ਬਾਪੂ ਦੇ ਦਰਦ ਦੀ ਦਾਸਤਾਂ
ਕਿੰਨੀ ਤਾਕਤ ਸੀ ਬਾਪੂ ਦੇ ਹੱਡਾਂ ਵਿੱਚ! ਖੇਤੋਂ ਬਰਸੀਮ ਦੀ ਭਾਰੀ ਪੰਡ ਇਕੱਲਾ ਮੋਢੇ ਨਾਲ ਲਾ ਕੇ ਇੱਕੋ ਝਟਕੇ ਸਿਰ ’ਤੇ ਧਰ ਲੈਂਦਾ ਸੀ ਮੈਂ ਉਦੋਂ ਨਿੱਕਾ ਜਿਹਾ ਥਾਏਂ ਖੜ੍ਹਾ ਬਾਪੂ ਦੀ ਤਾਕਤ ਦਾ ਅੰਦਾਜ਼ਾ ਲਾਉਂਦਾ ਰਹਿੰਦਾ ਸੋਚਦਾ ਸਾਂ- ਇਹ...
ਕਿੰਨੀ ਤਾਕਤ ਸੀ ਬਾਪੂ ਦੇ ਹੱਡਾਂ ਵਿੱਚ!
ਖੇਤੋਂ ਬਰਸੀਮ ਦੀ ਭਾਰੀ ਪੰਡ ਇਕੱਲਾ ਮੋਢੇ ਨਾਲ ਲਾ ਕੇ
ਇੱਕੋ ਝਟਕੇ ਸਿਰ ’ਤੇ ਧਰ ਲੈਂਦਾ ਸੀ
ਮੈਂ ਉਦੋਂ ਨਿੱਕਾ ਜਿਹਾ ਥਾਏਂ ਖੜ੍ਹਾ ਬਾਪੂ ਦੀ ਤਾਕਤ ਦਾ ਅੰਦਾਜ਼ਾ
ਲਾਉਂਦਾ ਰਹਿੰਦਾ
ਸੋਚਦਾ ਸਾਂ- ਇਹ ਬਾਪੂ ਹੈ ਕਿ ਹਾਥੀ!
ਓਨੇ ਚਿਰ ਨੂੰ ਬਾਪੂ ਆੜ ਟੱਪ ਕੇ
ਪਰੇ ਪਗਡੰਡੀ ’ਤੇ ਖੜ੍ਹੇ ਸਾਈਕਲ ਦੇ
ਵੱਡੇ ਕੈਰੀਅਰ ’ਤੇ ਜਾ ਟਿਕਾਉਂਦਾ
ਬਰਸੀਮ ਦੀ ਵੱਡੀ ਤੇ ਭਾਰੀ ਪੰਡ!
ਫਿਰ ਆਵਾਜ਼ ਮਾਰਦਾ ਸੀ ਮੈਨੂੰ-
ਚੱਲ ਓ ਓਮਿਆਂ, ਆ ਜਾ ਪੁੱਤਰਾ ਚੱਲੀਏ!
ਮੈਂ ਸਾਈਕਲ ਕੋਲ ਜਾਂਦਾ ਤਾਂ ਕਰੇਲੇ ਵਾਂਗੂੰ ਬਾਹੋਂ ਫੜ ਕੇ ਮੈਨੂੰ
ਸਾਈਕਲ ਦੇ ਮੂਹਰਲੇ ਡੰਡੇ ’ਤੇ ਬਿਠਾ ਕੇ
ਬੜੀ ਆਸਾਨੀ ਜਿਹੀ ਨਾਲ ਸਾਈਕਲ ਠੇਲ੍ਹ ਲੈਂਦਾ ਸੀ।
ਫਿਰ ਸੂਏ ਕੋਲ ਪਹੁੰਚ ਕੇ ਕਿਸੇ ਉੱਚੀ ਜਿਹੀ ਥਾਂ ’ਤੇ ਪੈਰ ਧਰ ਕੇ
ਬੁੱਢੇ ਬਲਦ ਦੀ ਬੰਨ੍ਹ ਵਾਂਗ ਲਿਫੀ-
ਪੁਰਾਣੇ ਜਿਹੇ ਸਾਈਕਲ ਦੀ ਕਾਠੀ ’ਤੇ ਬੈਠ ਜਾਂਦਾ ਸੀ
ਤੇ ਵਾਹਿਗੁਰੂ ਕਹਿ ਕੇ ਘਰ ਵੱਲ ਨੂੰ ਚਾਲੇ ਪਾ ਦਿੰਦਾ ਸੀ...
ਘਰੇ ਪਹੁੰਚ ਪਾਣੀ-ਧਾਣੀ ਪੀ ਕੇ
ਥੋੜ੍ਹੀ ਦੇਰ ਦਮ ਮਾਰ ਕੇ ਫਿਰ ਮਸ਼ੀਨ ਦੁਆਲੇ ਹੋ ਜਾਂਦਾ ਸੀ।
ਬੀਬੀ ਰੁੱਗ ਲਾਉਂਦੀ ਤੇ ਬਾਪੂ ਮਸ਼ੀਨ ਦੀ ਚਕਰੀ ਘੁਮਾ ਦਿੰਦਾ।
ਬਾਪੂ ਬਰਸੀਮ ਕੁਤਰਦਾ ਨਹੀਂ ਸੀ ਸਗੋਂ ਮਸ਼ੀਨ ਦੀ ਆਫ਼ਤ ਲਿਆ ਦਿੰਦਾ
ਇਉਂ ਹੀ ਪੂਰਾ ਸਾਲ ਕਦੇ ਬਾਜਰੇ ਦੀ, ਮੱਕੀ ਦੀ
ਸੁੱਕੀ ਕੜਬ ਕੁਤਰਦਾ ਸੀ।
ਕਦੇ ਹਰੀ ਮੱਕੀ ਦਾ ਕੁਤਰਾ ਕਰਦਾ ਸੀ।
ਕੁਤਰ-ਕੁਤਰ ਕੇ ਹਰੀ ਚਰ੍ਹੀ ਨੂੰ ਚੂਰੀ ਬਣਾ ਧਰਦਾ ਸੀ।
ਮਸ਼ੀਨ ਕਰਚ-ਕਰਚ ਕਰਦੀ ਕੁਤਰੇ ਦਾ ਢੇਰ ਲਾਈ ਜਾਂਦੀ ਸੀ,
ਤੇ ਬਾਪੂ ਨਾਲੋਂ-ਨਾਲ ਟੋਕਰੇ ਭਰ-ਭਰ ਕੇ ਖੁਰਲੀਆਂ ’ਚ ਸੁੱਟੀ ਜਾਂਦਾ ਸੀ।
ਤੇ ਦੁਬਾਰਾ ਫਿਰ ਦੇਖਦਿਆਂ ਹੀ ਦੇਖਦਿਆਂ
ਪੰਡ ਵੱਢ ਲਿਆਉਂਦਾ ਸੀ ਪੱਠਿਆਂ ਦੀ ਖੇਤੋਂ...
ਹਰ ਦਿਨ, ਹਰ ਮੌਸਮ ਬਾਪੂ ਦਾ ਇਹ ਕੰਮ ਦੇਖਦਾ ਰਿਹਾ ਹਾਂ।
ਬਾਪੂ ਦੀ ਆਖੀ ਇਹ ਗੱਲ ਸੱਚ ਜਾਪਦੀ ਸੀ ਕਿ
‘ਮੇਰਾ ਪਿਓ ਲਾਹੌਰ ਤੋਂ ਬਦਾਮਾਂ ਦੀਆਂ ਬੋਰੀਆਂ
ਖਰੀਦ ਕੇ ਲਿਆਉਂਦਾ ਹੁੰਦਾ ਸੀ ਮੇਰੇ ਵਾਸਤੇ
ਕਿ ਪੁੱਤ ਤੈਨੂੰ ਭਲਵਾਨ ਬਣਾਉਣੈ!’
ਬਾਪੂ ਭਲਵਾਨੀ ਕਰਦਾ ਰਿਹਾ ਪਰ ਭਲਵਾਨ ਨਹੀਂ ਬਣਿਆ,
ਪਰ ਇੱਕ ਅਣਥੱਕ ਕਾਮਾ-
ਜ਼ਿੰਦਗੀ ਦਾ ਅਸਲੀ ਭਲਵਾਨ ਜ਼ਰੂਰ ਬਣ ਗਿਆ ਸੀ।
ਤਾਂ ਹੀ ਘਰੇ ਦੁੱਧ ਦਾ ਦਰਿਆ ਵਗਦਾ ਸੀ!
ਸਾਡੇ ਘਰ ਅਮੀਰੀ ਨਹੀਂ ਸੀ, ਪਰ ਰਿਜ਼ਕ ਖਾਧਿਆਂ ਵੀ ਨਹੀਂ ਸੀ ਮੁੱਕਦਾ।
ਬਾਪੂ ਦੇ ਡੌਲਿਆਂ ਦੀ ਤਾਕਤ ਤੇ ਮਨ ਦੀ ਅਮੀਰੀ
ਬਾਪੂ ਦੇ ਜੁੱਸੇ ਵਿੱਚੋਂ ਆਪਮੁਹਾਰੇ ਬੋਲਦੀ ਸੀ।
ਮੰਗਤੇ ਤੇ ਪਾਖੰਡੀ ਬਾਪੂ ਨੂੰ ਬਹੁਤ ਠੱਗਦੇ,
ਪਰ ਦਰਿਆਦਿਲ ਬਾਪੂ ਵੰਡੀ ਜਾਂਦਾ...
ਕਦੇ ਪੈਸੇ, ਕਦੇ ਦਾਣੇ ਸਣੇ ਆਸ਼ੀਰਵਾਦ
ਦਾਨ ਦੇਣ ਲੱਗਿਆਂ ਹੱਥ ਕਦੇ ਪਿੱਛੇ ਨਹੀਂ ਸੀ ਖਿੱਚਦਾ...
ਬਾਪੂ ਦੇ ਇਸੇ ਹੌਸਲੇ ਕਰ ਕੇ ਹੀ ਨੱਬਿਆਂ ਸਾਲਾਂ ਦੀ ਉਮਰ ਬਖ਼ਸ਼ੀ ਸੀ ਕੁਦਰਤ ਨੇ।
ਜੇ ਕਿਤੇ ਨਸ਼ੇੜੀ ਪੁੱਤਾਂ ਦੇ ਦਰਦ ਦੀ ਵੇਦਨਾ ਉਸ ਨੂੰ ਅੰਦਰੇ-ਅੰਦਰ ਨਾ ਖਾਂਦੀ ਤਾਂ ਅੱਜ ਬਾਪੂ ਮੇਰੇ ਕੋਲ ਹੋਣਾ ਸੀ,
ਜਿਉਂਦਾ-ਜਾਗਦਾ ਤੁਰਿਆ ਫਿਰਦਾ ਅਸ਼ੀਰਵਾਦ ਦਿੰਦਾ
ਢੋਲੇ ਦੀਆਂ ਲਾਉਂਦਾ ਪੋਤੇ-ਪੜਪੋਤੇ ਖਿਡਾਉਂਦਾ
ਮਨ ਦਾ ਮੌਜੀ ਤੇ ਸੱਚ ਦਾ ਪਹਿਰੇਦਾਰ ਬਾਪੂ!
ਵੱਡੇ ਦੋ ਅਮਲੀ ਪੁੱਤਰਾਂ ਪ੍ਰਭੂ ਤੇ ਗੋਬਿੰਦ ਨੇ ਬੁੱਢੇ ਵਾਰੇ ਬਾਪੂ ਨੂੰ,
ਇੱਕ ਵਾਰ ਚੰਗਾ ਕੁਟਾਪਾ ਚਾੜ੍ਹਿਆ ਸੀ ਦਾਰੂ ਪੀ ਕੇ
ਉਦੋਂ ਬਾਪੂ ਦੀਆਂ ਚੀਕਾਂ ਪਿੰਡ ਦੀ ਫਿਰਨੀ ਤੋਂ ਵੀ ਦੂਰ ਤੱਕ ਸੁਣਾਈ ਦਿੰਦੀਆਂ ਸਨ,
ਪਿੰਡ ਦੇ ਲੋਕਾਂ ਸਾਡੇ ਘਰ ਦੀਆਂ ਕੰਧਾਂ ਟੱਪ ਕੇ
ਮਸਾਂ ਛੁਡਾਇਆ ਸੀ ਬਾਪੂ ਨੂੰ ਬੁੱਚੜ ਪੁੱਤਰਾਂ ਦੀ ਮਾਰ ਤੋਂ
ਬੱਸ ਉਸੇ ਦਿਨ ਤੋਂ ਹੀ ਬਾਪੂ ਦਾ ਹੌਸਲਾ ਵੀ ਚਕਨਾਚੂਰ ਹੋ ਗਿਆ ਸੀ
ਤੇ ਫਿਰ ਉਹ ਪੰਜਾਬ ਛੱਡ ਕੇ ਸਾਡੇ ਕੋਲ ਆਣ ਪਹੁੰਚਿਆ ਸੀ
ਆਖ਼ਰੀ ਦਸ ਸਾਲ ਇੱਥੇ ਹੀ ਰਿਹਾ
ਨਾਮ ਜਪਦਾ ਵਾਹਿਗੁਰੂ-ਵਾਹਿਗੁਰੂ ਕਰਦਾ!
ਬਾਪੂ ਨੂੰ ਵੱਡੇ ਪੰਜਾਂ ਅਮਲੀ ਪੁੱਤਾਂ ਦੇ ਦਰਦ ਦੀ ਵੇਦਨਾ
ਘੁਣ ਵਾਂਗ ਖਾਂਦੀ ਰਹੀ ਸੀ
ਪਰ ਉਹਨੇ ਆਪਣੇ ਮੁਖੜੇ ’ਤੇ ਕਦੇ
ਆਪਣੀ ਪੀੜ ਦਾ ਪਰਛਾਵਾਂ ਵੀ ਦਿਸਣ ਨਹੀਂ ਸੀ ਦਿੱਤਾ...!
ਸੰਪਰਕ: 96540-36080
