾਈ।
ਕਾਜਲ ਓਦੋਂ ਤੱਕ ਭਾਗੋ ਦੀ ਬਹੁਤੀ ਵਾਕਫ਼ ਨਹੀਂ ਸੀ। ਦਾਖਲੇ ਦੌਰਾਨ ਇੱਕ ਦੋ ਵਾਰ ਗੱਲਬਾਤ ਹੋਈ ਸੀ, ਜਿਸ ਮਗਰੋਂ ਦੋਵਾਂ ਦੀ ਜਾਣ-ਪਛਾਣ ਹੋਈ। ਤੇ ਫਿਰ ਦੋਵਾਂ ਦੀ ਦੋਸਤੀ ਇੱਕ ਘਟਨਾ ਤੋਂ ਸ਼ੁਰੂ ਹੋਈ ਸੀ। ਬੀ ਏ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਦੋਵਾਂ ਦਾ ਕਾਲਜ ਵਿੱਚ ਪਹਿਲਾ ਦਿਨ ਸੀ। ਜਿਵੇਂ ਅਕਸਰ ਕਾਲਜਾਂ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਰੈਗਿੰਗ ਦੇ ਨਾਂ ’ਤੇ ਪੁਰਾਣੇ ਵਿਦਿਆਰਥੀ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਤਾਅਨੇ ਸੁਣਾ ਕੇ ਫਬਤੀਆਂ ਵੀ ਵੀ ਕੱਸਦੇ ਹਨ। ਇਨ੍ਹਾਂ ਨਾਲ ਵੀ ਏਦਾਂ ਈ ਹੋਇਆ। ਕਾਲਜ ਦੇ ਪਹਿਲੇ ਦਿਨ ਕਾਜਲ ਨੇ ਜੀਨ ਦੇ ਨਾਲ ਟੌਪ ਪਹਿਨਿਆ ਹੋਇਆ ਸੀ। ਭਾਗੋ ਲੰਮੀ ਗੁੱਤ ਨਾਲ ਪਹਿਨੇ ਪੰਜਾਬੀ ਸੂਟ ਵਿੱਚ ਫੱਬ ਰਹੀ ਸੀ। ਦੋਵੇਂ ਇਕੱਠੀਆਂ ਕੌਰੀਡੋਰ ਤੋਂ ਹੋ ਕੇ ਆਪਣੀ ਕਲਾਸ ਵੱਲ ਜਾ ਰਹੀਆਂ ਸਨ। ਇਸ ਮੌਕੇ ਸਾਹਮਣੇ ਖਲੋਤੀ ਤਿੰਨ ਮੁੰਡਿਆਂ ਦੀ ਟੋਲੀ ’ਚੋਂ ਇੱਕ ਮੁੰਡੇ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਬਈ ਆਪਾਂ ਤਾਂ ਭੁੱਲੇ ਈ ਬੈਠੇ ਸੀ, ਪੰਜਾਬ ਵਿੱਚ ਹਾਲੇ ਵੀ ਹੀਰਾਂ ਜੰਮਦੀਆਂ ਨੇ!’’
ਆਵਾਜ਼ ਸੁਣਦਿਆਂ ਹੀ ਭਾਗੋ ਸਮਝ ਗਈ ਕਿ ਹੀਰ ਕਹਿ ਕੇ ਉਸ ਨੂੰ ਹੀ ਸੁਣਾਇਆ ਗਿਆ ਹੈ। ਉਸ ਕਾਜਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਖ਼ੁਦ ਸਿੱਧੀ ਉਨ੍ਹਾਂ ਮੁੰਡਿਆਂ ਵੱਲ ਹੋ ਤੁਰੀ। ‘‘ਤੁਹਾਡੇ ਵਿੱਚੋਂ ਰਾਂਝਾ ਕਿਹੜਾ ਜੰਮ ਪਿਆ ਕੰਜਰੋ।’’ ਭਾਗੋ ਨੇ ਢਾਕ ’ਤੇ ਹੱਥ ਰੱਖ ਕੇ ਗੁੱਸੇ ਨਾਲ ਉੱਚੀ ਆਵਾਜ਼ ਵਿੱਚ ਕਿਹਾ।
ਇਹ ਮੁੰਡੇ ਕਾਫ਼ੀ ਸਮੇਂ ਤੋਂ ਇਥੇ ਖੜ੍ਹੇ ਇਹੀ ਕੁਝ ਕਰ ਰਹੇ ਸਨ। ਜੇ ਕੋਈ ਲੜਕੀ ਇਨ੍ਹਾਂ ਨੂੰ ਕੋਈ ਪ੍ਰਤੀਕਰਮ ਨਾ ਦਿੰਦੀ ਤਾਂ ਇਹ ਉਸ ਨੂੰ ਹੋਰ ਪ੍ਰੇਸ਼ਾਨ ਕਰਦੇ। ਮੁੰਡਿਆਂ ਨਾਲ ਹੋਰ ਵੀ ਮਾੜਾ ਵਤੀਰਾ ਸੀ। ਵੈਸੇ ਜ਼ਿਆਦਾਤਰ ਪੁਰਾਣੀਆਂ ਵਿਦਿਆਰਥਣਾਂ ਨਵੀਆਂ ਆਈਆਂ ਵਿਦਿਆਰਥਣਾਂ ਨੂੰ ਤੰਗ ਕਰਦੀਆਂ ਸਨ, ਪਰ ਮੁੰਡਿਆਂ ਦੀ ਇਹ ਟੋਲੀ ਵੀ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਸੀ। ਇਨ੍ਹਾਂ ਨੂੰ ਆਸ ਨਹੀਂ ਸੀ ਕਿ ਭਾਗੋ ਇੰਜ ਗੁੱਸੇ ਵਿੱਚ ਉਨ੍ਹਾਂ ਦੇ ਸਾਹਮਣੇ ਆ ਖਲੋਵੇਗੀ। ਭਾਗੋ ਦੇ ਇਸ ਨਿਝੱਕ ਵਿਵਹਾਰ ਨਾਲ ਇੱਕ ਵਾਰ ਤਾਂ ਉਹ ਸਾਰੇ ਹੀ ਠਠੰਬਰ ਗਏ ਤੇ ਇਕ ਦੂਜੇ ਵੱਲ ਝਾਕਣ ਲੱਗੇ।
ਇੰਨੇ ਨੂੰ ਇੱਕ ਲੜਕੇ ਨੇ ਫਿਲਮੀ ਅੰਦਾਜ਼ ਵਿੱਚ ਸਿਰ ਥੋੜ੍ਹਾ ਅੱਗੇ ਵੱਲ ਝੁਕਾ ਕੇ ਆਪਣਾ ਸੱਜਾ ਹੱਥ ਛਾਤੀ ’ਤੇ ਰੱਖਦਿਆਂ ਆਖਿਆ, ‘‘ਜੇ ਤੁਸੀਂ ਵਾਕਿਆ ਈ ਖ਼ੁਦ ਨੂੰ ਹੀਰ ਮੰਨਦੇ ਓਂ ਤਾਂ ਨਾਚੀਜ਼ ਨੂੰ ਰਾਂਝਾ ਸਮਝ ਲਓ, ਪਰ ਸੱਚੀ ਗੱਲ ਜੇ ਆਪਣੇ ਤੋਂ ਮੱਝਾਂ ਨ੍ਹੀਂ ਜੇ ਚਾਰੀਆਂ ਜਾਣੀਆਂ!’’ ਉਸ ਦੇ ਨਾਲ ਖੜ੍ਹੇ ਹੋਰ ਮੁੰਡੇ ਵੀ ਖੀਂ ਖੀਂ ਕਰ ਕੇ ਹੱਸ ਪਏ।
‘‘ਫਿਰ ਕਾਕਾ ਤੈਨੂੰ ਇਹ ਨ੍ਹੀਂ ਪਤਾ ਕਿ ਪੰਜਾਬ ਵਿੱਚ ਸਿਰਫ਼ ਹੀਰਾਂ ਈ ਨ੍ਹੀਂ, ਭਾਗੋਆਂ ਵੀ ਜੰਮਦੀਆਂ ਨੇ।’’ ਇਹ ਆਖਦਿਆਂ ਭਾਗੋ ਨੇ ਸਾਹਮਣੇ ਖੜ੍ਹੇ ਲੜਕੇ ਦੇ ਮੂੰਹ ’ਤੇ ਥੱਪੜ ਜੜ ਦਿੱਤਾ। ਇਸ ਅਣਕਿਆਸੇ ਥੱਪੜ ਨਾਲ ਮੁੰਡਾ ਬੌਂਦਲ ਹੀ ਗਿਆ। ਦੁੱਧ ਮੱਖਣਾਂ ਨਾਲ ਪਲੀ ਕੁੜੀ ਨੇ ਮੁੰਡੇ ਨੂੰ ਸੰਭਲਣ ਦਾ ਮੌਕਾ ਹੀ ਨਾ ਦਿੱਤਾ ਤੇ ਗਲਮੇ ਤੋਂ ਫੜਿਆ ਤੇ ਉਸ ਦੀ ਦੂਜੀ ਗੱਲ੍ਹ ’ਤੇ ਵੀ ਉਂਗਲਾਂ ਛਾਪ ਦਿੱਤੀਆਂ ਤੇ ਇਸ ਰਾਂਝੇ ਦੀ ਹੋਸ਼ ਭੁਲਾ ਦਿੱਤੀ। ਇੱਕ ਪਲ ਲਈ ਉਥੇ ਸੁੰਨ ਛਾ ਗਈ। ਉਸ ਮੁੰਡੇ ਦੇ ਸਾਥੀ ਤਾਂ ਇੰਜ ਗਾਇਬ ਹੋਏ, ਜਿਵੇਂ ਗਧੇ ਦੇ ਸਿਰ ਤੋਂ ਸਿੰਗ ਹੋਇਆ ਕਰਦੇ ਨੇ। ਕੌਰੀਡੋਰ ਵਿੱਚੋਂ ਲੰਘ ਰਹੇ ਹੋਰਨਾਂ ਵਿਦਿਆਰਥੀਆਂ ਨੇ ਵੀ ਇਹ ਭਾਣਾ ਵਾਪਰਦਾ ਦੇਖਿਆ ਤੇ ਸ਼ਾਮ ਤੱਕ ਇਹ ਖ਼ਬਰ ਲਗਪਗ ਹਰ ਵਿਦਿਆਰਥੀ ਦੇ ਮੂੰਹ ’ਤੇ ਸੀ। ਭਾਗੋ ਦੀ ਇਸ ਜੁਰਅੱਤ ਨੇ ਕਾਲਜ ਦੇ ਮੁੰਡਿਆਂ ਨੂੰ ਕੁੜੀਆਂ ਵੱਲ ਕੁਨੱਖੇ ਝਾਕਣੋਂ ਹਟਾ ਦਿੱਤਾ ਸੀ। ਇਕ ਹੀ ਜਮਾਤ ਵਿੱਚ ਹੋਣ ਕਰਕੇ ਭਾਗੋ ਤੇ ਕਾਜਲ ਹੌਲੀ ਹੌਲੀ ਪੱਕੀਆਂ ਸਹੇਲੀਆਂ ਬਣ ਗਈਆਂ ਸਨ। ਦੋਵਾਂ ਦੀ ਇਹ ਨੇੜਤਾ ਪਰਿਵਾਰਕ ਸਾਂਝ ਵਿੱਚ ਬਦਲ ਗਈ।
ਪਹਿਲੇ ਦਿਨ ਹੀ ਇੱਕ ਵਿਗੜੇ ਹੋਏ ਮੁੰਡੇ ਨੂੰ ਦੋ ਥੱਪੜ ਜੜਨ ਕਰਕੇ ਭਾਗੋ ਦੀ ਕਾਲਜ ਵਿੱਚ ਬੱਲੇ ਬੱਲੇ ਹੋ ਗਈ ਸੀ। ਭਾਗੋ ਮੱਧਵਰਗੀ ਕਿਸਾਨ ਪਰਿਵਾਰ ਦੀ ਧੀ ਸੀ। ਉਸ ਨੇ ਅੱਗ ਵਾਂਗ ਤਪਦੇ ਪਾਣੀਆਂ ਵਾਲੇ ਕੱਦੂ ਕੀਤੇ ਖੇਤ ਵਿੱਚ ਅਨਪੜ੍ਹ ਮਾਂ ਨੂੰ ਪਿਓ ਨਾਲ ਝੋਨਾ ਲਾਉਂਦਿਆਂ ਤੇ ਭਾਦਰੋਂ ਦੇ ਉਨ੍ਹਾਂ ਚੁਮਾਸਿਆਂ ਵਿੱਚ ਨਦੀਨ ਕੱਢਦਿਆਂ ਵੇਖਿਆ ਸੀ, ਜਿਸ ਤੋਂ ਡਰਦਾ ਜੱਟ ਸਾਧ ਹੋ ਗਿਆ ਸੀ। ਉਸ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਜੋ ਮੁਸੀਬਤਾਂ ਤੇ ਮਿਹਣੇ ਉਸ ਨੇ ਝੱਲੇ ਹਨ ਅਨਪੜ੍ਹ ਰਹਿ ਕੇ ਉਸ ਦੀਆਂ ਧੀਆਂ ਵੀ ਝੱਲਣ।
ਭਾਗੋ ਦੇ ਪੈਦਾ ਹੋਣ ਤੋਂ ਬਾਅਦ ਉਸ ਦੀ ਦਾਦੀ ਦਾ ਵਤੀਰਾ ਵੀ ਭਾਗੋ ਤੇ ਉਸ ਦੀ ਮਾਂ ਵੱਲ ਕਾਫ਼ੀ ਨਿਰਾਦਰ ਵਾਲਾ ਸੀ। ਭਾਗੋ ਦੀ ਮਾਂ ਤਾਂ ਘਰ ਵਿੱਚ ਸਿਰਫ਼ ਇੱਕ ਨੌਕਰਾਣੀ ਬਣ ਕੇ ਰਹਿ ਗਈ ਸੀ। ਹਾਂ, ਭਾਗੋ ਦੇ ਦਾਦੇ ਨੇ ਜ਼ਰੂਰ ਮੋਹ ਨਾਲ ਪੋਤੀ ਦਾ ਨਾਂ ਭਾਗੋ ਰੱਖ ਦਿੱਤਾ ਸੀ। ਸ਼ਰਾਬ ਪੀ ਕੇ ਰੋਜ਼ ਕਚੀਰਾ ਕਰਦਾ ਪਿਓ ਵੀ ਭਾਗੋ ਨੂੰ ਕਦੇ ਭੁੱਲਿਆ ਨਹੀਂ। ਬੱਚਿਆਂ ਲਈ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਪਿਤਾ ਨੂੰ ਵੇਖ ਕੇ ਬੱਚੀ ਭਾਗੋ ਨੂੰ ਬਾਪ ਨਾਲ ਕੋਈ ਗਿਲਾ ਨਾ ਰਹਿੰਦਾ। ਦਾਦਾ ਜੀ ਕੋਲੋਂ ਸਿੱਖ ਇਤਿਹਾਸ ਵਿੱਚ ਔਰਤਾਂ ਦੀ ਕੁਰਬਾਨੀ ਅਤੇ ਦਲੇਰੀ ਭਰੇ ਪ੍ਰਸੰਗ ਸੁਣ ਕੇ ਭਾਗੋ ਵਿੱਚ ਉਤਸ਼ਾਹ ਅਤੇ ਦਲੇਰੀ ਭਰ ਗਈ ਸੀ। ਇਹੀ ਕਾਰਨ ਹੈ ਕਿ ਭਾਗੋ ਨੇ ਜੀਅ ਜਾਨ ਲਾ ਕੇ ਪੜ੍ਹਾਈ ਕੀਤੀ ਤੇ ਅੱਜ ਇੱਕ ਮਹੱਤਵਪੂਰਨ ਅਹੁਦੇ ’ਤੇ ਲੱਗੀ ਹੋਈ ਸੀ।
ਉਸ ਦੀ ਕੋਸ਼ਿਸ਼ ਸੀ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਸੀ ਡੀ ਪੀ ਓ (ਚਾਇਲਡ ਡਿਵੈੱਲਪਮੈਂਟ ਪ੍ਰਾਜੈੱਕਟ ਅਫ਼ਸਰ) ਹੋਣ ਨਾਤੇ ਉਹ ਸਮਾਜ ਵਿੱਚ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਹਰ ਮੁਮਕਿਨ ਕੰਮ ਕਰ ਸਕੇ।
ਭਾਗੋ ਨੇ ਜਦੋਂ ਦੀ ਇਸ ਮਹਿਕਮੇ ਵਿੱਚ ਜ਼ਿੰਮੇਵਾਰੀ ਸੰਭਾਲੀ ਹੈ ਓਦੋਂ ਤੋਂ ਇਸ ਮਹਿਕਮੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਬੇਨਿਯਮੀਆਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ। ਹੁਣ ਕੋਈ ਵੀ ਮੁਲਾਜ਼ਮ ਕਿਸੇ ਲਾਭਪਾਤਰੀ ਦੀ ਬੁਢਾਪਾ ਪੈਨਸ਼ਨ ਨਹੀਂ ਸੀ ਹੜੱਪ ਸਕਦਾ ਤੇ ਨਾ ਹੀ ਕਿਸੇ ਵਿੱਚ ਹਿੰਮਤ ਸੀ ਕਿ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਲਈ ਆਏ ਰਾਸ਼ਨ ਦੇ ਫੰਡ ਵਿੱਚ ਕੋਈ ਹੇਰ-ਫੇਰ ਕਰ ਸਕੇ। ਭਾਗੋ ਸੈਲਫ਼ ਹੈੱਲਪ ਗਰੁੱਪ ਬਣਾ ਕੇ ਆਪਣੇ ਬਲਾਕ ਵਿੱਚ ਪੈਂਦੇ ਪਿੰਡਾਂ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਦੀ ਸੀ। ਉਹ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਹੱਕ ਵਿੱਚ ਕਾਰਵਾਈ ਕਰਦੀ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਮਦਦ ਨਾਲ ਗਰਭਵਤੀ ਔਰਤਾਂ ਅਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੀ ਮਹਿਕਮੇ ਵੱਲੋਂ ਮਦਦ ਕਰਨੀ ਆਪਣਾ ਫ਼ਰਜ਼ ਸਮਝਦੀ।
ਹਰ ਲੋੜਵੰਦ ਦੀ ਅੱਗੇ ਵਧ ਕੇ ਮਦਦ ਕਰਨ ਵਾਲੀ ਭਾਗੋ ਤੋਂ ਆਪਣੀ ਸਹੇਲੀ ਦਾ ਇੰਜ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣਾ ਝੱਲਿਆ ਨਹੀਂ ਸੀ ਜਾ ਰਿਹਾ। ਉਹ ਸਾਰਾ ਦਿਨ ਕਾਲਜ ਬਾਰੇ ਸੋਚਦੀ ਰਹੀ। ਸ਼ਾਮ ਨੂੰ ਛੁੱਟੀ ਮੌਕੇ ਭਾਗੋ ਨੇ ਕਾਜਲ ਨੂੰ ਕਿਹਾ, ‘‘ਧਿਆਨ ਨਾਲ ਮੇਰੀ ਗੱਲ ਸੁਣ ਕਾਜਲ, ਭਰੂਣ ਚੈੱਕ ਕਰਵਾਉਣ ਬਾਰੇ ਤਾਂ ਸੋਚਣਾ ਵੀ ਨਹੀਂ। ਇਸ ਹਾਲਤ ਵਿੱਚ ਮੇਰੇ ਹੁੰਦਿਆਂ ਚਿੰਤਾ ਤਾਂ ਬਿਲਕੁਲ ਨਾ ਕਰੀਂ। ਦੁਬਾਰਾ ਆਖੇ ਤਾਂ ਸੱਸ ਨੂੰ ਠੋਕ ਕੇ ਜਵਾਬ ਦੇਵੀਂ ਕਿ ਮੈਂ ਚੈੱਕ ਨਹੀਂ ਕਰਾਉਣਾ।’’ ਭਾਗੋ ਚਾਹੁੰਦੀ ਸੀ ਕਿ ਕਾਜਲ ਵਿੱਚ ਆਤਮ-ਵਿਸ਼ਵਾਸ ਜਾਗੇ।
ਦੋ ਦਿਨ ਬਾਅਦ ਕਾਜਲ ਨੇ ਭਾਗੋ ਨੂੰ ਦੱਸਿਆ ਕਿ ਉਸ ਆਪਣੀ ਸੱਸ ਅਤੇ ਪਤੀ ਨੂੰ ਅੱਜ ਸਾਫ਼ ਮਨ੍ਹਾਂ ਕਰ ਦਿੱਤਾ ਹੈ ਕਿ ਉਹ ਭਰੂਣ ਚੈੱਕ ਨਹੀਂ ਕਰਵਾਏਗੀ।
ਭਾਗੋ ਕਾਜਲ ਦੀ ਇਸ ਗੱਲ ਤੋਂ ਹੁਣ ਖੁਸ਼ ਸੀ। ਉਸ ਕਾਜਲ ਨੂੰ ਆਖ਼ਿਆ, ‘‘ਤੂੰ ਚਿੰਤਾ ਛੱਡ ਤੇ ਬੇਫਿਕਰੀ ਨਾਲ ਕੰਮ ਕਰ। ਮੈਂ ਸੈਂਟਰ ਚੈੱਕ ਕਰ ਕੇ ਖ਼ੁਦ ਤੇਰੇ ਘਰ ਜਾਵਾਂਗੀ।’’ ਭਾਗੋ ਨੇ ਡਰਾਈਵਰ ਨੂੰ ਗੱਡੀ ਤਿਆਰ ਕਰਨ ਲਈ ਆਖਿਆ। ਭਾਗੋ ਕਾਜਲ ਦੇ ਘਰ ਜਾ ਰਹੀ ਸੀ। ਗੱਡੀ ਵਿੱਚ ਬੈਠਿਆਂ ਉਸ ਦੇ ਮਨ ਵਿੱਚ ਖ਼ਿਆਲ ਆ ਰਹੇ ਸਨ, ‘‘ਇਸ ਸਮਾਜ ਵਿੱਚ ਪੁੱਤਰ ਪ੍ਰਾਪਤੀ ਦੀ ਲਾਲਸਾ ਇਨਸਾਨ ਤੋਂ ਬਹੁਤ ਕੁਝ ਕਰਵਾ ਜਾਂਦੀ ਹੈ। ਧੀ ਜੰਮੇ ’ਤੇ ਖੁਸ਼ੀ ਮਨਾਉਣ ਦੀ ਥਾਂ ਅਕਸਰ ਹੀ ਲੋਕ ‘ਜੇ ਰੱਬ ਕੋਈ ਚੰਗੀ ਚੀਜ਼ ਹੀ ਦੇ ਛੱਡਦਾ’ ਆਖਦੇ ਹਨ। ਕੋਈ ਨਵੀਂ ਜੰਮੀ ਬੱਚੀ ਨੂੰ ਆਖਦੈ ‘ਹੁਣ ਵੀਰ ਦੀ ਬਾਂਹ ਵੀ ਫੜੀਂ!’ ਕਈ ਤਾਂ ਖ਼ੁਦ ਆਪਣੀ ਕੁੱਖ ਚੈੱਕ ਕਰਾਉਣ ਜਾਂਦੀਆਂ ਨੇ। ਗੱਡੀ ਦੀ ਬਰੇਕ ਲੱਗੀ ਤਾਂ ਭਾਗੋ ਦੇ ਵਿਚਾਰਾਂ ਦੀ ਤੰਦ ਟੁੱਟ ਗਈ। ਉਸ ਨੇ ਘਰ ਦੇ ਦਰਵਾਜ਼ੇ ਕੋਲ ਪਹੁੰਚ ਕੇ ਘੰਟੀ ਵਜਾਈ। ਕਾਜਲ ਦੀ ਸੱਸ ਭਾਗੋ ਨੂੰ ਜਾਣਦੀ ਸੀ। ਉਸ ਦਰਵਾਜ਼ੇ ’ਤੇ ਖੜ੍ਹੀ ਭਾਗੋ ਨੂੰ ਵੇਖ ਕਿਹਾ, ‘‘ਸ਼ੁਕਰ ਹੈ ਕਿਤੇ ਧੀ ਰਾਣੀ ਨੂੰ ਸਾਡੇ ਘਰ ਦਾ ਰਾਹ ਵੀ ਯਾਦ ਆਇਆ, ਮੈਂ ਕਾਜਲ ਨੂੰ ਕਈ ਵਾਰ ਆਖ ਚੁੱਕੀ ਆਂ ਭਾਗੋ ਕਦੇ ਆਈ ਹੀ ਨਹੀਂ। ਆ ਬੈਠ ਮੇਰੀ ਧੀ।’’ ਕਾਜਲ ਦੀ ਸੱਸ ਨੇ ਸੋਫੇ ਦੇ ਕਵਰ ਦੇ ਵੱਟ ਕੱਢਦਿਆਂ ਭਾਗੋ ਨੂੰ ਬੈਠਣ ਲਈ ਕਿਹਾ।
ਭਾਗੋ ਅਜਿਹੀਆਂ ਔਰਤਾਂ ਵਿੱਚ ਰੋਜ਼ਾਨਾ ਵਿਚਰਦੀ ਸੀ ਤੇ ਉਹ ਇਨ੍ਹਾਂ ਚਾਸ਼ਣੀ ’ਚ ਡੁੱਬੇ ਬੋਲਾਂ ਪਿਛਲੀ ਕੁੜੱਤਣ ਨੂੰ ਵੀ ਖ਼ੂਬ ਪਛਾਣਦੀ ਸੀ।
‘‘ਮਾਸੀ ਜੀ, ਹੋਰ ਸੁਣਾਓ ਸਿਹਤ ਕਿਵੇਂ ਆ!’’ ਭਾਗੋ ਨੇ ਕਾਜਲ ਦੀ ਸੱਸ ਨਾਲ ਗੱਲ ਤੋਰਦਿਆਂ ਕਿਹਾ।
‘‘ਬੱਸ ਧੀਏ, ਸ਼ੁਕਰ ਐ ਮਾਤਾ ਰਾਣੀ ਦਾ। ਮੇਰੀ ਲਾਡੋ ਠੰਢਾ ਪੀਵੇਂਗੀ ਜਾਂ ਚਾਹ।’’ ਆਖਦੀ ਉਹ ਭਾਗੋ ਦਾ ਪ੍ਰਤੀਕਰਮ ਲੈਣ ਲਈ ਚੁੱਪ ਹੋ ਗਈ।
‘‘ਜੋ ਮਰਜ਼ੀ ਲੈ ਆਓ, ਆਪਣਾ ਈ ਘਰ ਆ।’’
ਬੇਸ਼ੱਕ ਭਾਗੋ ਨੂੰ ਮਾਤਾ ਦੇ ਫਫੜੇ ਚੰਗੇ ਨਹੀਂ ਲੱਗ ਰਹੇ ਸਨ ਪਰ ਬੈਠ ਕੇ ਕੁਝ ਦੇਰ ਗੱਲਬਾਤ ਕਰਨ ਲਈ ਕੁਝ ਤਾਂ ਲੈਣਾ ਹੀ ਪੈਣਾ ਸੀ।
ਮਾਤਾ ਵੱਲੋਂ ਲਿਆਂਦੇ ਠੰਢੇ ਦੀ ਘੁੱਟ ਭਰਦਿਆਂ ਭਾਗੋ ਨੇ ਗਿਲਾਸ ਮੇਜ਼ ’ਤੇ ਰੱਖਿਆ ਤੇ ਅਸਲ ਮੁੱਦੇ ਵੱਲ ਆਉਂਦਿਆਂ ਕਿਹਾ, ‘‘ਮਾਸੀ ਜੀ, ਕਾਜਲ ਨੂੰ ਭਰੂਣ ਚੈੱਕ ਕਰਾਉਣ ਲਈ ਮਜਬੂਰ ਕਿਉਂ ਕਰ ਰਹੇ ਜੇ?’’
ਕੁੜੀ ਦੇ ਅਣਕਿਆਸੇ ਸੁਆਲ ਨੇ ਮਾਤਾ ਨੂੰ ਭੁਆਂਟਣੀ ਦੇ ਦਿੱਤੀ। ‘‘ਧ... ਧੀਏ, ਮ..ਮ...ਮੈਂ ਤਾਂ ਸੋਚਦੀ ਸੀ ਕਿ ਅਣਸ ਤੋਰਨ ਲਈ ਇਕ ਪੁੱਤਰ ਵੀ ਤਾਂ ਹੋਣਾ ਚਾਹੀਦਾ ਹੈ!’’
‘‘ਵੇਖੋ ਮਾਸੀ ਜੀ, ਏਹ ਸਭ ਦਕੀਆਨੁਸੀ ਗੱਲਾਂ ਨੇ, ਕਾਜਲ ਤੁਹਾਡੇ ਪੁੱਤਰ ਨਾਲੋਂ ਕਿਹੜੀ ਗੱਲੋਂ ਘੱਟ ਐ ਭਲਾ! ਸਾਲ ਵਿੱਚ ਦੋ ਵਾਰ ਜਿਹੜੀਆਂ ਅਸੀਂ ਕੰਜਕਾਂ ਪੂਜਦੇ ਹਾਂ ਕੀ ਉਹ ਡਰਾਮਾ ਈ ਹੁੰਦਾ ਹੈ? ਪੂਰੀ ਦੁਨੀਆ ਵਿੱਚ ਮਸ਼ਹੂਰ ਹੋਣ ਵਾਲੀ ਕਲਪਨਾ ਚਾਵਲਾ ਕੁੜੀ ਨ੍ਹੀਂ ਸੀ? ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਅੱਜਕੱਲ੍ਹ ਭਰੂਣ ਦੀ ਜਾਣਕਾਰੀ ਦੇਣਾ ਅਤੇ ਲੈਣਾ ਕਨੂੰਨੀ ਜੁਰਮ ਹੈ। ਤੁਸੀਂ ਤਾਂ ਕੀ ਕਾਜਲ ਖੁਦ ਚਾਹ ਕੇ ਵੀ ਅਜਿਹਾ ਗ਼ੈਰ-ਕਾਨੂੰਨੀ ਕੰਮ ਨਹੀਂ ਕਰ ਸਕਦੀ। ਹਾਂ, ਜੇ ਕੋਈ ਇਹ ਗ਼ਲਤੀ ਕਰਦਾ ਹੈ ਤਾਂ ਸਲਾਖਾਂ ਦੇ ਪਿੱਛੇ ਜਾਂਦਾ ਹੈ ਕਿਉਂਕਿ ਹਰੇਕ ਗਰਭਵਤੀ ਔਰਤ ਦੇ ਭਰੂਣ ਦਾ ਰਿਕਾਰਡ ਆਨਲਾਈਨ ਸੁਰੱਖਿਅਤ ਹੁੰਦਾ ਹੈ। ਗ਼ਲਤੀ ਕਰ ਕੇ ਜੇਲ੍ਹ ਜਾਣਾ ਹੈ ਜਾਂ ਕਾਜਲ ਦੀ ਚੰਗੀ ਦੇਖਭਾਲ ਕਰਨੀ ਹੈ, ਫ਼ੈਸਲਾ ਤੁਹਾਡੇ ਹੱਥ ਹੈ।’’ ਇੰਨੀ ਗੱਲ ਆਖਦਿਆਂ ਭਾਗੋ ਉੱਠ ਖਲੋਤੀ।
ਕਾਜਲ ਦੀ ਸੱਸ ਭਾਗੋ ਦੀ ਗੱਲ ਸੁਣ ਕੇ ਸੁੰਨ ਹੀ ਹੋ ਗਈ ਸੀ। ਇਸ ਮਗਰੋਂ ਉਸ ’ਚ ਹਿੰਮਤ ਨਹੀਂ ਸੀ ਕਿ ਕਾਜਲ ਨੂੰ ਭਰੂਣ ਚੈੱਕ ਕਰਵਾਉਣ ਲਈ ਮੁੜ ਪ੍ਰੇਸ਼ਾਨ ਕਰਦੀ। ਕਾਜਲ ਨੇ ਬੱਚੇ ਦੇ ਜਨਮ ਤੋਂ ਦੋ ਮਹੀਨੇ ਪਹਿਲਾਂ ਜਣੇਪਾ ਛੁੱਟੀ ਲੈ ਲਈ। ਭਾਗੋ ਗਾਹੇ-ਬਗਾਹੇ ਸਮਾਂ ਕੱਢ ਕੇ ਕਾਜਲ ਦਾ ਪਤਾ ਵੀ ਲੈਂਦੀ ਰਹੀ।
ਇੱਕ ਦਿਨ ਦਫ਼ਤਰ ਖੁੱਲ੍ਹਣ ਤੋਂ ਬਾਅਦ ਜਲਦੀ ਹੀ ਕਾਜਲ ਦਾ ਪਤੀ ਮੁਨੀਸ਼ ਮਠਿਆਈ ਦਾ ਡੱਬਾ ਫੜੀ ਦਫ਼ਤਰ ਦਾਖਲ ਹੋਇਆ। ਭਾਗੋ ਨੂੰ ਡੱਬਾ ਫੜਾਉਂਦਿਆਂ ਮੁਸਕਰਾ ਕੇ ਬੋਲਿਆ, ‘‘ਮੁੰਡੇ ਦੀ ਮਾਸੀ ਜੀ ਨੂੰ ਵਧਾਈਆਂ।’’
‘‘ਕਦੋਂ ਹੋਇਆ ਬੱਚਾ, ਘਰ ਜਾਂ ਹਸਪਤਾਲ, ਮਾਂ ਪੁੱਤ ਠੀਕ-ਠਾਕ ਹਨ! ਡਲਿਵਰੀ ਨਾਰਮਲ ਹੋਈ ਜਾਂ..?’’ ਭਾਗੋ ਨੇ ਕਈ ਸੁਆਲ ਕਰ ਦਿੱਤੇ ਕਿਉਂਕਿ ਕਾਜਲ ਦਾ ਪਹਿਲਾਂ ਵੀ ਵੱਡਾ ਉਪਰੇਸ਼ਨ ਹੋਇਆ ਹੋਣ ਕਰ ਕੇ ਉਸ ਨੂੰ ਚਿੰਤਾ ਸੀ।
‘‘ਹਾਂ ਜੀ, ਬਿਲਕੁਲ ਠੀਕ-ਠਾਕ ਨੇ, ਸਰਕਾਰੀ ਹਸਪਤਾਲ ਵਿੱਚ ਨਾਰਮਲ ਹੀ ਹੋਇਆ ਹੈ।’’ ਮੁਨੀਸ਼ ਹੱਥ ਜੋੜੀ ਖਲੋਤਾ ਸੀ।
‘‘ਬੈਠੋ ਤੁਸੀਂ ਖੜ੍ਹੇ ਕਿਉਂ ਹੋ?, ਡਰਾਈਵਰ ਪਹੁੰਚਣ ਵਾਲਾ ਹੈ ਆਪਾਂ ਹੁਣੇ ਹਸਪਤਾਲ ਚੱਲਦੇ ਹਾਂ।’’ ਖੁਸ਼ੀ ਭਰੀ ਖਬਰ ਸੁਣ ਕੇ ਭਾਗੋ ਦੇ ਚਿਹਰੇ ਤੋਂ ਖੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਕਾਜਲ ਨੇ ਆਪਣਾ ਜ਼ਰੂਰੀ ਕੰਮ ਸਮੇਟਿਆ ਤੇ ਕਾਜਲ ਨੂੰ ਮਿਲਣ ਹਸਪਤਾਲ ਚਲੀ ਗਈ।
‘‘ਮਾਸੀ ਜੀ, ਦਾਦੀ ਨੂੰ ਪੋਤੇ ਦੀਆਂ ਢੇਰ ਸਾਰੀਆਂ ਵਧਾਈਆਂ। ਵੇਖ ਲਓ ਮਾਸੀ ਜੀ ਕੁਦਰਤ ਨੇ ਖ਼ੁਦ ਹੀ ਨਿੱਕੀ ਭੈਣ ਨਾਲ ਖੇਡਣ ਲਈ ਵੀਰ ਭੇਜ ਦਿੱਤਾ।’’ ਕਾਜਲ ਨੂੰ ਮਿਲਣ ਮਗਰੋਂ ਭਾਗੋ ਨੇ ਉਸ ਦੀ ਸੱਸ ਵੱਲ ਵਧਦਿਆਂ ਕਿਹਾ। ਕਾਜਲ ਦੀ ਸੱਸ ਨੇ ਸ਼ਰਮਿੰਦਾ ਹੁੰਦਿਆਂ ਭਾਗੋ ਨੂੰ ਗਲ ਲਾਇਆ ਤੇ ਮੁਆਫ਼ੀ ਮੰਗਣ ਵਾਲੇ ਲਹਿਜੇ ਵਿੱਚ ਕਿਹਾ, ‘‘ਧੀਏ, ਤੂੰ ਮੈਨੂੰ ਉਦੋਂ ਇੱਕ ਅਜਿਹਾ ਗੁਨਾਹ ਕਰਨ ਤੋਂ ਰੋਕਿਆ ਸੀ, ਜਿਸ ਪਿੱਛੇ ਮੇਰੇ ਰੱਬ ਨੇ ਵੀ ਮੈਨੂੰ ਮੁਆਫ਼ੀ ਨਹੀਂ ਸੀ ਦੇਣੀ। ਮੈਂ ਨਿਕਰਮਣੀ ਉਸ ਦਾਤੇ ਦੀ ਦਿੱਤੀ ਦਾਤ ਤੋਂ ਮੂੰਹ ਮੋੜ ਕੇ ਨਰਕਾਂ ਦੀ ਭਾਗੀ ਬਣ ਰਹੀ ਸੀ। ਤੂੰ ਤਾਂ ਮੈਨੂੰ ਸਿੱਧੇ ਰਾਹ ਪਾਇਆ ਹੈ।’’ ਕਾਜਲ ਦੀ ਸੱਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ।
‘‘ਓ ਚੱਲੋ ਛੱਡੋ ਮਾਸੀ ਜੀ, ਹੁਣ ਤਾਂ ਕਾਜਲ ਤੇ ਉਸ ਦੇ ਬੱਚੇ ਦੀ ਸਿਹਤ ਦਾ ਖਿਆਲ ਰੱਖੋ ਬਸ।’’ ਭਾਗੋ ਨੇ ਵੀ ਕਾਜਲ ਦੀ ਸੱਸ ਨੂੰ ਜੱਫੀ ਵਿੱਚ ਲੈ ਲਿਆ। ਭਾਗੋ ਨੇ ਕਾਜਲ ਦੇ ਸਿਰ ’ਤੇ ਹੱਥ ਰੱਖਦਿਆਂ ਕਿਹਾ, ‘‘ਕਿਸੇ ਨਾਲ ਧੱਕਾ ਕਰਨਾ ਸਹੀ ਨਹੀਂ, ਪਰ ਖ਼ੁਦ ਨਾਲ ਧੱਕਾ ਜਰਨਾ ਵੀ ਓਨਾ ਹੀ ਗ਼ਲਤ ਹੁੰਦੈ। ਵਾਅਦਾ ਕਰ ਕਿ ਤੂੰ ਆਪਣੀ ਧੀ ਨਾਲ ਕਦੇ ਧੱਕਾ ਨਹੀਂ ਹੋਣ ਦੇਵੇਂਗੀ।’’ ਕਾਜਲ ਨੇ ਭਾਗੋ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਹਾਂ ਵਿੱਚ ਸਿਰ ਹਿਲਾਇਆ। ਸਹੇਲੀ ਦੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਭਾਗੋ ਕਿੰਨਾ ਹੀ ਚਿਰ ਲੋਰੀਆਂ ਗਾਉਂਦੀ ਰਹੀ।
ਸੰਪਰਕ: 94656-56214

